ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 419


ਜੈਸੇ ਘਾਉ ਘਾਇਲ ਕੋ ਜਤਨ ਕੈ ਨੀਕੋ ਹੋਤ ਪੀਰ ਮਿਟਿ ਜਾਇ ਲੀਕ ਮਿਟਤ ਨ ਪੇਖੀਐ ।

ਜਿਸ ਤਰ੍ਹਾਂ ਘਾਇਲ ਫੱਟੜ ਦਾ ਘਾਉ ਜ਼ਖਮ ਦਵਾਈ ਦਰਮਲ ਰਾਹੀਂ ਜਤਨ ਕੀਤਿਆਂ ਨਵਾਂ ਨਰੋਆ ਤਾਂ ਹੋ ਜਾਂਦਾ ਹੈ ਤੇ ਪੀੜ ਭੀ ਮਿਟ ਜਾਂਦੀ ਹੈ ਪਰ ਲੀਕ ਜੋ ਨਿਸ਼ਾਨ ਦਾਗ ਹੈ ਉਹ ਮਿਟਦਾ ਨਹੀਂ ਦੇਖੀਦਾ।

ਜੈਸੇ ਫਾਟੇ ਅੰਬਰੋ ਸੀਆਇ ਪੁਨਿ ਓਢੀਅਤ ਨਾਗੋ ਤਉ ਨ ਹੋਇ ਤਊ ਥੇਗਰੀ ਪਰੇਖੀਐ ।

ਜਿਸ ਤਰ੍ਹਾਂ ਪਾਟਾ ਹੋਯਾ ਬਸਤ੍ਰ ਸੁਵਾਲਨ ਟਾਕੀ ਲਾ ਲੁਵਾਨ ਉਪੰਤ੍ਰ ਪਹਿਣ ਲਈਦਾ ਹੈ; ਤੇ ਨੰਗੇ ਤਾਂ ਨਹੀਂ ਹੋਈਦਾ; ਪਰ ਟਾਕੀ ਪਰਖਰੀ ਹੋਈ ਹੀ ਰਹਿੰਦੀ ਹੈ।

ਜੈਸੇ ਟੂਟੈ ਬਾਸਨੁ ਸਵਾਰ ਦੇਤ ਹੈ ਠਠੇਰੋ ਗਿਰਤ ਨ ਪਾਨੀ ਪੈ ਗਠੀਲੋ ਭੇਖ ਭੇਖੀਐ ।

ਜਿਸ ਤਰ੍ਹਾਂ ਠਠਿਆਰ ਟੁੱਟੇ ਹੋਏ ਬਰਤਨ ਭਾਂਡੇ ਨੂੰ ਸੁਵਾਰ; ਗੰਢ ਤਾਂ ਦਿੰਦਾ ਹੈ ਤੇ ਪਾਣੀ ਭੀ ਨਹੀਂ ਚੋਇਆ ਕਰਦਾ ਪ੍ਰੰਤੂ ਭੇਖ ਸੂਰਤ ਸ਼ਕਲ ਓਸ ਦੀ ਗੰਢੀ ਹੋਈ ਹੀ ਭੇਖੀਐ; ਢਲੀ ਰਹਿੰਦੀ ਸਾਫ ਪ੍ਰਤੀਤ ਹੋਯਾ ਕਰਦੀ ਹੈ।

ਤੈਸੇ ਗੁਰ ਚਰਨਿ ਬਿਮੁਖ ਦੁਖ ਦੇਖਿ ਪੁਨਿ ਸਰਨ ਗਹੇ ਪੁਨੀਤ ਪੈ ਕਲੰਕੁ ਲੇਖ ਲੇਖੀਐ ।੪੧੯।

ਤਿਸ ਪ੍ਰਕਾਰ ਗੁਰੂ ਮਹਾਰਾਜ ਦੇ ਚਰਣਾਂ ਤੋਂ ਬੇਮੁਖ ਹੋ ਕੇ ਕੋਈ ਸਿੱਖ ਬੇਮੁਖਤਾਈ ਦੇ ਕਲੇਸ਼ਾਂ ਦੁੱਖਾਂ ਨੂੰ ਦੇਖ ਜੇਕਰ ਮੁੜ ਸਤਿਗੁਰਾਂ ਦੀ ਸਰਣ ਫੜ ਲਵੇ ਤਾਂ ਸੁੱਧ ਪਵਿਤ੍ਰ ਤਾਂ ਹੋ ਜਾਂਦਾ ਹੈ ਪਰ ਉਸ ਕਲੰਕ ਦਾ ਦਾਗ, ਧੱਬਾ ਸੁਝਦਾ ਰਹਿੰਦਾ ਹੈ; ਕਿ ਇਹ ਅਮੁਕੇ ਸਮੇਂ ਬੇਮੁਖ ਹੋ ਗਿਆ ਸੀ ॥੪੧੯॥