ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 198


ਉਖ ਮੈ ਪਿਊਖ ਰਸ ਰਸਨਾ ਰਹਿਤ ਹੋਇ ਚੰਦਨ ਸੁਬਾਸ ਤਾਸ ਨਾਸਕਾ ਨ ਹੋਤ ਹੈ ।

ਗੰਨੇ ਅੰਦਰ ਅੰਮਿਤ ਰੂਪੀ ਰਸ ਮਿੱਠੀ ਮਿੰਠੀ ਰਹੁ ਹੁੰਦੀ ਹੈ, ਪ੍ਰੰਤੂ ਰਸਨਾ ਤੋਂ ਉਹ ਹੀਣਾ ਹੈ। ਚੰਨਣ ਵਿਚ ਸੁਗੰਧੀ ਹੁੰਦੀ ਹੈ ਪ੍ਰੰਤੂ ਉਸਦੀਆਂ ਨਾਸਾਂ ਨਹੀਂ ਹੁੰਦੀਆਂ।

ਨਾਦ ਬਾਦ ਸੁਰਤਿ ਬਿਹੂਨ ਬਿਸਮਾਦ ਗਤਿ ਬਿਬਿਧ ਬਰਨ ਬਿਨੁ ਦ੍ਰਿਸਟਿ ਸੋ ਜੋਤਿ ਹੈ ।

ਬਾਜੇ ਦੀ ਧੁਨੀ ਬੜੀ ਬਿਸਮਾਦ ਗਤੀ ਵਾਲੀ ਸਭ ਦੇ ਮੋਹਨਹਾਰੀ ਹੁੰਦੀ ਹੈ ਪ੍ਰੰਤੂ ਓਹ ਆਪ ਕੰਨਾਂ ਤੋਂ ਬਿਹੀਨ ਹੈ ਭਾਵ ਆਪ ਸੁਣ ਕੇ ਆਪਦੇ ਅੰਦਰਲੇ ਆਨੰਦ ਨੂੰ ਨਹੀਂ ਮਾਨ ਸਕਦੀ; ਅਰੁ ਬਰਨ ਰੂਪ ਰੰਗ ਬਿਬਿਧ ਨਿਆਰੀ ਨਿਆਰੀ ਤਰ ਦੇ ਅਨੇਕ ਭਾਂਤਾਂ ਦੇ ਹਨ, ਪ੍ਰੰਤੂ ਓਨਾਂ ਦੀ ਜੋਤਿ ਦਮਕ ਸੁੰਦਰਤਾ ਨਜ਼ਰ ਤੋਂ ਸੁੰਞੀ ਹੈ ਜਿਸ ਕਰ ਕੇ ਓਨ੍ਹਾਂ ਨੂੰ ਆਪ ਕੁਛ ਨਹੀਂ ਪ੍ਰਾਪਤ ਹੋ ਸਕਦਾ।

ਪਾਰਸ ਪਰਸ ਨ ਸਪਰਸ ਉਸਨ ਸੀਤ ਕਰ ਚਰਨ ਹੀਨ ਧਰ ਅਉਖਧੀ ਉਦੋਤ ਹੈ ।

ਅਰੁ ਪਾਰਸ ਪਰਸਦਾ ਹੈ ਸਭ ਧਾਂਤਾਂ ਨੂੰ ਤੇ ਓਨ੍ਹਾਂ ਨੂੰ ਸ੍ਵਰਣ ਬਣਾਂਦਾ ਹੈ ਪ੍ਰੰਤੂ ਆਪ ਤੱਤੇ ਠੰਢੇ ਦੇ ਸਪਰਸ਼ ਪ੍ਰਤੀਤ ਕਰਨ ਦੀ ਸ਼ਕਤੀ ਤੋਂ ਸੱਖਣਾ ਹੈ। ਅਤੇ ਧਰਤੀ ਅਪਣੇ ਵਿਚੋਂ ਸਭ ਪ੍ਰਕਾਰ ਦੀਆਂ ਅਉਖਧੀਆਂ ਬਨਸਪਤੀ ਰੂਪ ਜੜ੍ਹੀਆਂ ਬੂਟੀਆਂ ਨੂੰ ਉਦੋਤ ਉਗੌਂਦਾ ਪ੍ਰਗਟ ਕਰਦੀ ਹੈ, ਪ੍ਰੰਤੂ ਆਪ ਉਹ ਹੱਥਾਂ ਪੈਰਾਂ ਤੋਂ ਰਹਿਤ ਹੈ ਭਾਵ ਹੱਥਾਂ ਕਰ ਕੇ ਉਹ ਆਪ ਕੁਛ ਓਸ ਅਪਣੀ ਓਤ ਨੂੰ ਭੋਗ ਨਹੀਂ ਸਕਦੀ, ਤੇ ਪੈਰਾਂ ਤੋਂ ਹੀਣੀ ਹੋਣ ਕਰ ਕੇ ਜਿਸ ਅਪਣੇ ਖੱਤੇ ਲੈਕ ਕਿਸੇ ਉਪਜ ਨੂੰ ਉਹ ਸਮਝ ਕੇ ਪਹਿਲੀ ਥਾਂਓ ਹਟਾਕੇ ਕਿਧਰੇ ਲਜਾਣਾ ਚਾਹੇ ਤਾਂ ਲੈਜਾ ਯਾ ਲਿਆ ਨਹੀਂ ਸਕਦੀ।

ਜਾਇ ਪੰਚ ਦੋਖ ਨਿਰਦੋਖ ਮੋਖ ਪਾਵੈ ਕੈਸੇ ਗੁਰਮੁਖਿ ਸਹਜ ਸੰਤੋਖ ਹੁਇ ਅਛੋਤ ਹੈ ।੧੯੮।

ਤਾਂ ਤੇ ਦੋਖ ਗ੍ਰਸਤ ਉਕਤ ਰਸ, ਗੰਧ, ਸ਼ਬਦ, ਰੂਪ ਅਰੁ ਸਪਰਸ਼ ਭਾਵੀ ਪੰਜ ਵਿਖ੍ਯ ਰੂਪੀ ਦੋਖ ਅਉਗੁਣ ਜਿਸ ਮਨੁੱਖ ਅੰਦਰ ਹੋਣ ਉਹ, ਨਿਰਦੋਖ ਨਿਹਕਲੰਕ ਮੁਕਤੀ ਸੁਖ ਨੂੰ ਕਿਸ ਪ੍ਰਕਾਰ ਪ੍ਰਾਪਤ ਹੋ ਸਕੇ। ਇਹ ਮੋਖ ਕਵਲ ਗੁਰਮੁਖ ਹੀ, ਜੋ ਇਨਾਂ ਵਿਖ੍ਯ ਰੂਪੀ ਦੋਖਾਂ ਤੋਂ ਅਛੋਹ ਛੋਹਣੋਂ ਸਪਰਸ਼ ਕਰਣੋਂ ਬਚ੍ਯਾ ਰਹਿੰਦਾ, ਤੇ ਸੁਭਾਵਕ ਹੀ ਸੰਤੋਖ ਧਾਰੀ ਰਖਦਾ ਹੈ ਉਹੀ ਪ੍ਰਾਪਤ ਕਰ ਸਕਦਾ ਹੈ ॥੧੯੮॥