ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 283


ਸ੍ਰੀ ਗੁਰ ਸਬਦ ਸੁਨਿ ਸ੍ਰਵਨ ਕਪਾਟ ਖੁਲੇ ਨਾਦੈ ਮਿਲਿ ਨਾਦ ਅਨਹਦ ਲਿਵ ਲਾਈ ਹੈ ।

ਸ੍ਰੀ ਗੁਰੂ ਮਹਾਰਾਜ ਦੀ ਦਾ ਸ਼ਬਦ ਕੰਨਾਂ ਦ੍ਵਾਰੇ ਸੁਣਦੇ ਸਾਰ ਹੀ ਕੰਨਾਂ ਦੇ ਕਪਾਟ ਕਿਵਾੜ ਖੁੱਲ ਔਂਦੇ ਹਨ, ਭਾਵ ਅੰਤਰਯਾਮੀ ਨੇ ਅਪਣੀਆਂ ਸਮੂਹ ਵਿਭੂਤੀਆਂ ਸਮੇਤ ਆਪ ਅਸਾਡੇ ਅੰਦਰ ਨਿਵਾਸ ਲਿਆ ਹੋਇਆ ਹੋਣ ਤੇ ਭੀ, ਜਿਨਾਂ ਆਸਾ ਅੰਦੇਸੇ ਆਦਿ ਰੋਕਾਂ ਕਾਰਣ ਅਸਾਨੂੰ ਉਹ ਦ੍ਰਿਸ਼ਟ ਨਹੀਂ ਔਂਦਾ ਸੀ, ਉਹ ਰੋਕਾਂ ਦੂਰ ਹੋ ਕੇ ਅੰਦਰ ਖੁੱਲ੍ਹ ਆਇਆ ਕਰਦਾ ਹੈ, ਅਰੁਗੁਰੂ ਦੇ ਉਪਦੇਸ਼ ਰੂਪ ਨਾਦ ਵਿਖੇ ਅਸਾਡੀ ਅੰਤਰੀਵੀ ਨਾਦ, ਭਾਵ ਅੰਦਰਲਾ ਬੋਲ = ਆਤਮਿਕ ਸੱਦ ਜਦ ਮਿਲ ਜਾਂਦੀ ਹੈ ਅਰਥਾਤ ਗੁਰ ਸ਼ਬਦ ਵਿਖੇ ਸੁਰਤਿ ਅਸਾਡੀ ਜਦ ਪੂਰਨ ਪਰਚਾ ਪ੍ਰਾਪਤ ਕਰ ਲੈਂਦੀ ਹੈ, ਤਦ ਅਨਹਦ ਧੁਨੀ ਰਬੀ ਨਾਦ ਅਸਾਡੇ ਅੰਦਰ ਪ੍ਰਗਟ ਹੋ ਔਂਦੀ ਹੈ, ਤੇ ਉਸ ਵਿਚ ਅਸਾਡੀ ਲਿਵ ਲਗ ਜਾਂਦੀ ਹੈ।

ਗਾਵਤ ਸਬਦ ਰਸੁ ਰਸਨਾ ਰਸਾਇਨ ਕੈ ਨਿਝਰ ਅਪਾਰ ਧਾਰ ਭਾਠੀ ਕੈ ਚੁਆਈ ਹੈ ।

ਤਾਤਪਰਜ ਕੀਹ ਕਿ ਰਸਾਇਨ = ਰਸ+ਆਇਨ = ਰਸਾਂ ਦੀ ਅਸਥਾਨ ਸਰੂਪ ਸੁਰਤ ਭਾਵੀ ਰਸਨਾ ਦ੍ਵਾਰੇ ਵਾ ਸਾਖ੍ਯਾਤ ਰਸਨਾ ਦ੍ਵਾਰੇ = ਰਸ ਪ੍ਰੇਮ ਨਾਲ ਸ਼ਬਦ ਗਾਯਨ ਕਰਦਿਆਂ ਉਪਦੇਸ਼ ਕਮਾਂਦਿਆਂ ਦਸਮ ਦ੍ਵਾਰ ਰੂਪ ਭੱਠੀ ਤੋਂ ਨਿੱਤ ਝਰਣ ਵਾਲੀ ਅਪਾਰ ਧਾਰਾ ਨੂੰ ਚੁਆ ਲੈਂਦਾ ਹੈ ਭਾਵ ਇਕ ਸਾਰ ਲਿਵ ਦੀ ਤਾਰ ਲਗਨ ਦੇ ਅਨੁਭਵ ਰਸ ਨੂੰ ਮਾਨਣ ਲਗ ਪੈਂਦਾ ਹੈ।

ਹਿਰਦੈ ਨਿਵਾਸ ਗੁਰ ਸਬਦ ਨਿਧਾਨ ਗਿਆਨ ਧਾਵਤ ਬਰਜਿ ਉਨਮਨਿ ਸੁਧਿ ਪਾਈ ਹੈ ।

ਇਸੇ ਤਰ੍ਹਾਂ ਨਾਲ ਗਿਆਨ ਦੇ ਨਿਧਾਨ ਭੰਡਾਰ ਗੁਰ ਸ਼ਬਦ ਦੇ ਹਿਰਦੇ ਅੰਦਰ ਟਿਕ ਜਾਣ ਕਰ ਕੇ ਭਟਕਦਾ ਹੋਇਆ ਮਨ ਸੁਭਾਵਿਕ ਹੀ ਬਰਜਿਆ ਰਹਿੰਦਾ ਹੈ, ਜਿਸ ਕਰ ਕੇ ਇਕਾਗ੍ਰਤ ਮਨ ਨੂੰ ਉਨਮਨੀ ਭਾਵ ਆਪੇ ਵਿਖੇ ਮਗਨ ਹੋਣ ਦੀ ਅਵਸਥਾ ਦੀ ਸੂਝ ਪ੍ਰਾਪਤ ਹੋ ਔਂਦੀ ਹੈ।

ਸਬਦ ਅਵੇਸ ਪਰਮਾਰਥ ਪ੍ਰਵੇਸ ਧਾਰਿ ਦਿਬਿ ਦੇਹ ਦਿਬਿ ਜੋਤਿ ਪ੍ਰਗਟ ਦਿਖਾਈ ਹੈ ।੨੮੩।

ਇਸ ਭਾਂਤ ਗੁਰ ਸ਼ਬਦ ਨੂੰ ਸੁਣਿ ਰਸਨਾ ਦ੍ਵਾਰੇ ਗਾਯਨ ਕਰਦਿਆਂ ਤਥਾ ਹਿਰਦੇ ਅੰਦਰ ਵਸਾਇਆਂ ਜਦ ਸਭ ਤਰ੍ਹਾਂ ਨਾਲ ਗੁਰਮੁਖ ਸ਼ਬਦ ਵਿਖੇ ਅਵੇਸ ਸਮਾਈ ਪਾ ਕੇ ਪਰਮਾਰਥ ਵਿਚ ਪ੍ਰਵੇਸ਼ ਪਾ ਲੈਂਦਾ ਹੈ, ਤਾਂ ਗੁਰਮੁਖ ਦੀ ਦੇਹ ਦਿੱਬ ਜੋਤ ਵਾਲੀ ਅਤ੍ਯੰਤ ਪ੍ਰਾਕ੍ਰਮੀ ਪਰਮ ਤੇਜਸ੍ਵੀ ਪ੍ਰਤੱਖ ਹੀ ਦ੍ਰਿਸ਼ਟ ਔਣ ਲਗ ਪਿਆ ਕਰਦੀ ਹੈ। ਅਥਵਾ ਓਸ ਦੀ ਦੇਹ ਭੀ ਦਿੱਬ ਸੁੰਦਰ ਭਾਵ ਵਾਲੀ ਹੋ ਜਾਇਆ ਕਰਦੀ ਹੈ ਤੇ ਓਸ ਦੇ ਅੰਦਰ ਵਾਹਿਗੁਰੂ ਦੀ ਜੋਤ ਪ੍ਰਕਾਸ਼ ਸਾਖ੍ਯਾਤ ਪ੍ਰਗਟ ਦਿਸ ਪੈਂਦੀ ਹੈ ॥੨੮੩॥


Flag Counter