ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 49


ਬਿਬਿਧਿ ਬਿਰਖ ਬਲੀ ਫਲ ਫੂਲ ਮੂਲ ਸਾਖਾ ਰਚਨ ਚਰਿਤ੍ਰ ਚਿਤ੍ਰ ਅਨਿਕ ਪ੍ਰਕਾਰ ਹੈ ।

ਬਿਬਿਧ ਅਨੇਕ ਭਾਂਤ ਦੀਆਂ ਜਾਤਾਂ ਦੇ ਬਿਰਛ ਬੂਟੇ ਬਲੀ ਵੇਲਾਂ ਫਲ, ਫੁੱਲ, ਮੁੱਢ, ਟਾਹਣੀਆਂ ਰੂਪ ਕਰ ਕੇ ਬਨਸਪਤੀ ਰਚਨਾ ਦੇ ਚਲਿਤ੍ਰ ਦਾ ਚਿਤ੍ਰ ਦੇਖਣ ਜੋਗ ਪਸਾਰਾ ਅਨੇਕ ਪ੍ਰਕਾਰ ਦਾ ਹੈ।

ਬਰਨ ਬਰਨ ਫਲ ਬਹੁ ਬਿਧਿ ਸ੍ਵਾਦ ਰਸ ਬਰਨ ਬਰਨ ਫੂਲ ਬਾਸਨਾ ਬਿਥਾਰ ਹੈ ।

ਬਰਨ ਬਰਨ ਫਲ ਰੰਗਾਂ ਰੰਗੀ ਭਾਂਤ ਦੇ ਫਲ ਹਨ ਤੇ ਬਹੁਤ ਪ੍ਰਕਾਰ ਦਾ ਹੀ ਫਲ ਭੇਦ ਅਨੁਸਾਰ ਓਨਾਂ ਦੇ ਸ੍ਵਾਦ ਦਾ ਰਸ ਹੋ ਰਿਹਾ ਹੈ, ਬਰਨ ਬਰਨ ਵੰਨੋ ਵੰਨੀ ਭਾਂਤ ਦੇ ਫੁਲ ਹਨ ਅਰੁ ਉਸੇ ਪ੍ਰਕਾਰ ਫੁੱਲ ਦੀ ਜਾਤੀ ਭੇਦ ਕਾਰਣ ਬਾਸਨਾ ਸੁਗੰਧੀ ਦਾ ਵਿਸਤਾਰ ਹੋ ਰਿਹਾ ਹੈ।

ਬਰਨ ਬਰਨ ਮੂਲ ਬਰਨ ਬਰਨ ਸਾਖਾ ਬਰਨ ਬਰਨ ਪਤ੍ਰ ਸੁਗਨ ਅਚਾਰ ਹੈ ।

ਬਰਨ ਬਰਨ ਮੂਲ ਰੰਗ ਬਿਰੰਗੀ ਮੂਲ ਮੁੱਢ ਹਨ ਤੇ ਸਰਨ ਸਰਨ ਭਾਂਤ ਭਾਂਤ ਦੀਆਂ ਹੀ ਸ਼ਾਖਾਂ ਟਾਹਣੀਆਂ ਹਨ ਅਤੇ ਤਰਹ ਤਰਹ ਦੇ ਰੰਗਾਂ ਦੇ ਫੇਰ ਓਨਾਂ ਦੇ ਪਤ੍ਰ ਹਨ ਤਿਸੀ ਪ੍ਰਕਾਰ ਗਨ ਆਚਾਰ ਸਮੂਹ ਪ੍ਰਕਾਰ ਦਾ ਉਨ੍ਹਾਂ ਦਾ ਨ੍ਯਾਰਾ ਨ੍ਯਾਰਾ ਹਿੱਲਨ ਜੁਲਨ ਆਦਿ ਦਾ ਚਲਿਤ੍ਰ ਯਾ ਬਿਵਹਾਰ ਹੁੰਦਾ ਹੈ।

ਬਿਬਿਧਿ ਬਨਾਸਪਤਿ ਅੰਤਰਿ ਅਗਨਿ ਜੈਸੇ ਸਕਲ ਸੰਸਾਰ ਬਿਖੈ ਏਕੈ ਏਕੰਕਾਰ ਹੈ ।੪੯।

ਇਉਂ ਕਰ ਕੇ, ਜੀਕੂੰ ਬਿਬਿਧ ਬਨਾਸਪਤੀ ਅਨੇਕ ਪ੍ਰਕਾਰ ਦੀਬਨਾਸਪਤੀ ਦੇ ਹੁੰਦਿਆਂ ਸਭ ਦੇ ਅੰਦਰ ਅਗਨੀ ਇਕ ਮਾਤ੍ਰ ਹੀ ਇਕ ਸਰੂਪ ਹੀ ਰਮੀ ਹੋਈ ਹੈ, ਤਿਸੀ ਭਾਵ ਸੰਪੂਰਣ ਸੰਸਾਰ ਨਾਨਾ ਰੂਪ ਹੋਈ ਸ੍ਰਿਸ਼ਟੀ ਦੇ ਅੰਦਰ ਇਕ ਮਾਤ੍ਰ ਏਕੰਕਾਰ ਵਾਹਿਗੁਰੂ ਹੀ ਰਮਿਆ ਹੋਇਆ ਹੈ ਮਾਨੋਂ ਐਸਾ ਗੁਰਮੁਖ ਸਰਬਤ੍ਰ ਇਕ ਵਾਹਿਗੁਰੂ ਨੂੰ ਹੀ ਅਨੇਕ ਰੂਪ ਹੋਇਆ ਤਕਿਆ ਕਰਦਾ ਹੈ ॥੪੯॥


Flag Counter