ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 417


ਜੈਸੇ ਕੁਆਰ ਕੰਨਿਆ ਮਿਲਿ ਖੇਲਤ ਅਨੇਕ ਸਖੀ ਸਕਲ ਕੋ ਏਕੈ ਦਿਨ ਹੋਤ ਨ ਬਿਵਾਹ ਜੀ ।

ਜਿਸ ਤਰ੍ਹਾਂ ਕਈ ਕੁਆਰੀਆਂ ਕੁੜੀਆਂ ਸਖੀ ਸਹੇਲੀਆਂ ਬਣ ਆਪੋ ਵਿਚ ਰਲ ਕੇ ਖੇਡ੍ਯਾ ਕਰਦੀਆਂ ਹਨ; ਪਰ ਇਕਠਿਆਂ ਖੇਡਨ ਸਮਾਨ ਸਾਰੀਆਂ ਵਾ ਵਿਆਹ ਪਿਆਰਿਓ! ਇਕੋ ਦਿਨ ਹੀ ਇਕਠਿਆਂ ਨਹੀਂ ਹੋਯਾ ਕਰਦਾ।

ਜੈਸੇ ਬੀਰ ਖੇਤ ਬਿਖੈ ਜਾਤ ਹੈ ਸੁਭਟ ਜੇਤੇ ਸਬੈ ਨ ਮਰਤ ਤੇਤੇ ਸਸਤ੍ਰਨ ਸਨਾਹ ਜੀ ।

ਜਿਸ ਤਰ੍ਹਾਂ ਜਿਤਨੇ ਭੀ ਬੀਰ ਬਾਂਕੇ ਬਲੀ ਸੁਭਟ ਸੂਰਮੇ ਖੇਤ ਸੰਗ੍ਰਾਮ ਛੇਤ੍ਰ ਜੰਗ ਭੂਮੀ ਦੇ ਮਦਾਨ ਵਿਚ ਸ਼ਸਤ੍ਰ ਸੰਜੋਯਾਂ ਨਾਲ ਸਨੱਧ ਬੱਧ ਹੋ ਕੇ ਜਾਂਦੇ ਹਨ; ਉਹ ਸਾਰੇ ਦੇ ਸਾਰੇ ਹੀ ਜੰਗ ਵਿਚ ਨਹੀਂ ਲੜ ਮਰਿਆ ਕਰਦੇ ਸ਼ਹੀਦੀ ਪਾਣ ਵਾਲੇ ਹੱਥ ਦਿਖੌਂਦੇ ਡਟ ਮਰਣਹਾਰੇ ਕੋਈ ਵਿਰਲੇ ਹੀ ਨਿਰਤਦੇ ਹਨ।

ਬਾਵਨ ਸਮੀਪ ਜੈਸੇ ਬਿਬਿਧਿ ਬਨਾਸਪਤੀ ਏਕੈ ਬੇਰ ਚੰਦਨ ਕਰਤ ਹੈ ਨ ਤਾਹਿ ਜੀ ।

ਬਾਵਨ ਚੰਨਣ ਦੇ ਨੇੜੇ ਜਿਸ ਤਰ੍ਹਾਂ ਬਿਬਧਿ ਬ੍ਯੰਤ ਭਾਂਤ ਦੀ ਬਨਾਸਪਤੀ ਹੁੰਦੀ ਹੈ। ਪਰ ਇਕੋ ਵਾਰ ਹੀ ਓਹ ਸਾਰੀ ਦੀ ਸਾਰੀ ਨੂੰ ਚੰਨਣ ਨਹੀਂ ਬਣਾ ਲਿਆ ਕਰਦਾ ਜਿਹੜੀ ਜਿਹੜੀ ਚੰਨਣ ਦੇ ਮਦ ਭਰੀ ਪੌਣ ਦੇ ਸਪਰਸ਼ ਦਾ ਸ੍ਵਾਗਤ ਕਰੇ ਕੇਵਲ ਉਹ ਹੀ ਓਸ ਦੇ ਤਦਰੂਪ ਸਰੂਪ ਮਈ ਹੋਯਾ ਕਰਦੀ ਹੈ।

ਤੈਸੇ ਗੁਰ ਚਰਨ ਸਰਨਿ ਜਾਤੁ ਹੈ ਜਗਤ ਜੀਵਨ ਮੁਕਤਿ ਪਦ ਚਾਹਿਤ ਹੈ ਜਾਹਿ ਜੀ ।੪੧੭।

ਤਿਸੀ ਪ੍ਰਕਾਰ ਹੀ ਸਤਿਗੁਰਾਂ ਦੇ ਚਰਣਾਂ ਦੀ ਸਰਣ ਸਾਰਾ ਜਗਤ ਹੀ ਚੱਲ ਚੱਲ ਕੇ ਜਾਯਾ ਕਰਦਾ ਹੈ ਪਰ ਜੀਵਨ ਮੁਕਤ ਪਦਵੀ ਕੇਵਲ ਓਸੇ ਨੂੰ ਹੀ ਪ੍ਰਾਪਤ ਹੋਯਾ ਕਰਦੀ ਹੈ; ਜਿਸ ਨੂੰ ਸਤਿਗੁਰੂ ਚੌਹਣ; ਭਾਵ ਜੋ ਗੁਰੂ ਦੇ ਮਨ ਨੂੰ ਭਾਇਆ; ਉਹੀ ਪੂਰਨ ਪਦ ਪਾਇਆ ਕਰਦਾ ਹੈ ॥੪੧੭॥


Flag Counter