ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 308


ਬਿਰਖ ਬਲੀ ਮਿਲਾਪ ਸਫਲ ਸਘਨ ਛਾਇਆ ਬਾਸੁ ਤਉ ਬਰਨ ਦੋਖੀ ਮਿਲੇ ਜਰੈ ਜਾਰਿ ਹੈ ।

ਹੋਰਨਾਂ ਬਿਰਛਾਂ ਨਾਲ ਵੱਲ ਮਿਲਾਪ ਪਾ ਕੇ ਮਾਨੋ ਬਿਰਛ ਰੂਪ ਹੀ ਹੋਈ ਹੋਈ ਫਲ ਵਾਲੀ ਤੇ ਸੰਘਨੀ ਛਾਯਾ ਵਾਲੀ ਕਹੌਣ ਲਗ ਪੈਂਦੀ ਮਾਨੋ ਬਿਰਛ ਰੂਪ ਹੀ ਹੋ ਜਾਂਦੀ ਹੈ। ਭਾਵ ਹੋਰ ਬਿਰਛ ਅਪਣੇ ਨਾਲ ਲਗਦੇ ਵੇਲ ਬੂਟੇ ਨੂੰ ਅਪਣੇ ਵਰਗਾ ਹੀ ਫਬਾ ਦਿੰਦੇ ਹਨ, ਪਰ ਵਾਂਸ ਤਾਂ ਐਸਾ ਬਰਨ ਦੋਖੀ ਬੰਸ ਘਾਤੀ ਹੈ, ਕਿ ਜਿਹੜਾ ਭੀ ਕੌਈ ਵੱਲ ਬੂਟਾ ਨੇੜੇ ਹੋ ਮਿਲੇ ਆਪ ਸੜ ਕੇ ਓਸ ਨੂੰ ਸਾੜ ਘੱਤਿਆ ਕਰਦਾ ਹੈ।

ਸਫਲ ਹੁਇ ਤਰਹਰ ਝੁਕਤਿ ਸਕਲ ਤਰ ਬਾਂਸੁ ਤਉ ਬਡਾਈ ਬੂਡਿਓ ਆਪਾ ਨ ਸੰਮਾਰ ਹੈ ।

ਸਾਰੇ ਬਿਰਛ ਤਰਹਰਿ = ਤਰ = ਬਹੁਤੇਂ ਹਰਿ = ਪ੍ਰਫੁਲਿਤ ਹਰੇ ਭਰੇ ਮੌਲੇ ਹੋਏ ਤੇ ਫਲ ਵਾਲੇ ਬਨਣ ਸਾਰ ਹਿਠਾਹਾਂ ਨੂੰ ਝੁਕ ਆਯਾ ਕਰਦੇ ਹਨ, ਪਰ ਵਾਂਸ ਤਾਂ ਅਪਣੇ ਵਡੱਤ ਵਿਚ ਹੀ ਡੁਬਿਆ ਹੋਯਾ ਆਪੇ ਹੰਕਾਰ ਨੂੰ ਹੀ ਸੰਭਲੀ ਰਖਦਾ ਹੈ, ਭਾਵ ਅਪਣੀ ਆਕੜ ਵਿਚ ਖੜਾ ਰਿਹਾ ਕਰਦਾ ਹੈ।

ਸਕਲ ਬਨਾਸਪਤੀ ਸੁਧਿ ਰਿਦੈ ਮੋਨਿ ਗਹੇ ਬਾਂਸੁ ਤਉ ਰੀਤੋ ਗਠੀਲੋ ਬਾਜੇ ਧਾਰ ਮਾਰਿ ਹੈ ।

ਸਾਹੀ ਹੀ ਬਨਾਸਪਤੀ ਬਿਰਛ ਬੂਟੇ ਸੁਧ ਰਿਦੇ ਵਾਲੇ, ਭਾਵ ਅੰਦਰੋਂ ਬਾਹਰੋਂ ਇਕ ਸਾਰ ਸਰਲ ਭਾਵ ਵਾਲੇ ਨਿਗਰ ਹਨ, ਤੇ ਚੁੱਪ ਸਾਧੀ ਰਹਿੰਦੇ ਹਨ, ਪਰ ਬਾਂਸ ਤਾਂ ਅੰਦਰ ਦਾ ਰੀਤੋ ਖਾਲੀ ਛੂਛਾ ਅਰਥਾਤ ਉਪਰ ਦਾ ਚੀਕਨਾ ਚੋਪੜਿਆ ਹੋਯਾ ਤੇ ਅੰਦਰ ਸੁੰਵ ਵਰਤੀ ਵਾਲਾ, ਗੰਢੀਲੀ ਗੰਢਾਂ ਮਾਰਿਆ ਅਤੇ ਧਾੜ ਮਾਰ ਸਰਰ ਸਰਰ ਦੇ ਵਾਜੇ ਵਜੌਂਦਾ ਹਾਇ ਹਾਇ ਕਰਦਾ ਰਹਿੰਦਾ ਹੈ।

ਚੰਦਨ ਸਮੀਪ ਹੀ ਅਛਤ ਨਿਰਗੰਧ ਰਹੇ ਗੁਰਸਿਖ ਦੋਖੀ ਬਜ੍ਰ ਪ੍ਰਾਨੀ ਨ ਉਧਾਰਿ ਹੈ ।੩੦੮।

ਇਸੇ ਕਰ ਕੇ ਹੀ ਇਹ ਵਾਂਸ, ਚੰਨਣ ਦੇ ਬੂਟੇ ਦੇ ਨੇੜੇ ਭੀ ਅਛਤ ਮੌਜੂਦ ਹੁੰਦਿਆ, ਬਾਸਨਾ ਸੁਗੰਧੀ ਤੋਂ ਸੱਖਣਾ ਹੀ ਰਹਿੰਦਾ ਹੈ, ਬਸ ਏਹੋ ਹੀ ਹਾਲ ਸਿੱਖੀ ਮੰਡਲ ਵਿਚ ਵਸਦੇ ਹੋਏ ਗੁਰ ਸਿੱਖਾਂ ਦੇ ਦੋਖੀ ਔਗੁਣ ਤੱਕਨ ਹਾਰੇ ਦੂਖਣਾ ਫੜਨ ਦੇ ਜਤਨ ਕਰਨ ਵਾਲੇ ਦਾ ਹੈ ਓਸ ਬਜ੍ਰ ਪ੍ਰਾਣੀ ਕਠੋਰ ਹਿਰਦੇ ਪਾਪੀ ਪੁਰਖ ਦਾ ਕਦਾਚਿਤ ਉਧਾਰ ਨਿਸਤਾਰਾ ਨਹੀਂ ਹੋਵੇਗਾ ॥੩੦੮॥