ਮਨੁੱਖਾ ਜਨਮ ਨੂੰ ਧਾਰਣ ਹਾਰੇ ਆਦਮੀ ਦੇ ਸੁਭਾਵ ਦੀ ਗਤੀ ਦਸ਼ਾ ਯਾ ਪ੍ਰਵਿਰਤੀ ਸੰਗਤਿ ਭਲੀ ਬੁਰੀ ਮਿੱਲਤ ਅਨੁਸਾਰ ਹੋਯਾ ਕਰਦੀ ਹੈ। ਗੁਰਮਤਿ ਨੂੰ ਧਾਰਣ ਕਰਨ ਕਰ ਕੇ ਤਥਾ ਦੁਰਮਤਿ ਕਾਰਣ ਉਹ ਦਸ਼ਾ ਅਨੇਕ ਪ੍ਰਕਾਰ ਦੇ ਢੰਗਾਂ ਦੀ ਹੁੰਦੀ ਹੈ। ਅਰਥਾਤ ਨ੍ਯਾਰੇ ਨ੍ਯਾਰੇ ਨਾਮਾਂ ਦ੍ਵਾਰੇ ਆਖੀ ਜਾਂਦੀ ਹੈ।
ਜਿਹੜੀ ਪਦਵੀ ਇਸ ਨੂੰ ਸਾਧੂ ਸੰਗਤ ਵਿਚ ਪ੍ਰਾਪਤ ਹੁੰਦੀ ਹੈ ਉਸ ਦੇ ਇਹ ਇਹ ਨਾਮ ਆਖੇ ਜਾਯਾ ਕਰਦੇ ਹਨ: ਭਗਤ, ਬਿਬੇਕੀ, ਜਨ ਸੇਵਕ, ਜੀਵਨ ਮੁਕਤ, ਸਾਧੂ ਅਤੇ ਬ੍ਰਹਮ ਗਿਆਨੀ।
ਅਰੁ ਅਸਾਧ ਸੰਗ ਭੈੜੀ ਸੰਗਤ ਵਿਚ ਬੈਠਿਆਂ ਜਿਨਾਂ ਭੈੜਿਆਂ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ ਉਹ ਇਹ ਹਨ: ਅਧਮ, ਨੀਚ, ਪਾਂਬਰ, ਚੋਰ, ਯਾਰ, ਜੁਆਰੀਆ, ਠਗ, ਵਾਟ ਮਾਰਣ ਵਾਲਾ ਧਾੜਵੀ, ਮਤਵਾਲਾ, ਸੌਦਾਈ, ਮੂਰਖ ਅਤੇ ਅਭਿਮਾਨੀ ਹੰਕਾਰੀਆ।
ਬਿਸੁ ਬਿਸ੍ਵ ਸੰਸਾਰ ਵਿਖੇ, ਅਥਵਾ ਭਲਾ ਔਰ ਬੁਰਾ ਨਾਮਨਾ ਪ੍ਰਾਪਤ ਕਰ ਕੇ ਸਾਰਾ ਸੰਸਾਰ ਹੀ ਇਉਂ ਅਪਣੇ ਅਪਣੇ ਰੰਗ ਮੌਜੂ ਦੇ ਸੰਗ ਵਿਚ ਸੁਖ ਆਨੰਦ ਨੂੰ ਮਾਣ ਰਿਹਾ ਹੈ। ਪ੍ਰੰਤੂ ਗੁਰਮਤਿ ਦੇ ਧਾਰ੍ਯਾਂ ਜੋ ਗਤਿ ਉੱਤਮ ਦਸ਼ਾ ਵਾ ਗਿਆਨ ਗੁਰਮੁਖ ਨੂੰ ਪ੍ਰਾਪਤ ਹੁੰਦਾ ਹੈ ਉਹ ਸੰਸਾਰ ਤੋਂ ਨਿਆਰਾ ਹੀ ਹੈ। ਓਸ ਨੂੰ ਕੇਵਲ ਗੁਰਮੁਖ ਹੀ ਸ੍ਯਾਣਦੇ ਅਨਭਉ ਕਰ ਸਕਦੇ ਹਨ ॥੧੬੫॥