ਵਾਰਾਂ ਭਾਈ ਗੁਰਦਾਸ ਜੀ

ਅੰਗ - 40


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

ਸਉਦਾ ਇਕਤੁ ਹਟਿ ਹੈ ਪੀਰਾਂ ਪੀਰੁ ਗੁਰਾਂ ਗੁਰੁ ਪੂਰਾ ।

(ਨਾਮ ਦਾ) ਸਾਉਦਾ ਇਕੋ ਹੱਟ ਵਿਖੇ ਮਿਲਦਾ ਹੈ। (ਹੱਟ ਕੋਣ ਹੈ?), ਪੀਰਾਂ ਦਾ ਪੀਰ ਅਰ ਗੁਰੂਆਂ ਗੁਰੂ (ਗੁਰੂ ਅਰਜਨ ਦੇਵ) ਪੂਰਣ ਗੁਰੂ ਹੈ। ਅਗੇ ਹੇਤੁ ਦੱਸਦੇ ਹਨ)।

ਪਤਿਤ ਉਧਾਰਣੁ ਦੁਖ ਹਰਣੁ ਅਸਰਣੁ ਸਰਣਿ ਵਚਨ ਦਾ ਸੂਰਾ ।

ਪਾਪੀਆਂ ਦੇ ਉਧਾਰ ਅਰ ਦੁਖਾਂ ਦੇ ਦੂਰ ਕਰਨ ਦਾ (ਕਾਰਣ ਹੈ) ਅਸ਼ਰਣਾਂ ਦੀ ਸ਼ਰਣ ਅਰ ਬਚਨ ਪਾਲਕ ਹੈ (ਹੋਰ ਹੱਟਾਂ ਵਾਲੇ ਇਹ ਕੰਮ ਨਹੀਂ ਜਾਣਦੇ)।

ਅਉਗੁਣ ਲੈ ਗੁਣ ਵਿਕਣੈ ਸੁਖ ਸਾਗਰੁ ਵਿਸਰਾਇ ਵਿਸੂਰਾ ।

ਸਿਖਾਂ ਦੇ ਅਵਗੁਣ ਲੈਕੇ (ਹਟਾ ਕੇ) ਗੁਣ ਦਿੰਦੇ ਹਨ, ਸੁਖਾਂ ਦੇ ਸਮੁੰਦਰ ਹੋਣ ਕਰ ਕੇ ਸਾਰੇ ਝੋਰੇ ਦੂਰ ਕਰ ਦਿੰਦੇ ਹਨ।

ਕੋਟਿ ਵਿਕਾਰ ਹਜਾਰ ਲਖ ਪਰਉਪਕਾਰੀ ਸਦਾ ਹਜੂਰਾ ।

ਹਜ਼ਾਰਾਂ, ਲੱਖਾਂ ਵਿਕਾਰਾਂ (ਨੂੰ ਕੱਟਦੇ ਹਨ, ਕਿਉਂ ਜੋ) ਪਰੋਪਕਾਰੀ ਹਨ ਅਰ ਸਦਾ (ਵਾਹਿਗੁਰੂ ਦੇ) ਹਾਜ਼ਰ ਰਹਿੰਦੇ ਹਨ।

ਸਤਿਨਾਮੁ ਕਰਤਾ ਪੁਰਖੁ ਸਤਿ ਸਰੂਪੁ ਨ ਕਦਹੀ ਊਰਾ ।

ਸਤਿਨਾਮ ਕਰਤਾ ਪੁਰਖ (ਦਾ ਮੰਤਰ ਹੈ), (ਆਪ) ਸਤ ਸਰੂਪ ਹਨ, ਕਦੀ ਘੱਟ ਨਹੀਂ ਹੁੰਦੇ (ਭਾਵ ਤ੍ਰਿਕਾਲਾਬਾਧ ਹਨ)।

ਸਾਧਸੰਗਤਿ ਸਚ ਖੰਡ ਵਸਿ ਅਨਹਦ ਸਬਦ ਵਜਾਏ ਤੂਰਾ ।

ਸਾਧ ਸੰਗਤ ਦੇ ਸੱਚੇ ਖੰਡ ਵਿਖੇ ਨਿਵਾਸ ਰਖਦੇ ਹਨ ਅਨਾਹਦ ਸ਼ਬਦ ਦੇ ਸਦਾ ਵਾਜੇ ਵਜਦੇ ਰਹਿੰਦੇ ਹਨ, (ਜੈਸੇ ਦਰਬਾਰ ਸਾਹਿਬ ਅਖੰਡਾਕਾਰ ਧੁਨੀ ਰਹਿੰਦੀ ਹੈ। ਜਿਥੇ ਸਤਿਸੰਗ ਹੋਵੇ ਕੀਰਤਨ ਹੁੰਦਾ ਹੈ, ਦੂਜੇ ਅਨਾਹਦ ਨਾਮ, ਅੱਭਯਾਸ ਦਾ ਇਕ ਟਿਕਾਣਾ ਹੈ, ਕੰਨਾਂ ਦੀ ਘੂੰ ਘੂੰ ਨਹੀਂ ਹੈ।

ਦੂਜਾ ਭਾਉ ਕਰੇ ਚਕਚੂਰਾ ।੧।

ਦੂਜਾ ਭਾਵ (ਅਗਯਾਨ) ਨੂੰ ਚਕਨਾਚੂਰ ਕਰਦੇ ਹਨ।

ਪਉੜੀ ੨

ਪਾਰਸ ਪਰਉਪਕਾਰ ਕਰਿ ਜਾਤ ਨ ਅਸਟ ਧਾਤੁ ਵੀਚਾਰੈ ।

ਪਾਰਸ ਪਰੋਪਕਾਰ ਕਰਦਾ ਹੈ, ਅੱਠਾਂ ਧਾਤਾਂ ਦੀਆਂ ਜਾਤਾਂ ਨਹੀਂ ਵਿਚਾਰਦਾ (ਕਿ ਇਹ ਧਾਤ ਕਿਹੜੀ ਜਾਤ ਦੀ ਹੈ)।

ਬਾਵਨ ਚੰਦਨ ਬੋਹਿਂਦਾ ਅਫਲ ਸਫਲੁ ਨ ਜੁਗਤਿ ਉਰ ਧਾਰੈ ।

ਬਾਵਨ ਚੰਦਨ ਬੀ ਅਫਲ ਸਫਲ (ਸਭ ਬਨਾਸਪਤੀ ਨੂੰ) ਸੁਗੰਧੀ ਦਿੰਦਾ ਹੈ, (ਪਰ) ਜੁਗਤੀ ਨਹੀਂ ਉਰ ਵਿਖੇ ਧਾਰਦਾ (ਇਸ ਕਰ ਕੇ ਉਪਕਾਰ ਕਰਦਾ ਹੈ, ਵਿਗਾੜ ਨਹੀਂ ਰੱਖਦਾ)।

ਸਭ ਤੇ ਇੰਦਰ ਵਰਸਦਾ ਥਾਉਂ ਕੁਥਾਉਂ ਨ ਅੰਮ੍ਰਿਤ ਧਾਰੈ ।

ਇੰਦਰ ਬੀ ਸਾਰੀਆਂ ਥਾਵਾਂ ਪੁਰ ਵਰ੍ਹਦਾ ਹੈ, ਥਾਉਂ ਕਥਾਉਂ ਵਿਚਾਰਕੇ ਜਲ ਨਹੀਂ ਦਿੰਦਾ (ਜਲਾਂ ਥਲਾਂ ਪੁਰ ਸਮਾਨ ਵਰ੍ਹਦਾ ਹੈ)।

ਸੂਰਜ ਜੋਤਿ ਉਦੋਤ ਕਰਿ ਓਤਪੋਤਿ ਹੋ ਕਿਰਣ ਪਸਾਰੈ ।

ਸੂਰਜ ਆਪਣੇ ਪ੍ਰਕਾਸ਼ ਨੂੰ ਉਦਯ ਕਰ ਕੇ ('ਓਤ ਪੋਤ' ਕਹੀਏ) ਧਰਤੀ ਅਕਾਸ਼ ਵਿਖੇ ਇਕੋ ਜਿਹੀਆਂ ਕਿਰਣਾਂ ਪਸਾਰਦਾ ਹੈ (ਨੀਵੀਂ ਉਚੀ ਥਾਉਂ ਨਹੀਂ ਵੇਖਦਾ)

ਧਰਤੀ ਅੰਦਰਿ ਸਹਨ ਸੀਲ ਪਰ ਮਲ ਹਰੈ ਅਵਗੁਣ ਨ ਚਿਤਾਰੈ ।

ਧਰਤੀ ਵਿਖੇ ਸਹਿਣਸ਼ੀਲਤਾ ਹੈ ਪਰਾਈ ਮੈਲ ਉਸ ਤੋਂ ਹਟਾਕੇ (ਆਪ ਲੈਂਦੀ) ਅਵਗੁਣਾਂ ਵੱਲ ਧਿਆਨ ਨਹੀਂ ਦੇਂਦੀ ਹੈ। (ਹੁਣ ਅੰਤਲੀਆਂ ਦੋ ਤੁਕਾਂ ਵਿਖੇ ਉਤਲੇ ਕਥਨ ਦਾ ਮਤਲਬ ਦੱਸਦੇ ਹਨ)।

ਲਾਲ ਜਵਾਹਰ ਮਣਿ ਲੋਹਾ ਸੁਇਨਾ ਪਾਰਸ ਜਾਤਿ ਬਿਚਾਰੈ ।

ਲਾਲ ਜਵਾਹਰ, ਮਣੀ ਅਰ ਪਾਰਸ ਨਾਲ ਪਰਸਕੇ ਜੋ ਲੋਹੇ ਥੋਂ ਸੋਨਾ ਹੁੰਦਾ ਹੈ (ਇਨ੍ਹਾਂ ਵਿਚ) ਜਾਤੀ ਅਭਿਮਾਨ ਬਣਿਆ ਰਹਿੰਦਾ ਹੈ।

ਸਾਧਸੰਗਤਿ ਕਾ ਅੰਤੁ ਨ ਪਾਰੈ ।੨।

ਸਾਧ ਸੰਗਤ ਦੇ ਪਾਰ (ਉਰਾਰ ਦਾ ਕੁਝ) ਅੰਤ ਨਹੀਂ, (ਸਤਿਸੰਗ ਵਿਖੇ ਜਾਤੀ ਅਭਿਮਾਨ ਬੀ ਉਡ ਜਾਂਦਾ ਹੈ)।

ਪਉੜੀ ੩

ਪਾਰਸ ਧਾਤਿ ਕੰਚਨੁ ਕਰੈ ਹੋਇ ਮਨੂਰ ਨ ਕੰਚਨ ਝੂਰੈ ।

ਪਾਰਸ ਧਾਤ ਨੂੰ ਕੰਚਨ ਕਰਦਾ ਹੈ (ਭਾਵੇਂ ਕੋਈ ਧਾਤ ਹੋਵੇ) (ਪਰੰਤੂ) ਲੋਹੇ ਦੀ ਮੈਲ ਕੰਚਨ ਨਾ ਹੋਣ ਕਰ ਕੇ ਝੁਰਦੀ ਹੈ।

ਬਾਵਨ ਬੋਹੈ ਬਨਾਸਪਤਿ ਬਾਂਸੁ ਨਿਗੰਧ ਨ ਬੁਹੈ ਹਜੂਰੈ ।

ਬਾਵਨ ਚੰਦਨ (ਸਾਰੀ) ਬਨਾਸਪਤੀ ਨੂੰ ਸੁਗੰਧਤ ਕਰਦਾ ਹੈ, ਪਰੰਤੂ ਨਿਗੰਧ ਬਾਂਸ, ਕੋਲ ਰਹਿਕੇ ਬੀ ਸੁਗੰਧਤ ਨਹੀਂ ਹੁੰਦਾ।

ਖੇਤੀ ਜੰਮੈ ਸਹੰਸ ਗੁਣ ਕਲਰ ਖੇਤਿ ਨ ਬੀਜ ਅੰਗੂਰੈ ।

(ਬਰਖਾ ਹੋਇਆਂ) ਖੇਤੀ ਹਜ਼ਾਰ ਗੁਣਾ ਹੋਕੇ ਜੰਮਦੀ ਹੈ, ਪਰੰਤੂ ਕੱਲਰੇ ਖੇਤ ਵਿਚ ਬੀਜ ਨਹੀਂ ਉਗਦਾ।

ਉਲੂ ਸੁਝ ਨ ਸੁਝਈ ਸਤਿਗੁਰੁ ਸੁਝ ਸੁਝਾਇ ਹਜੂਰੈ ।

ਉੱਲੂ ਨੂੰ ਸੂਰਜ ਨਹੀਂ ਦਿੱਸਦਾ, ਪਰੰਤੂ ਸਤਿਗੁਰੂ ਸੂਰਜ ਤਾਂ ਪਰਮੇਸੁਰ ਦਾ ਦਰਸ਼ਨ ਕਰਾਉਂਦੇ ਹਨ (ਭਾਵ ਸੂਰਜ ਥੋਂ ਵਿਸ਼ੇਸ਼ ਹਨ)।

ਧਰਤੀ ਬੀਜੈ ਸੁ ਲੁਣੈ ਸਤਿਗੁਰੁ ਸੇਵਾ ਸਭ ਫਲ ਚੂਰੈ ।

ਧਰਤੀ ਵਿਖੇ ਜੋ ਬੀਜੀਏ ਸੋ ਕੱਟੀਦਾ ਹੈ, ਸਤਿਗੁਰੂ ਦੀ ਸੇਵਾ ਵਿਖੇ ਸਾਰੇ (ਧਰਮਾਦਿ) ਫਲ ਪ੍ਰਾਪਤ ਹੁੰਦੇ ਹਨ।

ਬੋਹਿਥ ਪਵੈ ਸੋ ਨਿਕਲੈ ਸਤਿਗੁਰੁ ਸਾਧੁ ਅਸਾਧੁ ਨ ਦੂਰੈ ।

ਜਹਾਜ਼ ਵਿਖੇ ਜੋ ਵਸਤੂ ਪਾਈਦੀ (ਲਈਦੀ) ਹੈ, ਉਹੋ ਨਿਕਲੇਗੀ, ਸਤਿਗੁਰੂ ਜਹਾਜ਼ ਭੈੜੀਆਂ ਵਸਤਾਂ ਨੂੰ ਦੂਰ ਕਰ ਕੇ ਸ੍ਰੇਸ਼ਟ ਵਸਤਾਂ (ਹੀ ਕੱਢਦੇ) ਹਨ।

ਪਸੂ ਪਰੇਤਹੁਂ ਦੇਵ ਵਿਚੂਰੈ ।੩।

ਪਸ਼ੂਆਂ ਅਤੇ ਪਰੇਤਾਂ ਥੋਂ ਦੇਵਤਾ (ਅਗ੍ਯਾਨੀ ਥੋਂ ਗਿਆਨੀ, ਨੀਚ ਯੋਨੀ ਥੋਂ ਉਤਮ ਯੋਨੀ) ਕਰਦੇ ਹਨ।

ਪਉੜੀ ੪

ਕੰਚਨੁ ਹੋਵੈ ਪਾਰਸਹੁਂ ਕੰਚਨ ਕਰੈ ਨ ਕੰਚਨ ਹੋਰੀ ।

ਪਾਰਸ ਤੋਂ ਸੋਨਾ ਹੁੰਦਾ ਹੈ, ਪਰੰਤੂ ਉਹ ਕੰਚਨ ਹੋਰ ਨੂੰ ਸੋਨਾ ਨਹੀਂ ਕਰ ਸਕਦਾ (ਇਥੇ ਸਿਖ ਬੀ ਹੋਰਾਂ ਨੂੰ ਸਿਖ ਕਰ ਸਕਦੇ ਹਨ)।

ਚੰਦਨ ਬਾਵਨ ਚੰਦਨਹੁਂ ਓਦੂੰ ਹੋਰੁ ਨ ਪਵੈ ਕਰੋਰੀ ।

ਬਾਵਨ ਚੰਦਨ ਤੋਂ ਚੰਦਨ ਹੁੰਦਾ ਹੈ ਪਰ ਉਸ ਤੋਂ ਹੋਰ ਬੂਟੇ ਵਿਚ ('ਕਰੋਰੀ') ਵਾਸ਼ਨਾਂ ਨਹੀਂ ਪੈਂਦੀ (ਅਥਵਾ ਕਰੋੜਾਂ ਬੂਟੇ ਜਿਉਂ ਦੇ ਤਿਉਂ ਰਹਿੰਦੇ ਹਨ)।

ਵੁਠੈ ਜੰਮੈ ਬੀਜਿਆ ਸਤਿਗੁਰੁ ਮਤਿ ਚਿਤਵੈ ਫਲ ਭੋਰੀ ।

ਮੀਂਹ ਦੇ ਵਰ੍ਹਿਆਂ ਬੀਜਿਆ ਹੋਇਆ ਜੰਮਦਾ ਹੈ, ਸਤਿਗੁਰੂ ਦੀ ਸਿਖਿਆ ਦੇ ਚਿਤਵਣ ਨਾਲ ਹੀ ਛੇਤੀ ਫਲ (ਮਿਲਦਾ) ਹੈ।

ਰਾਤਿ ਪਵੈ ਦਿਹੁ ਆਥਵੈ ਸਤਿਗੁਰੁ ਗੁਰੁ ਪੂਰਣ ਧੁਰ ਧੋਰੀ ।

ਰਾਤ ਪੈਂਦੀ ਹੈ ਤਦੋਂ ('ਦਿਨ') ਸੂਰਜ ਡੁਬ ਜਾਂਦਾ ਹੈ, 'ਸਤਿਗੁਰ' (ਗੁਰੂ ਨਾਨਕ) ਜੀ ਪੂਰਨ ਮਰਯਾਦਾ ਦੇ ਧਾਰਣ ਹਾਰੇ (ਇਕ ਰਸ ਰਹਿੰਦੇ) ਹਨ।

ਬੋਹਿਥ ਪਰਬਤ ਨਾ ਚੜ੍ਹੈ ਸਤਿਗੁਰੁ ਹਠ ਨਿਗ੍ਰਹੁ ਨ ਸਹੋਰੀ ।

ਪਰਬਤ ਜਹਾਜ਼ ਪਰ ਨਹੀਂ ਚੜ੍ਹਦਾ ਪਰ ਗੁਰੂ ਜੀ (ਪਰਬਤ ਸਰੀਖੇ) ਹਠੀ ਸੁਭਾਵਾਂ ਨੂੰ ਬੀ ਤਾਰਦੇ ਹਨ।

ਧਰਤੀ ਨੋ ਭੁੰਚਾਲ ਡਰ ਗੁਰੁ ਮਤਿ ਨਿਹਚਲ ਚਲੈ ਨ ਚੋਰੀ ।

ਧਰਤੀ ਨੂੰ ਭੁਚਾਲ ਦਾ ਭਯ ਹੈ, ਗੁਰੂ ਦੀ ਸਿਖ੍ਯਾ ਅਚੱਲ ਹੈ, ਮਾੜਿਆਂ ਕੰਮਾਂ ਵਿਖੇ ਚਲਾਇਮਾਨ ਨਹੀਂ ਹੋਣ ਦੇਂਦੀ।

ਸਤਿਗੁਰ ਰਤਨ ਪਦਾਰਥ ਬੋਰੀ ।੪।

ਸਤਿਗੁਰੂ ਰਤਨ ਪਦਾਰਥ (ਵੈਰਾਗ ਪਦਾਰਥ) ਦੀ ਬੋਰੀ (ਭਰੇ ਹੋਏ) ਹਨ।

ਪਉੜੀ ੫

ਸੂਰਜ ਚੜਿਐ ਲੁਕ ਜਾਨਿ ਉਲੂ ਅੰਧ ਕੰਧ ਜਗਿ ਮਾਹੀ ।

ਸੂਰਜ ਦੇ ਉਦਯ ਹੋਣ ਨਾਲ ਉੱਲੂ ਕੰਧ ਵਾਗੂੰ ਅੰਧੇ (ਅਥਵਾ ਅੰਧੇ ਸਰੀਰ ਦੇ) ਜਗਤ ਵਿਖੇ ਲੁਕ ਜਾਂਦੇ (ਬ੍ਰਿੱਛਾਂ ਵਿਖੇ ਛਿਪ ਜਾਂਦੇ ਸਨ)।

ਬੁਕੇ ਸਿੰਘ ਉਦਿਆਨ ਮਹਿ ਜੰਬੁਕ ਮਿਰਗ ਨ ਖੋਜੇ ਪਾਹੀ ।

(ਜਦ 'ਸਿੰਘ') ਸ਼ੇਰ ਜੰਗਲ ਵਿਖੇ ਭਬਕਦਾ ਹੈ, ਗਿੱਦੜ ਤੇ ਮਿਰਗਾਂ ਦਾ ਖੋਜ ਨਹੀਂ ਲੱਭਦਾ।

ਚੜ੍ਹਿਆ ਚੰਦ ਅਕਾਸ ਤੇ ਵਿਚਿ ਕੁਨਾਲੀ ਲੁਕੈ ਨਾਹੀ ।

ਅਕਾਸ਼ ਪੁਰ ਚੰਦ ਚੜ੍ਹਿਆ ਹੋਇਆ (ਕੋਈ) ਕੁਨਾਲੀ (ਨਾਲ ਲੁਕਾਇਆ ਚਾਹੇ ਤਾਂ) ਲੁਕਦਾ ਨਹੀਂ।

ਪੰਖੀ ਜੇਤੇ ਬਨ ਬਿਖੈ ਡਿਠੇ ਬਾਜ ਨ ਠਉਰਿ ਰਹਾਹੀ ।

ਜਿਤਨੇ ਬਨ ਵਿਖੇ ਪੰਖੀ ਹਨ ਬਾਜ ਦੇ ਦੇਖਣ ਨਾਲ ਆਪਣੀਆਂ ਥਾਵਾਂ ਛੱਡਕੇ ਨੱਠੇ ਫਿਰਦੇ ਹਨ।

ਚੋਰ ਜਾਰ ਹਰਾਮਖੋਰ ਦਿਹੁ ਚੜ੍ਹਿਆ ਕੋ ਦਿਸੈ ਨਾਹੀ ।

ਚੋਰ, ਯਾਰ, ਅਤੇ 'ਹਰਾਮਖੋਰ' (ਧਾੜਵੀ ਆਦਿ ਲੁਟੇਰੇ) ਦਿਨ ਚੜ੍ਹਨ ਨਾਲ ਕਿਧਰੇ ਨਹੀਂ ਦਿੱਸਦੇ।

ਜਿਨ ਕੇ ਰਿਦੈ ਗਿਆਨ ਹੋਇ ਲਖ ਅਗਿਆਨੀ ਸੁਧ ਕਰਾਹੀ ।

ਸਾਧਸੰਗਤਿ ਕੈ ਦਰਸਨੈ ਕਲਿ ਕਲੇਸਿ ਸਭ ਬਿਨਸ ਬਿਨਾਹੀ ।

ਸਾਧਸੰਗਤਿ ਵਿਟਹੁਂ ਬਲਿ ਜਾਹੀ ।੫।

ਸਾਧ ਸੰਗਤ ਪੁਰੋਂ ਅਸੀਂ ਵਾਰਨੇ ਜਾਂਦੇ ਹਾਂ (ਜਿਸ ਦੀ ਦਇਆ ਨਾਲ ਘੋਰ ਪਾਪ ਅਰ ਕਾਮਾਦਿਕ ਵਿਖਯ ਵਿਕਾਰ ਤਿੱਤਰ ਬਿੱਤਰ ਹੋ ਜਾਂਦੇ ਹਨ। ਯਥਾ:- “ਨੀਕੀ ਸਾਧ ਸੰਗਾਨੀ॥ ਰਹਾਉ॥ ਪਹਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ”)॥

ਪਉੜੀ ੬

ਰਾਤਿ ਹਨ੍ਹੇਰੀ ਚਮਕਦੇ ਲਖ ਕਰੋੜੀ ਅੰਬਰਿ ਤਾਰੇ ।

ਅਕਾਸ਼ ਵਿਖੇ ਕਾਲੀ ਬੋਲੀ ਰਾਤ ਨੂੰ ਲੱਖਾਂ ਕਰੋੜਾਂ ਤਾਰੇ ਚਮਕਦੇ ਹਨ।

ਚੜ੍ਹਿਐ ਚੰਦ ਮਲੀਣ ਹੋਣਿ ਕੋ ਲੁਕੈ ਕੋ ਬੁਕੈ ਬਬਾਰੇ ।

ਚੰਦ ਦੇ ਚੜ੍ਹਨ ਨਾਲ ਮੰਦ ਹੋ ਜਾਂਦੇ ਹਨ, ਕੋਈ ('ਬੁਕੇ ਬਬਾਰੇ') ਬੁੜ ਬੁੜ ਕਰ ਕੇ ਬੋਲਦਾ ਹੈ (ਰਤਾ ਰਤਾ ਅੱਖਾਂ ਮਾਰਦਾ ਹੈ)।

ਸੂਰਜ ਜੋਤਿ ਉਦੋਤਿ ਕਰਿ ਤਾਰੇ ਚੰਦ ਨ ਰੈਣਿ ਅੰਧਾਰੇ ।

(ਜਦ) ਸੂਰਜ ਆਪਣੀ ਜੋਤਿ ਦਾ ਉਜਾਲਾ ਕਰਦਾ ਹੈ ਤਾਂ ਤਾਰੇ, ਚੰਦ੍ਰਮਾਂ, ਅਰ ਹਨ੍ਹੇਰੀ ਰਾਤ ਤਿੰਨੇ ਨਹੀਂ ਦਿੱਸਦੇ, (ਭਾਵ ਪੂਰੇ ਸਤਿਗੁਰੂ ਅੱਗੇ ਉਰੇ ਗੁਰੂ, ਅਵਿੱਦ੍ਯਾ ਦੇ ਝੂਠੇ ਭੇਖ ਮਾਤ੍ਰ ਹਨ। ਅੱਗੇ ਇਸੇ ਦਾ ਹੋਰ ਅਨੁਵਾਦ ਕਰਦੇ ਹਨ)।

ਦੇਵੀ ਦੇਵ ਨ ਸੇਵਕਾਂ ਤੰਤ ਨ ਮੰਤ ਨ ਫੁਰਨਿ ਵਿਚਾਰੇ ।

ਦੇਵੀਆਂ, ਦੇਵਤੇ, ਸ਼ਿਵੋਪਾਸ਼ਕ ਅਰ ਤੰਤ੍ਰ ਮੰਤ੍ਰ ਬੀ ਵਿਚਾਰੇ ਨਹੀਂ ਫੁਰਦੇ (ਗੁਰੂ ਸ਼ਬਦ ਦੇ ਅੱਗੇ ਸਾਰੇ ਮਾਤ ਪੈ ਜਾਂਦੇ ਹਨ)।

ਵੇਦ ਕਤੇਬ ਨ ਅਸਟ ਧਾਤੁ ਪੂਰੇ ਸਤਿਗੁਰੁ ਸਬਦ ਸਵਾਰੇ ।

ਵੇਦ, ਕਤੇਬਾਂ ਅਰ 'ਅੱਠ ਧਾਤਾਂ' (ਚਾਰ ਵਰਣ ਚਾਰ ਆਸ਼ਰਮ), ਪੂਰੇ ਸਤਿਗੁਰੂ (ਗੁਰੂ ਨਾਨਕ) ਦੇ ਸ਼ਬਦ ਬਿਨਾਂ ਸੰਵਰਦੇ ਨਹੀਂ, (ਭਾਵ ਫਲੀ ਭੂਤ ਨਹੀਂ ਹੁੰਦੇ)।

ਗੁਰਮੁਖਿ ਪੰਥ ਸੁਹਾਵੜਾ ਧੰਨ ਗੁਰੂ ਧੰਨੁ ਗੁਰੂ ਪਿਆਰੇ ।

ਗੁਰਮੁਖਾਂ ਦਾ ਪੰਥ ਸੁਭਾਇਮਾਨ ਹੈ। (ਇਸ ਲਈ) ਧੰਨ ਗੁਰੂ ਹਨ ਅਰ ਧੰਨ ਗੁਰੂ ਦੇ ਪ੍ਯਾਰੇ ਹਨ।

ਸਾਧਸੰਗਤਿ ਪਰਗਟੁ ਸੰਸਾਰੇ ।੬।

ਸਾਧ ਸੰਗਤ ਸੰਸਾਰ ਵਿਖੇ ਪ੍ਰਗਟ ਹੈ, (ਕਿਉਂ ਜੋ ਸਭ ਦਾ ਉਧਾਰ ਕਰਦੀ ਹੈ।

ਪਉੜੀ ੭

ਚਾਰਿ ਵਰਨਿ ਚਾਰਿ ਮਜਹਬਾਂ ਛਿਅ ਦਰਸਨ ਵਰਤਨਿ ਵਰਤਾਰੇ ।

ਚਾਰੇ (ਹਿੰਦੂ) ਵਰਣ, ਚਾਰੇ (ਮੁਸਲਮਾਨੀ) ਮਜ਼ਹਬ, ਛੀ ਦਰਸ਼ਨਾਂ ਦੇ (ਜਿੰਨੇ ਵਰਤਾਰੇ ਵਰਤਦੇ ਹਨ।

ਦਸ ਅਵਤਾਰ ਹਜਾਰ ਨਾਵ ਥਾਨ ਮੁਕਾਮ ਸਭੇ ਵਣਜਾਰੇ ।

ਦਸ ਅਵਤਾਰ (ਰਾਮ ਕ੍ਰਿਸ਼ਨਾਦਿਕ) ਹਜ਼ਾਰਾਂ ਨਾਵ ਅਰ ਮੁਕਾਮੀ ਥਾਨਾਂ ਵਾਲੇ (ਲੋਮਸਾਦਿਕ ਰਿਖੀ ਚਿਰੰਜੀਵੀ ਸਭ ਗੁਰੂ ਦੇ ਹੀ) ਵਣਜਾਰੇ (ਖਰੀਦਾਰ, ਗਾਹਕ) ਹਨ, (ਅਥਵਾ ਚੰਦ ਰੋਜ਼ੀ ਪਰਾਹੁਣੇ ਹਨ)।

ਇਕਤੁ ਹਟਹੁਂ ਵਣਜ ਲੈ ਦੇਸ ਦਿਸੰਤਰਿ ਕਰਨਿ ਪਸਾਰੇ ।

ਇਕ ਹੱਟੋਂ ਹੀ ਸੌਦਾ ਲੈਕੇ ਦੇਸ ਦੇਸਾਂਤਰਾਂ ਵਿਖੇ 'ਪਸਾਰੇ' (ਆਪੋ ਆਪਣਾ ਫੈਲਾਉ) ਕਰਦੇ ਹਨ (ਉਨ੍ਹਾਂ ਦਾ ਸ਼ਾਹ ਕੋਣ ਹੈ?)

ਸਤਿਗੁਰੁ ਪੂਰਾ ਸਾਹੁ ਹੈ ਬੇਪਰਵਾਹੁ ਅਥਾਹੁ ਭੰਡਾਰੇ ।

(ਸ਼ੰਕਾ ਦਾ ਉੱਤਰ ਦਿੰਦੇ ਹਨ:) ਸਤਿਗੁਰੂ (ਗੁਰੂ ਨਾਨਕ) ਪੂਰਾ ਸ਼ਾਹ ਹੈ, ਬੇਪਰਵਾਹ, ਨਿਰਲੋਭ ਹੈ, ਅਰ ਉਸ ਦੇ ਭੰਡਾਰੇ (ਨਾਮ ਦੇ) ਅਥਾਹ (ਅਨਗਿਣਤ) ਭਰੇ ਹੋਏ ਹਨ।

ਲੈ ਲੈ ਮੁਕਰਿ ਪਾਨਿ ਸਭ ਸਤਿਗੁਰੁ ਦੇਇ ਨ ਦੇਂਦਾ ਹਾਰੇ ।

ਗਾਹਕ ਤਾਂ ਲੈ ਲੈ ਕੇ ਸਾਰੇ ਮੁੱਕਰ ਪੈਂਦੇ ਹਨ, (ਭਾਵ ਮਰ ਜਾਂਦੇ ਹਨ ਜਾਂ ਇਕਰਾਰ ਨਹੀਂ ਕਰਦੇ, ਪਰੰਤੂ) ਸਤਿਗੁਰੂ ਦੇਈ ਹੀ ਜਾਂਦੇ ਹਨ, ਦਿੰਦੇ ਹੋਏ ਹਾਰਦੇ ਨਹੀਂ ਹਨ।

ਇਕੁ ਕਵਾਉ ਪਸਾਉ ਕਰਿ ਓਅੰਕਾਰਿ ਅਕਾਰ ਸਵਾਰੇ ।

ਇਕ ਵਾਕ ਥੋਂ ਹੀ ਓਅੰਕਾਰ ਨੇ ਪਸਾਰਾ ਕਰ ਕੇ 'ਅਕਾਰ' (ਆਪਣਾ ਸਰੂਪ) ਧਾਰਣ ਕੀਤਾ ਹੈ।

ਪਾਰਬ੍ਰਹਮ ਸਤਿਗੁਰ ਬਲਿਹਾਰੇ ।੭।

(ਓਹੀ) ਪਾਰਬ੍ਰਹਮ ਰੂਪ ਸਤਿਗੁਰੂ (ਨਾਨਕ) ਹੈ, (ਮੈਂ ਉਸ ਪੁਰੋਂ) ਬਲਿਹਾਰ (ਜਾਂਦਾ) ਹਾਂ।

ਪਉੜੀ ੮

ਪੀਰ ਪੈਕੰਬਰ ਔਲੀਏ ਗੌਸ ਕੁਤਬ ਉਲਮਾਉ ਘਨੇਰੇ ।

ਪੀਰ ਪੈਕੰਬਰ ਔਲੀਆ, ਗ਼ੌਸ, ਕੁਤਬ, ਆਲਮ ਲੋਕ (ਵਿਦਵਾਨ) ਘਣੇ (ਹੋ ਗੁਜ਼ਰੇ) ਹਨ।

ਸੇਖ ਮਸਾਇਕ ਸਾਦਕਾ ਸੁਹਦੇ ਔਰ ਸਹੀਦ ਬਹੁਤੇਰੇ ।

ਸ਼ੇਖ ਮਸ਼ਾਇਖ, ਸਿਦਕੀ ਲੋਕ, ('ਸ਼ੁਹਦੇ') ਗਰੀਬ ('ਸ਼ਹੀਦ') ਸੂਰਬੀਰ ਬਾਹਲੇ।

ਕਾਜੀ ਮੁਲਾਂ ਮਉਲਵੀ ਮੁਫਤੀ ਦਾਨਸਵੰਦ ਬੰਦੇਰੇ ।

ਕਾਜ਼ੀ, ਮੁਲਾਂ, ਮੌਲਵੀ, ਮੁਫਤੀ, ਅਕਲਈਏ (ਪਰਮੇਸ਼ਰ ਦੇ) ਬੰਦੇ।

ਰਿਖੀ ਮੁਨੀ ਦਿਗੰਬਰਾਂ ਕਾਲਖ ਕਰਾਮਾਤ ਅਗਲੇਰੇ ।

ਰਿਖੀ ਮੁਨੀ, ਨਾਂਗੇ ਕਰਾਮਾਤ ਦੀ ਕਾਲਖ ਵਾਲੇ ਬਾਹਲੇ।

ਸਾਧਿਕ ਸਿਧਿ ਅਗਣਤ ਹੈਨਿ ਆਪ ਜਣਾਇਨਿ ਵਡੇ ਵਡੇਰੇ ।

ਸਾਧਕ, ਸਿੱਧ ਕਈ ਹਨ, ਆਪਣਾ ਆਪ ਜਣਾਉਂਦੇ ਹਨ - ਵਡਿਆਂ ਥੋਂ ਵਡੇ ਹੋਕੇ। (ਛੀਵੀਂ ਤੇ ਸਤਵੀਂ ਤੁਕ ਵਿਖੇ ਸਭ ਦਾ ਨਿਖੇਧ ਦੱਸਦੇ ਹਨ)।

ਬਿਨੁ ਗੁਰ ਕੋਇ ਨ ਸਿਝਈ ਹਉਮੈਂ ਵਧਦੀ ਜਾਇ ਵਧੇਰੇ ।

ਗੁਰੂ ਦੇ ਬਾਝ ਕੋਈ ਮੁਕਤ ਨਹੀਂ ਹੋ ਸਕਦਾ (ਸਗੋਂ) ਹੰਤਾ ਤੇ ਮਮਤਾ ਬਾਹਲੀ ਵਧਦੀ ਜਾਂਦੀ ਹੈ। (ਕਿਉਂ)

ਸਾਧਸੰਗਤਿ ਬਿਨੁ ਹਉਮੈ ਹੇਰੇ ।੮।

ਸਾਧ ਸੰਗਤ ਦੇ ਬਾਝ ਹਉਮੈਂ ਤਾੜਦੀ ਹੈ (ਹੰਤਾ ਮਮਤਾ ਦੋਵੇਂ ਡਾਇਣਾਂ ਵਾਂਗੂੰ ਹ੍ਰਿਦਯ ਦੀ ਸਿੰਮ੍ਰਤੀ ਨੂੰ ਖਾ ਜਾਂਦੀਆਂ ਹਨ। ਇਨ੍ਹਾਂ ਦੇ ਨਾਸ਼ਬਾਝ ਗਿਆਨ ਦੀ ਪ੍ਰਾਪਤੀ ਨਹੀਂ, ਗਿਆਨ ਬਾਝ ਮੁਕਤੀ ਨਹੀਂ, ਇਨ੍ਹਾਂ ਦਾ ਅਭਾਵ ਗੁਰੂ ਬਿਨ ਨਹੀਂ, ਤਾਂਤੇ ਗੁਰੂ ਹੀ ਮੁਕਤੀ ਦਾ ਕਾਰਣ ਹਨ)।

ਪਉੜੀ ੯

ਕਿਸੈ ਰਿਧਿ ਸਿਧਿ ਕਿਸੈ ਦੇਇ ਕਿਸੈ ਨਿਧਿ ਕਰਾਮਾਤ ਸੁ ਕਿਸੈ ।

ਕਿਸੇ ਨੂੰ ਰਿਧੀਆਂ, ਕਿਸੇ ਨੂੰ ਸਿਧੀਆਂ, ਕਿਸੇ ਨੂੰ ਨਿਧੀਆਂ, ਕਿਸੇ ਨੂੰ ਕਰਾਮਾਤਾਂ।

ਕਿਸੈ ਰਸਾਇਣ ਕਿਸੈ ਮਣਿ ਕਿਸੈ ਪਾਰਸ ਕਿਸੈ ਅੰਮ੍ਰਿਤ ਰਿਸੈ ।

ਕਿਸੇ ਨੂੰ ਰਸਾਇਣ, ਕਿਸੇ ਨੂੰ ਮਣੀ, ਕਿਸੇ ਨੂੰ ਪਾਰਸ, ਕਿਸੇ ਨੂੰ ਅੰਮ੍ਰਿਤ ਰਿਸੇ ਹੈ।

ਤੰਤੁ ਮੰਤੁ ਪਾਖੰਡ ਕਿਸੈ ਵੀਰਾਰਾਧ ਦਿਸੰਤਰੁ ਦਿਸੈ ।

ਕਿਸੇ ਨੂੰ ਤੰਤ ਮੰਤਾਂ ਦੇ ਪਾਖੰਡ, ਕੋਈ ਵੀਰਾਂ ਦੇ ਸੇਵਨ ਵਿਚ ਹੀ (ਤਤਪਰ) ਹੈ, ਕੋਈ ('ਦਿਸੰਤਰ ਦਿਸੈ' ਅਰਥਾਤ) ਦੇਸ਼ ਦੇਸ਼ਾਤ੍ਰਾਂ ਵਿਖੇ ਹੀ (ਭਟਕ ਰਿਹਾ ਹੈ)।

ਕਿਸੈ ਕਾਮਧੇਨੁ ਪਾਰਿਜਾਤ ਕਿਸੈ ਲਖਮੀ ਦੇਵੈ ਜਿਸੈ ।

ਕਿਸੇ ਨੂੰ ਕਾਮਧੇਨੁ, ਕਿਸੇ ਨੂੰ ਕਲਪ ਬ੍ਰਿੱਛ ਕਿਸੇ ਨੂੰ ਲਖਮੀ ਹੀ ਦੇ ਰੱਖੀ ਹੈ। (ਚੱਕ੍ਰਵਰਤੀ ਰਾਜੇ ਬਣੇ ਹੋਏ ਹਨ)।

ਨਾਟਕ ਚੇਟਕ ਆਸਣਾ ਨਿਵਲੀ ਕਰਮ ਭਰਮ ਭਉ ਮਿਸੈ ।

ਕੋਈ ਖਿਲਾਰੀ ਹੋਕੇ ਖੇਲਾਂ ਕਰਦੇ (ਕੋਈ 'ਚੇਟਕ') ਚਟਕ ਲਾਕੇ ਵਸ ਕਰ ਲੈਂਦੇ ਹਨ, ਕਈ ਆਸਣਾਂ, ਕਈ ਨਿਵਲੀ ਕਰਮ, ਨੇਤੀ ਧੋਤੀਆਂ ਦੇ ਭਰਮ ਅਤੇ ਭਉ ਵਿਖੇ ('ਮਿਸੇ') ਮਿਲੇ ਹੋਏ ਹਨ (ਜਾਂ ਬਹਾਨੇ ਕਰਦੇ ਹਨ)।

ਜੋਗੀ ਭੋਗੀ ਜੋਗੁ ਭੋਗੁ ਸਦਾ ਸੰਜੋਗੁ ਵਿਜੋਗੁ ਸਲਿਸੈ ।

ਕਈ ('ਜੋਗੀ') ਜੋਗ ਦੇ ('ਭੋਗੀ') ਭੋਗਾਂ ਦੇ ਸੰਜੋਗ ਵਿਜੋਗ ਵਿਚ (ਸਲਿੱਸੈ) ਵਿਸ਼ੇਖ ਕਰ ਕੇ (ਮਿਲਤ ਹਨ) ਜੰਮਦੇ ਮਰਦੇ ਹਨ। (ਏਹ ਸਭ ਹੰਤਾ ਮਮਤਾ ਦੇ ਕਾਰਜ ਹਨ ਜੋ ਪਿਛੇ ਕਹੇ ਹਨ, ਪਰੰਤੂ)।

ਓਅੰਕਾਰਿ ਅਕਾਰ ਸੁ ਤਿਸੈ ।੯।

ਉਸ (ਵਾਹਿਗੁਰੂ) ਦਾ ਅਕਾਰ ਓਅੰਕਾਰ ਹੈ।

ਪਉੜੀ ੧੦

ਖਾਣੀ ਬਾਣੀ ਜੁਗਿ ਚਾਰਿ ਲਖ ਚਉਰਾਸੀਹ ਜੂਨਿ ਉਪਾਈ ।

ਚਾਰ ਖਾਣੀਆਂ, ਚਾਰ ਬਾਣੀਆਂ, ਚਾਰ ਜੁਗ ਬਣਾ ਕੇ ਚੌਰਾਸੀ ਲਖ ਜੂਨੀ (ਈਸ਼੍ਵਰ ਨੇ) ਉਤਪਤ ਕੀਤੀ ਹੈ।

ਉਤਮ ਜੂਨਿ ਵਖਾਣੀਐ ਮਾਣਸਿ ਜੂਨਿ ਦੁਲੰਭ ਦਿਖਾਈ ।

ਮਨੁੱਖ ਯੋਨੀ ਉੱਤਮ ਯੋਨੀ ਕਹੀਦੀ ਹੈ, (ਇਸੇ ਕਰਕੇ) ਦੂਰਲੱਭ ਦੱਸੀ ਹੈ, ('ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈਬਾਰ'। ਕਿਉਂ ਦੁਰਲੱਭ ਹੈ?)

ਸਭਿ ਜੂਨੀ ਕਰਿ ਵਸਿ ਤਿਸੁ ਮਾਣਸਿ ਨੋ ਦਿਤੀ ਵਡਿਆਈ ।

ਕਿ ਸਾਰੀਆਂ ਯੋਨੀਆਂ ਇਸੇ ਦੇ ਤਾਬੇ ਕੀਤੀਆਂ ਗਈਆਂ ਹਨ, ਇਸੇ ਮਾਣਸ ਜੂਨੀ ਨੂੰ ਹੀ (ਸਾਰੀਆਂ ਯੋਨੀਆਂ ਦੀ) ਸ਼ਿਰੋਮਣਤਾਈ ਦਿੱਤੀ ਗਈ ਹੈ।

ਬਹੁਤੇ ਮਾਣਸ ਜਗਤ ਵਿਚਿ ਪਰਾਧੀਨ ਕਿਛੁ ਸਮਝਿ ਨ ਪਾਈ ।

ਬਾਹਲੇ ਮਨੁਖ ਜਗਤ ਵਿਖੇ (ਇਕ ਦੂਜੇ ਦੇ) ਪਰਾਧੀਨ ਰਹਿੰਦੇ ਹਨ (ਉਨ੍ਹਾਂ ਨੂੰ ਆਪਣੇ ਘਰ ਦੀ) ਕੁਝ ਸਮਝ ਨਹੀਂ ਪੈਂਦੀ (ਕਿਉਂ ਜੋ ਓਹ ਸੁਤੰਤਰ ਨਹੀਂ ਹਨ, ਪਰੰਤੂ ਭੈੜੇ ਪਰਾਧੀਨ ਹਨ, ਅੱਗੇ ਹੋਰ ਦੱਸਦੇ ਹਨ)।

ਤਿਨ ਮੈ ਸੋ ਆਧੀਨ ਕੋ ਮੰਦੀ ਕੰਮੀਂ ਜਨਮੁ ਗਵਾਈ ।

ਉਨ੍ਹਾਂ ਵਿਚੋਂ ਓਹ ਲੋਕ ਪਰਾਧੀਨ ਗਿਣੇ ਗਏ ਹਨ ਜੋ ਭੈੜਿਆਂ (ਚੋਰੀ ਯਾਰੀ ਆਦਿ) ਕੰਮਾਂ ਵਿਖੇ (ਹੀਰਾ) ਜਨਮ ਗਵਾ ਦਿੰਦੇ ਹਨ। (ਚੌਰਾਸੀ ਲੱਖ ਦਾ ਫੇਰਾ ਕਿੱਕੁਰ ਮਿਟੇ?)

ਸਾਧਸੰਗਤਿ ਦੇ ਵੁਠਿਆਂ ਲਖ ਚਉਰਾਸੀਹ ਫੇਰਿ ਮਿਟਾਈ ।

ਸਾਧ ਸੰਗਤ ਦੇ ('ਵੁਠਿਆਂ') ਵਰਖਾ ਕੀਤਿਆਂ ਚੌਰਾਸੀ ਲੱਖ ਦਾ ਦੌਰ ਮਿਟ ਜਾਂਦਾ ਹੈ।

ਗੁਰੁ ਸਬਦੀ ਵਡੀ ਵਡਿਆਈ ।੧੦।

ਗੁਰ ਸ਼ਬਦ ਦੀ ਵੱਡੀ ਵਡਿਆਈ ਹੈ (ਜਦ ਗੁਰੂ ਸ਼ਬਦ ਦੀ ਵਰਖਾ ਕਰਦੇ ਹਨ ਤਾਂ ਚੌਰਾਸੀ ਕੱਟੀ ਜਾਂਦੀ ਹੈ।

ਪਉੜੀ ੧੧

ਗੁਰਸਿਖ ਭਲਕੇ ਉਠ ਕਰਿ ਅੰਮ੍ਰਿਤ ਵੇਲੇ ਸਰੁ ਨ੍ਹਾਵੰਦਾ ।

ਗੁਰੂ ਦਾ ਸਿਖ ਸਦੀਵ ਉਠਕੇ ਅੰਮਿਤ ਵੇਲੇ 'ਸਰ' (ਅੰਮ੍ਰਿਤਸਰ ਅਥਵਾ ਕੂਪਾਂ, ਤਲਾਵਾਂ ਪੁਰ) ਸ਼ਨਾਨ ਕਰਦਾ ਹੈ।

ਗੁਰੁ ਕੈ ਬਚਨ ਉਚਾਰਿ ਕੈ ਧਰਮਸਾਲ ਦੀ ਸੁਰਤਿ ਕਰੰਦਾ ।

ਗੁਰੂ ਦੇ ਬਚਨ (ਜਪੁਜੀ ਆਦਿ ਬਾਣੀ) ਪੜ੍ਹਕੇ ਧਰਮ ਸ਼ਾਲਾ ਦੀ 'ਸੁਰਤਿ' ਸਿੰਮ੍ਰਤੀ ਅਥਵਾ ਪ੍ਰੀਤਿ ਕਰਦਾ ਹੈ।

ਸਾਧਸੰਗਤਿ ਵਿਚਿ ਜਾਇ ਕੈ ਗੁਰਬਾਣੀ ਦੇ ਪ੍ਰੀਤਿ ਸੁਣੰਦਾ ।

ਸਾਧ ਸੰਗਤ ਵਿਖੇ ਜਾਕੇ (ਆਸਾ ਦੀ ਵਾਰ ਆਦਿ) ਗੁਰੂ ਦੀ ਬਾਣੀ ਪ੍ਰੀਤ ਨਾਲ ਸੁਣਦਾ ਹੈ।

ਸੰਕਾ ਮਨਹੁਂ ਮਿਟਾਇ ਕੈ ਗੁਰੁ ਸਿਖਾਂ ਦੀ ਸੇਵ ਕਰੰਦਾ ।

ਮਨ ਦੀਆਂ ਸ਼ੰਕਾਂ ਦੂਰ ਕਰ ਕੇ ਗੁਰੂ ਦੇ ਸਿਖ ਦੀ ਸੇਵਾ ਕਰਦਾ ਹੈ।

ਕਿਰਤ ਵਿਰਤ ਕਰਿ ਧਰਮੁ ਦੀ ਲੈ ਪਰਸਾਦ ਆਣਿ ਵਰਤੰਦਾ ।

(ਦਸਾਂ ਨੌਹਾਂ ਦੀ) ਧਰਮ ਦੀ ਕਮਾਈ ਕਰ ਕੇ ਅਥਵਾ (ਕੜਾਹ ਪ੍ਰਸ਼ਾਦ, ਮੰਡੇ ਪ੍ਰਸ਼ਾਦ) ਲੈਕੇ (ਵਿਰਤ) ਰੋਜ਼ੀ ਕਮਾਕੇ ਸਾਧ ਸੰਗਤ ਵਿਚ ਆਕੇ ਵਰਤਾਉਂਦਾ ਹੈ।

ਗੁਰਸਿਖਾਂ ਨੋ ਦੇਇ ਕਰਿ ਪਿਛੋਂ ਬਚਿਆ ਆਪੁ ਖਵੰਦਾ ।

(ਪਹਿਲੇ) ਗੁਰ ਸਿਖਾਂ ਨੂੰ ਦੇਕੇ (ਛਕਾ ਕੇ) ਜੋ ਬਚ ਰਹੇ ਆਪ ਛਕਦਾ ਹੈ। (ਸੱਤਵੀ ਤੇ ਅੱਠਵੀਂ ਤੁਕ ਵਿਖੇ ਇਸ ਨੂੰ ਗਾਡੀ ਰਾਹ ਲਿਖਦੇ ਹਨ)।

ਕਲੀ ਕਾਲ ਪਰਗਾਸ ਕਰਿ ਗੁਰੁ ਚੇਲਾ ਚੇਲਾ ਗੁਰੁ ਸੰਦਾ ।

ਕਲਜੁਗ ਵਿਚ ਪਰਗਾਸ ਕਰ ਕੇ ਗੁਰੂ ਚੇਲਾ ਤੇ ਚੇਲਾ ਗੁਰੂ ਦਾ (ਰੂਪ) ਹੋ ਜਾਂਦਾ ਹੈ।

ਗੁਰਮੁਖ ਗਾਡੀ ਰਾਹੁ ਚਲੰਦਾ ।੧੧।

ਗੁਰਮੁਖ (ਗੁਰੂ ਜੀ ਦੇ ਚਲਾਏ ਹੋਏ) ਗਾਡੀ ਰਾਹ (ਪਧਰੇ ਰਾਹ) ਪੁਰ ਚਲਦਾ ਹੈ।

ਪਉੜੀ ੧੨

ਓਅੰਕਾਰ ਅਕਾਰੁ ਜਿਸ ਸਤਿਗੁਰੁ ਪੁਰਖੁ ਸਿਰੰਦਾ ਸੋਈ ।

ਓਅੰਕਾਰ ਹੀ ਜਿਸ ਦਾ ਆਕਾਰ ਹੈ (ਸੋਈ) ਸਤਿਗੁਰ ਪੁਰਖ ਰਚਨਹਾਰਾ ਹੈ।

ਇਕੁ ਕਵਾਉ ਪਸਾਉ ਜਿਸ ਸਬਦ ਸੁਰਤਿ ਸਤਿਸੰਗ ਵਿਲੋਈ ।

ਇਕ ਵਾਕ ਥੋਂ ਜਿਸ ਨੇ ਪਸਾਰਾ ਕੀਤਾ ਹੈ ਸਤਿਸੰਗ ਵਿਖੇ ਸ਼ਬਦ ਸੂਰਤ ਦਾ ਰਿੜਕਨਾ ਕੀਤਾ।

ਬ੍ਰਹਮਾ ਬਿਸਨੁ ਮਹੇਸੁ ਮਿਲਿ ਦਸ ਅਵਤਾਰ ਵੀਚਾਰ ਨ ਹੋਈ ।

ਬ੍ਰਹਮਾਂ, ਬਿਸ਼ਨੂੰ, ਮਹੇਸ਼, ਨਾਲ ਮਿਲਕੇ ਦਸ ਅਵਤਾਰਾਂ ਪਾਸੋਂ ਬੀ (ਉਸ ਓਅੰਕਾਰ ਦਾ) ਵੀਚਾਰ ਨਹੀਂ ਹੋ ਸਸਕਿਆ।

ਭੇਦ ਨ ਬੇਦ ਕਤੇਬ ਨੋ ਹਿੰਦੂ ਮੁਸਲਮਾਣ ਜਣੋਈ ।

ਨਾ ਬੇਦਾਂ ਨਾ ਕਤੇਬਾਂ, ਨਾ ਹਿੰਦੂ, ਨਾ ਮੁਸਲਮਾਨ ਭੇਦ ਨੂੰ ਜਾਣਦੇ ਹਨ।

ਉਤਮ ਜਨਮੁ ਸਕਾਰਥਾ ਚਰਣਿ ਸਰਣਿ ਸਤਿਗੁਰੁ ਵਿਰਲੋਈ ।

(ਮਾਨੁਖ) ਜਨਮ ਸ੍ਰੇਸ਼ਟ ਹੈ (ਪਰ) ਸਫਲ (ਉਸੇ ਦਾ ਹੁੰਦਾ ਹੈ ਜੋ ਕੋਈ) ਵਿਰਲਾ ਸਤਿਗੁਰੂ ਦੇ ਚਰਣਾਂ ਦੀ ਸ਼ਰਣ ਆਉਂਦਾ ਹੈ।

ਗੁਰੁ ਸਿਖ ਸੁਣਿ ਗੁਰੁ ਸਿਖ ਹੋਇ ਮੁਰਦਾ ਹੋਇ ਮੁਰੀਦ ਸੁ ਕੋਈ ।

ਗੁਰੂ ਦੀ ਸਿਖਿਆ ਨੂੰ ਸੁਣਕੇ ਅਰ ਗੁਰੂ ਦਾ ਸਿੱਖ ਹੋਕੇ ਜੋ ਮੁਰੀਦ ਮੁਰਦਾ ਹੋ ਜਾਵੇ, ਸੋ ਕੋਈ ਹੀ ਹੈ, ('ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ')

ਸਤਿਗੁਰੁ ਗੋਰਿਸਤਾਨ ਸਮੋਈ ।੧੨।

ਸਤਿਗੁਰੂ (ਗੁਰੂ ਨਾਨਕ ਨੂੰ ਆਪਣੀ ਗੌਰ ਜਾਣਕੇ ਸਮਾਏ ਰਹੇ (ਭਾਵ- ਅਨਿੰਨ ਭਗਤ ਹੋ ਕੇ ਗੁਰੂ ਚਰਣ ਵਿਖੇ ਆਪਣਾ ਘਰ ਬਣਾ ਕੇ ਤਦਾਕਾਰ ਹੋ ਰਹੇ।

ਪਉੜੀ ੧੩

ਜਪ ਤਪ ਹਠਿ ਨਿਗ੍ਰਹ ਘਣੇ ਚਉਦਹ ਵਿਦਿਆ ਵੇਦ ਵਖਾਣੇ ।

ਕਈ ਜਪ, ਕਈ ਤਪ ਹੀ ਹਠ ਧਾਰ ਕੇ ਕਰਦੇ, ਕਈ ਚੌਦਾਂ ਵਿਦਯਾ ਸਿੱਖਦੇ। ਕਈ ਵੈਦਾਂ ਦਾ ਹੀ ਵ੍ਯਾਖ੍ਯਾਨ ਕਰਦੇ ਹਨ।

ਸੇਖਨਾਗ ਸਨਕਾਦਿਕਾਂ ਲੋਮਸ ਅੰਤੁ ਅਨੰਤ ਨ ਜਾਣੇ ।

ਸ਼ੇਖ ਨਾਗ ਸਨਕਾਦਿਕ, ਲੋਮਸ ਰਿਖੀ, ਅਨੰਤ ਦੇ ਅੰਤ ਨੂੰ ਨਹੀਂ ਜਾਣਦੇ।

ਜਤੀ ਸਤੀ ਸੰਤੋਖੀਆਂ ਸਿਧ ਨਾਥ ਹੋਇ ਨਾਥ ਭੁਲਾਣੇ ।

ਜਤੀ, ਸਤੀ, ਸੰਤੋਖੀ ਸਿੱਧ (ਨੌਂ) ਨਾਥ ਸਾਰੇ ਆਪ ਨੂੰ ('ਨਾਥ') ਸੁਆਮੀ ਮੰਨਦੇ (ਹੰਕਾਰ ਵਿਖੇ) ਭੁੱਲ ਰਹੇ ਹਨ।

ਪੀਰ ਪੈਕੰਬਰ ਅਉਲੀਏ ਬੁਜਰਕਵਾਰ ਹਜਾਰ ਹੈਰਾਣੇ ।

ਪੀਰ ਪੈਕੰਬਰ, ਔਲੀਏ, ਮਹੰਤ ਲੋਕ ਹਜ਼ਾਰਾਂ ਹੀ ਹੈਰਾਣ ਹੋ ਰਹੇ ਹਨ।

ਜੋਗ ਭੋਗ ਲਖ ਰੋਗ ਸੋਗ ਲਖ ਸੰਜੋਗ ਵਿਜੋਗ ਵਿਡਾਣੇ ।

ਲੱਖਾਂ ਜੋਗ ਭੋਗ ਵਿਚ, ਲਖਾਂ ਰੋਗ ਸੋਗ ਵਿਚ, ਲੱਖਾ ਸੰਜੋਗ ਵਿਜੋਗ ਵਿਖੇ ਹੀ ('ਵਿਡਾਣ') ਹੱਕੇ ਬੱਕੇ ਹੋ ਰਹੇ ਹਨ।

ਦਸ ਨਾਉਂ ਸੰਨਿਆਸੀਆਂ ਭੰਭਲਭੂਸੇ ਖਾਇ ਭੁਲਾਣੇ ।

ਦਸ ਪੰਥ ਸੰਨਿਆਸੀਆਂ ਦੇ ਡਕੋਡੋਲੇ ਖਾ ਕੇ ਭੁੱਲੇ ਫਿਰਦੇ ਹਨ। (ਹੇਠਲੀਆਂ ਦੋ ਤੁਕਾਂ ਵਿਖੇ ਗੁਰ ਸਿਖਾਂ ਦੀ ਵਿਸ਼ੇਖਤਾ ਦੱਸਦੇ ਹਨ)।

ਗੁਰੁ ਸਿਖ ਜੋਗੀ ਜਾਗਦੇ ਹੋਰ ਸਭੇ ਬਨਵਾਸੁ ਲੁਕਾਣੇ ।

ਗੁਰੂ ਦੇ ਸਿੱਖ (ਗ੍ਰਿਹਸਥ ਵਿਚ ਰਹਿਕੇ ਹੀ) ਜੋਗੀ ਹਨ, ਅਰ (ਜਾਗਦੇ) ਸਾਵਧਾਨ ਹਨ, ਹੋਰ ਸਾਰੇ ਬਨਵਾਸਾਂ ਵਿਚ ਹੀ ਲੁਕੇ ਰਹਿੰਦੇ ਹਟ।

ਸਾਧਸੰਗਤਿ ਮਿਲਿ ਨਾਮੁ ਵਖਾਣੇ ।੧੩।

ਜੋ ਸਾਧ ਸੰਗਤ ਵਿਖੇ ਮਿਲਦੇ ਹਨ (ਤੇ) ਨਾਮ ਦਾ ਵਯਾਖਯਾਨ ਕਰਦੇ ਹਨ, (ਇਸੇ ਕਰ ਕੇ ਮੁਕਤ ਹਨ, ਇਤਰ ਜੀਵ ਬਨਾਂ ਵਿਖੇ ਹੀ ਭਟਕਦੇ ਚੌਰਾਸੀ ਭੋਗਦੇ ਹਨ)।

ਪਉੜੀ ੧੪

ਚੰਦ ਸੂਰਜ ਲਖ ਚਾਨਣੇ ਤਿਲ ਨ ਪੁਜਨਿ ਸਤਿਗੁਰੁ ਮਤੀ ।

ਲੱਖਾਂ ਹੀ ਚੰਨ ਸੂਰਜ ਦੇ ਪਰਕਾਸ਼ ਸਤਿਗੁਰੂ ਦੀ ਸਿੱਖਯਾ ਦੇ ਇਕ ਤਿਲ ਨੂੰ ਨਹੀਂ ਪਹੁੰਚ ਸਕਦੇ, (ਕਿਉਂ ਜੋ ਉਹ ਉਹਨਾਂ ਦੇ ਚਾਨਣਿਆਂ ਦਾ ਪਰਕਾਸ਼ ਚੇਤਨ ਚਾਨਣਾ ਹੈ, ਏਹ ਚਾਨਣਾ ਜੜ੍ਹ ਹੈ)।

ਲਖ ਪਾਤਾਲ ਅਕਾਸ ਲਖ ਉਚੀ ਨੀਵੀਂ ਕਿਰਣਿ ਨ ਰਤੀ ।

ਲੱਖਾਂ ਪਤਾਲ, ਲੱਖਾਂ ਅਕਾਸ਼ਾਂ ਵਿਖੇ (ਗੁਰੂ ਕ੍ਰਿਪਾ ਦ੍ਰਿਸ਼ਟੀ ਦੀ) ਕਿਰਣ ਰਤੀ ਬੀ ਉੱਚੀ ਨੀਵੀਂ ਨਹੀਂ ਪੈਂਦੀ (ਚੰਦ ਸੂਰਜ ਦੀਆਂ ਕਿਰਣਾਂ ਵਿਚ ਊਚ ਨੀਚਤਾ ਇਹ ਹੈ ਕਿ ਨੇੜੇ ਪੈਂਦੀ, ਦੂਰ ਘੱਟ ਪਹੁੰਚਦੀ ਹੈ)

ਲਖ ਪਾਣੀ ਲਖ ਪਉਣ ਮਿਲਿ ਰੰਗ ਬਿਰੰਗ ਤਰੰਗ ਨ ਵਤੀ ।

ਲੱਖਾਂ ('ਪਾਣੀ') ਦਰੀਆਉ, ਲਖ ਪਾਉਣਾਂ ਨਾਲ ਮਿਲਕੇ ਰੰਗ ਬਿਰੰਗੀ ਤਰੰਗਾਂ ਵਾਲੇ ਹੋ ਜਾਂਦੇ ਹਨ, ਭਾਵ ਓਹ ਬੀ ਬਰਾਬਰੀ ਨਹੀਂ ਕਰ ਸਕਦੇ)।

ਆਦਿ ਨ ਅੰਤੁ ਨ ਮੰਤੁ ਪਲੁ ਲਖ ਪਰਲਉ ਲਖ ਲਖ ਉਤਪਤੀ ।

ਆਦਿ ਵਿਖੇ ਉਤਪੱਤੀ, ਅੰਤ ਵਿਖੇ ਪਰਲਉ ਅਰ ਮੱਧ ਕਾਲ ਵਿਖੇ ਜੋ ਲੱਖਾਂ ਉਤਪਤੀਆਂ ਹੋ ਰਹੀਆਂ ਹਨ।

ਧੀਰਜ ਧਰਮ ਨ ਪੁਜਨੀ ਲਖ ਲਖ ਪਰਬਤ ਲਖ ਧਰਤੀ ।

ਧੀਰਜ, ਧਰਮ ਲਖਾਂ ਪਰਬਤ, ਲੱਖਾਂ ਧਰਤੀਆਂ (ਗੁਰੂ ਧੀਰਜ ਨੂੰ) ਨਹੀਂ ਪੁਜ ਸਕਦੇ।

ਲਖ ਗਿਆਨ ਧਿਆਨ ਲਖ ਤੁਲਿ ਨ ਤੁਲੀਐ ਤਿਲ ਗੁਰਮਤੀ ।

ਲਖਾਂ ਗਿਆਨ, ਲਖਾਂ ਧਿਆਨ, ਗੁਰੂ ਸਿੱਖਯਾ ਦੇ ਇਕ ਤਿਲ ਦੇ ਸਮਾਨ ਨਹੀਂ ਹਨ, (ਕਿਉਂਕਿ ਏਹ ਹਉਮੈਂ ਅਤੀਤ ਕਰ ਕੇ ਯਥਾਰਥ ਤੇ ਲੈ ਜਾਂਦੀ ਹੈ)।

ਸਿਮਰਣ ਕਿਰਣਿ ਘਣੀ ਘੋਲ ਘਤੀ ।੧੪।

(ਗੁਰੂ ਜੀ ਦੀ 'ਸਿਮਰਣ') ਯਾਦਗੀਰੀ ਥੌਂ ਘਣੀਆਂ (ਚੰਦ ਸੂਰਜ ਦੀਆਂ) ਕਿਰਣਾਂ ਵਾਰਨੇ ਕਰ ਦਿਤੀਆਂ ਹਨ।

ਪਉੜੀ ੧੫

ਲਖ ਦਰੀਆਉ ਕਵਾਉ ਵਿਚਿ ਲਖ ਲਖ ਲਹਰਿ ਤਰੰਗ ਉਠੰਦੇ ।

(ਅਕਾਲ ਪੁਰਖ ਦੇ 'ਕਵਾਉ') ਸਰੀਰ (ਯਾ ਵਾਕ) ਵਿਖੇ ਲੱਖਾਂ ਦਰੀਆਉ (ਸ਼ਕਤੀਆਂ) ਹਨ, ਉਹਨਾਂ ਦਰੀਆਵਾਂ ਸ਼ਕਤੀਆਂ ਥੋਂ) ਲਖਾਂ ਲਹਿਰਾਂ ਦੇ ਤਰੰਗ ਉਠਦੇ ਹਨ।

ਇਕਸ ਲਹਰਿ ਤਰੰਗ ਵਿਚਿ ਲਖ ਲਖ ਲਖ ਦਰੀਆਉ ਵਹੰਦੇ ।

ਇਕ (ਮਾਇਆ ਦੇ) ਲਹਿਰ ਦੇ ਤਰੰਗ ਵਿਚ ਲੱਖਾਂ ਹੀ ਦਰੀਆਉ ਵਹਿੰਦੇ ਹਨ (ਲਖਾਂ ਬ੍ਰਹਿਮੰਡ ਬਣਦੇ ਹਨ)।

ਇਕਸ ਇਕਸ ਦਰੀਆਉ ਵਿਚਿ ਲਖ ਅਵਤਾਰ ਅਕਾਰ ਫਿਰੰਦੇ ।

ਫੇਰ ਇਕ ਇਕ ਦਰੀਆਉ (ਬ੍ਰਹਮੰਡ) ਵਿਖੇ ਲੱਖਾਂ ਅਵਤਾਰ ਆਕਾਰ ਧਾਰਕੇ ਫਿਰਦੇ ਹਨ।

ਮਛ ਕਛ ਮਰਿਜੀਵੜੇ ਅਗਮ ਅਥਾਹ ਨ ਹਾਥਿ ਲਹੰਦੇ ।

ਮੱਛ, ਕਛ ਆਦਿਕ ('ਮਰਜੀਵੜੇ') ਅਵਤਾਰ ਓਹ ਬੀ ਅਗਮ ਅਥਾਹ (ਮਨ ਬਾਣੀਓਂ ਪਰੇ) (ਅਕਾਲ ਪੁਰਖ ਦਾ) ਥਾਹ ਨਹੀਂ ਲੈ ਸਕਦੇ।

ਪਰਵਦਗਾਰ ਅਪਾਰੁ ਹੈ ਪਾਰਾਵਾਰ ਨ ਲਹਨਿ ਤਰੰਦੇ ।

ਪਰਵਰਦਗਾਰ (ਸਭ ਦਾ ਪਾਲਕ) ਅਪਾਰ ਹੈ, ਉਸ ਦੀ ('ਲਹਿਰ') ਮਾਯਾ ਦਾ ਹੀ ਤਾਰੂ ਲੋਕ ਪਾਰਾਵਾਰ ਨਹੀਂ ਪਾ ਸਕਦੇ (ਜਿਸ ਵਿਖੇ ਲੱਖਾਂ ਦਰੀਆਉ ਹਨ, ਅੰਤ ਕੌਣ ਪਾ ਸਕਦਾ ਹੈ।)।

ਅਜਰਾਵਰੁ ਸਤਿਗੁਰੁ ਪੁਰਖੁ ਗੁਰਮਤਿ ਗੁਰੁ ਸਿਖ ਅਜਰੁ ਜਰੰਦੇ ।

ਅਜਰ ਅਤੇ ਅਵਰ (ਸ੍ਰੇਸਟ) ਸਤਿਗੁਰੁ (ਗੁਰ ਨਾਨਕ) ਪੁਰਖ ਦੀ ਸਿਖਿਆ ਲੈਕੇ ਗੁਰ ਸਿਖ ਅਜਰ (ਕਾਮਾਦਿਕ ਵਿਖਿਆਂ ਨੂੰ ਅਥਵਾ ਅੰਹਕਾਰ ਨੂੰ ਅਥਵਾ ਨਾ ਜਰੇ ਜਾਣ ਵਾਲੀ ਆਤਮ ਦਾਤ) ਨੂੰ ਜਰਦੇ ਹਨ, (ਭਾਵ ਆਤਮਾਂ ਦੀ ਲੱਖਤਾ ਪਾਕੇ ਬੀ ਜਣਾਉਂਦੇ ਨਹੀਂ।

ਕਰਨਿ ਬੰਦਗੀ ਵਿਰਲੇ ਬੰਦੇ ।੧੫।

(ਅਜਿਹੇ) ਬੰਦਗੀ (ਭਗਤੀ) ਕਰਣ ਹਾਰੇ ਵਿਰਲੇ ਬੰਦੇ ਹਨ (“ਤੇਰਾ ਜਨ ਏਕੁ ਆਧ ਕੋਈ”)॥

ਪਉੜੀ ੧੬

ਇਕ ਕਵਾਉ ਅਮਾਉ ਜਿਸੁ ਕੇਵਡੁ ਵਡੇ ਦੀ ਵਡਿਆਈ ।

ਜਿਸ ਦਾ ਇਕ ਵਾਕ ਹੀ ਮਿਣਿਆਂ ਨਹੀਂ ਜਾਂਦਾ, ਉਸ ਵੱਡੇ ਦੀ ਵਡਿਆਈ ਕੇਡੀ ਕੁ ਵੱਡੀ (ਆਖੀਏ)।

ਓਅੰਕਾਰ ਅਕਾਰ ਜਿਸੁ ਤਿਸ ਦਾ ਅੰਤੁ ਨ ਕੋਊ ਪਾਈ ।

ਓਅੰਕਾਰ' ਜਿਸ ਦਾ ਰੂਪ ਹੈ ਉਸ ਦਾ ਕੋਈ ਅੰਤ ਨਹੀਂ ਪਾਂਵਦਾ।

ਅਧਾ ਸਾਹੁ ਅਥਾਹੁ ਜਿਸੁ ਵਡੀ ਆਰਜਾ ਗਣਤ ਨ ਆਈ ।

ਜਿਸ ਦਾ ਅੱਧਾ ਸਾਹ ਅਥਾਹ ਹੈ। (“ਹਰਨ ਭਰਨ ਜਾਕਾ ਨੇਤ੍ਰ ਫੋਰੁ”॥) ਉਸ ਦੀ ਵੱਡੀ ਆਰਜਾ ਦੀ ਗਿਣਤੀ ਨਹੀਂ ਆ ਸਕਦੀ (ਅਰਥਾਤ ਕੂੜੀ ਆਰਜਾ ਵਾਲੇ ਉਸ ਦੀ ਕੀ ਗਿਣਤੀ ਕਰ ਸਕਦੇ ਹਨ)।

ਕੁਦਰਤਿ ਕੀਮ ਨ ਜਾਣੀਐ ਕਾਦਰੁ ਅਲਖੁ ਨ ਲਖਿਆ ਜਾਈ ।

(ਉਸ ਦੀ 'ਕੁਦਰਤ') ਰਚਨਾਂ ਦੀ ਕੀਮਤ ਨਹੀਂ ਜਾਣੀਦੀ, ਕਾਦਰ (ਆਪ ਕਿੰਨਾ ਵਧੀਕ) ਅਲੱਖ ਹੈ ਲਖਿਆ ਨਹੀਂ ਜਾ ਸਕਦਾ।

ਦਾਤਿ ਨ ਕੀਮ ਨ ਰਾਤਿ ਦਿਹੁ ਬੇਸੁਮਾਰੁ ਦਾਤਾਰੁ ਖੁਦਾਈ ।

ਦਿਨ ਬਣਾ ਕੇ ਰਾਤ ਦੀ ਦਾਤ ਦਿੱਤੀ ਹੈ, (ਜਿਸ ਦਾ ਕੋਈ) ਮੁੱਲ ਨਹੀਂ (ਪਾ ਸਕਦਾ, ਗੱਲ ਕੀ) ਉਸ ਦਾਤਾਰ ਦੀ ('ਖੁਦਾਈ') ਪਾਤਸ਼ਾਹੀ ਬੇਸ਼ੁਮਾਰ ਹੈ, (“ਜਿਨਿ ਦਿਨੁ ਕਰਿਕੈ ਕੀਤੀ ਰਾਤਿ॥ ਖਸਮੁ ਵਿਸਾਰਹਿ ਤੇ ਕਮਜਾਤਿ”)॥

ਅਬਿਗਤਿ ਗਤਿ ਅਨਾਥ ਨਾਥ ਅਕਥ ਕਥਾ ਨੇਤਿ ਨੇਤਿ ਅਲਾਈ ।

ਉਸ ਦੀ ਆਬਿਗਤ ਗਤੀ ਹੈ, ਅਨਾਥਾਂ ਦਾ ਨਾਥ, ਕਥਾ ਉਸ ਦੀ ਅਕੱਥ, (ਸਾਰੇ) ਨੇਤਿ ਨੇਤਿ ਆਖਦੇ ਹਨ।

ਆਦਿ ਪੁਰਖੁ ਆਦੇਸੁ ਕਰਾਈ ।੧੬।

ਆਦਿ ਪੁਰਖ ਨੂੰ ('ਆਦੇਸ਼') ਨਮਸਕਾਰ ਕਰਦਾ ਹੈ।

ਪਉੜੀ ੧੭

ਸਿਰੁ ਕਲਵਤੁ ਲੈ ਲਖ ਵਾਰ ਹੋਮੇ ਕਟਿ ਕਟਿ ਤਿਲੁ ਤਿਲੁ ਦੇਹੀ ।

ਸਿਰ ਪੁਰ ਕੁਲਵੱਤ੍ਰ ਭਾਵੇਂ ਲਖ ਵਾਰ ਲਵੇ ਤੇ ਦੇਹੀ ਨੂੰ ਰਤਾ ਰਤਾ ਕਟਾਕੇ ਹਵਨ ਕਰੇ।

ਗਲੈ ਹਿਮਾਚਲ ਲਖ ਵਾਰਿ ਕਰੈ ਉਰਧ ਤਪ ਜੁਗਤਿ ਸਨੇਹੀ ।

ਹਿਮਾਲਾ ਪਹਾੜ ਵਿਖੇ ਜਾ ਕੇ ਲਖ ਵਾਰ ਗਲੇ, ਬਾਹਾਂ ਉੱਚੀਆਂ ਕਰ ਕੇ ਊਰਧ ਤਪ ਦੀ ਜੁਗਤ ਵਿਖੇ ('ਸਨੇਹੀ') ਪ੍ਰੇਮ ਰਖੇ।

ਜਲ ਤਪੁ ਸਾਧੇ ਅਗਨਿ ਤਪੁ ਪੂਂਅਰ ਤਪੁ ਕਰਿ ਹੋਇ ਵਿਦੇਹੀ ।

(ਸਰਦੀ ਵਿਖੇ) ਜਲ ਧਾਰਾ ਲਵੇ, (ਗਰਮੀ ਵਿਖੇ। ਪੰਜ ਧੂਣੀਆਂ) ਅਗਨ ਤਪੇ, ਵਿਦੇਹੀ (ਅਰਥਾਤ ਜਨਕ ਦਾ ਰੂਪ ਹੋਕੇ) ਅਰਧ ਤਪ ਕਰੇ (ਇਕ ਹੱਥ ਇਸਤ੍ਰੀ ਦੇ ਕੁਚਾਂ ਪਰ ਦੁਜਾ ਅਗਨੀ ਵਿਚ ਪਾਵੇ)।

ਵਰਤ ਨੇਮ ਸੰਜਮ ਘਣੇ ਦੇਵੀ ਦੇਵ ਅਸਥਾਨ ਭਵੇਹੀ ।

ਕਈ ਬਰਤ ਨੇਮਾਦਿ ਕਰੇ, ਕਈ ਦੇਵੀਆਂ ਅਰ ਦੇਵਤਿਆਂ ਦੇ ਮੰਦਰਾਂ ਦੀਆਂ ਯਾਤਰਾ ਕਰੇ।

ਪੁੰਨ ਦਾਨ ਚੰਗਿਆਈਆਂ ਸਿਧਾਸਣ ਸਿੰਘਾਸਣ ਥੇ ਏਹੀ ।

ਪੁੰਨ ਦਾਨ ਦੀਆਂ ਨੇਕੀਆਂ ਕਰੇ, ਸਿੱਧਾਂ ਵਾਲੇ ਆਸਣ ਬੀਰਾਸਣ ਕਰੇ, ('ਬੇਹੀ') ਲਿੰਗ ਵਿਖੇ ਛੇਕ ਕਰ ਕੜਾ ਮਾਰੇ (ਅਥਵਾ ਬੀਰਾਸਣ ਮਾਰ ਕਰ ਬੈਠੇ)

ਨਿਵਲੀ ਕਰਮ ਭੁਇਅੰਗਮਾਂ ਪੂਰਕ ਕੁੰਭਕ ਰੇਚ ਕਰੇਹੀ ।

ਨਾਤੀ ਧੋਤੀ ਕਰੇ, ਭੁਯੰਗ ਨਾੜੀ ਦੁਵਾਗ ਪ੍ਰਾਣਾਯਾਮ ਕਰੇ, ਪੂਰਕ ਕੁੰਭਕ ਰੇਚਕਾਦਿ ਕਰਮ ਕਰੇ (ਸੱਤਵੀਂ ਤੁਕ ਵਿਖੇ ਨਿਚੋੜ ਦੱਸਦੇ ਹਨ)।

ਗੁਰਮੁਖਿ ਸੁਖ ਫਲ ਸਰਨਿ ਸਭੇਹੀ ।੧੭।

ਗੁਰਮੁਖਾਂ ਦੇ ਸੁਖ ਫਲ ਦੇ ਬਰਾਬਰ ਸਾਰੇ ਨਹੀਂ ਪੁਜਦੇ।

ਪਉੜੀ ੧੮

ਸਹਸ ਸਿਆਣੇ ਸੈਪੁਰਸ ਸਹਸ ਸਿਆਣਪ ਲਇਆ ਨ ਜਾਈ ।

ਹਜ਼ਾਰ ਸਿਆਣਿਆਂ ਦੇ ਉੱਦਮ ਅਰ ਹਜ਼ਾਰਾਂ ਸਿਆਣਪਾਂ ਨਾਲ ਲੀਤਾ ਨਹੀਂ ਜਾਂਦਾ।

ਸਹਸ ਸੁਘੜ ਸੁਘੜਾਈਆਂ ਤੁਲੁ ਨ ਸਹਸ ਚਤੁਰ ਚਤੁਰਾਈ ।

ਹਜ਼ਾਰਾਂ ('ਸੁਘੜ') ਕਾਰੀਗਰਾਂ ਦੀਆਂ ਕਾਰੀਗਰੀਆਂ ਅਰ ਹਜ਼ਾਰਾਂ ਚਾਤੁਰਾਂ ਦੀਆਂ ਚਤੁਰਾਈਆਂ ਉਸ ਦੇ ਬਰਾਬਰ ਨਹੀਂ ਹਨ।

ਲਖ ਹਕੀਮ ਲਖ ਹਿਕਮਤੀ ਦੁਨੀਆਦਾਰ ਵਡੇ ਦੁਨਿਆਈ ।

ਲੱਖਾਂ ਹਕੀਮ ਲੱਖਾਂ ਹਿਕਮਤਾਂ ਕਰਦੇ ਹਨ, ਮਾਯਾਵੀ ਲੋਕ ਵਡੇ ਮਾਲਦਾਰ ਹਨ।

ਲਖ ਸਾਹ ਪਤਿਸਾਹ ਲਖ ਲਖ ਵਜੀਰ ਨ ਮਸਲਤ ਕਾਈ ।

ਲੱਖਾਂ ਸ਼ਾਹ ਲਖਾਂ ਪਾਤਸ਼ਾਹ, ਲੱਖਾਂ ਵਜ਼ੀਰਾਂ ਦੀ ('ਮਸਲਤ') ਸਲਾਹ ਕੁਝ ਨਹੀਂ ਚਲਦੀ।

ਜਤੀ ਸਤੀ ਸੰਤੋਖੀਆਂ ਸਿਧ ਨਾਥ ਮਿਲਿ ਹਾਥ ਨ ਪਾਈ ।

ਜਤੀ ਸਤੀ ਆਦਿਕ ਸਿਧ ਨਾਥ ਮਿਲਕੇ ਹਥ ਪਾਉਣ ਤਾਂ ਪੈ ਨਹੀਂ ਸਕਦਾ।

ਚਾਰ ਵਰਨ ਚਾਰ ਮਜਹਬਾਂ ਛਿਅ ਦਰਸਨ ਨਹਿਂ ਅਲਖੁ ਲਖਾਈ ।

ਚਾਰੇ ਵਰਣ ਹਿੰਦੂਆਂ ਦੇ, ਮੁਸਲਮਾਨੀ ਚਾਰੇ ਮਜ਼ਹਬ, ਛੀ ਦਰਸ਼ਨ, ਅਲਖ ਨੂੰ ਨਹੀਂ ਲਖਦੇ।

ਗੁਰਮੁਖਿ ਸੁਖ ਫਲ ਵਡੀ ਵਡਿਆਈ ।੧੮।

ਗੁਰਮੁਖਾਂ, ਦੇ ਸੁਖ ਫਲ (ਸ੍ਵਰੂਪਾਨੰਦ ਦੀ) ਵੱਡੀ ਵਡਿਆਈ ਹੈ।

ਪਉੜੀ ੧੯

ਪੀਰ ਮੁਰੀਦੀ ਗਾਖੜੀ ਪੀਰਾਂ ਪੀਰੁ ਗੁਰਾਂ ਗੁਰੁ ਜਾਣੈ ।

(ਪੀਰ) ਗੁਰੂ ਦੀ ਸ਼ਾਗਿਰਦੀ ਕਠਨ ਹੈ, ਇਸ ਨੂੰ ਪੀਰਾਂ ਦਾ ਪੀਰ ਅਰ ਗੁਰੂਆਂ ਦਾ ਗੁਰੂ ਹੀ ਜਾਣਦਾ ਹੈ।

ਸਤਿਗੁਰੁ ਦਾ ਉਪਦੇਸੁ ਲੈ ਵੀਹ ਇਕੀਹ ਉਲੰਘਿ ਸਿਞਾਣੈ ।

ਸਤਿਗੁਰੂ (ਗੁਰੂ ਨਾਨਕ ਜੀ) ਦਾ ਉਪਦੇਸ਼ ਲੈਕੇ ਵੀਹਾਂ ਦੀ ਗਿਣਤੀ ਤੋਂ ਲੰਘਕੇ 'ਇਕੀਹ' (ਇਕ ਆਤਮਾਂ) ਦੀ (ਹੀ ਸਮਾਧੀ) ਨੂੰ ਸਿਾਣੈ (ਧੁਨੀ ਗੁਰੂ ਅੰਗਦ ਜੀ ਵਲ ਕੱਢਦੇ ਹਨ)

ਮੁਰਦਾ ਹੋਇ ਮੁਰੀਦ ਸੋ ਗੁਰੁ ਸਿਖ ਜਾਇ ਸਮਾਇ ਬਬਾਣੈ ।

ਮੁਰਦਾ ਹੋਕੇ ਮੁਰੀਦ ਬਣ ਅਰ ਉਹ ਗੁਰ ਸਿਖ ਹੋਕੇ ਬਬਾਣ (ਅਰਥਾਤ ਬਾਬੇ ਨਾਨਕ ਦੀ ਪੀਹੜੀ ਵਿਖੇ) ਸਮਾਣੇ (ਗੁਰੂ ਗੋਰ ਵਿਚ ਵੱਸੇ)।

ਪੈਰੀਂ ਪੈ ਪਾ ਖਾਕ ਹੋਇ ਤਿਸੁ ਪਾ ਖਾਕ ਪਾਕੁ ਪਤੀਆਣੈ ।

(ਗੁਰੂ ਦੀ) ਪੈਰੀਂ ਪੈ ਚਰਣਾਂ ਦੀ ਖ਼ਾਕ ਹੋਕੇ ਡਿੱਗੇ (ਫਲ ਇਹ ਕਿ) ਤਿਸ (ਗੁਰੂ ਅੰਗਦ ਦੀ) ਚਰਣ ਧੂੜ ਤੋਂ ਪਵਿੱਤ੍ਰ ਲੋਕ ਪਤੀਜੇ (ਭਾਵ ਉਨ੍ਹਾਂ ਦੀ ਬੀ ਕਲਯਾਨ ਹੋਈ)।

ਗੁਰਮੁਖਿ ਪੰਥੁ ਅਗੰਮੁ ਹੈ ਮਰਿ ਮਰਿ ਜੀਵੈ ਜਾਇ ਪਛਾਣੈ ।

(ਇਸ ਲਈ) ਗੁਰਮੁਖਾਂ ਦਾ ਪੰਥ ਅਗੰਮ ਹੈ, ਇਥੇ ਮਰ ਮਰਕੇ (ਅਰਥਾਤ ਹੰਕਾਰ ਭਾਵ ਤੋਂ ਮਰ ਕੇ ਆਤਮ ਜੀਵਨ) ਜੀਵੇ ਫੇਰ ਜਗ੍ਹਾ ਨੂੰ ਪਛਾਣਦਾ ਹੈ।

ਗੁਰੁ ਉਪਦੇਸੁ ਅਵੇਸੁ ਕਰਿ ਕੀੜੀ ਭ੍ਰਿੰਗੀ ਵਾਂਗ ਵਿਡਾਣੈ ।

ਗੁਰੂ ਦੇ ਉਪਦੇਸ਼ ਵਿਖੇ ਘਰ ਕਰ ਕੇ ਭਿ੍ਰੰਗੀ ਨਾਮੇ ਕੀੜੇ ਵਾਂਗੂ ਅਚਰਜ ਦੱਸਦਾ ਹੈ, (ਭਾਵ ਭਿ੍ਰੰਗੀ ਦਾ ਹੀ ਰੂਪ ਹੋ ਜਾਂਦਾ ਹੈ)।

ਅਕਥ ਕਥਾ ਕਉਣ ਆਖਿ ਵਖਾਣੈ ।੧੯।

ਅਕਥ ਕਥਾ ਹੈ ਕੋਣ ਕਹਿ ਸਕੇ? (ਜਿਸ ਨੇ ਮੁਰੀਦੀ ਕੀਤੀ ਹੈ ਉਸ ਦਾ ਅਨੰਤ ਅਤੇ ਫਲ ਇਕ ਓਹੀ ਜਾਣਦਾ ਹੈ)।

ਪਉੜੀ ੨੦

ਚਾਰਿ ਵਰਨਿ ਮਿਲਿ ਸਾਧਸੰਗਿ ਚਾਰ ਚਵਕਾ ਸੋਲਹਿ ਜਾਣੈ ।

ਚਾਰੇ ਵਰਣ (ਖੱਤ੍ਰੀ ਬ੍ਰਾਹਮਣਾਦਿਕ) ਸਾਧ ਸੰਗਤ ਨਾਲ ਮਿਲਦੇ ਹੀ ਚਾਰ ਗੁਣਾ ਹੋਕੇ ੧੬ ਕਲਾ ਸਪੰਨ ਜਾਣੇ ਗਏ ਹਨ, (ਭਾਵ ਚੰਦ੍ਰਮਾਂ ਘਟਦਾ ਵਧਦਾ ਹੈ ਓਹ ਇਕ ਰਸ ਰਹਿੰਦੇ ਹਨ, ਅਥਵਾ ੧੦ ਇੰਦ੍ਰੀਆਂ ੫ ਪ੍ਰਾਣ ੧ ਮਨ ਜਿੱਤ ਲੀਤਾ ਹੈ)

ਪੰਜ ਸਬਦ ਗੁਰ ਸਬਦ ਲਿਵ ਪੰਜੂ ਪੰਜੇ ਪੰਜੀਹ ਲਾਣੈ ।

ਪੰਜ ਸ਼ਬਦ (ਦੀ ਥਾਂ) ਗੁਰੂ ਦੇ ਸ਼ਬਦ ਵਿਖੇ ਜੋ ਲਿਵ ਲਾਉਂਦੇ ਹਨ, ਓਹ ਪੰਜ ਗੁਣਾਂ (ਅਰਥਾਤ ਪੰਝੀ ਪਰਕਿਰਤਾਂ) ਵਾਲੇ ਸਰੀਰ (ਨੂੰ 'ਲਾਣੈ') ਜਿੱਤ ਲੈਂਦੇ ਹਨ।

ਛਿਅ ਦਰਸਣ ਇਕ ਦਰਸਣੋ ਛਿਅ ਛਕੇ ਛਤੀਹ ਸਮਾਣੈ ।

ਛੀ ਦਰਸ਼ਨਾਂ ਦਾ ਜੋ ਇਕ ਦਰਸ਼ਨ (ਗੁਰੂ ਦੇ ਸਿਖ) ਹੋਏ, ਛੀ ਗੁਣਾਂ (ਅਰਥਾਤ) ਛੱਤੀ ਆਸਣ ਅਥਵਾ ਛੱਤੀ ਪਖੰਡ (ਜਿੱਤ ਲਏ ਹਨ।

ਸਤ ਦੀਪ ਇਕ ਦੀਪਕੋ ਸਤ ਸਤੇ ਉਣਵੰਜਹਿ ਭਾਣੈ ।

ਸੱਤਾਂ ਦੀਪਾਂ ਵਿਖੇ ਜੋ ਇਕ ਦੀਪਕ (ਅਕਾਲ ਪੁਰਖ ਦੀ ਜੋਤ) ਸਮਝਦੇ ਹਨ, ਸਤ ਸਾਤੇ ਉਣੰਜਾ (ਪੌਣਾਂ ਉਨ੍ਹਾਂ ਦੇ 'ਭਾਣੇ') ਹੁਕਮ ਵਿਖੇ ਚਲਦੀਆਂ ਹਨ।

ਅਸਟ ਧਾਤੁ ਇਕੁ ਧਾਤ ਕਰਿ ਅਠੂ ਅਠੇ ਚਉਹਠ ਮਾਣੈ ।

ਅੱਠਾਂ ਧਾਤਾਂ ਦੀ ਜਿਸ ਨੇ ਇਕ ਧਾਤ ਕੀਤੀ ਹੈ (ਅਰਥਾਤ ਗੁਰੂ ਨਾਲ ਮਿਲਕੇ ਪਾਰਸ ਹੋਇਆ ਹੈ) ਓਹ ਅੱਠੂ ਆਠੇ ਚੌਂਸਠ ਵਿਦਯਾ (ਅਨੰਦ) ਨੂੰ ਮਾਣਦਾ ਹੈ।

ਨਉਂ ਨਾਥ ਇਕ ਨਾਥ ਹੈ ਨਉਂ ਨਾਏਂ ਏਕਾਸੀਹ ਦਾਣੈ ।

ਨਉਂ ਨਾਥਾਂ ਦਾ ਇਕੋ ਨਾਥ (ਅਕਾਲ ਪੁਰਖ) ਨੂੰ ਮੰਨਦਾ ਹੈ, (ਉਹ) ਨਉਂ ਨਾੲਂੇ ਇਕਾਸੀ (ਖੰਡਾਂ ਦਾ) ਨਾਥ (ਬਣਦਾ) ਹੈ (ਭਾਵ ਨਵਾਂ ਖੰਡਾਂ ਦੀ ਕੀ ਗਿਣਤੀ ਹੈ ਇਕਾਸੀ (ਖੰਡਾਂ ਦਾ ਸ੍ਵਾਮੀ ਹੁੰਦਾ ਹੈ, ਬਾਜ਼ੇ ਗਯਾਨੀ 'ਇਕ' ਦੀ 'ਆਸਾ' ਅਰਥ ਕਰਦੇ ਹਨ, ਪਰੰਤੂ ਪ੍ਰਸੰਗਿਕ ਨਹੀਂ ਹੈ)।

ਦਸ ਦੁਆਰ ਨਿਰਧਾਰ ਕਰਿ ਦਾਹੋ ਦਾਹੇ ਸਉ ਪਰਵਾਣੈ ।

ਦਸ ਇੰਦ੍ਰੀਆਂ (ਜਿਸ ਨੇ ਨਿਰਧਾਰ) ਵੱਸ ਕਰ ਲੀਤੀਆਂ ਹਨ, ਓਹ ਪੂਰੇ ਦਾਹੂ ਦਾਹੇ ਸੌ ਦੀ ਗਿਣਤੀ ਵਿਖੇ ਆਏ ਹਨ, (ਭਾਵ ਪੂਰਣ ਜੋਗੀਸ਼ਰ ਗਿਣੇ ਗਏ ਹਨ। ਅੱਠਵੀਂ ਤੁਕ ਵਿਖੇ ਸੁਖ ਫਲ ਦੀ ਵਿਸ਼ੇਖਤਾ ਕਹਿੰਦੇ ਹਨ)।

ਗੁਰਮੁਖਿ ਸੁਖ ਫਲ ਚੋਜ ਵਿਡਾਣੈ ।੨੦।

ਗੁਰਮੁਖਾਂ ਦੇ ਸੁਖ ਫਲ ਦਾ ('ਚੋਜ') ਕੌਤਕ ('ਵਿਡਾਣੇ') ਅਚਰਜ ਰੂਪ ਹੈ। (ਸੁਖ ਫਲ ਦੇ ਅਨੰਦ ਨੂੰ ਗੁਰਮੁਖ ਹੀ ਜਾਣਦੇ ਹਨ, ਕੋਈ ਗੇਣਤੀ ਊਨ੍ਹਾਂ ਨੂੰ ਨਹੀਂ ਪੁੱਜਦੀ।

ਪਉੜੀ ੨੧

ਸਉ ਵਿਚ ਵਰਤੈ ਸਿਖ ਸੰਤ ਇਕੋਤਰ ਸੌ ਸਤਿਗੁਰ ਅਬਿਨਾਸੀ ।

ਸਿਖ ਸੰਤ ਸਾਰੇ ਸੌ ਵਿਖੇ ਵਰਤਦੇ ਹਨ, ਪਰੰਤੂ ਸਤਿਗੁਰੂ (ਗੁਰ ਨਾਨਕ) ਜੀ (ਅਬਿਨਾਸੀ) ਸਦਾ ਅਟੱਲ ਹੋਣ ਕਰ ਕੇ ਇਕ ਉੱਪਰ ਸੌ (ਅਰਥਾਤ ਇਕੋਤਰ ਸੌ) ਕਹੀਦੇ ਹਨ। (ਅੱਗੇ ਇਸ ਦਾ ਵਿਸਥਾਰ ਕਰਦੇ ਹਨ)।

ਸਦਾ ਸਦੀਵ ਦੀਵਾਣ ਜਿਸੁ ਅਸਥਿਰ ਸਦਾ ਨ ਆਵੈ ਜਾਸੀ ।

ਸਦਾ ਸਦਾ ਜਿਸ ਦਾ 'ਦੀਵਾਨ' (ਸਤਿਸੰਗ) ਹੈ (ਆਪ ਬੀ) ਸਦਾ ਸਥਿਰ ਆਉਣ ਜਾਣੋ ਰਹਤ (ਅਕਾਸ਼ ਵਤ ਪੂਰਣ) ਹਨ।

ਇਕ ਮਨ ਜਿਨ੍ਹੈਂ ਧਿਆਇਆ ਕਾਟੀ ਗਲਹੁ ਤਿਸੈ ਜਮ ਫਾਸੀ ।

ਇਕਾਗਰ ਮਨ ਕਰ ਕੇ ਜਿਸ ਨੇ ਸਤਿਗੁਰੂ ਨੂੰ ਧਿਆਇਆ ਉਸ ਦੇ ਗਲੋਂ ਜਮ ਨੇ ਫਾਸੀ ਕੱਟ ਦਿੱਤੀ ਹੈ।

ਇਕੋ ਇਕ ਵਰਤਦਾ ਸਬਦ ਸੁਰਤਿ ਸਤਿਗੁਰੂ ਜਣਾਸੀ ।

ਇਕੋ ਆਤਮਾਂ ਹੀ ਸਾਰੇ ਵਰਤਦਾ ਹੈ, ਸਤਿਗੁਰੂ ਦੇ ਸ਼ਬਦ ਦੀ ਸੂਰਤ ਇਹ ਗਿਆਨ ਕਰਾਵੇਗਾ।

ਬਿਨੁ ਦਰਸਨੁ ਗੁਰੁ ਮੂਰਤਿ ਭ੍ਰਮਤਾ ਫਿਰੇ ਲਖ ਜੂਨਿ ਚਉਰਾਸੀ ।

ਗੁਰੂ ਦੀ ਮੂਰਤ ਦੇ ਦਰਸ਼ਨੋਂ ਬਾਹਰਾ ਹੈ, ਚੌਰਾਸੀ ਲਖ ਜੂਨੀਆਂ ਵਿਖੇ ਭਟਕਦਾ ਫਿਰਦਾ ਹੈ।

ਬਿਨੁ ਦੀਖਿਆ ਗੁਰਦੇਵ ਦੀ ਮਰਿ ਜਨਮੇ ਵਿਚਿ ਨਰਕ ਪਵਾਸੀ ।

ਗੁਰਦੇਵ ਦੀ ('ਦੀਖਿਆ') ਸਿਖਯਾ ਤੋਂ ਬਾਝ ਮਰਣ ਜਨਮ ਦੇ ਨਰਕ ਵਿਖੇ ਪਵੇਗਾ।

ਨਿਰਗੁਣ ਸਰਗੁਣ ਸਤਿਗੁਰੂ ਵਿਰਲਾ ਕੋ ਗੁਰ ਸਬਦ ਸਮਾਸੀ ।

ਨਿਰਗੁਣ ਅਤੇ ਸਰਗੁਣਾ ਰੂਪ ਸਤਿਗੁਰ ਨੂੰ ਹੀ ਜਾਣਕੇ ਕੋਈ ਵਿਰਲਾ ਗੁਰ ਸ਼ਬਦ ਵਿਖੇ ਸਮਾਏਗਾ।

ਬਿਨੁ ਗੁਰੁ ਓਟ ਨ ਹੋਰੁ ਕੋ ਸਚੀ ਓਟ ਨ ਕਦੇ ਬਿਨਾਸੀ ।

ਬਿਨਾ ਗੁਰੂ ਦੇ ਹੋਰ ਕੋਈ ਓਟ ਨਹੀਂ ਹੈ (ਇਹੋ ਸੱਚੀ ਓਟ ਹੈ ਸੱਚੀ ਓਟ ਕਦੇ ਬਿਨਾਸੀ ਨਹੀਂ।

ਗੁਰਾਂ ਗੁਰੂ ਸਤਿਗੁਰੁ ਪੁਰਖੁ ਆਦਿ ਅੰਤਿ ਥਿਰੁ ਗੁਰੂ ਰਹਾਸੀ ।

(੯) ਗੁਰੂ ਦਾ ਗੁਰੂ ਸਤਿਗੁਰੂ ਪੁਰਖ ਹੈ, ਆਦਿ ਅੰਤ ਵਿਚ ਥਿਰ ਗੁਰੂ ਰਹੇਗਾ।

ਕੋ ਵਿਰਲਾ ਗੁਰਮੁਖਿ ਸਹਜਿ ਸਮਾਸੀ ।੨੧।

(੧੦) ਕੋਈ ਵਿਰਲਾ (ਜੋ) ਗੁਰਮੁਖ ਹੋਊ, ਸੋ ਸਹਜ ਵਿਚ ਸਮਾਏਗਾ।

ਪਉੜੀ ੨੨

ਧਿਆਨ ਮੂਲ ਮੂਰਤਿ ਗੁਰੂ ਪੂਜਾ ਮੂਲ ਗੁਰੁ ਚਰਣ ਪੁਜਾਏ ।

ਧਿਆਨ ਦਾ 'ਮੂਲ' (ਮੁੱਢ) ਗੁਰੂ ਦੀ ਮੂਰਤ ਹੈ (ਅਰਥਾਤ ਗੁਰ ਮੂਰਤੀ ਵਿਖੇ ਸਾਰੇ ਧਿਆਨ ਹਨ), (ਤਿਹਾ ਹੀ) ਪੂਜਾ ਦਾ ਮੂਲ ਗੁਰੂ ਚਰਣਾਂ ਦੀ ਪੂਜਾ ਹੈ।

ਮੰਤ੍ਰੁ ਮੂਲੁ ਗੁਰੁ ਵਾਕ ਹੈ ਸਚੁ ਸਬਦੁ ਸਤਿਗੁਰੂ ਸੁਣਾਏ ।

ਮੰਤਰਾਂ ਦਾ ਮੂਲ ਗੁਰੂ ਦਾ ਬਚਨ ਹੈ, ਕਿਉਂ ਜੋ ਸੱਚਾ ਸ਼ਬਦ ਸਤਿਗੁਰੂ ਸੁਣਾਵਦਾ ਹੈ।

ਚਰਣੋਦਕੁ ਪਵਿਤ੍ਰ ਹੈ ਚਰਣ ਕਮਲ ਗੁਰੁ ਸਿਖ ਧੁਆਏ ।

ਗੁਰੂ ਦੇ ਚਰਣ ਕਮਲਾਂ ਨੂੰ ਜੋ ਗੁਰੂ ਦੇ ਸਿਖ ਧੋਂਦੇ ਹਨ ਓਹ ਚਰਣੋਦਕ ਪਵਿੱਤ੍ਰ ਹੈ।

ਚਰਣਾਮ੍ਰਿਤ ਕਸਮਲ ਕਟੇ ਗੁਰੁ ਧੂਰੀ ਬੁਰੇ ਲੇਖ ਮਿਟਾਏ ।

ਚਰਣਾਮ੍ਰਿਤ ('ਕਸਮਲ') ਭਾਰੀ ਪਾਪਾਂ ਨੂੰ ਕੱਟ ਦੇਂਦਾ ਹੈ, ਗੁਰੂ ਚਰਨ ਦੀ ਧੂਰੀ ਖੋਟੇ ਲੇਖਾਂ ਨੂੰ ਮਿਟਾਉਂਦੀ ਹੈ।

ਸਤਿ ਨਾਮੁ ਕਰਤਾ ਪੁਰਖੁ ਵਾਹਿਗੁਰੂ ਵਿਚਿ ਰਿਦੈ ਸਮਾਏ ।

(ੴ) ਸਤਿਨਾਮੁ ਕਰਤਾ ਪੁਰਖੁ (ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਜਪੁ॥ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ) ਇਸ ਵਾਹਿਗੁਰੂ (ਗੁਰਮੰਤਰ) ਨੂੰ ਰਿਦੇ ਵਿਚ ਵਸਾਵੇ।

ਬਾਰਹ ਤਿਲਕ ਮਿਟਾਇ ਕੇ ਗੁਰਮੁਖਿ ਤਿਲਕ ਨੀਸਾਣ ਚੜ੍ਹਾਏ ।

ਬਾਰਾਂ ਤਿਲਕ (ਬੈਰਾਗੀਆਂ ਦੇ) ਮਿਟਾ ਕਰ ਕੇ ਗੁਰਮੁਖ ਗੁਰੂ ਦੇ ਝੰਡੇ ਦਾ ਤਿਲਕ ਚੜ੍ਹਾਵੇ (ਅਥਵਾ ਪ੍ਰਤੱਖ ਤਿਲਕ ਸੁਰਤ ਉੱਚੀ ਕਰਨੇ ਦਾ ਲਾਵੇ)।

ਰਹੁਰਾਸੀ ਰਹੁਰਾਸਿ ਏਹੁ ਇਕੋ ਜਪੀਐ ਹੋਰੁ ਤਜਾਏ ।

ਹੋਰ ਰਹੁਰਾਸਾਂ ਵਿਚੋਂ ਇਕ ਹੀ 'ਰਹਿਰਾਸ' (ਗੁਰੂ ਬਾਣੀ ਦੀ) ਜਾਣਕੇ ਇਸ ਦਾ ਜਾਪ ਕਰ ਕੇ ਹੋਰ (ਜਾਪ) ਛੱਡ ਦੇਵੇ (ਅਥਵਾ ਰਹੁ ਰੀਤਾਂ ਵਿਚੋਂ ਇਕੋ ਰਾਹੁ ਰੀਤ ਚੰਗੀ ਹੈ ਕਿ ਹੋਰ ਜਾਪ ਛੱਡਕੇ ਇਕ ਦਾ ਜਾਪ ਕਰੇ)।

ਬਿਨੁ ਗੁਰ ਦਰਸਣੁ ਦੇਖਣਾ ਭ੍ਰਮਤਾ ਫਿਰੇ ਠਉੜਿ ਨਹੀਂ ਪਾਏ ।

ਬਿਨੁ ਗੁਰੁ ਪੂਰੈ ਆਏ ਜਾਏ ।੨੨।੪੦। ਚਾਲੀਹ ।

(੯) ਬਿਨਾ ਪੂਰਣ ਗੁਰੂ ਦੇ (ਚੌਰਾਸੀ ਲੱਖ ਜੋਨੀਆਂ ਵਿਖੇ) ਮਰਦਾ ਜੰਮਦਾ ਰਹਿੰਦਾ ਹੈ।☬ਭਾਵ- ਤਾਂਤੇ ਗੁਰਾਂ ਗੁਰ, ਸਤਿਗੁਰ ਪੁਰਖ ਗੁਰੂ ਨਾਨਕ ਦੇਵ ਦੀ ਸ਼ਰਨ ਆਵੇ।


Flag Counter