ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 364


ਜੈਸੇ ਬ੍ਰਿਥਾਵੰਤ ਜੰਤ ਅਉਖਦ ਹਿਤਾਇ ਰਿਦੈ ਬ੍ਰਿਥਾ ਬਲੁ ਬਿਮੁਖ ਹੋਇ ਸਹਜਿ ਨਿਵਾਸ ਹੈ ।

ਜਿਸ ਤਰ੍ਹਾਂ ਬ੍ਰਿਥਾਵੰਤ ਜੰਤ ਪੀੜਾ ਵਾਲੇ ਰੋਗੀ ਆਦਮੀ ਨੂੰ ਦਵਾਈ ਅੰਦਰ ਸੁਖਾ ਜਾਵੇ, ਤਾਂ ਓਸ ਦੀ ਬ੍ਰਿਥਾ ਪੀੜਾ ਰੋਗ ਦਾ ਬਲ ਜੋਰ = ਵੇਗ ਬਿਮੁਖ ਬੇਮੁਖ ਉਲਟੇ ਰੁਖ ਹੋ ਟਲ ਜਾਂਦਾ ਹੈ, ਤੇ ਸਹਜ ਸੁਖ ਸ਼ਾਂਤੀ ਅਰੋਗਤਾ ਦਾ ਵਾਸੀ ਉਹ ਬਣ ਜਾਯਾ ਕਰਦਾ ਹੈ।

ਜੈਸੇ ਆਨ ਧਾਤ ਮੈ ਤਨਕ ਹੀ ਕਲੰਕ ਡਾਰੇ ਅਨਕ ਬਰਨ ਮੇਟਿ ਕਨਕਿ ਪ੍ਰਗਾਸ ਹੈ ।

ਜਿਸ ਤਰ੍ਹਾਂ ਹੋਰਨਾਂ ਧਾਤੂਆਂ ਲੋਹੇ ਤਾਂਬੇ ਕਲੀ ਆਦਿ ਵਿਖੇ ਤਨਕ ਹੀ ਥੋੜੀ ਮਾਤ੍ਰ ਹੀ ਨਿਹਕਲੰਕ ਬੂਟੀ ਰਸਾਯਣੀ ਬੂਟੀ ਪੌਣਸਾਰ ਜੋ ਉਨ੍ਹਾਂ ਧਾਂਤਾਂ ਦੇ ਅਨੇਕ ਰੰਗ ਨ੍ਯਾਰੇ ਨ੍ਯਾਰੇ ਭਾਂਤਾਂ ਦੇ ਭੇਦ ਹੁੰਦੇ ਹਨ, ਓਨਾਂ ਸਾਰਿਆਂ ਨੂੰ ਮਿਟਾ ਕੇ ਓਨਾਂ ਤੋਂ ਇਕ ਮਾਤ੍ਰ ਸੁੱਧਾ ਸੋਨਾ ਹੀ ਪ੍ਰਗਟ ਹੋ ਆਯਾ ਕਰਦਾ ਹੈ।

ਜੈਸੇ ਕੋਟਿ ਭਾਰਿ ਕਰ ਕਾਸਟਿ ਇਕਤ੍ਰਤਾ ਮੈ ਰੰਚਕ ਹੀ ਆਂਚ ਦੇਤ ਭਸਮ ਉਦਾਸ ਹੈ ।

ਜਿਸ ਪ੍ਰਕਾਰ ਕ੍ਰੋੜਾਂ ਹੀ ਅਨੰਤ ਪੰਡਾਂ ਕਾਠ ਲਕੜਾਂ ਦੀਆਂ ਇਕੱਠੀਆਂ ਕਰ ਟਾਲ ਲਾ ਕੇ ਓਸ ਵਿਖੇ ਥੋੜੀ ਮਾਤ੍ਰ ਚਿੰਗ੍ਯਾੜੀ ਅੱਗ ਦੀ ਪਾ ਦੇਈਏ ਤਾਂ ਉਹ ਸ੍ਵਾਹ ਬਣ ਕੇ ਉਦਾਸ ਹੈ ਉਡਨ ਲਗ ਪੈਂਦੀ ਹੈ।

ਤੈਸੇ ਗੁਰ ਉਪਦੇਸ ਉਰ ਅੰਤਰ ਪ੍ਰਵੇਸ ਭਏ ਜਨਮ ਮਰਨ ਦੁਖ ਦੋਖਨ ਬਿਨਾਸ ਹੈ ।੩੬੪।

ਤਿਸੀ ਪ੍ਰਕਾਰ ਗੁਰੂ ਮਹਾਰਾਜ ਦੇ ਉਪਦੇਸ਼ ਸ਼ਬਦ ਦੇ ਹਿਰਦੇ ਅੰਦਰ ਪ੍ਰਵੇਸ਼ ਹੋ ਜਾਣ ਤੇ ਉਹ ਜਨਮ ਮਰਣ ਰੂਪ ਦੁਖ ਦਾ ਕਾਰਣ ਦੋਖਾਂ ਵਿਕਾਰਾਂ ਨੂੰ ਸਮੂਲਚਾ ਨਾਸ਼ ਕਰ ਸਿੱਟਦਾ ਹੈ ॥੩੬੪॥