ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 603


ਜੈਸੇ ਜਲ ਮਿਲ ਦ੍ਰੁਮ ਸਫਲ ਨਾਨਾ ਪ੍ਰਕਾਰ ਚੰਦਨ ਮਿਲਤ ਸਬ ਚੰਦਨ ਸੁਬਾਸ ਹੈ ।

ਜਿਵੇਂ ਜਲ ਨੂੰ ਮਿਲਣ ਕਰ ਕੇ ਬ੍ਰਿਛ ਨਾਨਾ ਪ੍ਰਕਾਰ ਦੇ ਫਲਾਂ ਨਾਲ ਫਲਵਾਨ ਹੁੰਦਾ ਹੈ, ਅਤੇ ਚੰਦਨ ਦੀ ਵਾਸ਼ਨਾਂ ਨੂੰ ਮਿਲ ਕੇ ਉਹ ਸਾਰਾ ਚੰਦਨ ਦੀ ਸੁਗੰਧੀ ਵਾਲਾ ਹੋ ਜਾਂਦਾ ਹੈ।

ਜੈਸੇ ਮਿਲ ਪਾਵਕ ਢਰਤ ਪੁਨ ਸੋਈ ਧਾਤ ਪਾਰਸ ਪਰਸ ਰੂਪ ਕੰਚਨ ਪ੍ਰਕਾਸ ਹੈ ।

ਜਿਵੇਂ ਅੱਗ ਨੂੰ ਮਿਲ ਕੇ ਧਾਤ ਢਲ ਜਾਂਦੀ ਹੈ, ਫਿਰ ਠੰਢੀ ਹੋਣ ਤੇ ਉਹੋ ਧਾਤ ਹੀ ਰਹਿੰਦੀ ਹੈ ਪਰ ਪਾਰਸ ਨੂੰ ਛੁਹ ਕੇ ਸੋਨਾ ਰੂਪ ਹੋ ਕੇ ਪ੍ਰਕਾਸ਼ਦੀ ਹੈ।

ਅਵਰ ਨਖਤ੍ਰ ਬਰਖਤ ਜਲ ਜਲਮਈ ਸ੍ਵਾਂਤਿ ਬੂੰਦ ਸਿੰਧ ਮਿਲ ਮੁਕਤਾ ਬਿਗਾਸ ਹੈ ।

ਹੋਰਨਾਂ ਨਛੱਤ੍ਰਾਂ ਵਿਚ ਵਰਸਦਾ ਵਰਖਾ ਦਾ ਜਲ ਤਾਂ ਜਲ ਰੂਪ ਹੀ ਰਹਿੰਦਾ ਹੈ, ਪਰ ਸ੍ਵਾਂਤਿ ਨਛੱਤ੍ਰ ਵਿਚ ਬਰਸੀ ਬੂੰਦ ਸਿੱਪ ਨੂੰ ਮਿਲ ਕੇ ਮੋਤੀ ਹੋ ਪ੍ਰਕਾਸ਼ਦੀ ਹੈ।

ਤੈਸੇ ਪਰਵਿਰਤ ਔ ਨਿਵਿਰਤ ਜੋ ਸ੍ਵਭਾਵ ਦੋਊ ਗੁਰ ਮਿਲ ਸੰਸਾਰੀ ਨਿਰੰਕਾਰੀ ਅਭਿਆਸੁ ਹੈ ।੬੦੩।

ਤਿਵੇਂ ਜਗਿਆਸੂਆਂ ਵਿਚ ਦੋ ਸੁਭਾਵ ਹਨ ਪਰਵਿਰਤੀ ਤੇ ਨਿਵਿਰਤੀ ਸੋ ਜਿਸ ਸੁਭਾਵ ਵਾਲਾ ਜਗਿਆਸੂ ਗੁਰੂ ਪਾਸ ਜਾਂਦਾ ਹੈ ਸੰਸਾਰੀ ਜਾਂ ਨਿਰੰਕਾਰੀ, ਅਪਣੇ ਸੁਭਾਵ ਅਨੁਸਾਰ ਪ੍ਰਪੱਕਤਾ ਪ੍ਰਾਪਤ ਕਰਦਾ ਹੈ ॥੬੦੩॥


Flag Counter