ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 642


ਜਾ ਕੈ ਨਾਇਕਾ ਅਨੇਕ ਏਕ ਸੇ ਅਧਿਕ ਏਕ ਪੂਰਨ ਸੁਹਾਗ ਭਾਗ ਸਉਤੈ ਸਮ ਧਾਮ ਹੈ ।

ਜਿਸ ਮਾਲਕ ਦੀਆਂ ਅਨੇਕਾਂ ਇਸਤ੍ਰੀਆਂ ਹਨ ਤੇ ਇਕ ਤੋਂ ਇਕ ਵਧਕੇ ਹੈ, ਪਰ ਸਾਰੀਆਂ ਨੂੰ ਇਹ ਮਾਨ ਹੈ ਕਿ ਸੰਪੂਰਨ ਸਾਰਾ ਸੁਹਾਗ ਭਾਗ ਮੇਰਾ ਹੈ ਤੇ ਘਰ ਬਾਰ ਮੇਰਾ ਹੈ ਤੇ ਮੈਂ ਉਸ ਦੀ ਸੁਪਤਨੀ ਹਾਂ।

ਮਾਨਨ ਹੁਇ ਮਾਨ ਭੰਗ ਬਿਛੁਰ ਬਿਦੇਸ ਰਹੀ ਬਿਰਹ ਬਿਯੋਗ ਲਗ ਬਿਰਹਨੀ ਭਾਮ ਹੈ ।

ਇਕ ਮਾਨ ਵਾਲੀ ਹੈ ਜੋ ਪੀਆ ਤੋਂ ਵਿਛੁੜ ਕੇ ਬਿਦੇਸ ਰਹਿੰਦਿਆਂ ਅਪਣਾ ਮਾਨ ਭੀ ਗੁਆ ਬੈਠੀ ਹੈ ਪਰ ਉਹ ਵਿਯੋਗ ਤੇ ਵਿਛੋੜੇ ਵਿਚ ਲਗੀ ਹੋਈ ਬਿਰਹਨੀ ਇਸਤ੍ਰੀ ਤਾਂ ਕਹਾਉਂਦੀ ਹੈ।

ਸਿਥਲ ਸਮਾਨ ਤ੍ਰੀਯਾ ਸਕੇ ਨ ਰਿਝਾਇ ਪ੍ਰਿਯ ਦਯੋ ਹੈ ਦੁਹਾਗ ਵੈ ਦੁਹਾਗਨ ਸਨਾਮ ਹੈ ।

ਫਿਰ ਇਕ ਹੋਰ ਹੈ ਜੋ ਆਲਸੀ ਤੇ ਮਾਨ ਵਾਲੀ ਇਸਤ੍ਰੀ ਹੈ ਜੋ ਪਤੀ ਨੂੰ ਪ੍ਰਸੰਨ ਨਹੀਂ ਕਰ ਸਕਦੀ। ਪਤੀ ਨੇ ਉਸ ਨੂੰ ਛੁੱਟੜ ਕਰ ਦਿੱਤਾ ਹੈ, ਪਰ ਉਹ ਦੁਹਾਗਨ ਕਹਾ ਕੇ ਭੀ ਪਤੀ ਦੇ ਨਾਮ ਸਹਿਤ ਹੈ।

ਲੋਚਨ ਸ੍ਰਵਨ ਜੀਹ ਕਰ ਅੰਗ ਅੰਗਹੀਨ ਪਰਸਯੋ ਨ ਪੇਖ੍ਯੋ ਸੁਨ੍ਯੋ ਮੇਰੋ ਕਹਾ ਨਾਮ ਹੈ ।੬੪੨।

ਪਰ ਮੈਂ ਤਾਂ ਅੱਖਾਂ; ਕੰਨਾਂ ਜੀਭ ਤੇ ਹੱਥ ਆਦਿ ਹਰੇਕ ਅੰਗ ਤੋਂ ਹੀਣੀ ਹਾਂ ਜੋ ਕਦੇ ਉਸ ਪਿਆਰੇ ਨੂੰ ਪਰਸਿਆ ਨਹੀਂ, ਦੇਖਿਆ ਨਹੀਂ, ਉਸ ਦੇ ਬੋਲ ਸੁਣੇ ਨਹੀਂ, ਮੇਰਾ ਕੀਹ ਨਾਂ ਹੋ ਸਕਦਾ ਹੈ? ॥੬੪੨॥


Flag Counter