ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 257


ਗੁਰਮੁਖਿ ਸਬਦ ਸੁਰਤਿ ਸਾਧਸੰਗਿ ਮਿਲਿ ਭਾਨ ਗਿਆਨ ਜੋਤਿ ਕੋ ਉਦੋਤ ਪ੍ਰਗਟਾਇਓ ਹੈ ।

ਸਤਿਸੰਗ ਵਿਖੇ ਮਿਲਿਆਂ ਗੁਰਮੁਖ ਪੁਰਖ ਨੂੰ ਸ਼ਬਦ ਵਿਖੇ ਸੁਰਤਿ ਦੀ ਇਸਥਿਤੀ ਦਾ ਮਰਮ ਪ੍ਰਾਪਤ ਹੋਇਆ ਕਰਦਾ ਹੈ, ਜਿਸ ਦੇ ਅਭਿਆਸ ਕਰ ਕੇ ਗਿਆਨ ਰੂਪ, ਭਾਨੁ ਸੂਰਜ ਦੀ ਜੋਤ ਉਦੈ ਹੋ ਪ੍ਰਗਟਿਆ ਕਰਦੀ ਹੈ।

ਨਾਭ ਸਰਵਰ ਬਿਖੈ ਬ੍ਰਹਮ ਕਮਲ ਦਲ ਹੋਇ ਪ੍ਰਫੁਲਿਤ ਬਿਮਲ ਜਲ ਛਾਇਓ ਹੈ ।

ਸੂਰਜ ਚੜ੍ਹਦੇ ਸਾਰ ਕੌਲ ਫੁੱਲਾਂ ਦੇ ਖਿੜਨ ਸਮਾਨ ਨਾਭੀ ਸ੍ਰੋਵਰ ਅੰਦਰ ਨਿਰਮਲ ਜਲ ਰੂਪ ਪ੍ਰਾਣਾਂ ਵਿਖੇ ਜੋ ਬ੍ਰਹਮ ਕਮਲ ਬ੍ਰਹਮ ਪ੍ਰਕਾਸ਼ ਪ੍ਰਾਪਤੀ ਦਾ ਕੇਂਦ੍ਰ ਅਸਥਾਨ ਸਰੂਪ ਚਕ੍ਰ ਛਾਯਾ ਹੋਯਾ ਪਸਰਿਆ ਹੋਯਾ ਹੈ ਓਸ ਦੇ ਦਲ ਪਤ੍ਰ ਪ੍ਰਫੁਲਿਤ ਹੋ ਖਿੜ ਔਂਦੇ ਹਨ, ਭਾਵ ਓਸ ਦਾ ਵਿਗਾਸ ਰੂਪ ਅਨੁਭਵ ਹੋ ਔਂਦਾ ਹੈ।

ਮਧੁ ਮਕਰੰਦ ਰਸ ਪ੍ਰੇਮ ਪਰਪੂਰਨ ਕੈ ਮਨੁ ਮਧੁਕਰ ਸੁਖ ਸੰਪਟ ਸਮਾਇਓ ਹੈ ।

ਜਿਸ ਦੀ ਮਧੁ ਅੰਮ੍ਰਿਤਮਈ ਕਮਰੰਦ ਰਸ ਰੂਪ ਲਪਟ ਲਹਿਰ ਦੇ ਪ੍ਰੇਮ ਵਿਚ ਪ੍ਰੀਪੂਰਣ ਅਘਾਯਾ ਹੋਯਾ ਰਜ੍ਯਾ ਮਨ ਰੂਪ ਭੌਰਾ ਮਾਨੋ ਸੁਖ ਸੰਪਟ ਸੁਖ ਦੇ ਪਿਟਾਰੇ ਡੱਬੇ ਵਿਖੇ ਮਗਨ ਹੋ ਸਮਾ ਜਾਂਦਾ ਲੀਨ ਹੋਯਾ ਰਹਿੰਦਾ ਹੈ।

ਅਕਥ ਕਥਾ ਬਿਨੋਦ ਮੋਦ ਅਮੋਦ ਲਿਵ ਉਨਮਨ ਹੁਇ ਮਨੋਦ ਅਨਤ ਨ ਧਾਇਓ ਹੈ ।੨੫੭।

ਇਸ ਅਮੋਦ ਮੋਦ ਅਨਾਨੰਦ ਰੂਪ ਆਨੰਦ ਸੰਸਾਰੀ ਸਮੂਹ ਆਨੰਦਾਂ ਦੀ ਅਪੇਖ੍ਯਾ ਤਾਂ ਅਨਅਨੰਦ ਰੂਪ ਪਰ ਵੈਸੇ ਪਰਮ ਆਨੰਦ ਸਰੂਪ ਸੁਤੰਤ੍ਰ ਆਨੰਦ ਵਿਖੇ ਲਿਵ ਤੋਂ ਜੋ ਬਿਨੋਦ ਆਨੰਦੀ ਕੌਤੁਕ ਪ੍ਰਾਪਤ ਹੁੰਦਾ ਹੈ ਓਸ ਦੀ ਕਥਾ ਕਹਾਣੀ ਅਕਥ ਅਕਹਿ ਰੂਪ ਹੈ। ਮਨੋਦ ਮਨ+ਓਦ ਹੋਇ ਉਨਮਨ ਬੱਸ ਮਨ ਵਿਖੇ ਉਦੇ ਹੋ ਔਂਦੀ ਹੈ ਉਨਮਨੀ ਅਵਸਥਾ ਤੇ ਇਹ ਮੁੜ ਹੋਰ ਨਹੀਂ ਧਾਇਆ ਭਟਕਿਆ ਕਰਦਾ। ਮਦੋਨ ਪਾਠ ਹੋਵੇ ਤਾਂ ਮਸ ਅਰਥ ਕਰਣੇ ਭਾਵ ਮਨ ਉਨਮਨੀ ਭਾਵ ਵਿਖੇ ਮਸਤ ਹੋ ਕੇ ਹੋਰਨੀਂ ਪਾਸੀਂ ਵਿਖ੍ਯ ਵਿਕਾਰਾਂ ਆਦਿ ਵੱਲ ਮੁੜ ਨਹੀਂ ਭਰਮਿਆ ਕਰਦਾ ਅਰਥਾਤ ਸਦਾ ਲਈ ਹੀ ਤ੍ਰਿਪਤ ਹੋਇਆ ਰਹਿੰਦਾ ਹੈ ॥੨੫੭॥


Flag Counter