ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 335


ਹਉਮੈ ਅਭਿਮਾਨ ਅਸਥਾਨ ਤਜਿ ਬੰਝ ਬਨ ਚਰਨ ਕਮਲ ਗੁਰ ਸੰਪਟ ਸਮਾਇ ਹੈ ।

ਬੰਝ ਬਨ ਵੰਝਾਂ ਵਾਂਸਾਂ ਦਾ ਜੰਗਲ ਜੋ ਦੂਰੋਂ ਉੱਚਾ ਦਿੱਸਨ ਵਾਲਾ ਤੇ ਨੇੜੇ ਆਯਾਂ ਗੰਢੀਲਾ ਅਤੇ ਚਿਕਨਾਹਟ ਮਾਰਿਆ ਹੁੰਦਾ ਹੈ, ਓਸੇ ਸਮਾਨ ਹੀ ਬਾਹਰੋਂ ਮੈਂ ਮੇਰੀ ਵਿਚ ਵਰਤਨਹਾਰਾ ਤੇ ਅੰਦਰੋਂ ਮਾਨ ਮੱਤੀ ਦਸ਼ਾ ਦਾ ਗ੍ਰਸਿਆ ਹੋਯਾ ਇਹ ਹਉਮੈ ਤੇ ਅਭਿਮਾਨ ਦਾ ਟਿਕਾਨਾ ਜੋ ਸੰਸਾਰ ਹੈ ਸੁਗੰਧੀਓਂ ਸੂੰਨ ਜਾਣ ਇਸ ਨੂੰ ਤ੍ਯਾਗ ਕੇ ਸਾਧ ਸੰਗਤਿ ਵਿਚ ਆਏ ਪੁਰਖ ਦਾ ਮਨ ਰੂਪੀ ਭੌਰਾ ਸਤਿਗੁਰਾਂ ਦੇ ਚਰਨ ਕਮਲਾਂ ਰੂਪ ਡੱਬੇ ਵਿਚ ਸਮਾ ਜਾਂਦਾ ਮਗਨ ਹੋ ਜਾਂਦਾ ਹੈ।

ਅਤਿ ਹੀ ਅਨੂਪ ਰੂਪ ਹੇਰਤ ਹਿਰਾਨੇ ਦ੍ਰਿਗ ਅਨਹਦ ਗੁੰਜਤ ਸ੍ਰਵਨ ਹੂ ਸਿਰਾਏ ਹੈ ।

ਚਰਣ ਕਮਲਾਂ ਵਿਚ ਪਰਚਦੇ ਸਾਰ ਅਤ੍ਯੰਤ ਕਰ ਕੇ ਉਪਮਾ ਤੋਂ ਰਹਿਤ ਰੂਪ ਪ੍ਰਕਾਸ਼ ਨੂੰ ਹੇਰਤ ਤੱਕਦਿਆਂ ਦ੍ਰਿਗ ਨੇਤ੍ਰ ਭੀ ਹਿਰਾਨੇ ਥਕਿਤ ਹੋ ਜਾਂਦੇ ਮਗਨਤਾ ਨਾਲ ਗੁੱਟ ਬਣ ਜਾਂਦੇ ਹਨ ਅਰੁ ਅਨਹਦ ਧੁਨੀ ਦੀ ਗੂੰਜ ਨਾਲ ਕੰਨ ਹੋਰਨਾਂ ਸ਼ਬਦਾਂ ਦੇ ਸੁਨਣ ਵੱਲੋਂ ਸ਼ਤ ਹੋਏ ਰਹਿੰਦੇ ਹਨ।

ਰਸਨਾ ਬਿਸਮ ਅਤਿ ਮਧੁ ਮਕਰੰਦ ਰਸ ਨਾਸਿਕਾ ਚਕਤ ਹੀ ਸੁਬਾਸੁ ਮਹਕਾਏ ਹੈ ।

ਚਰਣ ਕਮਲਾਂ ਦੀ ਧੂਲੀ ਰੂਪ ਮਕਰੰਦ ਰਸ ਜੋ ਅਤ੍ਯੰਤ ਹੀ ਮਧੁ ਮਿੱਠਾ ਹੈ ਪਾਨ ਕਰਨ ਛਕਨ ਸਾਰ ਰਸਨਾ ਬਿਸਮ ਰਸਾਂ ਵੱਲ ਭਟਕਨੋਂ ਵਿਸਮਤਾ ਵਿਖਮਤਾਂ ਨੂੰ ਧਾਰ ਲੈਂਦੀ ਹੈ ਅਸਚਰਜ ਹੋ ਰਹਿੰਦੀ ਹੈ ਅਤੇ ਐਸਾ ਹੀ ਉਕਤ ਧੂਲੀ ਦੀ ਸੁਗੰਧੀ ਦੀ ਮਹਕ ਲਪਟ ਔਂਦੇ ਸਾਰ ਨਾਸਾਂ ਚਕਿਤ ਹੈਰਾਨ ਹੋਈਆਂ ਰਹਿੰਦੀਆਂ ਹਨ, ਭਾਵ ਗੁਰਮੁਖ ਦਾ ਦਿਮਾਗ ਭੀ ਮਸਤੀ ਨਾਲ ਖੀਵਾ ਰਹਿੰਦਾ ਹੈ।

ਕੋਮਲਤਾ ਸੀਤਲਤਾ ਪੰਗ ਸਰਬੰਗ ਭਏ ਮਨ ਮਧੁਕਰ ਪੁਨਿ ਅਨਤ ਨਾ ਧਾਏ ਹੈ ।੩੩੫।

ਇਥੇ ਪ੍ਰਕਾਰ ਚਰਣ ਕਮਲਾਂ ਦੀ ਕੋਮਲਤਾ ਨੂੰ ਅਨੁਭਵ ਕਰਦਿਆਂ ਸਾਰ ਗੁਰਮੁਖ ਦੇ ਮਨ ਰੂਪੀ ਮਧੁਕਰ ਭੌਰੇ ਦੇ ਸੀਤਲਤਾ ਸ਼ਾਂਤੀ ਨੂੰ ਪ੍ਰਾਪਤ ਹੋ ਸਰਬੰਗ ਸਭੇ ਹੀ ਸਮੂਲਚੀ ਤਰਾਂਅੰਗ ਪੰਗ ਪਿੰਗਲੇ ਹੋ ਜਾਂਦੇ ਹਨ ਜਿਸ ਕਰ ਕੇ ਪੁਨਿ ਫੇਰ ਇਹ ਅਨਤ ਹੋਰ ਹੋਰਨਾਂ ਰਸਾਂ ਕਸਾਂ ਆਦਿ ਵਾ ਸੰਸਾਰੀ ਪ੍ਰਵਿਰਤੀਆਂ ਵੱਲ ਨਹੀਂ ਧੌਂਦਾ ਭਟਕਦਾ ਹੈ ॥੩੩੫॥


Flag Counter