ਸਤਿਗੁਰਾਂ ਦੇ ਚਰਣਾਂ ਦੀ ਸਰਣ ਏਕ ਪੈਂਡਾ ਇਕ ਕਦਮ ਜੇ ਕੋਈ ਤੁਰ ਕੇ ਜਾਂਦਾ ਹੈ ਤਾਂ ਸਤਿਗੁਰ ਕੋਟਿ ਪੈਂਡਾ ਅਗੇ ਹੋਇ ਲੇਤ ਹੈ ਸਤਿਗੁਰੂ ਇਕ ਪਿਛੇ ਕ੍ਰੋੜ ਕਦਮ ਆਪ ਤੁਰਕੇ ਓਸ ਨੂੰ ਅਗੋਂ ਹੋ ਸੰਭਾਲਦੇ ਹਨ।
ਅਠਾਂ ਪਹਿਰਾਂ ਵਿਚ ਵਾ ਆਯੂ ਭਰ ਵਿਖੇ ਇਕ ਵਾਰ ਮੰਤ੍ਰ ਮਾਤ੍ਰ ਦ੍ਵਾਰਾ ਜੋ ਸਤਿਗੁਰੂ ਦੀ ਸਿਮਰਨ ਯਾਦ ਕਰਦਾ ਹੈ ਗੁਰੂ ਤਾਹਿ ਹੇਤ ਤਿਸ ਦੇ ਵਾਸਤੇ ਯਾ ਤਿਸ ਨੂੰ ਹਿਤ ਨਾਲ ਸਤਿਗੁਰੂ ਬਾਰੰਬਾਰ ਸਿਮਰਨ ਯਾਦ ਕਰਦੇ ਰਹਿੰਦੇ ਹਨ।
ਭਾਵਨੀ ਭਗਤਿ ਭਾਇ ਭਾਵ ਭਗਤੀ ਭਰੀ ਭੌਣੀ ਸਰਧਾ ਨਾਲ ਅਗ੍ਰ ਭਾਗ ਕਉਡੀ ਰਾਖੈ ਸਤਿਗੁਰਾਂ ਦੇ ਸਾਮ੍ਹਨੇ ਕਉਡੀ ਭੀ ਚੜ੍ਹਾ ਦਿੰਦਾ ਹੈ ਜੇ ਕੋਈ ਤਾਂ ਸਤਿਗੁਰੂ ਤਿਸ ਦੇ ਤਾਂਈ ਸਰਬ ਨਿਧਾਨ ਸਮੂਹ ਨਿਧੀਆਂ ਵਾ ਖਜਾਨਿਆਂ ਦੇ ਖਜਾਨੇ ਦਾਨ ਦੇ ਤੌਰ ਤੇ ਬਖਸ਼ ਦਿੰਦੇ ਹਨ ਭਾਵ ਐਸਾ ਦਿੰਦੇ ਹਨ ਕਿ ਮੁੜ ਵਾਪਸ ਲੈਣ ਦਾ ਸੁਪਨੇ ਵਿਚ ਭੀ ਖਿਆਲ ਨਹੀਂ ਕਰਦੇ।
ਗੱਲ ਕੀਹ ਕਿ ਸਤਿਗੁਰੂ ਦਯਾ ਦੇ ਨਿਧਿ ਸਮੁੰਦ੍ਰ ਹਨ ਤੇ ਓਨਾਂ ਦੀ ਮਹਿਮਾ ਦਾ ਬੋਧ ਅਗਾਧ ਅਥਾਹ ਹੈ, ਇਸ ਵਾਸਤੇ ਨਮੋ ਨਮੋ ਨਮੋ ਨਮੋ ਨੇਤਿ ਨੇਤਿ ਨੇਤਿ ਹੈ ਆਤਮਾ ਮਨ ਬਾਣੀ ਸਰੀਰ ਕਰ ਕੇ ਬਾਰੰਬਾਰ ਨਮਸਕਾਰ ਹੀ ਕਰਦਾ ਹਾਂ, ਕ੍ਯੋਂਕਿ ਉਹ ਅਨੰਤ ਹਨ ਤਿੰਨ ਵਾਰ ਪ੍ਰਤਗਗ੍ਯਾ ਕਰ ਕੇ ਕਹਿੰਦੇ ਹਨ ਨੇਤਿ ਨੇਤਿ ਨੇਤਿ ॥੧੧੧॥