ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 255


ਹੋਮ ਜਗ ਨਈਬੇਦ ਕੈ ਪੂਜਾ ਅਨੇਕ ਜਪ ਤਪ ਸੰਜਮ ਅਨੇਕ ਪੁੰਨ ਦਾਨ ਕੈ ।

ਬਿਧੀ ਬਿਧਾਨ ਪੂਰਬਕ ਦੇਵ ਪਿਤਰ ਆਦਿ ਦੇ ਨਿਮਿੱਤ ਅਹੂਤੀਆਂ ਦੇਣ ਰੂਪ ਹੋਮ ਭੀ ਕੈ ਕਰੇ ਜੱਗ ਬ੍ਰਹਮ ਭੋਜ ਰੂਪ ਭੰਡਾਰੇ ਭੀ ਚਾਹੇ ਪਿਆ ਕਰੇ, ਤਥਾ ਅਨੇਕ ਪ੍ਰਕਾਰ ਕਰ ਕੇ ਪੂਜਾ ਬਦਨ ਕਰੇ ਅਰੁ ਨਈਵੇਦ ਮੋਹਨ ਭੋਗ ਆਦਿ ਇਸ਼ਟ ਦੇਵਤਾ ਤਾਈਂ ਅਰਪਣ ਕਰੇ। ਇਸੀ ਪ੍ਰਕਾਰ ਮੰਤ੍ਰ ਸਾਧਨ ਰੂਪ ਜਪ ਜਪੇ ਤਥਾ ਤਪ ਚੰਦ੍ਰਾਯਣੀ ਬ੍ਰਤ ਵਾ ਅੰਗ ਆਦਿ ਦਾ ਸੁਕਾਣਾ ਕਰੇ ਮੌਨ ਆਦਿ ਸਾਧਨਾਂ ਦ੍ਵਾਰੇ ਅਪਣੀ ਵਰਤਨ ਵਿਹਾਰ ਨੂੰ ਇਕ ਸਾਰ ਮਿਤ ਮ੍ਰਯਾਦਾ ਰੂਪ ਸੰਜਮ ਵਿਖੇ ਵਰਤਾਵੇ। ਕੈ ਅਥਵਾ ਪਰਬ ਆਦਿ ਸਮੇਂ ਸਿਰ ਕੀਤੇ ਜਾਣ ਹਾਰੇ ਦਾਨ ਰੂਪ ਪੁੰਨ ਤਥਾ ਨਿੱਤ ਹੀ ਉਦਾਰ ਸੁਭਾਵ ਅਧੀਨ ਅਧਿਕਾਰੀਆਂ ਨੂੰ ਲੁੜੀਂਦੇ ਪਦਾਰਥਾਂ ਦਾ ਦੇਣ ਰੂਪ ਦਾਨ ਭੀ ਅਨੇਕ ਪ੍ਰਕਾਰ ਦੇ ਕਰੇ।

ਜਲ ਥਲ ਗਿਰ ਤਰ ਤੀਰਥ ਭਵਨ ਭੂਅ ਹਿਮਾਚਲ ਧਾਰਾ ਅਗ੍ਰ ਅਰਪਨ ਪ੍ਰਾਨ ਕੈ ।

ਗੰਗ ਸਾਗਰ ਆਦਿ ਜਲਾਂ ਨੂੰ ਪਰਸਨ ਖਾਤਰ, ਅਰੁ ਮਾਰੂਥਲਾਂ ਵਾਲੀ ਧਰਤੀ ਵਿਖੇ ਸਥਿਤ ਸ੍ਰੀ ਰੰਗ ਆਦਿ ਮੰਦ੍ਰਾਂ ਦੀ ਯਾਤ੍ਰਾ ਦੇ ਨਿਮਿਤ, ਭ੍ਰਮਨ ਕਰੇ ਅਤੇ ਗਿਰ ਗਿਰਨਾਰ ਆਦਿ ਪਰਬਤਾਂ ਨੂੰ ਪਰਸਨ ਤਥਾ ਤਰੁ ਅਖ੍ਯਯ ਬਟ ਆਦਿ ਦੇ ਦਰਸ਼ਨ ਵਾਸਤੇ ਤੇ ਇਸੀ ਪ੍ਰਕਾਰ ਪ੍ਰਯਾਗ ਰਾਜ ਪੁਸ਼ਕਰ ਰਾਜ ਆਦਿ ਤੀਰਥਾਂ ਦੇ ਸਨਾਨ ਕਾਰਣ ਧਰਤੀ ਮੰਡਲ ਉਪਰ ਹੀ ਪਿਆ ਭੌਂਦਾ ਰਹੇ। ਇਥੋਂ ਤਕ ਕਿ ਭਰਮਦਾ ਭਰਮਦਾ ਅਗੇ ਹੀ ਅਗੇ ਇਸ ਪ੍ਰਯੋਜਨ ਨੂੰ ਲੈ ਤੁਰਦਾ ਤੁਰਦਾ ਓੜਕ ਨੂੰ ਬਰਫ ਦੇ ਪਰਬਤ ਦੀ ਹਿਮਾਂਚਲੀ ਧਾਰਾ ਵਿਖੇ ਅਪਣੇ ਪ੍ਰਾਣਾਂ ਨੂੰ ਹੀ ਅਰਪਣ ਕਰ ਦੇਵੇ।

ਰਾਗ ਨਾਦ ਬਾਦ ਸਾਅੰਗੀਤ ਬੇਦ ਪਾਠ ਬਹੁ ਸਹਜ ਸਮਾਧਿ ਸਾਧਿ ਕੋਟਿ ਜੋਗ ਧਿਆਨ ਕੈ ।

ਇਸੀ ਪ੍ਰਕਾਰ ਚਾਹੇ ਕੋਈ ਬਾਦ ਬਾਜਿਆਂ ਆਦਿ ਦੇ ਸਾਜ ਬਾਜ ਦੀ ਸਾਜਨਾਂ ਸਾਜ ਕੇ ਰਾਗ ਨਾਦ ਰਾਗਾਂ ਦੀਆਂ ਸੁਰਾਂ ਵਿਚ ਪਾ ਪਾ ਭਜਨ ਬਿਸਨਪਦੇ ਗਾਯਨ ਵਿਖੇ ਦਿਨ ਰਾਤ ਜੁੱਟਿਆ ਰਹੇ, ਅਥਵਾ ਸਾਅੰਗਤਿ ਸਾਂਗੀਤਿਕ ਢੰਗ ਨਾਲ ਸਾਮ ਬੇਦ ਗਾਯਨ ਦੀ ਬੇਦ ਮ੍ਰਯਾਦਾ ਅਨੁਸਾਰ ਬਹੁਤ ਕਰ ਕੇ ਬੇਦ ਪਾਠ ਵਿਚ ਹੀ ਪਰਚਿਆ ਰਹੇ। ਅਥਵਾ ਕ੍ਰੋੜਾਂ ਹੀ ਜੋਗ ਸਬੰਧੀ ਧਿਆਨਾਂ ਨੂੰ ਧਾਰਦਾ ਹੋਇਆ ਸਹਿਜ ਸਮਾਧੀਆਂ ਨੂੰ ਪਿਆ ਸਾਧੇ।

ਚਰਨ ਸਰਨਿ ਗੁਰ ਸਿਖ ਸਾਧਸੰਗਿ ਪਰਿ ਵਾਰਿ ਡਾਰਉ ਨਿਗ੍ਰਹ ਹਠ ਜਤਨ ਕੋਟਾਨਿ ਕੈ ।੨੫੫।

ਪ੍ਰੰਤੂ ਗੁਰੂ ਮਹਾਰਾਜ ਦੀ ਚਰਣ ਸਰਣ ਪੈਂਦਿਆਂ ਗੁਰ ਸਿੱਖ ਸੰਗਤ ਵਿਖੇ ਮਿਲਦਿਆਂ ਇਹ ਸਭ ਪ੍ਰਕਾਰ ਦੇ ਨਿਗ੍ਰਹ ਹਠ ਸਾਧਨ ਅਰੁ ਹਠ ਭਰੇ ਜਤਨ ਹਠ ਯੋਗ ਆਦਿ ਕ੍ਰੋੜਾਂ ਹੀ ਓਨਾਂ ਤੋਂ ਵਾਰ ਕੇ ਸਿੱਟ ਦਿੱਤੇ ਜਾਂਦੇ ਹਨ ॥੨੫੫॥


Flag Counter