ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 306


ਨਵਨ ਗਵਨ ਜਲ ਸੀਤਲ ਅਮਲ ਜੈਸੇ ਅਗਨਿ ਉਰਧ ਮੁਖ ਤਪਤ ਮਲੀਨ ਹੈ ।

ਨੀਵੇਂ ਨਿਵਾਨ ਵੱਲ ਚੱਲਨ ਵਾਲਾ ਹੋਣ ਕਰ ਕੇ ਜਿਸ ਤਰ੍ਹਾਂ ਜਲ ਠੰਢਾ ਅਤੇ ਅਮਲ ਨਿਰਮਲ ਹੁੰਦਾ ਹੈ, ਅਰੁ ਅਗਨੀ ਉਰਧ ਮੁਖੀ ਉਚੀ ਲਾਟ ਕੱਢਕੇ ਬਲਣ ਵਾਲੀ ਹੋਣ ਕਾਰਣ ਤੱਤੀ, ਤੇ ਮੈਲੀ ਕਾਲੇ ਮੂੰਹ ਵਾਲੀ ਹੁੰਦੀ ਹੈ।

ਸਫਲ ਹੁਇ ਆਂਬ ਝੁਕੇ ਰਹਤ ਹੈ ਚਿਰੰਕਾਲ ਨਿਵੈ ਨ ਅਰਿੰਡੁ ਤਾਂ ਤੇ ਆਰਬਲਾ ਛੀਨ ਹੈ ।

ਅੰਬਾਂ ਦੇ ਬੂਟੇ ਚਿਰਾਂ ਤਕ ਨੀਵੇਂ ਹੋਏ ਰਹਿਣ ਕਾਰਣ, ਭਾਵ ਬੂਰ ਲਗਦੇ ਸਾਰ ਹੀ ਝੁਕ ਪੈਣ ਕਰ ਕੇ ਸਫਲ ਹੁੰਦੇ ਅਤੇ ਸੈਂਕੜੇ ਹਜਾਰਾਂ ਬਰਸਾਂ ਤਕ ਫਲਦੇ ਰਹਿੰਦੇ ਹਨ, ਪਰੰਤੂ ਹਰਿੰਡ ਦਾ ਬੂਟਾ ਨਿਊਂਦਾ ਨਹੀਂ ਜਿਸ ਕਰ ਕੇ ਛੇਤੀ ਹੀ ਓਸ ਦੀ ਉਮਰ ਨਸ਼ਟ ਹੋ ਜਾਇਆ ਕਰਦੀ ਹੈ।

ਚੰਦਨ ਸੁਬਾਸ ਜੈਸੇ ਬਾਸੀਐ ਬਨਾਸਪਤੀ ਬਾਸੁ ਤਉ ਬਡਾਈ ਬੂਡਿਓ ਸੰਗ ਲਿਵਲੀਨ ਹੈ ।

ਜਿਸ ਤਰ੍ਹਾਂ ਚੰਨਣ ੫੨ ਉਂਗਲ ਪ੍ਰਮਾਣ ਆਕਾਰ ਵਾਲਾ ਛੋਟਾ ਹੋਣ ਕਾਰਣ ਸੁਬਾਸ ਸ੍ਰੇਸ਼ਟ ਸੁਗੰਧੀ ਸੰਪੰਨ ਹੋ ਸਮੂਹ ਬਨਸਪਤੀ ਨੂੰ ਮਹਿਕਾਣ ਵਲਾ ਬਣਦਾ ਹੈ, ਅਤੇ ਬਾਂਸ ਤਉ = ਤੈਸੇ ਹੀ ਆਪਣੀ ਵਡਿਆਈ ਉਚਾਈ ਲੰਬਾਈ ਵਿਚ ਮਗਨ ਹੋ ਹੰਕਾਰ ਨਾਲ ਡੁਬਿਆ ਹੋਇਆ ਚੰਨਣ ਹੋਣ ਵਾਲੀ ਸੱਚੀ ਉਨਤੀ ਤੋਂ ਵਾਂਜਿਆ ਰਹਿੰਦਾ ਹੈ।

ਤੈਸੇ ਹੀ ਅਸਾਧ ਸਾਧ ਅਹੰਬੁਧਿ ਨਿੰਮ੍ਰਤਾ ਕੈ ਸਨ ਅਉ ਮਜੀਠ ਗਤਿ ਪਾਪ ਪੁੰਨ ਕੀਨ ਹੈ ।੩੦੬।

ਤਿਸੀ ਪ੍ਰਕਾਰ ਸਾਧੂਸਿਖ੍ਯਾ ਪ੍ਰਾਪਤ ਕਰ ਕੇ ਸਾਧ ਲਿਆ ਹੈ, ਆਪ ਨੂੰ ਜਿਸ ਸਿੱਖ ਨੇ ਉਂਹ ਨੰਮ੍ਰਤਾ ਦੇ ਕਾਰਣ ਮਜੀਠ ਵਾਕੂੰ ਪੁੰਨ ਪ੍ਰਾਯਣ ਰਹਿੰਦੇ ਹਨ, ਓਨ੍ਹਾਂ ਨੂੰ ਪਾਪ ਦੀ ਗੱਲ ਫੁਰਦੀ ਹੀ ਨਹੀਂ ਹੈ ਅਤੇ ਅਸਾਧ ਜਿਨ੍ਹਾਂ ਨੇ ਸਿਖ੍ਯਾ ਲੈ ਕੇ ਮੂਲੋਂ ਹੀ ਨਹੀਂ ਸਾਧ੍ਯਾ ਉਹ ਸਨ ਵਾਕੂੰ ਹਉਮੈਂ ਦੇ ਹਠ ਕਾਰਣ ਪਾਪ ਪ੍ਰਾਯਣ ਰਹਿੰਦੇ ਹਨ, ਓਨ੍ਹਾਂ ਨੂੰ ਪੁੰਨ ਦੀ ਕੋਈ ਸੁਧ ਹੀ ਨਹੀਂ ਹੁੰਦੀ। ਤਾਂਤ ਇਸ ਨਿਮਿੱਤ ਸਿੱਖ = ਸਾਧ ਹੀ ਨਾਮ ਤੋਂ ਪ੍ਰਾਪਤ ਹੋਣਹਾਰ ਗੁਝੇ ਮਰਮ ਦਾ ਭੇਤੀ ਹੋ ਸਕਦਾ ਹੈ, ਨਾਂਕਿ ਅਸਾਧ ਨਾਮ ਸਰੂਪੀ ਸਿਖ੍ਯਾ ਦੀਖ੍ਯਾ ਤੋਂ ਬੰਚਿਤ ਰਹਿੰਦਾ ਹੋਯਾ ਕੋਈ ਅਸਿੱਖ ਜਣਾ ॥੩੦੬॥