ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 569


ਸਿਹਜਾ ਸੰਜੋਗ ਪ੍ਰਿਯ ਪ੍ਰੇਮ ਰਸ ਖੇਲ ਜੈਸੇ ਪਾਛੈ ਬਧੂ ਜਨਨ ਸੈ ਗਰਭ ਸਮਾਵਹੀ ।

ਜਿਵੇਂ ਵਹੁਟੀ ਸਿਹਜਾ ਦੇ ਸੰਜੋਗ ਵਿਚ ਪਿਆਰੇ ਪਤੀ ਦੇ ਪ੍ਰੇਮ ਰਸ ਦੇ ਖੇਲ ਤੋਂ ਪਿਛੋਂ ਗਰਭ ਵਿਚ ਬੱਚੇ ਨੂੰ ਲੈ ਲੈਂਦੀ ਹੈ।

ਪੂਰਨ ਅਧਾਨ ਭਏ ਸੋਵੈ ਗੁਰਜਨ ਬਿਖੈ ਜਾਗੈ ਪਰਸੂਤ ਸਮੈ ਸਭਨ ਜਗਾਵਹੀ ।

ਗਰਭ ਦੇ ਪੂਰਾ ਹੋਣ ਤੇ ਘਰ ਦੀਆਂ ਵਡੇਰੀਆਂ ਵਿਚ ਸੌਂਦੀ ਹੈ, ਪਰ ਪ੍ਰਸੂਤ ਸਮੇਂ ਜਾਗਦੀ ਤੇ ਹੋਰਨਾਂ ਸਾਰਿਆਂ ਨੂੰ ਜਗਾਉਂਦੀ ਹੈ।

ਜਨਮਤ ਸੁਤ ਖਾਨ ਪਾਨ ਮੈ ਸੰਜਮ ਕਰੈ ਤਾਂ ਤੇ ਸੁਤ ਸੰਮ੍ਰਥ ਹ੍ਵੈ ਸੁਖਹ ਦਿਖਾਵਹੀ ।

ਪੁਤਰ ਜੰਮਦੇ ਹੀ ਖਾਣ ਪੀਣ ਵਿਚ ਪ੍ਰਹੇਜ਼ ਕਰਦੀ ਹੈ, ਇਸ ਲਈ ਕਿ ਪੁਤਰ ਤਕੜਾ ਹੋ ਕੇ ਸੁਖ ਦਿਖਾਵੇ।

ਤੈਸੇ ਗੁਰ ਭੇਟਤ ਭੈ ਭਾਇ ਸਿਖ ਸੇਵਾ ਕਰੈ ਅਲਪ ਅਹਾਰ ਨਿੰਦ੍ਰਾ ਸਬਦ ਕਮਾਵਹੀ ।੫੬੯।

ਤਿਵੇਂ ਆਗਿਆਕਾਰੀ ਸਿਖ ਸਤਿਗੁਰੂ ਤੋਂ ਦੀਖਿਆ ਲੈ ਕੇ ਭੈ ਤੇ ਪ੍ਰੇਮ ਵਿਚ ਵਰਤਦਾ ਸੇਵਾ ਕਰਦਾ ਹੈ ਥੋੜ੍ਹਾ ਖਾਣਾ ਥੋੜ੍ਹਾ ਸੌਣਾ ਕਰ ਕੇ ਸ਼ਬਦ ਦੀ ਕਮਾਈ ਕਰਦਾ ਹੈ ॥੫੬੯॥