ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 552


ਉਤਮ ਮਧਿਮ ਅਰੁ ਅਧਮ ਤ੍ਰਿਬਿਧਿ ਜਗੁ ਆਪਨੋ ਸੁਅੰਨੁ ਕਾਹੂ ਬੁਰੋ ਤਉ ਨ ਲਾਗਿ ਹੈ ।

ਉਤਮ, ਮਧਮ ਵਿਚਾਲੇ ਦੇ ਅਤੇ ਨੀਚ ਤਿੰਨ ਪ੍ਰਕਾਰ ਦੇ ਆਦਮੀ ਜਗਤ ਦੁਨੀਆਂ ਅੰਦਰ ਹੁੰਦੇ ਹਨ ਪਰ ਆਪਣਾ ਪੁਤ੍ਰ ਕਿਸੇ ਨੂੰ ਭੀ ਬੁਰਾ ਨਹੀਂ ਲਗ੍ਯਾ ਕਰਦਾ।

ਸਭ ਕੋਊ ਬਨਜੁ ਕਰਤ ਲਾਭ ਲਭਤ ਕਉ ਆਪਨੋ ਬਿਉਹਾਰੁ ਭਲੋ ਜਾਨਿ ਅਨਰਾਗਿ ਹੈ ।

ਸਭ ਕੋਈ ਲਾਭ ਪ੍ਰਾਪਤੀ ਵਾਸੇਤ ਹੀ ਵਣਜ ਵਪਾਰ ਕਰਦੇ ਹਨ, ਪਰ ਆਪਣਾ ਆਪਣਾ ਹੀ ਜੋ ਜੋ ਕਾਰ ਬਿਵਹਾਰ ਹੁੰਦਾ ਹੈ ਓਸੇ ਨੂੰ ਹੀ ਭਲਾ ਜਾਣ ਕੇ ਓਸ ਨੂੰ ਪ੍ਯਾਰਿਆ ਜਾਂਦਾ ਓਸ ਵਿਖੇ ਪ੍ਰਵਿਰਤ ਹੋਈਦਾ ਹੈ।

ਤੈਸੇ ਅਪਨੇ ਅਪਨੇ ਇਸਟੈ ਚਾਹਤ ਸਭੈ ਅਪਨੇ ਪਹਰੇ ਸਭ ਜਗਤੁ ਸੁਜਾਗਿ ਹੈ ।

ਤਿਸੀ ਪ੍ਰਕਾਰ ਆਪੋ ਆਪਨੇ ਇਸ਼ਟ ਦੇਵ ਨੂੰ ਹੀ ਸਭ ਕੋਈ ਚੌਂਹਦਾ ਪਸਿੰਦ ਰਖਦਾ ਹੈ, ਤੇ ਇਸੇ ਤਰ੍ਹਾਂ ਆਪੋ ਆਪਣੇ ਪਹਿਰੇ ਅਧਿਕਾਰ ਅੰਦਰ ਸਭ ਕੋਈ ਜਾਗਦਾ ਅਪਣਾ ਧਰਮ ਸਮਝ ਕੇ ਵਰਤਦਾ ਹੈ।

ਸੁਅੰਨੁ ਸਮਰਥ ਭਏ ਬਨਜੁ ਬਿਕਾਨੇ ਜਾਨੈ ਇਸਟ ਪ੍ਰਤਾਪੁ ਅੰਤਿਕਾਲਿ ਅਗ੍ਰਭਾਗਿ ਹੈ ।੫੫੨।

ਸੁਅੰਨ ਪੁਤ੍ਰ ਜਿਸ ਤਰ੍ਹਾਂ ਵਣਜ ਵਪਾਰ ਤੇ ਵਿੱਕਰੀ ਸੌਦਾਗਰੀ ਨੂੰ ਜਾਣ ਕੇ ਸਮਰਤ ਸਮਰੱਥ ਬਣ ਜਾਂਦਾ ਹੈ, ਇਸੇ ਤਰ੍ਹਾਂ ਸਮਾਂ ਪਾ ਕੇ ਅੰਤਿ ਕਾਲਿ ਓੜਕ ਸਿਰ ਇਸ਼ਟ ਦਾ ਪ੍ਰਭਾਵ ਭੀ ਅਗ੍ਰਭਾਗਿ ਸਨਮੁਖ ਹੋਇਆ ਕਰਦਾ ਹੈ, ਭਾਵ ਜ੍ਯੋਂ ਸ਼ਬਦ ਕਮਾਈ ਕਰਦਿਆਂ ਇਸ਼ਟ ਦੀ ਪ੍ਰਪੱਕਤਾ ਹੁੰਦੀ ਜਾਵੇ, ਤ੍ਯੋਂ ਤ੍ਯੋਂ ਹੀ ਇਸ਼ਟ ਦੇਵ ਦਾ ਆਵੇਸ਼ ਭੀ ਇਸ਼ਟੀਏ ਪੁਰਖ ਨੂੰ ਅਗ੍ਰਭਾਗਿ ਸ਼ਿਰੋਮਣੀ ਬਣਾਈ ਜਾਇਆ ਕਰਦਾ ਹੈ ॥੫੫੨॥


Flag Counter