ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 390


ਕੰਚਨ ਕਲਸ ਜੈਸੇ ਬਾਕੋ ਭਏ ਸੂਧੋ ਹੋਇ ਮਾਟੀ ਕੋ ਕਲਸੁ ਫੂਟੋ ਜੁਰੈ ਨ ਜਤਨ ਸੈ ।

ਸੋਨੇ ਦਾ ਕਲਸ ਗਾਗਰ ਜਿਸ ਤਰ੍ਹਾਂ ਵਿੰਗਾ ਹੋਯਾ ਸਿੱਧਾ ਹੋ ਸਕਦਾ ਹੈ, ਭਾਵ ਚਿੱਬ ਪਏ ਕੱਢੇ ਜਾ ਸਕਦੇ ਹਨ, ਪਰ ਮਿਟੀ ਦਾ ਕਲਸਾ ਫੁੱਟਿਆ ਜਤਨ ਨਾਲ ਭੀ ਜੋੜਿਆ ਨਹੀਂ ਜੁੜ ਸਕ੍ਯਾ ਕਰਦਾ।

ਬਸਨ ਮਲੀਨ ਧੋਏ ਨਿਰਮਲ ਹੋਤ ਜੈਸੇ ਊਜਰੀ ਨ ਹੋਤ ਕਾਂਬਰੀ ਪਤਨ ਸੈ ।

ਜਿਸ ਤਰ੍ਹਾਂ ਮੈਲਾ ਬਸਤਰ ਧੋਤਿਆਂ ਹੋਇਆਂ ਤਾਂ ਨਿਰਮਲ ਉੱਜਲਾ ਬਣ ਸਕਦਾ ਹੈ, ਪ੍ਰੰਤੂ ਕਾਲੀ ਕੰਬਲੀ ਪਾਤਨ ਸੈ ਕਿਤਨੇ ਭੀ ਫਟਕਾਰਨ ਛੰਡਨ ਨਾਲ ਕਿਸੇ ਤਰ੍ਹਾਂ ਉੱਜਲੀ ਨਹੀਂ ਹੋ ਸਕ੍ਯਾ ਕਰਦੀ।

ਜੈਸੇ ਲਕੁਟੀ ਅਗਨਿ ਸੇਕਤ ਹੀ ਸੂਧੀ ਹੋਇ ਸ੍ਵਾਨ ਪੂਛਿ ਪਟੰਤਰੋ ਪ੍ਰਗਟ ਮਨ ਤਨ ਸੈ ।

ਜਿਸ ਤਰ੍ਹਾਂ ਫੇਰ ਲਾਠੀ ਵਿੰਗੀ ਨੂੰ ਅੱਗ ਉਪਰ ਸੇਕਨ ਮਾਤ੍ਰ ਤੇ ਹੀ ਸਿੱਧੀ ਹੋ ਜਾਂਦੀ ਹੈ, ਪਰ ਕੁੱਤੇ ਦੀ ਪੂਛਲ ਦਾ ਜੋ ਪਟੰਤਰੋ ਟੇਢਾ ਪੁਣਾ ਬ੍ਯੰਗ ਪੁਣਾ ਹੈ ਸੈ ਸੋ ਉਹ ਪ੍ਰਗਟ ਹੀ ਨਹੀਂ ਮੰਨ੍ਯਾ ਕਰਦਾ ਭਾਵ, ਹਜਾਰ ਜਤਨ ਕੀਤਿਆਂ ਭੀ ਪੂਛਲ ਅਪਣੀ ਟਿਢਾਈ ਨੂੰ ਨਹੀਂ ਤ੍ਯਾਗ੍ਯਾ ਕਰਦੀ।

ਤੈਸੇ ਗੁਰਸਿਖਨ ਸੁਭਾਉ ਜਲ ਮੈ ਨ ਗਤਿ ਸਾਕਤ ਸੁਭਾਵ ਲਾਖ ਪਾਹੁਨ ਗਤਨ ਸੈ ।੩੯੦।

ਤਿਸੇ ਤਰ੍ਹਾਂ ਹੀ ਗੁਰੂ ਕੇ ਸਿੱਖਾਂ ਦਾ ਸੁਭਾਵ ਤਾਂ ਜਲ ਅਤੇ ਮੈਨ ਮੋਮ ਗਤਿ ਸ੍ਰੀਖਾ ਹੁੰਦਾ ਹੈ ਦ੍ਰਵ ਜਾਣ ਵਾਲਾ, ਪ੍ਰੰਤੂ ਸਾਕਤਾਂ ਮਨਮੁਖਾਂ ਦਾ ਸੁਭਾਵ ਲਾਖ ਤੇ ਪਥਰ ਦੀ ਗਤ ਚਾਲੇ ਨਸੈ ਨਸ਼ਟ ਹੋਯਾ ਕਰਦਾ ਹੈ ਭਾਵ ਜੀਕੂੰ ਲਾਖ ਅੱਗ ਉਪਰ ਧੁਖ ਧੁਖਕੇ ਗੰਦਾ ਧੂਆਂ ਛਡਦੀ ਸੜ ਸੁਆਹ ਹੁੰਦੀ ਤੇ ਪੱਥਰ ਭੀ ਅੱਗ ਵਿਚ ਸੜਕੇ ਸੁਆਹ ਹੋਯਾ ਕਰਦਾ ਹੈ ਤੀਕੂੰ ਹੀ ਸਾਕਤਾਂ ਦਾ ਸਿਰੜ ਭੀ ਸਿਰ ਪ੍ਰਜੰਤ ਨਹੀਂ ਟਲਿਆ ਕਰਦਾ ॥੩੯੦॥