ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 295


ਚਰਨ ਸਰਨਿ ਰਜ ਮਜਨ ਮਲੀਨ ਮਨ ਦਰਪਨ ਮਤ ਗੁਰਮਤਿ ਨਿਹਚਲ ਹੈ ।

ਸਤਿਗੁਰਾਂ ਦੀ ਸ਼ਰਣਿ ਪ੍ਰਾਪਤ ਹੋ ਕੇ ਭਾਵ, ਹੋਰ ਹੋਰ ਪਾਸਿਆਂ ਮਤਾਂ ਫਿਰਕਿਆਂ ਸੰਪ੍ਰਦਾਵਾਂ ਦੀਆਂ ਤਾਂਘਾਂ ਭਟਕਨਾਂ ਤਿਆਗ ਕੇ ਸਤਿਗੁਰੂ ਦੇ ਦ੍ਵਾਰੇ ਆਣ ਢੱਠਿਆਂ, ਓਨਾਂ ਦੇ ਚਰਣਾਂ ਦੀ ਰਜ ਧੂਲੀ ਮੱਥੇ ਨੂੰ ਲਗੌਂਦੇ ਸਾਰ ਮੈਲਾ ਮਨ ਵਿਕਾਰਾਂ ਵੱਲ ਦੌੜਦਾ ਹੋਇਆ ਉੱਜਲਾ ਹੋ ਜਾਂਦਾ ਹੈ। ਵਾ ਸਤਿਗੁਰਾਂ ਦੀ ਸ਼ਰਣ ਪ੍ਰਾਪਤ ਹੋ ਉਨ੍ਹਾਂ ਦੇ ਚਰਣਾਂ ਦੀ ਧੂਲੀ ਨਾਲ ਮੈਲੇ ਮਨ ਨੂੰ ਸ਼ੁਧ ਸਫਾ ਬਣਾਵੇ। ਤਾਂ ਜੀਕੂੰ ਸ੍ਵਾਹ ਮਿੱਟੀ ਨਾਲ ਮਾਂਜਿਆਂ ਸ਼ੀਸ਼ਾ ਸਾਫ ਹੋ ਜਾਂਦਾ ਹੈ, ਤੇ ਓਸ ਵਿਚ ਮੂੰਹ ਜ੍ਯੋਂ ਕਾ ਤ੍ਯੋਂ ਪ੍ਰਭਾਵ ਨੂੰ ਪ੍ਰਗਟਾਇਆ ਦਿਖਾਇਆ ਕਰਦਾ ਹੈ।

ਗਿਆਨ ਗੁਰ ਅੰਜਨ ਦੈ ਚਪਲ ਖੰਜਨ ਦ੍ਰਿਗ ਅਕੁਲ ਨਿਰੰਜਨ ਧਿਆਨ ਜਲ ਥਲ ਹੈ ।

ਗੁਰੂ ਮਹਾਰਾਜ ਦੇ ਸਿਖਾਲੇ ਗਏ ਉਪਦੇਸ਼ ਰੂਪ ਗਿਆਨ ਨੂੰ ਅੰਜਨ ਸੁਰਮੇ ਸਮਾਨ, ਚਪਲ ਖੰਜਨ ਦ੍ਰਿਗ = ਚੰਚਲ ਸੁਭਾਵ ਮੋਹਲੇ ਵਰਗੇ ਹਰ ਸਮਾ ਚਲਾਇਮਾਨ ਰੂਪ ਵੱਲ ਦੌੜਦਿਆਂ ਨੇਤ੍ਰਾਂ, ਵਾ ਮਨ ਬੁਧ ਰੂਪ ਅੰਤਾ ਕਰਣ ਸਰੂਪੀ ਅੱਖਾਂ ਵਿਚ ਪਾਵੇ ਅਰਥਾਤ ਮਨ ਕਰ ਕੇ ਉਸ ਉਪਦੇਸ਼ ਨੂੰ ਮੰਨਨ ਕਰਦਿਆਂ ਤੇ ਬੁਧ ਵਿਚ ਨਿਸਚਾ ਕਰਦਿਆਂ ਅਕੁਲ ਕੁਲ ਗੋਤ ਰਹਿਤ ਅਜੂਨੀ, ਨਿਰੰਜਨ ਮਾਯਾ ਰਹਿਤ ਭਗਵੰਤ ਦੇਜਲਾਂ ਥਲਾਂ ਅੰਦਰ ਸਰਬ ਠੌਰ ਰਮ੍ਯਾ ਹੋਣ ਦੇ ਧਿਆਨ ਨੂੰ ਪ੍ਰਾਪਤ ਹੋ ਜਾਂਦਾ ਹੈ।

ਭੰਜਨ ਭੈ ਭ੍ਰਮ ਅਰਿ ਗੰਜਨ ਕਰਮ ਕਾਲ ਪਾਂਚ ਪਰਪੰਚ ਬਲਬੰਚ ਨਿਰਦਲ ਹੈ ।

ਐਸਾ ਸਰਬ ਬਿਆਪੀ ਧਿਆਨ ਭਰਮ ਅਗਿਆਨ ਤੋਂ ਉਤਪੰਨ ਹੋਏ ਹੋਏ ਭੈ ਨੂੰ ਭੰਨ ਸਿੱਟਦਾ ਹੈ, ਅਤੇ ਕਰਮ ਕੰਮ ਕਰਦਿਆਂ ਕਰਦਿਆਂ ਵਾ ਪਾਪ ਪੁੰਨ ਮਈ ਕਰਮਾਂ ਦੇ ਕਰ ਚੁਕਨ ਤੇ ਓਨਾਂ ਦੇ ਫਲ ਪ੍ਰਾਪਤ ਹੋਣ ਦੇ ਓੜਕ ਸਮੇਂ ਰੂਪ ਕਾ ਦੇ ਪੁਗ ਪਿਆ, ਜੋ ਮਾਨੋ ਵੈਰੀ ਦੀ ਤਰਾਂ ਸਭ ਦਾ ਸਤ੍ਯਾਨਾਸ ਕਰਣ ਹਾਰਾ ਹੈ, ਓਸ ਨੂੰ ਭੀ ਇਹ ਧਿਆਨ ਗੰਜਨ = ਪੀੜਿਤ ਕਰ ਦਿੰਦਾ ਹੈ। ਅਤੇ ਪੰਜਾਂ ਕਾਮ ਕ੍ਰੋਧ ਆਦਿ ਦਾ ਵਾ ਪੰਜਾਂ ਭੂਤਾਂ ਤੱਤਾਂ ਦਾ ਰਚਿਆ ਹੋਇਆ ਜੋ ਬਲਬੰਚ ਵਲ ਛ ਰੂਪ ਕੂੜਾ ਪਰਪੰਚ ਪਸਾਰਾ ਜਗਤ ਦਾ ਹੈ ਇਸ ਨੂੰ ਭੀ ਇਹ ਨਿਰਦਲ ਨਿਸਚੇ ਕਰ ਕੇ ਦਲਿਤ ਕਰ ਮਾਰਦਾ ਕੁਲਚ ਘੱਤਦਾ ਹੈ।

ਸੇਵਾ ਕਰੰਜਨ ਸਰਬਾਤਮ ਨਿਰੰਜਨ ਭਏ ਮਾਇਆ ਮੈ ਉਦਾਸ ਕਲਿਮਲ ਨਿਰਮਲ ਹੈ ।੨੯੫।

ਬੱਸ ਇਸ ਭਾਂਤ ਸੇਵਾ ਕਰੰਜਨ = ਕਰੰਤ+ਜਨ = ਸੇਵਾ ਭਜਨ ਕਰਣ ਹਾਰੇ ਪ੍ਰੇਮੀ ਪੁਰਖ, ਸਰਬਾਤਮ ਸਰੂਪੀ ਪਰਮਾਤਮਾ ਨੂੰ ਹੀ ਤੱਕਦ ਤੱਕਦੇ ਨਿਰੰਜਨ ਭਏ ਪਾਰ ਬ੍ਰਹਮ ਸਰੂਪ ਹੀਹੋ ਜਾਂਦੇ ਹਨ। ਤੇ ਮਾਇਆ ਕਾਰ ਵਿਹਾਰ ਸੰਸਾਰੀ ਪ੍ਰਵਿਰਤੀ ਵਿਚ ਵਰਤਦੇ ਭੀ ਉਦਾਸ ਉਪ੍ਰਾਮ ਰਹਿੰਦੇ ਹਨ, ਜਿਸ ਕਰ ਕੇ ਕਲਿਮਲ ਵਿਖ੍ਯੇਪ ਸੰਸਾਰੀ ਅਸ਼ਾਂਤੀ ਤੋਂ ਨਿਰਮਲ ਰਹਿੰਦੇ ਹਨ ॥੨੯੫॥