ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 504


ਜਉ ਹਮ ਅਧਮ ਕਰਮ ਕੈ ਪਤਿਤ ਭਏ ਪਤਿਤ ਪਾਵਨ ਪ੍ਰਭ ਨਾਮ ਪ੍ਰਗਟਾਇਓ ਹੈ ।

ਜੇਕਰ ਅਸੀਂ ਨੀਚ ਭੈੜੇ ਕੰਮ ਕਰ ਕਰ ਕੇ ਮਨੁੱਖ ਪਣੇ ਦੀ ਉੱਚਤਾ ਤੋਂ ਪਤਿਤ ਹੋ ਗਏ ਗਿਰ ਗਏ ਭਾਵ ਨੀਚ ਬਣ ਗਏ ਹਾਂ ਹੇ ਪ੍ਰਭੂ! ਆਪ ਨੇ ਭੀ ਆਪਣਾ ਨਾਮ ਪਤਿਤ ਪਾਵਨ ਪਤਿਤਾਂ ਗਿਰਿਆਂ ਹੋਇਆਂ ਪਾਪੀਆਂ ਨੂੰ ਪਾਵਨ ਪਵਿਤ੍ਰ ਕਰਣ ਹਾਰਾ ਉੱਘਾ ਕਰ ਦਿੱਤਾ।

ਜਉ ਭਏ ਦੁਖਿਤ ਅਰੁ ਦੀਨ ਪਰਚੀਨ ਲਗਿ ਦੀਨ ਦੁਖ ਭੰਜਨ ਬਿਰਦੁ ਬਿਰਦਾਇਓ ਹੈ ।

ਅਤੇ ਜਦ ਅਸੀਂ ਇਉਂ ਡਿਗ ਕੇ ਦੁਖੀ ਹੋ ਗਏ ਆਤੁਰ ਆ ਗਏ ਅਤੇ ਪਰਚੀਨ ਪ੍ਰਾਚੀਨ ਪੁਰਾਣੀਆਂ ਰੀਤਾਂ ਰਸਮਾਂ ਪਿੱਛੇ ਲਗ ਕੇ ਵਾ ਪੁਰਾਣੀਆਂ ਵਾਦੀਆਂ ਦੇ ਪੱਖੀ ਬਣ ਕੇ ਦੀਨ ਆਜਜ਼ ਲਾਚਾਰ ਹੋ ਗਏ ਤਾਂ ਦੀਨ ਦੁਖ ਭੰਜਨ ਦੀਨਾਂ ਦੇ ਦੁੱਖ ਦੂਰ ਕਰਣ ਹਾਰਾ ਬਿਰਦ ਪ੍ਰਭਾਵ ਆਪ ਨੇ ਬਿਰਦਾਇਓ ਪ੍ਰਸਿੱਧ ਕਰ ਦਿੱਤਾ ਪ੍ਰਗਟਾ ਦਿੱਤਾ।

ਜਉ ਗ੍ਰਸੇ ਅਰਕ ਸੁਤ ਨਰਕ ਨਿਵਾਸੀ ਭਏ ਨਰਕ ਨਿਵਾਰਨ ਜਗਤ ਜਸੁ ਗਾਇਓ ਹੈ ।

ਜਦੋਂ ਅਰਕਸੁਤ ਸੂਰਯ ਦੇਪੁਤ੍ਰ ਧਰਮ ਰਾਜ ਦੇ ਗ੍ਰਸੇ ਨਰੜੇ ਪਕੜੇ ਹੋਏ ਅਸੀਂ ਨਰਕਾਂ ਵਿਚ ਵੱਸਨਹਾਰੇ ਬਣ ਗਏ ਤਾਂ ਜਗਤ ਉਪੀਰ ਨਰਕ ਨਿਵਾਰਨ ਨਾਲ ਨਾਲ ਆਪਦਾ ਜੱਸ ਗਾਵਿਆਂ ਜਾਣ ਲਗ ਪਿਆ।

ਗੁਨ ਕੀਏ ਗੁਨ ਸਭ ਕੋਊ ਕਰੈ ਕ੍ਰਿਪਾ ਨਿਧਾਨ ਅਵਗੁਨ ਕੀਏ ਗੁਨ ਤੋਹੀ ਬਨਿ ਆਇਓ ਹੈ ।੫੦੪।

ਹੇ ਕ੍ਰਿਪਾ ਦੇ ਭੰਡਾਰ! ਗੁਣ ਭਲਾ ਕੀਤੀਆਂ ਤਾਂ ਸਭ ਕੋਈ ਹੀ ਅਗੋਂ ਭਲਾ ਕਰਿਆ ਕਰਦਾ ਹੈ ਪਰ ਆਪਦੀ ਆਗ੍ਯਾ ਭੰਗ ਰੂਪ ਅਪ੍ਰਸਾਧ ਕਰਦਿਆਂ ਭੀ ਆਪ ਦਾ ਅਸਾਂ ਜੀਵਾਂ ਪਰ ਗੁਣ ਕਰਨਾ ਭਲਾ ਤੱਕਨਾ ਇਹ ਮਹਿਮਾ ਕੇਵਲ ਆਪ ਨੂੰ ਹੀ ਬਣ ਆਈ ਹੈ ॥੫੦੪॥


Flag Counter