ਵਾਰਾਂ ਭਾਈ ਗੁਰਦਾਸ ਜੀ

ਅੰਗ - 30


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

ਸਤਿਗੁਰ ਸਚਾ ਪਾਤਿਸਾਹੁ ਗੁਰਮੁਖਿ ਸਚਾ ਪੰਥੁ ਸੁਹੇਲਾ ।

ਸਤਿਗੁਰੂ (ਨਾਨਕ) ਸੱਚਾ ਪਾਤਸ਼ਾਹ ਹੈ, (ਜਿਸਨੇ) ਗੁਰਮੁਖ ਸੱਚਾ ਪੰਥ ਸੁਖ ਰੂਪ ਰਚਿਆ ਹੈ, (ਭਾਵ ਆਪ ਸੱਚ ਰੂਪ ਹੈ, ਪੰਥ ਬੀ ਸੰਚਾ ਸੁਖ ਰੂਪ ਹੈ)।

ਮਨਮੁਖ ਕਰਮ ਕਮਾਂਵਦੇ ਦੁਰਮਤਿ ਦੂਜਾ ਭਾਉ ਦੁਹੇਲਾ ।

ਮਨਮੁਖ ਕਰਮ ਕਰਦੇ ਹਨ (ਸੱਚੇ ਗੁਰੂ ਨੂੰ ਛੱਡਕੇ) ਓਹ ਦੁਰਮਤਿ ਅਰ ਦੂਜਾ ਭਾਉ ਕਰ ਕੇ ਦੁਖੀ ਹੁੰਦੇ ਹਨ।

ਗੁਰਮੁਖਿ ਸੁਖ ਫਲੁ ਸਾਧਸੰਗ ਭਾਇ ਭਗਤਿ ਕਰਿ ਗੁਰਮੁਖਿ ਮੇਲਾ ।

ਗੁਰਮੁਖ ਲੋਕ ਸਾਧ ਸੰਗਤ ਵਿਖੇ ਗੁਰਮੁਖਾਂ ਨਾਲ ਭਾਇ ਭਗਤ (ਪ੍ਰੇਮ ਨਾਲ) ਮੇਲਾ ਕਰ ਕੇ ਸੁਖਫਲ ਪਾਉਂਦੇ ਹਨ (ਭਾਵ ਸਦਾ ਪ੍ਰਸੰਨ ਰਹਿੰਦੇ ਹਨ)।

ਕੂੜੁ ਕੁਸਤੁ ਅਸਾਧ ਸੰਗੁ ਮਨਮੁਖ ਦੁਖ ਫਲੁ ਹੈ ਵਿਹੁ ਵੇਲਾ ।

ਮਨਮੁਖ ਕੂੜ ਤੇ ਹਠ ਰੂਪ 'ਅਸਾਧ' ਦੁਸ਼ਟ ਸੰਗਤ ਹੈ, (ਇਸ ਕਰਕੇ) ਦੁਖ ਫਲ ਅਤੇ ਜ਼ਹਿਰ ਦੀ ਫਲੀ ਰੂਪ ਹੈ।

ਗੁਰਮੁਖਿ ਆਪੁ ਗਵਾਵਣਾ ਪੈਰੀ ਪਉਣਾ ਨੇਹੁ ਨਵੇਲਾ ।

ਗੁਰਮੁਖ ਆਪਾ ਭਾਵ ਗਵਾਕੇ ਪੈਰੀਂ ਪੌਣਾ ਕਰਦੇ ਹਨ, ਇਸੇ ਕਰ ਕੇ ਪ੍ਰੇਮ ਦਿਨੋਂ ਦਿਨ ਨਵੇਲ (ਨਵਾਂ) ਹੁੰਦਾ ਹੈ (ਅਥਵਾ ਪ੍ਰੇਮ ਦਾ ਇਕ ਵੇਲਾ ਨਹੀਂ ਭਾਵ ਅੱਠੇ ਪਹਿਰ ਪ੍ਰੇਮ ਬਣਿਆ ਰਹਿੰਦਾ ਹੈ)।

ਮਨਮੁਖ ਆਪੁ ਗਣਾਵਣਾ ਗੁਰਮਤਿ ਗੁਰ ਤੇ ਉਕੜੁ ਚੇਲਾ ।

ਮਨਮੁਖ ਆਪਣਾ (ਜਨਮ) ਗਵਾ ਦਿੰਦਾ ਹੈ, ਕਿਉਂ ਜੋ ਗੁਰੂ ਦੀ ਗੁਰ ਸਿਖ੍ਯਾ ਥੋਂ ('ਉਕੜੁ') ਉੱਕਣ ਵਾਲਾ (ਜਾਂ ਉਪਰਾਮੀ) ਚੇਲਾ ਹੈ, (ਛੇਕੜਲੀ ਤੁਕ ਵਿਖੇ ਸਿੱਟਾ ਦੱਸਦੇ ਹਨ)।

ਕੂੜੁ ਸਚੁ ਸੀਹ ਬਕਰ ਖੇਲਾ ।੧।

ਝੂਠ ਤੇ ਸੱਚ ਦਾ ਸ਼ੇਰ ਅਤੇ ਬੱਕਰੇ ਵਾਲਾ ਖੇਲ ਹੈ (ਸੱਚ ਅਗੇ ਝੂਠ ਲੋਪ ਹੋ ਜਾਂਦਾ ਹੈ)।

ਪਉੜੀ ੨

ਗੁਰਮੁਖਿ ਸੁਖ ਫਲੁ ਸਚੁ ਹੈ ਮਨਮੁਖ ਦੁਖ ਫਲੁ ਕੂੜੁ ਕੂੜਾਵਾ ।

ਗੁਰਮੁਖ ਸਚੀ ਮੁਚੀ ਸੁਖਾਂ ਦਾ ਫਲ ਰੂਪ ਹੈ ਅਰ ਮਨਮੁਖ ਦੁਖ ਦਾ ਫਲ ਰੂਪ ਹੈ, (ਅਰ 'ਕੂੜ ਕੂੜਾਵਾ') ਝੂਠ ਮੂਠ ਹੈ (ਅਥਵਾ ਕੁੜ ਕੁੜ ਕੁੱਕੜੀ ਵਾਂਗੂੰ ਕਰਦਾ ਰਹਿੰਦਾ ਹੈ)।

ਗੁਰਮੁਖਿ ਸਚੁ ਸੰਤੋਖੁ ਰੁਖੁ ਦੁਰਮਤਿ ਦੂਜਾ ਭਾਉ ਪਛਾਵਾ ।

ਗੁਰਮੁਖ ਸੱਚ ਅਤੇ ਸੰਤੋਖ ਦਾ ਬ੍ਰਿੱਛ ਹੈ, 'ਦੁਰਮਤਿ' ਮਨਮੁਖ ਦੂਜੇ ਭਾਉ ਵਾਲਾ ਬ੍ਰਿੱਛ ਦੇ ਪਰਛਾਵੇਂ ਵਾਂਗੂੰ ਹੈ, (ਅੱਗੇ ਖੋਲ੍ਹਕੇ ਦੱਸਦੇ ਹਨ)।

ਗੁਰਮੁਖਿ ਸਚੁ ਅਡੋਲੁ ਹੈ ਮਨਮੁਖ ਫੇਰਿ ਫਿਰੰਦੀ ਛਾਵਾਂ ।

ਗੁਰਮੁਖ ਨਿਸਚੇ ਸਥਿਰ (ਬ੍ਰਿੱਛ ਵਤ) ਹੈ ਅਰ ਮਨਮੁਖ (ਉਡਦੇ ਪੰਛੀ ਦੀ) ਛਾਂ ਵਾਂਗ (ਅਨਸਥਿਰ) ਹੈ।

ਗੁਰਮੁਖਿ ਕੋਇਲ ਅੰਬ ਵਣ ਮਨਮੁਖ ਵਣਿ ਵਣਿ ਹੰਢਨਿ ਕਾਵਾਂ ।

ਗੁਰਮੁਖ ਅੰਬ ਦੇ ਬੂਟੇ ਦੀ ਕੋਇਲ ਵਾਂਙ ਹੈ, (ਜੋ ਠੰਡੀ ਛਾਂ ਇਕੋ ਬੂਟੇ ਤੇ ਬੈਠਕੇ ਮਿਸ਼ਟ ਬਚਨ ਬੋਲਦੀ ਹੈ ਅਰ) ਮਨਮੁਖ ਬੂਟੇ ਬੂਟੇ ਬੈਠੇ ਕਾਵਾਂ ਵਾਂਗੂ ਕਾਂ ਕਾਂ ਕਰਦਾ ਫਿਰਦਾ ਹੈ।

ਸਾਧਸੰਗਤਿ ਸਚੁ ਬਾਗ ਹੈ ਸਬਦ ਸੁਰਤਿ ਗੁਰ ਮੰਤੁ ਸਚਾਵਾਂ ।

ਸਾਧ ਸੰਗਤ ਸੱਚਾ ਬਾਗ ਹੈ, ਸ਼ਬਦ ਦੀ ਸੁਰਤ ਅਰ ਗੁਰੂ ਦਾ ਮੰਤ੍ਰ ਸੱਚੀ (ਛਾਂ) ਹੈ।

ਵਿਹੁ ਵਣੁ ਵਲਿ ਅਸਾਧ ਸੰਗਿ ਬਹੁਤੁ ਸਿਆਣਪ ਨਿਗੋਸਾਵਾਂ ।

ਖੋਟੀ ਸੰਗਤ ਵਿਹੁ (ਜ਼ਹਿਰ) ਦਾ ('ਵਲਿ') ਬੂਟਾ ਹੈ, ਵੱਡੀਆਂ ਸਿਆਣਪਾਂ ਕਰ ਕੇ ਨਿੱਗੋਸਾਵਾਂ ਹੈ (ਅਰਥਾਤ ਉਸ ਦਾ ਗੁਰੂ ਗੁਸਾਈਂ ਕੋਈ ਨਹੀਂ ਹੈ “ਕਬੀਰ ਨਿਗੁਸਾਏਂ ਬਹਿ ਗਏ ਥਾਂਘੀ ਨਾਂਹੀ ਕੋਈ॥” ਅਰਥਾਤ ਨਿਗੁਰੇ ਜਨਮ ਮਰਨ ਦੇ ਪ੍ਰਵਾਹ ਵਿਖੇ ਰੁੜ੍ਹਦੇ ਹਨ, ਕੋਈ ਠੱਲਣ ਵਾਲਾ ਨਹੀਂ ਹੁੰਦਾ, ਕਿਉਂ ਜੋ ਗੁਰੂ ਮਲਾਹ ਦਾ ਆਸ਼੍ਰਯ

ਜਿਉ ਕਰਿ ਵੇਸੁਆ ਵੰਸੁ ਨਿਨਾਵਾਂ ।੨।

(ਓਹ ਲੋਕ ਮਨਮੁਖ) ਵੇਸ਼ਵਾ ਦੇ ਪੁੱਤ੍ਰ ਵਾਂਗ ਨਿਨਾਵੇਂ ਹਨ। (ਅਰਥਾਤ ਪਿਤਾ ਦਾ ਕੋਈ ਨਾਮ ਨਹੀਂ। ਸ੍ਰੀ ਗੁਰੂ ਜੀ-”ਵਿਚਿ ਹਉਮੈ ਕਰਮ ਕਮਾਵਦੇ ਜਿਉ ਵੇਸੁਆ ਪੁਤੁ ਨਿਨਾਉ॥ ਪਿਤਾ ਜਾਤਿ ਤਾ ਹੋਈਐ ਗੁਰੁ ਤੁਠਾ ਕਰੇ ਪਸਾਉ॥”

ਪਉੜੀ ੩

ਗੁਰਮੁਖਿ ਹੋਇ ਵੀਆਹੀਐ ਦੁਹੀ ਵਲੀ ਮਿਲਿ ਮੰਗਲਚਾਰਾ ।

(ਜਦ ਕੰਨ੍ਯਾ) ਗੁਰਮੁਖ ਹੁੰਦੀ ਹੈ (ਭਾਵ ਯੁਬਾ ਅਵਸਥਾ ਵਿਖੇ ਸਿਆਣੀ ਹੁੰਦੀ ਹੈ) ਵਿਆਹੀ ਜਾਂਦੀ ਹੈ, ਦੁਹੀਂ ਪਾਸੀ (ਧੇਤੇ ਪੁਤੇਤੇ) ਮੰਗਲਾਚਾਰ ਹੁੰਦੇ ਹਨ (ਏਥੇ ਨਵਾਂ ਜਾਂ ਦਸਾਂ ਵਰਿਹਾਂ ਦੀਆਂ ਧੀਆਂ ਦਾ ਵਿਵਾਹ ਭਾਈ ਸਾਹਿਬ ਜੀ ਨੇ ਬੰਦ ਕਰਨ ਲਈ ਗੁਰਮੁਖ ਵਿਸ਼ੇਖਣ ਦਿੱਤਾ ਹੈ, ਅਰਥਾਤ ਪੁੱਤ੍ਰ ਧੀ ਜਦ ਜੁਆਨ ਹੋਣ ਅਰ ਅੰਮ੍ਰ੍ਰ

ਦੁਹੁ ਮਿਲਿ ਜੰਮੈ ਜਾਣੀਐ ਪਿਤਾ ਜਾਤਿ ਪਰਵਾਰ ਸਧਾਰਾ ।

(ਇਸਤ੍ਰੀ ਅਤੇ ਭਰਤਾ) ਦੋਹਾਂ ਦੇ ਮੇਲ ਥੋਂ ਪੁੱਤ੍ਰ ਜੰਮਦਾ ਹੈ, ਪਿਤਾ ਦੀ ਜਾਤ ਦਾ ('ਸਧਾਰਾ') ਆਸਰਾ (ਵੇਖਕੇ) ਸਾਰਾ ਪਰਵਾਰ (ਅਨੰਦਿਤ ਹੁੰਦਾ ਹੈ)।

ਜੰਮਦਿਆਂ ਰੁਣਝੁੰਝਣਾ ਵੰਸਿ ਵਧਾਈ ਰੁਣ ਝੁਣਕਾਰਾ ।

ਜੰਮਣ ਵੇਲੇ ਵਾਜੇ ਵਜਾਕੇ ਅਨੰਦ ਵਧਾਈਆਂ ਕਰਦੇ ਵੰਸ ਵਧਣ (ਦੀ ਖੁਸ਼ੀ ਵਿਚ 'ਰੁਣ ਝੁਣਕਾਰਾ' ਰਾਗੀਆਂ ਦੇ) ਸ਼ਬਦ ਕੀਰਤਨ ਹੁੰਦੇ ਹਨ।

ਨਾਨਕ ਦਾਦਕ ਸੋਹਿਲੇ ਵਿਰਤੀਸਰ ਬਹੁ ਦਾਨ ਦਤਾਰਾ ।

ਨਾਨਕੇ ਦਾਦਕੇ (ਘਰ) ਖੁਸ਼ੀਆਂ ਹੁੰਦੀਆਂ ਹਨ; ਲਾਗੀ ਲੋਕ (ਜੋ ਟਹਿਲ ਕਰਦੇ ਹਨ) ਦਾਨੀਆਂ ਪਾਸੋਂ ਦਾਨ ਪਾਉਂਦੇ ਹਨ।

ਬਹੁ ਮਿਤੀ ਹੋਇ ਵੇਸੁਆ ਨਾ ਪਿਉ ਨਾਉਂ ਨਿਨਾਉਂ ਪੁਕਾਰਾ ।

ਵੇਸਵਾ ਦੇ ਬਾਹਲੇ ਮਿੱਤ੍ਰ ਹਨ, (ਇਸ ਲਈ ਉਸਦੇ ਵਿਆਹ ਪੁਰ ਕੋਈ ਅਨੰਦ ਨਹੀਂ ਕੀਤਾ ਜਾਂਦਾ, ਉਸ ਦੀ ਸੰਤਾਨ) ਪਿਤਾ ਦੇ ਨਾਉਂ ਥੋਂ ਸੱਖਣੀ ਨਿਨਾਵੀਂ ਹੀ ਰਹਿੰਦੀ ਹੈ।

ਗੁਰਮੁਖਿ ਵੰਸੀ ਪਰਮ ਹੰਸ ਮਨਮੁਖਿ ਠਗ ਬਗ ਵੰਸ ਹਤਿਆਰਾ ।

ਗੁਰਮੁਖਾਂ ਦੀ ਵੰਸ਼ ਪਰਮਹੰਸ ਦੇ ਬਰਾਬਰ ਹੈ, (ਦੁੱਧ ਪਾਣੀ ਅੱਡ ਕਰਦੇ ਹਨ), ਮਨਮੁਖਾਂ ਦੀ ਵੰਸ ਠੱਗਾ ਦੀ ਵੰਸ ਵਾਂਙੂ ਹਤਿਆਰੀ ਬਗਲੇ ਵਾਂਗ (ਮੱਛੀਆਂ ਮਾਰਣ ਵਾਲੀ) ਹੈ।

ਸਚਿ ਸਚਿਆਰ ਕੂੜਹੁ ਕੂੜਿਆਰਾ ।੩।

ਸੱਚ ਥੋਂ ਸਚਿਆਰ ਅਤੇ ਕੂੜ ਥੋਂ ਕੂੜਿਆਰ (ਜਾਪਦਾ ਹੈ, ਗੱਲ ਕੀ ਗੁਰੂ ਘਰ ਦੇ ਪ੍ਰੇਮੀ ਗੁਰਮੁਖ ਪਰਮਹੰਸ ਹਨ, ਜੋ ਕੂੜ ਦੇ ਮਗਰ ਲੱਗ ਟੁਰੇ ਹਨ ਉਹ ਮਨਮੁਖ ਠਗਵੰਸੀ ਹੋਕੇ ਪਾਪ ਬੰਸੀ ਹਨ)।

ਪਉੜੀ ੪

ਮਾਨਸਰੋਵਰੁ ਸਾਧਸੰਗੁ ਮਾਣਕ ਮੋਤੀ ਰਤਨ ਅਮੋਲਾ ।

ਸਾਧ ਸੰਗਤ ਮਾਨ ਸਰੋਵਰ (ਤੀਰਥ) ਹੈ, ਮਾਣਕ ਮੋਤੀ ਅਤੇ ਰਤਨ ਅਮੋਲਕ ਹਨ (ਭਾਵ ਮੰਨਨ, ਸੱਧਤਾਈ, ਵੈਰਾਗਾਦਿ ਗੁਣ ਵਿਦਮਾਨ ਹਨ)।

ਗੁਰਮੁਖਿ ਵੰਸੀ ਪਰਮ ਹੰਸ ਸਬਦ ਸੁਰਤਿ ਗੁਰਮਤਿ ਅਡੋਲਾ ।

ਗੁਰਮੁਖਾਂ ਦੀ ਸੰਪ੍ਰਦਾਯ ਉਥੇ ਪਰਮਹੰਸ (ਹੋਕੇ ਨਿਵਾਸ ਰਖਦੀ) ਹੈ, ਸਬਦ ਦੀ ਸੁਰਤ ਵਿਖੇ ਗੁਰਮਤ ਲੈਕੇ ਅਡੋਲ ਰਹਿੰਦੇ ਹਨ।

ਖੀਰਹੁਂ ਨੀਰ ਨਿਕਾਲਦੇ ਗੁਰਮੁਖਿ ਗਿਆਨੁ ਧਿਆਨੁ ਨਿਰੋਲਾ ।

ਦੁੱਧ ਥੋਂ ਪਾਣੀ ਕੱਢਦੇ ਹਨ (ਅਰਥਾਤ ਤੱਤ ਮਿਥ੍ਯਾ ਦਾ ਵਿਵੇਚਨ ਕਰਦੇ ਹਨ)। ਗੁਰਮੁਖਾਂ ਦਾ ਗਿਆਨ ਧਿਆਨ, (ਜਗ ਥੋਂ) ਨਿਰਾਲਾ ਹੈ, (ਈਸ੍ਵਰ ਪਰਾਇਣ ਰਹਿੰਦੇ ਹਨ)।

ਗੁਰਮੁਖਿ ਸਚੁ ਸਲਾਹੀਐ ਤੋਲੁ ਨ ਤੋਲਣਹਾਰੁ ਅਤੋਲਾ ।

ਗੁਰਮੁਖ ਸਚ ਦੀ ਸ਼ਲਾਘਾ ਕਰਦੇ ਹਨ, ਤੋਲਨਹਾਰੇ ਹੋਕੇ ਅਤੋਲ (ਵਾਹਿਗੁਰੂ) ਦੇ ਵਿਚਾਰ ਕਰਨ ਵਿਖੇ (ਤਤਪਰ ਰਹਿੰਦੇ ਹਨ)।

ਮਨਮੁਖ ਬਗੁਲ ਸਮਾਧਿ ਹੈ ਘੁਟਿ ਘੁਟਿ ਜੀਆਂ ਖਾਇ ਅਬੋਲਾ ।

ਮਨਮੁਖ ਬਗਲ ਸਮਾਧੀ ਮੋਨੀ ਹੋਕੇ ਘੁਟ ਘੁਟ ਕੇ ਜੀਵਾਂ ਨੂੰ ਖਾਂਦੇ ਹਨ।

ਹੋਇ ਲਖਾਉ ਟਿਕਾਇ ਜਾਇ ਛਪੜਿ ਊਹੁ ਪੜੈ ਮੁਹਚੋਲਾ ।

ਜਿਸ ਛੱਪੜ ਵਿਖੇ ਟਿਕਾਉ ਦਾ ਲਖਾਉ ਹੋਵੇ ਉਥੇ (ਬਗਲੇ ਦੇ) ਮੂੰਹ ਚੋਲ੍ਹਣ ਨਾਲ ਧਾਕ ਪੈ ਜਾਂਦੀ ਹੈ (ਭਾਵ ਮੱਛੀਆਂ ਵਿਖੇ ਵਿਪਦਾ ਅਤੇ ਬਰਬਾਦੀ ਫੈਲਦੀ ਹੈ)।

ਸਚੁ ਸਾਉ ਕੂੜੁ ਗਹਿਲਾ ਗੋਲਾ ।੪।

ਸਚ ਸਾਊ ਹੈ ਤੇ ਕੂੜ ਗਾਫਲ ਗ਼ੁਲਾਮ ਹੈ, (ਜਿਸ ਦਾ ਅਧਿਕਾਰ ਸਜ਼ਾ ਹੁੰਦੀ ਹੈ)।

ਪਉੜੀ ੫

ਗੁਰਮੁਖ ਸਚੁ ਸੁਲਖਣਾ ਸਭਿ ਸੁਲਖਣ ਸਚੁ ਸੁਹਾਵਾ ।

ਗੁਰਮੁਖ ਸੱਚ ਦਾ ਰੂਪ ਤੇ ਸ੍ਰੇਸ਼ਟ ਲੱਖਣਾਂ ਵਾਲਾ ਹੈ (ਉਸ ਵਿਚ) ਸਾਰੇ ਸੁਲੱਖਣ ਸੱਚੇ ਤੇ ਸੁਭਾਇਮਾਨ ਹਨ।

ਮਨਮੁਖ ਕੂੜੁ ਕੁਲਖਣਾ ਸਭ ਕੁਲਖਣ ਕੂੜੁ ਕੁਦਾਵਾ ।

ਮਨਮੁਖ ਕੂੜ ਦਾ ਰੂਪ ਤੇ ਖੋਟੇ ਲੱਖਣਾਂ ਵਾਲਾ ਹੈ; (ਉਸ ਦੇ) ਸਾਰੇ ਕੁਲੱਖਣ ਝੂਠੇ ਤੇ ਖੋਟੇ ਦਾਵਾਂ ਵਾਲੇ ਹਨ (ਹੁਣ ਤੀਜੀ ਤੁਕੋਂ ਲੈਕੇ ਸੱਤਵੀ ਤੀਕ ਸੱਚ ਤੇ ਕੂੜ ਦਾ ਭੇਦ ਦੱਸਦੇ ਹਨ)।

ਸਚੁ ਸੁਇਨਾ ਕੂੜੁ ਕਚੁ ਹੈ ਕਚੁ ਨ ਕੰਚਨ ਮੁਲਿ ਮੁਲਾਵਾ ।

ਸੱਚ ਸੋਨਾ ਤੇ ਕੂੜ ਕੱਚ ਦਾ ਰੂਪ ਹੈ, ਕੱਚ ਤੇ ਸੋਨੇ ਦੇ ਮੁੱਲ ਦਾ ਮੇਲ ਨਹੀਂ ਹੁੰਦਾ (ਕਿਉਂ ਜੋ)

ਸਚੁ ਭਾਰਾ ਕੂੜੁ ਹਉਲੜਾ ਪਵੈ ਨ ਰਤਕ ਰਤਨੁ ਭੁਲਾਵਾ ।

ਸੱਚ ਭਾਰਾ ਤੇ ਕੂੜ ਹਲਕਾ ਹੁੰਦਾ ਹੈ, ਰਤਨ ਦੇ ਭੁਲਾਵੇ ('ਰੱਤਕ') ਲਾਲੜੀ ਨਹੀਂ ਪੈ ਸਕਦੀ।

ਸਚੁ ਹੀਰਾ ਕੂੜੁ ਫਟਕੁ ਹੈ ਜੜੈ ਜੜਾਵ ਨ ਜੁੜੈ ਜੁੜਾਵਾ ।

ਸੱਚ ਹੀਰਾ ਤੇ ਕੂੜ ਬਿਲੌਰ ਹੈ, (ਇਨ੍ਹਾਂ ਦਾ ਆਪੋ ਵਿਚ) ਜੜਾਉ ਨਹੀਂ ਜੜੀਦਾ, (ਕਿਉਂ ਜੋ) ਜੋੜ ਨਹੀਂ ਜੁੜ ਸਕਦਾ।

ਸਚ ਦਾਤਾ ਕੂੜੁ ਮੰਗਤਾ ਦਿਹੁ ਰਾਤੀ ਚੋਰ ਸਾਹ ਮਿਲਾਵਾ ।

ਸੱਚ ਦਾਤਾ ਕੂੜ ਭਿਖਾਰੀ ਹੈ, ਦਿਨ ਰਾਤ ਤੇ ਚੋਰ ਸ਼ਾਹ ਦਾ ਮੇਲ ਹੈ (ਅਰਥਾਤ ਰਾਤ ਤੇ ਚੋਰ ਵਾਂਙ ਕੂੜੇ, ਦਿਨ ਤੇ ਸ਼ਾਹ ਰੂਪ ਸੱਚੇ ਪੁਰਖ ਹਨ ਕਿਉਂ ਜੋ)

ਸਚੁ ਸਾਬਤੁ ਕੂੜਿ ਫਿਰਦਾ ਫਾਵਾ ।੫।

ਸੱਚ ਸਾਬਤ ਹੈ (ਅਰਥਾਤ ਟਿਕਾਉ ਤੇ ਸਥਿਰ ਰਹਿਣ ਵਾਲਾ ਹੈ ਅਰ) ਕੂੜ (ਛਿੱਬਾ ਜਾਂ) ਥੱਕਾ ਫਿਰਦਾ ਹੈ।

ਪਉੜੀ ੬

ਗੁਰਮੁਖਿ ਸਚੁ ਸੁਰੰਗੁ ਹੈ ਮੂਲੁ ਮਜੀਠ ਨ ਟਲੈ ਟਲੰਦਾ ।

ਗੁਰਮੁਖ ਸੱਚੇ ਲਾਲ ਰੰਗ ਵਾਲਾ ਹੈ, (ਜਿੱਕੁਰ) ਮਜੀਠੇ ਦਾ ਰੰਗ ਮੂਲੋਂ ਟਾਲਿਆ ਹੋਇਆ ਟਲਦਾ ਨਹੀਂ (ਭਾਵ ਧੋਤਿਆਂ ਉਤਰਦਾ ਨਹੀਂ)

ਮਨਮੁਖੁ ਕੂੜੁ ਕੁਰੰਗ ਹੈ ਫੁਲ ਕੁਸੁੰਭੈ ਥਿਰ ਨ ਰਹੰਦਾ ।

ਮਨਮੁਖ ਝੂਠਾ ਖੋਟੇ ਰੰਗ ਵਾਲਾ ਹੈ, (ਜਿੱਕੁਰ) ਕਸੁੰਭੇ ਦੇ ਫੁੱਲ (ਦਾ ਰੰਗ) ਸਥਿਰ ਨਹੀਂ ਰਹਿੰਦਾ।

ਥੋਮ ਕਥੂਰੀ ਵਾਸੁ ਲੈ ਨਕੁ ਮਰੋੜੈ ਮਨਿ ਭਾਵੰਦਾ ।

ਥੋਮ ਦੀ ਵਾਸ਼ਨਾ ਥੋਂ ਨੱਕ ਮਰੋੜੀਦਾ ਹੈ ਅਰ ਕਸਤੂਰੀ ਮਨ ਨੂੰ ਭਾਉਂਦੀ ਹੈ।

ਕੂੜੁ ਸਚੁ ਅਕ ਅੰਬ ਫਲ ਕਉੜਾ ਮਿਠਾ ਸਾਉ ਲਹੰਦਾ ।

ਕੂੜ ਅੱਕ ਫਲ ਤੇ ਸੱਚ ਅੰਬ ਫਲ ਹੈ, (ਅੱਕ) ਕੌੜਾ ਤੇ (ਅੰਬ) ਦਾ ਸਵਾਦ ਮਿੱਠਾ ਹੈ।

ਸਾਹ ਸਚੁ ਚੋਰ ਕੂੜੁ ਹੈ ਸਾਹੁ ਸਵੈ ਚੋਰੁ ਫਿਰੈ ਭਵੰਦਾ ।

ਸੱਚ ਸ਼ਾਹ ਦਾ ਰੂਪ ਤੇ ਕੂੜ ਚੋਰ ਰੂਪ ਹੈ, ਸਾਹ (ਰਾਤ ਨੂੰ) ਸੌਂ ਰਹਿੰਦਾ ਹੈ, ਚੋਰ (ਰਾਤ) ਭੌਂਦਾ ਫਿਰਦਾ ਰਹਿੰਦਾ ਹੈ।

ਸਾਹ ਫੜੈ ਉਠਿ ਚੋਰ ਨੋ ਤਿਸੁ ਨੁਕਸਾਨੁ ਦੀਬਾਣੁ ਕਰੰਦਾ ।

ਸ਼ਾਹ ਉਠਕੇ ਚੋਰ ਨੂੰ ਫੜ ਲੈਂਦਾ ਹੈ ਅਰ ਉਸ ਦਾ ਨੁਕਸਾਨ ਕਚਹਿਰੀ ਵਿਖੇ ਕਰਦਾ ਹੈ (ਹਾਕਮ ਥੋਂ ਚੱਟੀ ਭਰਾਉਂਦਾ ਹੈ)।

ਸਚੁ ਕੂੜੈ ਲੈ ਨਿਹਣਿ ਬਹੰਦਾ ।੬।

ਸੱਚ ਕੂੜੇ ਨੂੰ ਕੈਦੀ ਕਰ ਕੇ (ਕੈਦ ਵਿਖੇ) ਬਿਠਾ ਰੱਖਦਾ ਹੈ।

ਪਉੜੀ ੭

ਸਚੁ ਸੋਹੈ ਸਿਰ ਪਗ ਜਿਉ ਕੋਝਾ ਕੂੜੁ ਕੁਥਾਇ ਕਛੋਟਾ ।

ਸੱਚ ਸਿਰ ਦੀ ਪੱਗ ਤਰ੍ਹਾਂ (ਉੱਚਾ) ਸ਼ੋਭਦਾ ਹੈ, ਕੂੜ ਕੋਝੇ ਲੰਗੋਟੈ ਵਾਂਙੂ ਅਪਵਿੱਤ੍ਰ ਜਗਾ (ਜਾ ਲਗਦਾ ਹੈ)।

ਸਚੁ ਸਤਾਣਾ ਸਾਰਦੂਲੁ ਕੂੜੁ ਜਿਵੈ ਹੀਣਾ ਹਰਣੋਟਾ ।

ਸੱਚ ਬਲੀ ਸ਼ੇਰ ਵਾਂਙੂ ਝੂਠ ਨਿਰਬਲ ਹਰਨ ਦੇ ਬੱਚੇ ਵਾਂਙੂ ਹੈ (ਭਾਵ ਸੱਚ ਦੇ ਅੱਗੇ ਝੂਠ ਦੀ ਵਾਹ ਨਹੀਂ ਵਟੀਦੀ)।

ਲਾਹਾ ਸਚੁ ਵਣੰਜੀਐ ਕੂੜੁ ਕਿ ਵਣਜਹੁ ਆਵੈ ਤੋਟਾ ।

ਸੱਚ ਲਾਹੇ ਦਾ ਵਣਜ ਹੈ, ਕੂੜ ਦੇ ਵਣਜ ਥੋਂ ਤੋਟਾ ਹੀ ਆਉਂਦਾ ਹੈ।

ਸਚੁ ਖਰਾ ਸਾਬਾਸਿ ਹੈ ਕੂੜੁ ਨ ਚਲੈ ਦਮੜਾ ਖੋਟਾ ।

ਸੱਚ ਖਰਾ ਹੈ, ਹਰ ਕੋਈ ਸ਼ਾਬਾਸ਼ ਕਹਿੰਦਾ ਹੈ, ਕੂੜ ਖੋਟੇ ਰੁਪਏ ਵਾਂਙੂ (ਬਾਜ਼ਾਰ) ਨਹੀਂ ਚੱਲਦਾ।

ਤਾਰੇ ਲਖ ਅਮਾਵਸੈ ਘੇਰਿ ਅਨੇਰਿ ਚਨਾਇਣੁ ਹੋਟਾ ।

ਲੱਖਾਂ ਤਾਰੇ ਅਮਾਵਸ ਦੀ ਰਾਤ ਨੂੰ ਹੁੰਦੇ ਹਨ ਹਨੇਰੇ ਦੇ ਘੇਰ ਵਿਚ ('ਚਾਨਾਇਣ ਹੋਟਾ') ਚਾਨਣ ਹਟਿਆ (ਜਾਂ ਢੱਕਿਆ) ਰਹਿੰਦਾ ਹੈ।

ਸੂਰਜ ਇਕੁ ਚੜ੍ਹੰਦਿਆ ਹੋਇ ਅਠ ਖੰਡ ਪਵੈ ਫਲਫੋਟਾ ।

(ਪਰੰਤੂ) ਇਕ ਸੂਰਜ ਦੇ ਚੜ੍ਹਨ ਨਾਲ ਅੱਠ ਖੰਡ ਹੋਕੇ ਅਰਥਾਤ ਅੱਠ ਟੁਕੜੇ ਹੋਕੇ ('ਫਲ ਫੋਟਾ') ਫੁਟ ਪੈਂਦਾ ਹੈ (ਭਾਵ ਛਿਪ ਜਾਂਦਾ ਹੈ, ਕਿਉਂ ਜੋ

ਕੂੜੁ ਸਚੁ ਜਿਉਂ ਵਟੁ ਘੜੋਟਾ ।੭।

ਕੂੜ ਤੇ ਸੱਚ ਦਾ ('ਵੱਟ ਘੜੋਟਾ') ਘੜੇ ਵੱਟੇ ਵਾਲਾ ਵੈਰ ਹੈ।

ਪਉੜੀ ੮

ਸੁਹਣੇ ਸਾਮਰਤਖ ਜਿਉ ਕੂੜੁ ਸਚੁ ਵਰਤੈ ਵਰਤਾਰਾ ।

ਕੂੜ ਅਤੇ ਸੱਚ ਦਾ ਵਰਤਾਰਾ ਸੁਪਨੇ ਅਤੇ ਪ੍ਰਤੱਖ ਵਾਂਗੂੰ ਵਰਤਦਾ ਹੈ (ਅਰਥਾਤ ਕੂੜ ਸੁਪਨਾ ਤੇ ਸੱਚ ਪ੍ਰਤੱਖ ਹੀ ਖੇਲ ਹੈ)।

ਹਰਿਚੰਦਉਰੀ ਨਗਰ ਵਾਂਗੁ ਕੂੜੁ ਸਚੁ ਪਰਗਟੁ ਪਾਹਾਰਾ ।

ਕੂੜ ਗੰਧਰਬ ਨਗਰੀ ਹੈ ਅਰ ਸੱਚ ਪ੍ਰਗਟ ਪਹਾੜ ਵਾਂਙੂ ਹੈ।

ਨਦੀ ਪਛਾਵਾਂ ਮਾਣਸਾ ਸਿਰ ਤਲਵਾਇਆ ਅੰਬਰੁ ਤਾਰਾ ।

ਮਨੁੱਖਾਂ ਨੂੰ ਨਦੀ ਵਿਖੇ ਆਕਾਸ ਦੇ ਸਿਰ ਤਲਵਾਏ ਤਾਰੇ (ਦਾ ਪ੍ਰਤੀਬਿੰਬ ਅਸਲ ਤਾਰੇ ਦੇ ਤੁੱਲ ਨਹੀਂ ਹੋ ਸਕਦਾ)।

ਧੂਅਰੁ ਧੁੰਧੂਕਾਰੁ ਹੋਇ ਤੁਲਿ ਨ ਘਣਹਰਿ ਵਰਸਣਹਾਰਾ ।

ਧੂੰਏ ਵਿਚ (ਨਿਰਾ) ਹਨੇਰਾ ਹੁੰਦਾ ਹੈ (ਝੂਠ ਨਿਰੀ ਗੱਪ ਹੁੰਦਾ ਹੈ) ਇਹ ਧੂੰਆ, ਵੱਸਣ ਵਾਲੇ ਬੱਦਲ (ਸੱਚ) ਦੀ ਬਰਾਬਰੀ ਨਹੀਂ ਕਰ ਸਕਦਾ।

ਸਾਉ ਨ ਸਿਮਰਣਿ ਸੰਕਰੈ ਦੀਪਕ ਬਾਝੁ ਨ ਮਿਟੈ ਅੰਧਾਰਾ ।

ਸ਼ੱਕਰ ਦੇ ਯਾਦ ਕਰਨ ਥੋਂ (ਮਿੱਠਾ) ਸੁਆਦ ਨਹੀਂ ਆਉਂਦਾ, ਦੀਵੇ ਬਾਝ ਹਨੇਰਾ ਨਹੀਂ ਮਿਟਦਾ।

ਲੜੈ ਨ ਕਾਗਲਿ ਲਿਖਿਆ ਚਿਤੁ ਚਿਤੇਰੇ ਸੈ ਹਥੀਆਰਾ ।

ਕਾਗਦ ਪਰ ਲਿਖੇ ਹੋਏ (ਸਿਪਾਹੀ ਭਾਵ ਮੂਰਤੀ) ਲੜ ਨਹੀਂ ਸਕਦੇ ਭਾਵੇਂ ਚਿਤੇਰਾ ਨਾਲ ਸੈਂਕੜੇ ਹਥਿਆਰ ਚਿੱਤਰ ਦੇਵੇ।

ਸਚੁ ਕੂੜੁ ਕਰਤੂਤਿ ਵੀਚਾਰਾ ।੮।

ਸੱਚ ਕੂੜ ਦੀ ਕਰਤੂਤ ਦੀ ਇਹ ਵੀਚਾਰ ਹੈ।

ਪਉੜੀ ੯

ਸਚੁ ਸਮਾਇਣੁ ਦੁਧ ਵਿਚਿ ਕੂੜ ਵਿਗਾੜੁ ਕਾਂਜੀ ਦੀ ਚੁਖੈ ।

ਸੱਚ ਦੁੱਧ ਵਿਚ ਜਾਗ (ਵਾਂਙੂੰ) ਹੈ, ਕੜ ਕਾਂਜੀ ਦੀ ਚੁੱਖ ਵਾਂਙੂੰ ਵਿਗਾੜ ਕਰਨ ਵਾਲਾ ਹੈ (ਜਾਗ ਜਮਾਉਂਦੀ, ਕਾਂਜੀ ਫਿਟਾਉਂਦੀ ਹੈ)।

ਸਚੁ ਭੋਜਨੁ ਮੁਹਿ ਖਾਵਣਾ ਇਕੁ ਦਾਣਾ ਨਕੈ ਵਲਿ ਦੁਖੈ ।

ਸੱਚ ਦਾ ਬੋਲਣਾ, ਮੂੰਹ ਦੇ ਰਸਤੇ ਭੋਜਨ ਖਾਣਾ ਹੈ, (ਪਰ ਕੂੜ ਦਾ) ਇਕ ਦਾਣਾ ਬੀ ਨੱਕੋਂ ਖਾਣਾ ਦੁਖਦਾ ਹੈ (ਭਾਵ ਰੰਚਕ ਮਾਤ੍ਰ ਝੂਠ ਬੀ ਦੁਖਦਾਈ ਹੈ)।

ਫਲਹੁ ਰੁਖ ਰੁਖਹੁ ਸੁ ਫਲੁ ਅੰਤਿ ਕਾਲਿ ਖਉ ਲਾਖਹੁ ਰੁਖੈ ।

ਫਲ ਥੋਂ ਬ੍ਰਿੱਛ, ਬ੍ਰਿੱਛ ਥੋਂ ਫਲ ਹੋ ਜਾਂਦਾ ਹੈ, (ਪਰੰਤੂ ਜੇਕਰ ਉਸੇ) ਬ੍ਰਿਛ (ਨੂੰ) ਲਾਖ (ਪੈ ਜਾਵੇ ਤਾਂ ਅੰਤ ਨੂੰ) ਨਾਸ਼ (ਹੋ ਜਾਂਦਾ) ਹੈ (ਜਿਹਾ ਕੁ 'ਕੂੜਹੁ ਕਰੇ ਵਿਣਾਸੁ ਧਰਮੇ ਤਗੀਐ')।

ਸਉ ਵਰਿਆ ਅਗਿ ਰੁਖ ਵਿਚਿ ਭਸਮ ਕਰੈ ਅਗਿ ਬਿੰਦਕੁ ਧੁਖੈ ।

ਬ੍ਰਿਛ ਵਿਖੇ ਸੌ ਵਰਹੇ (ਸਮਾਈ ਹੋਈ) ਅੱਗ ਰਹਿੰਦੀ ਹੈ, ਜੇਕਰ ਰਤੀਕੁ ਅੱਗ ਧੁਖਦੀ ਹੋਈ ਲਾ ਦੇਈਏ (ਤਦ ਉਸ ਨੂੰ) ਭਸਮ ਦਰ ਦਿੰਦੀ ਹੈ (ਭਾਵ ਸੱਚ ਦੀ ਅਗਨੀ ਜਠਰਾਗਨ ਵਾਂਗ ਉੱਨਤੀ ਕਰਦੀ ਹੈ ਅਰ ਕੂੜ ਧੁਖਦੀ ਅੱਗ ਵਾਂਗੂੰ ਨਾਸ਼ ਕਰਦਾ ਹੈ)।

ਸਚੁ ਦਾਰੂ ਕੂੜੁ ਰੋਗੁ ਹੈ ਵਿਣੁ ਗੁਰ ਵੈਦ ਵੇਦਨਿ ਮਨਮੁਖੈ ।

ਕੂੜ ਰੋਗ ਦੇ ਬਰਾਬਰ ਹੈ, ਸੱਚ ਦਾਰੂ ਹੈ, ਗੁਰੂ ਵੈਦ ਦੇ ਬਾਝ ਮਨਮੁਖ ਨੂੰ ('ਵੇਦਨ') ਪੀੜ ਬਣੀ ਰਹਿੰਦੀ ਹੈ (ਕਿਉਂ ਜੋ ਸੱਚ ਦੀ ਔਖਧੀ ਗੁਰੂ ਘਰ ਵਿਚ ਹੈ)।

ਸਚੁ ਸਥੋਈ ਕੂੜ ਠਗੁ ਲਗੈ ਦੁਖੁ ਨ ਗੁਰਮੁਖਿ ਸੁਖੈ ।

ਸਚ ਸਾਥੀ ਹੈ, ਕੂੜ ਠੱਗ ਹੈ (ਉਹ ਬਚਾਉਂਦਾ, ਇਹ ਲੁਟਦਾ ਹੈ), (ਪਰ) ਗੁਰਮੁਖਾਂ ਨੂੰ ਕਦੇ ਬੀ ਦੁਖ ਨਹੀਂ ਲਗਦਾ, (ਸਦਾ) ਸੁਖੀ ਰਹਿੰਦੇ ਹਨ (ਕਿਉਂ ਜੋ ਸੱਚ ਉਨ੍ਹਾਂ ਦੀ ਸਹਾਇਤਾ ਕਰਦਾ ਹੈ)।

ਕੂੜੁ ਪਚੈ ਸਚੈ ਦੀ ਭੁਖੈ ।੯।

ਕੂੜੇ ਆਦਮੀ ਸੜਦੇ ਰਹਿੰਦੇ ਹਨ ('ਸਚੈ ਦੀ ਭੂਖੈ') ਸਚਿਆਰਾਂ ਦੀ (ਸਭ) ਨੂੰ ਚਾਹ ਲਗੀ ਰਹਿੰਦੀ ਹੈ (ਭਾਵ ਜਿਥੇ ਜਾਣ ਆਦਰ ਤੇ ਮਾਨ ਪਾਉਂਦੇ ਹਨ, ਕੂੜੇ ਤ੍ਰਿਸਕਾਰ ਤੇ ਅਨਾਦਰ)

ਪਉੜੀ ੧੦

ਕੂੜੁ ਕਪਟ ਹਥਿਆਰ ਜਿਉ ਸਚੁ ਰਖਵਾਲਾ ਸਿਲਹ ਸੰਜੋਆ ।

ਝੂਠ ਕਪਟ ਦੇ ਸ਼ਸਤ੍ਰ ਹਨ, ਸੱਚ ਲੋਹੇ ਦੇ ਸੰਜੋਅ (ਕਵਚ) ਵਾਂਙ (ਸਰੀਰ ਦਾ) ਰਖਵਾਲਾ ਹੈ।

ਕੂੜੁ ਵੈਰੀ ਨਿਤ ਜੋਹਦਾ ਸਚੁ ਸੁਮਿਤੁ ਹਿਮਾਇਤਿ ਹੋਆ ।

ਕੂੜ ਵੈਰੀਆਂ ਵਾਂਙ ਨਿਤ ਤਾੜਦਾ ਹੈ, ਸੱਚ ਭਲੇ ਮਿੱਤ੍ਰਾਂ ਵਾਂਗੂੰ ਹਿਮਾਇਤ ਕਰਦਾ ਹੈ।

ਸੂਰਵੀਰੁ ਵਰੀਆਮੁ ਸਚੁ ਕੂੜੁ ਕੁੜਾਵਾ ਕਰਦਾ ਢੋਆ ।

ਸੱਚ ਸੂਰਬੀਰਾਂ ਤੇ ਵਰਿਆਮਾਂ (ਵਿਚੋ ਅਤਿਰਥੀ ਸੂਰਮਾ ਹੈ), ਕੂੜ ਝੂਠਾ ਹੀ ('ਢੋਆ') ਮਿਲਾਪ ਕਰਦਾ ਹੈ।

ਨਿਹਚਲੁ ਸਚੁ ਸੁਥਾਇ ਹੈ ਲਰਜੈ ਕੂੜੁ ਕੁਥਾਇ ਖੜੋਆ ।

ਸੱਚ, ਨਿਹਚਲ ਅਤੇ ਭਲੀ ਥਾਉਂ (ਆਸ਼੍ਰਯ ਵਾਲੀ) ਹੈ, ਕੂੜ ਭੈੜੀ ਥਾਉਂ (ਉਪਰ) ਖੜੋਤਾ ਕੰਬ ਰਿਹਾ ਹੈ।

ਸਚਿ ਫੜਿ ਕੂੜੁ ਪਛਾੜਿਆ ਚਾਰਿ ਚਕ ਵੇਖਨ ਤ੍ਰੈ ਲੋਆ ।

ਸੱਚ' (ਅਰਥਾਤ ਸੱਚ) ਬੋਲਣਹਾਰਾ) ਕੂੜੇ ਨੂੰ ਫੜਕੇ ਧਰਤੀ ਪੁਰ ਸਿੱਟ ਦੇਂਦਾ ਹੈ, ਚਾਰ ਚੱਕਾਂ ਥੋਂ ਆਕੇ ਤ੍ਰਿਲੋਕੀ (ਦੇ ਲੋਕ) ਦੇਖਦੇ ਹਨ।

ਕੂੜੁ ਕਪਟੁ ਰੋਗੀ ਸਦਾ ਸਚੁ ਸਦਾ ਹੀ ਨਵਾਂ ਨਿਰੋਆ ।

ਕੂੜਾ ਅਤੇ ਕਪਟੀ ਪੁਰਖ ਸਦਾ ਰੋਗੀ ਰਹਿੰਦਾ ਹੈ, ਸੱਚ ਸਦਾ ਨਵਾਂ ਨਿਰੋਆ ਹੈ (ਭਾਵ ਦੁਖ ਦਾ ਲੇਪ ਨਈਂ ਲੱਗਦਾ)।

ਸਚੁ ਸਚਾ ਕੂੜੁ ਕੂੜੁ ਵਿਖੋਆ ।੧੦।

ਗੱਲ ਕੀ ਸੱਚ ਸੱਚਾ ਹੈ, ਕੂੜ ਝੂਠਾ ਹੀ ਦੇਖੀਦਾ ਹੈ। (ਯਥਾ-'ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ')।

ਪਉੜੀ ੧੧

ਸਚੁ ਸੂਰਜੁ ਪਰਗਾਸੁ ਹੈ ਕੂੜਹੁ ਘੁਘੂ ਕੁਝੁ ਨ ਸੁਝੈ ।

ਸੱਚ ਦਾ ਸੂਰਜ ਵਾਂਙ ਪ੍ਰਕਾਸ਼ ਹੈ, ਕੂੜ ਉੱਲੂ ਨੂੰ ਕੁਝ ਨਹੀਂ ਸੁੱਝਦਾ (ਭਾਵ ਦਿਨੇ ਅੰਨ੍ਹਾ ਹੋ ਜਾਂਦਾ ਹੈ)। (ਪਾਠਾਂਤ੍ਰ 'ਸੁਝ ਨ ਸੁਝੈ'=ਅਰਥਾਤ ਚਾਨਣਾ (ਸੂਰਜ) ਨਜ਼ਰ ਨਹੀਂ ਆਉਂਦਾ)।

ਸਚ ਵਣਸਪਤਿ ਬੋਹੀਐ ਕੂੜਹੁ ਵਾਸ ਨ ਚੰਦਨ ਬੁਝੈ ।

ਸੱਚ (ਓਹ) ਵਣਾਸਪਤੀ ਹੈ (ਜੋ ਚੰਦਨ ਨਾਲ ਮਿਲਕੇ ਚੰਦਨ ਹੁੰਦੀ ਹੈ, ਕੂੜ ਵਾਂਸ ਦੇ ਸਮਾਨ ਹੈ (ਜੋ ਕਦੇ) ਚੰਦਨ ਨਹੀਂ ਸਮਝਿਆ ਜਾਂਦਾ।

ਸਚਹੁ ਸਫਲ ਤਰੋਵਰਾ ਸਿੰਮਲੁ ਅਫਲੁ ਵਡਾਈ ਲੁਝੈ ।

ਸੱਚ (ਬੋਲਣ ਥੋਂ ਪ੍ਰਾਣੀ) ਸਫਲ ਬ੍ਰਿਛ ਹੋ ਜਾਂਦਾ ਹੈ, (ਗਿਆਨ ਵੈਰਾਗਾਦਿਕ ਫਲ ਲਗਦੇ ਹਨ) (ਕੂੜਾ ਪ੍ਰਾਣੀ) ਸਿੰਮਲ ਵਾਂਗ ਅਫਲ ਰਹਿਕੇ (ਆਪਣੀ) ਵਡਾਈ ਵਿਚ ਹੀ ਸੜਦਾ ਹੈ।

ਸਾਵਣਿ ਵਣ ਹਰੀਆਵਲੇ ਸੁਕੈ ਅਕੁ ਜਵਾਹਾਂ ਰੁਝੈ ।

ਸਾਵਣ ਵਿਖੇ ਬ੍ਰਿਛ ਹਰੇ ਭਰੇ ਹੋ ਜਾਂਦੇ ਹਨ, ਪਰ ਅੱਕ ਅਤੇ ਜਵਾਂਹੇ (ਦੇ ਬੂਟੇ 'ਰੂਝੈ' ਗੁੱਸੇ ਦੀ ਅੱਗ ਨਾਲ ਅੰਦਰੋਂ ਅੰਦਰ ਸੜਕੇ ਸੁੱਕ ਜਾਂਦੇ ਹਨ।

ਮਾਣਕ ਮੋਤੀ ਮਾਨਸਰਿ ਸੰਖਿ ਨਿਸਖਣ ਹਸਤਨ ਦੁਝੈ ।

ਮਾਨ ਸਰੋਵਰ ਵਿਖੇ ਮਾਣਕ ਮੋਤੀ (ਆਦਿਕ ਅਮੋਲਕ ਚੀਜ਼ਾਂ ਹਨ), ਸੰਖ ਖਾਲੀ ਰਹਿਕੇ ਹੱਥਾਂ ਵਿਚ ਨਪੀੜੀਦੇ ਹਨ (ਅਥਵਾ ਹੱਥਾਂ ਵਿਚ ਘੁਟਕੇ ਵਜਾਈਦੇ ਹਨ)।

ਸਚੁ ਗੰਗੋਦਕੁ ਨਿਰਮਲਾ ਕੂੜਿ ਰਲੈ ਮਦ ਪਰਗਟੁ ਗੁਝੈ ।

ਸੱਚ (ਅਰਥਾਤ ਸਚਿਆਰ ਪ੍ਰਾਣੀ) ਗੰਗਾ ਦੇ ਪਾਣੀ ਵਾਂਗੂੰ ਨਿਰਮਲ ਹੈ, ਕੂੜ ਦੀ ਮਦਰਾ ਛਿਪਾਕੇ ਰਲਾਈਏ (ਤਦ ਭੀ) ਪਰਗਟ ਹੋ ਜਾਂਦੀ ਹੈ।

ਸਚੁ ਸਚਾ ਕੂੜੁ ਕੂੜਹੁ ਖੁਜੈ ।੧੧।

(ਸਿਧਾਂਤ) ਸੱਚ ਸੱਚਾ ਹੈ ਕੂੜ (ਕੂੜ ਹੀ ਹੈ ਅਰ) ਕੂੜ ਥੋਂ (ਭਾਵ ਆਪੇ ਹੀ ਸ਼ਰਾਬ ਵਾਂਗ) ਬੁੱਝੀਆ ਜਾਂਦਾ ਹੈ।

ਪਉੜੀ ੧੨

ਸਚੁ ਕੂੜ ਦੁਇ ਝਾਗੜੂ ਝਗੜਾ ਕਰਦਾ ਚਉਤੈ ਆਇਆ ।

ਸੱਚਾ ਅਤੇ ਝੂਠਾ ਦੋਵੇਂ ਝਾਗੜੂ (ਮੁਦਈ ਮੁਦਾਲੈ) ਹੋ ਕੇ ਨ੍ਯਾਇ ਸਭਾ ਦੇ ਚਬੂਤਰੇ ਆਉਂਦੇ ਹਨ।

ਅਗੇ ਸਚਾ ਸਚਿ ਨਿਆਇ ਆਪ ਹਜੂਰਿ ਦੋਵੈ ਝਗੜਾਇਆ ।

ਅੱਗੇ ਸੱਚਾ (ਹਾਕਮ) ਸੱਚਾ ਨਿਆਉਂ ਕਰਦਾ ਹੈ, ਆਪਣੇ ਹਜ਼ੂਰ ਦੋਹਾਂ ਦੇ ਇਜ਼ਹਾਰ ਲੈਂਦਾ ਹੈ।

ਸਚੁ ਸਚਾ ਕੂੜਿ ਕੂੜਿਆਰੁ ਪੰਚਾ ਵਿਚਿਦੋ ਕਰਿ ਸਮਝਾਇਆ ।

ਸੱਚਾ ਪ੍ਰਾਣੀ ਸੱਚਾ ਹੀ ਨਿਕਲਦਾ ਹੈ, ਝੂਠਾ ਕੂੜਿਆਰ ਹੀ ਨਿਕਲਦਾ ਹੈ, ਪੰਚ ਲੋਕ (ਵਿਚਦੋ) ਵਕੀਲਗੀ ਕਰ ਕੇ ਸਮਝਾਉਂਦੇ ਹਨ।

ਸਚਿ ਜਿਤਾ ਕੂੜਿ ਹਾਰਿਆ ਕੂੜੁ ਕੂੜਾ ਕਰਿ ਸਹਰਿ ਫਿਰਾਇਆ ।

ਸੱਚਾ ਜਿੱਤ ਜਾਂਦਾ ਹੈ, ਕੂੜਾ ਹਾਰ ਜਾਂਦਾ ਹੈ, (ਇਸ ਲਈ) ਝੂਠੇ ਨੂੰ ਝੂਠਾ ਕਰ ਕੇ ਸਾਰੇ ਸ਼ਹਿਰ ਵਿਖੇ ਡੌਂਡੀ ਵਜਦੀ ਹੈ (ਕਿ ਇਸ ਕੂੜਿਆਰ ਨਾਲ ਕੋਈ ਲੈਣ ਦੇਣ ਨਾ ਰੱਖੇ)।

ਸਚਿਆਰੈ ਸਾਬਾਸਿ ਹੈ ਕੂੜਿਆਰੈ ਫਿਟੁ ਫਿਟੁ ਕਰਾਇਆ ।

ਸਚਿਆਰ ਨੂੰ ਸ਼ਾਬਾਸ਼ ਮਿਲਦੀ ਹੈ, ਕੂੜਿਆਰ ਨੂੰ ਫਿੱਟੇ ਮੂੰਹ ਆਖਕੇ ਧਿਕਾਰਾਂ ਕਰਦੇ ਹਨ।

ਸਚ ਲਹਣਾ ਕੂੜਿ ਦੇਵਣਾ ਖਤੁ ਸਤਾਗਲੁ ਲਿਖਿ ਦੇਵਾਇਆ ।

ਸੱਚਾ ਲਹਿਣੇਦਾਰ ਤੇ ਕੂੜਾ ਦੇਵਣਹਾਰ ਨਿਕਲਦਾ ਹੈ (ਪੰਚ ਲੋਕ) ਸੱਤਾਂ ਗਵਾਹੀਆਂ ਨਾਲ ਇਕ ਖਤ ਲਿਖਾਕੇ (ਸੱਚੇ ਦੇ ਹੱਥ) ਦਿੰਦੇ ਹਨ।

ਆਪ ਠਗਾਇ ਨ ਠਗੀਐ ਠਗਣਹਾਰੈ ਆਪੁ ਠਗਾਇਆ ।

ਆਪਣੇ ਠੱਗਿਆਂ ਕੋਈ ਨਹੀਂ ਠੱਗੀਦਾ, ਸਗਮਾਂ ਠੱਗਣਹਾਰ ਆਪਣਾ ਆਪ ਠਗਾ ਬੈਠਦਾ ਹੈ (ਭਾਵ ਹੋਰਨਾਂ ਨੂੰ ਠੱਗਦਾ ਆਪ ਖੂਹ ਵਿਚ ਡਿੱਗ ਪੈਂਦਾ ਹੈ)।

ਵਿਰਲਾ ਸਚੁ ਵਿਹਾਝਣ ਆਇਆ ।੧੨।

ਵਿਰਲਾ (ਪੁਰਖ) ਸਚ ਦੇ ਖਰੀਦਣ ਲਈ ਆਇਆ ਹੈ।

ਪਉੜੀ ੧੩

ਕੂੜੁ ਸੁਤਾ ਸਚੁ ਜਾਗਦਾ ਸਚੁ ਸਾਹਿਬ ਦੇ ਮਨਿ ਭਾਇਆ ।

ਕੂੜ' ਸੁੱਤਾ ਹੋਇਆ ਅਰ ਸੱਚ 'ਜਾਗਦਾ' (ਸਾਵਧਾਨ) ਰਹਿੰਦਾ ਹੈ (ਅਰ) ਸਚ ਸੱਚੇ ਸਾਹਿਬ (ਅਕਾਲ ਪੁਰਖ) ਦੇ ਮਨ ਵਿਖੇ ਭਾਉਂਦਾ ਹੈ।

ਸਚੁ ਸਚੈ ਕਰਿ ਪਾਹਰੂ ਸਚ ਭੰਡਾਰ ਉਤੇ ਬਹਿਲਾਇਆ ।

ਸੱਚੇ (ਵਾਹਿਗੁਰੂ) ਨੇ ਸੱਚ ਨੂੰ ਪਹਿਰੇਦਾਰ ਕਰ ਕੇ ਸੱਚੇ ਦੇ ਭੰਡਾਰ ਉਤੇ ਬੈਠਾਇਆ ਹੈ (ਭਾਵ ਨਾਮ ਦਾ ਕੜਛਾ ਵਰਤਾ ਰਿਹਾ ਹੈ)।

ਸਚੁ ਆਗੂ ਆਨ੍ਹੇਰ ਕੂੜ ਉਝੜਿ ਦੂਜਾ ਭਾਉ ਚਲਾਇਆ ।

ਸਚ' ਆਗੂ ਹੈ 'ਕੂੜ' ਆਪ ਹਨੇਰਾ ਹੈ ਅਰ ਲੋਕਾਂ ਨੂੰ ਦੂਜੇ ਭਾਉ ਦੇ ਉਜਾੜ ਵਿਚ ਪਾ ਦੇਂਦਾ ਹੈ।

ਸਚੁ ਸਚੇ ਕਰਿ ਫਉਜਦਾਰੁ ਰਾਹੁ ਚਲਾਵਣੁ ਜੋਗੁ ਪਠਾਇਆ ।

ਸੱਚੇ (ਅਕਾਲ ਪੁਰਖ) ਨੇ ਸੱਚ ਨੂੰ ਫੌਜਦਾਰ (ਹੁੱਦੇਦਾਰ) ਕਰ ਕੇ (ਸੱਚਾ) ਰਸਤਾ ਦੱਸਣ ਦੇ ਲਾਇਕ ਕਰ ਕੇ ਭੇਜਿਆ ਹੈ (ਜਿਹਾਕੁ ਕਲਿਕਾਲ ਦੇ ਉਧਾਰ ਲਈ “ਗੁਰੂ ਨਾਨਕ ਜਗ ਮਾਹਿ ਪਠਾਇਆ। “ ਇਥੇ ਆਕੇ ਕੀ ਕੀਤਾ?)।

ਜਗ ਭਵਜਲੁ ਮਿਲਿ ਸਾਧਸੰਗਿ ਗੁਰ ਬੋਹਿਥੈ ਚਾੜ੍ਹਿ ਤਰਾਇਆ ।

ਜਗਤ ਰੂਪ ਸਾਗਰ ਥੋਂ ਗੁਰੂ ਜੀ ਨੇ ਸਾਧਸੰਗਤ ਦੇ 'ਬੋਹਿਥ' (ਜਹਾਜ) ਪੁਰ ਚਾੜ੍ਹਕੇ (ਜੀਵਾਂ ਨੂੰ) ਤਾਰ ਦਿੱਤਾ ਹੈ।

ਕਾਮੁ ਕ੍ਰੋਧੁ ਲੋਭੁ ਮੋਹੁ ਫੜਿ ਅਹੰਕਾਰੁ ਗਰਦਨਿ ਮਰਵਾਇਆ ।

ਕਾਮਾਦਿ ਪੰਜ ਵਿਖਯ ਫੜਕੇ ਗਰਦਨੇ ਮਰਵਾ ਸਿੱਟੇ ਹਨ।

ਪਾਰਿ ਪਏ ਗੁਰੁ ਪੂਰਾ ਪਾਇਆ ।੧੩।

ਪੂਰਣ ਗੁਰੂ (ਗੁਰੂ ਨਾਨਕ ਨੂੰ ਜਿਨ੍ਹਾਂ ਨੇ) ਲੱਭ ਲੀਤਾ ਹੈ, (ਭਾਵ ਵਿਸ਼ਵਾਸ਼ ਕੀਤਾ ਹੈ, ਓਹ ਸੰਸਾਰ ਸਮੁੰਦ੍ਰੋਂ) ਪਾਰ ਹੋ ਗਏ ਹਨ।

ਪਉੜੀ ੧੪

ਲੂਣੁ ਸਾਹਿਬ ਦਾ ਖਾਇ ਕੈ ਰਣ ਅੰਦਰਿ ਲੜਿ ਮਰੈ ਸੁ ਜਾਪੈ ।

ਸਾਹਿਬ ਦਾ ਲੂਣ ਖਾਇਕੈ ਜੁੱਧ ਭੁਮਕਾ ਵਿਖੇ ਜੋ (ਸਿਪਾਹੀ) ਲੜ ਕੇ ਮਰੇ ਓਹ (ਨਿਮਕ ਹਲਾਲ) ਜਾਪਦਾ ਹੈ।

ਸਿਰ ਵਢੈ ਹਥੀਆਰੁ ਕਰਿ ਵਰੀਆਮਾ ਵਰਿਆਮੁ ਸਿਞਾਪੈ ।

(ਵਰੀਆਮਾ) ਬਹਾਦਰਾਂ ਦੇ ਸਿਰਾਂ ਨੂੰ ਹਥੀਆਰ ਮਾਰਕੇ ਵੱਢ ਸਿਟਦੇ ਹਨ (ਇਸ ਲਈ ਓਹ) 'ਵਰੀਆਮ' (ਆਪ ਬੀ ਬਹਾਦਰ) ਸਿਾਪਦੇ ਹਨ।

ਤਿਸੁ ਪਿਛੈ ਜੋ ਇਸਤਰੀ ਥਪਿ ਥੇਈ ਦੇ ਵਰੈ ਸਰਾਪੈ ।

ਤਿਸਦੇ ਪਿੱਛੇ ਜਿਹੜੀ ਇਸਤ੍ਰੀ (ਸਤੀ ਹੋਵੇ) ਪਰਵਾਰ ਥੇਈ ਥੱਪਦੇ ਹਨ (ਕਿ) ਵਰ ਸਰਾਪ ਦੇਂਦੀ ਹੈ (ਥੇਈ ਇਕ ਰੀਤਿ ਹੁੰਦੀ ਹੈ, ਜਿਸ ਵਿਖੇ ਸਤੀ ਦੇ ਟੱਬਰ ਦੇ ਲੋਕ ਦੁੱਧ ਚਾਵਲ ਰਿੰਨ੍ਹਕੇ ਪਹਿਲੇ ਸਤੀ ਦੀ ਭੇਟਾ ਕਰ ਕੇ ਪਿੱਛੋਂ ਆਪ ਖਾਂਦੇ ਹਨ, ਅਰ ਉਸ ਨੂੰ ਵਰ ਸਰਾਪ ਦੇਣਹਾਰ ਜਾਣਦੇ ਹਨ)।

ਪੋਤੈ ਪੁਤ ਵਡੀਰੀਅਨਿ ਪਰਵਾਰੈ ਸਾਧਾਰੁ ਪਰਾਪੈ ।

(ਸਤੀ ਦੇ) ਪੁੱਤ੍ਰ ਪੋਤ੍ਰੇ ਵਡਿਆਈਦੇ ਹਨ, ਸਾਰੇ ਪਰਵਾਰ ਨੂੰ ਲਾਭ ਪੁੱਜਦਾ ਹੈ (ਭਾਵ ਸਤੀ ਦੀ ਉਲਾਦ ਮੰਨੀ ਜਾਂਦੀ ਹੈ)। (ਸਚੇ ਸੂਰਮੇ ਅਤੇ ਸਚੇ ਸਤੀ ਹੋਣਾ ਕਿਹੜਾ ਹੈ?)।

ਵਖਤੈ ਉਪਰਿ ਲੜਿ ਮਰੈ ਅੰਮ੍ਰਿਤ ਵੇਲੈ ਸਬਦੁ ਅਲਾਪੈ ।

ਵਖਤ ਦੇ ਉਪਰ ਲੜ ਮਰੇ (ਝਖੜੁ ਝਾਗੀ ਮੀਹੁ ਵਰਸੈ ਭੀ ਗੁਰੂ ਦੇਖਣ ਜਾਇ॥') ਅੰਮ੍ਰਿਤ ਵੇਲੇ ਗੁਰੂ ਦੀ ਬਾਣੀ ਦਾ ਅਲਾਪ ਕਰੇ (ਏਹ ਸਤਿਸੰਗ ਦੇ ਸੂਰਮੇ ਹਨ)।

ਸਾਧਸੰਗਤਿ ਵਿਚਿ ਜਾਇ ਕੈ ਹਉਮੈ ਮਾਰਿ ਮਰੈ ਆਪੁ ਆਪੈ ।

ਸਾਧ ਸੰਗਤ ਵਿਖੇ ਜਾਕੇ ਹਉਮੈ ਨੂੰ ਮਾਰ ਕੇ ਤੇ ਆਪਾ ਭਾਵ ਨੂੰ ਮਾਰਕੇ ਜਾਂਦੇ ਹਨ (ਇਹ ਸਤਿਸੰਗ ਦਾ ਸਚੇ ਸਤੀ ਹੋਣਾ ਹੈ)।

ਲੜਿ ਮਰਣਾ ਤੈ ਸਤੀ ਹੋਣੁ ਗੁਰਮੁਖਿ ਪੰਤੁ ਪੂਰਣ ਪਰਤਾਪੈ ।

(ਜੁੱਧ ਵਿਖੇ) ਲੜ ਮਰਨਾ ਅਰ (ਪਤੀ ਨਾਲ) ਸਤੀ ਹੋਣਾ ਗੁਰਮੁਖਾਂ ਦੇ ਪੰਥ ਵਿਖੇ (ਉਪਰ ਕਹੀਆਂ ਤੁਕਾਂ ਵਾਂਗੂੰ ਐਉਂ) ਪੂਰਨ ਪ੍ਰਤਾਪ ਵਾਲਾ ਹੈ (ਭਾਵ ਧਰਮ ਵਾਂਗੂੰ ਅਟਲ ਪਰਤਾਪ ਵਾਲਾ ਹੈ, ਇਤਰ ਸਤੀਆਂ ਅਗ੍ਯਾਨ ਅਰ ਸੂਰਮੇ ਹੰਕਾਰ ਆਸਰੇ ਮਰਦੇ ਹਨ, ਪਰ ਗੁਰਮੁਖ ਸੂਰਮੇ ਤੇ ਸਤੀ ਹਉਮੈਂ ਤੋਂ ਮਰਕੇ ਅਟੱਲ ਪਦ ਨੂੰ ਪਹੁੰਚਦੇ ਹਨ)।

ਸਚਿ ਸਿਦਕ ਸਚ ਪੀਰੁ ਪਛਾਪੈ ।੧੪।

(ਜਿਸ ਵਿਖੇ) ਸੱਚਾ ਸਿਦਕ ਭਰੋਸਾ ਹੈ, (ਉਹੀ) ਸਚਾ ਪੀਰ ਪਛਾਣੀਦਾ ਹੈ, (ਸੱਚਾ ਪੀਰ ਇਕ ਗੁਰੂ ਨਾਨਕ ਦਾ ਹੀ ਅਵਤਾਰ ਹੈ)।

ਪਉੜੀ ੧੫

ਨਿਹਚਲੁ ਸਚਾ ਥੇਹੁ ਹੈ ਸਾਧਸੰਗੁ ਪੰਜੇ ਪਰਧਾਨਾ ।

ਸਾਧ ਸੰਗਤ (ਰੂਪੀ) ਨਗਰ ਸੱਚਾ ਤੇ ਅਟੱਲ ਹੈ, (ਕਿਉਂ ਜੋ ਉਸ ਵਿਖੇ) ਪੰਜ ਗੁਣਾਂ ਦੀ ਪਰਧਾਨਤਾ ਹੈ, (ਓਹ ਪੰਜ ਗੁਣ ਕਿਹੜੇ ਹਨ?)

ਸਤਿ ਸੰਤੋਖੁ ਦਇਆ ਧਰਮੁ ਅਰਥੁ ਸਮਰਥੁ ਸਭੋ ਬੰਧਾਨਾ ।

ਸਤਿ, ਸੰਤੋਖ, ਦਇਆ, ਧਰਮ ਅਤੇ ਅਰਥ ਦੇ ਸਾਰੇ 'ਬੰਧਾਨ' ਸਮਰੱਥ ਹਨ (ਭਾਵ ਯੋਗ ਸਰੰਜਾਮ ਕੀਤੇ ਹੋਏ ਹਨ)

ਗੁਰ ਉਪਦੇਸੁ ਕਮਾਵਣਾ ਗੁਰਮੁਖਿ ਨਾਮੁ ਦਾਨੁ ਇਸਨਾਨਾ ।

ਗੁਰੂ ਉਪਦੇਸ਼ ਨੂੰ ਦ੍ਰਿੜ ਕਰ ਕੇ ਗੁਰਮੁਖ ਲੋਕ ਨਾਮ, ਦਾਨ ਇਸ਼ਨਾਨ (ਤਿੰਨੇ ਕੰਮ) ਪੂਰੇ ਨਿਬਾਹੁੰਦੇ ਹਨ।

ਮਿਠਾ ਬੋਲਣੁ ਨਿਵਿ ਚਲਣੁ ਹਥਹੁ ਦੇਣ ਭਗਤਿ ਗੁਰ ਗਿਆਨਾ ।

ਮਿੱਠਾ ਬੋਲਦੇ, ਨਿੰਮ੍ਰੀ ਭੂਤ ਰਹਿੰਦੇ, ਹਥੋਂ ਦਾਨ ਕਰਦੇ, ਗੁਰੂ ਭਗਤੀ ਤੇ ਗ੍ਯਾਨ (ਆਰੂਢ) ਰਹਿੰਦੇ ਹਨ। (ਫਲ ਕੀ ਹੁੰਦਾ ਹੈ?)

ਦੁਹੀ ਸਰਾਈ ਸੁਰਖ ਰੂ ਸਚੁ ਸਬਦੁ ਵਜੈ ਨੀਸਾਨਾ ।

ਲੋਕ ਪਰਲੋਕ ਵਿਖੇ ਸੁਰਖਰੂ (ਪਤ ਦੇ ਸੰਜੁਗਤ ਰਹਿੰਦੇ) (ਉਨ੍ਹਾਂ ਲਈ) ਸੱਚੇ ਸ਼ਬਦ ਦੇ ਨਗਾਰੇ ਵਜਦੇ ਹਨ।

ਚਲਣੁ ਜਿੰਨ੍ਹੀ ਜਾਣਿਆ ਜਗ ਅੰਦਰਿ ਵਿਰਲੇ ਮਿਹਮਾਨਾ ।

ਜਿਨ੍ਹਾਂ ਨੇ ਚਲਣਾ (ਅਰਥਾਤ ਸੰਸਾਰ ਫਾਨੀ ਥੋਂ ਕੂਚ ਕਰਨਾ ਸੱਚ) ਜਾਤਾ ਹੈ (ਓਹ) ਪ੍ਰਾਹੁਣੇ ਸੰਸਾਰ ਵਿਚ ਵਰਲੇ ਹਨ (ਯਥਾ “ਤੇਰਾ ਜਨੁ ਏਕੁ ਆਧਿ ਕੋਈ”)।

ਆਪ ਗਵਾਏ ਤਿਸੁ ਕੁਰਬਾਨਾ ।੧੫।

ਆਪਾ ਭਾਉ ਗਵਾਉਣ ਵਾਲਿਆਂ ਥੋਂ ਮੈਂ ਬਲਿਹਾਰ ਜਾਂਦਾ ਹਾਂ ('ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ')।

ਪਉੜੀ ੧੬

ਕੂੜ ਅਹੀਰਾਂ ਪਿੰਡੁ ਹੈ ਪੰਜ ਦੂਤ ਵਸਨਿ ਬੁਰਿਆਰਾ ।

ਲੁਟੇਰਿਆਂ ਦਾ ਪਿੰਡ ਝੂਠਾ ਹੈ, (ਕਿਉਂ ਜੋ) ਪੰਜ ਦੂਤ ਬੁਰੇ ਦੇ ਕਰਣਹਾਰੇ ਉਥੇ ਨਿਵਾਸ ਰਖਦੇ ਹਨ।

ਕਾਮ ਕਰੋਧੁ ਵਿਰੋਧੁ ਨਿਤ ਲੋਭ ਮੋਹ ਧ੍ਰੋਹੁ ਅਹੰਕਾਰਾ ।

ਕਾਮ, ਕ੍ਰੋਧ ਤੇ ਵਿਰੋਧ ਦੇ ਝਗੜੇ ਨਿਤ ਰਹਿੰਦੇ ਹਨ, ਲੋਭ ਮੋਹਾਦਿਕ ਕਈ ਵਿਖਯ ਧ੍ਰੋਹ ਕਰਦੇ ਹਨ।

ਖਿੰਜੋਤਾਣੁ ਅਸਾਧੁ ਸੰਗੁ ਵਰਤੈ ਪਾਪੈ ਦਾ ਵਰਤਾਰਾ ।

ਅਸਾਧਾਂ ਦੀ ਸੰਗਤ ਵਿਖੇ 'ਖਿੰਜੋਤਾਣ' (ਦੁਖ) ਬਣਿਆ ਰਹਿੰਦਾ ਹੈ, (ਕਿਉਂ ਜੋ ਉਥੇ) ਪਾਪ ਦਾ ਵਰਤਾਰਾ ਵਰਤਦਾ ਹੈ।

ਪਰ ਧਨ ਪਰ ਨਿੰਦਾ ਪਿਆਰੁ ਪਰ ਨਾਰੀ ਸਿਉ ਵਡੇ ਵਿਕਾਰਾ ।

ਪਰਾਏ ਧਨ, ਪਰਾਈ ਨਿੰਦਾ, ਪਰਾਈ ਇਸਤ੍ਰੀ ਦੇ ਪ੍ਯਾਰ ਨਾਲ ਵਿਕਾਰ (ਪਾਪ) ਵਧਦੇ ਹਨ (ਅਥਵਾ ਏਹ ਵਡੇ ਵਿਕਾਰ ਹਨ)।

ਖਲੁਹਲੁ ਮੂਲਿ ਨ ਚੁਕਈ ਰਾਜ ਡੰਡੁ ਜਮ ਡੰਡੁ ਕਰਾਰਾ ।

ਮਨ ਦਾ ਭੜਥੂ ਜਾਂ ਘਬਰਾਹਟ ਕਦੇ ਹਟਦੇ ਨਹੀਂ, ਰਾਜਾ ਦਾ ਡੰਡ ਅਤੇ ਜਮ ਦਾ ਡੰਡ (ਸਿਰ ਪੁਰ) ਕੜਕਦਾ ਰਹਿੰਦਾ ਹੈ।

ਦੁਹੀ ਸਰਾਈ ਜਰਦ ਰੂ ਜੰਮਣ ਮਰਣ ਨਰਕਿ ਅਵਤਾਰਾ ।

ਦੋਹਾਂ ਲੋਕਾਂ ਵਿਖੇ ਪੀਲੇ ਰੂਹ (ਅਰਥਾਤ ਬਿਪਤੇ ਫਿਰਦੇ) ਜੰਮਣ ਮਰਣ ਅਤੇ ਨਰਕਾਂ ਦੇ ਭਾਰੇ ਦੁਖਾਂ ਵਿਖੇ ਆਵਾ ਜਾਈ (ਬਣੀ ਰਹਿੰਦੀ ਹੈ)।

ਅਗੀ ਫਲ ਹੋਵਨਿ ਅੰਗਿਆਰਾ ।੧੬।

ਅੱਗਾਂ ਦਾ ਫਲ ਅੰਗਿਆਰੇ ਹੀ ਹੁੰਦੇ ਹਨ, (ਭਾਵ ਪਾਪਾਂ ਦੇ ਫਲ ਮੌਤ ਤੇ ਕਲੇਸ਼ ਹੀ ਪ੍ਰਾਪਤ ਹੁੰਦੇ ਹਨ)

ਪਉੜੀ ੧੭

ਸਚੁ ਸਪੂਰਣ ਨਿਰਮਲਾ ਤਿਸੁ ਵਿਚਿ ਕੂੜੁ ਨ ਰਲਦਾ ਰਾਈ ।

ਸੱਚ ਸਾਰਾ ਨਿਰਮਲ ਹੈ, (ਕਿਉਂ ਜੋ) ਉਸ ਵਿਖੇ ਕੂੜ ਰਾਈ ਮਾਤ੍ਰ ਨਹੀਂ ਸਮਾ ਸਕਦਾ (ਹੇਠ ਦ੍ਰਿਸ਼ਟਾਂਤ ਦਿੰਦੇ ਹਨ)।

ਅਖੀ ਕਤੁ ਨ ਸੰਜਰੈ ਤਿਣੁ ਅਉਖਾ ਦੁਖਿ ਰੈਣਿ ਵਿਹਾਈ ।

ਅੱਖਾਂ ਵਿਖੇ (ਤ੍ਰਿਣ ਦਾ) ਕਤਰਾ ਮਾਤ੍ਰ ਬੀ ਨਹੀਂ ਸੰਜਰਦਾ (ਕਿਉਂ ਜੋ) ਤਿਣ (ਦੇ ਪਿਆਂ ਬੀ) ਔਖ ਅਤੇ ਦੁਖ ਨਾਲ ਰੈਣ ਗੁਜ਼ਰਦੀ ਹੈ (ਇਥੇ ਖ਼ਕਾਰ ਦਾ ਕੰਨਾਂ 'ਅਤੇ' ਦਾ ਵਾਚਕ ਹੈ)।

ਭੋਜਣ ਅੰਦਰਿ ਮਖਿ ਜਿਉ ਹੋਇ ਦੁਕੁਧਾ ਫੇਰਿ ਕਢਾਈ ।

ਜਿਕੂੰ ਭੋਜਨ ਦੇ ਅੰਦਰ ਮੱਖੀ (ਜੇ ਨਿਗਲੀ ਜਾਵੇ) ਤਾਂ ਦੁਕੱਧੀ ਹੋ ਕੇ ਫੇਰ ਉਗਲੱਛੀਦੀ ਹੈ।

ਰੂਈ ਅੰਦਰਿ ਚਿਣਗ ਵਾਂਗ ਦਾਹਿ ਭਸਮੰਤੁ ਕਰੇ ਦੁਖਦਾਈ ।

ਰੂੰਈ ਵਿੱਚ ਦੁਖਦਾਈ ਚਿਨਗਾਰੀ ਜਿੱਕੁਰ ਸਾੜਕੇ ਰੂੰਈ ਨੂੰ ਸੁਆਹ ਕਰ ਦਿੰਦੀ ਹੈ।

ਕਾਂਜੀ ਦੁਧੁ ਕੁਸੁਧ ਹੋਇ ਫਿਟੈ ਸਾਦਹੁ ਵੰਨਹੁ ਜਾਈ ।

ਦੁਧ ਕਾਂਜੀ ਦੀ ਛਿਟ ਨਾਲ ਕੁਸੁੱਧ ਹੋ ਕੇ ਫਿੱਟ ਜਾਂਦਾ ਹੈ, ਸੁਆਦ ਅਤੇ ਰੰਗੋਂ ਵਿਗੜ ਜਾਂਦਾ ਹੈ।

ਮਹੁਰਾ ਚੁਖਕੁ ਚਖਿਆ ਪਾਤਿਸਾਹਾ ਮਾਰੈ ਸਹਮਾਈ ।

ਮਹੁਰਾ ਰਤੀਕੁ ਜੀਭ ਪੁਰ ਰੱਖਿਆ ਹੋਇਆਂ ਪਾਤਸ਼ਾਹਾਂ ਨੂੰ ਬੀ ਤਾਬੜ ਤੋੜ ਮਾਰ ਸਿਟਦਾ ਹੈ।

ਸਚਿ ਅੰਦਰਿ ਕਿਉ ਕੂੜੁ ਸਮਾਈ ।੧੭।

ਸੱਚ ਦੇ ਅੰਦਰ ਕੂੜ ਦੀ ਕਿੱਕੁਰ ਸਮਾਈ ਹੁੰਦੀ ਹੈ (ਭਾਵ ਕਦੇ ਨਹੀਂ ਹੋ ਸਕਦੀ)।

ਪਉੜੀ ੧੮

ਗੁਰਮੁਖਿ ਸਚੁ ਅਲਿਪਤੁ ਹੈ ਕੂੜਹੁ ਲੇਪੁ ਨ ਲਗੈ ਭਾਈ ।

ਗੁਰਮੁਖ ਭਾਈ ਸੱਚੇ ਅਰ ਨਿਰਲੇਪ ਹਨ (ਕਿਉਂ ਜੋ ਉਨ੍ਹਾਂ ਨੂੰ) ਕੂੜ ਦਾ ਲੇਪ ਨਹੀਂ ਲਗਦਾ।

ਚੰਦਨ ਸਪੀਂ ਵੇੜਿਆ ਚੜ੍ਹੈ ਨ ਵਿਸੁ ਨ ਵਾਸੁ ਘਟਾਈ ।

ਚੰਦਨ ਦਾ ਬੂਟਾ ਸੱਪਾਂ ਨਾਲ ਵੇੜ੍ਹਿਆ ਹੋਇਆ ਹੈ, ਉਸ ਨੂੰ ਵਿਹੁ ਨਹੀਂ ਚੜ੍ਹਦੀ (ਅਰ ਉਸ ਦੀ) ਸੁਗੰਧੀ ਜਿਉਂ ਦੀ ਤਿਉਂ ਰਹਿੰਦੀ ਹੈ।

ਪਾਰਸੁ ਅੰਦਰਿ ਪਥਰਾਂ ਅਸਟ ਧਾਤੁ ਮਿਲਿ ਵਿਗੜਿ ਨ ਜਾਈ ।

ਪਾਰਸ (ਦੀ ਗੀਟੀ) ਪੱਥਰਾਂ ਦੇ ਅੰਦਰ ਗਿਣੀ ਜਾਂਦੀ ਹੈ, ਅੱਠਾਂ ਧਾਤਾਂ ਦੇ ਮਿਲਣ ਨਾਲ ਵਿਗੜ ਨਹੀਂ ਜਾਂਦੀ (ਸਗਮਾਂ ਉਨ੍ਹਾਂ ਨੂੰ ਸੋਨਾ ਕਰਦੀ ਹੈ)।

ਗੰਗ ਸੰਗਿ ਅਪਵਿਤ੍ਰ ਜਲੁ ਕਰਿ ਨ ਸਕੈ ਅਪਵਿਤ੍ਰ ਮਿਲਾਈ ।

ਗੰਗਾ ਨੂੰ ਅਪਵਿੱਤ੍ਰ (ਮੋਰੀਆਂ ਦੇ) ਜਲ ਮਿਲਕੇ ਅਪਵਿਤ੍ਰ ਨਹੀਂ ਕਰ ਸਕਦੇ, (ਸਗਮਾਂ ਆਪ ਗੰਗਾ ਦਾ ਰੂਪ ਹੋ ਜਾਂਦੇ ਹਨ)।

ਸਾਇਰ ਅਗਿ ਨ ਲਗਈ ਮੇਰੁ ਸੁਮੇਰੁ ਨ ਵਾਉ ਡੁਲਾਈ ।

ਸਮੁੰਦ੍ਰ ਨੂੰ ਅੱਗ ਸਾੜ ਨਹੀਂ ਸਕਦੀ (ਭਾਵੇਂ ਬੜਵਾਗਨ ਵਿਚੇ ਰਹਿੰਦੀ ਹੈ), ਸੁਮੇਰ (ਪਰਾੜ) ਦੇ 'ਮੇਰ' ਟਿੱਲੇ ਨੂੰ ਪੌਣ ਨਹੀਂ ਡੁਲਾ ਸਕਦੀ।

ਬਾਣੁ ਨ ਧੁਰਿ ਅਸਮਾਣਿ ਜਾਇ ਵਾਹੇਂਦੜੁ ਪਿਛੈ ਪਛੁਤਾਈ ।

ਅਕਾਸ਼ ਦੇ ਧੁਰ ਅੰਤ ਤੀਕ ਬਾਣ ਪਹੁੰਚ ਨਹੀਂ ਸਕਦਾ, ('ਵਾਹੇਂਦੜ') ਤੀਰ ਅੰਦਾਜ਼ ਪਿੱਛੋਂ ਪਛਤਾਉਂਦਾ ਹੈ (ਕਿਉਂ ਜੋ ਮੁੜਕੇ ਉਸੇ ਦੇ ਸਿਰ ਆ ਲਗਦਾ ਹੈ “ਸਰ ਸੰਨ੍ਹੈ ਆਗਾਸ ਨੋ ਫਿਰਿ ਮਥੈ ਆਵੈ”)॥

ਓੜਕਿ ਕੂੜੁ ਕੂੜੋ ਹੁਇ ਜਾਈ ।੧੮।

ਅੰਤ ਨੂੰ ਕੂੜ ਕੂੜ ਹੀ ਹੋ ਜਾਂਦਾ ਹੈ, (ਭਾਵ ਕੂੜ ਦਾ ਪਾਜ ਨਿਭ ਨਹੀਂ ਸਕਦਾ ਅੰਤ ਖੁਲ੍ਹ ਜਾਂਦਾ ਹੈ ਯਥਾ-”ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ”)

ਪਉੜੀ ੧੯

ਸਚੁ ਸਚਾਵਾ ਮਾਣੁ ਹੈ ਕੂੜ ਕੂੜਾਵੀ ਮਣੀ ਮਨੂਰੀ ।

ਸੱਚ ਦਾ ਸੱਚਾ ਮਾਣ (ਆਦਰ) ਹੁੰਦਾ ਹੈ, ਕੂੜ ਦੀ ('ਮਣੀ ਮਨੂਰੀ') ਸ਼ੋਭਾ ਤੇ ਮਨੌਤ ਝੂਠੀ ਹੁੰਦੀ ਹੈ,

ਕੂੜੇ ਕੂੜੀ ਪਾਇ ਹੈ ਸਚੁ ਸਚਾਵੀ ਗੁਰਮਤਿ ਪੂਰੀ ।

ਕੂੜਿਆਰ ਦੀ ਕੂੜੀ ਅਬਰੋ ਹੈ, ਸੱਚਿਆਂ ਦੀ ਗੁਰੂ ਦੀ ਸਿਖਯਾ ਪੂਰੀ ਤੇ ਸੱਚੀ ਹੈ।

ਕੂੜੈ ਕੂੜਾ ਜੋਰਿ ਹੈ ਸਚਿ ਸਤਾਣੀ ਗਰਬ ਗਰੂਰੀ ।

ਕੂੜਿਆਂ ਦਾ ਜੋਰ ਬੀ ਕੂੜਾ ਹੈ ਸੱਚਿਆਂ ਦੇ ਗਰਬ (ਸ਼ੁਧ ਹੰਕਾਰ ਦੀ) ਗੰਭੀਰਤਾਈ ਬਲ ਵਾਲੀ ਹੈ।

ਕੂੜੁ ਨ ਦਰਗਹ ਮੰਨੀਐ ਸਚੁ ਸੁਹਾਵਾ ਸਦਾ ਹਜੂਰੀ ।

ਦਰਗਾਹ ਵਿਖੇ ਕੂੜ ਦੀ ਮਾਨਤਾ ਨਹੀਂ ਹੁੰਦੀ, ਸੱਚਾ (ਪੁਰਖ) ਸਦਾ ਸੁਭਾਇਮਾਨ (ਅਰ ਪਰਮੇਸਰ ਦਾ 'ਹਜੂਰੀ') ਮੁਸਾਹਿਬ ਹੈ।

ਸੁਕਰਾਨਾ ਹੈ ਸਚੁ ਘਰਿ ਕੂੜੁ ਕੁਫਰ ਘਰਿ ਨਾ ਸਾਬੂਰੀ ।

ਸੱਚ ਦੇ ਘਰ ਵਿਖੇ 'ਸ਼ੁਕਰਾਨਾ' ਹੈ (ਭਾਵ ਈਸ਼ਰ ਦਾ ਧੰਨ੍ਯਵਾਦ ਕਰਦਾ ਹੈ) ਕੂੜ ਦੇ ਘਰ ਵਿਖੇ ਕੁਫਰ ਅਰ ਨਾ ਸਾਬੂਰੀ ਹੈ (ਭਾਵ ਸੰਤੋਖ ਦਾ ਨਾਉਂ ਭੀ ਨਹੀਂ)।

ਹਸਤਿ ਚਾਲ ਹੈ ਸਚ ਦੀ ਕੂੜਿ ਕੁਢੰਗੀ ਚਾਲ ਭੇਡੂਰੀ ।

ਸੱਚ ਦੀ ਹਾਥੀ ਵਾਂਗੂੰ ਚਾਲ ਹੈ (ਭਾਵ ਮਸਤ ਹੋਕੇ ਤੁਰਿਆ ਜਾਂਦਾ ਹੈ ਭਾਵੇਂ ਕਈ ਲੋਕ ਠੱਠੇ ਮਸਕਰੀਆਂ ਕਰਣ ਕੁਝ ਪਰਵਾਹ ਨਹੀਂ ਕਰਦਾ) ਕੂੜ ਦੀ ਭੇਡਾਂ ਵਾਲੀ ਕੁਢੰਗੀ ਚਾਲ ਹੈ, (ਭਾਵ ਪੈਲੀਆਂ ਛੱਡ ਵਿਸ਼ਟਾ ਵੱਲ ਜਾਂਦੇ ਹਨ।

ਮੂਲੀ ਪਾਨ ਡਿਕਾਰ ਜਿਉ ਮੂਲਿ ਨ ਤੁਲਿ ਲਸਣੁ ਕਸਤੂਰੀ ।

ਮੂਲੀ ਅਰ ਪਾਨ ਦੇ ਡਕਾਰ ਵਾਂਗੂੰ ਕਸਤੂਰੀ ਅਤੇ ਲਸਣ ਦਾ ਮੁੱਲ ਬਰਾਬਰ ਨਹੀਂ ਹੁੰਦਾ।

ਬੀਜੈ ਵਿਸੁ ਨ ਖਾਵੈ ਚੂਰੀ ।੧੯।

ਵਿੱਸ ਬੀਜ ਕੇ ਕੋਈ ਚੂਰੀ ਨਹੀਂ ਖਾ ਸਕਦਾ (ਭਾਵ ਝੂਠ ਕਮਾਕੇ ਕੋਈ ਸੁੱਖਾਂ ਦੀ ਅਭਿਲਾਖਾ ਨਾ ਰੱਖੇ)।

ਪਉੜੀ ੨੦

ਸਚੁ ਸੁਭਾਉ ਮਜੀਠ ਦਾ ਸਹੈ ਅਵਟਣ ਰੰਗੁ ਚੜ੍ਹਾਏ ।

ਮਜੀਠ ਦਾ ਸੱਚਾ ਸੁਭਾਉ ਹੈ (ਕਿਉਂ ਜੋ) ਉਬਾਲੇ ਸਹਾਰਕੇ ਭੀ (ਦੂਣਾ) ਰੰਗ ਕੱਢਦਾ ਹੈ (ਅਜਿਹਾ ਹੀ ਉੱਤਮ ਪੁਰਖਾਂ ਨੂੰ ਕੇਡਾ ਕਸ਼ਟ ਬਣੇ ਆਪਣੀ ਉੱਤਮਤਾ ਨਹੀਂ ਛੱਡਦੇ)।

ਸਣ ਜਿਉ ਕੂੜੁ ਸੁਭਾਉ ਹੈ ਖਲ ਕਢਾਇ ਵਟਾਇ ਬਨਾਏ ।

ਸਣ ਦਾ ਝੂਠਾ ਸੁਭਾਉ ਹੈ ਜਿਹੜੀ ਆਪਣੀ ਖੱਲ ਥੋਂ ਰੱਸੇ (ਜੋ ਕਿ ਲੋਕਾਂ ਦੇ ਬੰਧਨਾਂ ਦੇ ਕੰਮ ਦਿੰਦੇ ਹਨ) ਬਣਾਉਂਦੀ ਹੈ।

ਚੰਨਣ ਪਰਉਪਕਾਰੁ ਕਰਿ ਅਫਲ ਸਫਲ ਵਿਚਿ ਵਾਸੁ ਵਸਾਏ ।

ਚੰਦਨ ਦਾ ਬੂਟਾ ਪਰੋਪਕਾਰੀ ਹੈ, ਜੋ ਅਫਲ ਸਫਲ (ਸਭ ਬੂਟਿਆਂ) ਵਿਚ ਵਾਸ਼ਨਾ ਪਾ ਦਿੰਦਾ ਹੈ,

ਵਡਾ ਵਿਕਾਰੀ ਵਾਂਸੁ ਹੈ ਹਉਮੈ ਜਲੈ ਗਵਾਂਢੁ ਜਲਾਏ ।

ਵਾਂਸ, ਖੋਟੀ ਕਾਰ ਵਾਲਾ ਨਿਕਾਰਾ ਬੂਟਾ ਹੈ, ਹਉਮੈ ਵਿਚ ਆਪ ਸੜਕੇ ਆਪਣੇ ਗੁਆਂਢੀਆਂ ਨੂੰ ਬੀ ਸੜਾਉਂਦਾ ਹੈ (ਕਿਉਂ ਜੋ ਇਕ ਵਾਂਸ ਦੀ ਅੱਗ ਨਾਲ ਸਾਰੇ ਵਾਂਸ ਸੜਕੇ ਢੇਰੀ ਹੋ ਜਾਂਦੇ ਹਨ)।

ਜਾਣ ਅਮਿਓ ਰਸੁ ਕਾਲਕੂਟੁ ਖਾਧੈ ਮਰੈ ਮੁਏ ਜੀਵਾਏ ।

ਅੰਮ੍ਰਿਤ ਰਸ ਦੇ ਚੱਖਣ ਨਾਲ ਮੋਇਆ ਜੀ ਪੈਂਦਾ ਹੈ, ਅਰ ਕਾਲਕੂਟ ਦੇ ਖਾਣ ਨਾਲ (ਜੀਵੰਦਾ) ਮੁਰਦਾ ਹੋ ਜਾਂਦਾ ਹੈ (ਅੱਗੇ ਛੀਵੀਂ ਤੁਕ ਵਿਖੇ ਦ੍ਰਿਸ਼ਟਾਂਤ ਦਿੰਦੇ ਹਨ)।

ਦਰਗਹ ਸਚੁ ਕਬੂਲੁ ਹੈ ਕੂੜਹੁ ਦਰਗਹ ਮਿਲੈ ਸਜਾਏ ।

(ਪਰਮਾਤਮਾ ਦੀ) ਨ੍ਯਾਯ ਸਭਾ ਵਿਖੇ ਸੱਚ ਮੰਨਿਆਂ ਜਾਂਦਾ ਹੈ ਅਰ ਕੂੜ ਥੋਂ ਦਰਗਾਹ ਵਿਚ ਤਾੜਨਾ ਮਿਲਦੀ ਹੈ।

ਜੋ ਬੀਜੈ ਸੋਈ ਫਲੁ ਖਾਏ ।੨੦।੩੦। ਤੀਹ ।

ਜੇਹਾ ਕੋਈ ਬੀਜਦਾ ਹੈ ਤੇਹਾ ਹੀ ਫਲ ਖਾਂਦਾ ਹੈ।


Flag Counter