ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 169


ਗੁਰਮੁਖਿ ਸਬਦ ਸੁਰਤਿ ਲਿਵ ਸਾਧਸੰਗਿ ਪਰਮਦਭੁਤ ਪ੍ਰੇਮ ਪੂਰਨ ਪ੍ਰਗਾਸੇ ਹੈ ।

ਪੂਰਬ ਉਕਤ ਸਾਧ ਸੰਗਤ ਵਿਖੇ ਜਿਹੜਾ ਕੋਈ ਗੁਰਮੁਖੀ ਭਾਵ ਨੂੰ ਧਾਰਣ ਕਰਨੇ ਹਾਰਾ ਗੁਰਮੁਖ ਸ਼ਬਦ ਵਿਖੇ ਸੁਰਤ ਦੀ ਲਿਵ ਲਗਾਵੇ। ਓਸ ਦੇ ਅੰਦਰ ਪਰਮ ਅਦਭੁਤ ਅਤ੍ਯੰਤ ਅਨੋਖਾ ਸੰਸਾਰੀ ਪ੍ਰੀਤੀਆਂ ਨੂੰ ਮਾਤ ਕਰ ਸਿਟਨ ਵਾਲਾ ਨ੍ਯਾਰੀ ਤਰਾਂ ਦਾ ਹੀ ਪੂਰਨ ਪ੍ਰੇਮ ਜਿਸ ਵਿਚ ਕਦੀ ਘਾਟਾ ਵਾਪਰ ਹੀ ਨਹੀਂ ਸਕੇ ਪ੍ਰਗਟ ਹੋਯਾ ਕਰਦਾ ਹੈ।

ਪ੍ਰੇਮ ਰੰਗ ਮੇ ਅਨੇਕ ਰੰਗ ਜਿਉ ਤਰੰਗ ਗੰਗ ਪ੍ਰੇਮ ਰਸ ਮੇ ਅਨੇਕ ਰਸ ਹੁਇ ਬਿਲਾਸੇ ਹੈ ।

ਓਸ ਪ੍ਰੇਮ ਰੰਗ ਵਿਖੇ ਅਨੇਕਾਂ ਰੰਗਾਂ ਦੇ ਨਾਨਾ ਪ੍ਰਕਾਰ ਦੇ ਸੇਵਾ ਪੂਜਨ ਬੰਦਨ ਸਤਕਾਰ ਆਦੀ ਤਰੰਗਾਂ ਲਹਿਰਾਂ ਮੌਜਾਂ, ਐਉਂ ਉਠਿਆ ਕਰਦੀਆਂ ਹਨ, ਜਿਉਂਕਿ ਗੰਗਾ ਦੀ ਧਾਰਾ ਵਿਚ ਅਨੇਕ ਪ੍ਰਕਾਰ ਦੀਆਂ ਕਲੋਲ ਵੀਚੀਆਂ, ਤਰੰਗਾਂ, ਭੰਵਰ ਚਕਰ ਆਦਿ ਘੁਮਾਨੀਆਂ ਮੌਜਾਂ ਪ੍ਰਗਟਿਆ ਕਰਦੀਆਂ ਹਨ। ਐਸਾ ਹੀ ਇਸ ਪ੍ਰੇਮ ਦੇਰਸ ਅੰਦਰ ਅਨੇਕਾਂ ਰਸਾਂ ਦਾ ਬਿਲਾਸ ਪ੍ਰਗਾਸ ਵਾ ਵਿਸਤਾਰਾ ਹੋਯਾ ਕਰਦਾ ਹੈ ਭਾਵ ਪ੍ਰੇਮ ਰਸ ਅੰਦਰ ਨਾ ਕੇਵਲ ਵੰਨੋ ਵੰਨੀ ਭਾਂਤ ਦੇ ਰਸ ਸ੍ਵਾਦ ਹੀ ਪ੍ਰਾਪਤ ਹੋਇਆ ਕਰਦੇ ਹਨ, ਸਗਮਾਂ ਉਦਾਸਕਾਰੀ, ਬਿਗਾਸਕਾਰੀ, ਕਰੁਣਾ ਰਸ ਆਦਿ ਰਸਾਂ ਦਾ ਭੀ ਨ੍ਯਾਰੀ ਨ੍ਯਾਰੀ ਭਾਂਤ ਦਾ ਰਸ ਮੇਲ ਸੰਜੋਗ ਪ੍ਰਾਪਤ ਹੋਯਾ ਕਰਦਾ ਹੈ।

ਪ੍ਰੇਮ ਗੰਧ ਸੰਧਿ ਮੈ ਸੁਗੰਧ ਸੰਬੰਧ ਕੋਟਿ ਪ੍ਰੇਮ ਸ੍ਰੁਤਿ ਅਨਿਕ ਅਨਾਹਦ ਉਲਾਸੇ ਹੈ ।

ਪ੍ਰੇਮ ਦੀ ਗੰਧ ਸੁਗੰਧੀ ਮਹਿਕ ਲਪਟ ਦੀ ਸੰਧਿ ਜੋੜ ਮੇਲ ਵਿਖੇ ਕ੍ਰੋੜਾਂ ਹੀ ਸੁਗੰਧੀਆਂ ਦਾ ਸਰਬੰਧ ਆਨ ਹੋਇਆ ਕਰਦਾ ਹੈ ਭਾਵ ਪ੍ਰੇਮ ਦੇ ਰੋਮ ਰੋਮ ਵਿਚ ਅੰਦਰ ਰਮ ਜਾਣ ਕਰ ਕੇ ਸਰੀਰ ਦੇ ਅੰਦਰੋਂ ਬਾਹਰੋਂ ਉਫਰਾਊ ਫਾਲਤੂ ਮੈਲਾਂ ਵਾ ਮਲੀਨ ਵਾਸਨਾਵਾਂ ਦੂਰ ਹੋ ਕੇ ਪ੍ਰੇਮੀ ਦੇ ਅੰਦਰ ਬਾਹਰ ਸ੍ਵੱਛਤਾ ਦਾ ਸੰਚਾਰ ਹੋ ਆਯਾ ਕਰਦਾ ਹੈ। ਅਤੇ ਪ੍ਰੇਮ ਵਿਖੇ ਸੁਰਤ ਦੇ ਮਗਨਾਨਿਆਂ ਹੋਣ ਤੇ ਅਨੇਕ ਭਾਂਤ ਦੀਆਂ ਅਨਹਦ ਧੁਨੀਆਂ ਦਿਬ੍ਯ ਧੁਨੀਆਂ ਅਗੰਮੀ ਰਾਗਾਂ ਦੀਆਂ ਸ੍ਰੋਤਾਂ ਸੁਨਣ ਵਿਚ ਆਯਾ ਕਰਦੀਆਂ ਹਨ।

ਪ੍ਰੇਮ ਅਸਪਰਸ ਕੋਮਲਤਾ ਸੀਤਲਤਾ ਕੈ ਅਕਥ ਕਥਾ ਬਿਨੋਦ ਬਿਸਮ ਬਿਸ੍ਵਾਸੇ ਹੈ ।੧੬੯।

ਇਹ ਪ੍ਰੇਮ ਸੰਸਾਰ ਭਰ ਦੀ ਸੀਤਲਤਾ ਠੰਢਕ ਤਥਾ ਕੋਮਲਤਾ ਮ੍ਰਿਦੁਤਾ ਨਜ਼ਾਕਤ ਤੋਂ ਅਸਪਰਸ਼ ਅਛੋਹ ਹੈ ਭਾਵ ਇਸ ਨੂੰ ਕੋਈ ਸੁੰਦਰਤਾਈ ਆਦਿ ਦਾ ਚਮਤਕਾਰ ਛਲ ਨਹੀਂ ਕਰ ਸਕਦਾ। ਕ੍ਯੋਂਕਿ ਇਸ ਪ੍ਰੇਮ ਕਾਰਣ ਪ੍ਰੇਮੀ ਗੁਰਮੁਖ ਦੇ ਅੰਦਰ ਪ੍ਰੀਤਮ ਉਪਰ ਬਿਸਮ ਬਿਸ੍ਵਾਸ ਅਚਰਜ ਕਰ ਦੇਣ ਵਾਲਾ ਅਤ੍ਯੰਤ ਦ੍ਰਿੜ ਪ੍ਰਪੱਕ ਨਿਸਚਾ ਅਨੰਨ ਭਾਵੀ ਭਰੋਸਾ ਬਝ ਆਯਾ ਹੁੰਦਾ ਹੈ, ਤੇ ਇਸੇ ਕਰ ਕੇ ਹੀ ਇਸ ਪ੍ਰੇਮ ਦੇ ਬਿਨੋਦ ਕੌਤੁਕਾਂ ਕਾਰਿਆਂ ਦੀ ਕਥਾ ਕਹਾਣੀ ਅਕੱਥ ਕਹਿਣ ਤੋਂ ਪਰੇ ਹੈ ॥੧੬੯॥