ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 113


ਬ੍ਯਥਾਵੰਤੈ ਜੰਤੈ ਜੈਸੇ ਬੈਦ ਉਪਚਾਰੁ ਕਰੈ ਬ੍ਯਥਾ ਬ੍ਰਿਤਾਂਤੁ ਸੁਨਿ ਹਰੈ ਦੁਖ ਰੋਗ ਕਉ ।

ਬ੍ਯਥਾਵੰਤੈ ਜੰਤੈ ਪੀੜਾਵਾਨ ਜਨ ਰੋਗੀ ਆਦਮੀ ਦਾ ਜਿਸ ਤਰ੍ਹਾਂ ਬੈਦ ਉਪਚਾਰ ਕਰੈ ਇਲਾਜ ਕਰਦਾ ਹੈ ਤੇ ਬ੍ਯਥਾ ਬਿਰਤਾਂਤ ਸੁਨਿ ਰੋਗ ਦੀ ਕਥਾ ਸੁਣ ਕੇ ਅਰਥਾਤ ਅਰੰਭ ਵਿਚ ਕੀਕੂੰ ਹੋਇਆ ਕੀਹ ਖਾਧਾ ਪੀਤਾ ਯਾ ਕੀਤਾ ਕਤਰਿਆ ਸੀ ਅਰੁ ਹੁਣ ਕੀਹ ਦਸ਼ਾ ਵਰਤ ਰਹੀ ਹੈ? ਇਹ ਸਭ ਵਿਥ੍ਯਾ ਪੁੱਛ ਕੇ ਹਰੈ ਦੁਖ ਰੋਗ ਕਉ ਦੂਰ ਕਰ ਦਿੰਦਾ ਹੈ ਦਵਾਈ ਔਖਧੀ ਦੇ ਕੇ ਦੁੱਖ ਦੁਖੀ ਕਰਨ ਵਾਲੇ ਨਾ ਸਹੇ ਜਾ ਸਕਣ ਵਾਲੇ ਰੋਗ ਕਸ਼ਟ ਨੂੰ।

ਜੈਸੇ ਮਾਤਾ ਪਿਤਾ ਹਿਤ ਚਿਤ ਕੈ ਮਿਲਤ ਸੁਤੈ ਖਾਨ ਪਾਨ ਪੋਖਿ ਤੋਖਿ ਹਰਤ ਹੈ ਸੋਗ ਕਉ ।

ਜਿਸ ਤਰ੍ਹਾਂ ਮਾਤਾ ਪਿਤਾ ਹਿਤ ਸਨੇਹ ਪ੍ਯਾਰ ਦੇ ਅਧੀਨ ਹੋਏ ਚਿਤ ਕੈ ਚਿੱਤ ਨਾਲ ਵਾ ਨੇਤ੍ਰ ਭਰ ਭਰ ਕੇ ਮਿਲਦੇ ਹਨ ਪੁਤ੍ਰ ਨੂੰ ਗਲੇ ਲਗਾ ਕੇ ਅਰੁ ਖਾਨ ਪਾਨ ਖਾਣ ਪੀਣ ਆਦਿ ਦੀਆਂ ਵਸਤੂਆਂ ਖੁਵਾ ਪਿਆਕੇ ਉਸ ਨੂੰ ਪੋਖ ਪਾਲਦ ਹੋਏ ਤੋਖ ਖੁਸ਼ ਪ੍ਰਸੰਨ ਰਖਦੇ ਹਨ, ਤੇ ਇਉਂ ਉਸ ਦੇ ਸੋਗ ਬਾਹਰ ਅੰਦਰ ਛੱਡ ਕੇ ਗਿਆਂ ਅਥਵਾ ਵਾਂਢੇ ਜਾਣ ਆਦਿ ਦੇ ਵਿਛੋੜੇ ਤੋਂ ਹੋਣ ਵਾਲੀ ਓਸ ਦੀ ਚਿੰਤਾ ਨੂੰ ਹਰਤ ਨਿਵਾਰਣ ਕਰਦੇ ਹਨ।

ਬਿਰਹਨੀ ਬਨਿਤਾ ਕਉ ਜੈਸੇ ਭਰਤਾਰੁ ਮਿਲੈ ਪ੍ਰੇਮ ਰਸ ਕੈ ਹਰਤ ਬਿਰਹ ਬਿਓਗ ਕਉ ।

ਬਿਰਹਨੀ ਬਨਿਤਾ ਕਉ ਜੈਸੇ ਭਰਤਾਰੁ ਮਿਲੈ ਅਰੁ ਇਸੇ ਭਾਂਤ ਜਿਸਰਾਂ ਵਿਛੋੜੇ ਦੀ ਮਾਰੀ ਹੋਈ ਬਨਿਤਾ ਇਸਤ੍ਰੀ ਨੂੰ ਮਿਲਦਾ ਹੈ ਭਰਤਾਰ ਉਸ ਦਾ ਸ੍ਵਾਮੀ ਅਤੇ ਪ੍ਰੇਮ ਰਸ ਕੈ ਪ੍ਯਾਰ ਦੇ ਰਸ ਕਰ ਕੇ ਅਥਵਾ ਪ੍ਰੇਮ+ਰਸ ਪ੍ਯਾਰ ਪ੍ਰੇਮ ਪ੍ਯਾਰ ਨਾਲ ਹਰਤ ਬਿਰਹ ਬਿਓਗ ਕਉ ਦੂਰ ਕਰ ਦਿੰਦਾ ਹੈ ਵਿਛੋੜੇ ਤੋਂ ਉਤਪੰਨ ਹੋਈ ਉਸ ਦੀ ਜੁਦਾਈ ਨੂੰ।

ਤੈਸੇ ਹੀ ਬਿਬੇਕੀ ਜਨ ਪਰਉਪਕਾਰ ਹੇਤ ਮਿਲਤ ਸਲਿਲ ਗਤਿ ਸਹਜ ਸੰਜੋਗ ਕਉ ।੧੧੩।

ਤਿਸੀ ਪ੍ਰਕਾਰ ਬਿਬੇਕੀ ਜਨ ਬਿਬੇਕੀ ਪੁਰਖ ਅਥਵਾ ਬਿਬੇਕੀ ਸਤਿਗੁਰੂ ਜਨ ਸੇਵਕ ਗੁਰੂ ਕੇ ਸੇਵਕ ਪਰਉਪਕਾਰ ਹੇਤ ਪਰਉਪਕਾਰ ਵਾਸਤੇ ਮਿਲਤ ਸਲਿਲ ਗਤਿ ਸਹਜ ਸੰਜੋਗ ਕਉ ਜੀਕੂੰ ਪਾਣੀ ਆਪ ਚੱਲਕੇ ਸਹਿਜੇ ਹੀ ਪ੍ਯਾਸੇ ਆਦਿਕਾਂ ਦੀ ਪਿਆਸ ਆਦਿ ਹਰਣ ਨਿਮਿਤ ਓਨਾਂ ਦੇ ਸੰਜੋਗ ਮੇਲੇ ਨੂੰ ਪ੍ਰਾਪਤ ਕਰਿਆ ਕਰਦਾ ਹੈ। ਭਾਵ ਜਿਸ ਤਰ੍ਹਾਂ ਨਦੀਆਂ ਨਾਲਿਆਂ ਦਾ ਸਰੂਪ ਧਾਰ ਕੇ ਜਲ, ਸਮੀਪ ਨਾ ਆ ਸੱਕਨ ਵਾਲਿਆਂ ਪਾਸ ਪੁੱਜਕੇ, ਅਥਵਾ ਆਪਣਾ ਸਿਰ ਸੁੱਟਕੇ ਉਨ੍ਹਾਂ ਦੀ ਪ੍ਯਾਸ ਆਦਿ ਬੁਝੌਂਦਾ ਹੈ ਇਸੇ ਤਰ੍ਹਾਂ ਗੁਰਮੁਖ ਬਿਬੇਕੀ ਪੁੱਜ ਕੇ ਭੀ ਮਨੁੱਖਾਂ ਵਾਸਤੇ ਪਰਮਾਰਥ ਪ੍ਰਾਪਤੀ ਦਾ ਪ੍ਰਯਤਨ ਕਰਦੇ ਹਨ ॥੧੧੩॥


Flag Counter