ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 415


ਜੈਸੇ ਕਾਛੀ ਫਲ ਹੇਤ ਬਿਬਿਧਿ ਬਿਰਖ ਰੋਪੈ ਨਿਹਫਲ ਰਹੈ ਬਿਰਖੈ ਨ ਕਾਹੂ ਕਾਜ ਹੈ ।

ਜਿਸ ਤਰ੍ਹਾਂ ਕਾਛੀ ਸਬਜ਼ੀ ਤਰਕਾਰੀ ਬੀਜਨ ਵਾਲਾ ਅਰਾਈਂ ਅਨੇਕ ਭਾਂਤ ਦਿਆਂ ਬਿਰਛਾਂ ਨੂੰ ਫਲ ਦੀ ਖਾਤਰ ਲਗਾਯਾ ਕਰਦਾ ਹੈ; ਪਰ ਜਿਹੜਾ ਬਿਰਖ ਅਫਲ ਰਵ੍ਹੇ ਉਹ ਕਿਸੇ ਕੰਮ ਦਾ ਨਹੀਂ ਹੁੰਦਾ, ਸਮਝ੍ਯਾ ਜਾਂਦਾ।

ਸੰਤਤਿ ਨਮਿਤਿ ਨ੍ਰਿਪ ਅਨਿਕ ਬਿਵਾਹ ਕਰੈ ਸੰਤਤਿ ਬਿਹੂਨ ਬਨਿਤਾ ਨ ਗ੍ਰਿਹ ਛਾਜਿ ਹੈ ।

ਐਸਾ ਹੀ ਜੀਕੂੰ ਰਾਜਾ ਸੰਤਾਨ ਦੀ ਖਾਤਰ ਅਨੇਕਾਂ ਹੀ ਵਿਆਹ ਕਰਦਾ ਹੈ; ਪ੍ਰੰਤੂ ਜਿਹੜੀ ਬਨਿਤਾ ਇਸਤ੍ਰੀ ਸੰਤਾਨ ਹੀਨ ਰਹੇ ਉਹ ਘਰ ਵਿਖੇ ਸ਼ੋਭਾ ਨਹੀਂ ਪਾ ਸਕਦੀ।

ਬਿਦਿਆ ਦਾਨ ਜਾਨ ਜੈਸੇ ਪਾਧਾ ਚਟਸਾਰ ਜੋਰੈ ਬਿਦਿਆ ਹੀਨ ਦੀਨ ਖਲ ਨਾਮ ਉਪਰਾਜਿ ਹੈ ।

ਜਿਸ ਤਰ੍ਹਾਂ ਪਾਂਧਾ ਪੜ੍ਹੌਨ ਹਾਰਾ ਬਿਦਿਆ ਦਾਨ ਕਰਣੀ ਸ੍ਰੇਸ਼ਟ ਜਾਣ ਕੇ ਚਟਸਾਲਾ ਪਾਠਸ਼ਾਲਾ ਨੂੰ ਜੋੜਿਆ ਅਰੰਭਿਆ ਕਰਦਾ ਹੈ ਤੇ ਜਿਹੜ ਵਿਦ੍ਯਾਰਥੀ ਚਾਟੜਾ ਵਿਦ੍ਯਾ ਹੀਣਾ ਰਹੇ; ਓਸ ਦਾ ਨਾਮ ਦੀਨ ਦਲਿਦ੍ਰੀ ਤਥਾ ਖਲ ਮੂਰਖ ਧਰ੍ਯਾ ਜਾਯਾ ਕਰਦਾ ਹੈ।

ਸਤਿਗੁਰ ਸਿਖ ਸਾਖਾ ਸੰਗ੍ਰਹੈ ਸੁਗਿਆਨ ਨਮਿਤਿ ਬਿਨ ਗੁਰ ਗਿਆਨ ਧ੍ਰਿਗ ਜਨਮ ਕਉ ਲਾਜਿ ਹੈ ।੪੧੫।

ਸਤਿਗੁਰੂ ਭੀ ਇਸੇ ਪ੍ਰਕਾਰ ਹੀ ਸਿੱਖ ਦੀਆਂ ਸਿੱਖ ਸੰਪ੍ਰਦਾਵਾਂ ਵਾ ਸਿੱਖਾਂ ਪਰ ਸਿੱਖਾਂ ਨੂੰ ਸ੍ਰੇਸ਼ਟ ਗਿਆਨ ਬ੍ਰਹਮ ਗਿਆਨ ਦੀ ਖਾਤਰ ਹੀ ਸੰਗ੍ਰਹ ਇਕੱਠਿਆਂ ਕਰਦੇ ਹਨ; ਸੋ ਐਸਾ ਹੋਣ ਤੇ ਭੀ ਜੋ ਗੁਰਾਂ ਦੇ ਗਿਆਨ ਤੋਂ ਛੂਛਾ ਰਹਿੰਦਾ ਹੈ; ਧ੍ਰਿਕਾਰ ਹੈ ਓਸ ਦੇ ਤਾਂਹੀ ਤੇ ਓਸ ਦੇ ਜਨਮ ਨੂੰ ਸ਼ਰਮ ਹੈ ॥੪੧੫॥