ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 374


ਜੈਸੇ ਮਦ ਪੀਅਤ ਨ ਜਾਨੀਐ ਮਰੰਮੁ ਤਾ ਕੋ ਪਾਛੈ ਮਤਵਾਰੋ ਹੋਇ ਛਕੈ ਛਕ ਜਾਤਿ ਹੈ ।

ਜਿਸ ਤਰਾਂ ਮਦਿਰਾ ਪੀਂਦਿਆਂ ਹੋਯਾ ਓਸ ਦਾ ਮਰਮ ਪ੍ਰਭਾਵ ਅਸਰ ਨਹੀਂ ਜਾਣੀਦਾ; ਪਰ ਛਕੇ ਪੀਤਿਆਂ ਪਿਛੋਂ ਮਤਵਾਲੇ ਹੋ ਕੇ ਬੇਹੋਸ਼ ਹੋ ਜਾਈਦਾ ਹੈ, ਤਾਂ ਅਥਵਾ; ਛਕੀ ਉਪਰ ਛਕੀ ਹੀ ਜਾਈਦੀ ਹੈ ਤਾਂ ਪਤਾ ਲਗਦਾ ਹੈ ਕਿ ਇਹ ਕੀਹ ਅਗੇ ਪਿੱਛੇ ਦੀ ਸੁੱਧ ਭੁਲਾ ਦੇਣ ਵਾਲੀ ਵਸਤੂ ਹੈ।

ਜੈਸੇ ਭਾਰਿ ਭੇਟਤ ਭਤਾਰਹਿ ਨ ਭੇਦੁ ਜਾਨਹਿ ਉਦਿਤ ਅਧਾਨ ਆਨ ਚਿਹਨਿ ਦਿਖਾਤ ਹੈ ।

ਜਿਸ ਤਰ੍ਹਾਂ ਇਸਤ੍ਰੀ ਪਤੀ ਨੂੰ ਆਪਾ ਅਰਪਦੀ ਹੋਈ ਨਹੀਂ ਇਸ ਗੱਲ ਦਾ ਭੇਦ ਜਾਣਿਆ ਕਰਦੀ, ਪ੍ਰੰਤੂ ਜਦ ਅਧਾਨ ਗਰਭ ਆਨ ਉਦਿਤ੍ਯਾ ਪ੍ਰਗਟਿਆ ਕਰਦਾ ਹੈ, ਤਾਂ ਆਪ ਤੇ ਆਪ ਹੀ ਨਿਸ਼ਾਨੀਆਂ ਦਿੱਸਨ ਲਗ ਪਿਆ ਕਰਦੀਆਂ ਹਨ।

ਕਰਿ ਪਰਿ ਮਾਨਕੁ ਨ ਲਾਗਤ ਹੈ ਭਾਰੀ ਤੋਲ ਮੋਲ ਸੰਖਿਆ ਦਮਕਨ ਹੇਰਤ ਹਿਰਾਤਿ ਹੈ ।

ਹੱਥ ਉਪਰ ਹੀਰੇ ਦਾ ਤੋਲ ਭਾਰਾ ਨਹੀਂ ਲਗਦਾ ਹੈ ਪਰ ਮੁੱਲ ਦੇ ਦੰਮਾਂ ਦੀ ਗਿਣਤੀ ਤਕਦਿਆਂ ਸਾਰ ਹਿਰਾਤ ਹੈ ਹਰਾਨ ਹੋ ਜਾਈਦਾ ਹੈ, ਵਾ ਅੱਖਾਂ ਥੱਕ ਮਰਦੀਆਂ ਹਨ।

ਤੈਸੇ ਗੁਰ ਅੰਮ੍ਰਿਤ ਬਚਨ ਸੁਨਿ ਮਾਨੈ ਸਿਖ ਜਾਨੈ ਮਹਿਮਾ ਜਉ ਸੁਖ ਸਾਗਰ ਸਮਾਤ ਹੈ ।੩੭੪।

ਤਿਸੀ ਪ੍ਰਕਾਰ ਹੀ ਗੁਰੂ ਮਹਾਰਾਜ ਦੇ ਅੰਮ੍ਰਿਤ ਬਚਨ ਸਤ੍ਯਨਾਮ ਗੁਰ ਉਪਦੇਸ਼ ਨੂੰ ਸੁਣ ਕੇ ਜੋ ਸਿੱਖ ਮੰਨਦੇ ਆਪਣੇ ਅੰਦਰ ਧਾਰਦੇ ਹਨ, ਉਹ ਤਦੋਂ ਹੀ ਮਹਿਮਾ ਇਸਦਾ ਮਹੱਤ ਜਾਣਦੇ ਹਨ, ਜਉ ਜਦਕਿ ਝੱਟ ਹੀ ਸੁਖ ਸਮੁੰਦ੍ਰ ਪਰਮਾਤਮ ਪਦ ਵਿਖੇ ਹੀ ਸਮਾ ਜਾਯਾ ਕਰਦੇ ਹਨ ॥੩੭੪॥