ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪੂਰੇ ਸਤਿਗੁਰੂ (ਗੁਰੂ ਨਾਨਕ ਜੀ ਨੂੰ) ਜਾਣੀਏ, (ਉਸ) ਪੂਰੇ ਗੁਰੂ ਨੇ ਪੂਰਾ ਬਣਾਉ ਬਣਾਇਆ ਹੈ।
ਪੂਰੇ ਗੁਰੂ ਨੇ ਪੂਰਾ ਸਾਧ ਸੰਗ ਬਨਾਯਾ, ਉਸੇ ਪੂਰੇ ਨੇ ਪੂਰਾ ਮੰਤ੍ਰ੍ਰ ਵਾਹਿਗੁਰੂ ਦ੍ਰਿੜ ਕਰਾਇਆ ਹੈ।
ਪੂਰੇ ਨੇ ਪੂਰਾ ਪ੍ਰੇਮ ਦਾ ਰਸ, ਅਤੇ ਪੂਰਾ ਗੁਰਮੁਖ ਪੰਥ ਚਲਾਇਆ।
ਪੂਰੇ ਦਾ ਪੂਰਾ ਦਰਸ਼ਨ (=ਮਤ ਹੈ, ਤੇ) ਪੂਰੇ ਨੇ ਪੂਰਾ ਸਬਦ ਸੁਣਾਇਆ ਹੈ।
ਪੂਰੇ ਨੇ ਪੂਰਾ ਸਿੰਘਾਸਣ ਰਚਿਆ ਤੇ ਪੂਰੇ ਨੇ ਪੂਰਾ ਤਖਤ ਰਚਾਇਆ ਹੈ।
ਉਸ ਪੂਰੇ ਦਾ ਸਾਧ ਸੰਗਤ ਸੱਚਖੰਡ ਹੈ, ਉਹ ਪੂਰਾ ਭਗਤ ਵਛਲ ਹੋਣ ਕਰ ਕੇ ਭਗਤਾਂ ਦੇ ਵੱਸ ਆਇਆ ਹੈ।
ਇਸੇ ਪ੍ਰੇਮ ਕਰ ਕੇ ਗੁਰੂ ਨੇ ਸਾਧ ਸੰਗਤ ਵਿੱਚ ਸੱਚਾ ਨਾਮ, ਸੱਚਾ ਗਿਆਨ, ਸੱਚਾ ਧਿਆਨ ਸਿੱਖਾਂ ਨੂੰ ਸਮਝਾਇਆ ਹੈ।
ਗੁਰੂ ਨੇ ਚੇਲੇ ਨੂੰ ਪ੍ਰੇਮ ਵਿਚ ਲਗਾਇਆ।
(ਗੁਰੂ ਨਾਨਕ ਜੀ) ਕਰਣ ਕਾਰਣ ਸਮਰੱਥ ਸਨ (ਪਰੰਤੂ ਜੋ) ਸਾਧ ਸੰਗਤ ਕਰਾਇਆ (ਚਾਹੇ ਸੋ) ਕਰਦੇ ਹਨ।
(ਆਪ ਦੇ ਘਰ ਤਾਂ) ਭੰਡਾਰੇ ਭਰੇ ਹੋਏ ਹਨ (ਤੇ ਆਪ ਬੜੇ) ਦਾਤਾਰ ਹਨ ਪਰ ਸਾਧ ਸੰਗਤ ਜਿਸ ਨੂੰ ਦਿਵਾਇਆ ਚਾਹੇ ਦਿੰਦੇ ਹਨ (ਭਾਵ ਭਗਤਾਂ ਦੇ ਅਧੀਨ ਹਨ)।
ਪਾਰਬ੍ਰਹਮ ਗੁਰੂ ਰੂਪ ਧਾਰਕੇ ਸਾਧ ਸੰਗਤ ਵਿਖੇ ਗੁਰਾਂ ਦੇ ਸਬਦ ਵਿਚ ਸਮਾਇਆ ਹੋਇਆ ਹੈ (ਭਾਵ ਸ਼ਬਦ ਦ੍ਵਾਰੇ ਪ੍ਰਾਪਤ ਹੋ ਜਾਂਦਾ ਹੈ। ਅੱਗੇ ਹੋਰ ਸਾਧਨਾਂ ਦਾ ਨਿਖੇਧ ਦੱਸਦੇ ਹਨ)।
ਯੱਗ ਭੋਗ (ਯੋਗ=) ਪ੍ਰਾਣਾਯਾਮ ਧਿਆਨ ਪੂਜਾ (ਆਦਿ ਸਾਧਨਾਂ) ਕਰ ਕੇ ਦਰਸ਼ਨ ਨਹੀਂ ਪਾਇਆ ਜਾਂਦਾ।
ਸਾਧ ਸੰਗਤ (ਦੇ ਸਤਿਸੰਗੀ ਲੋਕ) ਪਿਤਾ (ਗੁਰੂ ਨਾਨਕ ਜੀ ਦੇ) ਪੁੱਤ੍ਰ ਹੋਕੇ ਦਿੱਤਾ ਖਾਂਦੇ ਤੇ (ਕੱਪੜੇ) ਪਹਿਨਾਏ ਹੋਏ ਪਹਿਨਦੇ ਹਨ। (ਅੱਗੇ ਗੁਰੂ ਅੰਗਦ ਜੀ ਦਾ ਵਰਣਨ ਦਸਦੇ ਹਨ):-
ਜਦ ਗੁਰੂ ਨਾਨਕ ਜੀ ਦੇਸ਼ ਯਾਤ੍ਰ੍ਰਾ ਦੇ ਪਿਛੋਂ ਘਰਬਾਰੀ ਘਰ ਵਿਖੇ ਗ੍ਰਿਹਸਤ ਮਾਰਗ ਵਿਚ ਉਪਦੇਸ਼ ਕਰਨ ਲੱਗੇ ਤਦ ਘਰਬਾਰੀ ਸਿੱਖ ਨੂੰ (ਆਪਣੇ) ਪੈਰੀਂ ਲਾਇਆ (ਭਾਵ ਗੁਰੂ ਅੰਗਦ ਨੂੰ ਆਪਣਾ ਸਰੂਪ ਥਾਪਿਆ)।
ਮਾਇਆ ਵਿਚ ਬੀ ਉਦਾਸੀਨ ਅਵਸਥਾ ਰਖੀ।
ਝਲਾਂਘੇ ਉੱਠਕੇ ਨਦੀ (ਜਾਂ ਸਰੋਵਰ ਜਾਂ ਖੂਹ ਆਦਿਕ ਦੇ ਜਲ) ਵਿਚ ਸ਼ਨਾਨ ਕਰਦੇ ਹਨ।
ਡੂੰਘੀ ਸ਼ਾਂਤ ਰੂਪ ਸਮਾਧੀ ਵਿਖੇ ਇਕ ਮਨ ਹੋਕੇ ਗੁਰੂ ਦਾ ਮੰਤ੍ਰ੍ਰ ਜਪਦੇ ਹਨ।
ਸੁਰਖ਼ੋਈ ਦਾ ਟਿੱਕਾ ਮੱਥੇ ਲਾਕੇ ਸਤਿਸੰਗ ਵਿਖੇ ਜਾਕੇ ਬੈਠਦੇ ਹਨ।
ਸ਼ਬਦ ਦੀ ਗ੍ਯਾਤ ਦੀ ਲਿਵ ਵਿਖੇ ਮਗਨ ਹੋਕੇ ਸਤਿਗੁਰ ਦੀ ਬਾਣੀ ਗਾਉਂਦੇ ਹਨ।
ਪ੍ਰੇਮਾ ਭਗਤੀ ਅਰ ਈਸ਼ਵਰ ਦੇ ਭੈ ਵਿਖੇ ਵਰਤਦੇ ਹਨ, ਗੁਰੂ ਕੀ ਸੇਵਾ ਤੇ ਗੁਰਪੁਰਬ ਕਰਦੇ ਹਨ।
ਸੰਧ੍ਯਾ ਵੇਲੇ ਸੋਦਰ (ਦਾ ਪਾਠ) ਗਾਉਂਦੇ ਮਨਮੇਲੀਆਂ ਨਾਲ ਮੇਲ ਰਖਦੇ ਹਨ (ਭਾਵ ਕੁਸੰਗੀਆਂ ਮਨਮਤੀਆਂ ਨਾਲ ਨਹੀਂ ਮਿਲਦੇ)।
ਸੌਣ ਵੇਲੇ ਕੀਰਤਨ ਸੋਹਿਲਾ ਪੜ੍ਹਦੇ ਹਨ ਅਰ ਆਰਤੀ ਕਰ ਕੇ ਪ੍ਰਸ਼ਾਦ ਵੰਡਦੇ ਹਨ।
ਗੁਰਮੁਖ ਲੋਕ (ਇਸ ਸ਼ੁਭ ਕ੍ਰਿਯਾ ਤੋਂ) ਸੁਖ ਰੂਪੀ ਪ੍ਰੇਮ ਦਾ ਫਲ ਚੱਖਦੇ ਹਨ।
ਅਕਾਲ ਪੁਰਖ ਨੇ ਇਕ ਵਾਰ ਥੋਂ ਸਰੂਪ ਬਣਾ ਕੇ ਪਸਾਰਾ ਪਸਾਰਿਆ ਹੈ।
ਪੌਣ, ਪਾਣੀ, ਅਗਨੀ, ਧਰਤੀ ਤੇ ਆਕਾਸ਼ ਨੂੰ ਨਿਰਾਧਾਰ (ਕੇਵਲ ਆਪਣੇ ਹੁਕਮ ਆਸਰੇ ਵਿਚ) ਰੱਖਿਆ।
ਇਕ ਇਕ ਰੋਮ ਵਿਚ ਕ੍ਰੋੜਾਂ ਹੀ ਬ੍ਰਹਮੰਡ ਸਰੂਪ ਰੱਖੇ ਹਨ।
ਆਪ ਪਾਰਬ੍ਰਹਮ ਪੂਰਨ ਬ੍ਰਹਮ ਹੈ, ਅਗਮ (ਮਨ ਬਾਣੀ ਆਦਿ) ਇੰਦ੍ਰ੍ਰੀਆਂ ਦਾ ਵਿਖ੍ਯ ਨਹੀਂ ਹੈ, ਅਲੱਖ ਹੈ ਤੇ ਪਾਰ ਤੋਂ ਰਹਿਤ ਹੈ।
(ਜਿਨ੍ਹਾਂ ਨੇ) ਪ੍ਰੇਮ ਦਾ ਪਿਆਲਾ (ਪੀਤਾ ਹੈ) ਭਗਤ ਵਛਲ (ਉਨ੍ਹਾਂ ਦੇ) ਵੱਸ ਹੋ ਜਾਂਦਾ ਹੈ (ਤੇ ਸ੍ਰਿਸ਼ਟੀ ਨੂੰ ਰਚਨਹਾਰ ਬਣਦਾ ਹੈ।
(ਜਦ) ਅਤਿ ਸੂਖਮ ਬੀਉ ਨੂੰ (ਲੋਕ) ਬੀਜਦੇ ਹਨ, ਉਸ ਥੋਂ ਕਈ ਬੋਹੜ ਦੇ ਬ੍ਰਿੱਛਾਂ ਦਾ ਵਿਸਥਾਰ ਹੋ ਜਾਂਦਾ ਹੈ।
ਫਲ ਵਿਖੇ ਬੀਉ ਸਮਾਕੇ ਇਕ ਬੀਓਂ ਲੱਖਾਂ ਹਜ਼ਾਰਾਂ (ਬਣ ਜਾਂਦੇ ਹਨ)। (ਭਾਵ, ਜਗਤ ਦਾ ਆਦਿ ਇਕ ਵਾਹਿਗੁਰੂ ਹੀ ਜਾਣਦਾ ਹੈ। ਯਥਾ:-”ਥਿਤਿ ਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨ ਕੋਈ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ”॥ ਇਸ ਗੱਲ ਨੂੰ ਗੁਰਮੁਖ ਜਾਣਦੇ ਹਨ ਸੋ ਅੱਗੇ ਦੱਸਦੇ ਹਨ)।
ਜਿਨ੍ਹਾਂ ਗੁਰਮੁਖ ਗੁਰ ਸਿੱਖਾਂ ਨੇ ਸਤਿਗੁਰੂ ਪਿਆਰਾ (ਜਾਤਾ ਉਨ੍ਹਾਂ ਨੇ ਪਿਆਰੇ ਦੇ) ਪ੍ਰੇਮ ਰਸ ਦਾ ਸੁਖ ਫਲ ਪਾਇਆ ਹੈ।
(੯) (ਉਨ੍ਹਾਂ ਗੁਰਮੁਖਾਂ ਦੇ) ਸਤਿਸੰਗ ਰੂਪੀ ਸਚਖੰਡ ਵਿਚ ਨਿਰੰਕਾਰ ਤੇ ਸਤਿਗੁਰ ਪੁਰਖ ਵਸਦੇ ਹਨ।
(੧੦) ਪ੍ਰੇਮਾ ਭਗਤੀ ਕਰ ਕੇ ਗੁਰਮੁਖਾਂ ਦਾ ਨਿਸਤਾਰਾ ਹੋ ਜਾਂਦਾ ਹੈ।
(ਜੇਹੜਾ) 'ਵਾਹਿਗੁਰੂ ਦਾ ਗੁਰਾਂ ਨੇ ਸ਼ਬਦ ਸੁਣਾਇਆ ਹੈ ਉਹ ਗੁਰ ਸ਼ਬਦ ਦਾ ਪੌਣ ਹੀ ਗੁਰੂ ਹੈ (ਇਸ ਕਰ ਕੇ ਗੁਰੂ ਨਾਨਕ ਜੀ ਨੇ ਪੌਣ ਨੂੰ ਗੁਰੂ ਪਦਵੀ ਦਿੱਤੀ ਹੈ)।
(ਜਿਕੁਰ) ਪਾਣੀ (ਲੋਕਾਂ ਨੂੰ) ਪਵਿੱਤ੍ਰ੍ਰ ਕਰਦਾ ਹੈ (ਅਤੇ ਆਪ) ਨਿਵਾਣ ਨੂੰ ਜਾਂਦਾ ਹੈ (ਤਿਹਾ ਹੀ) ਗੁਰਮੁਖਾਂ ਨੇ ਆਪਣਾ ਪੰਥ (ਤੋਰਿਆ ਹੈ, ਇਸੇ ਕਰ ਕੇ ਕਿ) ਪਾਣੀ (ਸਭ ਦਾ) ਪਿਤਾ ਹੈ।
ਧਰਤੀ ਅਤੇ ਮਾਤਾ ਦਾ ਵੱਡਾ ਕਰ ਕੇ ਤਾਣੇ ਪੇਟੇ ਦਾ ਸੰਜੋਗ ਬਣਾਇਆ ਹੈ (ਭਾਵ ਜਿੱਕੁਰ ਧਰਤੀ ਵਿਖੇ ਸਹਿਨਸ਼ੀਲਤਾ ਹੈ ਤਿੱਕੁਰ ਹੀ ਮਾਤਾ ਵਿਖੇ ਹੈ, ਇਸੇ ਕਰ ਕੇ ਗੁਰੂ ਜੀ ਨੇ ਧਰਤੀ ਮਾਤਾ ਲਿਖੀ ਹੈ)।
ਰਾਤ ਦਾਈ ਹੈ ਤੇ ਦਿਨ ਦਾਇਆ ਹੈ, ਜਗਤ ਨੂੰ (ਜਿਸਦਾ) ਸੁਭਾਉ ਬਾਲਕਾਂ ਵਾਲਾ ਹੈ, ਖਿਲਾਉਂਦੇ ਹਨ। (ਰਾਤ ਸੁਆਂਦੀ ਤੇ ਦਿਨ ਸੰਸਾਰਕ ਖੇਡਾਂ ਵਿਚ ਪਰਚਾਉਂਦਾ ਹੈ, ਇਸੇ ਕਰ ਕੇ ਰਾਤ ਦਿਨ ਦਾਈ ਦਾਇਆ ਹਨ)।
ਗੁਰਮੁਖਾਂ ਦਾ ਜਨਮ ਸਫਲ ਹੈ (ਕਿਉਂ ਜੋ) ਸਾਧ ਸੰਗਤ ਵਿਚ ਨਿਵਾਸ ਕਰ ਕੇ (ਉਨ੍ਹਾਂ ਨੇ) ਦੇਹਾਭਿਮਾਨ ਨੂੰ ਛੱਡ ਦਿੱਤਾ ਹੈ।
ਤਦੇ ਹੀ ਜਨਮ ਮਰਨ ਤੋਂ ਰਹਿਤ ਹੋਕ ਜੀਵਨ ਮੁਕਤ ਦੀ ਜੁਗਤ ਵਿਚ ਵਰਤਦੇ ਹਨ।
(ਗੁਰਮੁਖਾਂ ਦੀ) ਮਾਤਾ ਗੁਰੂ ਸਿੱਖ੍ਯਾ ਹੈ ਤੇ ਪਿਤਾ (ਉਨ੍ਹਾਂ ਦਾ) ਸੰਤੋਖ ਹੈ (ਜਿਸ ਤੋਂ) ਮੋਖ ਪਦਵੀ ਪਾਉਂਦੇ ਹਨ।
ਧੀਰਜ ਅਤੇ ਧਰਮ ਦੋਵੇਂ ਭ੍ਰ੍ਰਾਤਾ ਹਨ, ਜਪ ਤਪ ਜਤ ਸਤ (ਆਦੀ ਗੁਣ) ਪੁੱਤ੍ਰ੍ਰ ਦੱਸੇ ਜਾਂਦੇ ਹਨ।
(੯) ਗੁਰੂ ਚੇਲਾ ਤੇ ਚੇਲਾ ਗੁਰੂ ਪੂਰਣ ਪੁਰਖ ਦਾ ਚਲਿੱਤ੍ਰ੍ਰ ਵਰਤਾਇਆ।
(੧੦) ਗੁਰਮੁਖਾਂ ਨੇ ਅਲਖ ਸੁਖ ਫਲ ਲਖਕੇ ਹੋਰਨਾਂ ਨੂੰ ਲਖਾਇਆ ਹੈ।
ਓਪਰੇ ਘਰ ਵਿਚ ਜਾਕੇ ਪਰਾਹੁਣਾ (ਜਿੱਕੁਰ) ਆਸਾ ਵਿਚ ਨਿਰਾਸ ਹੋਕੇ (ਸਮਾਂ) ਬਿਤੀਤ ਕਰਦਾ ਹੈ।
ਜਿਵੇਂ ਪਾਣੀ ਵਿਚ ਕਵਲ ਰਹਿਕੇ ਸੂਰਜ ਵੱਲ ਧਿਆਨ ਰਖਦਾ ਹੈ (ਤੇ ਜਲ ਥੋਂ) ਅਲੇਪ ਰਹਿੰਦਾ ਹੈ।
(ਤਿੱਕੁਰ) ਸਾਧ ਸੰਗਤ ਵਿਚ 'ਗੁਰੂ' 'ਚੇਲੇ' ਦੀ (ਸੰਧਿ=) ਮਿਲੌਨੀ ਸਬਦ ਸੁਰਤ ਨਾਲ ਹੁੰਦੀ ਹੈ (ਅਰਥਾਤ ਕਵਲ ਸੂਰਜ ਵਾਂਙ)।
ਚਾਰ ਵਰਣ ਗੁਰੂ ਦੇ ਸਿੱਖ ਹੋਕੇ ਸਾਧ ਸੰਗਤ ਸਚਖੰਡ ਵਿਖੇ ਵਸਦੇ ਹਨ।
(ਕੱਥ, ਸੁਪਾਰੀ, ਚੂਨਾ, ਪਾਨ ਦੇ ਤੰਬੋਲ=) ਬੀੜੇ ਨੂੰ (ਜਿਵੇਂ) ਜਦ (ਲੋਕ) ਚੱਬਕੇ ਖਾਂਦੇ ਹਨ (ਤਾਂ ਲਾਲ) ਰੰਗ ਚੜ੍ਹਦਾ ਹੈ, (ਤਦੋਂ ਚਾਰੇ) ਆਪਾ ਭਾਵ ਨੂੰ ਗਵਾ ਦਿੰਦੇ ਹਨ (ਕੇਵਲ ਲਾਲ ਰੰਗ ਹੀ ਦਿਸਦਾ ਹੈ)।
ਛੇ ਦਰਸ਼ਨ (ਅਤੇ ਜੋਗੀਆਂ ਦੇ) ਬਾਰਾਂ ਪੰਥ (ਆਪੋ ਆਪਣੇ ਮਤਾਂ ਦੇ) ਗ੍ਰੰਥਾਂ ਨੂੰ ਸੁਣਾ ਕੇ ਤਰਸਦੇ ਖੜੇ ਹਨ (ਪਰੰਤੂ ਇਸ ਪਦਵੀ ਨੂੰ ਅਹੰਕਾਰ ਦੇ ਕਾਰਣ ਪ੍ਰਾਪਤ ਨਹੀਂ ਹੁੰਦੇ)।
ਛੀ ਰੁੱਤਾਂ (ਅਰਥਾਤ ਬਸੰਤ, ਗ੍ਰੀਖਮ, ਸਰਦ, ਹੇਮੰਤ, ਸਿਸਰ) ਦੇ ਬਾਰਾਂ ਮਹੀਨਿਆਂ ਦੇ ਇਕ ਸੂਰਜ ਤੇ ਇਕ ਚੰਦ ਦੱਸਦੇ ਹਨ (ਭਾਵ, ਇਹ ਨਹੀਂ ਜਾਣਦੇ ਕਿ ਸੂਰਜ ਇਕ ਹੈ ਤੇ ਰੁੱਤਾਂ ਵਿਖੇ ਭੇਦ ਹੈ)।
(ਪਰੰਤੂ ਗੁਰਮੁਖਾਂ ਨੇ) ਬਾਰਾਂ ਸੂਰਜ ਦੀਆਂ ਅਤੇ ਸੋਲਾਂ (ਕਲਾ) ਚੰਦ੍ਰ੍ਰਮਾਂ ਦੀਆਂ ਮੇਲ ਕੇ ਚੰਦ੍ਰ੍ਰਮਾਂ ਵਿਚ ਸੂਰਜ ਮਿਲਾਇਆ ਹੈ (ਭਾਵ ਸਤੋ ਵਿਚ ਤਮੋ ਦਾ ਅਭਾਵ ਕੀਤਾ ਹੈ। ਅੱਗੇ ਤ੍ਰਿਗੁਣਾਤੀਤ ਦੱਸਦੇ ਹਨ:)
(੯) (ਪਰ) ਗੁਰਮੁਖ ਸਤੋਗੁਣ ਤ ਤਮੋਗੁਣ ਥੋਂ ਲੰਘਕੇ ਇਕ ਮਨ ਹੋਕੇ ਇਕ (ਪਰਮਾਤਮਾ ਦਾ ਹੀ) ਧਿਆਨ ਕਰਦੇ ਹਨ।
(੧੦) (ਆਪ ਸਭ ਦੀ ਪੈਰੀ) ਪਏ (ਕਰਦੇ) ਹਨ ਅਤੇ ਜਗਤ (ਉਨ੍ਹਾਂ ਦੀ) ਪੈਰੀਂ ਡਿਗਦਾ ਹੈ।
(ਗੁਰ ਸਿੱਖ) ਗੁਰੂ ਦੇ ਉਪਦੇਸ਼ ਵਿਚ ਘਰ ਕਰ ਕੇ ਪੈਰੀਂ ਪੈਣ ਦੀ ਰਹੁਰੀਤ ਕਰਦੇ ਹਨ।
ਚਰਨਾਂ ਦੀ ਸ਼ਰਨ ਮੱਥੇ ਪੁਰ ਰਖਦੇ ਤੇ ਚਰਨ ਧੂੜ ਦਾ ਮੁਖ ਪੁਰ ਤਿਲਕ ਸੁਭਾਇਮਾਨ ਕਰਦੇ ਹਨ।
ਕਰਮਾਂ ਤੇ ਭਰਮਾਂ ਦਾ ਲੇਖ ਮੇਟ ਦਿੱਤਾ ਹੈ, ਲੇਖ ਤੋਂ ਅਲੇਖ (ਅਕਾਲ ਪੁਰਖ) ਨਾਲ ਵਿਸ਼ੇਖ (ਪ੍ਰੀਤਿ) ਕਰਦੇ ਹਨ।
ਆਪਣੀ ਜੋਤ ਨੂੰ ਜਗਮਗ ਕਰ ਕੇ ਉਦੇ ਕਰਦੇ ਹਨ, ਲੱਖ ਸੂਰਜ ਚੰਦ ਭੀ (ਉਸ ਨੂੰ) ਨਹੀਂ ਪਹੁੰਚ ਸਕਦੇ।
ਹਉਮੈਂ ਹੰਕਾਰ ਦੂਰ ਕਰਾਕੇ ਸਾਧ ਸੰਗਤ ਦੇ ਸਚੇ ਮੇਲ ਵਿਚ ਮਿਲਦੇ ਹਨ।
ਸਾਧ ਸੰਗਤ ਵਿਚ ਪੂਰਨ ਬ੍ਰਹਮ ਵੱਸਦਾ ਹੈ (ਉਨ੍ਹਾਂ ਦੇ) ਚਰਨ ਕਮਲਾਂ ਦੀ ਪੂਜਾ ਵਿਚ ਪਰਚਦੇ ਹਨ।
ਸੁਖਾਂ ਦਾ ਸੰਪਟ (ਡੱਬਾ) ਬਣਾ ਕੇ (ਆਪ) ਭਵਰ ਰੂਪ ਹੋ ਕੇ (ਪਰਚਦੇ ਹਨ ਤੇ ਦਿਨ ਰਾਤ ਗੁਰੂ ਚਰਨਾਂ ਦੇ ਧਿਆਨ ਵਿਖੇ) ਵੱਸਦੇ ਹਨ।
ਗੁਰੂ ਦਾ ਦਰਸ਼ਨ ਅਤੇ ਪਰਸਨ ਸਫਲ ਹੈ ਜੋ ਛੀ ਮਤਾਂ ਦੀ (ਥਾਂ ਮੁਢ ਦਰਸ਼ਨ=ਮੱਤ) ਇਕ ਜਾਣਦਾ ਹੈ।
ਗਿਆਨ ਦੀ ਦ੍ਰਿਸ਼ਟੀ ਨਾਲ ਪ੍ਰਕਾਸ਼ ਕਰ ਕੇ ਲੋਕਾਂ ਵਿਖੇ ਭੀ ਅਰ ਪੁਸਤਕਾਂ (ਵਿਖੇ ਭੀ ਇਕੋ) ਗੁਰੂ ਦਾ ਗ੍ਯਾਨ ਪਛਾਣਦਾ ਹੈ (ਬਾਕੀ ਦਾ ਸਭ ਤ੍ਰਿਸਕਾਰ ਕਰਦਾ ਹੈ) (ਅ) ਲੋਕ ਵੇਦ (ਲੋਕੋਕਤੀ ਨੂੰ ਮਿਟਾਕੇ) ਦਿੱਬ ਦ੍ਰਿਸ਼ਟਿ ਦਾ ਪ੍ਰਕਾਸ਼ ਕਰਦਾ ਹੈ ਅਰ ਗੁਰੂ (ਮਤ ਦੇ ਦੱਸੇ ਹੋਏ) ਗਿਆਨ ਦੀ ਪਛਾਣ ਕਰਦਾ ਹੈ।
ਇਕ ਨਾਰੀ ਦਾ ਜਤੀ ਹੁੰਦਾ ਹੈ, ਪਰਾਈ ਇਸਤ੍ਰ੍ਰੀ ਨੂੰ ਧੀ ਤੇ ਭੈਣ ਆਖਦਾ ਹੈ।
ਪਰਾਇਆ ਧਨ ਹਿੰਦੂ ਨੂੰ ਗਉੂ ਤੇ ਮੁਸਲਮਾਨ ਨੂੰ ਸੂਰ ਵਾਂਗੂੰ ਅਖਾਜ ਸਮਝਦਾ ਹੈ। (ਯਥਾ ਗੁਰਵਾਕ-”ਹਕ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ” Ḥਵਾਰ ਮਾਝ ਮ: ੫Ḧ। “ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੈ” Ḥਵਾਰ ਮਾਝ ਮ: ੧Ḧ॥ “ਖੁਸਿ ਖੁਸਿ ਲੈਦਾ ਵਸਤੁ ਪਰਾਈ॥ ਵੇਖੈ ਸੁਣੈ ਤੇਰੇ ਨਾਲਿ ਖੁਦਾਈ॥ “ Ḥਮਾਰੂ ਮ: ੫
ਜੋ (ਘਰਬਾਰੀ=) ਗ੍ਰਿਹਸਥੀ ਗੁਰੂ ਦੇ ਸਿੱਖ ਹੁੰਦੇ ਹਨ ਓਹ (ਸਿਖਾ=) ਬੋਦੀ (ਸਤ=) ਜਨੇਊੂ ਨੂੰ ਮਲ ਮੂਤ੍ਰ੍ਰ ਦੀ ਤਰ੍ਹਾਂ ਸਮਝਕੇ ਤਿਆਗਦੇ ਹਨ। (ਭਾਵ ਮਨ ਕਰ ਕੇ ਵਿਡਾਣੇ=ਅਸੰਗ ਰਹਿੰਦੇ ਹਨ, ਗ੍ਯਾਨ ਥੋਂ ਮੁਕਤੀ ਜਾਣਦੇ ਹਨ)।
ਸਿੱਖ ਗੁਰੂ ਦੇ ਗਿਆਨ ਧਿਆਨ ਕਰ ਕੇ ਸਾਰੇ ਪਾਰਬ੍ਰਹਮ ਨੂੰ ਹੀ ਪੂਰਣ ਦੇਖਦੇ ਹਨ।
(ਅਜਿਹੇ ਗ੍ਯਾਨੀਆਂ ਦੀ) ਸਾਧ ਸੰਗਤ ਵਿਖੇ (ਕੋਈ ਪਾਪੀ ਭੀ ਆ ਜਾਵੇ ਤਾਂ ਵੁਹ ਭੀ) ਮਿਲਕੇ ਪ੍ਰਮਾਣੀਕ ਪਤ ਵਾਲਾ ਹੋ ਜਾਂਦਾ ਹੈ।
ਜਿਵੇਂ ਕਈ ਰੰਗਾਂ ਦੀਆਂ (ਕਾਲੀਆਂ, ਪੀਲੀਆਂ, ਧਉਲੀਆਂ ਆਦਿ) ਗਊੂਆਂ ਹੁੰਦੀਆਂ ਹਨ, ਦੱਭ ਜਾਂ ਘਾਹ ਖਾਕੇ ਦੁੱਧ ਇਕੋ ਰੰਗ ਦਾ (ਚਿੱਟਾ) ਹੀ ਦਿੰਦੀਆਂ ਹਨ।
ਬਨਾਸਪਤੀ ਵਿਖੇ ਬਾਹਲੇ (ਭਾਂਤਾਂ ਦੇ) ਬਿਰਖ ਹਨ, (ਪਰ ਕਿਆ ਉਨ੍ਹਾਂ ਦੇ ਅੰਦਰਲੀ ਅੱਗ ਵਿਚ ਭੀ ਬਹੁਤੇ ਰੰਗ ਹੁੰਦੇ ਹਨ? (ਭਾਵ ਨਹੀਂ)।
ਰਤਨਾਂ ਦੇ ਦੇਖਣ ਵਾਲੇ ਤਾਂ ਸਾਰੇ ਹੀ ਹਨ, ਪਰੰਤੂ ਪ੍ਰੀਖ੍ਯਕ ਕੋਈ ਇਕ ਵਿਰਲਾ ਹੈ।
(ਜਿਨ੍ਹਾਂ ਦਾ ਮਨ) ਹੀਰਾ (ਗੁਰ ਸਬਦ ਦੇ) ਹੀਰੇ ਨਾਲ ਵੇਧਿਆ ਹੈ ਉਹ ਸਾਧ ਸੰਗਤ ਰੂਪੀ ਚੰਗੀ ਰਤਨਾਂ ਦੀ ਮਾਲਾ ਵਿਖੇ (ਪ੍ਰੋਤੇ ਗਏ ਹਨ)।
(ਉਹ ਗ੍ਯਾਨਵਾਨ ਲੋਕ ਗੁਰੂ ਦੀ) ਅੰਮ੍ਰਿਤ ਨਦਰ ਨਾਲ ਨਿਹਾਲ ਹੋ ਗਏ ਹਨ, ਨਿਹਾਲ ਹੋਕੇ ਓਹ ਹੋਰ (ਕੁਝ ਪਦਾਰਥ) ਨਹੀਂ ਚਾਹੁੰਦੇ।
(ਉਨ੍ਹਾਂ ਦੀ) ਦੇਹ ਅਰ ਦ੍ਰਿਸ਼ਟੀ ਦਿੱਬ ਹੋ ਗਈ ਹੈ, (ਭਾਵ ਉਨ੍ਹਾਂ ਦੇ ਦਰਸ਼ਣ ਥੋਂ ਹੀ ਲੋਕ ਨਿਹਾਲ ਹੋ ਜਾਂਦੇ ਹਨ) ਸਾਰੇ ਅੰਗ ਅੰਗ ਵਿਖੇ ਇਕ ਬ੍ਰਹਮ ਦੀ ਜੋਤਿ ਹੀ ਪੂਰਣ ਦੇਖਦੇ ਹਨ।
ਸਤਿਗੁਰਾਂ ਦੀ ਸਾਧ ਸੰਗਤ ਹੀ (ਸੱਚਾ) ਸਨਬੰਧੀ ਹੈ।
ਸਬਦ ਦੀ ਸੁਰਤ ਵਿਖੇ ਸਾਧ ਸੰਗਤ ਦੀ ਲਿਵ (ਲੱਗੀ ਹੋਈ ਹੈ) ਪੰਜ ਸ਼ਬਦਾਂ (ਅਰਥਾਤ ਤੱਤ, ਬਿੱਤ, ਘਨ, ਨਾਦ, ਸੁਖਰ ਦੀ ਥਾਂ) ਇਕੋ ਸਬਦ (ਵਾਹਿਗੁਰੂ ਦਾ ਅਜਪਾ ਜਾਪ ਹੀ) ਮੇਲਦੇ ਹਨ।
(ਹੋਰ) ਰਾਗਾਂ ਅਤੇ ਨਾਦਾਂ ਦੇ (ਸੰਬਾਦ=) ਝਗੜੇ ਸਮਝਕੇ ਪ੍ਰੇਮ ਨਾਲ ਹੀ ਭਾਖਿਆ (ਗ੍ਯਾਨ ਚਰਚਾ) ਕਰਦੇ ਅਰ ਅਲਾਪ (ਰਾਗ ਦਾ ਬੀ) ਪ੍ਰੇਮ ਨਾਲ ਹੀ ਕਰਦੇ ਹਨ (ਭਾਵ ਪ੍ਰੇਮਾ ਭਗਤੀ ਮੁੱਖ ਸਮਝਦੇ ਹਨ)।
ਗੁਰਮੁਖ ਲੋਕ ਹੀ ਬ੍ਰਹਮ ਦੇ ਧ੍ਯਾਨ ਦੀ ਧੁਨਿ ਤਾਰ ਨੂੰ ਜਾਣਦੇ ਹਨ ਜਿਕੁਰ ਜਿੰਤ੍ਰ੍ਰੀ ਵਾਜੇ ਦੀ ਧੁਨਿ ਜਾਣਦਾ ਹੈ।
ਉਹੋ ਹੀ ਉਸਤਤ ਨਿੰਦਾ ਨੂੰ ਦੂਰ ਕਰ ਕੇ ਅਕਥ ਕਥਾ ਦੇ ਵਿਚਾਰ ਵਿਚ ਰਹਿੰਦੇ ਹਨ।
ਗੁਰ ਉਪਦੇਸ਼ ਨੂੰ ਧਾਰਨ ਕਰ ਕੇ ਓਹ ਮਿੱਠਾ ਬੋਲਕੇ (ਹਰੇਕ ਦਾ) ਮਨ ਪਰਚਾਉਂਦੇ ਹਨ।
(ਇਸੇ ਕਾਰਣ ਗੁੜ ਦੀਆਂ ਕੀੜੀਆਂ ਵਾਂਙੂ ਕੋਈ ਉਨ੍ਹਾਂ ਨੂੰ ਭਾਵੇਂ ਕਿਧਰੇ ਲੁਕਾਵੇ ਲੋਕ ਲੱਭ ਲੈਂਦੇ ਹਨ।
(ਉਹ ਪਰੋਪਕਾਰ ਵਿਚ) ਗੰਨੇ ਵਾਂਙ (ਨਿੱਜ ਨੂੰ) ਕੋਹਲੂ ਵਿਚ ਪੀੜ ਲੈਂਦੇ ਹਨ।
(ਗੁਰੂ ਦੇ) ਚਰਣਾਰਬਿੰਦ ਦੇ ਮਕਰੰਦ ਦੇ ਰਸ ਪੁਰ ਭਵਰ ਹੋਕੇ ਵਾਸ਼ਨਾ ਵਿਖੇ ਲੁਭਾਇਮਾਨ ਹੁੰਦੇ ਹਨ।
ਇੜਾ ਆਦ ਤਿੰਨ ਨਾੜੀਆਂ ਦੀ ਤ੍ਰਿਬੇਣੀ ਨੂੰ ਲੰਘ ਕੇ (ਤਿਆਗਕੇ) ਅਪਣੇ ਸਰੂਪ ਵਿਖੇ ਆਉਂਦੇ ਹਨ।
ਸਵਾਸ ਸਵਾਸ ਮਨ ਤੇ ਪ੍ਰਾਣਾਂ ਦੀ ਤਾਰ ਲਾ ਕੇ ਸੋਹੰ ਅਤੇ ਹੰਸਾ ਦਾ ਜਾਪ ਜਪਦੇ ਹਨ। (ਜਨਮ ਸਾਖੀ ਵਿੱਚ ਦੱਸਿਆ ਹੈ ਕਿ ਮਰਦਾਨਾ ਇਸ ਜਾਪ ਨਾਲ ਡੁੱਬ ਚੱਲਿਆ ਸੀ, ਕੇਵਲ ਗੁਰੂ ਨਾਨਕ ਜੀ ਨੂੰ ਏਹ ਮੰਤ੍ਰ੍ਰ ਸੌਜਿਆ ਸੀ। ਇਸ ਲਈ ਜਾਪ ਵੇਲੇ ਆਪੋ ਆਪਣੇ ਅਧਿਕਾਰ ਦੀ ਪਰਖ ਜ਼ਰੂਰੀ ਹੈ, ਸੋਹੰ ਗੁਰਮਤ ਵਿਚ ਵਾਹਿਗੁਰੂ ਪਦ ਵਾਂਙ 'ਗੁਰ
ਲਿਵ ਦਾ ਅਨੂਪਮ ਰੂਪ ਅਚਰਜ ਹੈ ਖੁਸ਼ਬੋ ਦੇ ਸਮਾਉਣ ਵਾਂਙੂ ਸੁਗੰਧ ਮਚਾ ਦੇਂਦਾ ਹੈ।
ਸੁਖਾਂ ਦੇ ਸਮੁੰਦ੍ਰ੍ਰ ਚਰਣ ਕਮਲ ਰੂਪੀ ਸੁਖ ਸੰਪਟ ਵਿਖੇ ਸਹਜ ਨਾਲ ਸਮਾਉਂਦੇ ਹਨ।
ਗੁਰਮੁਖ (ਜਦ) ਪਿਰਮ ਰਸ ਦੇ ਸੁਖ ਫਲ ਨੂੰ ਪਾ ਕੇ ਦੇਹ ਥੋਂ ਬਿਦੇਹ ਮੁਕਤ ਹੁੰਦੇ ਹਨ ਤਦ ਪਰਮ ਪਦ ਨੂੰ ਪਾਉਂਦੇ ਹਨ।
(ਅਜਿਹੇ) ਸਾਧ ਸੰਗਤ ਦੇ ਮਿਲਨ ਵਿਖੇ ਅਲਖ ਦੀ ਲੱਖਤਾ ਹੁੰਦੀ ਹੈ।
(ਜਿਹੜੇ) ਸਾਧ ਸੰਗਤ ਅਤੇ ਗੁਰਾਂ ਦੀ (ਕਾਰ=) ਸੇਵਾ ਕਰਦੇ ਹਨ।
ਪੱਖਾ ਝੱਲਦੇ, (ਲੰਗਰ ਵਾਸਤੇ ਚੱਕੀ) ਪੀਂਹਦੇ, ਪਾਣੀ ਢੋਂਦੇ, ਪੈਰ ਧੋ ਕੇ ਚਰਣਾਂਮ੍ਰਿਤ (ਮੁਖ ਵਿਚ) ਪਾਉਂਦੇ ਹਨ।
ਗੁਰਬਾਣੀ ਦੀਆਂ ਪੋਥੀਆਂ ਲਿਖਕੇ (ਵੰਡਦੇ), ਕੈਂਸੀਆਂ ਮ੍ਰਿਦੰਗ ਆਦ ਵਾਜੇ ਵਜਾਉਂਦੇ;
ਮੱਥਾ ਟੇਕਕੇ ਗੁਰ ਭਾਈਆਂ ਨੂੰ ਗਲਵੱਕੜੀ ਪਾਉਂਦੇ;
ਧਰਮ ਦੀ ਕਿਰਤ ਕਰ ਕੇ ਉਪਜੀਵਕਾ ਤੋਰਦੇ, ਹੱਥੋਂ (ਦਾਨ) ਦੇ ਕੇ ਭਲਾ ਸਮਝਦੇ ਹਨ।
(ਚਰਣ ਰੂਪ) ਪਾਰਸ ਨੂੰ ਪਰਸਕੇ ਆਪ ਅਪਰਸ ਹੋ ਕੇ ਪਰਾਈ ਇਸਤ੍ਰ੍ਰੀ ਜਾਂ ਪਰਾਏ ਧਨ ਨੂੰ ਹੱਥ ਨਹੀਂ ਲਾਉਂਦੇ।
ਗੁਰਮੁਖਾਂ ਅਤੇ ਗੁਰਸਿੱਖਾਂ ਦੇ ਚਰਣ ਪੂਜ ਕੇ ਪ੍ਰੇਮਾ ਭਗਤੀ, ਭੈ ਅਤੇ ਭਾਣੇ ਨੂੰ ਮਿੱਠਾ ਮੰਨਦੇ ਹਨ।
ਆਪਾ ਭਾਉ ਨੂੰ ਦੂਰ ਕਰ ਕੇ ਆਪਣਾ ਆਪ ਨਹੀਂ ਜਣਾਉਂਦੇ, ਉਹਨਾਂ ਗੁਰਮੁਖਾਂ ਦੇ ਹੱਥ ਸਫਲ ਹਨ।☬ਭਾਵ-ਐਉਂ ਬੀ ਕਹਿੰਦੇ ਹਨ:- ਹੱਥ ਤਾਂ ਸਫਲ ਹਨ ਜਾਂ ਐਹ ਐਹ ਕੁਝ ਕਰਨ, ਹੋਰ ਅੱਗੇ ਕਾਰਾਂ ਗਿਣੀਆਂ ਹਨ। ਪ੍ਰਮਾਣ-”ਹਥ ਤ ਪਰ ਸਕਯਥ ਹਥ ਲਗਹਿ ਗੁਰ ਅਮਰ ਪਯ”।
(ਉਨ੍ਹਾਂ) ਗੁਰਮੁਖਾਂ ਦੇ ਪੈਰ ਸਫਲ ਹਨ (ਜਿਹੜੇ) ਗੁਰਮੁਖਾਂ ਦੇ ਮਾਰਗ (ਆਪ) ਚਲਦੇ (ਅਰ ਹੋਰਨਾਂ ਨੂੰ) ਚਲਾਉਂਦੇ ਹਨ।
ਗੁਰੂ ਜੀ ਦੇ ਦਰਬਾਰ ਵਿਖੇ ਜਾ ਕੇ (ਸ਼ਬਦ ਸੁਨਣ ਲਈ) ਸਾਧ ਸੰਗਤ ਵਿਖੇ ਬੈਠਦੇ ਹਨ।
ਪਰੋਪਕਾਰ ਦੇ ਕੰਮਾਂ ਲਈ (ਭਾਵੇਂ ਕਿੰਨਾ ਹੀ ਪੈਂਡਾ ਕਿਉਂ ਨਾ ਹੋਵੇ) ਦੌੜਕੇ ਜਾਂਦੇ ਹਨ, ਗੁਰ ਸਿੱਖਾਂ ਨੂੰ ਢੂੰਢਕੇ ਲੱਭਦੇ ਹਨ।
ਦੁਬਿਧਾ ਦੇ ਪੰਥ (ਅਨਮਤਾਂ) ਵਿਚ ਨਹੀਂ ਜਾਂਦੇ, ਮਾਇਆ ਵਿਚ ਉਦਾਸ ਰਹਿੰਦੇ ਹਨ। (ਜਿਹਾ “ਦੁਬਿਧਾ ਨ ਪੜਉ ਹਰਿ ਬਿਨੁ ਹੋਰ ਨ ਪੂਜਉ ਮੜੈ ਮਸਾਣਿ ਨ ਜਾਈ”)।
ਬੰਦਗੀ ਵਾਲਿਆਂ ਦੀ 'ਬੰਦੇ' ਥੋਂ ਖਲਾਸੀ ਹੁੰਦੀ ਹੈ (ਪ੍ਰੰਤੂ) ਹੁਕਮ ਦੇ ਬੰਦੇ (=ਦਾਸ) ਕੋਈ ਵਿਰਲੇ ਹੀ ਬੰਦੇ ਹਨ (“ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ”)।
ਗੁਰ ਸਿਖਾਂ ਦੀ ਪਰਕਰਮਾਂ ਕਰ ਕੇ ਪੈਰੀਂ ਪੈ ਕੇ (ਨਿੰਮ੍ਰਤਾ ਦੀ) ਰਹੁਰੀਤਿ (ਯਾ ਪ੍ਰੀਤ) ਕਰਦੇ ਹਨ।
ਗੁਰ ਚੇਲੇ ਦੇ ਪਰਚੇ (ਪ੍ਰੇਮ) ਵਿਖੇ ਪਰਚ ਰਹੇ ਹਨ॥
(ਜਿਨ੍ਹਾਂ) ਗੁਰਸਿਖਾਂ ਦੇ ਮਨ (ਗਿਆਨ ਦਾ) ਪ੍ਰਕਾਸ਼ ਹੈ (ਉਹ) ਪ੍ਰੇਮ ਦਾ ਪਿਆਲਾ (ਜੋ) ਅਜਰ ਵਸਤੂ ਹੈ, ਜਰ ਜਾਂਦੇ ਹਨ, (ਅੱਗੇ ਜਰਣ ਦਾ ਰੂਪ ਦੱਸਦੇ ਹਨ)।
ਉਹ ਬ੍ਰਹਮ ਬਿਬੇਕੀ ਪੁਰਖ ਪੂਰਣ ਬ੍ਰਹਮ ਪਾਰਬ੍ਰਹਮ ਦਾ (ਮਨ ਕਰਕੇ) ਧਿਆਨ ਧਰਦੇ ਹਨ।
ਸਬਦ ਦੀ ਗਿਆਤ ਦੀ ਸਮਾਧਿ ਵਿਖੇ ਮਗਨ ਹੋ ਕੇ (ਕੰਨਾਂ ਨਾਲ) ਗੁਰੂ ਦੀ ਬਾਣੀ ਦੀ ਅਕਥ ਕਥਾ ਸੁਣਦੇ ਹਨ।
(ਫਲ ਇਹ ਕਿ) ਭੂਤ ਭਵਿੱਖਤ ਅਤੇ ਵਰਤਮਾਨ ਵਿਖੇ ਜੋ ਅਤਿ ਅਬਿਗਤ ਗਤੀ ਹੈ ਕਿ ਜਿਸ ਨੂੰ ਕੋਈ ਬੀ ਨਾ ਲਖ ਸਕਣ (ਬ੍ਰਹਮ ਬਿਬੇਕੀ) ਲਖ ਲੈਂਦੇ ਹਨ। (ਯਥਾ:-”ਮੰਨੈ ਸਗਲ ਭਵਣ ਦੀ ਸੁਧਿ” ਅਰਥਾਤ ਮੰਨਣ ਕਰਣ ਵਾਲਿਆਂ ਨੂੰ ਸਾਰਿਆਂ ਬ੍ਰਹਮੰਡਾਂ) ਦੀ ਖ਼ਬਰ ਹੋ ਜਾਂਦੀ ਹੈ।
ਗੁਰਮੁਖਾਂ ਨੂੰ ਆਤਮ ਸੁਖ-ਫਲ (ਦੀ ਪ੍ਰਾਪਤੀ ਹੁੰਦੀ ਹੈ, ਆਪ) ਛਲੇ ਜਾਣ ਤੋਂ ਅਛਲ ਰਹਿੰਦੇ ਹਨ ਤੇ ਭਗਤ ਵਛਲ (ਭਗਵਾਨ ਦੀ ਦਯਾ) ਨਾਲ ਅਛਲ (ਜੋ ਕਾਮਾਦਿ ਵਿਖਯ ਹਨ, ਉਹਨਾਂ ਨੂੰ) ਛਲ ਲੈਂਦੇ ਹਨ।
ਜਿਕੁਰ ਜਲ (ਸਾਗਰ) ਵਿਖੇ ਜਹਾਜ਼ (ਤਿਵੇਂ ਭਵ=) ਸੰਸਾਰ ਵਿਖੇ (ਐਸੇ) ਇਕ ਪਿਛੇ ਲੱਖਾਂ ਤਰ ਜਾਂਦੇ ਹਨ।
ਪਰਉਪਕਾਰੀ ਲੋਕ ਸਦਾ ਖਿੜੇ ਮੱਥੇ ਮਿਲਦੇ ਹਨ।
ਬਾਵਨ ਚੰਦਨ (ਜੋ) ਕਹੀਦਾ ਹੈ, ਉਸ ਨਾਲ ਬਾਹਲੇ ਸੱਪ ਚੰਬੜੇ ਹੋਏ ਹੁੰਦੇ ਹਨ, (ਭਾਵ ਇਹ ਕਿ ਉਹ ਸੱਪਾਂ ਦਾ ਤਮੋਗੁਣ ਨਹੀਂ ਗ੍ਰਹਿਣ ਕਰਦਾ)।
ਪਾਰਸ ਪੱਥਰਾਂ ਦੇ ਵਿਚ ਰਹਿੰਦਾ ਹੈ, ਪਰੰਤੂ ਪਾਰਸ ਆਪ ਪੱਥਰ ਦਾ ਗੁਣ ਨਹੀਂ ਧਾਰਦਾ।
ਜਿਨ੍ਹਾਂ ਸੱਪਾਂ ਦੇ ਸਿਰਾਂ ਵਿਖੇ ਮਣੀਆਂ ਹਨ ਓਹ ਬੀ ਸੱਪਾਂ ਵਿਚ ਹੀ ਫਿਰਦੇ ਹਨ (ਪਰੰਤੂ ਆਪਣਾ ਗੁਣ ਹੀ ਰਖਦੇ ਹਨ। ਭਾਵ ਸਤਸੰਗੀ ਲੋਕ ਕੁਸੰਗੀਆਂ ਦਾ ਗੁਣ ਨਹੀਂ ਧਾਰਦੇ)।
(ਮਾਨ ਸਰੋਵਰ) ਲਹਿਰਾਂ ਦੇ ਅੰਦਰ ਹੰਸ ਮਾਣਕ ਮੋਤੀ ਹੀ ਚੁਗ ਚੁਗ ਕੇ ਖਾਂਦੇ ਹਨ (ਭਾਵ ਗੁਣ ਗ੍ਰਹਣ ਕਰਦੇ ਹਨ)।
ਜਿਕੁਰ ਪਾਣੀ ਵਿਚ ਕਮਲ ਅਲੇਪ ਰਹਿੰਦਾ ਹੈ ਘਰਬਾਰੀ ਸਿੱਖ ਉਸ ਪ੍ਰਕਾਰ ਰਹਿੰਦਾ ਹੈ।
ਆਸਾ ਦੇ ਵਿਚ ਹੀ ਨਿਰਾਸ ਹੋਕੇ ਜੀਵਨ ਮੁਕਤਾਂ ਦੀ ਤਰ੍ਹਾਂ ਜੀਵਨ ਬਿਤੀਤ ਕਰਦਾ ਹੈ।
ਸਾਧ ਸੰਗਤ (ਦੀ ਮਹਿਮਾਂ) ਕਿਸ ਮੁਖ ਨਾਲ ਸਲਾਹੀਏ।
ਧੰਨ ਧੰਨ ਹਨ ਸਤਿਗੁਰ ਪੁਰਖ (ਜਿਨ੍ਹਾਂ ਦਾ) ਸਰੂਪ ਅਕਾਲ ਪੁਰਖ ਨੇ ਬਣਾਇਆ ਹੈ।
ਧੰਨ ਧੰਨ ਗੁਰੂ ਦਾ ਸਿੱਖ ਹੈ ਜੋ ਗੁਰ ਦੀ ਸਿੱਖਯਾ ਸੁਣਕੇ ਚਰਨਾਂ ਦੀ ਸ਼ਰਨ ਆ ਗਿਆ ਹੈ।
ਗੁਰਮੁਖਾਂ ਦਾ ਰਸਤਾ ਧੰਨ ਹੈ, (ਜਿਨ੍ਹਾਂ ਨੇ) ਸਾਧ ਸੰਗਤ ਨਾਲ ਮਿਲਕੇ ਇਹ ਸੰਗ ਤੋਰਿਆ ਹੈ।
ਧੰਨ ਧੰਨ ਸਤਿਗੁਰਾਂ ਦੇ ਚਰਨ ਹਨ, ਧੰਨ ਉਹ ਮੱਥਾ ਹੈ ਜੋ ਗੁਰਾਂ ਦੀ ਚਰਨੀ ਲਾਇਆ ਗਿਆ ਹੈ।
ਸਤਿਗੁਰਾਂ ਦਾ ਦਰਸ਼ਨ ਧੰਨ ਹੈ, ਧੰਨ ਧੰਨ ਗੁਰ ਸਿੱਖ ਹੈ ਜੋ ਦੇਖਣ ਆਇਆ।
(ਜਿਸ) ਸਿੱਖ ਵਿਚ ਪ੍ਰੇਮਾ ਭਗਤੀ ਹੈ ਉਸ ਨੂੰ ਦਿਆਲੂ ਹੋਕੇ ਗੁਰੂ ਮੂੰਹ ਲਾਉਂਦੇ (ਭਾਵ ਮੰਤ੍ਰ੍ਰ ਦਿੰਦੇ ਹਨ)।
ਉਸਦੀ ਦੁਰਬੁਧੀ ਤੇ ਦੁਵੈਤ ਭਾਵ ਮਿਟਾ ਦਿੰਦੇ ਹਨ।
ਧੰਨ ਉਹ ਪਲ, ਚਸਾ, ਘੜੀ, ਪਹਿਰ, ਤੇ ਧੰਨ ਧੰਨ ਓਹ ਭਾਗਾਂ ਵਾਲੇ ਥਿੱਤ, ਵਾਰ ਹਨ।
ਧੰਨ ਧੰਨ ਦਿਹੁ, ਰਾਤ, ਪੱਖ, ਮਾਹ ਰੁਤਿ, ਸੰਮਤ (ਜਾਗੇ=) ਸ੍ਰੇਸ਼ਟ ਹਨ।
ਧੰਨ ਉਹ ਅਭਿਜਤ ਨਿਛੱਤ੍ਰ੍ਰ ਹਨ, ਜਦ ਕਾਮਾਦਿਕ ਵਿਖਯ ਤਿਆਗ ਦਿੱਤੇ ਗਏ।
ਧੰਨ ਧੰਨ ਉਹ ਸੰਜੋਗ ਹੈ ਜਦ ੬੮ ਤੀਰਥਾਂ ਦਾ ਰਾਜਾ ਪ੍ਰਯਾਗ ਰੂਪ (ਗੁਰੂ ਤੀਰਥ ਦਾ) ਸੰਜੋਗ ਹੁੰਦਾ ਹੈ।
ਗੁਰੂ ਜੀ ਦੇ ਦੁਆਰੇ ਆਕੇ ਚਰਨ ਕਵਲਾਂ ਦੇ ਅੰਮ੍ਰਿਤ ਰਸ ਵਿਚ ਤਦਾਕਾਰ ਹੋ ਗਏ।
ਗੁਰ ਉਪਦੇਸ਼ ਨੂੰ ਧਾਰਨ ਕਰ ਕੇ ਅਨੁਭਵ (ਖੁਲ੍ਹ ਜਾਂਦਾ ਹੈ ਤੇ) ਪਿਆਰੇ ਦੇ ਪ੍ਰੇਮ ਵਿਚ ਅਨੁਰਾਗ (ਮਗਨਤਾ) ਹੋ ਜਾਂਦੀ ਹੈ।
ਸਬਦ ਦੀ ਸੁਰਤ ਵਿਖੇ ਸਮਾਧਿ ਲਾਕੇ, ਅੰਗ ਅੰਗ ਵਿਖੇ ਇਕ ਈਸ਼ਵਰ ਦੇ ਪ੍ਰੇਮ ਵਿਖੇ (ਸਮਾਗੇ=) ਸਮਾ ਗਏ ਜੋ।
(ਓਹ ਕੱਚੇ ਧਾਗੇ=) ਸਰੀਰ ਵਿਖੇ (ਸਵਾਸਾਂ ਨੂੰ) ਰਤਨਾਂ ਦੀ ਮਾਲਾ ਕਰਦੇ ਹਨ (ਭਾਵ ਸਫਲ ਕਰਦੇ ਹਨ)।
ਗੁਰਮੁਖਿ ਮਿੱਠਾ ਬਚਨ ਬੋਲਦੇ ਹਨ, ਜੋ ਬੋਲਦੇ ਹਨ ਸੋ (ਈਸ਼ਵਰ ਦਾ) ਜਾਪ ਜਪਦੇ ਹਨ (ਭਾਵ ਬਿਰਥਾ ਲਾਪ ਨਹੀਂ ਕਰਦੇ)।
ਗੁਰਮੁਖਿ ਬ੍ਰਹਮ ਦਾ ਧਿਆਨੁ ਧਾਰਕੇ ਅੱਖਾਂ ਨਾਲ ਆਪਣੇ ਆਪ ਦਾ ਹੀ ਧਿਆਨ ਧਰਦੇ ਹਨ।
ਗੁਰਮੁਖ ਗੁਰ ਸ਼ਬਦ ਦਾ ਅਲਾਪ ਕਰਦੇ ਹਨ ਤੇ ਪੰਜਾਂ ਸ਼ਬਦਾਂ ਨੂੰ (ਗੁਰ ਸ਼ਬਦ ਵਿਚ ਹੀ) ਸੁਰਤ ਨਾਲ ਸੁਣਦੇ ਹਨ।
ਗੁਰਮੁਖ (ਹੱਥਾਂ ਨਾਲ) ਕਿਰਤ ਕਰਦੇ ਹਨ ਅਰ ਸਿਰ ਕਰ ਕੇ ਨਮਸਕਾਰ ਤੇ ਡੰਡੌਤਾਂ ਕਰਦੇ ਹਨ।
ਗੁਰਮੁਖ (ਪੈਰਾਂ ਨਾਲ) ਰਸਤਾ ਤੁਰਕੇ (ਪੂਰਨ ਪ੍ਰਤਾਪ ਵਾਲੇ) ਸਤਿਗੁਰਾਂ ਦੀ ਪ੍ਰਦੱਖਣਾ ਕਰਦੇ ਹਨ।
ਗੁਰਮੁਖ ਖਾਣ, ਪਹਿਨਣ, ਜੋਗ, ਭੋਗ ਅਰ (ਸੰਜੋਗ=) ਮੇਲ ਦੀ ਵਿਧਿ (ਪਛਾਪੈ=) ਪਛਾਣਦੇ ਹਨ, (ਭਾਵ ਸਭ ਮਰਯਾਦਾਂ ਪਛਾਣਦੇ ਹਨ)।
ਗੁਰਮੁਖਾਂ ਦਾ ਸੌਣਾ ਹੀ ਸਮਾਧੀ ਦਾ ਰੂਪ ਹੈ, ਆਪਣੇ ਆਪ ਵਿਚ (ਮਗਨ ਰਹਿੰਦੇ ਹਨ) ਕੋਈ ਥਾਪ ਉਥਾਪ (ਭੰਨ ਘੜ, ਸੰਕਲਪ) ਨਹੀਂ ਫੁਰਦਾ ਹੈ।
ਘਰਬਾਰੀ (ਗ੍ਰਿਹਸਤ ਵਿਖੇ ਹੀ) ਜੀਵਨ ਮੁਕਤ ਹੈ, ਸੰਸਾਰ ਦੇ ਲੋਭ ਦੀ ਲਹਿਰ (ਉਨ੍ਹਾਂ ਨੂੰ) ਨਹੀਂ ਵਿਆਪਦੀ।
(੯) ਵਰ ਅਰ ਸ਼ਰਾਪ ਥੋਂ ਪਾਰ ਹੋ ਗਏ ਹਨ, (ਭਾਵ ਸਭ ਨਾਲ ਸਮਦ੍ਰਿਸ਼ਟੀ ਰੱਖਦੇ ਹਨ। ਯਥਾ:-ਅੰਜਲ ਗਤ ਕਰ ਸੁਮਨ ਜਿਮ ਸਮ ਸੁਗੰਧ ਕਰ ਦੋਇ” ਜਿਕੁਰ ਫੁੱਲ ਦੋਹਾਂ ਹੱਥਾਂ ਨੂੰ ਸੁਗੰਧੀ ਬਰਾਬਰ ਦਿੰਦਾ ਹੈ, ਇਹ ਨਹੀਂ ਸਮਝਦਾ ਕਿ ਇਹ ਮੈਨੂੰ ਤੋੜਦਾ ਅਰ ਔਹ ਰੱਖਦਾ ਹੈ)।
ਸਤਿਗੁਰੂ ਸਤਿ ਸਰੂਪ ਹੈ, ਧਿਆਨ ਦਾ ਮੁੱਢ ਗੁਰੂ ਦੀ (ਇਸ) ਮੂਰਤ ਨੂੰ (ਗੁਰਮੁਖ) ਜਾਣਦਾ ਹੈ।
(ਅਰ) ਸਤਿਨਾਮ ਕਰਤਾ ਪੁਰਖ, (ਇਹ) ਮੂਲ ਮੰਤ੍ਰ੍ਰ (ਮਨ ਕਰਕੇ) ਸਿਮਰਕੇ ਪ੍ਰਵਾਣ ਹੰਦਾ ਹੈ।
ਚਰਨਾਂ ਕਮਲਾਂ ਦੀ ਮਕਰੰਦ ਰਸ (ਵਿਚ) ਮਗਨ ਹੋਕੇ (ਇਨ੍ਹਾਂ ਨੂੰ) ਪੂਜਾ ਦਾ ਮੂਲ ਜਾਣਕੇ ਪ੍ਰੇਮ ਦਾ ਰਸ ਮਾਣਦਾ ਹੈ।
ਗੁਰੂ ਦੀ ਅਤੇ ਸਾਧ ਸੰਗਤ ਦੀ ਕਿਰਪਾ ਨਾਲ ਸ਼ਬਦ ਦੀ (ਸੁਰਤ=) ਪ੍ਰੀਤ ਦੀ ਲਿਵ ਨੂੰ (ਮਨ) ਅੰਦਰ ਲਿਆਉਂਦਾ ਹੈ।
ਗੁਰਮੁਖ ਦਾ ਮਾਰਗ (ਮਨ ਬਾਣੀ ਥੋਂ) ਅਗੰਮ ਹੈ, ਗੁਰਮਤਿ ਕਰ ਕੇ ਅਚਲ ਹੋਕੇ ਭਾਣੇ ਵਿਚ ਚਲਦਾ ਹੈ।
ਵੇਦਾਂ ਤੇ ਕਤੇਬਾਂ ਥੋਂ ਬਾਹਰ ਹੈ, (ਇਸ) ਅਕੱਥ ਕਥਾ ਨੂੰ ਕੌਣ ਆਖ ਸਕੇ।
ਗਿਣਤੀਆਂ ਤੋਂ ਲੰਘ ਕੇ ਪਛਾਣਦਾ ਹੈ (ਅਰਥਾਤ-ਜੋ ਬ੍ਰਹਮ ਗਿਆਨੀ ਹੈ ਉਹ ਗੁਰਮੁਖ ਦੇ ਅਗੰਮ ਪੰਥ ਨੂੰ ਜਾਣਦਾ ਹੈ ਯਥਾ ਸੁਖਮਨੀ:- “ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ॥ “ ਗੁਰਮੁਖ ਦੀ ਗਤੀ ਗੁਰਮੁਖ ਹੀ ਜਾਣਦਾ ਹੈ)।
(ਲੋਕ ਢੀਂਗੁਲੀ=) ਪਾਣੀ ਦੇ ਜੰਤ੍ਰ੍ਰ ਦਾ ਗਲਾ ਬੰਨ੍ਹਕੇ ਸਿਰ ਨਿਵਾਉਂਦੇ ਹਨ ਕਿ ਪਾਣੀ ਉੱਚਾ ਆਵੇ, (ਭਾਵ ਅਪੇ ਨਹੀਂ ਨਿਉਂਦੀ, ਧੱਕੋ ਧੱਕੀ ਨਿਵਾਈਦੀ ਹੈ, ਤਿਵੇਂ ਮਨਮੁਖ ਆਪ ਨਹੀਂ ਨਿਉਂਦਾ)।
ਉੱਲੂ ਨੂੰ ਸੂਰਜ ਨਹੀਂ ਸੁੱਝਦਾ, ਚਕਵੀ ਨੂੰ ਚੰਦ੍ਰਮਾਂ ਦੇਖਿਆ ਨਹੀਂ ਭਾਉਂਦਾ।
ਸਿੰਬਲ ਦੇ ਬ੍ਰਿੱਛ ਨੂੰ ਫਲ ਨਹੀਂ ਲੱਗਦੇ, ਵਾਂਸ ਵਿਖੇ ਚੰਦਨ ਦੀ ਵਾਸ਼ਨਾ ਨਹੀਂ ਸਮਾਉਂਦੀ। (ਯਥਾ:-”ਕਬੀਰ ਬਾਂਸ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ॥ ਚੰਦਨ ਕੈ ਨਿਕਟੇ ਬਸੈ ਬਾਂਸ ਸੁਗੰਧ ਨ ਹੋਇ॥ “)।
ਸੱਪ ਅਤੇ ਤੁੰਮੇ ਨੂੰ ਭਾਵੇਂ ਦੁੱਧ ਨਾਲ ਪਾਲੀਏ (ਪਰੰਤੂ ਸੱਪ ਦੀ ਵਿਖ ਤੇ) ਤੁੰਮੇ ਦੀ ਕਉੜੱਤਣ ਨਹੀਂ ਜਾਂਦੀ।
(ਗਊੂ ਦੇ) ਥਣ ਕੋਲ ਚਮਚਿੱਚੜ ਚੰਬੜਦਾ ਹੈ, ਲਹੂ ਪੀਂਦਾ ਹੈ ਤੇ ਦੁੱਧ ਨਹੀਂ ਪੀਂਦਾ।
(ਭਾਈ ਸਾਹਿਬ ਜੀ ਆਪ☬ਣੇ ਵਲੋਂ ਉੱਤਮ ਉਪਦੇਸ਼ ਦੇਕੇ ਸਮਝਾਉਂਦੇ ਹਨ) ਕਿ ਸਾਰੇ ਅਵਗੁਣ ਮੇਰੇ ਸਰੀਰ ਵਿਖੇ ਹਨ(ਈਸ਼ਵਰ ਦੇ) ਕੀਤੇ ਉਪਕਾਰਾਂ ਨੂੰ ਛੱਡਕੇ ਅਸੀਂ ਅਵਗੁਣਾਂ ਵਲ ਦੌੜਦੇ ਹਾਂ।
ਜਿਕੁਰ ਥੋਮ ਵਿਖੇ ਕਸਤੂਰੀ ਸੁਗੰਧੀ ਨਹੀਂ (ਤਿਹਾ ਸਾਡਾ ਦਿਲ ਮੋਮ ਨਹੀਂ ਹੈ)।