ਵਾਰਾਂ ਭਾਈ ਗੁਰਦਾਸ ਜੀ

ਅੰਗ - 17


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

ਸਾਗਰੁ ਅਗਮੁ ਅਥਾਹੁ ਮਥਿ ਚਉਦਹ ਰਤਨ ਅਮੋਲ ਕਢਾਏ ।

ਅਗਮ ਅਤੇ ਅਥਾਹ ਸਾਗਰ ਨੂੰ ਰਿੜਕਵਾਕੇ ਚੌਦਹ ਅਮਲੋਕ (ਦੇਵਤੇ ਅਤੇ ਦਾਨਵਾਂ ਪਾਸੋਂ) ਕਢਵਾਏ।

ਸਸੀਅਰੁ ਸਾਰੰਗ ਧਣਖੁ ਮਦੁ ਕਉਸਤਕ ਲਛ ਧਨੰਤਰ ਪਾਏ ।

ਚੰਦ੍ਰਮਾ, ਸਾਰੰਗ ਨਾਮਾ ਧਨਖ, ਸ਼ਰਾਬ, ਕੌਸਤਕ ਮਣੀ, ਲੱਛਮੀ, ਧਨੰਤਰ ਨਾਮਾ ਵੈਦ।

ਆਰੰਭਾ ਕਾਮਧੇਣੁ ਲੈ ਪਾਰਿਜਾਤੁ ਅਸ੍ਵ ਅਮਿਉ ਪੀਆਏ ।

ਆਰੰਭਾ (ਨਾਮੇ ਅਪੱਛਰਾਂ ਜੋ ਇੰਦ੍ਰ ਦੀ ਸਭਾ ਵਿਖੇ ਗਾਇਨ ਕਰਦੀ ਕਹੀ ਗਈ ਹੈ) ਕਾਮਧੇਨ ਗਊ, ਪਾਰਜਾਤ ਨਾਮੇ ਕਲਪ ਬ੍ਰਿਛ, ਉਚ ਸ੍ਰਵਾ (ਸੂਰਜ) ਦਾ ਘੋੜਾ, ਅੰਮ੍ਰਿਤ (ਜੋ ਦੇਵਤਿਆਂ ਨੂੰ ਮੋਹਨੀ ਰੂਪ ਕਰਕੇ) ਪਿਲਾ ਦਿੱਤਾ ਸੀ;

ਐਰਾਪਤਿ ਗਜ ਸੰਖੁ ਬਿਖੁ ਦੇਵ ਦਾਨਵ ਮਿਲਿ ਵੰਡਿ ਦਿਵਾਏ ।

ਹਾਥੀ, (ਗਾਡੀਵ ਨਾਮੇ) ਸ਼ੰਖ, (ਕਾਲਕੂਟ ਨਾਮੇ) ਬਿਖ, ਦੇਵਤਿਆਂ ਅਰ ਦਾਨਵਾਂ ਦੀ (ਸਭਾ ਲਗਵਾ ਮੋਹਨੀ ਰੂਪ ਧਾਰ ਜਥਾ ਜੋਗ ਉਕਤ ਚੌਦਾਂ ਰਤਨਾਂ ਦੀ) ਵੰਡ ਕਰ ਦਿੱਤੀ।

ਮਾਣਕ ਮੋਤੀ ਹੀਰਿਆਂ ਬਹੁਮੁਲੇ ਸਭੁ ਕੋ ਵਰੁਸਾਏ ।

(ਹੋਰ ਬੀ) ਮਾਣਕ, ਮੋਤੀ, ਹੀਰੇ ਵੱਡੇ ਮੁੱਲ ਵਾਲੇ ਹਨ ਅਰ ਸਾਰੇ ਲੋਕ ਵਰੁਸਾਉਂਦੇ (ਭਾਵ ਲਾਭ ਪਾਉਂਦੇ) ਹਨ।

ਸੰਖੁ ਸਮੁੰਦ੍ਰਹੁਂ ਸਖਣਾ ਧਾਹਾਂ ਦੇ ਦੇ ਰੋਇ ਸੁਣਾਏ ।

ਪਰੰਤੂ ਸ਼ੰਖ ਸਮੁੰਦਰ ਦੇ ਵਿਚ ਰਹਿਕੇ ਫੇਰ ਖਾਲੀ ਹੈ, ਇਸੇ ਲਈ ਧਾਹਾਂ ਮਾਰ ਮਾਰ (ਲੋਕਾਂ ਨੂੰ ਦੱਸਦਾ ਹੈ)।

ਸਾਧਸੰਗਤਿ ਗੁਰ ਸਬਦੁ ਸੁਣਿ ਗੁਰ ਉਪਦੇਸੁ ਨ ਰਿਦੈ ਵਸਾਏ ।

(ਤਿਵੇਂ ਜੋ) ਸਾਧ ਸੰਗਤ ਰੂਪੀ ਸਮੁੰਦਰ) ਵਿਖੇ ਰਹਿਕੇ ਗੁਰੂ ਦਾ ਸ਼ਬਦ ਸੁਣਦਾ ਹੈ (ਪਰ) ਗੁਰੂ ਦੇ ਸ਼ਬਦ (ਦੀ ਕਮਾਈ ਨਹੀਂ ਕਰਦਾ, ਉਹਨੂੰ) ਹਿਰਦੇ ਵਿਚ ਨਹੀਂ ਵਸਾਉਂਦਾ।

ਨਿਹਫਲੁ ਅਹਿਲਾ ਜਨਮੁ ਗਵਾਏ ।੧।

ਉਹ ਸੁੰਦਰ (ਮਨੁੱਖਾ) ਜਨਮ ਐਵੇਂ ਗੁਆ ਬੈਠਦਾ ਹੈ।

ਪਉੜੀ ੨

ਨਿਰਮਲੁ ਨੀਰੁ ਸੁਹਾਵਣਾ ਸੁਭਰ ਸਰਵਰਿ ਕਵਲ ਫੁਲੰਦੇ ।

ਪਾਣੀ ਸੁਹਣਾ ਅਤੇ ਨਿਰਮਲ ਹੈ ਲਬਾਲਬ ਤਲਾਉ ਵਿਖੇ ਕਮਲ ਪ੍ਰਫੁੱਲਤ ਹਨ।

ਰੂਪ ਅਨੂਪ ਸਰੂਪ ਅਤਿ ਗੰਧ ਸੁਗੰਧ ਹੋਇ ਮਹਕੰਦੇ ।

ਰੂਪ (ਅਨੁਪਮ) ਸੁੰਦਰ, ਹੈ, ਸਰੂਪ ਡਾਢਾ ਹੈ, (ਹੋਰਾਂ) ਗੰਧਾਂ (ਨਾਲੋਂ) ਸੁਗੰਧੀ (ਬੀ ਅਤਿ ਸੂਖਮ ਤੇ ਨਿਰਾਲੀ) ਮਹਿਕ ਰਖਦੀ ਹੈ।

ਭਵਰਾਂ ਵਾਸਾ ਵੰਝ ਵਣਿ ਖੋਜਹਿ ਏਕੋ ਖੋਜਿ ਲਹੰਦੇ ।

ਭੌਰੇ ਬੀ ਬਣਾਂ ਵਿਖੇ ਵਾਸ ਕਰ ਕੇ ਖੋਜਦੇ ਹੋਏ ਇਕ ਕਮਲ ਦਾ ਖੋਜ ਲੱਭ ਲੈਂਦੇ ਹਨ।

ਲੋਭ ਲੁਭਤਿ ਮਕਰੰਦ ਰਸਿ ਦੂਰਿ ਦਿਸੰਤਰਿ ਆਇ ਮਿਲੰਦੇ ।

(ਕਮਲ ਦੀ) ਮਕਰੰਦ ਰਸ ਦੇ ਲੋਭ ਵਿਖੇ (ਮਨ) ਲੋਭਾਇਮਾਨ ਹੈ (ਇਸ ਲਈ) ਦੂਰ ਦੇਸ਼ਾਂਤ੍ਰਾਂ ਤੋਂ ਆ ਮਿਲਦੇ ਹਨ।

ਸੂਰਜੁ ਗਗਨਿ ਉਦੋਤ ਹੋਇ ਸਰਵਰ ਕਵਲ ਧਿਆਨੁ ਧਰੰਦੇ ।

(ਕਵਲਾਂ ਦਾ ਦ੍ਰਿਸ਼ਟਾਂਤ ਸੂਰਜ ਪੁਰ ਘਟਾਉਂਦੇ ਹਨ) ਸੂਰਜ ਅਕਾਸ਼ ਵਿਖੇ ਉਦੇ ਹੋ ਰਿਹਾ ਹੈ, ਤਲਾਵਾਂ ਦੇ ਕਵਲ ਉਸ ਵੱਲ ਧਿਆਨ ਧਰਦੇ ਹਨ (ਭਾਵ ਦੂਰੋਂ ਹੀ ਦਰਸ਼ਨ ਕਰ ਕੇ ਖਿੜ ਜਾਂਦੇ ਹਨ)।

ਡਡੂ ਚਿਕੜਿ ਵਾਸੁ ਹੈ ਕਵਲ ਸਿਞਾਣਿ ਨ ਮਾਣਿ ਸਕੰਦੇ ।

ਡੱਡੂਆਂ ਦਾ (ਕਵਲ ਦੇ ਨਾਲ ਹੀ) ਚਿੱਕੜ ਵਿਚ ਵਾਸਾ ਹੈ, ਕਵਲਾਂ ਨੂੰ ਸਿਾਣਕੇ ਮਾਣ ਨਹੀਂ ਸਕਦੇ।

ਸਾਧਸੰਗਤਿ ਗੁਰ ਸਬਦੁ ਸੁਣਿ ਗੁਰ ਉਪਦੇਸ ਨ ਰਹਤ ਰਹੰਦੇ ।

(ਦ੍ਰਿਸ਼ਟਾਂਤ) ਸਾਧ ਸੰਗਤ ਵਿਖੇ ਗੁਰ ਸ਼ਬਦ ਨੂੰ ਸੁਣਕੇ ਗੁਰ ਉਪਦੇਸ਼ ਦੀ ਰਹਿਤ (ਮਿਰਯਾਦਾ) ਨੂੰ ਧਾਰਨ ਨਹੀਂ ਕਰਦੇ (ਉਹ ਕੌਣ ਡੱਡੂ ਹਨ? ਉੱਤਰ.-)

ਮਸਤਕਿ ਭਾਗ ਜਿਨ੍ਹਾਂ ਦੇ ਮੰਦੇ ।੨।

ਜਿਨ੍ਹਾਂ ਦੇ ਮੱਥੇ ਦੇ ਖੋਟੇ ਭਾਗ ਹਨ।

ਪਉੜੀ ੩

ਤੀਰਥਿ ਪੁਰਬਿ ਸੰਜੋਗ ਲੋਗ ਚਹੁ ਕੁੰਡਾਂ ਦੇ ਆਇ ਜੁੜੰਦੇ ।

ਤੀਰਥਾਂ ਪੁਰ ਪੁਰਬਾਂ ਦੇ ਸੰਜੋਗਾਂ ਪੁਰ ਲੋਕ ਚਾਰਕੂੰਟਾਂ ਥੋਂ ਆ ਕੇ ਕੱਠੇ ਹੁੰਦੇ ਹਨ।

ਚਾਰਿ ਵਰਨ ਛਿਅ ਦਰਸਨਾਂ ਨਾਮੁ ਦਾਨੁ ਇਸਨਾਨੁ ਕਰੰਦੇ ।

ਚਾਰ ਵਰਣ ਛੀ ਦਰਸ਼ਨ, ਨਾਮ, ਦਾਨ, ਸ਼ਨਾਨ ਕਰਦੇ ਹਨ।

ਜਪ ਤਪ ਸੰਜਮ ਹੋਮ ਜਗ ਵਰਤ ਨੇਮ ਕਰਿ ਵੇਦ ਸੁਣੰਦੇ ।

ਜਪ, ਤਪ, ਸੰਜਮ, ਹੋਮ, ਜੱਗ ਵਰਤ ਅਤੇ ਨਿਯਮ ਕਰ ਕੇ ਵੇਦਾਂ ਦਾ ਪਾਠ ਸੁਣਦੇ ਹਨ।

ਗਿਆਨ ਧਿਆਨ ਸਿਮਰਣ ਜੁਗਤਿ ਦੇਵੀ ਦੇਵ ਸਥਾਨ ਪੂਜੰਦੇ ।

(ਕੋਈ ਗਿਆਨੀ) ਗਿਆਨ (ਕਰਦਾ ਹੈ) (ਧਿਆਨੀ) ਧਿਆਨ (ਵਿਖੇ ਮਸਤ ਹੈ) (ਕੋਈ) ਜੁਗਤ ਨਾਲ (ਮੰਤਰ ਦਾ) ਜਪ (ਕਰਦਾ ਹੈ) ਕੋਈ ਦੇਵੀ ਕੋਈ ਦੇਵਤਾਸਥਾਨ ਦੀ ਪੂਜਾ ਵਿਖੇ ਲਗਦਾ ਹੈ।

ਬਗਾ ਬਗੇ ਕਪੜੇ ਕਰਿ ਸਮਾਧਿ ਅਪਰਾਧਿ ਨਿਵੰਦੇ ।

ਬਗਲਿਆਂ ਦੇ ਚਿੱਟੇ ਕਪੜੇ (ਚਿੱਟੇ ਪਰ) ਹਨ, ਉਹ ਅਪਰਾਧ ਕਰਦੇ (ਪਾਪ ਦੀ) ਸਮਾਧੀ ਲਾ ਕੇ ਨਿਉਂਦੇ ਹਨ (ਭਾਵ ਮੱਛੀ ਨੂੰ ਤਾੜ ਲਾ ਕੇ ਤਕਦੇ ਹਨ, ਜਦ ਦਾਉ ਦੇਖਦੇ ਹਨ ਤਾਂ ਤਾਬੜ ਤੋੜ ਗੜੱਪ ਕਰ ਜਾਂਦੇ ਹਨ, ਅਜਿਹਾ ਹੀ ਅੱਗੇ ਦ੍ਰਿਸ਼ਟਾਂਤ ਦੱਸਦੇ ਹਨ)।

ਸਾਧਸੰਗਤਿ ਗੁਰ ਸਬਦੁ ਸੁਣਿ ਗੁਰਮੁਖਿ ਪੰਥ ਨ ਚਾਲ ਚਲੰਦੇ ।

ਸਾਧ ਸੰਗਤ ਵਿਖੇ ਗੁਰੂ ਦਾ ਸ਼ਬਦ ਸੁਣਕੇ ਗੁਰਮੁਖਾਂ ਦੇ ਰਸਤੇ ਦੀ ਚਾਲ ਪੁਰ (ਜੋ) ਨਹੀਂ ਚਲਦੇ।

ਕਪਟ ਸਨੇਹੀ ਫਲੁ ਨ ਲਹੰਦੇ ।੩।

(ਉਹ) ਕਪਟ ਸਨੇਹੀ (ਕੁਛ) ਫਲ ਪ੍ਰਾਪਤ ਨਹੀਂ ਕਰਦੇ।

ਪਉੜੀ ੪

ਸਾਵਣਿ ਵਣ ਹਰੀਆਵਲੇ ਵੁਠੈ ਸੁਕੈ ਅਕੁ ਜਵਾਹਾ ।

ਸਾਵਣ ਦੇ ਵੱਸਣ ਨਾਲ ਬ੍ਰਿੱਛ ਹਰੇ ਹੁੰਦੇ ਹਨ ਅੱਕ ਅਤੇ ਜਵਾਹਾਂ ਸੁੱਕ ਜਾਂਦੇ ਹਨ।

ਤ੍ਰਿਪਤਿ ਬਬੀਹੇ ਸ੍ਵਾਂਤਿ ਬੂੰਦ ਸਿਪ ਅੰਦਰਿ ਮੋਤੀ ਉਮਾਹਾ ।

ਬੰਬੀਹੇ (ਦੇ ਮੂੰਹ ਵਿਚ ਜੇ) ਸ੍ਵਾਂਤਿ ਨਿੱਛਤ੍ਰ ਦੀ ਬੂੰਦ ਪਵੇ ਤਾਂ (ਉਸ ਨੂੰ) ਤ੍ਰਿਪਤੀ ਆ ਜਾਂਦੀ ਹੈ। (ਜੇਕਰ) ਸਿਪ ਵਿਚ ਪਵੇ ਤਾਂ (ਮੋਤੀ ਦਾ ਕੀੜਾ) ਖੁਸ਼ੀ ਹੁੰਦਾ ਹੈ।

ਕਦਲੀ ਵਣਹੁ ਕਪੂਰ ਹੋਇ ਕਲਰਿ ਕਵਲੁ ਨ ਹੋਇ ਸਮਾਹਾ ।

ਕੇਲੇ ਦੇ ਬੂਟੇ ਵਿਖੇ (ਸ੍ਵਾਂਤਿ ਬੂੰਦ) ਪਵੇ ਤਾਂ ਕਪੂਰ ਹੋ ਜਾਂਦਾ ਹੈ ਪਰੰਤੂ ਕੱਲਰ ਵਿਖੇ ਕਵਲਾਂ ਦੀ ਰੌਣਕ ਨਹੀਂ ਹੁੰਦੀ।

ਬਿਸੀਅਰ ਮੁਹਿ ਕਾਲਕੂਟ ਹੋਇ ਧਾਤ ਸੁਪਾਤ੍ਰ ਕੁਪਾਤ੍ਰ ਦੁਰਾਹਾ ।

(ਜੇਕਰ ਉਹ ਸ੍ਵਾਂਤਿ ਬੂੰਦ) ਸੱਪ ਦੇ ਮੂੰਹ ਪਵੇ ਤਾਂ 'ਕਾਲਕੂਟ' ਵਿਚ ਹੁੰਦੀ ਹੈ, (ਗੱਲ ਕੀ) (ਸੁਪਾਤ੍ਰ ਕਹੀਏ) ਚੰਗੇ ਭਾਂਡੇ ਵਿਚ ਪਵੇ ਤਾਂ ਚੰਗੀ ਵਸਤੂ ਹੁੰਦੀ ਹੈ ਜੇਕਰ ਕੁਪਾਤ੍ਰ ਵਿਚ ਪਵੇ ਤਾਂ ਉਲਟੀ ਸ਼ੈ ਬਣ ਜਾਂਦੀ ਹੈ (ਹੁਣ ਪੰਜਵੀਂ ਤੁਕ ਤੋਂ ਲੈ ਸੱਤਵੀਂ ਤੀਕ ਸਿਧਾਂਤ ਦੱਸਦੇ ਹਨ)

ਸਾਧਸੰਗਤਿ ਗੁਰ ਸਬਦੁ ਸੁਣਿ ਸਾਂਤਿ ਨ ਆਵੈ ਉਭੈ ਸਾਹਾ ।

ਸਾਧ ਸੰਗਤ (ਸਾਵਣ ਦੇ ਬੱਦਲ ਵਾਂਙੂ ਵਰਸਦੀ ਹੈ, ਪਰੰਤੂ) ਗੁਰੂ ਸ਼ਬਦ ਨੂੰ ਸੁਣਕੇ (ਮਨਮੁਖ ਅੱਕ ਤੇ ਜਵਾਹਾਂ ਵਾਂਙੂ ਸੁਕਦੇ ਹਨ ਕਿਉਂ ਜੋ) ਸ਼ਾਂਤਿ ਨਾ ਹੋਣ ਦੇ ਕਾਰਣ ਉਭੇ ਸਾਹ ਲੈਂਦੇ ਹਨ।

ਗੁਰਮੁਖਿ ਸੁਖ ਫਲੁ ਪਿਰਮ ਰਸੁ ਮਨਮੁਖ ਬਦਰਾਹੀ ਬਦਰਾਹਾ ।

ਗੁਰਮੁਖ (ਚਾਤ੍ਰਿਕ ਅਰ ਸਿੱਪ ਵਾਂਙੂ ਹਨ) ਸੁਖ ਫਲ ਅਤੇ ਪ੍ਰੇਮ ਰਸ ਪਾਕੇ ਪ੍ਰਸੰਨ ਹਨ, ਮਨਮੁਖ ('ਬਦਰਾਹੀ') ਵਿਕਾਰੀ ਹਨ, ਵਿਕਾਰਾਂ ਵੱਲ ਹੀ ਦੌੜਦੇ ਹਨ।

ਮਨਮੁਖ ਟੋਟਾ ਗੁਰਮੁਖ ਲਾਹਾ ।੪।

(ਇਸ ਲਈ) ਮਨਮੁਖਾਂ ਨੂੰ ਘਾਟਾ ਹੈ ਅਰ ਗੁਰਮੁਖਾਂ ਨੂੰ ਲਾਭ (ਪ੍ਰਾਪਤ ਹੁੰਦਾ ਹੈ)।

ਪਉੜੀ ੫

ਵਣ ਵਣ ਵਿਚਿ ਵਣਾਸਪਤਿ ਇਕੋ ਧਰਤੀ ਇਕੋ ਪਾਣੀ ।

ਜੰਗਲ ਦੇ ਬੂਟੇ ਬੂਟੇ ਵਿਖੇ ਇਕੋ ਭੋਂ ਤੇ ਇਕੋ ਪਾਣੀ ਹੈ।

ਰੰਗ ਬਿਰੰਗੀ ਫੁਲ ਫਲ ਸਾਦ ਸੁਗੰਧ ਸਨਬੰਧ ਵਿਡਾਣੀ ।

ਫਲ ਅਤੇ ਫੁੱਲਾਂ ਦੇ ਰੰਗ ਨਾਨਾ ਭਾਂਤ ਦੇ ਹਨ, ਸ੍ਵਾਦ ਅਤੇ ਸੁਗੰਧੀ ਅਸਚਰਜ ਤੋਂ ਅਸਚਰਜ ਹੈ।

ਉਚਾ ਸਿੰਮਲੁ ਝੰਟੁਲਾ ਨਿਹਫਲੁ ਚੀਲੁ ਚੜ੍ਹੈ ਅਸਮਾਣੀ ।

ਸਿੰਮਲ ਦਾ ਦਰਖਤ ਫੈਲਾਉ ਵਾਲਾ ਤੇ ਉੱਚਾ ਹੈ, ਇਸੇ ਤਰ੍ਹਾਂ ਚੀਲ੍ਹ ਦਾ ਰੁਖ ਬੀ ਐਵੇਂ ਅਸਮਾਨੀ ਚੜ੍ਹਦਾ (ਭਾਵ ਬਹੁਤ ਉੱਚਾ ਹੁੰਦਾ) ਹੈ, (ਯਥਾ: “ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ॥ ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ॥ ਫਲ ਫਿਕੇ ਫੁਲ ਬਕਬਕੇ ਕੰਮ ਨ ਆਵਹਿ ਪਤ॥”)

ਜਲਦਾ ਵਾਂਸੁ ਵਢਾਈਐ ਵੰਝੁਲੀਆਂ ਵਜਨਿ ਬਿਬਾਣੀ ।

ਵਾਂਸ (ਆਪਣੀ ਵਡਿਆਈ ਵਿਚ) ਸੜਦਾ ਵੱਢੀਦਾ ਹੈ, ਉਸ ਦੀਆਂ ਮੁਰਲੀਆਂ ਬਨਾਂ ਵਿਚ ਵਜਦੀਆਂ ਹਨ।

ਚੰਦਨ ਵਾਸੁ ਵਣਾਸਪਤਿ ਵਾਸੁ ਰਹੈ ਨਿਰਗੰਧ ਰਵਾਣੀ ।

ਚੰਦਨ ਦੀ ਵਾਸ਼ਨਾ ਤੋਂ ਸਾਰੀ ਵਣਾਸਪਤ (ਚੰਦਨ ਹੋ ਜਾਂਦੀ ਹੈ ਪ੍ਰੰਤੂ) ਵਾਂਸ ਨਿਰਗੰਧ ਰਹਿੰਦਾ ਹੈ (ਰਵਾਣੀ=) ਬਿਰਥਾ ਸ਼ਾਂ ਸ਼ਾਂ ਕਰਦਾ ਹੈ। (ਹੁਣ ਛੀਵੀਂ ਅਤੇ ਸੱਤਵੀਂ ਤੁਕ ਵਿਖੇ ਦ੍ਰਿਸ਼ਟਾਂਤ ਦੱਸਦੇ ਹਨ):-

ਸਾਧਸੰਗਤਿ ਗੁਰ ਸਬਦੁ ਸੁਣਿ ਰਿਦੈ ਨ ਵਸੈ ਅਭਾਗ ਪਰਾਣੀ ।

ਸਾਧ ਸੰਗਤ ਵਿਖੇ ਗੁਰੂ ਦੇ ਸ਼ਬਦ ਨੂੰ ਸੁਣਦੇ ਤਾਂ ਹਨ (ਪ੍ਰੰਤੂ) ਰਿਦੇ ਵਿਚ ਸਬਦ ਵਸਦਾ ਨਹੀਂ ਹੈ (ਇਸੇ ਕਾਰਣ) ਓਹ ਪ੍ਰਾਣੀ ਮੰਦਭਾਗੀ ਹਨ।

ਹਉਮੈ ਅੰਦਰਿ ਭਰਮਿ ਭੁਲਾਣੀ ।੫।

ਹਉਮੈ ਦੇ ਅੰਦਰ (ਉਨ੍ਹਾਂ ਦੀ ਬੁੱਧੀ) ਭੁੱਲੀ ਰਹਿੰਦੀ ਹੈ।

ਪਉੜੀ ੬

ਸੂਰਜੁ ਜੋਤਿ ਉਦੋਤਿ ਕਰਿ ਚਾਨਣੁ ਕਰੈ ਅਨੇਰੁ ਗਵਾਏ ।

ਸੂਰਜ (ਆਪਣੀ) 'ਜੋਤ' ਦਾ ਪ੍ਰਕਾਸ਼ ਕਰ ਕੇ ਹਨੇਰੇ (ਦਾ ਖੁਰਾ ਖੋਜ) ਉਡਾਉਂਦਾ ਹੈ।

ਕਿਰਤਿ ਵਿਰਤਿ ਜਗ ਵਰਤਮਾਨ ਸਭਨਾਂ ਬੰਧਨ ਮੁਕਤਿ ਕਰਾਏ ।

ਆਪੋ ਆਪਣੀ (ਵਿਰਤਿ=) ਉਪਜੀਵਕਾ ਦੀ 'ਕਿਰਤ' (ਕ੍ਰਿਆ) ਵਿਖੇ ਜਗਤ ਦੇ ਵਰਤਮਾਨ (ਪਰਵਿਰਤ) ਹੋਣ ਵਿਖੇ ਸਾਰਿਆਂ ਦੇ ਬੰਧਨ ਖੋਲ੍ਹ ਦਿੰਦਾ ਹੈ।

ਪਸੁ ਪੰਖੀ ਮਿਰਗਾਵਲੀ ਭਾਖਿਆ ਭਾਉ ਅਲਾਉ ਸੁਣਾਏ ।

ਪਸੂ, ਪੰਛੀ, (ਆਪਣੀ ਬੋਲੀ ਵਿਚ) ਪ੍ਰੇਮ ਨਾਲ ਬੋਲਦੇ (ਹਨ ਅਤੇ) ਮਿਰਗਾਂ ਦੀ ਪੰਗਤੀ (ਬਣਾਂ ਵਿਖੇ ਆਪਣੇ 'ਅਲਾਉਂ) ਸੁਰ ਕੱਢਦੀ ਹੇ।

ਬਾਂਗਾਂ ਬੁਰਗੂ ਸਿੰਙੀਆਂ ਨਾਦ ਬਾਦ ਨੀਸਾਣ ਵਜਾਏ ।

ਕਾਜ਼ੀ ਬਾਂਗਾਂ (ਦਿੰਦੇ ਹਨ) ਸਿੰਙੀਆਂ ਦੇ ਨਾਦ (ਜੋਗੀ ਪੂਰਦੇ ਹਨ) ਅਤੇ ਨਗਾਰਿਆਂ ਉੱਪਰ (ਬਾਦਸ਼ਾਹ ਦੇ ਦੁਆਰਿਆਂ ਪੁਰ ਧੈਂ ਧੈਂ ਚੋਬਾਂ) ਵਜਾਉਂਦੇ ਹਨ।

ਘੁਘੂ ਸੁਝੁ ਨ ਸੁਝਈ ਜਾਇ ਉਜਾੜੀ ਝਥਿ ਵਲਾਏ ।

(ਗੱਲ ਕੀ ਸਾਰੇ ਜੀਵ ਜੰਤੂ ਪ੍ਰਸੰਨ ਹੁੰਦੇ ਹਨ, ਪ੍ਰੰਤੂ ਉੱਲੂ ਦੇ ਮਾਪੇ ਮਰ ਜਾਦੇ ਹਨ, ਜਿਹਾ ਕੁ) ਉੱਲੂ ਨੂੰ ਸੂਰਜ ਨਹੀਂ ਸੁੱਝਦਾ, ਉਜਾੜਾਂ ਵਿਖੇ (ਮਸਾਂ ਮਸਾਂ) ਦਿਨ ਕੱਟਦਾ ਹੈ।

ਸਾਧਸੰਗਤਿ ਗੁਰ ਸਬਦੁ ਸੁਣਿ ਭਾਉ ਭਗਤਿ ਮਨਿ ਭਉ ਨ ਵਸਾਏ ।

(ਤਿਵੇਂ) ਸਾਧ ਸੰਗਤ ਵਿਖੇ ਗੁਰੂ ਦੇ ਸ਼ਬਦ ਨੂੰ ਸੁਣਕੇ ਪ੍ਰੇਮਾ ਭਗਤੀ ਅਤੇ ਭਉ ਨਾਲ ਮਨ ਵਿਖੇ (ਮਨਮੁਖ) ਧਾਰਨ ਨਹੀਂ ਕਰਦਾ।

ਮਨਮੁਖ ਬਿਰਥਾ ਜਨਮੁ ਗਵਾਏ ।੬।

(ਇਸੇ ਕਰ ਕੇ ਉੱਲੂ ਵਾਂਗੂੰ) ਮਨਮੁਖ (ਆਪਣਾ ਮਨੁੱਖਾ) ਜਨਮ ਬਿਰਥਾ ਪਿਆ ਗੁਆਉਂਦਾ ਹੈ।

ਪਉੜੀ ੭

ਚੰਦ ਚਕੋਰ ਪਰੀਤਿ ਹੈ ਜਗਮਗ ਜੋਤਿ ਉਦੋਤੁ ਕਰੰਦਾ ।

(ਜਦੋਂ) ਚੰਦ੍ਰਮਾਂ ਆਪਣੀ ਜੋਤਿ ਦੇ ਉਜਾਲੇ ਦਾ ਪ੍ਰਕਾਸ਼ ਕਰਦਾ ਹੈ (ਤਦੋਂ) ਚਕੋਰ ਪ੍ਰੇਮ (ਨਾਲ ਉਸਦੀ ਵਲ ਤੱਕਦਾ) ਹੈ।

ਕਿਰਖਿ ਬਿਰਖਿ ਹੁਇ ਸਫਲੁ ਫਲਿ ਸੀਤਲ ਸਾਂਤਿ ਅਮਿਉ ਵਰਸੰਦਾ ।

ਖੇਤੀਆਂ ਅਤੇ ਬ੍ਰਿਛਾਂ ਨੂੰ ਫਲ ਲਗਦੇ ਹਨ, ਆਪ (ਚੰਦ੍ਰਮਾਂ) ਸੀਤਲ ਹੈ (ਅਰ) ਸ਼ਾਂਤਿ (ਰੂਪ) ਅੰਮ੍ਰਿਤ ਦੀ ਵਰਖਾ ਕਰਦਾ ਹੈ।

ਨਾਰਿ ਭਤਾਰਿ ਪਿਆਰੁ ਕਰਿ ਸਿਹਜਾ ਭੋਗ ਸੰਜੋਗੁ ਬਣੰਦਾ ।

(ਚੰਦ ਦਾ ਉਦੀਪਨ ਪਾਕੇ ਇਸਤ੍ਰੀ (ਆਪਣੇ) ਭਰਤੇ ਦੇ ਮੋਹ ਕਰ ਕੇ ਸਿਹਜਾ ਵਛਾਉਂਦੀ ਅਰ ਭੋਗ ਦੇ ਕਈ (ਸੰਜੋਗ) ਉਪਾਵ ਰਚਦੀ ਹੇ।

ਸਭਨਾ ਰਾਤਿ ਮਿਲਾਵੜਾ ਚਕਵੀ ਚਕਵਾ ਮਿਲਿ ਵਿਛੁੜੰਦਾ ।

ਰਾਤ ਨੂੰ ਸਭ ਦਾ ਮੇਲਾਪ ਹੋ ਜਾਂਦਾ ਹੈ (ਪ੍ਰੰਤੂ) ਚਕਵੀ ਤੇ ਚਕਵਾ ਇਕ ਦੂਜੇ ਥੋਂ ਵਿਛੜ ਜਾਂਦੇ ਹਨ। (ਅਗੇ ਤਿੰਨ ਤੁਕਾਂ ਵਿਖੇ ਦ੍ਰਿਸ਼ਟਾਂਤ ਦੱਸਦੇ ਹਨ)।

ਸਾਧਸੰਗਤਿ ਗੁਰ ਸਬਦੁ ਸੁਣਿ ਕਪਟ ਸਨੇਹਿ ਨ ਥੇਹੁ ਲਹੰਦਾ ।

ਕਪਟ ਸਨੇਹੀ (ਲੋਕ) ਸਾਧ ਸੰਗਤ ਵਿਖੇ ਗੁਰੂ ਦੇ ਸ਼ਬਦ ਨੂੰ ਸੁਣਦੇ ਹਨ ਪਰ ਥਹੁ ਨਹੀਂ ਲੈਂਦੇ (ਭਾਵ ਰਿਦੇ ਭੂਮੀ ਵਿਖੇ ਧਾਰਨ ਨਹੀਂ ਕਰਦੇ)।

ਮਜਲਸਿ ਆਵੈ ਲਸਣੁ ਖਾਇ ਗੰਦੀ ਵਾਸੁ ਮਚਾਏ ਗੰਦਾ ।

(ਸਗੋਂ ਹੋਰਨਾਂ ਨੂੰ ਦੁਖ ਦੇਂਦੇ ਹਨ) ਜਿਕੂੰ ਕੋਈ ਥੋਮ ਖਾਕੇ ਸਭਾ ਵਿਚ ਆਵੇ (ਤਾਂ ਉਹ) ਗੰਦਾ ਗੰਦੀ ਬਦਬੋ ਫੈਲਾਉਂਦਾ ਹੈ।

ਦੂਜਾ ਭਾਉ ਮੰਦੀ ਹੂੰ ਮੰਦਾ ।੭।

(ਤਿਵੇਂ ਓਹ ਕਪਟ ਸਨੇਹੀ) ਦੂਜੇ ਭਾਵ (ਕਰਕੇ) ਮੰਦਿਆਂ ਤੋਂ ਮੰਦਾ ਹੈ।

ਪਉੜੀ ੮

ਖਟੁ ਰਸ ਮਿਠ ਰਸ ਮੇਲਿ ਕੈ ਛਤੀਹ ਭੋਜਨ ਹੋਨਿ ਰਸੋਈ ।

ਖੱਟੇ ਰਸ, ਅਤੇ ਮਿੱਠੇ ਰਸ ਮਿਲਾਕੇ ਛਤੀ ਪ੍ਰਕਾਰ ਦੇ ਭੋਜਨਾਂ ਦੀ ਰਸੋਈ ਹੁੰਦੀ ਹੈ।

ਜੇਵਣਿਵਾਰ ਜਿਵਾਲੀਐ ਚਾਰਿ ਵਰਨ ਛਿਅ ਦਰਸਨ ਲੋਈ ।

ਰਸੋਈਆ ਚਾਰ ਵਰਨਾਂ ਨੂੰ ਅਰ ਛੀ ਦਰਸ਼ਨ ਦੀ ਲੁਕਾਈ ਨੂੰ ਭੋਜਨ ਖਵਾਲਦਾ ਹੈ।

ਤ੍ਰਿਪਤਿ ਭੁਗਤਿ ਕਰਿ ਹੋਇ ਜਿਸੁ ਜਿਹਬਾ ਸਾਉ ਸਿਞਾਣੈ ਸੋਈ ।

ਜਿਸ ਨੂੰ ਭੁਗਤ ਦੇ ਖਾਣ ਥੋਂ ਤ੍ਰਿਪਤੀ ਆ ਜਾਂਦੀ ਹੈ ਉਸ ਦੀ ਜਿਹਬਾ ਸੁਆਦ ਸਿਾਣਦੀ ਹੈ (ਤੇ ਵਰਨਣ ਕਰ ਕੇ ਹਰੇਕ ਚੀਜ਼ ਦੀ ਸਲਾਘਾ ਕਰਦੀ ਹੈ, ਭਈ ਇਹ ਕਿੱਡੀ ਅੰਮ੍ਰਿਤ ਚੀਜ਼ ਬਣੀ ਹੈ)।

ਕੜਛੀ ਸਾਉ ਨ ਸੰਭਲੈ ਛਤੀਹ ਬਿੰਜਨ ਵਿਚਿ ਸੰਜੋਈ ।

ਕੜਛੀ ਕੁਛ ਸੁਆਦ ਨਹੀਂ ਸਮ੍ਹਾਲਦੀ (ਭਾਵੇਂ) ਛੱਤੀ ਪ੍ਰਕਾਰ ਦੇ ਬਿੰਜਨਾਂ ਵਿਖੇ ਫਿਰ ਚੁੱਕੀ ਹੈ, (ਯਥਾ:-”ਕੜਛੀਆਂ ਫਿਰੰਨਿ ਸੁਆਉ ਨ ਜਾਣਨ ਸੁੀਆ”)।

ਰਤੀ ਰਤਕ ਨਾ ਰਲੈ ਰਤਨਾ ਅੰਦਰਿ ਹਾਰਿ ਪਰੋਈ ।

('ਰਤੀ'=) ਲਾਲ ਅਤੇ ('ਰਤਕਾਂ'=) ਲਾਲੜੀਆਂ ਦਾ ਮੇਲ ਨਹੀਂ ਫਬਦਾ, (ਭਾਵੇਂ ਉਹਨਾਂ ਨੂੰ) ਰਤਨਾਂ ਦੇ ਹਾਰ ਵਿਖੇ ਪਰੋ ਦੇਈਏ।

ਸਾਧਸੰਗਤਿ ਗੁਰੁ ਸਬਦੁ ਸੁਣਿ ਗੁਰ ਉਪਦੇਸੁ ਆਵੇਸੁ ਨ ਹੋਈ ।

ਸਾਧ ਸੰਗਤ ਵਿਖੇ ਗੁਰੂ ਦੇ ਸ਼ਬਦ ਨੂੰ ਸੁਣਕੇ (ਕਪਟੀ ਸਨੇਹੀ ਨੂੰ) ਗੁਰੂ ਜੀ ਦੇ ਉਪਦੇਸ਼ ਦਾ (ਅਵੇਸੁ=) ਅਸਰ ਨਹੀਂ ਹੁੰਦਾ।

ਕਪਟ ਸਨੇਹਿ ਨ ਦਰਗਹ ਢੋਈ ।੮।

(ਇਸੇ ਕਾਰਣ) (ਕਪਟ ਸਨੇਹੀਆਂ=) ਝੂਠੇ ਪ੍ਰੇਮੀਆਂ ਨੂੰ ਦਰਗਾਹ ਵਿਖੇ ਬੀ ਢੋਈ ਨਹੀਂ ਮਿਲੀ।

ਪਉੜੀ ੯

ਨਦੀਆ ਨਾਲੇ ਵਾਹੜੇ ਗੰਗ ਸੰਗ ਮਿਲਿ ਗੰਗ ਹੁਵੰਦੇ ।

(ਨਦੀਆਂ=) ਦਰਯਾ ਨਾਲੇ ਅਤੇ ਵਾਹੜੇ ਗੰਗਾ ਨਾਲ ਮਿਲਕੇ ਗੰਗਾ ਹੀ (ਕਹੇ ਜਾਂਦੇ) ਹਨ।

ਅਠਸਠਿ ਤੀਰਥ ਸੇਵਦੇ ਦੇਵੀ ਦੇਵਾ ਸੇਵ ਕਰੰਦੇ ।

(ਕਪਟ ਸਨੇਹੀ ਐਉਂ ਨਹੀਂ ਹੁੰਦੇ ਓਹ) ਅਠਾਹਠ ਤੀਰਥਾਂ ਨੂੰ ਸੇਂਵਦੇ ਹਨ, ਦੇਵੀ ਦੇਵਤੇ ਬੀ ਪੂਜਦੇ ਹਨ।

ਲੋਕ ਵੇਦ ਗੁਣ ਗਿਆਨ ਵਿਚਿ ਪਤਿਤ ਉਧਾਰਣ ਨਾਉ ਸੁਣੰਦੇ ।

ਲੋਕ ਸ਼ਾਸਤ੍ਰ ਦੇ ਗੁਣਾਂ ਵਿਖੇ ਵੇਦਾਂ ਤੇ ਗਿਆਨ ਵਿੱਚ ਇਕੋ ਪਤਿਤੋਧਾਰਣ (ਅਕਾਲ ਪੁਰਖ) ਦੇ ਨਾਮ ਦਾ ਸ਼੍ਰਵਣ ਬੀ ਕਰਦੇ ਹਨ (ਪਰੰਤੂ ਓਹ ਲੋਕ ਇਉਂ ਹਨ ਜਿੱਕੁਰ)

ਹਸਤੀ ਨੀਰਿ ਨ੍ਹਵਾਲੀਅਨਿ ਬਾਹਰਿ ਨਿਕਲਿ ਛਾਰੁ ਛਣੰਦੇ ।

ਹਾਥੀ ਪਾਣੀ ਵਿਖੇ ਨ੍ਹਵਾਲਦੇ ਹਨ, ਪਰੰਤੂ ਓਹ ਬਾਹਰ ਨਿਕਲਕੇ ਸੁਆਹ ਹੀ ਉਡਾਉਂਦੇ ਹਨ।

ਸਾਧਸੰਗਤਿ ਗੁਰ ਸਬਦੁ ਸੁਣਿ ਗੁਰੁ ਉਪਦੇਸੁ ਨ ਚਿਤਿ ਧਰੰਦੇ ।

(ਤਿਵੇਂ) ਸੰਤਾਂ ਦੀ ਸੰਗਤ ਵਿਖੇ ਜੋ ਗੁਰ ਸਬਦ ਨੂੰ ਸੁਣਦੇ ਹਨ ਪ੍ਰਤੂੰ ਗੁਰੂ ਜੀ ਦੇ ਉਪਦੇਸ਼ ਨੂੰ ਚਿੱਤ ਵਿਖੇ ਧਾਰਨ ਨਹੀਂ ਕਰਦੇ।

ਤੁੰਮੇ ਅੰਮ੍ਰਿਤੁ ਸਿੰਜੀਐ ਬੀਜੈ ਅੰਮ੍ਰਿਤੁ ਫਲ ਨ ਫਲੰਦੇ ।

(ਜਿਕੂੰ ਭਾਵੇਂ) ਤੁੰਮੇਂ ਵਿਚ ਅੰਮ੍ਰਿਤ (ਭਾਵ ਸ਼ਹਿਦ) ਭਰਕੇ ਬੀਜ ਦੇਈਏ, (ਪ੍ਰਤੂੰ) ਫਲ ਨਹੀਂ ਲੱਗਣਗੇ।

ਕਪਟ ਸਨੇਹ ਨ ਸੇਹ ਪੁਜੰਦੇ ।੯।

ਝੂਠੇ ਸਨੇਹੀ (ਸੇਹ=) ਜੀਵਨ ਪਦ, (ਯਾ ਅਕਾਲ ਪੁਰਖ) ਨੂੰ ਪ੍ਰਾਪਤ ਨਹੀਂ ਹੁੰਦੇ।

ਪਉੜੀ ੧੦

ਰਾਜੈ ਦੇ ਸਉ ਰਾਣੀਆ ਸੇਜੈ ਆਵੈ ਵਾਰੋ ਵਾਰੀ ।

(ਇਕ) ਰਾਜੇ ਦੀਆਂ ਸੌ ਰਾਣੀਆਂ (ਆਪੋ ਆਪਣੀ) ਵਾਰੀ ਨਾਲ ਸੇਜਾ ਪੁਰ ਆਂਵਦੀਆਂ ਹਨ।

ਸਭੇ ਹੀ ਪਟਰਾਣੀਆ ਰਾਜੇ ਇਕ ਦੂ ਇਕ ਪਿਆਰੀ ।

ਸਾਰੀਆਂ ਹੀ ਸਰਦਾਰਾ ਰਾਣੀਆਂ ਬਣੀਆਂ ਹੋਈਆਂ ਹਨ, ਰਾਜੇ ਨੂੰ ਇਕ ਥੋਂ ਇਕ ਵਧੀਕ ਪਿਆਰੀ ਹੈ।

ਸਭਨਾ ਰਾਜਾ ਰਾਵਣਾ ਸੁੰਦਰਿ ਮੰਦਰਿ ਸੇਜ ਸਵਾਰੀ ।

ਰਾਜਾ ਸਭਨਾਂ ਨੂੰ ਸੋਹਣੇ ਮੰਦਰਾਂ ਵਿਖੇ ਸੇਜਾਂ ਸਵਾਰਕੇ (ਰਾਵੰਦਾ=) ਭੋਗਦਾ ਹੈ।

ਸੰਤਤਿ ਸਭਨਾ ਰਾਣੀਆਂ ਇਕ ਅਧਕਾ ਸੰਢਿ ਵਿਚਾਰੀ ।

ਸਭਨਾਂ ਰਾਣੀਆਂ ਦੇ ਘਰ ਉਲਾਦ ਭੀ ਹੈ, ਇਕ ਅੱਧੀ ਕੋਈ (ਰਾਣੀ 'ਸੰਢ') ਬਾਂਝ ਰਹਿ ਜਾਂਦੀ ਹੈ। (ਅਗੇ ਦਾਰਸ਼ਟਾਂਤ ਤਿੰਨ ਤੁਕਾਂ ਵਿਖੇ ਦੱਸਦੇ ਹਨ)।

ਦੋਸੁ ਨ ਰਾਜੇ ਰਾਣੀਐ ਪੂਰਬ ਲਿਖਤੁ ਨ ਮਿਟੈ ਲਿਖਾਰੀ ।

ਰਾਜੇ ਰਾਣੀਆਂ ਦਾ (ਕੁਝ) ਦੂਖਨ ਨਹੀਂ ਹੈ, ਪਰ 'ਲਿਖਾਰੀ' ਦੀ ਪੂਰਬਲੀ ਲਿਖਤ ਨਹੀਂ ਮਿਟਦੀ।

ਸਾਧਸੰਗਤਿ ਗੁਰ ਸਬਦੁ ਸੁਣਿ ਗੁਰੁ ਉਪਦੇਸੁ ਨ ਮਨਿ ਉਰ ਧਾਰੀ ।

(ਕਿਉਂਕਿ) ਸਾਧ ਸੰਗਤ ਵਿਖੇ ਗੁਰ ਸ਼ਬਦ ਨੂੰ ਸੁਣਕੇ ਜੋ ਗੁਰ ਉਪਦੇਸ਼ ਨੂੰ ਮੰਨਣ ਨਹੀਂ ਕਰਦੇ, (ਓਹ)

ਕਰਮ ਹੀਣੁ ਦੁਰਮਤਿ ਹਿਤਕਾਰੀ ।੧੦।

ਕਰਮ ਹੀਣੇ ਖੋਟੀ ਮਤ ਵਾਲੇ ਮਨਮੁਖ (ਧਿਕਾਰ=) ਧਿਕਾਰ ਲਾਇਕ ਹੀ ਰਹਿੰਦੇ ਹਨ।

ਪਉੜੀ ੧੧

ਅਸਟ ਧਾਤੁ ਇਕ ਧਾਤੁ ਹੋਇ ਸਭ ਕੋ ਕੰਚਨੁ ਆਖਿ ਵਖਾਣੈ ।

(ਪਾਰਸ ਨਾਲ ਛੁਹਕੇ) ਅੱਠਾਂ ਦੀ ਇਕ ਧਾਤ ਹੋ ਜਾਂਦੀ ਹੈ, ਸਾਰੇ (ਲੋਕ ਉਸ ਨੂੰ 'ਕੰਚਨ') ਸੋਨਾ ਕਰ ਕੇ ਬੁਲਾਂਵਦੇ ਹਨ।

ਰੂਪ ਅਨੂਪ ਸਰੂਪ ਹੋਇ ਮੁਲਿ ਅਮੁਲੁ ਪੰਚ ਪਰਵਾਣੈ ।

ਅਨੂਪਮ ਰੂਪ ਵਾਲਾ ਸਰੂਪ ਹੋਕੇ ਮੁੱਲ ਥੋਂ ਅਮੋਲਕ ਹੁੰਦਾ ਹੈ ਅਰ ਪੰਚ (ਸਰਾਫ ਲੋਕ) ਉਸ ਨੂੰ ਪ੍ਰਮਾਣ ਕਰਦੇ ਹਨ (ਕਿ ਠੀਕ ਸੋਨਾ ਹੈ)।

ਪਥਰੁ ਪਾਰਸਿ ਪਰਸੀਐ ਪਾਰਸੁ ਹੋਇ ਨ ਕੁਲ ਅਭਿਮਾਣੈ ।

(ਪਰ) ਪੱਥਰ ਪਾਰਸ ਦੇ ਨਾਲ ਪਰਸਣ ਕਰ ਕੇ ਪਾਰਸ ਨਹੀਂ ਬਣਦਾ (ਕਿਉਂਕਿ ਉਸ ਨੂੰ) ਕੁਲ ਦਾ ਅਭਿਮਾਨ ਰਹਿੰਦਾ ਹੈ (ਕਿ ਮੈਂ ਬੀ ਪਾਰਸ ਦੀ ਕੁਲ ਵਿਚੋਂ ਹਾਂ, ਇਹ ਬੀ ਪੱਥਰ ਮੈਂ ਬੀ ਪੱਥਰ ਹਾਂ)।

ਪਾਣੀ ਅੰਦਰਿ ਸਟੀਐ ਤੜਭੜ ਡੁਬੈ ਭਾਰ ਭੁਲਾਣੈ ।

(ਜਦ) ਉਹ ਪਾਣੀ ਵਿਖੇ ਸਿੱਟੀਦਾ ਹੈ ਤਾਂ ਤਾਬੜਤੋੜ ਡੁਬ ਜਾਂਦਾ ਹੈ, ਅਭਿਮਾਨ ਵਿਖੇ ਭੁੱਲਿਆ ਰਹਿੰਦਾ ਹੈ (ਕਿ ਮੈਂ ਭਾਰੀ ਵਸਤੂ ਹਾਂ)।

ਚਿਤ ਕਠੋਰ ਨ ਭਿਜਈ ਰਹੈ ਨਿਕੋਰੁ ਘੜੈ ਭੰਨਿ ਜਾਣੈ ।

ਪੱਥਰ ਦਾ) ਚਿਤ ਕਰੜਾ ਹੈ ਉਹ ਪਾਣੀ ਵਿਖੇ ਡੁਬਕੇ ਵੀ ਭਿਜਦਾ ਨਹੀਂ ਹੈ, (ਅੰਦਰੋਂ) ਸੁੱਕਾ ਰਹਿੰਦਾ ਹੈ ਅਰ ਘੜੇ ਭੰਨਣ (ਚੰਗੇ) ਜਾਣਦਾ ਹੈ।

ਅਗੀ ਅੰਦਰਿ ਫੁਟਿ ਜਾਇ ਅਹਰਣਿ ਘਣ ਅੰਦਰਿ ਹੈਰਾਣੈ ।

ਅੱਗ ਦੇ ਅੰਦਰ ਰੱਖੀਏ ਤਾਂ ਫੁੱਟ ਜਾਂਦਾ ਹੈ, ਅਹਿਰਣ ਤੇ ('ਘਣ'=) ਹਥੌੜੇ ਦੇ ਅੰਦਰ ਬੀ ਹੈਰਾਨ ਹੁੰਦਾ ਹੈ (ਭਾਵ ਟੋਟੇ ਟੋਟੇ ਹੋ ਜਾਂਦਾ ਹੈ। ਅੱਗੇ ਦਾਰਸ਼ਟਾਂਤ ਦੋ ਤੁਕਾਂ ਵਿਖੇ ਦੱਸਦੇ ਹਨ)।

ਸਾਧਸੰਗਤਿ ਗੁਰ ਸਬਦੁ ਸੁਣਿ ਗੁਰ ਉਪਦੇਸ ਨ ਅੰਦਰਿ ਆਣੈ ।

(ਮਨਮੁਖ) ਸਾਧ ਸੰਗਤ ਵਿਖੇ ਗੁਰ ਸ਼ਬਦ ਨੂੰ ਸੁਣਦੇ ਤਾਂ ਹਨ, ਪਰੰਤੂ ਗੁਰ ਉਪਦੇਸ਼ ਨੂੰ ਧਾਰਨ ਨਹੀਂ ਕਰਦੇ।

ਕਪਟ ਸਨੇਹੁ ਨ ਹੋਇ ਧਿਙਾਣੈ ।੧੧।

ਕਪਟੀ ਨੂੰ ਜ਼ੋਰਾਵਰੀ ਨਾਲ ਪ੍ਰੇਮ ਨਹੀਂ ਲਗ ਸਕਦਾ।

ਪਉੜੀ ੧੨

ਮਾਣਕ ਮੋਤੀ ਮਾਨਸਰਿ ਨਿਰਮਲੁ ਨੀਰੁ ਸਥਾਉ ਸੁਹੰਦਾ ।

(ਸਾਧ ਸੰਗਤ ਰੂਪ) ਮਾਨਸਰ ਵਿਖੇ ਮਾਣਕ ਮੋਤੀ ਅਤੇ ਨਿਰਮਲ ਪਾਣੀ (ਹੈ ਜਿੱਥੇ ਉਹ ਹੈ, ਉਹ) ਥਾਉਂ (ਬੀ) ਸੋਭ ਰਿਹਾ ਹੈ, (ਨਾਮ ਦਾ ਪਾਣੀ, ਮੰਨਣ ਰੂਪ ਮਾਣਕ ਅਰ ਗਿਆਨ ਮੋਤੀ ਹਨ)।

ਹੰਸੁ ਵੰਸੁ ਨਿਹਚਲ ਮਤੀ ਸੰਗਤਿ ਪੰਗਤਿ ਸਾਥੁ ਬਣੰਦਾ ।

ਹੰਸਾਂ ਦੀ ਵੰਸ ਵਿਚ ਦ੍ਰਿੜ੍ਹ ਮਤ ਵਾਲੇ ਦੀ ਸੰਗਤ ਪੰਗਤ ਦਾ ਸਾਥ ਬਣਦਾ ਹੈ।

ਮਾਣਕ ਮੋਤੀ ਚੋਗ ਚੁਗਿ ਮਾਣੁ ਮਹਿਤੁ ਆਨੰਦੁ ਵਧੰਦਾ ।

ਮਾਣਕ ਮੋਤੀਆਂ ਦਾ ਚੋਗਾ ਚੁਗਕੇ ਵਡੀ ਵਡਿਆਈ ਅਰ ਅਨੰਦ ਨੂੰ ਵਧਾਉਂਦੇ ਹਨ।

ਕਾਉ ਨਿਥਾਉ ਨਿਨਾਉ ਹੈ ਹੰਸਾ ਵਿਚਿ ਉਦਾਸੁ ਹੋਵੰਦਾ ।

ਕਾਉਂ ਨਿਥਾਵਾਂ ਤੇ ਨਿਨਾਵਾਂ (ਭੈੜੇ ਨਾਂ ਵਾਲਾ) ਹੰਸਾਂ ਵਿਚ ਨਿਮੋਝੂਣਾ ਹੋਕੇ ਬੈਠਦਾ ਹੈ, (ਕਿਉਂ ਜੋ ਆਸਾ, ਇਸ਼ਟ, ਉਪਾਸ਼ਨਾ, ਖਾਨ, ਪਾਨ ਅਤੇ ਪਹਿਰਾਨ ਛੀ ਚੀਜ਼ਾਂ ਹੰਸਾਂ ਨਾਲ ਮੇਲ ਨਹੀਂ ਰਖਦੀਆਂ, ਇਸ ਲਈ ਉਦਾਸੀਨਤਾ ਰਹਿੰਦੀ ਹੈ)।

ਭਖੁ ਅਭਖੁ ਅਭਖੁ ਭਖੁ ਵਣ ਵਣ ਅੰਦਰਿ ਭਰਮਿ ਭਵੰਦਾ ।

ਭੱਖਨ ਤੋਂ ਜੋ ਅਭੱਖ ਹੈ (ਵਿਸ਼੍ਵਾ) ਉਸ ਭੱਖਨ ਨੂੰ ('ਭੱਖਦਾ'=) ਭੋਗਦਾ ਹੈ ਅਰ (ਵਣ ਵਣ ਕਹੀਏ) ਇਕ ਕਰੀਰ ਪਰ (ਭਾਵ ਕੁਸੰਗ ਵਿਖੇ ਜਾ) ਬੈਠਦਾ ਹੈ (ਅਥਵਾ) ਭੱਖ ਵਸਤੂ ਨੂੰ ਅੱਭਖ ਕਰ ਕੇ ਅਭੱਖ ਨੂੰ ਭੱਖਦੇ ਹਨ, (ਭਾਵ ਸੰਤਾਂ ਦੀ ਉਸਤਤ ਛੱਡ ਕੇ ਨਿੰਦਾ ਨੂੰ ਕਬੂਲਦੇ ਹਨ)।

ਸਾਧਸੰਗਤਿ ਗੁਰ ਸਬਦੁ ਸੁਣਿ ਤਨ ਅੰਦਰਿ ਮਨੁ ਥਿਰੁ ਨ ਰਹੰਦਾ ।

ਸਾਧ ਸੰਗਤ ਵਿਖੇ (ਮਨਮੁਖ) ਗੁਰੂ ਦਾ ਸ਼ਬਦ ਸੁਣਦਾ ਤਾਂ ਹੈ ਪਰੰਤੂ ਉਸਦਾ ਮਨ ਸਰੀਰ ਵਿਖੇ ਸਥਿਰ ਹੋਕੇ ਨਹੀਂ ਬੈਠਦਾ, (ਭਾਵ-ਵਿਸ਼੍ਯਾਂ ਵੱਲ ਦੌੜਦਾ ਹੈ)।

ਬਜਰ ਕਪਾਟ ਨ ਖੁਲ੍ਹੈ ਜੰਦਾ ।੧੨।

(ਇਸੇ ਕਾਰਣ) ਵੱਜਰ ਕਪਾਟਾਂ ਦੇ ਜੰਦਰੇ (ਅੰਤਹਕਰਨਾਂ ਤੋਂ) ਨਹੀਂ ਖੁਲ੍ਹਦੇ।

ਪਉੜੀ ੧੩

ਰੋਗੀ ਮਾਣਸੁ ਹੋਇ ਕੈ ਫਿਰਦਾ ਬਾਹਲੇ ਵੈਦ ਪੁਛੰਦਾ ।

ਮਨੁਖੀ ਰੋਗ ਹੋਕੇ ਬਾਹਲੇ ਵੈਦਾਂ ਨੂੰ ਪੁੱਛਦਾ ਹੋਇਆ (ਹੱਥ ਦਿਖਾਉਂਦਾ) ਫਿਰਦਾ ਹੈ।

ਕਚੈ ਵੈਦ ਨ ਜਾਣਨੀ ਵੇਦਨ ਦਾਰੂ ਰੋਗੀ ਸੰਦਾ ।

(ਕੱਚਾ) ਅਨਪੜ੍ਹ ਹਕੀਮ ਰੋਗੀ ਦੀ ਪੀੜਾ ਅਤੇ ਉਸ ਦਾ ਦਾਰੂ ਨਹੀਂ ਜਾਣਦਾ, (ਭਈ ਮਰਜ਼ ਕੀ ਅਰ ਔਖਧੀ ਕੀ ਹੈ?)

ਹੋਰੋ ਦਾਰੂ ਰੋਗੁ ਹੋਰ ਹੋਇ ਪਚਾਇੜ ਦੁਖ ਸਹੰਦਾ ।

ਹੋਰ ਹੀ ਦਾਰੂ ਹੁੰਦਾ ਹੈ, ਅਰ ਮਰਜ਼ ਬੀ ਹੋਰ ਹੁੰਦੀ ਹੈ, ਇਸ ਕਰ ਕੇ ਪਚੇੜ ਹੋਕੇ ਦੁਖ ਸਹਾਰਦਾ ਹੈ।

ਆਵੈ ਵੈਦੁ ਸੁਵੈਦੁ ਘਰਿ ਦਾਰੂ ਦਸੈ ਰੋਗੁ ਲਹੰਦਾ ।

ਜਦ ਕੋਈ ਸ਼ਿਰੋਮਣੀ ਹਕੀਮ ਘਰ ਵਿਖੇ ਆਉਂਦਾ ਹੈ ਤਾਂ ਉਸ ਦੇ ਦਾਰੂ ਦੱਸਣ ਨਾਲ ਰੋਗ ਹਟ ਜਾਂਦਾ ਹੈ।

ਸੰਜਮਿ ਰਹੈ ਨ ਖਾਇ ਪਥੁ ਖਟਾ ਮਿਠਾ ਸਾਉ ਚਖੰਦਾ ।

ਜੇਕਰ (ਮਰੀਜ਼) ਪ੍ਰਹੇਜ਼ਗਾਰੀ ਨਾ ਰਖੇ, ਪੱਥ ਵਸਤੂ ਨਾ ਖਾਵੇ, ਖੱਟਾ ਮਿੱਠਾ ਸਾਰੇ ਸੁਆਦ ਚੱਖਣ ਲਗ ਜਾਵੇ।

ਦੋਸੁ ਨ ਦਾਰੂ ਵੈਦ ਨੋ ਵਿਣੁ ਸੰਜਮਿ ਨਿਤ ਰੋਗੁ ਵਧੰਦਾ ।

ਦਾਰੂ ਅਤੇ ਵੈਦ ਦਾ ਕੋਈ ਕਸੂਰ ਨਹੀਂ ਹੈ, ਕਿਉਂਕਿ ਪ੍ਰਹੇਜ਼ ਤੋਂ ਬਾਝ ਨਿਤ ਮਰਜ਼ ਵਧਦੀ ਜਾਵੇਗੀ।

ਕਪਟ ਸਨੇਹੀ ਹੋਇ ਕੈ ਸਾਧਸੰਗਤਿ ਵਿਚਿ ਆਇ ਬਹੰਦਾ ।

ਝੂਠੇ ਪ੍ਰੇਮੀ (ਮਨਮੁਖ ਲੋਕ) ਸਾਧ ਸੰਗਤ ਵਿਖੇ ਆ ਬੈਠਦੇ ਹਨ (ਭਾਵ ਦੱਸਦੇ ਹਨ ਕਿ ਅਸੀਂ ਵਡੇ ਪ੍ਰੇਮ ਨਾਲ ਆਏ ਹਾਂ)।

ਦੁਰਮਤਿ ਦੂਜੈ ਭਾਇ ਪਚੰਦਾ ।੧੩।

(ਮਨਮੁਖ) ਖੋਟੀ ਮਤ ਵਾਲਾ ਦੂਜੇ ਭਾਉ ਵਿਖੇ ਹੀ ਸੜਦਾ ਹੈ।

ਪਉੜੀ ੧੪

ਚੋਆ ਚੰਦਨੁ ਮੇਦੁ ਲੈ ਮੇਲੁ ਕਪੂਰ ਕਥੂਰੀ ਸੰਦਾ ।

ਚੋਆ ਚੰਦਨ, ਮੁਸ਼ਕ ਬਿਲਾਈ ਲੈਕੇ ਕਪੂਰ ਅਤੇ ਕਸਤੂਰੀ ਦਾ ਮੇਲ (ਨਾਲ ਕਰਦਾ ਹੈ)।

ਸਭ ਸੁਗੰਧ ਰਲਾਇ ਕੈ ਗੁਰੁ ਗਾਂਧੀ ਅਰਗਜਾ ਕਰੰਦਾ ।

ਸਾਰੀਆਂ (ਅੱਠ) ਸੁਗੰਧਾਂ ਰਲਾਕੇ 'ਗੁਰ ਗਾਂਧੀ' (ਗੁਰੂ ਜਾਂ ਵੱਡਾ ਅਤਾਰ) ਅਰਗਜ਼ਾ (ਨਾਮ ਇਕ ਸੁਗੰਧੀ) ਬਣਾਉਂਦਾ ਹੈ।

ਮਜਲਸ ਆਵੈ ਸਾਹਿਬਾਂ ਗੁਣ ਅੰਦਰਿ ਹੋਇ ਗੁਣ ਮਹਕੰਦਾ ।

(ਅਰਗਜਾ ਜਦ) ਵਡਿਆਂ ਲੋਕਾਂ ਦੀ ਸਭਾ ਵਿਖੇ ਆਉਂਦਾ ਹੈ (ਜਿਨ੍ਹਾਂ ਦੇ ਅੰਦਰ ਗੁਣ ਦੀ ਕਦਰ ਹੈ ਉਥੇ) ਗੁਣ ਹੋਕੇ 'ਮਹਿਕਦਾ' ਹੈ।

ਗਦਹਾ ਦੇਹੀ ਖਉਲੀਐ ਸਾਰ ਨ ਜਾਣੈ ਨਰਕ ਭਵੰਦਾ ।

(ਉਹੋ ਅਰਗਜਾ) ਖੋਤੇ ਦੀ ਦੇਹੀ ਪਰ ਮਲੀਏ ਉਹ (ਨਰਕ=) ਅਰੂੜੀ ਉਤੇ ਭੌਣ ਵਾਲਾ ਉਸ ਦੀ ਕਦਰ ਨਹੀਂ ਜਾਣਦਾ।

ਸਾਧਸੰਗਤਿ ਗੁਰ ਸਬਦੁ ਸੁਣਿ ਭਾਉ ਭਗਤਿ ਹਿਰਦੈ ਨ ਧਰੰਦਾ ।

(ਤਿਵੇਂ) ਸਾਧ ਸੰਗਤ ਵਿਖੇ ਗੁਰੁ ਸ਼ਬਦ ਨੂੰ ਸੁਣਕੇ ਪ੍ਰੇਮਾ ਭਗਤੀ ਨੂੰ (ਮਨਮੁਖ) ਧਾਰਨ ਨਹੀਂ ਕਰਦਾ ਹੈ।

ਅੰਨ੍ਹਾਂ ਅਖੀ ਹੋਂਦਈ ਬੋਲਾ ਕੰਨਾਂ ਸੁਣ ਨ ਸੁਣੰਦਾ ।

ਅੱਖੀਂ ਦੇ ਹੁੰਦਿਆਂ (ਸਤਿਸੰਗ ਦਾ ਦਰਸ਼ਨ ਕਰਦਾ ਹੋਇਆ ਬੀ) ਅੰਨ੍ਹਾਂ ਅਰ ਕੰਨੀਂ (ਕਥਾ) ਸੁਣਦਿਆਂ ਵੀ (ਨਾ ਮੰਨਣ ਕਰਕੇ) ਬੋਲਾ ਬਣ ਜਾਂਦਾ ਹੈ (ਜੇ ਕੋਈ ਬਾਹਲੀ ਖਿੱਚ ਕਰੇ ਤਾਂ)

ਬਧਾ ਚਟੀ ਜਾਇ ਭਰੰਦਾ ।੧੪।

ਬੱਧਾ ਚੱਟੀ ਜਾਕੇ ਭਰ ਛਡਦਾ ਹੈ।

ਪਉੜੀ ੧੫

ਧੋਤੇ ਹੋਵਨਿ ਉਜਲੇ ਪਾਟ ਪਟੰਬਰ ਖਰੈ ਅਮੋਲੇ ।

ਰੇਸ਼ਮ ਤੇ ਰੇਸ਼ਮ ਦੇ ਕਪੜੇ ਧੋਤਿਆਂ ਉੱਜਲ ਹੋ ਜਾਂਦੇ ਹਨ (ਤੇ) ਖਰੇ ਅਮਲੋਕ ਜਾਂਦੇ ਹਨ)।

ਰੰਗ ਬਿਰੰਗੀ ਰੰਗੀਅਨ ਸਭੇ ਰੰਗ ਸੁਰੰਗੁ ਅਡੋਲੇ ।

ਨਾਨਾ ਭਾਂਤ ਦੇ (ਲਾਲ ਪੀਲੇ ਆਦਿ) ਰੰਗਾਂ ਨਾਲ ਰੰਗੀਦੇ ਹਨ, ਸਾਰੇ ਸੁਹਣੇ ਰੰਗ (ਅਡੋਲ ਕਹੀਏ) ਪੱਕੇ (ਚੜ੍ਹਦੇ ਹਨ)।

ਸਾਹਿਬ ਲੈ ਲੈ ਪੈਨ੍ਹਦੈ ਰੂਪ ਰੰਗ ਰਸ ਵੰਸ ਨਿਕੋਲੇ ।

ਅਮੀਰ ਲੋਕ ਮੁੱਲ ਲੈ ਲੈਕੇ (ਪਟੰਬਰਾਂ ਨੂੰ) ਪਹਿਨਕੇ ਰੂਪ, ਰੰਗ ਅਰ ਰਸ, (ਪ੍ਰੇਮ ਵਿਚ, 'ਵੰਸ ਨਿਕੋਲੇ') ਨੇਕ ਕੁਲ ਦੇ (ਭਾਸਦੇ ਹਨ, ਭਾਵ ਪਟੰਬਰਾਂ ਨਾਲ ਰੂਪ ਰੰਗਾਦਿ ਵਿਖੇ ਨੇਕ ਘਰਾਣੇ ਦੇ ਕਹੀਦੇ ਹਨ)।

ਸੋਭਾਵੰਤੁ ਸੁਹਾਵਣੇ ਚਜ ਅਚਾਰ ਸੀਗਾਰ ਵਿਚੋਲੇ ।

(ਇਹ ਰੇਸ਼ਮੀ ਕੱਪੜੇ) ਚੱਜ (ਵਿਆਹ ਆਦਿ ਢੰਗਾਂ) ਪੂਜਾ ਕਾਰਜਾਂ, (ਸ਼ਿੰਗਾਰਾਂ ਦੇ) ਵਿਚੋਲ (ਰੂਪ ਦੀ ਮਹਿੰਮਾ ਵਧਾਉਣ ਵਾਲੇ) ਹੋਕੇ ਸ਼ੋਭਾ ਵਾਲੇ ਤੇ ਸੁਹਾਵਣੇ ਕਰਦੇ ਹਨ (ਪਹਿਨਾਊਆਂ ਨੂੰ)।

ਕਾਲਾ ਕੰਬਲੁ ਉਜਲਾ ਹੋਇ ਨ ਧੋਤੈ ਰੰਗਿ ਨਿਰੋਲੇ ।

ਕਾਲਾ ਕੰਬਲ (=ਭੂਰਾ) ਧੋਣ ਨਾਲ ਉਜਲਾ ਨਹੀਂ ਹੁੰਦਾ ਅਰ ਨਾ ਹੀ (ਉਸ ਪਰ ਕੋਈ) ਸ਼ੁੱਧ ਰੰਗ ਹੀ ਚੜ੍ਹਦਾ ਹੈ (ਜਿਹਾ-'ਸਾਕਤ ਕਾਰੀ ਕਾਂਬਰੀ ਧੋਏ ਹੋਇ ਨ ਸੰਤੁ)। '

ਸਾਧਸੰਗਤਿ ਗੁਰ ਸਬਦੁ ਸੁਣਿ ਝਾਕੈ ਅੰਦਰਿ ਨੀਰੁ ਵਿਰੋਲੇ ।

(ਸਾਕਤ ਲੋਕ) ਸਾਧ ਸੰਗਤ ਵਿਖੇ ਗੁਰ ਸ਼ਬਦ ਨੂੰ ਸੁਣਕੇ (ਮਾਇਆ ਨੂੰ) ਮਨ ਦੇ ਅੰਦਰ ਤਾੜਦੇ (ਅਰ) ਪਾਣੀ ਹੀ ਰਿੜਕਦੇ ਹਨ (ਕਉਂ ਜੋ ਜਿਸ ਮਨ ਨੇ ਧਾਰਨ ਕਰਨਾ ਸੀ ਉਹ ਮਾਇਆ ਦੀ ਝਾਕ ਵਿਚ ਹੈ, ਇਸ ਲਈ ਮੱਖਣੋਂ ਸੱਖਣਾਂ ਹੀ ਰਹਿੰਦਾ ਹੈ)।

ਕਪਟ ਸਨੇਹੀ ਉਜੜ ਖੋਲੇ ।੧੫।

ਕਪਟੀ ਲੋਕ ਉੱਜੜੇ ਘਰ ਵਾਂਙੂੰ ਹਨ।

ਪਉੜੀ ੧੬

ਖੇਤੈ ਅੰਦਰਿ ਜੰਮਿ ਕੈ ਸਭ ਦੂੰ ਉੱਚਾ ਹੋਇ ਵਿਖਾਲੇ ।

ਪੈਲੀ ਵਿਖੇ ਜੰਮਕੇ ਸਾਰਿਆਂ (ਬੂਟਿਆਂ ਨਾਲੋਂ) ਉਤਕ੍ਰਿਸ਼ਟ ਹੋਕੇ ਦੱਸਦਾ ਹੈ।

ਬੂਟੁ ਵਡਾ ਕਰਿ ਫੈਲਦਾ ਹੋਇ ਚੁਹਚੁਹਾ ਆਪੁ ਸਮਾਲੇ ।

ਮੁੱਢ ਵੱਡਾ ਕਰ ਕੇ ਫੈਲਦਾ ਹੈ, ਲਹਿ ਲਹਿ ਕਰ ਕੇ ਆਪਣੇ ਆਪ ਨੂੰ 'ਸਮ੍ਹਾਲਦਾ' ਦ੍ਰਿੜ ਕਰਦਾ ਹੈ।

ਖੇਤਿ ਸਫਲ ਹੋਇ ਲਾਵਣੀ ਛੁਟਨਿ ਤਿਲੁ ਬੂਆੜ ਨਿਰਾਲੇ ।

(ਜਦ) ਖੇਤ ਵਿੱਚੋਂ ਫਲ ਵਾਲਿਆਂ ਦੀ ਕਟਾਈ ਹੋ ਜਾਂਦੀ ਹੈ ਬੂਆੜ ਨਵੇਕਲੇ ਛੱਡੇ ਜਾਂਦੇ ਹਨ।

ਨਿਹਫਲ ਸਾਰੇ ਖੇਤ ਵਿਚਿ ਜਿਉ ਸਰਵਾੜ ਕਮਾਦ ਵਿਚਾਲੇ ।

(ਕਿਉਂ ਜੋ) ਸਾਰੇ ਖੇਤ ਵਿੱਚ (ਬੂਆੜ ਤਿਲ) ਨਿਸ਼ਫਲ ਹੁੰਦੇ ਹਨ ਜਿਕੁਰ ਕਮਾਦ ਦੀ ਪੈਲੀ ਵਿਚ ਸਰਕੜਾ। (ਯਥਾ:-”ਨਾਨਕ ਗੁਰੂ ਨ ਚੇਤਨ੍ਹ੍ਹੀ ਮਨਿ ਆਪਣੈ ਸੁਚੇਤ॥ ਛੁਟੇ ਤਿਲ ਬਾੜ ਜਿਉ ਸੁੰੈ ਅੰਦਰਿ ਖੇਤ) “।

ਸਾਧਸੰਗਤਿ ਗੁਰ ਸਬਦੁ ਸੁਣਿ ਕਪਟ ਸਨੇਹੁ ਕਰਨਿ ਬੇਤਾਲੇ ।

ਸਾਧ ਸੰਗਤ (ਵਿਚ ਰਹਿਕੇ) ਗੁਰਸ਼ਬਦ ਨੂੰ ਸੁਣਕੇ ਬੀ (ਤਾਲ=) ਮੂਰਖ (ਜਾਂ ਮਸਾਨੀ ਭੂਤਨੇ) ਹਨ (ਯਥਾ:-ਬਿਨ ਬੂਝੇ ਪਸੂ ਭਏ ਬਿਤਾਲੇ”। ਤਥਾ:- ਮਨਮੁਖ ਅੰਧੇ ਫਿਰਹਿ ਬੇਤਾਲੇ”॥)।

ਨਿਹਫਲ ਜਨਮੁ ਅਕਾਰਥਾ ਹਲਤਿ ਪਲਤਿ ਹੋਵਨਿ ਮੁਹ ਕਾਲੇ ।

(ਉਨ੍ਹਾਂ ਦਾ) ਜਨਮ (ਇਥੇ ਬੀ) ਨਿਹਫਲ (ਅਤੇ ਉਥੇ ਵੀ) ਅਕਾਰਥ ਹੈ, ਲੋਕ ਪ੍ਰਲੋਕ ਵਿਖੇ ਮੂੰਹ ਕਾਲੇ ਹੁੰਦੇ ਹਨ॥

ਜਮ ਪੁਰਿ ਜਮ ਜੰਦਾਰਿ ਹਵਾਲੇ ।੧੬।

ਜਮਪੁਰੀ' ਵਿਖੇ 'ਜਮ ਜੰਦਾਰ ਦੇ ਹਵਾਲੇ ਹੁੰਦੇ ਹਨ (ਯਥਾ:-”ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ”।

ਪਉੜੀ ੧੭

ਉਜਲ ਕੈਹਾਂ ਚਿਲਕਣਾ ਥਾਲੀ ਜੇਵਣਿ ਜੂਠੀ ਹੋਵੈ ।

ਕੈਂਹਾ ਨਾਮੇਂ ਧਾਤੂ ਵੱਡਾ 'ਉੱਜਲਾ' (ਚਿੱਟਾ) ਅਰ ਚਿਲਕਦਾ ਹੈ, ਰੋਟੀ ਜੇਵਣ ਨਾਲ ਥਾਲੀ ਜੂਠੀ ਹੋ ਜਾਂਦੀ ਹੈ।

ਜੂਠਿ ਸੁਆਹੂ ਮਾਂਜੀਐ ਗੰਗਾ ਜਲ ਅੰਦਰਿ ਲੈ ਧੋਵੈ ।

ਜੂਠ ਸੁਆਹ ਨਾਲ ਮਾਂਜੀ ਜਾਂਦੀ ਹੈ, ਫੇਰ ਉਸ ਨੂੰ (ਕਰਮ ਕਾਂਡੀ ਲੋਕ) ਗੰਗਾ ਜਲ ਦੇ ਅੰਦਰ ਬੀ ਧੋਂਦੇ ਹਨ।

ਬਾਹਰੁ ਸੁਚਾ ਧੋਤਿਆਂ ਅੰਦਰਿ ਕਾਲਖ ਅੰਤਿ ਵਿਗੋਵੈ ।

ਬਾਹਰੋਂ ਤਾਂ ਧੋਤਾ ਹੋਹਿਆ ਸੁਚਾ ਹੋ ਜਾਂਦਾ ਹੈ (ਪਰੰਤੂ) ਅੰਦਰੋਂ ਕਾਲਾ ਤੇ ਅੰਤ ਉਸ ਦਾ ਖਰਾਬ ਹੈ, (ਥਥਾ:- “ਉਜਲੁ ਕੇਹਾ ਚਿਲਕਣਾ ਘੋਟਿਮ ਕਾਲੜੀ ਮਸੁ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ॥” ਅੱਗੇ ਚੌਥੀ ਤੁਕ ਵਿਖੇ ਸੰਖ ਦਾ ਦ੍ਰਿਸ਼ਟਾਂਤ ਦਿੰਦੇ ਹਨ)।

ਮਨਿ ਜੂਠੇ ਤਨਿ ਜੂਠਿ ਹੈ ਥੁਕਿ ਪਵੈ ਮੁਹਿ ਵਜੈ ਰੋਵੈ ।

ਮਨ ਦੀ ਬੀ ਜੂਠਾ ਹੈ, (ਭਾਵ ਪੋਲਾ ਹੈ) ਤੇ ਤਨ ਦੀ ਭੀ ਜੂਠਾ ਹੈ (ਕਿਉਂ ਜੋ) ਵਜਾਉਣ ਵੇਲੇ (ਉਸ ਦੇ) ਮੂੰਹ ਵਿਖੇ ਥੁਕਾਂ ਪੈਂਦੀਆਂ ਹਨ ਤੇ ਰੋਂਦਾ ਹੈ (ਕਿ ਹਾਇ ਮੈਂ ਕਿਉਂ ਸਮੁੰਦਰੋਂ ਨਿਕਲਿਆ)।

ਸਾਧਸੰਗਤਿ ਗੁਰ ਸਬਦੁ ਸੁਣਿ ਕਪਟ ਸਨੇਹੀ ਗਲਾਂ ਗੋਵੈ ।

ਸਾਧ ਸੰਗਤ ਵਿਚ ਗੁਰ ਦਾ ਸ਼ਬਦ ਸੁਣਕੇ ਕਪਟ ਸਨੇਹੀ ਕੇਵਲ ਗੱਲਾਂ ਹੀ ਕਰਦੇ ਹਨ, (ਪਰ ਗੱਲਾਂ ਨਾਲ ਕੀ ਬਣਦਾ ਹੈ)

ਗਲੀ ਤ੍ਰਿਪਤਿ ਨ ਹੋਵਈ ਖੰਡੁ ਖੰਡੁ ਕਰਿ ਸਾਉ ਨ ਭੋਵੈ ।

(ਜਿੱਕਰੁ) ਖੰਡ ਖੰਡ ਆਖਦੇ ਰਹੋ (ਤੇ ਮੂੰਹ ਵਿਖੇ ਨਾ ਪਾਓ ਤਾਂ) ਸਵਾਦ ਨਾ ਆਵੇਗਾ (ਇੱਕੁਰ) ਗੱਲਾਂ ਨਾਲ (ਆਤਮਾ) ਤ੍ਰਿਪਤੀ ਨਹੀਂ ਹੁੰਦੀ।

ਮਖਨੁ ਖਾਇ ਨ ਨੀਰੁ ਵਿਲੋਵੈ ।੧੭।

(ਯਾ) ਪਾਣੀ ਦੇ ਰਿੜਕਣ ਨਾਲ (ਕਦੇ) ਮੱਖਣ ਨਹੀਂ (ਕੋਈ) ਖਾ ਸਕਦਾ।

ਪਉੜੀ ੧੮

ਰੁਖਾਂ ਵਿਚਿ ਕੁਰੁਖ ਹਨਿ ਦੋਵੈਂ ਅਰੰਡ ਕਨੇਰ ਦੁਆਲੇ ।

ਬ੍ਰਿਛਾਂ ਵਿਚ ਅਰਿੰਡ ਅਤੇ ਕਨੇਰ (ਖੇਤ ਦੇ) ਦੁਆਲੇ ਭੈੜੇ ਬ੍ਰਿੱਛ ਹਨ। (ਅੱਗੇ ਕਾਰਨ ਦੱਸਦੇ ਹਨ)।

ਅਰੰਡੁ ਫਲੈ ਅਰਡੋਲੀਆਂ ਫਲ ਅੰਦਰਿ ਬੀਅ ਚਿਤਮਿਤਾਲੇ ।

ਅਰਿੰਡ ਦੇ ਨਾਲ ('ਅਰਡੋਲੀਆਂ') ਡੋਡੀਆਂ ਲੱਗਦੀਆ ਹਨ (ਉਸ) ਫਲ ਦੇ ਅੰਦਰ ਬੀਜ ਚਿੱਤਰ ਮਿੱਤਰੇ ਹੁੰਦੇ ਹਨ, (ਇਕ ਸਾਰ ਨਹੀਂ ਹੁੰਦੇ)।

ਨਿਬਹੈ ਨਾਹੀਂ ਨਿਜੜਾ ਹਰਵਰਿ ਆਈ ਹੋਇ ਉਚਾਲੇ ।

(ਅਰਿੰਡ ਬਾਹਲੇ ਚਿਰ ਤੀਕ) ਨਹੀਂ ਟਿਕਦਾ (ਕਿਉਂ ਜੋ) ਜੜ੍ਹਾਂ ਥੋਂ ਰਹਿਤ ਹੁੰਦਾ ਹੈ (ਜੜ੍ਹ ਡੂੰਘੀ ਨਹੀਂ ਹੁੰਦੀ), ਥੋੜੀ ਪੌਣ ਦੇ ਬੁੱਲੇ ਦੇ ਆਇਆਂ ਟੁੱਟਣ ਲਗ ਪੈਂਦਾ ਹੈ। (ਹੁਣ ਕਨੇਰ ਦਾ ਵਰਣਨ ਕਰਦੇ ਹਨ:)।

ਕਲੀਆਂ ਪਵਨਿ ਕਨੇਰ ਨੋਂ ਦੁਰਮਤਿ ਵਿਚਿ ਦੁਰੰਗ ਦਿਖਾਲੇ ।

ਕਨੇਰ ਦੇ ਬੂਟੇ ਨੂੰ ਕਲੀਆਂ ਪੈਂਦੀਆਂ ਹਨ, ਪਰੰਤੂ (ਮਨਮੁਖ ਵਾਂਙ ਜੋ) ਦੁਰਮਤ ਵਿਚ (ਹੈ) ਭੈੜੀ ਗੰਧੀ ਹੀ ਦਿਖਾਲਦੀਆਂ ਹਨ।

ਬਾਹਰੁ ਲਾਲੁ ਗੁਲਾਲੁ ਹੋਇ ਅੰਦਰਿ ਚਿਟਾ ਦੁਬਿਧਾ ਨਾਲੇ ।

ਬਾਹਰੋਂ ਲਾਲ ਗੁਲਾਲ ਜਾਪਦੀਆਂ ਹਨ, ਅੰਦਰ ਉਨ੍ਹਾਂ ਦਾ ਚਿੱਟਾ ਹੈ (ਅਰਥਾਤ) ਦੁਬਿਧਾ ਦੇ ਨਾਲ (ਭਰਿਆ ਹੋਇਆ) ਹੈ, (ਬਾਹਰੋਂ ਲਾਲ ਪ੍ਰੇਮ ਦਾ ਰੰਗ ਤੇ ਅੰਦਰ ਚਿੱਟਾ ਖਾਲੀ ਥੋਥਾ ਬੇਅਸਰ ਹੈ)। (ਹੁਣ ਛੀਵੀਂ ਤੇ ਸੱਤਵੀਂ ਤੁਕ ਵਿਖੇ ਦਾਰਸ਼ਟਾਂਤ ਦੱਸਦੇ ਹਨ:)।

ਸਾਧਸੰਗਤਿ ਗੁਰ ਸਬਦੁ ਸੁਣਿ ਗਣਤੀ ਵਿਚਿ ਭਵੈ ਭਰਨਾਲੇ ।

(ਮਨਮੁਖ) ਸਾਧ ਸੰਗਤ ਵਿਖੇ ਗੁਰੂ ਦੇ ਸ਼ਬਦ ਨੂੰ ਤਾਂ ਸੁਣਦੇ ਹਨ (ਪਰੰਤੂ ਗ੍ਰਿਹਸਤ ਦੀਆਂ ਗਿਣਤੀਆਂ ਦੇ) ਭਾਰ ਨਾਲ ਭਰੇ ਹੋਏ ਪਏ ਭੌਂਦੇ ਹਨ, (ਜਾਂ ਸੰਸਾਰ ਸਮੁੰਦਰ ਵਿਚ ਗੋਤੇ ਖਾਂਦੇ ਹਨ)।

ਕਪਟ ਸਨੇਹ ਖੇਹ ਮੁਹਿ ਕਾਲੇ ।੧੮।

ਝੂਠੇ ਪ੍ਰੇਮ (ਹੋਣ ਕਰ ਕੇ ਉਨ੍ਹਾਂ ਦੇ) ਮੂੰਹ ਵਿਖੇ (ਇਥੇ ਪਾਪਾਂ ਦੀ) ਮਿੱਟੀ ਪੈਂਦੀ ਹੈ (ਤੇ ਅੱਗੇ ਜਮਪੁਰੀ ਵਿਖੇ) ਮੂੰਹ ਕਾਲੇ (ਜਾਂਦੇ) ਹਨ।

ਪਉੜੀ ੧੯

ਵਣ ਵਿਚਿ ਫਲੈ ਵਣਾਸਪਤਿ ਬਹੁ ਰਸੁ ਗੰਧ ਸੁਗੰਧ ਸੁਹੰਦੇ ।

ਬਨ ਵਿਖੇ ਬਨਸਪਤੀ (ਬ੍ਰਿੱਛ ਬੂਟੇ) ਫਲਦੀ ਹੈ, ਬਹੁਤੇ (ਬ੍ਰਿੱਛ) ਰਸਾਂ ਵਾਲੇ ਅਰ ਸੁਗੰਧੀਆਂ ਵਾਲੇ ਸ਼ੋਭਦੇ ਹਨ (ਅਗੇ ਨਾਮ ਦੱਸਦੇ ਹਨ)।

ਅੰਬ ਸਦਾ ਫਲ ਸੋਹਣੇ ਆੜੂ ਸੇਵ ਅਨਾਰ ਫਲੰਦੇ ।

ਅੰਬਾਂ ਨਾਲ ਸਦਾ ਸੋਹਣੇ ਫਲ ਲੱਗਦੇ ਹਨ, ਆੜੂ, ਸੇਵ ਅਰ ਅਨਾਰਾਂ ਦੇ (ਬ੍ਰਿੱਛ) ਫਲਦੇ ਹਨ।

ਦਾਖ ਬਿਜਉਰੀ ਜਾਮਣੂ ਖਿਰਣੀ ਤੂਤ ਖਜੂਰਿ ਅਨੰਦੇ ।

ਬਿਜੌਰ ਦੇਸ਼ ਦੀ ਦਾਖ, ਜਾਮਣੂ, ਖਿਰਣੀ, ਸੇਬ, ਤੂਤ, ਖਜੂਰਾਂ ਅਨੰਦ ਦਾਇਕ ਹਨ।

ਪੀਲੂ ਪੇਝੂ ਬੇਰ ਬਹੁ ਕੇਲੇ ਤੇ ਅਖਨੋਟ ਬਣੰਦੇ ।

ਪੀਲੂੰ, ਪੇਂਝੂ, ਬੇਰ, ਬਾਹਲੇ ਕੇਲੇ ਤੇ ਅਖਰੋਟ ਲਗਦੇ ਹਨ।

ਮੂਲਿ ਨ ਭਾਵਨਿ ਅਕਟਿਡਿ ਅੰਮ੍ਰਿਤ ਫਲ ਤਜਿ ਅਕਿ ਵਸੰਦੇ ।

ਅੱਕ ਦੇ ਟਿਡਿਆਂ ਨੂੰ (ਇਹ) ਮੂਲੋਂ ਚੰਗੇ ਨਹੀਂ ਲਗਦੇ, (ਓਹ) ਅੰਮ੍ਰਿਤ ਫਲਾਂ ਨੂੰ ਛੱਡਕੇ ਅੱਕਾਂ ਦੇ ਬੂਟਿਆਂ ਤੇ ਰਹਿੰਦੇ ਹਨ।

ਜੇ ਥਣ ਜੋਕ ਲਵਾਈਐ ਦੁਧੁ ਨ ਪੀਐ ਲੋਹੂ ਗੰਦੇ ।

ਜਿਕੁਰ ਗਊ ਦੇ ਥਣਾਂ ਪੁਰ ਜੋਕ ਲਗ ਜਾਵੇ ਤਾਂ ਉਹ ਦੁਧ ਨੂੰ ਛੱਡਕੇ ਗੰਦੇ ਲਹੂ ਦਾ ਹੀ ਪਾਨ ਕਰਦੀ ਹੈ।

ਸਾਧਸੰਗਤਿ ਗੁਰੁ ਸਬਦੁ ਸੁਣਿ ਗਣਤੀ ਅੰਦਰਿ ਝਾਖ ਝਖੰਦੇ ।

(ਤਿਵੇਂ ਮਨਮੁਖ ਲੋਕ) ਸੰਤਾਂ ਦੀ ਸੰਗਤ ਵਿਚ ਜਾਕੇ ਗੁਰੂ ਦੇ ਸ਼ਬਦ ਨੂੰ ਸੁਣਕੇ (ਬੀ) ਗਿਣਤੀਆਂ ਵਿਚ (ਰਹਿੰਦੇ ਤੇ ਵਿਸ਼ਯਾ ਦੀ) ਤੱਕ ਵਿਚ ਹੀ ਝਖਾਂ ਮਾਰਦੇ ਹਨ।

ਕਪਟ ਸਨੇਹਿ ਨ ਥੇਹਿ ਜੁੜੰਦੇ ।੧੯।

(ਤਾਂਤੇ) 'ਕਪਟ ਸਨੇਹੀ' ਕਿਸੇ ਟਿਕਾਣੇ ਨੂੰ ਨਹੀਂ ਪਹੁੰਚ ਸਕਦੇ।

ਪਉੜੀ ੨੦

ਡਡੂ ਬਗਲੇ ਸੰਖ ਲਖ ਅਕ ਜਵਾਹੇ ਬਿਸੀਅਰਿ ਕਾਲੇ ।

ਡੱਡੂ, ਬਗਲੇ, ਲਖਾਂ ਸੰਖ, ਅਕਾਂ ਦੇ ਬੂਟੇ ਜਵਾਹੇਂ, ਕਾਲੇ ਸਰਪ।

ਸਿੰਬਲ ਘੁੱਘੂ ਚਕਵੀਆਂ ਕੜਛ ਹਸਤਿ ਲਖ ਸੰਢੀ ਨਾਲੇ ।

ਸਿੰਮਲ ਦੇ ਬ੍ਰਿਛ, ਉੱਲੂ, ਚਕਵੀਆਂ, ਕੜਛੀਆਂ, ਲੱਖਾਂ ਹਾਥੀ ਸੰਢ ਇਸਤਰੀਆਂ।

ਪਥਰ ਕਾਂਵ ਰੋਗੀ ਘਣੇ ਗਦਹੁ ਕਾਲੇ ਕੰਬਲ ਭਾਲੇ ।

ਪੱਥਰ, ਕਾਂ, ਬਹੁਤੇ ਰੋਗੀ, ਖੋਤੇ, ਕਾਲੇ ਭੂਰੇ, ਤੇ ਰਿੱਛ;

ਕੈਹੈ ਤਿਲ ਬੂਆੜਿ ਲਖ ਅਕਤਿਡ ਅਰੰਡ ਤੁਮੇ ਚਿਤਰਾਲੇ ।

ਕੈਂਹਾਂ, ਬੂਆੜ ਨਾਮ ਲੱਖਾਂ ਤਿਲ, ਅੱਕਾਂ ਦੇ ਟਿੱਡੇ, ਅਰਿੰਡ ਬ੍ਰਿਛ, ਤੁੰਮੇ ਚਿੱਤ੍ਰ ਮਿੱਤ੍ਰੇ,

ਕਲੀ ਕਨੇਰ ਵਖਾਣੀਐ ਸਭ ਅਵਗੁਣ ਮੈ ਤਨਿ ਭੀਹਾਲੇ ।

ਅਤੇ ਕਨੇਰ ਦੀ ਕਲੀ ਕਹੀਦੀ ਹੈ (ਉਹਨਾਂ) ਸਾਰਿਆਂ ਦੇ ਭਿਆਨਕ ਔਗੁਣ ਮੇਰੇ ਸਰੀਰ ਵਿਚ ਹਨ।

ਸਾਧਸੰਗਤਿ ਗੁਰ ਸਬਦੁ ਸੁਣਿ ਗੁਰ ਉਪਦੇਸੁ ਨ ਰਿਦੇ ਸਮਾਲੇ ।

(ਕਿਉਂਕਿ ਮੈਂ) ਸਾਧ ਸੰਗਤ ਵਿਚ ਗੁਰੂ ਦਾ ਸ਼ਬਦ ਸੁਣਕੇ ਗੁਰੂ ਦੇ ਉਪਦੇਸ਼ ਰਿਦੇ ਵਿਚ ਨਹੀਂ ਸੰਮ੍ਹਾਲੇ।

ਧ੍ਰਿਗੁ ਜੀਵਣੁ ਬੇਮੁਖ ਬੇਤਾਲੇ ।੨੦।

(ਐਸੇ) ਬੇਮੁਖਾਂ ਬੇਤਾਲਿਆਂ ਦਾ ਜੀਉਣਾ ਧ੍ਰਿਗ ਹੈ।

ਪਉੜੀ ੨੧

ਲਖ ਨਿੰਦਕ ਲਖ ਬੇਮੁਖਾਂ ਦੂਤ ਦੁਸਟ ਲਖ ਲੂਣ ਹਰਾਮੀ ।

ਲਖਾਂ ਨਿੰਦਕਾਂ, ਲਖਾਂ ਬੇਮੁਖ, ਲਖਾਂ ਦੂਤ, ਲਖਾਂ ਦੁਸ਼ਟ, ਲਖਾਂ ਲੂਣ ਹਰਾਮੀ ਲੋਕ।

ਸ੍ਵਾਮਿ ਧੋਹੀ ਅਕਿਰਤਘਣਿ ਚੋਰ ਜਾਰ ਲਖ ਲਖ ਪਹਿਨਾਮੀ ।

ਸ੍ਵਾਮੀ ਨਾਲ ਧ੍ਰੋਹ ਕਰਨ ਵਾਲੇ, ਅਕ੍ਰਿਤਘਣ, ਚੋਰ, ਯਰ, ਲਖਾਂ ਪਹਿਨਾਮੀਆਂ ਕਰਨ ਵਾਲੇ।

ਬਾਮ੍ਹਣ ਗਾਈਂ ਵੰਸ ਘਾਤ ਲਾਇਤਬਾਰ ਹਜਾਰ ਅਸਾਮੀ ।

ਸੰਤ, ਗਊ ਤੇ ਕੁਲ ਦੇ ਘਾਤਕ, ਬੇਇਤਬਾਰੇ, ਹਜ਼ਾਰਾਂ ਐਬੀ ਲੋਕ,

ਕੂੜਿਆਰ ਗੁਰੁ ਗੋਪ ਲਖ ਗੁਨਹਗਾਰ ਲਖ ਲਖ ਬਦਨਾਮੀ ।

ਝੂਠੇ ਲੋਕ, ਗੁਰਨਿੰਦਕ, ਲੱਖਾਂ ਐਬਾਂ ਦੇ ਕਰਨਹਾਰੇ, ਲੱਖਾਂ ਬਦਨਾਮੀਆਂ ਦੇ ਉਠਾਉਣ ਵਾਲੇ।

ਅਪਰਾਧੀ ਬਹੁ ਪਤਿਤ ਲਖ ਅਵਗੁਣਿਆਰ ਖੁਆਰ ਖੁਨਾਮੀ ।

ਕਈ ਅਪਰਾਧੀ, ਲਖਾਂ ਪਾਪੀ, ਅਵਗੁਣਹਾਰੇ, 'ਖੁਆਰ' ਤੇ 'ਖੁਨਾਮੀ' ਦੂਸ਼ਨਾਂ ਦੇ ਧਾਰਨ ਵਾਲੇ।

ਲਖ ਲਿਬਾਸੀ ਦਗਾਬਾਜ ਲਖ ਸੈਤਾਨ ਸਲਾਮਿ ਸਲਾਮੀ ।

ਲੱਖਾਂ ਭੇਖੀ ਲੋਕ, ਛਲੀਏ, ਲੱਖਾਂ ਸ਼ੈਤਾਨੀਆਂ ਨਾਲ ਸਲਾਮਾ ਲੇਕਮ ਰਖਣ ਵਾਲੇ (ਗਲ ਕੀ ਉਕਤ ਐਬੀਆਂ ਦੇ ਜਿੰਨੇ ਐਬ ਗਿਣੇ ਹਨ ਉਹ ਮੇਰੇ ਵਿਚ ਹਨ। ਕਾਰਨ ਸੱਤਵੀਂ ਤੁਕ ਵਿਖੇ ਦੱਸਕੇ ਅੱਠਵੀਂ ਭੋਗ ਦੀ ਤੁਕ ਵਿਖੇ ਪ੍ਰਾਰਥਨਾ ਕਰਦੇ ਹਨ)।

ਤੂੰ ਵੇਖਹਿ ਹਉ ਮੁਕਰਾ ਹਉ ਕਪਟੀ ਤੂੰ ਅੰਤਰਿਜਾਮੀ ।

(ਹੇ ਵਾਹਿਗੁਰੂ ਤੂੰ ਹਾਜ਼ਰਾ ਹਜ਼ੂਰ ਦੇਖਦਾ ਹੈਂ ਪਰ ਮੈਂ ਮੁਕਰਦਾ ਹਾਂ (ਕਿ ਮੈਂ ਇਹ ਪਾਪ ਨਹੀਂ ਕੀਤਾ, ਇਸ ਲਈ) ਮੈਂ ਕਪਟੀ ਹਾਂ ਅਪ ਤੂੰ ਅੰਤਰਜਾਮੀ ਹੈਂ।

ਪਤਿਤ ਉਧਾਰਣੁ ਬਿਰਦੁ ਸੁਆਮੀ ।੨੧।੧੭। ਸਤਾਰਾਂ ।

ਹੇ ਸੁਆਮੀ! ਤੇਰਾ ਬਿਰਦ ਪਤਿਤੋਧਾਰਣ ਹੈ (ਅਰਥਾਤ “ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦ ਸੁਆਮੀ ਸੰਦਾ॥” ਇਸ ਕਰ ਕੇ ਸਾਡੇ ਬਚਾਉ ਦੀ ਇਹੋ ਹੀ ਸੂਰਤ ਹੈ ਕਿ ਆਪ ਆਪਣੇ ਬਿਰਦ ਦੀ ਲਾਜ ਜਾਣ ਕੇ ਬਖਸ਼ ਲਓ)।


Flag Counter