ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 55


ਜੈਸੇ ਬੀਜ ਬੋਇ ਹੋਤ ਬਿਰਖ ਬਿਥਾਰ ਗੁਰ ਪੂਰਨ ਬ੍ਰਹਮ ਨਿਰੰਕਾਰ ਏਕੰਕਾਰ ਹੈ ।

ਜਿਸ ਤਰ੍ਹਾਂ ਬੀਜ ਬੋਇ ਬੀਜਿਆ ਹੁੰਦਾ ਹੈ ਬਿਰਛ ਦਾ ਵਿਸਤਾਰ ਪਸਾਰਾ ਭਾਰਾ ਤਿਸੇ ਤਰ੍ਹਾਂ ਪੂਰਨ ਬ੍ਰਹਮ ਨਿਰੰਕਾਰ ਨਿਰਾਕਾਰ ਨੇ ਏਕੰਕਾਰ ਇਕ ਅਕਾਰ ਸਭ ਅਕਾਰਾਂ ਦਾ ਮੂਲ ਸਰੂਪ ਆਕਾਰ ਆਪਣੇ ਆਪ ਨੂੰ ਪ੍ਰਗਟ ਕੀਤਾ।

ਜੈਸੇ ਏਕ ਬਿਰਖ ਸੈ ਹੋਤ ਹੈ ਅਨੇਕ ਫਲ ਤੈਸੇ ਗੁਰ ਸਿਖ ਸਾਧ ਸੰਗਤਿ ਅਕਾਰ ਹੈ ।

ਜਿਸ ਤਰ੍ਹਾਂ ਫੇਰ ਅੱਗੇ ਇਕ ਬਿਰਛ ਤੋਂ ਹੁੰਦੇ ਹਨ ਅਨੇਕਾਂ ਹੀ ਫਲ, ਤਿਸੇ ਪ੍ਰਕਾਰ ਉਸ ਆਦਿ ਆਕਾਰ ਸ੍ਰੀ ਗੁਰੂ ਨਾਨਕ ਦੇਵ ਤੋਂ ਗੁਰੂ ਸਿੱਖ ਸਰੂਪੀ ਸਾਧ ਸੰਗਤਿ ਦੇ ਰੂਪ ਵਿਚ ਬ੍ਯੰਤ ਆਕਾਰ ਹੋਏ।

ਦਰਸ ਧਿਆਨ ਗੁਰ ਸਬਦ ਗਿਆਨ ਗੁਰ ਨਿਰਗੁਨ ਸਰਗੁਨ ਬ੍ਰਹਮ ਬੀਚਾਰ ਹੈ ।

ਸੋ ਇਉਂ ਸਮਝ ਕੇ ਗੁਰ ਸਿੱਖ ਸਾਧ ਸੰਗਤਿ ਦੇ ਦਰਸ਼ਨ ਕਰਦਿਆਂ ਹੋਇਆਂ ਧਿਆਨ ਕਰੋ ਤੱਕੋ, ਇਕੋ ਗੁਰੂ ਨੂੰ ਹੀ ਅਰੁ ਓਨਾਂ ਲੋਕਾਂ ਦੇ ਬਚਨ ਬਿਲਾਸ ਰੂਪ ਸਬਦ ਵਾ ਸਾਧ ਸੰਗਤਿ ਦੇ ਸਬਦ ਰੂਪ ਉਪਦੇਸ਼ ਤੋਂ ਜੋ ਹੋਵੇ ਗਿਆਨ ਓਸ ਨੂੰ ਭੀ ਪ੍ਰਵਾਣ ਕਰੋ ਗੁਰੂ ਦਾ ਗਿਆਨ। ਇਸ ਪ੍ਰਕਾਰ ਵਰਤਦਿਆਂ ਪ੍ਰਤੱਖ ਦਰਸ਼ਨ ਵਿਖੇ ਤਾਂ ਹੈ ਬੀਚਾਰ ਨਿਰਣਾ ਸਰਗੁਣ ਬ੍ਰਹਮ ਦਾਅਰੁ ਸਬਦ ਗਿਆਨ ਵਿਖੇ ਜੋ ਹੈ ਗਿਆਨ ਗੁਰੂ ਦਾ ਓਸ ਨੂੰ ਨਿਸਚੇ ਕਰੋ ਨਿਰਗੁਣ ਬ੍ਰਹਮ।

ਗਿਆਨ ਧਿਆਨ ਬ੍ਰਹਮ ਸਥਾਨ ਸਾਵਧਾਨ ਸਾਧ ਸੰਗਤਿ ਪ੍ਰਸੰਗ ਪ੍ਰੇਮ ਭਗਤਿ ਉਧਾਰ ਹੈ ।੫੫।

ਇਸ ਭਾਂਤ ਸਾਧ ਸੰਗਤ ਨੂੰ ਬ੍ਰਹਮ ਪੂਰਨ ਗੁਰੂ ਪ੍ਰਮਾਤਮਾ ਦਾ ਸਥਾਨ ਨਿਵਾਸ ਦੀ ਠੌਰ ਨਿਰਣਾ ਕਰ ਕੇ ਓਸ ਦੇ ਪ੍ਰਸੰਗ ਸੰਗਤ ਨੂੰ ਪ੍ਰਾਪਤ ਹੋ ਉਕਤ ਬ੍ਰਹਮ ਧਿਆਨ ਔਰ ਬ੍ਰਹਮ ਗਿਆਨ ਵਿਖੇ ਸਾਵਧਾਨ ਰਹਿੰਦਿਆਂ ਮਾਨੋ ਇਸੇ ਹੀ ਪ੍ਰੇਮ ਭਗਤੀ ਕਰ ਕੇ ਉਧਾਰ ਨਿਸਤਾਰਾ ਹੋ ਜਾਂਦਾ ਹੈ। ਭਾਵ ਗੁਰੂ ਦੀ ਸਾਧ ਸੰਗਤਿ ਦਾ ਦਰਸ਼ਨ ਅਰੁ ਉਪਦੇਸ਼ ਦਾ ਸੁਨਣਾ ਮੰਨਣਾ ਹੀ ਇਸ ਘਰ ਦੀ ਪ੍ਰੇਮਾ ਭਗਤੀ ਨਿਸਤਾਰੇ ਦਾ ਕਾਰਣ ਹੈ ॥੫੫॥


Flag Counter