ਸਤ੍ਯ ਸਰੂਪ ਨੂੰ ਜ੍ਯੋਂ ਕਾ ਤ੍ਯੋਂ ਨਿਜ ਰੂਪ ਜਾਨਣ ਹਾਰੇ ਸਤਿਗੁਰੂ ਸਤ੍ਯ ਸਰੂਪ ਹਨ, ਸਤ੍ਯ ਤੋਂ ਸਤ੍ਯ ਹੀ ਪ੍ਰਗਟ ਹੋਣ ਕਾਰਣ ਸਤਿਗੁਰਾਂ ਤੋਂ ਉਪਜੀ ਬਾਣੀ ਦਾ ਬਚਨ ਬਿਲਾਸ ਭੀ ਸਤਯ ਸਰੂਪ ਹੈ। ਉਕਤ ਗੁਰੂ ਦੇ ਸਾਧ੍ਯਾਂ ਹੋਯਾ ਸਾਧਾਂ ਸੰਤਾਂ ਗੁਰਮੁਖਾਂ ਪ੍ਰੇਮੀਆਂ ਦੀ ਸੰਗਤ ਸਤਿਸੰਗਤ ਰੂਪ ਭੀ ਸਤ੍ਯ ਸਰੂਪ ਹੈ ਭਾਵ ਗੁਰਮੁਖੀ ਸਾਧਨਾਂ ਦੀ ਟਕਸਾਲ ਰੂਪ ਸਾਧ ਸੰਗਤ ਸੰਤ੍ਯ ਹੈ। ਪ੍ਰੰਤੂ ਇਹ ਮਰਮ ਜਿਨਾਂ ਦੀ ਉਥੇ ਘਾੜਤ ਹੋ ਚੁਕੀ ਹੈ ਉਹ ਗੁਰਮੁਖ ਲੋਕ ਹੀ ਜਾਣਦੇ ਹਨ।
ਸਤਿਗੁਰਾਂ ਦਾ ਵਾ ਸਤਿਗੁਰਾਂ ਦੀ ਉਕਤ ਸਾਧ ਸੰਗਤ ਦਾ ਦਰਸ਼ਨ ਕੀਤਿਆਂ ਜੋ ਧਿਆਨ ਅੰਦਰ ਬੱਝਦਾ ਹੈ ਉਹ ਭੀ ਸਤ੍ਯ ਹੈ, ਅਰੁ ਜੋ ਸ਼ਬਦ ਗੁਰਉਪਦੇਸ਼ ਰੂਪ ਮੰਤ੍ਰ ਦ੍ਵਾਰੇ ਸੁਰਤਿ ਦੀ ਸਾਧਨਾ ਦਾ ਮਰਮ ਉਥੋਂ ਪ੍ਰਾਪਤ ਹੁੰਦਾ ਹੈ ਉਹ ਭੀ ਸਤ੍ਯ ਹੈ ਐਸਾ ਹੀ ਗੁਰੂ ਮਹਾਰਾਜ ਦਿਆਂ ਸਿੱਖਾਂ ਦਾ ਸੰਗ ਸਾਥ ਮਿਤ੍ਰਾਨਾ ਵਾ ਇਕੱਠ ਭੀ ਸਤ੍ਯ ਸਰੂਪ ਹੀ ਸਤ੍ਯ ਕਰ ਕੇ ਮੰਨੋ।
ਜੋ ਕੁਛ ਭੀ ਦ੍ਰਿਸ਼੍ਯ- ਦੇਖਨ ਜੋਗ ਪਦਾਰਥ ਪ੍ਰਪੰਚ ਦਿਖਾਈ ਦੇ ਰਿਹਾ ਹੈ ਇਸ ਵਿਖੇ ਇਕ ਮਾਤ੍ਰ ਬ੍ਰਹਮ ਸਤ੍ਯ ਕਰਤਾਰ ਹੀ ਕਰਤਾਰ ਧਿਆਨ ਵਿਚ ਆਵੇਗਾ ਤੇ ਜੋ ਭੀ ਸ਼ਬਦ ਮਾਤ੍ਰ ਬਚਨ ਬਿਲਾਸ ਕਹਿਣ ਸੁਨਣ ਵਿਖੇ ਆ ਰਿਹਾ ਹੈ ਇਹ ਭੀ ਸੰਪੂਰਣ ਬ੍ਰਹਮ ਰੂਪ ਹੀ ਹੋਯਾ ਗਿਆਨ ਜਾਨਣ ਅੰਦਰ ਆਵੇਗਾ। ਜੇਕਰ ਭਜਨ ਕੀਰਤਨ ਵਾਸਤੇ ਜੁੜੀ ਹੋਈ ਗੁਰੂ ਕੀ ਸੰਗਤਿ ਨੂੰ ਪ੍ਰੇਮ ਪੂਰਬਕ ਸ਼ਰਧਾ ਭੌਣੀ ਨਾਲ ਬ੍ਰਹਮ ਦਾ ਥਾਨ ਪਰਮਾਤਮਾ ਅਕਾਲ ਪੁਰਖ ਦਾ ਦਰਬਾਰ ਸਾਖ੍ਯਾਤ ਮਾਤ ਲੋਕੀ ਸਚ ਖੰਡ ਪਛਾਣਿਆ ਜਾਵੇ।
ਇਸ ਪ੍ਰਕਾਰ ਸਤਿਗੁਰਾਂ ਦੇ ਉਪਦੇਸ਼, ਸਤਿਨਾਮ ਨੂੰ ਅਰਾਧਦਿਆਂ ਹੋਯਾਂ ਸਤ੍ਯ ਸਰੂਪ ਦੇ ਗਿਆਨ ਤਥਾ ਧਿਆਨ ਨੂੰ ਗੁਰਮੁਖ ਪ੍ਰਾਪਤ ਹੋ ਜਾਂਦਾ ਹੈ। ਅਤੇ ਗਿਆਨ ਧਿਆਨ ਵਿਖੇ ਵਰਤ ਕੇ ਕਾਮ ਕਾਮ੍ਯ ਕਾਮਨਾ ਯੋਗ੍ਯ ਸੰਕਲਪਾਂ ਵੱਲੋਂ ਨਿਰਵਿਕਲਪ ਰੂਪ ਉਨਮਨੀ ਅਵਸਥਾ ਦਾ ਉਨਮਾਨ ਨਿਸਚਾ ਕਰੀਏ ॥੧੫੧॥