ਪੂਰਨ ਪਰਮ ਜੋਤਿ ਸਤਿਗੁਰ ਸਤਿ ਰੂਪ ਸਚਮੁੱਚ ਹੀ ਸਤਿਗੁਰੂ ਪ੍ਰੀਪੂਰਣ ਪਰਮਜ੍ਯੋਤੀ ਸਰੂਪ ਹਨ, ਅਰਥਾਤ ਸਤਿਗੁਰਾਂ ਦਾ ਰੂਪ ਆਕ੍ਰਿਤੀ ਸੁੰਦਰਤਾ ਵਾ ਆਕਾਰ ਸਤਿ ਸਚੋ ਸਚ ਪ੍ਰੀਪੂਰਣ ਸਰਬ ਠੌਰ ਰਮਿਆ ਹੋਯਾ ਪਰਮ ਜੋਤੀ ਪਰਮ ਪ੍ਰਕਾਸ਼ ਸਰੂਪ ਪਰਮਾਤਮਾ ਰੂਪ ਹੀ ਹੈ।
ਪੂਰਨ ਜੁਗਤਿ ਸਤਿ ਸਤਿਗੁਰ ਸਤਿ ਰਿਦੈ ਸਤਿਗੁਰ ਦੇ ਹਿਰਦੇ ਅੰਦਰ ਸਤਿ ਜ੍ਯੋਂ ਦਾ ਤ੍ਯੋਂ ਯਥਾਰਥ ਵਾ ਸਚ ਰੂਪ ਹੋ ਜੋ ਕੁਛ ਜਚ ਰਿਹਾ ਹੋਵੇ ਉਸੇ ਵਿਖੇ ਹੀ ਪੂਰੀ ਪੂਰੀ ਤਰ੍ਹਾਂ ਜੁਗਤਿ ਜੁੜਨਾ ਜੁੱਟਨਾ ਵਾ ਉਸ ਦਾ ਵਰਤੋਂ ਵਿਚ ਲਿਆਣਾ ਹੀ ਸਤਿ ਭਲਾ ਹੈ। ਪੂਰਨ ਸੁ ਸੇਵ ਸਾਧ ਸੰਗਤਿ ਬਿਸ੍ਰਾਮ ਹੈ ਅਤੇ ਸਾਧ ਗੁਰੂ ਸੰਗਤਿ ਵਿਖੇ ਜੋ ਬਿਸ੍ਰਾਮ ਚੈਨ ਇਸਥਿਤੀ ਪ੍ਰਾਪਤ ਕਰਣੀ ਭਾਵ ਸਤਿਗੁਰਾਂ ਦੇ ਮੇਲ ਦਾ ਅਠੇ ਪਹਿਰ ਦਾ ਚੜ੍ਹਿਆ ਰਹਿਣਾ ਹੀ ਪੂਰੀ ਪੂਰੀ ਉਤਮ ਸੇਵਾ ਹੈ।
ਪੂਰਨ ਪੂਜਾ ਪਦਾਰਬਿੰਦ ਮਧੁਕਰ ਮਨ ਮਨ ਨੂੰ ਭੌਰੇ ਵਾਕੂੰ ਪ੍ਰੇਮੀ ਬਣਾ ਕੇ ਸਤਿਗੁਰਾਂ ਦੇ ਪਦ +ਅਰੁ ਬਿੰਦ ਚਰਣ ਕਮਲਾਂ ਵਿਚ ਲਿਪਟੇ ਰਹਿਣਾ ਭਾਵ ਚਰਣ ਕਮਲਾਂ ਦੇ ਧਿਆਨ ਵਿਚ ਮਗਨ ਰਹਿਣਾ ਵਾ ਚਰਣ ਪੱਗ ਪੱਖਾ ਚਾਪੀ ਕਰਨਾ ਹੀ ਪੂਰੀ ਪੂਰੀ ਪੂਜਾ ਹੈ। ਅਤੇ ਇਸ ਭਾਂਤ ਪ੍ਰੇਮ ਰਸ ਪੂਰਨ ਹੁਇ ਕਾਮ ਨਿਹਕਾਮ ਹੈ ਪ੍ਰੇਮ ਰਸ ਨਾਲ ਪ੍ਰੀਪੂਰਣ ਹੋ ਕੇ ਰੱਜ ਕੇ ਤ੍ਰਿਪਤ ਹੋ ਕੇ ਸਭ ਤਰ੍ਹਾਂ ਨਾਲ ਕਾਮਾ ਕਰਮਾਂ ਤੋਂ ਨਿਹਕਾਮ ਨਿਹਕਰਮੀ ਬਣ ਜਾਂਦਾ ਹੈ, ਭਾਵ ਜਨਮ ਜਨਮਾਤਰਾਂ ਦੇ ਕਰਮ ਦਗਧ ਹੋ ਜਾਂਦੇ ਹਨ ਅਥਵਾ ਇਸੇ ਹੀ ਜਨਮ ਵਿਖੇ ਜੀਉਂਦੇ ਜੀ ਹੀ ਸਭ ਪ੍ਰਕਾਰ ਦੇ ਕਰਤਬਾਂ ਕਰਣਜੋਗ ਕੰਮਾਂ ਤੋਂ ਨਿਹ ਕਰਤੱਬ ਆਜ਼ਾਦ ਹੋ ਜਾਂਦਾ ਹੈ।
ਪੂਰਨ ਬ੍ਰਹਮ ਗੁਰ ਪੂਰਨ ਪਰਮਨਿਧਿ ਤਾਤਪ੍ਰਯ ਕੀਹ ਕਿ ਪੂਰਨ ਗੁਰੂ ਪੂਰੇ ਗੁਰੁ ਪੂਰੇ ਵਿਚ ਮਿਲ ਪੂਰੇ ਹੋਏ ਹੋਏ ਸਤਿਗੁਰੂ ਪਰਮ ਨਿਧਿ ਪੂਰਣਤਾ ਦੀ ਨਿਧ ਭੰਡਾਰ ਪੂਰਨ ਬ੍ਰਹਮ ਸਰੂਪ ਹਨ। ਅਤੇ ਪੂਰਨ ਪ੍ਰਗਾਸ ਬਿਸਮ ਸਥਲ ਧਾਮ ਹੈ ਬਿਸਮ ਸਥਲ ਵਿਸ਼ੇਸ਼ ਕਰ ਕੇ ਸਮਤਾ ਭਾਵ ਵਾਲੀ ਇਸਥਿਤੀ ਅਥਵਾ ਬਿਸਮਾਦ ਅਵਸਥਾ ਦਾ ਟਿਕਾਣਾ ਸੰਸਾਰ ਨੂੰ ਜ੍ਯੋਂ ਕੇ ਤ੍ਯੋਂ ਕੂੜੇ ਰੂਪ ਵਿਚ ਨਿਸਚੇ ਕਰ, ਇਸ ਵੱਲੋਂ ਉਪਰਾਮ ਚਿੱਤ ਹੋ, ਸੱਤ ਸਰੂਪੀ ਅਨੁਭਵ ਵਾਲੀ ਕੌਤੁਕੀ ਅਵਸਥਾ ਓਨਾਂ ਦੇ ਪੂਰਨ ਪ੍ਰਗਾਸ ਦਾ ਧਾਮ ਅਸਥਾਨ ਹੈ ॥੧੩੯॥