ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 185


ਚਤੁਰ ਬਰਨ ਮੈ ਨ ਪਾਈਐ ਬਰਨ ਤੇਸੋ ਖਟ ਦਰਸਨ ਮੈ ਨ ਦਰਸਨ ਜੋਤਿ ਹੈ ।

ਬ੍ਰਹਮ ਆਦਿ ਚਾਰੋਂ ਬਰਨਾਂ ਰੂਪਾਂ ਵਿਖੇ ਤੇਹੋ ਜੇਹਾ ਬਰਨ ਰੰਗ ਰੂਪ ਨਹੀਂ ਪ੍ਰਾਪਤ ਹੋ ਸਕਦਾ ਜੇਹੋ ਜਿਹਾ ਕਿ ਗੁਰਮੁਖਾਂ ਨੂੰ ਉਕਤ ਸੁਖਫਲ ਦੀ ਪ੍ਰਾਪਤੀ ਤੋਂ ਹੁੰਦਾ ਹੈ। ਛੀਆਂ ਦਰਸ਼ਨਾਂ ਜੰਗਮ ਜੋਗੀ ਸੰਨਿਆਸੀ ਬੈਰਾਗੀ ਆਦਿ ਮਤਾਂ ਵਿਖੇ ਨਹੀਂ ਹੈ। ਉਹ ਜੋਤਿ ਤੇਜ ਪ੍ਰਤਾਪ ਵਾਲੀ ਦਮਕ ਜਿਹੜੀ ਕਿ ਇਸ ਗੁਰੂ ਕੇ ਦਰਸ਼ਨ ਪੰਥ ਦੀ ਜੋਤਿ ਪਾਈ ਜਾ ਰਹੀ ਹੈ। ਅਰਥਾਤ ਸਮੂਹ ਵਰਨਾਂ ਆਸ਼ਰਮਾਂ ਵਿਚ ਐਹੋ ਜੇਹਾ ਪ੍ਰਭਾਵ ਸ਼ਾਲੀ ਕੋਈ ਰੂਪ ਨੇਤ੍ਰਾਂ ਵਿਖੇ ਤੱਕਨ ਲਈ ਨਹੀਂ ਪ੍ਰਾਪਤ ਹੋ ਸਕਦਾ।

ਸਿੰਮ੍ਰਿਤਿ ਪੁਰਾਨ ਬੇਦ ਸਾਸਤ੍ਰ ਸਮਾਨਿ ਖਾਨ ਰਾਗ ਨਾਦ ਬਾਦ ਮੈ ਨ ਸਬਦ ਉਦੋਤ ਹੈ ।

ਸਿੰਮ੍ਰਤੀਆਂ ਮਨੂੰ ਵਿਸ਼ਿਸ਼ਟ ਅਤੇ ਯਾਗ੍ਯਵਲਕ ਆਦਿ ਰਿਖਆਂ ਦੀਆਂ ਕਥਨ ਕੀਤੀਆਂ ਧਰਮ ਸ਼ਾਸਤ੍ਰ ਰੂਪ ਪੱਧਤੀਆਂ ਪੁਰਾਣ ਉਕਤ ਧਰਮ ਮ੍ਰਯਾਦਾ ਵਿਖੇ ਵਰਤਨਹਾਰੇ ਉਦਾਹਰਣਾਂ ਸੰਬਧੀ ਗ੍ਰੰਥ, ਬੇਦ ਧੁਰਾਹੂੰ ਗਿਆਨ ਨਿਰੂਪਕ ਰਚਨਾ, ਅਰੁ ਸ਼ਾਸਤ੍ਰ ਧੁਰਾਹੂੰ ਗਿਆਨ ਅਨੁਸਾਰੀ ਸਾਂਕੇਤਿਕ ਨਿਯਮਾਂ ਦੀ ਨਿਰਣਾ ਰੂਪ ਗੁੰਥਨਾ, ਤਥਾ ਏਨਾਂ ਦੇ ਹੀ ਸਮਾਨ ਬ੍ਰਾਬਰ ਖਾਨ ਚਾਰੋਂ ਖਾਣੀਆਂ ਅੰਦਰ ਬੋਲੀ ਜਾਣ ਹਾਰੀ ਵਾ ਪਰਾ ਪਸ਼੍ਯੰਤੀ ਮਧ੍ਯਮਾ ਵੈਖਰੀ ਰੂਪ ਬਾਣੀ ਅਰੁ ਰਾਗ ਛੀਆਂ ਰਾਗਾਂ ਨਾਦ ਹ੍ਰਸ੍ਵ ਦੀਰਘ ਪਲੁ ਤਰੂ ਪਉਚਰੀ ਧੁਨੀ ਵਾ ਸੱਤ ਸੁਰਾਂ ਰੂਪ ਤਥਾ ਬਾਦ ਸਾਜ ਬਾਜ ਆਦਿ ਸਾਂਗੀਤਿਕ ਸਾਧਨਾਂ ਵਿਖੇ ਨਹੀਂ ਪਾਯਾ ਜਾ ਸਕਦਾ ਐਸਾ ਸ਼ਬਦ, ਜੇਸਾ ਕਿ ਗੁਰੂ ਕੇ ਸ਼ਬਦ ਬਾਣੀ ਵਿਖੇ ਉਦੋਤ, ਨਾਮ ਪ੍ਰਗਟ ਹੈ।

ਨਾਨਾ ਬਿੰਜਨਾਦਿ ਸ੍ਵਾਦ ਅੰਤਰਿ ਨ ਪ੍ਰੇਮ ਰਸ ਸਕਲ ਸੁਗੰਧ ਮੈ ਨ ਗੰਧਿ ਸੰਧਿ ਹੋਤ ਹੈ ।

ਨਾਨਾ ਪ੍ਰਕਾਰ ਦਿਆਂ ਖਾਨ ਪਾਨ ਆਦਿ ਦਿਆਂ ਸ੍ਵਾਦੀਕ ਪਦਾਰਥਾਂ ਵਿਚ ਉਹ ਸ੍ਵਾਦ ਨਹੀਂ, ਜਿਹਾ ਕਿ ਪ੍ਰੇਮ ਰਸ ਦਾ ਸ੍ਵਾਦ ਹੈ। ਅਰੁ ਸਭ ਪ੍ਰਕਾਰ ਦੀਆਂ ਸੁਗੰਧੀਆਂ ਵਿਖੇ ਓਹੋ ਜੇਹੀ ਮਹਿਕ ਨਹੀਂ ਹੁੰਦੀ ਜੈਸੀ ਕਿ ਗੁਰਮੁਖ ਨੂੰ ਸਤਿਗੁਰਾਂ ਦੇ ਨਾਲ ਸੰਧੀ ਮੇਲ ਪ੍ਰਾਪਤ ਹੋਣ ਵਿਚ ਹੋਯਾ ਕਰਦੀ ਹੈ।

ਉਸਨ ਸੀਤਲਤਾ ਸਪਰਸ ਅਪਰਸ ਨ ਗਰਮੁਖ ਸੁਖ ਫਲ ਤੁਲਿ ਓਤ ਪੋਤ ਹੈ ।੧੮੫।

ਗਰਮੀ ਅਰੁ ਸਰਦੀ ਵਾਲੇ ਸਪਰਸ਼ਾਂ ਭਾਵ ਐਹੋ ਜੇਹੇ ਹੁਨਾਲੇ ਸ੍ਯਾਲੇ ਦੇ ਮੌਸਮਾਂ ਅੰਦਰ ਵਰਤੀਨ ਹਾਰੇ ਪਹਿਨਣ ਵਾ ਮਰਦਨ ਆਦਿ ਦੇ ਲੈਕ ਐਸਾ ਕੋਈ ਸੁਖਦਾਈ ਪਦਾਰਥ ਨਹੀਂ, ਜਿਹਾ ਕਿ ਅਪਰਸ ਰੂਪ ਅਸੰਗ ਅਲੇਪ ਭਾਵੀ ਅਵਸਥਾ ਦੀ ਪ੍ਰਾਪਤੀ ਵਿਖੇ ਗੁਰਮੁਖਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ। ਕ੍ਯੋਂਕਿ ਗੁਰਮੁਖੀ ਸੁਖਫਲ ਇਕ ਰਸ ਹੀ ਹਰ ਸਮ੍ਯ ਰਹਿੰਦਾ ਹੈ, ਅਤੇ ਇਹ ਤਾਣੇ ਪੇਟੇ ਵਤ ਅੰਦਰ ਬਾਹਰ ਰਮੋ ਰੋਮ ਵਿਖੇ ਰਮਿਆ ਰਹਿੰਦਾ ਹੈ ॥੧੮੫॥


Flag Counter