ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 398


ਆਪਨੋ ਸੁਅੰਨਿ ਜੈਸੇ ਲਾਗਤ ਪਿਆਰੋ ਜੀਅ ਜਾਨੀਐ ਵੈਸੋ ਈ ਪਿਆਰੋ ਸਕਲ ਸੰਸਾਰ ਕਉ ।

ਜੀਕੂੰ ਆਪਣਾ ਸੁਅੰਨਿ ਪੁਤ੍ਰ ਜੀ ਦਿਲ ਨੂੰ ਪਿਆਰਾ ਲਗਦਾ ਹੈ ਤੀਕੂੰ ਹੀ ਕੀੜੇ ਪਤੰਗੇ ਆਦਿ ਤਕ ਉੂਚ ਨੀਚ ਸਮੂਹ ਸੰਸਾਰ ਜੀਵ ਮਾਤ੍ਰ ਨੂੰ ਹੀ ਪ੍ਯਾਰਾ ਜਾਣੀਏ।

ਆਪਨੋ ਦਰਬੁ ਜੈਸੇ ਰਾਖੀਐ ਜਤਨ ਕਰਿ ਵੈਸੋ ਈ ਸਮਝਿ ਸਭ ਕਾਹੂ ਕੇ ਬਿਉਹਾਰ ਕਉ ।

ਜਿਸ ਤਰ੍ਹਾਂ ਆਪਣੇ ਦਰਬ ਧਨ ਪਦਾਰਥ ਨੂੰ ਜਤਨ ਕਰ ਕਰ ਸੰਭਾਲ ਸੰਭਾਲ ਕੇ ਰੱਖੀਦਾ ਹੈ ਤੀਕੂੰ ਹੀ ਸਭ ਕਿਸੇ ਦੇ ਲੈਣ ਦੇਣ ਆਦਿ ਦੇ ਵਿਹਾਰ ਕਾਰ ਨੂੰ ਭੀ ਸਮਝੀਏ।

ਅਸਤੁਤਿ ਨਿੰਦਾ ਸੁਨਿ ਬਿਆਪਤ ਹਰਖ ਸੋਗ ਵੈਸੀਐ ਲਗਤ ਜਗ ਅਨਿਕ ਪ੍ਰਕਾਰ ਕਉ ।

ਜਿਸ ਤਰ੍ਹਾਂ ਆਪਣੀ ਉਸਤਤੀ ਨਿੰਦਿਆ ਨੂੰ ਸੁਣ ਕੇ ਆਪਣੇ ਅੰਦਰ ਹਰਖ ਸੋਗ ਖ਼ੁਸ਼ੀ ਰੰਜ ਦਾ ਅਸਰ ਵਾਪਰਿਆ ਕਰਦਾ ਹੈ, ਐਸੇ ਹੀ ਜਗਤ ਭਰ ਦੀ ਭੀ ਨਾਨਾ ਭਾਂਤ ਦੀ ਉਸਤਤੀ ਨਿੰਦਾ ਹੁੰਦੀ ਹੋਈ ਲਗੇ ਅਰਥਾਤ ਦੂਸਰਿਆਂ ਦੀ ਭੀ ਉਸਤਤਿ ਸੁਣ ਕੇ ਖ਼ੁਸ਼ ਹੋਵੇ ਤੇ ਨਿੰਦਾ ਹੁੰਦੀ ਸੁਣ ਕੇ ਰੰਜ ਮੰਨੇ।

ਤੈਸੇ ਕੁਲ ਧਰਮੁ ਕਰਮ ਜੈਸੋ ਜੈਸੋ ਕਾ ਕੋ ਉਤਮ ਕੈ ਮਾਨਿ ਜਾਨਿ ਬ੍ਰਹਮ ਬ੍ਰਿਥਾਰ ਕਉ ।੩੯੮।

ਜਿਸ ਭਾਂਤ ਆਪਣੇ ਕੁਲਾ ਧਰਮ ਅਨੁਸਾਰੀ ਕਰਮਾਂ ਕਾਰਜਾਂ ਦੀ ਪ੍ਰਵਿਰਤੀ ਨੂੰ ਪ੍ਯਾਰਾ ਤੇ ਉਤਮ ਕਰ ਕੇ ਮੰਨਦਾ ਹੈ ਐਸਾ ਹੀ ਜਿਸ ਜਿਸ ਪ੍ਰਕਾਰ ਦਾ ਕਿਸੇ ਦਾ ਕੁਲ ਧਰਮ ਸੰਬਧੀ ਕਰਮ ਹੋਵੇ, ਓਸ ਨੂੰ ਭੀ ਓਹੋ ਜੇਹਾ ਹੀ ਉਤਮ ਜਾਣੇ ਤਾਂ ਬ੍ਰਹਮ ਬਿਥਾਰ ਕਉ ਬ੍ਰਹਮ ਦੀ ਸਰਬ ਬ੍ਯਾਪਕਤਾ ਪ੍ਰੀਪੂਰਣਤਾ ਨੂੰ ਜਾਣ ਸਕਦਾ ਹੈ ਭਾਵ ਐਸੀ ਸਾਧਨਾ ਓਸ ਵਾਹਗੁਰੂ ਦੇ ਜਥਾਰਥ ਗ੍ਯਾਨ ਦਾ ਪਰਮ ਸਹਲ ਉਪਾਵ ਹੈ ॥੩੯੮॥


Flag Counter