ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 384


ਜੈਸੇ ਕੁਲਾ ਬਧੂ ਅੰਗ ਰਚਤਿ ਸੀਗਾਰ ਖੋੜਿ ਤੇਈ ਗਨਿਕਾ ਰਚਤ ਸਕਲ ਸਿਗਾਰ ਜੀ ।

ਜਿਸ ਤਰ੍ਹਾਂ ਸ੍ਰੇਸ਼ਟ ਕੁਲ ਦੀ ਬਹੂ ਸੋਲਾਂ ਸ਼ਿੰਗਾਰ ਅੰਗਾਂ ਉਪਰ ਰਚਦੀ ਸੁਆਰਦੀ ਹੈ ਤੇਈ ਓਨਾਂ ਹੀ ਸਾਰਿਆਂ ਸ਼ਿੰਗਾਰਾਂ ਨੂੰ ਵੇਸ੍ਵਾ ਭੀ ਸੁਆਰਿਆ ਕਰਦੀ ਹੈ।

ਕੁਲਾ ਬਧੂ ਸਿਹਜਾ ਸਮੈ ਰਮੈ ਭਤਾਰ ਏਕ ਬੇਸ੍ਵਾ ਤਉ ਅਨੇਕ ਸੈ ਕਰਤ ਬਿਭਚਾਰ ਜੀ ।

ਕੁਲ ਬਹੂ ਤਾਂ ਸਿਹਜਾ ਦੇ ਸਮੇਂ ਇਕ ਮਾਤ੍ਰ ਭਰਤਾ ਪਤੀ ਨੂੰ ਹੀ ਰਮਣ ਕਰਦੀ ਰਾਂਵਦੀ ਹੈ ਪ੍ਰੰਤੂ ਵੇਸ੍ਵਾ ਅਨੇਕਾਂ ਨਾਲ ਬਿਭਚਾਰ ਦੁਰਾਚਾਰ ਕਰ੍ਯਾ ਕਰਦੀ ਹੈ।

ਕੁਲਾਬਧੂ ਸੰਗਮੁ ਸੁਜਮ ਨਿਰਦੋਖ ਮੋਖ ਬੇਸ੍ਵਾ ਪਰਸਤ ਅਪਜਸ ਹੁਇ ਬਿਕਾਰ ਜੀ ।

ਕੁਲ ਬਹੂ ਦੇ ਸੰਗਮ ਸਪਰਸ਼ ਮੇਲ ਤੋਂ ਸੁੰਦ੍ਰ ਜੱਸ ਕੀਰਤੀ ਨਿਰਦੋਖ ਨਿਰਵਿਕਾਰਿਤਾ ਤਥਾ ਮੁਕਤੀ ਹੁੰਦੀ ਹੈ ਭਾਵ ਗ੍ਰਹਸਥ ਧਰਮ ਪਾਲਣ ਵਿਖੇ ਸੁਕੀਰਤੀ, ਨਿਰਵਿਕਾਰਿਤਾ ਤਥਾ ਮੋਖ ਮੁਕਤੀ ਹੋਯਾ ਕਰਦੀ ਹੈ ਕਿੰਤੂਵੇਸ੍ਵਾ ਨਾਲ ਛੁੰਹਦਿਆਂ ਅਪਜਸ ਜਗਤ ਵਿਚ ਫਿੱਟ ਫਿੱਟ ਹੁੰਦੀ ਤੇ ਵਿਗਾੜ ਹੀ ਵਿਗਾੜ ਨਿਕਲਿਆ ਕਰਦਾ ਹੈ।

ਤੈਸੇ ਗੁਰਸਿਖਨ ਕਉ ਪਰਮ ਪਵਿਤ੍ਰ ਮਾਇਆ ਸੋਈ ਦੁਖਦਾਇਕ ਹੁਇ ਦਹਤਿ ਸੰਸਾਰ ਜੀ ।੩੮੪।

ਤਿਸੀ ਪ੍ਰਕਾਰ ਗੁਰੂ ਕੇ ਸਿੱਖਾਂ ਨੂੰ ਮਾਯਾ ਅੰਗੀਕਾਰ ਕੀਤਿਆਂ ਧਰਮ ਮਾਰਗ ਆਦਿ ਵਿਖੇ ਲਗਦੀ ਹੋਈ; ਪਰਮ ਪਵਿਤ੍ਰ ਫਲ ਦੀ ਦਾਤੀ ਹੋਇਆ ਕਰਦੀ ਹੈ, ਤੇ ਏਹੋ ਹੀ ਮਾਯਾ ਸੰਸਾਰ ਭਰ ਨੂੰ ਹੀ ਸੰਸਾਰੀ ਮਾਰਗ ਵਿਚ ਲਗਦੀ ਹੋਈ ਦੁੱਖਾਂ ਦੇ ਦੇਣ ਹਾਰੀ ਵਾ ਸਾੜਨਹਾਰੀ ਹੁੰਦੀ ਹੈ ॥੩੮੪॥


Flag Counter