ਵਾਰਾਂ ਭਾਈ ਗੁਰਦਾਸ ਜੀ

ਅੰਗ - 33


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

ਗੁਰਮੁਖਿ ਮਨਮੁਖਿ ਜਾਣੀਅਨਿ ਸਾਧ ਅਸਾਧ ਜਗਤ ਵਰਤਾਰਾ ।

ਜਗਤ ਵਿਖੇ ਗੁਰਮੁਖ ਅਤੇ ਮਨਮੁਖ ਜਾਣੀਦੇ ਹਨ, ਭਲੇ ਅਤੇ ਬੁਰੇ ਦਾ ਵਰਤਾਉ ਹੋ ਰਿਹਾ ਹੈ (ਤਾਤਪਰਜ-ਪ੍ਰਪੰਚ ਬੇਰੜੇ ਵਾਂਙੂ ਗੁਣਾਂ ਅਤੇ ਅਵਗੁਣਾਂ ਨਾਲ ਮਿਲਿਆ ਹੋਇਆ ਹੈ)

ਦੁਹ ਵਿਚਿ ਦੁਖੀ ਦੁਬਾਜਰੇ ਖਰਬੜ ਹੋਏ ਖੁਦੀ ਖੁਆਰਾ ।

ਦੋ ਤਰਫੀਏ (ਜਿਹੜੇ ਕਦੀ ਮਾਯਾ ਵਲ, ਕਦੀ ਰੱਬ ਵਲ ਹੁੰਦੇ ਹਨ) ਖੁਦੀ ਦੇ ਖੁਆਰ ਕੀਤੇ ਹੋਏ ਦੁਖੀ ਹੋਕੇ ਖਰਬੜਾਟ ਦੇ ਵਿਚ ਰਹਿੰਦੇ ਹਨ, (ਜਿਹਾ ਕੁ ਪ੍ਰਮਾਣ ਆਸਾ ਦੀ ਵਾਰ-'ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ')।

ਦੁਹੀਂ ਸਰਾਈਂ ਜਰਦ ਰੂ ਦਗੇ ਦੁਰਾਹੇ ਚੋਰ ਚੁਗਾਰਾ ।

ਇਸੇ ਕਰ ਕੇ ਦੁਹਾਂ ਲੋਕਾਂ ਵਿਖੇ (ਜ਼ਰਦ ਰੂ) ਮੂੰਹ ਪੁਰ (ਚਿੰਤਾ ਨਾਲ) ਪਿਲੱਤਣ ਫਿਰੀ ਰਹਿੰਦੀ ਹੈ (ਸ਼ਰਮਿੰਦੇ ਰਹਿੰਦੇ ਹਨ) ਕਿਉਂ ਜੋ ਦੋ ਰਸਤਿਆਂ ਵਿਖੇ ਚੋਰ ਅਤੇ (ਚੁਗਾਰ) ਠੱਗ ਦਗ਼ੇ ਦਿੰਦੇ ਹਨ, (ਭਾਵ ਕਾਮਾਦਿਕ ਵਿਖ੍ਯਾਂ ਨਾਲ ਲੁਟੇ ਜਾਂਦੇ ਹਨ, ਬਾਜੇ ਚੁਗਾਰ ਸ਼ਬਦ ਰੋਟੀ ਵੋਟੀ, ਦਾਲ ਦਪਾਲ ਵਾਂਙੂ ਨਿਰਾਰਥਕ ਸਮਝਦੇ ਹਨ)।

ਨਾ ਉਰਵਾਰੁ ਨ ਪਾਰੁ ਹੈ ਗੋਤੇ ਖਾਨਿ ਭਰਮੁ ਸਿਰਿ ਭਾਰਾ ।

ਨਾਂ ਉਰਾਰ ਨਾ ਪਾਰ (ਸੰਸਾਰ ਸਮੁੰਦਰ ਵਿਚ) ਗ਼ੋਤੇ ਖਾਂਦੇ ਹਨ (ਕਿਉਂ ਜੋ) ਭਰਮ ਦਾ ਭਾਰ ਸਿਰ ਪੁਰ ਚੁਕਿਆ ਹੋਇਆ (ਛੱਡ ਸਕਦੇ ਨਹੀਂ)।

ਹਿੰਦੂ ਮੁਸਲਮਾਨ ਵਿਚਿ ਗੁਰਮੁਖਿ ਮਨਮੁਖਿ ਵਿਚ ਗੁਬਾਰਾ ।

ਹਿੰਦੂ (ਚਾਹੇ) ਮੁਸਲਮਾਨ ਗੁਰਮੁਖਾਂ ਵਿਚ ਮਨਮੁਖ ('ਗੁਬਾਰ') ਹਨੇਰੇ ਦਾ ਰੂਪ ਹਨ, (ਇਸਦਾ ਫਲ ਹੇਠ ਦੱਸਦੇ ਹਨ)।

ਜੰਮਣੁ ਮਰਣੁ ਸਦਾ ਸਿਰਿ ਭਾਰਾ ।੧।

(ਮਨਮੁਖਾਂ ਨੂੰ) ਜਨਮ ਮਰਣ ਦੀ ਸਦਾ ਸਿਰ ਪਰ ਮਾਰ ਰਹਿੰਦੀ ਹੈ।

ਪਉੜੀ ੨

ਦੁਹੁ ਮਿਲਿ ਜੰਮੇ ਦੁਇ ਜਣੇ ਦੁਹੁ ਜਣਿਆਂ ਦੁਇ ਰਾਹ ਚਲਾਏ ।

ਦੋਹਾਂ ਨੇ (ਅਰਥਾਤ ਮਾਯਾ ਅਤੇ ਈਸ਼੍ਵਰ ਨੇ) ਮਿਲਕੇ, ਦੋਵੇਂ ਜਣੇ (ਹਿੰਦੂ ਤੇ ਮੁਸਲਮਾਨ) ਉਤਪੱਤ ਕੀਤੇ, (ਇਨ੍ਹਾਂ) ਦੋ ਜਣਿਆਂ ਨੇ ਦੋ ਰਸਤੇ (ਅੱਡੋ ਅੱਡ) ਚਲਾ ਦਿੱਤੇ।

ਹਿੰਦੂ ਆਖਨਿ ਰਾਮ ਰਾਮੁ ਮੁਸਲਮਾਣਾਂ ਨਾਉ ਖੁਦਾਏ ।

ਹਿੰਦੂ ਰਾਮ ਰਾਮ ਆਖਣ ਲੱਗੇ, ਮੁਸਲਮਾਨ ਖੁਦਾਇ ਦਾ ਨਾਉਂ ਲੈਣ ਲੱਗੇ।

ਹਿੰਦੂ ਪੂਰਬਿ ਸਉਹਿਆਂ ਪਛਮਿ ਮੁਸਲਮਾਣੁ ਨਿਵਾਏ ।

ਹਿੰਦੂ' ਸਾਹਮਣੇ ਪੂਰਬ ਵਲ ਖੜੋਕੇ (ਸੰਧ੍ਯਾ ਬੰਦਨ ਕਰਦੇ ਹਨ) ਮੁਸਲਮਾਨ ਪੱਛਮ ਵਲ (ਰੱਬ ਨੂੰ ਮੰਨਕੇ) ਨਿਉਂਦੇ ਹਨ।

ਗੰਗ ਬਨਾਰਸਿ ਹਿੰਦੂਆਂ ਮਕਾ ਮੁਸਲਮਾਣੁ ਮਨਾਏ ।

ਹਿੰਦੂਆਂ ਗੰਗਾ ਤੇ ਕਾਂਸ਼ੀ ਪਵਿੱਤ੍ਰ ਜਾਣੀ, ਮੁਸਲਮਾਨ ਮੱਕਾ ਮਨਾਉਣ ਲੱਗੇ।

ਵੇਦ ਕਤੇਬਾਂ ਚਾਰਿ ਚਾਰਿ ਚਾਰ ਵਰਨ ਚਾਰਿ ਮਜਹਬ ਚਲਾਏ ।

(ਦੋਹਾਂ ਦੇ) ਚਾਰੇ ਵਰਣ ਚਾਰ ਮਜ਼ਹਬ ਚਾਰ ਵੇਦ, ਚਾਰ ਕਤੇਬਾਂ ਮੰਨਣ ਲੱਗੇ।

ਪੰਜ ਤਤ ਦੋਵੈ ਜਣੇ ਪਉਣੁ ਪਾਣੀ ਬੈਸੰਤਰੁ ਛਾਏ ।

(ਪਰੰਤੂ ਸੱਚ ਪੁਛੋ) ਦੋਹਾਂ ਜਣਿਆਂ ਵਿਖੇ ਪੰਜੇ ਤਤ-ਅਪ, ਤੇਜ, ਵਾਯੂ, ਪ੍ਰਿਥਮੀ, ਅਕਾਸ਼ ਹੀ ਛਾ ਰਹੇ ਹਨ।

ਇਕ ਥਾਉਂ ਦੁਇ ਨਾਉਂ ਧਰਾਏ ।੨।

ਇਕੋ ਥਾਉਂ (ਉਤਪਤੀ ਦਾ ਥਾਉਂ ਇਕੋ ਈਸ਼੍ਵਰ ਹੈ) ਨਾਉਂ ਦੋ ਧਰ ਲੀਤੇ ਹਨ।

ਪਉੜੀ ੩

ਦੇਖਿ ਦੁਭਿਤੀ ਆਰਸੀ ਮਜਲਸ ਹਥੋ ਹਥੀ ਨਚੈ ।

(ਦੁਭਿੱਤੀ) ਦੋ ਸ਼ਕਲਾਂ ਵਾਲੀ ਆਰਸੀ ਮਜਲਸ ਵਿਖੇ ਹੱਥੋ ਹੱਥੀ 'ਨੱਚਦੀ' ਹੈ।

ਦੁਖੋ ਦੁਖੁ ਦੁਬਾਜਰੀ ਘਰਿ ਘਰਿ ਫਿਰੈ ਪਰਾਈ ਖਚੈ ।

ਦੋ ਮੂੰਹੀ ਨੂੰ ਦੁਖ ਅਰ ਦੁਖ ਹੀ ਰਹਿੰਦਾ ਹੈ, (ਕਿਉਂ ਜੋ) ਘਰ ਘਰ ਪਰਾਈ ਹੋਕੇ ਖਰਾਬ ਹੋਈ ਫਿਰਦੀ ਹੈ।

ਅਗੋ ਹੋਇ ਸੁਹਾਵਣੀ ਮੁਹਿ ਡਿਠੈ ਮਾਣਸ ਚਹਮਚੈ ।

ਅੱਗੋਂ (ਵੱਡੀ) ਸੋਹਣੀ ਲੱਗਦੀ ਹੈ, ਜਦ ਕੋਈ ਮਨੁਖ ਮੂੰਹ ਦੇਖਦਾ ਹੈ ('ਚਹਮਚੈ') ਪ੍ਰਸੰਨ ਹੁੰਦਾ ਹੈ।

ਪਿਛਹੁ ਦੇਖਿ ਡਰਾਵਣੀ ਇਕੋ ਮੁਹੁ ਦੁਹੁ ਜਿਨਸਿ ਵਿਰਚੈ ।

ਪਿਛੋਂ ਦੇਖੋ ਤਾਂ ਡਰਾਉਣੀ ਲੱਗਦੀ ਹੈ, ਮੂੰਹ ਇਕ ਹੈ ਸ਼ਕਲਾਂ ਦੋ ਧਾਰਦੀ ਹੈ (ਅੱਗਾ ਚੰਗਾ ਪਿੱਛਾ ਖਰਾਬ ਹੈ)।

ਖੇਹਿ ਪਾਇ ਮੁਹੁ ਮਾਂਜੀਐ ਫਿਰਿ ਫਿਰਿ ਮੈਲੁ ਭਰੈ ਰੰਗਿ ਕਚੈ ।

ਸੁਆਹ ਪਾਕੇ ਮੂੰਹ ਮਾਂਜੀਦਾ ਹੈ, ਫੇਰ ਮੈਲ ਭਰੀ ਜਾਂਦੀ ਹੈ ਰੰਗ ਕੱਚਾ ਹੁੰਦਾ ਜਾਂਦਾ ਹੈ (ਅਗਲੀਆਂ ਦੋ ਤੁਕਾਂ ਵਿਖੇ ਫਲ ਦੱਸਦੇ ਹਨ)।

ਧਰਮਰਾਇ ਜਮੁ ਇਕੁ ਹੈ ਧਰਮੁ ਅਧਰਮੁ ਨ ਭਰਮੁ ਪਰਚੈ ।

ਧਰਮਰਾਜ ਜਮ ਇਕੋ ਹੀ ਹੈ ਉਹ ਧਰਮ ਹੀ ਕਰਦਾ ਹੈ, ਅਧਰਮ ਦੇ ਭਰਮ ਨਾਲ ਪਰਚਦਾ ਨਹੀਂ (ਫਲ ਵਿਚਾਰਕੇ ਦਿੰਦਾ ਹੈ)।

ਗੁਰਮੁਖਿ ਜਾਇ ਮਿਲੈ ਸਚੁ ਸਚੈ ।੩।

(ਇਸੇ ਲਈ) ਗੁਰਮੁਖ (ਜੋ ਇਕ ਰੰਗ) ਸੱਚ (ਵਿਚ ਰਹਿੰਦੇ ਹਨ) ਸੱਚ ਵਿਖੇ ਜਾ ਮਿਲਦੇ ਹਨ (ਅਰ ਆਰਸੀ ਵਾਂਙੂੰ ਦੁਬਾਜਰੇ 'ਘਰ ਘਰ' ਜੂਨੀਆਂ ਵਿਖੇ ਪਰਾਈਆਂ ਮੁਸ਼ੱਕਤਾਂ ਵਿਚ ਹੀ ਫਿਰਦੇ ਰਹਿੰਦੇ ਹਨ)।

ਪਉੜੀ ੪

ਵੁਣੈ ਜੁਲਾਹਾ ਤੰਦੁ ਗੰਢਿ ਇਕੁ ਸੂਤੁ ਕਰਿ ਤਾਣਾ ਵਾਣਾ ।

(ਤਾਣੀਂ) ਉਣਨ ਵਾਲਾ ਜੁਲਾਹਾ ਤੰਦ ਤੰਦ ਗੰਢਕੇ ਇਕੋ ਜਿਹਾ ਸੂਤ੍ਰ ਦਾ ਤਾਣਾ ਪੇਟਾ ਕਰ ਕੇ ਤਾਣੀ ਉਣਦਾ ਹੈ।

ਦਰਜੀ ਪਾੜਿ ਵਿਗਾੜਦਾ ਪਾਟਾ ਮੁਲ ਨ ਲਹੈ ਵਿਕਾਣਾ ।

ਦਰਜੀ ਪਾੜਕੇ ਕੱਪੜੇ ਦੀਆਂ ਟਾਕੀਆਂ ਕਰ ਦਿੰਦਾ ਹੈ, ਜੇਕਰ (ਟਾਕੀਆਂ) ਵੇਚੀਆਂ ਜਾਣ ਤਾਂ (ਕੱਪੜਾ ਵਿਕਣ ਵਿਚ) ਮੁੱਲ ਨਹੀਂ ਪਾਉਂਦਾ (ਭਾਵ ਕੋਈ ਕਦਰ ਨਹੀਂ ਕਰਦਾ)।

ਕਤਰਣਿ ਕਤਰੈ ਕਤਰਣੀ ਹੋਇ ਦੁਮੂਹੀ ਚੜ੍ਹਦੀ ਸਾਣਾ ।

ਕੈਂਚੀ ਕਾਤਰਾਂ ਨੂੰ ਕਤਰਦੀ ਹੈ, ਦੁਮੂੰਹੀ ਹੋਕੇ ਸਾਣ ਪੁਰ ਚੜ੍ਹਦੀ ਹੈ।

ਸੂਈ ਸੀਵੈ ਜੋੜਿ ਕੈ ਵਿਛੁੜਿਆਂ ਕਰਿ ਮੇਲਿ ਮਿਲਾਣਾ ।

ਸੂਈ ਜੋੜਕੇ ਸੀਉਂਦੀ ਹੈ, ਵਿਛੁੜਿਆਂ ਦਾ ਮੇਲ ਮਿਲਾਪ ਕਰਾਉਂਦੀ ਹੈ।

ਸਾਹਿਬੁ ਇਕੋ ਰਾਹਿ ਦੁਇ ਜਗ ਵਿਚਿ ਹਿੰਦੂ ਮੁਸਲਮਾਣਾ ।

ਸਾਹਿਬ (ਏਕ ਅਰਥਾਤ ਪਰਮੇਸੁਰ) ਹਿੰਦੂ ਮੁਸਲਮਾਨਾਂ ਦਾ ਇਕੋ ਹੈ (ਅਰ) ਰਾਹ ਜਗਤ ਵਿਚ ਦੋ ਚਲ ਰਹੇ ਹਨ, (ਭਾਵ ਇਕੋ ਸੂਤ ਦੀ ਤਾਣੀ ਵਿਖੇ ਭੇਦ ਪੈ ਰਿਹਾ ਹੈ)।

ਗੁਰਸਿਖੀ ਪਰਧਾਨੁ ਹੈ ਪੀਰ ਮੁਰੀਦੀ ਹੈ ਪਰਵਾਣਾ ।

ਗੁਰ ਸਿੱਖੀ (ਸੂਈ ਵਾਂਙੂ) ਸ਼ਿਰੋਮਣੀ ਹੇ (ਗੁਰ ਸਿੱਖ ਕੀ ਹੈ?) ਗੁਰੂ ਦੀ ਸਿੱਖੀ (ਅਰਥਾਤ ਗੁਰੂ ਪੁਰ ਸ਼ਰਧਾ ਰੱਖਣੀ) ਹੀ ਸ੍ਰੇਸ਼ਟ ਹੈ, (ਇਹ ਵਿਛੜਿਆਂ ਹੋਇਆਂ ਜੀਵਾਂ ਦਾ ਰਬ ਨਾਲ ਮਿਲਾਪ ਕਰਾ ਦਿੰਦੀ ਹੈ)।

ਦੁਖੀ ਦੁਬਾਜਰਿਆਂ ਹੈਰਾਣਾ ।੪।

ਅਰ ਜੋ 'ਦੁਬਾਜਰੇ' ਮਨਮੁਖ ਦੋਭਿੱਤੀਏ ਹਨ ਹੈਰਾਨ ਤੇ ਦੁਖੀ ਰਹਿੰਦੇ ਹਨ (ਉਨ੍ਹਾਂ ਦਾ ਈਸ਼੍ਵਰ ਨਾਲ ਕਦੇ ਮੇਲ ਨਹੀਂ ਹੁੰਦਾ)।

ਪਉੜੀ ੫

ਜਿਉ ਚਰਖਾ ਅਠਖੰਭੀਆ ਦੁਹਿ ਲਠੀ ਦੇ ਮੰਝਿ ਮੰਝੇਰੂ ।

ਜਿੱਕੁਰ ਅਠਖੰਭੀਏ (ਅੱਠਾ ਫੱਟੀਆਂ ਵਾਲੇ) ਚਰਖੇ ਦਾ ਮੰਝੇਰੂ (ਚੱਕ ਜਾਂ ਨਾਭ) ਦੋ ਲੱਠਾਂ (ਵੱਡੇ ਮੁੰਨਿਆਂ) ਦੇ ਵਿਚ ਹੁੰਦਾ ਹੈ।

ਦੁਇ ਸਿਰਿ ਧਰਿ ਦੁਹੁ ਖੁੰਢ ਵਿਚਿ ਸਿਰ ਗਿਰਦਾਨ ਫਿਰੈ ਲਖ ਫੇਰੂ ।

ਦੋਵੇਂ ਸਿਰੇ ਲੱਠ ਦੇ ਖੁੰਢਾਂ (ਛੇਕਾਂ) ਵਿਚ ਰੱਖੇ ਜਾਂਦੇ ਅਰ ਸਿਰ ਪਰਣੇ ਹੋਕੇ ਲੱਖਾਂ ਫੇਰ ਦਿੰਦਾ ਹੈ।

ਬਾਇੜੁ ਪਾਇ ਪਲੇਟੀਐ ਮਾਲ੍ਹ ਵਟਾਇ ਪਾਇਆ ਘਟ ਘੇਰੂ ।

ਬਾਇੜ ਪਾਕੇ ਲਪੇਟਦਾ ਹੈ, ਧਾਗੇ ਦੀ ਮਾਹਲ ਵੱਟਕੇ ਘੇਰਾ ਪਈਦਾ ਹੈ।

ਦੁਹੁ ਚਰਮਖ ਵਿਚਿ ਤ੍ਰਕੁਲਾ ਕਤਨਿ ਕੁੜੀਆਂ ਚਿੜੀਆਂ ਹੇਰੂ ।

ਦੋ ਚਮੜੀਆਂ ਵਿਚ ਤ੍ਰੱਕਲਾ ਹੁੰਦਾ ਹੈ ਕੁੜੀਆਂ ਚਿੜੀਆਂ ਦਾ ('ਹੇਰੂ') ਚਰਖਾ ਕੱਤਿਆ ਜਾਂਦਾ ਹੈ (ਜਾਂ ਹੇਰੂ ਤੱਕਲਾ ਹਿੱਲਦਾ ਚੱਕਰ ਖਾਂਦਾ ਹੈ)।

ਤ੍ਰਿੰਞਣਿ ਬਹਿ ਉਠ ਜਾਂਦੀਆਂ ਜਿਉ ਬਿਰਖਹੁ ਉਡਿ ਜਾਨਿ ਪੰਖੇਰੂ ।

ਤਿੰਣ ਵਿਚ ਬਹਿਕੇ (ਆਪੋ ਆਪਣੀਆਂ ਪੂਣੀਆਂ ਪੂਰੀਆਂ ਕਰ ਕੇ ਇਉ ਕੁੜੀਆਂ ਨੂੰ ਚਿੜੀਆਂ ਦੀ ਉਪਮਾਂ ਦੇਣ ਦਾ ਭਾਵ ਇਹ ਹੈ ਕਿ ਮਾਨੋ ਉੱਡਣ ਵਾਲੀਆਂ ਚਿੜੀਆਂ ਬ੍ਰਿੱਛਾਂ ਦੇ ਹੇਠ ਛਾਵੇਂ ਕੱਠੀਆਂ ਹੋਈਆਂ ਹਨ)

ਓੜਿ ਨਿਬਾਹੂ ਨਾ ਥੀਐ ਕਚਾ ਰੰਗੁ ਰੰਗਾਇਆ ਗੇਰੂ ।

ਓੜਕ ਤੀਕ ਨਿਰਬਾਹ ਕਰਨ ਵਾਲੀ ਕੋਈ ਨਹੀਂ ਹੁੰਦੀ, ਜਿੱਕੁਰ ਗੇਰੂ ਦਾ ਕੱਚਾ ਰੰਗ ਹੁੰਦਾ ਹੈ। (ਤਿਵੇਂ ਇਹ ਤਿੰਣ ਹੈ, ਸੰਸਾਰ ਦਾ ਕੱਠ ਓੜਕ ਨਿਭਣ ਵਾਲਾ ਨਹੀਂ ਹੈ)।

ਘੁੰਮਿ ਘੁਮੰਦੀ ਛਾਉ ਘਵੇਰੂ ।੫।

(ਗੱਲ ਕੀ 'ਘੁੰਮਿ ਘੁਮੰਦੀ) ਫਿਰਦੀ ਘਿਰਦੀ ਛਾਉਂ ਵਾਙੂ ('ਘੁਵੇਰੂ') ਤਿੰਣ ਹੈ।

ਪਉੜੀ ੬

ਸਾਹੁਰੁ ਪੀਹਰੁ ਪਲਰੈ ਹੋਇ ਨਿਲਜ ਨ ਲਜਾ ਧੋਵੈ ।

ਸਾਹੁਰੇ ਅਰ ਪੇਕਿਆਂ ਨੂੰ ਬੇਸ਼ਰਮਣ ਹੋਕੇ (ਵਿਭਚਾਰਣ ਇਸਤ੍ਰੀ) ਛੱਡ ਦੇਂਦੀ ਹੈ, (ਸਾਰੀਆਂ) ਸ਼ਰਮਾਂ ਨੂੰ ਧੋ ਪੀਂਦੀ ਹੈ। (ਕਿਕੁਰ ਧੋ ਪੀਂਦੀ ਹੈ?)

ਰਾਵੈ ਜਾਰੁ ਭਤਾਰੁ ਤਜਿ ਖਿੰਜੋਤਾਣਿ ਖੁਸੀ ਕਿਉ ਹੋਵੈ ।

(ਆਪਣੇ) ਭਰਤਾ ਨੂੰ ਛੱਡਕੇ ਦੂਜੇ ਯਾਰ ਨੂੰ ਰਾਂਵਦੀ ਹੈ, (ਭਰਤਾ ਦੁਖੀ ਹੁੰਦਾ ਹੈ) ਤਦੋਂ ਖਿੰਜੋ ਤਾਣ ਵਿਚ ਸੁਖਾਲੀ ਕਿੱਕੂੰ ਸੌਂਦੀ ਹੈ?

ਸਮਝਾਈ ਨਾ ਸਮਝਈ ਮਰਣੇ ਪਰਣੇ ਲੋਕੁ ਵਿਗੋਵੈ ।

ਸਮਝਾਈ ਹੋਈ ਸਮਝਦੀ ਨਹੀਂ, ਮਰਣੇ ਪਰਣੇ ਵਿਚ ਲੋਕ ਵਿਗਾੜਦੀ ਹੈ (ਭਾਵ ਕਿਧਰੇ ਸ਼ਾਮਲ ਨਹੀਂ ਹੋ ਸਕਦੀ, ਸਾਰੇ ਪਰੇ ਪਰੇ ਕਰਦੇ ਹਨ)।

ਧਿਰਿ ਧਿਰਿ ਮਿਲਦੇ ਮੇਹਣੇ ਹੁਇ ਸਰਮਿੰਦੀ ਅੰਝੂ ਰੋਵੈ ।

('ਧਿਰ ਧਿਰ') ਥਾਉਂ ਥਾਉਂ ਤੋਂ ਮੇਹਣੇ ਮਿਲਦੇ ਹਨ ਤਦੋਂ ਸ਼ਰਮਿੰਦੀ ਹੋਕੇ ਅੱਖਾਂ ਭਰ ਭਰਕੇ ਰੋਂਦੀ ਹੈ।

ਪਾਪ ਕਮਾਣੇ ਪਕੜੀਐ ਹਾਣਿ ਕਾਣਿ ਦੀਬਾਣਿ ਖੜੋਵੈ ।

ਪਾਪ ਦਾ ਫਲ (ਇਕ ਦਿਨ) ਫੜੀ ਜਾਂਦੀ ਹੈ, ਕਾਣ (ਸ਼ਰਮ=ਅਣਖ ਦੀ ਹਾਨੀ) ਕਰ ਕੇ ਕਚਹਿਰੀ ਵਿਖੇ ਜਵਾਬ ਵਾਸਤੇ ਖੜੋਂਦੀ ਹੈ, (ਅਗੇ ਦੋ ਤੁਕਾਂ ਵਿਖੇ ਫਲ ਦਸਦੇ ਹਨ)।

ਮਰੈ ਨ ਜੀਵੈ ਦੁਖ ਸਹੈ ਰਹੈ ਨ ਘਰਿ ਵਿਚਿ ਪਰ ਘਰ ਜੋਵੈ ।

ਮਰਦੀ ਜੀਉਂਦੀ ਨਹੀਂ (ਪਰ) ਦੁਖ ਪਾਉਂਦੀ ਹੈ, (ਅੰਤ ਨੂੰ ਭਾਰੀ ਰੋਗ ਲਗਦਾ ਹੈ) ਘਰ ਵਿਖੇ ਰਹਿਣਾ ਨਹੀਂ ਮਿਲਦਾ, ਹੋਰ ਪਰਾਏ ਘਰਾਂ ਨੂੰ ਢੂੰਡਦੀ ਹੈ।

ਦੁਬਿਧਾ ਅਉਗੁਣਹਾਰੁ ਪਰੋਵੈ ।੬।

ਦੁਬਿਧਾ ਅਉਗੁਣਾਂ ਦਾ ਹਾਰ ਹੀ ਪੁਰੋਂਦੀ ਹੈ। (ਇਸ ਲਈ ਸਾਰੇ ਧਿਕਾਰਾਂ ਮਿਲਦੀਆਂ ਹਨ)।

ਪਉੜੀ ੭

ਜਿਉ ਬੇਸੀਵੈ ਥੇਹੁ ਕਰਿ ਪਛੋਤਾਵੈ ਸੁਖਿ ਨਾ ਵਸੈ ।

ਜਿੱਕੁਰ ਦੂਜੇ ਦੀ ਹੱਦ ਵਿਚ ਕੋਈ 'ਥੇਹ' (ਪਿੰਡ) ਪਾਵੇ, ਉਹ ਪਛੋਤਾਉਂਦਾ ਤੇ ਸੁਖ ਵਿਚ ਨਹੀਂ ਵੱਸਦਾ ਹੈ (ਕਾਰਣ ਹੇਠ ਦੱਸਦੇ ਸਨ)।

ਚੜਿ ਚੜਿ ਲੜਦੇ ਭੂਮੀਏ ਧਾੜਾ ਪੇੜਾ ਖਸਣ ਖਸੈ ।

ਜ਼ਿਮੀਂਦਾਰ ਚੜ੍ਹ ਚੜ੍ਹ ਕੇ ਲੜਦੇ ਹਨ ('ਧਾੜਾ ਪੇੜਾ') ਲੁੱਟ ਮਾਰ ਰਹਿੰਦੀ ਹੈ, ('ਖੱਸਣ ਖੱਸੈ') ਖੋਹਾ ਖਾਹੀ (ਕਰਕੇ ਇਕ ਦੂਜੇ ਦੀਆਂ ਵਸਤਾਂ ਖੌਂਹਦੇ ਹਨ)।

ਦੁਹ ਨਾਰੀ ਦਾ ਦੂਲਹਾ ਦੁਹੁ ਮੁਣਸਾ ਦੀ ਨਾਰਿ ਵਿਣਸੈ ।

ਦੋ ਇਸਤ੍ਰੀਆਂ ਦੇ ਖਾਵੰਦ ਵਾਂਙੂ (ਜਾਂ) ਦੋ ਭਰਤਿਆਂ ਦੀ ਤ੍ਰੀਮਤ ਵਾਂਙੂ ਦੁਖੀ ਰਹਿੰਦਾ ਹੈ।

ਹੁਇ ਉਜਾੜਾ ਖੇਤੀਐ ਦੁਹਿ ਹਾਕਮ ਦੁਇ ਹੁਕਮੁ ਖੁਣਸੈ ।

ਜਿੱਥੇ ਦੋ ਹਾਕਮ ਗੁੱਸੇ ਨਾਲ ਹੁਕਮ ਕਰਨ, (ਉਥੇ) ਖੇਤੀ (ਪੈਲੀ) ਉੱਜੜ ਜਾਂਦੀ ਹੈ।

ਦੁਖ ਦੁਇ ਚਿੰਤਾ ਰਾਤਿ ਦਿਹੁ ਘਰੁ ਛਿਜੈ ਵੈਰਾਇਣੁ ਹਸੈ ।

ਦ੍ਵੈਤ ਵਿਖੇ ਦੁਖ ਅਤੇ ਚਿੰਤਾ ਰਾਤ ਦਿਨ ਰਹਿੰਦੀ ਹੈ, ਇਕ ਘਰ ਦਾ ਨਾਸ ਦੂਜੇ ('ਵੈਰਾਇਣ') ਵੈਰ ਵਾਲੀਆਂ (ਗੁਆਂਢਣਾਂ) ਹਸਦੀਆ ਹਨ (ਕਿ ਚੰਗਾ ਹੋਇਆ)।

ਦੁਹੁ ਖੁੰਢਾਂ ਵਿਚਿ ਰਖਿ ਸਿਰੁ ਵਸਦੀ ਵਸੈ ਨ ਨਸਦੀ ਨਸੈ ।

('ਦੋ ਖੁੰਢਾਂ' ਖੋੜਾਂ ਭਾਵ) ਦੋ ਪਤੀਆਂ ਵਿਚ (ਜਿਹੜੀ ਤ੍ਰੀਮਤ) ਸਿਰ ਰੱਖਦੀ ਹੈ, ਉਹ ਵੱਸ ਅਤੇ ਨੱਸ ਨਹੀਂ ਸਕਦੀ (ਕਿਉਂ ਜੋ)

ਦੂਜਾ ਭਾਉ ਭੁਇਅੰਗਮੁ ਡਸੈ ।੭।

ਦੂਜਾ ਭਾਉ ਸੱਪ ਦੇ ਸਮਾਨ ਡੰਗ ਮਾਰਦਾ ਹੈ।

ਪਉੜੀ ੮

ਦੁਖੀਆ ਦੁਸਟੁ ਦੁਬਾਜਰਾ ਸਪੁ ਦੁਮੂਹਾ ਬੁਰਾ ਬੁਰਿਆਈ ।

ਦੁਖਦੇਵਾ, ਦੁਸ਼ਟ, ਦੁਬਾਜਰਾ ਬੁਰਿਆਈ ਕਰਨ ਵਿਚ ਦੋ ਮੂੰਹਾਂ ਸੱਪ ਬੁਰਾ ਹੈ।

ਸਭਦੂੰ ਮੰਦੀ ਸਪ ਜੋਨਿ ਸਪਾਂ ਵਿਚਿ ਕੁਜਾਤਿ ਕੁਭਾਈ ।

ਸਾਰੀਆਂ ਜੋਨੀਆਂ ਵਿਚੋਂ ਸੱਪ ਜੋਨੀ ਮੰਦੀ ਹੈ, ਪਰੰਤੂ ਸੱਪਾਂ ਵਿਚੋਂ (ਦੋ ਮੂੰਹਾਂ ਸੱਪ) ਕੁਜਾਤ ਅਰ ('ਕੁਭਾਈ') ਖੋਟੇ ਪ੍ਰਕਾਰ ਵਾਲਾ ਹੈ, (ਕਿਉਂ ਜੋ)

ਕੋੜੀ ਹੋਆ ਗੋਪਿ ਗੁਰ ਨਿਗੁਰੇ ਤੰਤੁ ਨ ਮੰਤੁ ਸੁਖਾਈ ।

ਗੁਰੂ ਨੂੰ ਗੋਪ (ਛਿਪਾਕੇ) ਕੋੜ੍ਹੀ ਹੁੰਦਾ ਹੈ, ਇਹ ਨਿਗੁਰਾ (ਤੰਤ) ਤਵੀਤ ਮੰਤ੍ਰ ਕੋਈ ਨਹੀਂ ਮੰਨਦਾ।

ਕੋੜੀ ਹੋਵੈ ਲੜੈ ਜਿਸ ਵਿਗੜ ਰੂਪਿ ਹੋਇ ਮਰਿ ਸਹਮਾਈ ।

ਜਿਸ ਨੂੰ ਲੜਦਾ ਹੈ ਉਹ ਭੀ ਕੋੜ੍ਹੀ ਹੋ ਕੁਰੂਪ ਹੋਕੇ ਸਹਿਮ ਵਿਖੇ ਮਰ ਜਾਂਦਾ ਹੈ।

ਗੁਰਮੁਖਿ ਮਨਮੁਖਿ ਬਾਹਰਾ ਲਾਤੋ ਲਾਵਾ ਲਾਇ ਬੁਝਾਈ ।

ਮਨਮੁਖ (ਭੀ ਦੁਮੂੰਹੇਂ ਸੱਪ ਵਾਂਙੂ) ਗਰੂ (ਜੋ ਮੁਖ=) ਸ੍ਰੇਸ਼ਟ ਹਨ ਉਨ੍ਹਾਂ ਥੋਂ ਬਾਹਰ ਰਹਿੰਦਾ ਹੈ, (ਅਰਥਾਤ ਗੁਰੂ ਪੀਰ ਨੂੰ ਮੰਨਦਾ ਨਹੀਂ। 'ਲਾਤੋਲਾਵਾ') ਚੁਆਤੀਆਂ ਲਾਕੇ (ਫੇਰ ਦਸਦਾ ਹੈ ਅਥਵਾ ਗੁਰਮੁਖ ਤੇ ਮਨਮੁਖ ਦਾ ਭੇਦ ਹੈ, ਮਨਮੁਖ ਚੁਆਤੀ ਲਾਉਂਦਾ ਗੁਰਮੁਖ ਲਗੀ) ਬੁਝਾਉਂਦਾ ਹੈ।

ਤਿਸੁ ਵਿਹੁ ਵਾਤਿ ਕੁਲਾਤਿ ਮਨਿ ਅੰਦਰਿ ਗਣਤੀ ਤਾਤਿ ਪਰਾਈ ।

ਉਸ ਦੇ ('ਵਾਤ') ਮੁਖ ਵਿਖੇ (ਨਿੰਦਾ ਦੀ) ਵਿਖ (ਰਹਿੰਦੀ ਹੈ) ਕਲਪਣਾ, ਈਰਖਾ, ਪਰਾਈ ਮਨ ਅੰਦਰ (ਰਹਿੰਦੀ ਹੈ)।

ਸਿਰ ਚਿਥੈ ਵਿਹੁ ਬਾਣਿ ਨ ਜਾਈ ।੮।

ਸਿਰ ਚਿੱਥੇ ਬਾਝ ਜ਼ਹਿਰੀਲੀ ਵਾਦੀ ਨਹੀਂ ਜਾਂਦੀ, (ਦੁਸ਼ਟਾਂ ਦਾ ਸੁਭਾਉ ਸਿਰ ਦੇ ਨਾਲ ਹੀ ਰਹਿੰਦਾ ਹੈ)।

ਪਉੜੀ ੯

ਜਿਉ ਬਹੁ ਮਿਤੀ ਵੇਸੁਆ ਛਡੈ ਖਸਮੁ ਨਿਖਸਮੀ ਹੋਈ ।

ਜਿੱਕੁਰ ਬਾਹਲੇ ਯਾਰਾਂ ਵਾਲੀ ਵੇਸਵਾ (ਆਪਣੇ) ਖਸਮ ਨੂੰ ਛਡਕੇ ਨਿਖਸਮੀ ਹੋ ਜਾਂਦੀ ਹੈ।

ਪੁਤੁ ਜਣੇ ਜੇ ਵੇਸੁਆ ਨਾਨਕਿ ਦਾਦਕਿ ਨਾਉਂ ਨ ਕੋਈ ।

(ਉਹ) 'ਵੇਸਵਾ' ਜੇ ਪੁਤ੍ਰ ਜਣਦੀ ਹੈ, (ਤਾਂ ਉਸਦੇ) ਨਾਨਕੇ ਦਾਦਕੇ ਦਾ ਨਾਮ ਕੋਈ ਨਹੀਂ ਹੁੰਦਾ।

ਨਰਕਿ ਸਵਾਰਿ ਸੀਗਾਰਿਆ ਰਾਗ ਰੰਗ ਛਲਿ ਛਲੈ ਛਲੋਈ ।

ਨੱਕ ਨੂੰ ਨੱਥਾਂ ਤੇ ਲੌਂਗ ਪਾਕੇ ਸਵਾਰਦੀ ਹੈ, ਰਾਗ ਰੰਗਾਂ ਦੇ ਛਲਾਂ ਨਾਲ ਛਲਣੀ ਹੋਕੇ ਛਲ ਲੈਂਦੀ ਹੈ।

ਘੰਡਾਹੇੜੁ ਅਹੇੜੀਆਂ ਮਾਣਸ ਮਿਰਗ ਵਿਣਾਹੁ ਸਥੋਈ ।

('ਅਹੇੜੀਆਂ') ਸ਼ਿਕਾਰੀਆਂ ਦੇ ਘੰਟੇ (ਵਾਂਙੂ ਗਾਉਂਕੇ ਮਨਮੁਖ ਰੂਪੀ) ਮਿਰਗ (ਜਿਹੜੇ ਉਸਦੇ) 'ਸਥੋਈ' ਸਾਥੀ ਹੁੰਦੇ ਹਨ, ਫਸਾ ਲੈਂਦੀ ਹੈ। (ਫਲ ਕੀ ਹੁੰਦਾ ਹੈ?)

ਏਥੈ ਮਰੈ ਹਰਾਮ ਹੋਇ ਅਗੈ ਦਰਗਹ ਮਿਲੈ ਨ ਢੋਈ ।

ਏਥੇ (ਇਸ ਸੰਸਾਰ ਵਿਖੇ) ਹਰਾਮ ਹੋਕੇ (ਨਿਸ਼ਫਲ ਜਨਮ ਗਵਾਕੇ) ਮਰ ਜਾਂਦੀ ਹੈ, ਅਗਲੀ ਦਰਗਾਹ ਵਿਖੇ (ਨਰਕ ਭੀ) ਢੋਈ ਨਹੀਂ ਦਿੰਦੇ। (ਛੇਕੜਲੀਆਂ ਦੋ ਤੁਕਾਂ ਵਿਖੇ ਦ੍ਰਿਸ਼ਟਾਤ ਦਿੰਦੇ ਹਨ)।

ਦੁਖੀਆ ਦੁਸਟੁ ਦੁਬਾਜਰਾ ਜਾਣ ਰੁਪਈਆ ਮੇਖੀ ਸੋਈ ।

ਦੁਬਾਜਰਾ ਦੁਸ਼ਟ ਪੁਰਖ ਵੇਸ਼ਵਾ (ਵਾਂਙੂ ਦੋ ਜਹਾਨਾਂ ਵਿਖੇ ਦੁਖੀ ਰਹਿੰਦਾ ਹੈ, ਮਾਨੋ ਉਹ ਖੋਟਾ ਰੁਪੱਯਾ ਹੈ।

ਵਿਗੜੈ ਆਪਿ ਵਿਗਾੜੈ ਲੋਈ ।੯।

ਆਪ ਵਿਗੜਦਾ ਹੈ ਨਾਲਦਿਆਂ ਸਾਥੀਆਂ ਨੂੰ ਵਿਗਾੜਦਾ ਹੈ।

ਪਉੜੀ ੧੦

ਵਣਿ ਵਣਿ ਕਾਉਂ ਨ ਸੋਹਈ ਖਰਾ ਸਿਆਣਾ ਹੋਇ ਵਿਗੁਤਾ ।

ਵਣਾਂ ਵਣਾਂ ਵਿਚ (ਆਲ੍ਹਣੇ ਬਾਝ) ਕਾਉਂ ਫਿਰਦਾ ਨਹੀਂ ਸੋਭਦਾ, ਸਿਆਣਾ ਹੋਕੇ ਖਰਾ ਖਰਾਬ ਹੁੰਦਾ ਹੈ (ਕਿਉਂ ਜੋ ਕਹਾਵਤ ਹੈ 'ਸਿਆਣਾ ਕਾਉਂ ਅਰੂੜੀਆਂ ਤੇ ਬਹਿੰਦਾ ਹੈ')।

ਚੁਤੜਿ ਮਿਟੀ ਜਿਸੁ ਲਗੈ ਜਾਣੈ ਖਸਮ ਕੁਮ੍ਹਾਰਾਂ ਕੁਤਾ ।

ਜਿਸ ਕੁਤੇ ਦੇ ਚਿਤੜਾਂ ਪੁਰ ਗਾਰਾ ਲੱਗ ਜਾਵੇ ਉਹ ਆਪ ਨੂੰ (ਹੰਕਾਰ) ਨਾਲ ਘੁਮਿਆਰਾ ਦੇ ਖਸਮ ਦਾ ਕੁੱਤਾ ਮੰਨਦਾ ਹੈ (ਕਿ ਮੈਂ ਵਡੇ ਘੁਮਿਆਰ ਦਾ ਪਾਲਤੂ ਹਾਂ)।

ਬਾਬਾਣੀਆਂ ਕਹਾਣੀਆਂ ਘਰਿ ਘਰਿ ਬਹਿ ਬਹਿ ਕਰਨਿ ਕੁਪੁਤਾ ।

ਵਡਿਆਂ ਦੀਆਂ (ਜਾਂ ਆਪਣੇ ਮਾਪਿਆਂ ਦੀਆਂ) ਕਹਾਣੀਆਂ ਕਪੁੱਤ੍ਰ ਘਰ ਘਰ ਬਹਿ ਬਹਿਕੇ ਕਰਦੇ ਫਿਰਦੇ ਹਨ (ਘਰ ਦਾ ਭੇਤ ਨਹੀਂ ਰੱਖ ਸਕਦੇ ਅਰਥਾਤ ਆਪਣੇ ਵਿਚ ਗੁਣ ਕੋਈ ਨਹੀਂ ਵਡਿਆਂ ਦਾ ਨਾਉਂ ਲੈਕੇ ਸ਼ੇਖੀਆਂ ਮਾਰਦੇ ਹਨ)।

ਆਗੂ ਹੋਇ ਮੁਹਾਇਦਾ ਸਾਥੁ ਛਡਿ ਚਉਰਾਹੇ ਸੁਤਾ ।

ਜੋ ਪੁਰਖ ਆਗੂ ਹੋਕੇ ਸਾਥ ਨੂੰ ਛਡਦੇ ਅਰ ਆਪ ਹੀ ਚਉਰਾਹੇ ਸੌਂ ਰਹੇ, (ਉਹ ਸਾਥ ਨੂੰ) ਲੁਟਾ ਬੈਠਦਾ ਹੈ।

ਜੰਮੀ ਸਾਖ ਉਜਾੜਦਾ ਗਲਿਆਂ ਸੇਤੀ ਮੇਂਹੁ ਕੁਰੁਤਾ ।

ਕੁਰੁੱਤਾ ਮੀਂਹ ਗੜਿਆਂ ਵਾਲਾ ਜੰਮੀ ਜਮਾਈ ਪੈਲੀ ਦਾ ਨਾਸ਼ ਕਰ ਦਿੰਦਾ ਹੈ। (ਉਕਤ ਦ੍ਰਿਸ਼ਟਾਂਤਾਂ ਦਾ ਦ੍ਰਿਸ਼ਟਾਂਤ ਦੁਬਾਜਰੇ ਪੁਰ ਘਟਾਉਂਦੇ ਹਨ)।

ਦੁਖੀਆ ਦੁਸਟੁ ਦੁਬਾਜਰਾ ਖਟਰੁ ਬਲਦੁ ਜਿਵੈ ਹਲਿ ਜੁਤਾ ।

ਦੁਬਾਜਰਾ ਦੁਸ਼ਟ ਪੁਰਖ ('ਖੱਟਰ' ਮਰਿੱਕੜੇ ਜਾਂ) ਅੜੀਅਲ ਬਲਦ ਵਾਂਙੂ ਹਲਾਂ ਵਿਚ ਜੋਇਆ ਹੋਇਆ (ਸਦਾ) ਦੁਖੀ ਰਹਿੰਦਾ ਹੈ (ਕਿਉਂ ਜੋ ਸੋਟਿਆਂ ਤੇ ਆਰ ਨਾਲ ਲਹੂ ਲੁਹਾਣ ਹੋ ਜਾਂਦਾ ਹੈ, ਉਸ ਨਾਲ ਕੀ ਸਲੂਕ ਕਰਦੇ ਹਨ?)

ਡਮਿ ਡਮਿ ਸਾਨੁ ਉਜਾੜੀ ਮੁਤਾ ।੧੦।

ਅੱਗ ਦਾ ਦਾਗ ਲਾਕੇ ਸਾਨ੍ਹ ਕਰ ਕੇ ਉਜਾੜੀਂ ਛੱਡ ਦੇਂਦੇ ਹਨ।

ਪਉੜੀ ੧੧

ਦੁਖੀਆ ਦੁਸਟੁ ਦੁਬਾਜਰਾ ਤਾਮੇ ਰੰਗਹੁ ਕੈਹਾਂ ਹੋਵੈ ।

ਦੁਖੀਆ ਦੁਸ਼ਟ ਦੁਬਾਜਰਾ ਕੈਹੇਂ ਧਾਂਤ ਵਾਂਙੂ ਹੈ ਜੋ ਤਾਂਬੇ ਰੰਗ ਤੋਂ ਕੈਹਾਂ ਬਣ ਜਾਂਦਾ ਹੈ।

ਬਾਹਰੁ ਦਿਸੈ ਉਜਲਾ ਅੰਦਰਿ ਮਸੁ ਨ ਧੋਪੈ ਧੋਵੈ ।

ਜੋ ਬਾਹਰੋਂ ਚਿੱਟਾ ਦਿਸਦਾ ਹੈ, ਅੰਦਰੋਂ ਕਾਲਖ ਧੋਤਿਆ ਨਹੀਂ ਜਾ ਸਕਦੀ (“ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ”)॥

ਸੰਨੀ ਜਾਣੁ ਲੁਹਾਰ ਦੀ ਹੋਇ ਦੁਮੂਹੀਂ ਕੁਸੰਗ ਵਿਗੋਵੈ ।

ਲੁਹਾਰ ਦੀ ਸੰਨ੍ਹੀਂ ਦੁਮੂੰਹੀ ਹੁੰਦੀ ਹੈ, ਉਹ ਭੀ ਕੁਸੰਗਤ ਵਿਚ ਖਰਾਬ ਹੁੰਦੀ ਹੈ।

ਖਿਣੁ ਤਤੀ ਆਰਣਿ ਵੜੈ ਖਿਣੁ ਠੰਢੀ ਜਲੁ ਅੰਦਰਿ ਟੋਵੈ ।

(ਕਿਉਂ ਜੋ) ਪਲ ਵਿਖੇ (ਆਰਣ) ਭੱਠੀ ਵਿਖੇ ਵੜਕੇ ਤੱਤੀ ਤੇ ਪਲ ਵਿਖੇ ਠੰਢੀ ਹੁੰਦੀ ਹੈ ਪਾਣੀ ਦੇ ਟੋਏ ਵਿਚ ਵੜਕੇ।

ਤੁਮਾ ਦਿਸੇ ਸੋਹਣਾ ਚਿਤ੍ਰਮਿਤਾਲਾ ਵਿਸੁ ਵਿਲੋਵੈ ।

ਤੁੰਮਾ ਵੇਖਣ ਨੂੰ ਸੋਹਣਾ ਦਿਸਦਾ ਹੈ, ਚਿੱਤ੍ਰਮਿੱਤ੍ਰ ਰੰਗ ਹੈ, (ਪਰੰਤੂ) ਜ਼ਹਿਰ ਨੂੰ ਰਿੜਕਦਾ ਹੈ (ਭਾਵ ਕੌੜੱਤਣ ਬਾਹਰ ਕੱਢਦਾ ਹੈ।

ਸਾਉ ਨ ਕਉੜਾ ਸਹਿ ਸਕੈ ਜੀਭੈ ਛਾਲੈ ਅੰਝੂ ਰੋਵੈ ।

ਉਸ ਦੇ ਕੌੜੇ ਸੁਆਦ ਨੂੰ ਕੋਈ ਸਹਾਰ ਨਹੀਂ ਸਕਦਾ, ਜੀਭ ਨੂੰ ਛਾਲੇ ਪਾ ਦਿੰਦਾ ਹੈ ਤਦੋਂ ਹੰਝੂਆਂ ਭਰ ਕੇ (ਖਾਣ ਵਾਲਾ) ਰੋਂਦਾ ਹੈ (ਕਿ ਮੈਂ ਕਿਉਂ ਖਾ ਬੈਠਾ)।

ਕਲੀ ਕਨੇਰ ਨ ਹਾਰਿ ਪਰੋਵੈ ।੧੧।

ਕਨੇਰ ਦੀਆਂ ਕਲੀਆਂ ਦਾ ਹਾਰ ਪਰੋਕੇ (ਕੋਈ ਗਲ ਵਿਚ) ਨਹੀਂ (ਪਾਉਂਦਾ ਕਿਉਂ ਜੋ ਇਸ ਵਿਚ ਸੁਗਧੀ ਦਾ ਤਾਂ ਮੁਸ਼ਕ ਭੀ ਨਹੀਂ ਹੈ। ਛੜਾ ਦੇਖਣ ਨੂੰ ਚੰਗਾ ਲਗਦਾ ਹੈ, ਦੁੱਧ ਜ਼ਹਿਰਦਾਰ ਹੁੰਦਾ ਹੈ)।

ਪਉੜੀ ੧੨

ਦੁਖੀ ਦੁਸਟੁ ਦੁਬਾਜਰਾ ਸੁਤਰ ਮੁਰਗੁ ਹੋਇ ਕੰਮ ਨ ਆਵੈ ।

ਦੁਖੀਆ ਦੁਸ਼ਟ ਦੁਬਾਜਰਾ ਸ਼ੁਤਰ ਮੁਰਗ ਵਾਂਙੂ (ਬੜਾ ਵੱਡਾ ਹੋਕੇ ਭੀ) ਕੰਮ ਨਹੀਂ ਆਉਂਦਾ।

ਉਡਣਿ ਉਡੈ ਨ ਲਦੀਐ ਪੁਰਸੁਸ ਹੋਈ ਆਪੁ ਲਖਾਵੈ ।

ਕਿਉਂ ਜੋ ਉਡਾਰੀ (ਪੰਛੀਆਂ ਵਾਂਙ) ਨਹੀਂ ਉਡ ਸਕਦਾ (ਅਤੇ ਊਠਾਂ ਵਾਂਙੂ ਲੱਦਿਆ ਭੀ ਨਹੀਂ ਜਾ ਸਕਦਾ, (ਨਾਮ ਸ਼ੁਤਰ ਮੁਰਗ ਭਈ ਊਠ ਤੇ ਪੰਛੀ ਹੈ, ਜਦ ਕੋਈ) ਪੁੱਛ ਕਰੇ ਤਦੋਂ ਆਪਣਾ ਆਪ ਲਖਾਉਂਦਾ ਹੈ (ਕਿ ਮੈਂ ਸਭ ਪੰਛੀਆਂ ਵਿਚੋਂ ਵਡਾ ਸ਼ੁਤਰ ਮੁਰਗ ਹਾਂ)।

ਹਸਤੀ ਦੰਦ ਵਖਾਣੀਅਨਿ ਹੋਰੁ ਦਿਖਾਲੈ ਹੋਰਤੁ ਖਾਵੈ ।

ਹਾਥੀ ਦੇ ਦੰਦ ਕਹੀਦੇ ਹਨ, (ਪਰੰਤੂ) ਦਿਖਾਣ ਦੇ ਹੋਰ ਅਤੇ ਖਾਣ ਦੇ ਹੋਰ ਹੁੰਦਾ ਹਨ।

ਬਕਰੀਆਂ ਨੋ ਚਾਰ ਥਣੁ ਦੁਇ ਗਲ ਵਿਚਿ ਦੁਇ ਲੇਵੈ ਲਾਵੈ ।

ਬਕਰੀਆਂ ਦੇ ਥਣ ਚਾਰ ਹਨ, ਦੋ ਹਵਾਨੇ ਨਾਲ ਤੇ ਦੋ ਗਲ ਵਿਖੇ ਹੁੰਦੇ ਹਨ।

ਇਕਨੀ ਦੁਧੁ ਸਮਾਵਦਾ ਇਕ ਠਗਾਊ ਠਗਿ ਠਗਾਵੈ ।

ਇਕਨਾਂ ਵਿਖੇ ਦੁੱਖ ਹੈ, ਦੂਜੇ (ਗਲ ਵਾਲੇ) ਠਗਾਊ ਠੱਗ ਹੋਕੇ ਲੋਕਾਂ ਨੂੰ ਠੱਗਦੇ ਹਨ।

ਮੋਰਾਂ ਅਖੀ ਚਾਰਿ ਚਾਰਿ ਉਇ ਦੇਖਨਿ ਓਨੀ ਦਿਸਿ ਨ ਆਵੈ ।

ਮੋਰਾਂ ਦੀਆਂ ਚਾਰ ਚਾਰ (ਬਹੁਤੀਆਂ) ਅੱਖਾਂ ਹੁੰਦੀਆਂ ਹਨ; (ਸਿਰ ਵਾਲੀਆਂ) ਅੱਖਾਂ ਦੇਖਦੀਆਂ ਹਨ, (ਪਰ ਉਨ੍ਹਾਂ ਖੰਭਾਂ ਵਾਲੀਆਂ ਨੂੰ) ਕੁਝ ਨਹੀਂ ਦਿੱਸ ਆਉਂਦਾ।

ਦੂਜਾ ਭਾਉ ਕੁਦਾਉ ਹਰਾਵੈ ।੧੨।

ਦ੍ਵੈਤ ਦਾ ਪਰਕਾਰ ਖੋਟਾ ਦਾਉ ਹੈ (ਜਦ ਕਦੀ) ਹਾਰ ਹੀ ਦਿਵਾਂਵਦਾ ਹੈ।

ਪਉੜੀ ੧੩

ਦੰਮਲੁ ਵਜੈ ਦੁਹੁ ਧਿਰੀ ਖਾਇ ਤਮਾਚੇ ਬੰਧਨਿ ਜੜਿਆ ।

ਢੋਲ ਦੋ ਪਾਸੀਂ ਵੱਜਦਾ ਹੈ, ਤਮਾਚੇ ਖਾਂਦਾ, ਰੱਸੀਆਂ ਨਾਲ ਘੁੱਟਕੇ ਜੜੀਦਾ ਹੈ (ਦੋਮੂੰਹੇ ਹੋਣ ਦਾ ਇਹ ਭਾਵ ਹੈ)।

ਵਜਨਿ ਰਾਗ ਰਬਾਬ ਵਿਚਿ ਕੰਨ ਮਰੋੜੀ ਫਿਰਿ ਫਿਰਿ ਫੜਿਆ ।

ਰਬਾਬ ਵਿਖੇ ਰਾਗ ਵੱਜਦੇ ਹਨ, ਕਿੱਲੀਆਂ ਰੂਪੀ ਕੰਨ ਮਰੋੜੀਦੇ ਫੇਰ ਫੇਰ ਫੜੀਦੇ ਹਨ (ਅੰਦਰ ਰਾਗ ਦ੍ਵੈਖ ਦਾ ਡੰਨ ਮਿਲਦਾ ਹੈ)।

ਖਾਨ ਮਜੀਰੇ ਟਕਰਾਂ ਸਿਰਿ ਤਨ ਭੰਨਿ ਮਰਦੇ ਕਰਿ ਧੜਿਆ ।

ਛੈਣੇ ਮਰਦਾਂ ਦੇ ਹੱਥਾਂ ਵਿਖੇ (ਧੜ ਧੜ ਸ਼ਬਦ ਕਰਕੇ) ਸਿਰ ਅਤੇ ਤਨ ਨੂੰ ਭੰਨ ਭੰਨ ਕੇ ਟੱਕਰਾਂ ਮਾਰਦੇ ਹਨ (ਮਾਨੋਂ ਦ੍ਵੈਤ ਦਾ ਫਲ ਦੱਸਦੇ ਹਨ)।

ਖਾਲੀ ਵਜੈ ਵੰਝੁਲੀ ਦੇ ਸੂਲਾਕ ਨ ਅੰਦਰਿ ਵੜਿਆ ।

ਬਾਂਸਰੀ ਖਾਲੀ ਹੋਵੇ ਤਾਂ ਵੱਜਦੀ ਹੈ, (ਜੇਕਰ ਉਸ ਦੇ ਅੰਦਰ ਕੋਈ ਰੋਕ ਵਾਲੀ ਚੀਜ਼ ਵੜੇ ਤਦੋਂ 'ਸੂਲਾਕ') ਸਲਾਈਆਂ ਦਿੱਤੀਆਂ ਜਾਂਦੀਆਂ ਹਨ ਕਿ ਅੰਦਰੋਂ ਸਾਫ ਹੋਕੇ ਵੱਜੇ।

ਸੁਇਨੇ ਕਲਸੁ ਸਵਾਰੀਐ ਭੰਨਾ ਘੜਾ ਨ ਜਾਈ ਘੜਿਆ ।

ਸੋਨੇ ਦਾ ਘੜਾ ਭੱਜੇ ਤਾਂ ਫੇਰ ਸਵਾਰੀ ਦਾ ਹੈ, ਮਿੱਟੀ ਦਾ ਭੱਜਿਆ ਹੋਇਆ (ਫੇਰ) ਨਹੀਂ ਘੜੀਦਾ (ਉਹ ਕਿੱਥ ਸਿੱਟੀਦਾ ਹੈ? ਸੜੇਹਾਨ ਵਾਲੀਆਂ ਥਾਵਾਂ ਅਰਥਾਤ ਅਰੂੜੀਆਂ ਪੁਰ ਉਸ ਦੀਆਂ ਠੀਕਰੀਆਂ ਸਿੱਟੀਦੀਆਂ ਹਨ)।

ਦੂਜਾ ਭਾਉ ਸੜਾਣੈ ਸੜਿਆ ।੧੩।

(ਤਿਹਾ ਹੀ) ਦੂਜੇ ਭਾਉ ਵਾਲੇ (ਜੋ ਭੰਨੇ ਹੋਏ ਘੜੇ ਵਾਂਙੂ ਨਿਕਾਰੇ ਹੁੰਦੇ ਹਨ ਓਹ ਨਰਕਾਂ ਦੀ) ਅੱਗ ਵਿਖੇ ਹੀ ਸਾੜੇ ਜਾਂਦੇ ਹਨ।

ਪਉੜੀ ੧੪

ਦੁਖੀਆ ਦੁਸਟੁ ਦੁਬਾਜਰਾ ਬਗੁਲ ਸਮਾਧਿ ਰਹੈ ਇਕ ਟੰਗਾ ।

ਰਾਗ ਦ੍ਵੈਖ ਵਾਲਾ ਦੁਸ਼ਟ ਪੁਰਖ (ਕਪਟ) ਸਮਾਧੀ (ਹੋਕੇ) ਬਗਲੇ (ਵਾਂਙੂ) ਇਕ ਟੰਗ ਦੇ ਭਾਰ ਦੁਖੀਆਂ ਰਹਿੰਦਾ ਹੈ।

ਬਜਰ ਪਾਪ ਨ ਉਤਰਨਿ ਘੁਟਿ ਘੁਟਿ ਜੀਆਂ ਖਾਇ ਵਿਚਿ ਗੰਗਾ ।

ਗੰਗਾ ਦੇ ਕਿਨਾਰੇ ਪਕੜ ਪਕੜਕੇ ਜੀਆਂ ਨੂੰ ਖਾਣ ਦਾ ਪਾਪ ਬੱਜਰ ਵਾਂਙੂੰ ਉਸ ਦੇ ਸਿਰ ਚੜ੍ਹਿਆ ਲਹਿੰਦਾ ਨਹੀਂ।

ਤੀਰਥ ਨਾਵੈ ਤੂੰਬੜੀ ਤਰਿ ਤਰਿ ਤਨੁ ਧੋਵੈ ਕਰਿ ਨੰਗਾ ।

ਤੂੰਬੜੀ' (ਪ੍ਰਯਾਗਾਦਿਕ) ਤੀਰਥਾਂ ਵਿਖੇ ਨ੍ਹਉਂਦੀ ਹੈ, ਨੰਗਾ ਪਿੰਡਾ ਕਰ ਕੇ ਆਪ ਨੂੰ ਧੋਂਦੀ ਤੇ ਤਰਦੀ ਰਹਿੰਦੀ ਹੈ, (ਪਰੰਤੂ)

ਮਨ ਵਿਚਿ ਵਸੈ ਕਾਲਕੂਟੁ ਭਰਮੁ ਨ ਉਤਰੈ ਕਰਮੁ ਕੁਢੰਗਾ ।

ਮਨ ਵਿਖੇ ਜ਼ਹਿਰ ਰਹਿੰਦੀ ਹੇ (ਕਿਉਂ ਜੋ) ਭਰਮ ਦਾ ਕਰਮ ਖੋਟੇ ਢੰਗ ਵਾਲਾ ਨਹੀਂ ਉਤਰਦਾ (ਉਪਰੋਂ ਪਿੰਡਾ ਧੋਣ ਨਾਲ ਕੀ ਹੋ ਸਕਦਾ ਹੈ ਯਥਾ:-”ਲਉਕੀ ਅਠ ਸਠ ਤੀਰਥ ਨਾਈ॥ ਕਉਰਾਪਨ ਤਊ ਨ ਜਾਈ”)।

ਵਰਮੀ ਮਾਰੀ ਨਾ ਮਰੈ ਬੈਠਾ ਜਾਇ ਪਤਾਲਿ ਭੁਇਅੰਗਾ ।

ਵਰਮੀ' (ਖੁੱਡ) ਦੇ ਮਾਰਿਆਂ ਸੱਪ ਨਹੀਂ ਮਰਦਾ (ਕਿਉਂ ਜੋ ਉਹ) ਪਤਾਲ ਵਿਖੇ ਡੇਰਾ ਲਾਈ ਬੈਠਾ ਹੈ, (ਭਾਵ ਮਨ ਡੂੰਘੇ ਭਰਮ ਵਿਖੇ ਫਸਿਆ ਹੋਇਆ ਹੈ)।

ਹਸਤੀ ਨੀਰਿ ਨਵਾਲੀਐ ਨਿਕਲਿ ਖੇਹ ਉਡਾਏ ਅੰਗਾ ।

ਹਾਥੀ ਨੂੰ (ਕਿੰਨਾ) ਪਾਣੀ ਵਿਚ ਨੁਹਾਈਏ, ਨਿਕਲਦੇ ਸਾਰ ਸੁਆਹ ਸਿਰ ਪਰ ਧੂੜਦਾ ਹੈ (ਤਿਹਾ ਹੀ ਸਤਿਸੰਗੋਂ ਬਾਹਰ ਨਿਕਲਦਾ ਹੀ ਮਨਮੁਖ ਵਿਖਿਆਂ ਦੀ ਮਿੱਟੀ ਦਾ ਬੁਕ ਸਿਰ ਪੁਰ ਮਲਦਾ ਹੈ)।

ਦੂਜਾ ਭਾਉ ਸੁਆਓ ਨ ਚੰਗਾ ।੧੪।

ਦੂਜੇ ਭਾਉ ਦਾ ਸੁਆਦ ਚੰਗਾ ਨਹੀਂ ਹੈ (ਪਾਪਾਂ ਦਾ ਫਲ ਮੌਤ ਹੀ ਹੈ)।

ਪਉੜੀ ੧੫

ਦੂਜਾ ਭਾਉ ਦੁਬਾਜਰਾ ਮਨ ਪਾਟੈ ਖਰਬਾੜੂ ਖੀਰਾ ।

ਦੂਜੇ ਭਾਇ ਵਾਲਾ ਮਨਮੁਖ ਮਨ ਦਾ ਇਉਂ ਫੱਟਿਆ ਰਹਿੰਦਾ ਹੈ (ਜਿੱਕੁਰ) ਫੱਟਿਆ ਹੋਇਆ ਦੁੱਧ ਹੁੰਦਾ ਹੈ।

ਅਗਹੁ ਮਿਠਾ ਹੋਇ ਮਿਲੈ ਪਿਛਹੁ ਕਉੜਾ ਦੋਖੁ ਸਰੀਰਾ ।

ਪਹਿਲੇ ਤਾਂ ਮਿੱਠਾ ਮਲੂਮ ਹੁੰਦਾ ਹੈ, (ਖਾਣ ਥੋਂ) ਪਿਛੋਂ ਕਉੜਾ ਹੋਕੇ ਸਰੀਰ ਨੂੰ ਰੋਗ ਲਾ ਦਿੰਦਾ ਹੈ।

ਜਿਉ ਬਹੁ ਮਿਤਾ ਕਵਲ ਫੁਲੁ ਬਹੁ ਰੰਗੀ ਬੰਨ੍ਹਿ ਪਿੰਡੁ ਅਹੀਰਾ ।

ਜਿੱਕੁਰ 'ਬਹੁਮਿੱਤਾ' ਭੌਰਾ ਬਹੁਰੰਗੀ ਕਵਲ ਫੁਲਾਂ ਦੇ ਬਨ ਨੂੰ ਅਹੀਰਾਂ ਦੇ ਪਿੰਡ (ਵਾਙੂ ਪੱਕਾ ਪਿੰਡ ਸਮਝ ਬੈਠਦਾ ਹੈ, ਇਹ ਨਹੀ ਜਾਣਦਾ ਕਿ ਇਹ ਤਾਂ ਗੋਇਲ ਵਾਸ ਹੈ)

ਹਰਿਆ ਤਿਲੁ ਬੂਆੜ ਜਿਉ ਕਲੀ ਕਨੇਰ ਦੁਰੰਗ ਨ ਧੀਰਾ ।

ਹਰੇ ਬੁ ਆੜ ਦੇ ਤਿਲ ਅਰ ਕਨੇਰ ਦੀ ਕਲੀ ਵਾਙੂ ਦੁਰੰਗੀ (ਸੰਸਾਰ) ਹੈ ('ਨ ਧੀਰਾਂ' ਰਹੀਏ ਸਿਥਿਤ) ਰਹਿਣ ਹਾਰਾ ਨਹੀਂ ਉਪਰੋ ਹੀ ਸੁਹਣਾ ਜਾਪਦਾ ਹੈ ਅੰਦਰੋ ਖਾਲੀ ਹੈ। ਹੇਠਲੀਆਂ ਦੋ ਤੁਕਾਂ ਵਿਖੇ ਦ੍ਰਿਸ਼ਟਾਂਤ ਦਿੰਦੇ ਹਨ)

ਜੇ ਸਉ ਹਥਾ ਨੜੁ ਵਧੈ ਅੰਦਰੁ ਖਾਲੀ ਵਾਜੁ ਨਫੀਰਾ ।

ਜੇਕਰ ਸੌ ਹੱਥ ਬੀ ਨੜਾਂ ਵਧ ਜਾਵੇ ਫੇਰ ਬੀ ਅੰਦਰੋਂ ਖਾਲੀ ਹੈ, ਮੁਰਲੀਆਂ ਦੇ ਕੰਮ (ਤੋਂ ਭੀ ਸੱਖਣਾਂ ਹੈ, ਖਾਲੀ ਦੇਹੁਰੀ ਦੀਪਕ ਹੈ)

ਚੰਨਣ ਵਾਸ ਨ ਬੋਹੀਅਨਿ ਖਹਿ ਖਹਿ ਵਾਂਸ ਜਲਨਿ ਬੇਪੀਰਾ ।

ਚੰਦਨ ਦੇ ਪਾਸ ਰਹਿਕੇ ਉਸ ਦੀ ਸੁੰਗਧੀ ਨਾਲ ਵਾਂਸ ਸੁਗੰਧਿਤ ਨਹੀਂ ਹੁੰਦੇ, ਸਗਮਾਂ ਬੇਪੀਰੇ ਆਪੋ ਵਿਚ (ਹੰਕਾਰ ਨਾਲ) ਖਹਿ ਖਹਿਕੇ ਸੜ ਜਾਂਦੇ ਹਨ।

ਜਮ ਦਰ ਚੋਟਾ ਸਹਾ ਵਹੀਰਾ ।੧੫।

ਜਮ ਦੇ ਦਰਵਾਜੇ ਪੁਰ (ਮਨਮੁਖਾਂ ਦੀਆਂ ਵਹੀਰਾਂ) ਭੀੜਾਂ ਚੋਟਾਂ ਸਹਾਰਦੀਆਂ ਹਨ।

ਪਉੜੀ ੧੬

ਦੂਜਾ ਭਾਉ ਦੁਬਾਜਰਾ ਬਧਾ ਕਰੈ ਸਲਾਮੁ ਨ ਭਾਵੈ ।

ਦੂਜੇ ਭਾਉ ਵਾਲਾ ਦੁਬਾਜਰਾ (ਜੋ) ਬੱਧੋਗੀਰੀ ਨਾਲ ਨਿਉਂਕੇ ਸਲਾਮ ਕਰਦਾ ਹੈ, (ਤਾਂ ਉਹ ਕਿਸੇ ਨੂੰ) ਭਾਉਂਦਾ ਨਹੀਂ। (ਲਿਖਿਆ ਹੈ:-'ਅਗੋ ਦੇ ਜੇ ਚੇਤੀਐ ਤਾ ਕਾਇਤੁ ਮਿਲੈ ਸਜਾਇ'॥ ਦੁਖ ਵੇਲੇ ਤਾਂ ਹਰ ਕੋਈ ਬੱਧਾ ਚੱਟੀ ਭਰ ਸਕਦਾ ਹੈ, ਇਸ ਪਰ ਹੇਠਲੀ ਤੁਕ ਵਿਖੇ ਦ੍ਰਿਸ਼ਟਾਤ ਦਿੰਦੇ ਹਨ)।

ਢੀਂਗ ਜੁਹਾਰੀ ਢੀਂਗੁਲੀ ਗਲਿ ਬਧੇ ਓਹੁ ਸੀਸੁ ਨਿਵਾਵੈ ।

ਢੀਂਗਲੀ ਦੇ (ਇਕ ਸਿਰੇ ਢੀਮ ਅਰ) ਗਲ (ਵਿਖੇ ਬੋਕਾ ਜਾਂ ਡੋਲ) ਬੰਨ੍ਹਕੇ ਉਸ ਦਾ ਸਿਰ (ਢੀਂਗ) ਲਮਢੀਂਗ ਵਾਂਙ ਨਿਵਾਂਵਦਾ ਹੈ, (ਤਦੋਂ ਉਹ) ਨਿਮਸ਼ਕਾਰਾਂ ਕਰਦੀ ਹੈ।

ਗਲਿ ਬਧੈ ਜਿਉ ਨਿਕਲੈ ਖੂਹਹੁ ਪਾਣੀ ਉਪਰਿ ਆਵੈ ।

ਅਰ ਖੂਹ ਥੋਂ ਗਲ ਬੱਧੀ ਹੋਈ ਹੀ ਨਿਕਲਦੀ ਹੈ, ਖੂਹੋਂ ਪਾਣੀ ਬਾਹਰ ਆਉਂਦਾ ਹੈ।

ਬਧਾ ਚਟੀ ਜੋ ਭਰੈ ਨਾ ਗੁਣ ਨਾ ਉਪਕਾਰੁ ਚੜ੍ਹਾਵੈ ।

(ਪਰੰਤੂ ਐਸਿਆਂ ਦਾ) ਗੁਣ ਤੇ ਉਪਕਾਰ ਕੁਝ ਨਹੀਂ ਹੈ, ਕਿਉਂ ਜੋ ਉਹ ਬੱਧੇ ਹੋਏ ਚੱਟੀਆਂ ਭਰਦੇ ਹਨ, (ਜੇ ਕਹੀਏ ਉਹ ਨਿਵਦੀ ਹੈ, ਨਹੀਂ ਨੀਚ ਦਾ ਨਿਵਣਾ ਭੀ ਦੁਖਦਾਈ ਹੁੰਦਾ ਹੈ, ਯਥਾ-)

ਨਿਵੈ ਕਮਾਣ ਦੁਬਾਜਰੀ ਜਿਹ ਫੜਿਦੇ ਇਕ ਸੀਸ ਸਹਾਵੈ ।

ਦੂਜੇ ਭਾਉ ਵਾਲੀ ਕਮਾਨ ਹੈ (ਜਦ ਸ਼ਿਕਾਰੀ) ਚਿੱਲੇ ਤੇ ਤੀਰ ਜੋੜਕੇ ਖਿੱਚਦਾ ਹੈ ਤਦੋਂ ਨਿਵੰਦੀ ਹੈ ਤਾਂ (ਕਿਸੇ) ਇਕ (ਦੇ) ਸੀਸ ਵਿਚ ਜਾ ਲਗਦੀ ਹੈ।

ਨਿਵੈ ਅਹੇੜੀ ਮਿਰਗੁ ਦੇਖਿ ਕਰੈ ਵਿਸਾਹ ਧ੍ਰੋਹੁ ਸਰੁ ਲਾਵੈ ।

ਸ਼ਿਕਾਰੀ ਭੀ ਮਿਰਗ ਨੂੰ ਵੇਖ ਕੇ ਨਿਉਂਦਾ ਹੈ ਪਰ ਵਿਸਾਹਕੇ ਧ੍ਰੋਹ ਨਾਲ ਬਾਣ ਮਾਰਦਾ ਹੈ।

ਅਪਰਾਧੀ ਅਪਰਾਧੁ ਕਮਾਵੈ ।੧੬।

(ਗੱਲ ਕੀ) ਅਪਰਾਧੀ ਲੋਕ (ਨਿਵ ਕੇ ਭੀ ਨਾਨਾਂ ਤਰਾਂ ਦੇ) ਅਪਰਾਧ ਹੀ ਕਰਦੇ ਹਨ।

ਪਉੜੀ ੧੭

ਨਿਵੈ ਨ ਤੀਰ ਦੁਬਾਜਰਾ ਗਾਡੀ ਖੰਭ ਮੁਖੀ ਮੁਹਿ ਲਾਏ ।

ਦੁਬਾਜਰਾ ਤੀਰ ਵਾਂਗੂੰ ਨਿਵਦਾ ਨਹੀਂ (ਇਸ ਕਰ ਕੇ ਉਸ ਦੇ) ਮੂੰਹ ਵਿਖੇ ਮੁਖੀ (ਤੇ ਪਿੱਛੇ) ਬਾਗੜ ਤੇ ਖੰਭ ਗੱਡਕੇ ਚਲਾਉਂਦੇ ਹਨ (ਕਿ ਸਰੀਰ ਵਿਖੇ ਖੁਭ ਜਾਵੇ ਪਾਰ ਨਾ ਹੋਵੇ)।

ਨਿਵੈ ਨ ਨੇਜਾ ਦੁਮੁਹਾ ਰਣ ਵਿਚਿ ਉਚਾ ਆਪੁ ਗਣਾਏ ।

ਨੇਜ਼ਾ ਦੋ ਮੂੰਹਾਂ ਵਾਲਾ ਨਿਵਦਾ ਨਹੀਂ, ਜੁੱਧ ਵਿਖੇ ਉੱਚਾ ਹੋ ਕੇ ਆਪਣਾ ਆਪ ਦੱਸਦਾ ਹੈ, (ਹੰਕਾਰ ਕਰਦਾ ਹੈ।

ਅਸਟ ਧਾਤੁ ਦਾ ਜਬਰ ਜੰਗੁ ਨਿਵੈ ਨ ਫੁਟੈ ਕੋਟ ਢਹਾਏ ।

ਜਮੂਰਾ ਅੱਠਾਂ ਧਾਤਾਂ ਦਾ ਨਿਵੰਦਾ ਅਰ ਫੁਟਦਾ ਨਹੀਂ, (ਕਈ) ਕਿਲਿਆਂ ਨੂੰ ਢਾਹ ਸੁਟਦਾ ਹੈ, (ਭਾਵ ਹਾਰਣ ਵਿਖੇ ਨਹੀਂ ਆਉਂਦਾ)।

ਨਿਵੈ ਨ ਖੰਡਾ ਸਾਰ ਦਾ ਹੋਇ ਦੁਧਾਰਾ ਖੂਨ ਕਰਾਏ ।

ਲੋਹੇ ਦਾ ਖੰਭਾ ਭੀ ਦੋਧਾਰਾ ਹੋਕੇ ਨਿਵਦਾ ਨਹੀਂ, ਖੂਨ ਕਰਾਉਂਦਾ ਹੈ।

ਨਿਵੈ ਨ ਸੂਲੀ ਘੇਰਣੀ ਕਰਿ ਅਸਵਾਰ ਫਾਹੇ ਦਿਵਾਏ ।

ਘੇਰਣ ਵਾਲੀ ਸੂਲੀ ਨਿਉਂਦੀ ਨਹੀਂ, (ਕਈਆਂ ਨੂੰ ਆਪਣੇ ਉਪਰ) ਅਸਵਾਰ ਕਰਾਕੇ ਫਾਹੇ ਦਿਵਾਉਂਦੀ ਹੈ।

ਨਿਵਣਿ ਨ ਸੀਖਾਂ ਸਖਤ ਹੋਇ ਮਾਸੁ ਪਰੋਇ ਕਬਾਬੁ ਭੁਨਾਏ ।

ਸੀਖਾਂ ਕਰੜੀਆਂ ਲੋਹੇ ਦੀਆਂ ਹੋਕੇ ਨਹੀਂ ਨਿਵਦੀਆਂ, (ਭਾਵੇਂ ਕਈ ਪ੍ਰਕਾਰ ਦੇ) ਮਾਸਾਂ ਦੇ ਕਬਾਬ ਭੁੰਨੇ ਜਾਂਦੇ ਹਨ, (ਕਠੋਰ ਹੀ ਰਹਿੰਦੀ ਹੈ)।

ਜਿਉਂ ਕਰਿ ਆਰਾ ਰੁਖੁ ਤਛਾਏ ।੧੭।

ਜਿੱਕੁਰ ਆਰਾ ਬ੍ਰਿੱਛ ਨੂੰ (ਤਛ) ਕੱਟ ਸਿੱਟਦਾ ਹੈ, (ਪ੍ਰੰਤੂ ਆਪ ਨਿਵਣ ਵਿਖੇ ਨਹੀਂ ਆਉਂਦਾ)।

ਪਉੜੀ ੧੮

ਅਕੁ ਧਤੂਰਾ ਝਟੁਲਾ ਨੀਵਾ ਹੋਇ ਨ ਦੁਬਿਧਾ ਖੋਈ ।

ਅੱਕ ਅਤੇ ਧਤੂਰੇ ਦਾ ਬੂਟਾ ਲਗਰ ਦਾਰ ਹੁੰਦਾ ਹੈ, ਨੀਵੇਂ ਹੋਕੇ ਭੀ ਦੂਜਾ ਭਾਵ ਨਾ ਛੱਡਿਆ, (ਭਾਵ ਅੰਦਰ ਦੇ ਕੌੜੇ ਤੇ ਵਿਹੁਲੇ ਹੀ ਰਹੇ)।

ਫੁਲਿ ਫੁਲਿ ਫੁਲੇ ਦੁਬਾਜਰੇ ਬਿਖੁ ਫਲ ਫਲਿ ਫਲਿ ਮੰਦੀ ਸੋਈ ।

ਫਲਾਂ ਫੁਲਾਂ ਨਾਲ ਦੁਬਾਜਰੇ ਭਾਵੇਂ ਫੈਲਦੇ ਹਨ, ਪ੍ਰੰਤੂ 'ਬਿਖ' (ਜ਼ਹਿਰ ਦੇ) ਫਲ ਨਾਲ ਫਲਣ ਕਰ ਕੇ ਸ਼ੋਭਾ ਮਚ ਹੀ ਹੁੰਦੀ ਹੈ (ਕਿਉਂ ਜੋ ਦੋਹਾਂ ਬੂਟਿਆਂ ਦਾ ਕਾਰਣ ਅੱਗੇ ਤੀਜੀ ਤੁਕ ਬੋਂ ਅੰਤਲੀ ਤੁੱਕ ਭੀ ਦੱਸਦੇ ਹਨ)

ਪੀਐ ਨ ਕੋਈ ਅਕੁ ਦੁਧੁ ਪੀਤੇ ਮਰੀਐ ਦੁਧੁ ਨ ਹੋਈ ।

ਅੱਕ ਦਾ ਦੁੱਧ ਕੋਈ ਪੀਂਦਾ ਨਹੀਂ (ਕਿਉਂ ਜੋ) ਪੀਂਦਿਆਂ ਸਾਰ ਹੀ (ਪ੍ਰਾਣੀ ਮਰ ਜਾਂਦਾ ਹੈ) (ਇਸ ਲਈ) ਉਹ ਦੁੱਧ ਨਹੀਂ (ਕਿਉਂਕਿ ਦੁੱਧ ਵਿਸ ਉਤਾਰਦਾ ਹੈ ਤੇ ਇਹ ਵਿਸ ਚਾੜਦਾ ਹੈ)।

ਖਖੜੀਆਂ ਵਿਚਿ ਬੁਢੀਆਂ ਫਟਿ ਫਟਿ ਛੁਟਿ ਛੁਟਿ ਉਡਨਿ ਓਈ ।

ਖੱਖੜੀਆਂ ਵਿਚੋਂ ਬੁਢੀਆਂ (ਮਾਈਆਂ) ਫੱਟ ਫੱਟ ਕੇ ਅਰ ਖੁਲ੍ਹ ਖੁਲ੍ਹਕੇ ਉਡਦੀਆਂ ਫਿਰਦੀਆਂ ਹਨ, (ਕਈਆਂ ਦੀਆਂ ਅੱਖਾਂ ਦਾ ਜਾਨ ਕਰਦੀਆਂ ਹਨ)

ਚਿਤਮਿਤਾਲਾ ਅਕਤਿਡੁ ਮਿਲੈ ਦੁਬਾਜਰਿਆਂ ਕਿਉ ਢੋਈ ।

ਅੱਕ ਦੇ ਤਿੱਡੇ ਦਾ ਚਿਤ੍ਰ ਮਿੱਤ੍ਰਾ ਰੰਗ ਹੁੰਦਾ ਹੈ, (ਅਜਿਹੇ ਹੀ) ਮਨਮੁਖਾਂ ਨੂੰ ਹੋਰਥੇ ਕਿਧਰੇ ਢੋਈ ਨਹੀਂ ਮਿਲਦੀ (ਮੁੜ ਮੁੜ ਅੱਕ ਦਾ ਹੀ ਆਸ਼੍ਰਯ ਫੜਦੇ ਹਨ)

ਖਾਇ ਧਤੂਰਾ ਬਰਲੀਐ ਕਖ ਚੁਣਿੰਦਾ ਵਤੈ ਲੋਈ ।

ਧਤੂਰੇ ਦੇ ਖਾਣ ਨਾਲ ਕਮਲਾ ਹੋ ਜਾਈਦਾ ਤੇ ਗਲੀਆਂ ਦੇ ਕੱਖ ਚੁਣਦੇ ਫਿਰੀਦਾ ਹੈ।

ਕਉੜੀ ਰਤਕ ਜੇਲ ਪਰੋਈ ।੧੮।

ਕੌੜੀਆਂ ਰੱਤਕਾਂ ਦੇ ਹਾਰ ਪਰੋ ਛਡਦੇ ਹਨ। (ਗੱਲ ਕੀ ਭਾਵੇਂ ਹਾਰ ਪਰੋਕੇ ਕੁੜੀਆਂ ਗਲ ਵਿਖੇ ਪਾਉਂਦੀਆਂ ਹਨ ਪਰ ਦੇਖਣ ਨੂੰ ਹੀ ਸੁਹਣੀਆਂ ਹਨ, ਅੰਦਰੋਂ ਵਿਹੁਲੀਆਂ ਹਨ)।

ਪਉੜੀ ੧੯

ਵਧੈ ਚੀਲ ਉਜਾੜ ਵਿਚਿ ਉਚੈ ਉਪਰਿ ਉਚੀ ਹੋਈ ।

ਚੀਲ੍ਹਦਾ ਬ੍ਰਿੱਛ ਉਜਾੜ ਵਿਖੇ ਉਚੇ (ਪਰਬਤਾਂ) ਉਤੇ (ਉੱਗਕੇ) ਬਹੁਤ ਉੱਚਾ ਹੋ ਜਾਂਦਾ ਹੈ।

ਗੰਢੀ ਜਲਨਿ ਮੁਸਾਹਰੇ ਪੱਤ ਅਪੱਤ ਨ ਛੁਹੁਦਾ ਕੋਈ ।

ਉਸ ਦੀਆਂ ਗੰਢਾਂ ਮਸ਼ਾਲਾਂ ਵਾਂਗੂੰ ਬਲਦੀਆਂ ਹਨ, ਪੱਤ੍ਰ ਬੇਪਤਿਆਂ ਨੂੰ ਕੋਈ ਨਹੀਂ ਛੋਂਹਦਾ (ਸੂਈਆਂ ਵਾਂਗੂੰ ਹੁੰਦੇ ਹਨ)

ਛਾਉਂ ਨ ਬਹਨਿ ਪੰਧਾਣੂਆਂ ਪਵੈ ਪਛਾਵਾਂ ਟਿਬੀਂ ਟੋਈ ।

ਰਾਹੀ ਲੋਕ ਚੀਲ ਦੀ ਛਾਂ ਦੇ ਹੇਠ ਨਹੀਂ ਬੈਠ ਸਕਦੇ (ਕਿਉਂ ਜੋ) ਪਹਾੜਾਂ ਦੇ ਟਿੱਬਿਆਂ ਟੋਇਆਂ ਵਿਖੇ ਛਾਂ ਪੈਂਦੀ ਹੈ, (ਗੱਲ ਕੀ ਦੂਰ ਤੋਂ ਹੁੰਦੀ ਹੈ)।

ਫਿੰਡ ਜਿਵੈ ਫਲੁ ਫਾਟੀਅਨਿ ਘੁੰਘਰਿਆਲੇ ਰੁਲਨਿ ਪਲੋਈ ।

ਅੱਕ ਦੀ ਖੱਖੜੀ ਵਾਂਗੂੰ ਫਲ ਫੱਟਦੇ ਹਨ ਅਰ ਘੁੰਘਰਾਂਦਾਰ ਹੋਕੇ ਗੋਲਾਕਾਰ ਫਲਦੇ ਫਿਰਦੇ ਹਨ, (ਭਾਵ ਨਿਕਾਰੇ ਹੁੰਦੇ ਹਨ)।

ਕਾਠੁ ਕੁਕਾਠੁ ਨ ਸਹਿ ਸਕੈ ਪਾਣੀ ਪਵਨੁ ਨ ਧੁਪ ਨ ਲੋਈ ।

ਕਾਠ ਉਸ ਦਾ (ਕੁਕਾਠ) ਖੋਟਾ ਕਾਠ ਹੁੰਦਾ ਹੈ, (ਕਿਉਂ ਜੋ) ਪਾਣੀ ਪੌਣ ਅਰ ਧੁੱਪ ਦੀ ਲੋ ਨੂੰ ਨਹੀਂ ਸਹਾਰ ਸਕਦਾ, (ਗੱਲ ਕੀ ਖਰਾਬ ਹੋ ਜਾਂਦਾ ਹੈ)

ਲਗੀ ਮੂਲਿ ਨ ਵਿਝਵੈ ਜਲਦੀ ਹਉਮੈਂ ਅਗਿ ਖੜੋਈ ।

(ਇਸ ਦੇ ਮੁੱਢ ਨੂੰ ਅੱਗ) ਲੱਗੀ ਹੋਈ ਬੁਝਦੀ ਨਹੀਂ, ਹਉਮੈ ਦੀ ਅੱਗ ਕਰ ਕੇ ਖਲੋਤੀ ਹੀ ਸੜ ਜਾਂਦੀ ਹੈ।

ਵਡਿਆਈ ਕਰਿ ਦਈ ਵਿਗੋਈ ।੧੯।

ਵਡਿਆਈ ਕਰ ਕੇ ਦੈਵ ਨੇ ਨਾਸ਼ ਕਰ ਦਿੱਤੀ ਹੈ।

ਪਉੜੀ ੨੦

ਤਿਲੁ ਕਾਲਾ ਫੁਲੁ ਉਜਲਾ ਹਰਿਆ ਬੂਟਾ ਕਿਆ ਨੀਸਾਣੀ ।

ਤਿਲ ਕਾਲਾ, ਫੁਲ ਚਿੱਟਾ ਅਰ ਬੂਟਾ ਹਰਿਆ ਹੁੰਦਾ ਹੈ, (ਤਿਲ ਦਾ) ਚਿੰਨ੍ਹਕੀ ਹੈ? (ਭਾਵ ਕੁਦਰਤ ਨਾਲ ਹੀ ਹੋਰ ਦਾ ਹੋਰ ਰੰਗ ਹੋ ਜਾਂਦਾ ਹੈ)।

ਮੁਢਹੁ ਵਢਿ ਬਣਾਈਐ ਸਿਰ ਤਲਵਾਇਆ ਮਝਿ ਬਿਬਾਣੀ ।

ਮੁੱਢ ਥੋਂ ਵੱਢਕੇ (ਭਾਰ) ਬਣਾਈਦਾ ਹੈ, ਉਜਾੜਾਂ ਵਿਖੇ ਸਿਰ ਤਲਵਾਇਆ ਰੱਖੀਦਾ ਹੈ।

ਕਰਿ ਕਟਿ ਪਾਈ ਝੰਬੀਐ ਤੇਲੁ ਤਿਲੀਹੂੰ ਪੀੜੇ ਘਾਣੀ ।

ਕੱਟ ਕੁੱਟਕੇ (ਜਾਂ ਦੱਬੀਆਂ ਪਾਕੇ) ਝੰਬੀਦਾ ਹੈ, (ਜਦ ਤਿਲ ਨਿਕਲਦੇ ਹਨ, ਘਾਣੀ) ਵਿਚ ਪੀੜਕੇ ਤੇਲ ਕੱਢੀਦਾ ਹੈ, ਬਾਜੇ 'ਕਰਕਟ' ਦਾ ਅਰਥ ਲੱਕ ਨੂੰ ਹੱਥ ਪਾਕੇ ਕੁਟਣ ਥੋਂ, ਬਹੁਤ ਕੁਟਣ ਦਾ ਭਾਵ ਲੈਂਦੇ ਹਨ)

ਸਣ ਕਪਾਹ ਦੁਇ ਰਾਹ ਕਰਿ ਪਰਉਪਕਾਰ ਵਿਕਾਰ ਵਿਡਾਣੀ ।

ਸਣ ਅਤੇ ਕਪਾਹ ਦੇ ਦੋ ਰਾਹ ਹਨ, (ਕਪਾਹ) ਪਰਉਪਕਾਰ (ਅਰ ਸਣ) ਵਿਕਾਰਾਂ ਦੇ ਕੰਮ ਕਰਦੀ ਹੈ।

ਵੇਲਿ ਕਤਾਇ ਵੁਣਾਈਐ ਪੜਦਾ ਕਜਣ ਕਪੜੁ ਪ੍ਰਾਣੀ ।

(ਕਪਾਹ) ਵੇਲ ਕੱਤਕੇ ਉਣਾਈਦੀ ਹੈ, ਫੇਰ ਪ੍ਰਾਣੀਆਂ ਦਾ ਪੜਦਾ ਬੱਜਣ ਅਰ ਕੱਪੜੇ ਬਣਦੀ ਹੈ।

ਖਲ ਕਢਾਇ ਵਟਾਇ ਸਣ ਰਸੇ ਬੰਨ੍ਹਨਿ ਮਨਿ ਸਰਮਾਣੀ ।

ਸਣ ਆਪਣੀ ਖੱਲ ਕਢਾਕੇ ਰੱਸੇ ਵਟਵਾਉਂਦੀ ਹੈ, (ਪ੍ਰਾਣੀਆਂ ਨੂੰ) ਬੰਨਣ ਨਾਲ ਮਨ ਵਿਖੇ ਸ਼ਰਮ ਨਹੀਂ ਕਰਦੀ।

ਦੁਸਟਾਂ ਦੁਸਟਾਈ ਮਿਹਮਾਣੀ ।੨੦।

ਦੁਸ਼ਟਾਂ ਦੀ ਦੁਸ਼ਟਤਾਈ ਹੀ ਮਿਹਮਾਣੀ (ਅਰਥਾਤ ਪ੍ਰਾਹੁਣਚਾਰੀ) ਹੈ (ਅਥਵਾ ਦੁਸ਼ਟਾਈ ਚੰਦ ਰੋਜ਼ੀ ਹੈ, ਇਕ ਦਿਨ ਨਾਸ਼ ਜਰੂਰ ਕਰੇਗੀ)।

ਪਉੜੀ ੨੧

ਕਿਕਰ ਕੰਡੇ ਧਰੇਕ ਫਲ ਫਲੀਂ ਨ ਫਲਿਆ ਨਿਹਫਲ ਦੇਹੀ ।

ਕਿੱਕਰਾਂ ਨੂੰ ਕੰਡੇ ਤੇ ਫਲੀ, ਧ੍ਰੇਕ ਨੂੰ 'ਫਲ' (ਧ੍ਰਿਕੋਨੇ ਲੱਗੇ, ਪਰ ਤਦ ਭੀ) ਨਾਂ ਫਲੇ (ਵਰਗੇ ਹਨ) ਦੇਹੀ ਨਿਹਫਲ (ਗਈ)।

ਰੰਗ ਬਿਰੰਗੀ ਦੁਹਾਂ ਫੁਲ ਦਾਖ ਨਾ ਗੁਛਾ ਕਪਟ ਸਨੇਹੀ ।

ਕਿਉਂ ਜੋ ਰੰਗ ਬਰੰਗੀ ਦੁਹਾਂ ਨਾਲ ਫਲ ਲੱਗੇ, ਪਰੰਤੂ (ਧਰਕੋਨਿਆਂ ਤੇ ਕਿੱਕਰਾਂ ਫਲਾਂ ਦਾ) ਗੁੱਛਾ ਦਾਖ ਵਾਂਙੂ ਮਿੱਠਾ ਨਾ ਲੱਗਾ (ਕੌੜੇ ਹੀ ਫਲ ਹੋਏ)।

ਚਿਤਮਿਤਾਲਾ ਅਰਿੰਡ ਫਲੁ ਥੋਥੀ ਥੋਹਰਿ ਆਸ ਕਿਨੇਹੀ ।

ਇਰੰਡ ਦਾ ਫਲ ਭੀ ਚਿੱਤ੍ਰ ਮਿੱਤਾ੍ਰ ਹੈ, (ਪਰ ਕੌੜਾ ਰਿਹਾ ਅਤੇ) ਖਾਲੀ ਥੋਹਰ ਦੇ ਬੂਟੇ ਤੋਂ (ਚੰਗੇ ਫਲ ਦੀ) ਕੀ ਆਸ ਕਰਨੀ ਹੈ।

ਰਤਾ ਫਲੁ ਨ ਮੁਲੁ ਅਢੁ ਨਿਹਫਲ ਸਿਮਲ ਛਾਂਵ ਜਿਵੇਹੀ ।

ਸਿੰਮਲ ਦਾ ਫਲ ਤਾਂ ਲਾਲ ਹੁੰਦਾ ਹੈ, ਪਰੰਤੂ ਮੁੱਲ ਅੱਧੀ ਕੋਡੀ ਭੀ ਨਹੀਂ ਪੈਂਦਾ, ਛਾਂ ਭੀ ਨਿਸ਼ਫਲ ਹੈ।

ਜਿਉ ਨਲੀਏਰ ਕਠੋਰ ਫਲੁ ਮੁਹੁ ਭੰਨੇ ਦੇ ਗਰੀ ਤਿਵੇਹੀ ।

ਜਿੰਕੂੰ ਨਲੀਏਰ ਕਠੋਰ ਦਾ ਫਲ ਮੂੰਹ ਭੰਨਿਆ ਹੀ 'ਤਿਵੇਂਹੀਂ (ਕਰੜੀ) ਗਰੀ ਦਿੰਦਾ ਹੈ।

ਸੂਤੁ ਕਪੂਤੁ ਸੁਪੂਤੁ ਦੂਤ ਕਾਲੇ ਧਉਲੇ ਤੂਤ ਇਵੇਹੀ ।

ਸਪੁੱਤ੍ਰ ਸੂਤ (ਆਗਯਾਕਾਰੀ ਤੇ) ਕਪੂਤ (ਦੂਤ) ਵੈਰੀ (ਹੋ ਜਾਂਦੇ ਹਨ, ਜਿਕੂੰ) ਤੂਤ ਕਾਲੇ ਧੋਲੇ (ਹੁੰਦੇ ਹਨ, ਕਾਲੇ ਕੰਡੀਦਾਰ ਤੋਂ ਭਾਵ ਹੈ ਜੋ ਖਾਧੇ ਨਹੀਂ ਜਾਂਦੇ, ਧੌਲੇ ਪੇਉਂਦੀ ਜੋ ਰਸਦਾਰ ਹਨ। ਦੋਵੇਂ ਤੂਤ ਹਨ, ਪਰ ਸੁਆਦ ਵੱਖਰਾ, ਤਿਵੇਂ ਪੁੱਤ ਕੁਪੱਤ ਦੋਵੇਂ ਪੁੱਤ ਹਨ, ਪਰ ਇਕ ਸੁਖ ਦਿੰਦਾ ਦੂਜਾ ਦੁਖ ਦੇਂਦਾ ਹੈ)

ਦੂਜਾ ਭਾਉ ਕੁਦਾਉ ਧਰੇਹੀ ।੨੧।

ਦੂਜਾ ਭਾਉ ਧੁਰ ਥੋਂ ਹੀ ਕਦਾਉ ਚਲਿਆ ਆਉਂਦਾ ਹੈ, (ਗਲ ਕੀ ਦੇਖਣ ਨੂੰ ਕਿੱਕਰ ਆਦ ਬੂਟਿਆਂ ਦੇ ਫੁਲ ਵਾਂਗੂੰ ਸੁਹਣੇ ਪਰ ਵਰਤਣ ਵਿਖੇ ਕੌੜੇ ਤੇ ਕੰਡਿਆਂ ਵਾਲੇ ਦੁਖਦਾਈ ਹਨ)

ਪਉੜੀ ੨੨

ਜਿਉ ਮਣਿ ਕਾਲੇ ਸਪ ਸਿਰਿ ਹਸਿ ਹਸਿ ਰਸਿ ਰਸਿ ਦੇਇ ਨ ਜਾਣੈ ।

ਜਿਵੇਂ ਕਾਲੇ ਸੱਪ ਦੇ ਸਿਰ ਵਿਖੇ ਮਣੀ ਹੁੰਦੀ ਹੈ, (ਉਹ) ਪ੍ਰਸੰਨ ਹੋਕੇ ਰਸ ਨਾਲ ਦੇ ਨਹੀਂ ਜਾਣਦਾ, (ਜਤਨ ਨਾਲ ਮਾਰਕੇ ਲੈਂਦੇ ਹਨ)।

ਜਾਣੁ ਕਥੂਰੀ ਮਿਰਗ ਤਨਿ ਜੀਵਦਿਆਂ ਕਿਉਂ ਕੋਈ ਆਣੈ ।

ਮਿਰਗ ਦੀ ਨਾਭਿ ਵਿਖੇ ਕਸਤੂਰੀ ਹੁੰਦੀ ਹੈ, (ਉਸ ਦੇ) ਜੀਂਵਦਿਆਂ ਕਿੱਕੁਰ ਕੋਈ ਲੈ ਸਕਦਾ ਹੈ। (ਭਾਵ ਮਰਕੇ ਹੀ ਦਿੰਦਾ ਹੈ)।

ਆਰਣਿ ਲੋਹਾ ਤਾਈਐ ਘੜੀਐ ਜਿਉ ਵਗਦੇ ਵਾਦਾਣੈ ।

ਭੱਠੀ ਵਿਖੇ ਲੋਹਾ ਤਾਈਦਾ ਹੈ ਜਿਉਂ ਜਿਉਂ (ਉਸਦੇ ਸਿਰ ਤੇ) ਹਥੌੜੇ ਵੱਜਦੇ ਹਨ, (ਤਿਉਂ ਤਿਉਂ) ਘੜੀਦਾ ਹੈ।

ਸੂਰਣੁ ਮਾਰਣਿ ਸਾਧੀਐ ਖਾਹਿ ਸਲਾਹਿ ਪੁਰਖ ਪਰਵਾਣੈ ।

ਜ਼ਿਮੀਕੰਦ ਮਸਾਲਿਆਂ ਨਾਲ ਸਿੱਧ ਕਰੀਦਾ ਹੈ, ਖਾਕੇ ਲੋਕ ਪਰਵਾਣ ਕਰ ਕੇ ਸਲਾਹੁੰਦੇ ਸਨ (ਕਿ ਬੜਾ ਉਮਦਾ ਹੈ, ਨਹੀਂ ਤਾਂ ਸੰਘ ਸਾੜ ਸਿੱਟਦਾ ਹੈ)

ਪਾਨ ਸੁਪਾਰੀ ਕਥੁ ਮਿਲਿ ਚੂਨੇ ਰੰਗੁ ਸੁਰੰਗੁ ਸਿਞਾਣੈ ।

ਪਾਨ ਦਾ ਪੱਤਾ ਸਪਾਰੀ, ਕੱਥ ਅਰ ਚੂਨੇ ਨਾਲ ਮਿਲਕੇ ਲਾਲ ਰੰਗ ਥੋਂ ਸਿਾਣੀਦਾ ਹੈ (ਕਿ ਅਸਲ ਹੈ)

ਅਉਖਧੁ ਹੋਵੈ ਕਾਲਕੂਟੁ ਮਾਰਿ ਜੀਵਾਲਨਿ ਵੈਦ ਸੁਜਾਣੈ ।

ਜ਼ਹਿਰ (ਜੋ ਪ੍ਰਾਣੀਆਂ ਦਾ ਕੰਘਾ ਕਰ ਸਿੱਟਦੀ ਹੈ) ਚਤਰ ਵੈਦ ਲੋਕ ਉਸੇ ਦੀ ਅਉਖਧੀ ਬਣਾ ਕੇ ਮੁਰਦੇ ਨੂੰ ਜਿਵਾ ਸਕਦੇ ਹਨ।

ਮਨੁ ਪਾਰਾ ਗੁਰਮੁਖਿ ਵਸਿ ਆਣੈ ।੨੨।੩੩। ਤੇਤੀ ।

ਮਨ ਪਾਰੇ ਵਾਙੂੰ ਚੰਚਲ ਹੈ, (ਪਰੰਤੂ) ਗੁਰਮੁਖ (ਲੋਕ ਸ਼ਬਦ ਰੂਪੀ ਬੂਟੀਆਂ ਨਾਲ ਉਸ ਪਰ) ਵਸ਼ੀਕਾਰ ਕਰ ਲੈਂਦੇ ਹਨ।


Flag Counter