ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 655


ਜੈਸੀਐ ਸਰਦ ਨਿਸ ਤੈਸੇ ਈ ਪੂਰਨ ਸਸਿ ਵੈਸੇ ਈ ਕੁਸਮ ਦਲ ਸਿਹਜਾ ਸੁਵਾਰੀ ਹੈ ।

ਜਿਹੋ ਜਿਹੀ ਅੱਜ ਸਰਦ ਰਾਤ ਹੈ, ਤਿਹੋ ਜਿਹਾ ਪੂਰਨ ਚੰਦ੍ਰਮਾ ਹੈ ਸਰਦ ਰੁੱਤ ਦੀ ਪੁੰਨਿਆਂ ਦਾ ਅਤੇ ਉਹੋ ਜਿਹੇ ਹੀ ਸੀਤਲ ਫੁੱਲਾਂ ਦੀਆਂ ਪੰਖੜੀਆ ਨਾਲ ਸਿਹਜਾ ਸੰਵਾਰੀ ਹੋਈ ਹੈ।

ਜੈਸੀ ਏ ਜੋਬਨ ਬੈਸ ਤੈਸੇ ਈ ਅਨੂਪ ਰੂਪ ਵੈਸੇ ਈ ਸਿੰਗਾਰ ਚਾਰੁ ਗੁਨ ਅਧਿਕਾਰੀ ਹੈ ।

ਜਿਹੋ ਜਿਹੀ ਇਧਰ ਜਵਾਨ -ਉਮਰਾ ਹੈ; ਉਹੋ ਜਿਹਾ ਹੀ ਉਧਰ ਬੇਮਿਸਾਲ ਸੁੰਦਰ ਰੂਪ ਹੈ ਇਸੇ ਤਰ੍ਹਾਂ ਹੀ ਸੋਹਣੇ ਸ਼ਿੰਗਾਰ ਲਗ ਰਹੇ ਹਨ ਜੈਸੇ ਕਿ ਉਧਰ ਵਿਸ਼ੇਸ਼ ਗੁਣ ਆਪਣੀ ਵਿਸ਼ੇਸ਼ਤਾ ਰਖਦੇ ਹਨ।

ਜੈਸੇ ਈ ਛਬੀਲੈ ਨੈਨ ਤੈਸੇ ਈ ਰਸੀਲੇ ਬੈਨ ਸੋਭਤ ਪਰਸਪਰ ਮਹਿਮਾ ਅਪਾਰੀ ਹੈ ।

ਜਿਹੋ ਜਿਹੇ ਉਧਰ ਸੁੰਦਰ ਨੇਤਰ ਹਨ ਉਹੋ ਜਿਹੇ ਹੀਉਧਰ ਰਸਦਾਇਕ ਮਿੱਠੇ ਬਚਨ ਹਨ, ਆਪੋ ਵਿਚਦੀ ਪ੍ਰੀਤਮ ਤੇ ਪ੍ਰੇਮੀ ਦੀ ਮਹਿਮਾ ਅਪਾਰ ਸੋਭ ਰਹੀ ਹੈ।

ਜੈਸੇ ਈ ਪ੍ਰਬੀਨ ਪ੍ਰਿਯ ਪ੍ਯਾਰੋ ਪ੍ਰੇਮ ਰਸਿਕ ਹੈਂ ਵੈਸੇ ਈ ਬਚਿਤ੍ਰ ਅਤਿ ਪ੍ਰੇਮਨੀ ਪਿਆਰੀ ਹੈ ।੬੫੫।

ਜਿਹੋ ਜਿਹੇ ਕਿ ਪਿਆਰੇ ਪ੍ਰੀਤਮ ਜੀ ਪ੍ਰੇਮ ਦੇ ਨਿਪੁੰਨ ਰਸੀਏ ਹਨ; ਤਿਹੋ ਜਿਹੀ ਹੀ ਪ੍ਰੇਮਕਾ ਅਤਿਅੰਤ ਵਚਿਤ੍ਰ ਪਿਆਰੀ ਹੈ ॥੬੫੫॥


Flag Counter