ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 406


ਜੈਸੇ ਹੰਸ ਬੋਲਤ ਹੀ ਡਾਕਨ ਹਰੈ ਕਰੇਜੌ ਬਾਲਕ ਤਾਹੀ ਲੌ ਧਾਵੈ ਜਾਨੈ ਗੋਦਿ ਲੇਤ ਹੈ ।

ਜਿਸ ਪ੍ਰਕਾਰ ਡੈਣ ਹਸਦੀ ਹਸਦੀ ਬੋਲਣ ਮਾਤ੍ਰ ਤੇ ਹੀ ਕਲੇਜਾ ਕੱਢ ਲਿਆ ਕਰਦੀ ਹੈ ਇਹ ਉਸ ਦਾ ਸੁਭਾਵ ਹੁੰਦਾ ਹੈ; ਜਿਸ ਨੂੰ ਨਾ ਜਾਨਣ ਕਰ ਕੇ ਬਾਲਕ ਇਉਂ ਜਾਣ ਕੇ ਕਿ ਓਹ ਗੋਦ ਵਿਚ ਲੈਂਦੀ ਹੈ ਓਸੇ ਪਾਸੇ ਨੂੰ ਹੀ ਦੌੜ੍ਯਾ ਜਾਯਾ ਰਖਦਾ ਹੈ।

ਰੋਵਤ ਸੁਤਹਿ ਜੈਸੇ ਅਉਖਦ ਪੀਆਵੈ ਮਾਤਾ ਬਾਲਕੁ ਜਾਨਤ ਮੋਹਿ ਕਾਲਕੂਟ ਦੇਤ ਹੈ ।

ਮਾਂ ਜਿਸ ਤਰ੍ਹਾਂ ਬੱਚੇ ਨੂੰ ਦਾਵਈ ਪਿਔਂਦੀ ਹੈ ਤਾਂ ਉਹ ਰੋਯਾ ਕਰਦਾ ਹੈ; ਇਉਂ ਬੇਸਮਝੀ ਕਾਰਣ ਜਾਣਦਾ ਹੈ ਕਿ ਮੈਨੂੰ ਵਿਹੁ ਦਿੰਦੀ ਪਿਲੌਂਦੀ ਹੈ।

ਹਰਨ ਭਰਨ ਗਤਿ ਸਤਿਗੁਰ ਜਾਨੀਐ ਨ ਬਾਲਕ ਜੁਗਤਿ ਮਤਿ ਜਗਤ ਅਚੇਤ ਹੈ ।

ਤਿਸੀ ਪ੍ਰਕਾਰ ਸਤਿਗੁਰਾਂ ਦੀ ਗਤੀ = ਚਾਲ ਨੂੰ ਭੀ ਨਹੀਂ ਜਾਣ੍ਯਾ ਜਾ ਸਕਦਾ ਕਿ ਇਹ ਹਰਨ ਮਾਰਣ ਖਾਤਰ ਸੋਧਦੇ ਪੱਖ ਵਿਚ ਵਰਤ ਰਿਹਾ ਹੈ; ਕਿ ਭਰਨ ਸੰਭਾਲ ਖਾਤਰ ਪੋਖਨ ਦੇ ਪੱਖ ਵਿਚ ਹੈ ਕ੍ਯੋਂਕਿ ਜਗਤ ਸੰਸਾਰ ਜੀਵਾਂ ਦੀ ਮਤਿ ਅਕਲ ਸਮਝ ਭੀ ਬਾਲਕ ਜੁਗਤਿ ਬਾਲਕ ਦੀ ਨ੍ਯਾਈਂ ਅਚੇਤ ਹੈ ਅ੍ਯਾਣਪ ਅਗ੍ਯਾਨਤਾਈ ਵਿਚ ਵਰਤਨ ਵਾਲੀ।

ਅਕਲ ਕਲਾ ਅਲਖ ਅਤਿ ਹੀ ਅਗਾਧ ਬੋਧ ਆਪ ਹੀ ਜਾਨਤ ਆਪ ਨੇਤ ਨੇਤ ਨੇਤ ਹੈ ।੪੦੬।

ਸਤਿਗੁਰੂ ਮਾਯਾ ਅਵਿਦ੍ਯਾ ਰੂਪ ਕਲਾ ਸ਼ਕਤੀ ਤੋਂ ਰਹਿਤ ਕਲਾ ਵਾਲੇ ਹਨ ਅਰਥਾਤ ਨਾਂ ਹੀ ਅਵਿਦ੍ਯਾ ਸ਼ਕਤੀ ਸੰਪੰਨ ਜੀਵਾਂ ਵਾਲੀ ਕਲਾ ਵਾਲੇ ਓਨ੍ਹਾਂ ਨੂੰ ਮੰਨ੍ਯਾ ਜਾ ਸਕਦਾ ਹੈ: ਤੇ ਨਾ ਹੀ ਮਾਯਾ ਸ਼ਕਤੀ ਸੰਪੰਨ ਈਸ਼੍ਵਰ ਭਾਵ ਵਾਲੀ ਕਲਾ ਵਾਲੇ। ਓਨਾਂ ਦੀ ਕਲਾ ਜੀਵ ਈਸ਼੍ਵਰ ਭਾਵ ਤੋਂ ਨ੍ਯਾਰੀ ਹੀ ਅਲਖ ਰੂਪ ਹੈ ਕਿਸੇ ਦੀ ਲਖਤਾ ਵਿਚ ਨਹੀਂ ਆ ਸਕਦੀ ਅਤੇ ਬੋਧ ਗ੍ਯਾਨ ਭੀ ਓਸ ਦਾ ਅਤ੍ਯੰਤ ਅਥਾਹ ਰੂਪ ਹੈ; ਕੇਵਲ ਆਪ ਹੀ ਆਪਣੇ ਆਪ ਜ੍ਯੋਂ ਕਾ ਤ੍ਯੋਂ ਜਾਣਦੇ ਹਨ; ਤਿੰਨ ਕਾਲ ਹੀ ਓਨਾਂ ਦਾ ਅੰਤ ਨਹੀਂ ਪਾਯਾ ਜਾ ਸਕਦਾ ॥੪੦੬॥