ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 371


ਜੈਸੇ ਨਰਪਤਿ ਬਹੁ ਬਨਤਾ ਬਿਵਾਹ ਕਰੈ ਜਾ ਕੈ ਜਨਮਤ ਸੁਤ ਵਾਹੀ ਗ੍ਰਿਹਿ ਰਾਜ ਹੈ ।

ਜਿਸ ਪ੍ਰਕਾਰ ਰਾਜਾ ਬਹੁਤ ਸਾਰੀਆਂ ਤੀਵੀਆਂ ਨਾਲ ਵਿਆਹ ਕਰੌਂਦਾ ਹੈ, ਪਰ ਜਿਸ ਦੇ ਘਰ ਪਹਿਲ ਪ੍ਰਥਮੇ ਪੁਤ੍ਰ ਜੰਮ ਪਵੇ ਰਾਜ ਭਾਗ ਭੀ ਓਸੇ ਦੇ ਹੀ ਘਰ ਆ ਜਾਯਾ ਕਰਦਾ ਹੈ।

ਜੈਸੇ ਦਧਿ ਮਧਿ ਚਹੂੰ ਓਰ ਮੈ ਬੋਹਥ ਚਲੈ ਜੋਈ ਪਾਰ ਪਹੁਚੈ ਪੂਰਨ ਸਬ ਕਾਜ ਹੈ ।

ਜਿਸ ਤਰ੍ਹਾਂ ਉਦਧਿ ਸਮੁੰਦ੍ਰ ਵਿਚ ਚਾਰੋਂ ਪਾਸੀਂ ਹੀ ਜਹਾਜ ਚਲਦੇ ਫਿਰਦੇ ਹਨ, ਪਰ ਜਿਹੜਾ ਕੋਈ ਪਾਰ ਪੁਜ ਪਵੇ ਓਸੇ ਦੇ ਯਾਤ੍ਰੂਆਂ ਦੇ ਹੀ ਸਭ ਕਾਰਜ ਰਾਸ ਹੋ ਜਾਂਦੇ ਹਨ।

ਜੈਸੇ ਖਾਨਿ ਖਨਤ ਅਨੰਤ ਖਨਵਾਰਾ ਖੋਜੀ ਹੀਰਾ ਹਾਥਿ ਚੜੈ ਜਾ ਕੈ ਤਾ ਕੈ ਬਾਜੁ ਬਾਜ ਹੈ ।

ਜਿਸ ਤਰ੍ਹਾਂ ਖਾਣਾਂ ਵਾਲੇ ਅਨੰਤ ਖੋਜੀ ਖਾਣਾਂ ਨੂੰ ਪੁੱਟਦੇ ਫਿਰਦੇ ਹਨ, ਪ੍ਰੰਤੂ ਜਿਸ ਦੇ ਹੱਥ ਹੀਰਾ ਆਣ ਚੜ੍ਹੇ ਭਾਵ ਜਿਸ ਕਿਸੇ ਨੂੰ ਹੀਰਾ ਲਭ ਪੈਂਦਾ ਹੈ, ਓਸ ਦੇ ਘਰ ਬਾਜੇ ਵੱਜ ਪੈਂਦੇ ਹਨ, ਆਨੰਦ ਮੰਗਲ ਖਿੜ ਔਂਦੇ ਹਨ।

ਤੈਸੇ ਗੁਰਸਿਖ ਨਵਤਨ ਅਉ ਪੁਰਾਤਨਾਦਿ ਕਾ ਪਰਿ ਕਟਾਛਿ ਕ੍ਰਿਪਾ ਤਾ ਕੈ ਛਬਿ ਛਾਜ ਹੈ ।੩੭੧।

ਤਿਸੀ ਪ੍ਰਕਾਰ ਹੀ ਗੁਰੂ ਮਹਾਰਾਜ ਦੇ ਨਵਿਆਂ ਅਤੇ ਪੁਰਾਣਿਆਂ ਸਿੱਖਾਂ ਵਿਚੋਂ ਜਿਨ੍ਹਾਂ ਉਪਰ ਸਤਿਗੁਰੂ ਕ੍ਰਿਪਾ ਕਟਾਖ੍ਯ ਕਰ ਦੇਣ ਬਖਸ਼ਸ਼ ਵਾ ਬਰਕਤ ਭਰੀ ਨਿਗ੍ਹਾ ਨਾਲ ਤੱਕ ਲੈਣ, ਓਸੇ ਦੀ ਹੀ ਛਬਿ ਸੁੰਦ੍ਰਤਾ ਛਾਜ ਹੈ ਸੁਹੌਣੀ ਹੋ ਪਿਆ ਕਰਦੀ ਹੈ ਭਾਵ ਓਸੇ ਦੀ ਰਹਤ ਬਹਤ ਤਥਾ ਸਿੱਖੀ ਧਾਰਣਾ ਸਭ ਦਿਆਂ ਮਨਾਂ ਨੂੰ ਮੋਹਣ ਹਾਰੀ ਬਣ ਜਾਯਾ ਕਰਦੀ ਹੈ ॥੩੭੧॥


Flag Counter