ਵਾਰਾਂ ਭਾਈ ਗੁਰਦਾਸ ਜੀ

ਅੰਗ - 13


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

ਪੀਰ ਮੁਰੀਦੀ ਗਾਖੜੀ ਕੋ ਵਿਰਲਾ ਜਾਣੈ ।

ਪੀਰ ਦੀ ਮੁਰੀਦੀ ਔਖੀ ਹੈ, ਕੋਈ ਵਿਰਲਾ ਜਾਣਦਾ ਹੈ, (ਭਾਵ ਕੋਈ ਵਿਰਲਾ ਮੁਸ਼ਕਲ ਨਾਲ ਕਰ ਸਕਦਾ ਹੈ)।

ਪੀਰਾ ਪੀਰੁ ਵਖਾਣੀਐ ਗੁਰੁ ਗੁਰਾਂ ਵਖਾਣੈ ।

(ਗੁਰੂ ਨਾਨਕ) ਪੀਰਾਂ ਦਾ (ਸ਼ਿਰੋਮਣੀ) ਪੀਰ ਤੇ ਗੁਰੂਆਂ ਦਾ (ਸ਼ਿਰੋਮਣੀ) ਗੁਰੂ ਕਹੀਦਾ ਹੈ।

ਗੁਰੁ ਚੇਲਾ ਚੇਲਾ ਗੁਰੂ ਕਰਿ ਚੋਜ ਵਿਡਾਣੈ ।

ਗੁਰੂ (ਨਾਨਕ) ਹੀ (ਅੰਗਦ) ਚੇਲਾ ਹੋ ਕੇ ਚੇਲਿਓਂ (ਗੁਰੂ ਅੰਗਦ) ਗੁਰੂ ਬਨਣ ਦਾ ਅਚਰਜ ਕੌਤਕ ਕੀਤਾ।

ਸੋ ਗੁਰੁ ਸੋਈ ਸਿਖੁ ਹੈ ਜੋਤੀ ਜੋਤਿ ਸਮਾਣੈ ।

ਉਹੋ ਗੁਰੂ ਉਹੋ ਸਿਖ ਹੈ, ਜੋਤ ਵਿਚ ਜੋਤ ਸਮਾ ਗਈ ਹੈ, (ਭਾਵ ਇਕ ਆਸ਼ਯ ਹੈ)।

ਇਕੁ ਗੁਰੁ ਇਕੁ ਸਿਖੁ ਹੈ ਗੁਰੁ ਸਬਦਿ ਸਿਞਾਣੈ ।

ਇਕ ਗੁਰੂ (ਨਾਨਕ ਤੇ) ਇਕ ਸਿਖ (ਅੰਗਦ) ਹੈ (ਕਿਉਂ ਜੋ) ਗੁਰੂ ਦੇ ਸ਼ਬਦ (ਹੁਕਮ ਨੂੰ ਮਨੋਂ ਤਨੋਂ ਹੋਕੇ) ਮੰਨ ਲੀਤਾ।

ਮਿਹਰ ਮੁਹਬਤਿ ਮੇਲੁ ਕਰਿ ਭਉ ਭਾਉ ਸੁ ਭਾਣੈ ।੧।

ਮਿਹਰ (ਗੁਰ ਨੇ) ਮੁਹੱਬਤ (ਚੇਲੇ ਨੇ ਕਰਕੇ) ਮੇਲ ਕੀਤਾ, ਭਉ (ਅਤੇ) ਭਾਉ ਦੁਹਾਂ (ਨੇ 'ਸੁ ਭਾਣੇ') ਕੀਤਾ। (ਭਾਵ ਇਹ ਕਿ ਮੁਹੱਬਤ ਨਾਲ ਭਾਉ ਸਿੱਖ ਨੇ ਧਾਰਿਆ ਤੇ ਮਿਹਰ ਤੇ ਭਾਉ ਗੁਰੂ ਨਾਨਕ ਨੇ ਕੀਤਾ)।

ਪਉੜੀ ੨

ਗੁਰ ਸਿਖਹੁ ਗੁਰਸਿਖੁ ਹੈ ਪੀਰ ਪੀਰਹੁ ਕੋਈ ।

ਗੁਰੂ ਦੇ ਸਿਖ ਥੋਂ (ਅਨੇਕ) ਗੁਰ ਸਿੱਖ ਹੁੰਦੇ ਹਨ (ਪਰ) ਪੀਰਾਂ ਥੋਂ ਪੀਰ ਕੋਈ ਹੀ ਹੁੰਦਾ ਹੈ।

ਸਬਦਿ ਸੁਰਤਿ ਚੇਲਾ ਗੁਰੂ ਪਰਮੇਸਰੁ ਸੋਈ ।

(ਚੇਲਾ ਸੋਈ=) ਚੇਲਾ ਓਹੋ ਹੈ ਜੋ ਸੁਰਤ ਸਬਦ (ਦਾ ਰਸੀਆ ਹੈ, ਤੇ) ਗੁਰੂ ਪਰਮੇਸ਼ਰ (ਦਾ ਪ੍ਰੇਮੀ ਹੈ) ('ਸਬਦ' ਗੁਰ 'ਸੁਰਤਿ' ਚੇਲਾ ਹੈ, ਇਨ੍ਹਾਂ ਦੁਹਾਂ ਤੋਂ ਜੋ ਪ੍ਰਾਪਤ ਹੋਣਾ ਹੈ ਓਹ ਪਰਮੇਸ਼ੁਰ ਹੈ)।

ਦਰਸਨਿ ਦਿਸਟਿ ਧਿਆਨ ਧਰਿ ਗੁਰ ਮੂਰਤਿ ਹੋਈ ।

(ਪਨ:) ਦ੍ਰਿਸ਼ਟੀ ਵਿਖੇ (ਗੁਰੂ ਦਾ) ਦਰਸ਼ਨ ਧਿਆਨ ਕਰਦਾ ਹੋਇਆ ਗੁਰੂ ਦੀ ਮੂਰਤ ਹੀ ਹੋ ਜਾਂਦਾ ਹੈ।

ਸਬਦ ਸੁਰਤਿ ਕਰਿ ਕੀਰਤਨੁ ਸਤਿਸੰਗਿ ਵਿਲੋਈ ।

ਸ਼ਬਦ ਦਾ ਪ੍ਰੀਤ ਨਾਲ ਕੀਰਤਨ ਕਰੇ, (ਅਤੇ) ਸਾਧ ਸੰਗਤ ਵਿਖੇ (ਗੁਰਬਾਣੀ ਨੂੰ) ਰਿੜਕੇ, (ਉਹ ਕੇਹੜਾ ਗੁਰ ਸਬਦ ਹੈ?)।

ਵਾਹਿਗੁਰੂ ਗੁਰ ਮੰਤ੍ਰ ਹੈ ਜਪਿ ਹਉਮੈ ਖੋਈ ।

ਹੇ ਪਿਆਰੇ! ਵਾਹਿਗੁਰੂ 'ਸਬਦ' ਗੁਰ ਮੰਤ੍ਰ ਹੈ, (ਇਸ ਨੂੰ) ਜਪ ਕਰ ਕੇ ਅਹਕਾਰ ਦਾ ਨਾਸ਼ ਕਰੇ।

ਆਪੁ ਗਵਾਏ ਆਪਿ ਹੈ ਗੁਣ ਗੁਣੀ ਪਰੋਈ ।੨।

ਆਪਾ ਭਾਵ ਨੂੰ ਗੁਆ ਦੇਵੇ, (ਫਿਰ ਦੇਖੇ ਕਿ ਇਹ ਸ਼ੁਧ) ਆਪਣਾ ਆਪ ਹੈ, (ਤਦ) ਗੁਣੀ (ਵਾਹਿਗੁਰੂ) ਨਾਲ (ਈਸ਼੍ਵਰ) ਗੁਣਾਂ (ਕਰਕੇ) ਪ੍ਰੋਤਾ ਜਾਂਦਾ ਹੈ।

ਪਉੜੀ ੩

ਦਰਸਨ ਦਿਸਟਿ ਸੰਜੋਗੁ ਹੈ ਭੈ ਭਾਇ ਸੰਜੋਗੀ ।

ਜਿਸ ਦੀ ਦ੍ਰਿਸ਼ਟੀ ਵਿਖੇ (ਗੁਰੂ ਦੇ) ਦਰਸ਼ਨ ਦਾ 'ਸੰਜੋਗ' (ਮੇਲ) ਹੈ (ਉਹ) ਭੈਅ ਅਤੇ ਭਾਇ ਦਾ ਮੇਲੀ ਹੈ, (ਭੈ ਅਤੇ ਪ੍ਰੇਮ ਦਾ ਰੱਖਣਹਾਰਾ ਹੈ)।

ਸਬਦ ਸੁਰਤਿ ਬੈਰਾਗੁ ਹੈ ਸੁਖ ਸਹਜ ਅਰੋਗੀ ।

ਜਿਸ ਦਾ ਸ਼ਬਦ ਸੁਰਤ ਵਿਖੇ ਹੈ ਅਤੇ 'ਬੈਰਾਗ' (ਸੰਸਾਰ ਤੋਂ) ਉਹ ਸਹਜ ਸੁਖ ਵਿਖੇ ਹੈ (ਅਰ ਸਦਾ) ਅਰੋਗੀ ਹੈ।

ਮਨ ਬਚ ਕਰਮ ਨ ਭਰਮੁ ਹੈ ਜੋਗੀਸਰੁ ਜੋਗੀ ।

(ਉਸਦੇ) ਮਨ ਬਾਣੀ ਅਤੇ ਸਰੀਰ ਵਿਖੇ ਭਰਮ ਨਹੀਂ (ਓਹੋ) ਜੋਗੀਸ਼ਰਾਂ (ਵਿਚੋਂ) ਜੋਗੀ (ਅਰਥਾਤ ਭਗਵੰਤ ਨਾਲ ਜੁੜਿਆ ਹੋਇਆ ਹੈ)।

ਪਿਰਮ ਪਿਆਲਾ ਪੀਵਣਾ ਅੰਮ੍ਰਿਤ ਰਸ ਭੋਗੀ ।

ਉਸਨੇ (ਕੇਵਲ) ਪ੍ਰੇਮ ਦੇ ਪਿਆਲੇ ਨੂੰ ਹੀ ਪੀਣਾ ਹੈ, (ਤਾਂਤੇ ਸਦਾ) ਅੰਮ੍ਰਿਤ ਰਸ ਦਾ ਹੀ ਭੋਗੀ ਹੈ (ਭਾਵ ਬ੍ਰਹਮਾਨੰਦ ਦੇ ਆਲੰਬਨ ਕਰਨੇ ਹਾਰਾ ਹੈ)।

ਗਿਆਨੁ ਧਿਆਨੁ ਸਿਮਰਣੁ ਮਿਲੈ ਪੀ ਅਪਿਓ ਅਸੋਗੀ ।੩।

(ਗੁਰੂ ਦੇ) ਗਿਆਨ ਧਿਆਨ ਅਤੇ ਸਿਮਰਣ ਵਿਖੇ (ਉਸ ਸਿਖ) ਦਾ ਮਨ ਮਿਲਿਆ ਹੋਇਆ ਹੈ, ਉਹ 'ਅਪਿਓ' (ਅੰਮਿਤ੍ਰ ਦੇ ਪਿਆਲੇ) ਨੂੰ ਪੀਕੇ (ਅਸੋਗੀ=) ਸੰਸਾਰਕ ਸੋਗਾਂ ਥੋਂ ਰਹਿਤ ਹੋ ਗਿਆ ਹੈ (ਭਾਵ ਜਿੱਕੁਰ ਸ਼ਰਾਬ ਦੀ ਮਸਤੀ ਵਿਖੇ ਸੰਸਾਰ ਦੇ ਫਿਕਰ ਹਟ ਜਾਂਦੇ ਹਨ ਤਿਹਾ ਪ੍ਰੇਮ ਦੀ ਮਸਤੀ ਵਿਖੇ ਰਾਗ ਦ੍ਵੈਖ ਦੇ ਸੋਗ ਦੂਰ ਹੋ ਗਏ ਹਨ)।

ਪਉੜੀ ੪

ਗੁਰਮੁਖਿ ਸੁਖ ਫਲੁ ਪਿਰਮ ਰਸੁ ਕਿਉ ਆਖਿ ਵਖਾਣੈ ।

ਗੁਰਮੁਖਾਂ ਨੂੰ ਪ੍ਰੇਮ ਦਾ ਰਸ (ਪੀ ਕੇ ਜੋ 'ਸੁਖ ਫਲ') ਅਨੰਦ ਦੀ ਮਸਤੀ ਹੁੰਦੀ ਹੈ ਕਿਕੂਰ ਆਖ ਕੇ ਵ੍ਯਾਖ੍ਯਾਨ ਕੀਤੀ ਜਾਵੇ।

ਸੁਣਿ ਸੁਣਿ ਆਖਣੁ ਆਖਣਾ ਓਹੁ ਸਾਉ ਨ ਜਾਣੈ ।

ਸੁਣ ਸੁਣਕੇ ਜਿਹੜਾ ਵ੍ਯਾਖ੍ਯਾਨਾਂ ਨੂੰ (ਸਭਾ ਵਿਚ) ਕਰਦਾ ਹੈ, ਉਹ ਸੁਆਦ ਨਹੀਂ ਜਾਣਦਾ, (ਭਾਵ ਸੁੱਖੇ ਦੀਆਂ ਚੁਲੀਆਂ ਵੀਟੀ ਜਾਂਦਾ ਹੈ, ਜੋ ਇਕ ਬੀ ਚੁਲੀ ਅੰਦਰ ਧਾਰਨ ਕਰੇ ਤਦ ਮਸਤੀ ਦਾ ਅਨੰਦ ਆਵੇ; ਜੇ ਕੋਈ ਕਹੇ ਬ੍ਰਹਮਾਦਿਕ ਦੇਵਤੇ ਤਾਂ ਜਾਣਦੇ ਹਨ)।

ਬ੍ਰਹਮਾ ਬਿਸਨੁ ਮਹੇਸੁ ਮਿਲਿ ਕਥਿ ਵੇਦ ਪੁਰਾਣੈ ।

ਬ੍ਰਹਮਾ, ਵਿਸ਼ਣੂ, ਮਹੇਸ਼ ਮਿਲਕੇ (ਚਾਰ) ਵੇਦਾਂ ਤੇ (ਅਠਾਰਾਂ) ਪੁਰਾਣਾਂ ਨੂੰ (ਪਏ) ਕਥਨ ਕਰਦੇ ਹਨ (ਭਾਵ ਓਹ ਬੀ ਉਰੇ ਹੀ ਰਹਿ ਗਏ। (ਭਲਾ, ਮੁਹੰਮਦੀ ਮਤ ਵਿਖੇ ਕੋਈ ਹੋਊ? ਉੱਤਰ:)।

ਚਾਰਿ ਕਤੇਬਾਂ ਆਖੀਅਨਿ ਦੀਨ ਮੁਸਲਮਾਣੈ ।

ਮੁਸਲਮਾਨਾਂ ਦੇ ਦੀਨ ਨੂੰ ਹੀ ਚਾਰ ਕਤੇਬਾਂ (ਸ਼ਰੀਅਤ, ਤਰੀਕਤ, ਹਕੀਕਤ ਅਤੇ ਮਾਅਰਫਤ) ਆਖਦੀਆਂ ਹਨ (ਭਾਵ ਉਨ੍ਹਾਂ ਦੇ ਪੜ੍ਹਨਹਾਰੇ ਬੀ ਆਪਣੇ ਦੀਨ ਵਧਾਉਣ ਵਿਖੇ ਫਸੇ ਰਹੇ)।

ਸੇਖਨਾਗੁ ਸਿਮਰਣੁ ਕਰੈ ਸਾਂਗੀਤ ਸੁਹਾਣੈ ।

ਸ਼ੇਸ਼ ਨਾਗ ਬੀ ਸੁਹਣੇ ਸੰਗੀਤਾਂ ਛੰਦਾਂ) ਨੂੰ ਹੀ ਸਮਰਣ ਕਰਦਾ ਰਿਹਾ, (ਪ੍ਰੇਮ ਰਸ ਦੀ ਕਦਰ ਨਾ ਜਾਤੀ)।

ਅਨਹਦ ਨਾਦ ਅਸੰਖ ਸੁਣਿ ਹੋਏ ਹੈਰਾਣੈ ।

('ਅਸੰਖ'=) ਅਨਗਿਣਤ (ਯੋਗੀ ਲੋਗ) ਅਨਹਦ(ਵਾਜਿਆਂ) ਦੇ ਨਾਦ ਨੂੰ ਸੁਣਕੇ ਹੈਰਾਨ (=ਅਚਰਜ) ਹੋ ਰਹੇ ਹਨ।

ਅਕਥ ਕਥਾ ਕਰਿ ਨੇਤਿ ਨੇਤਿ ਪੀਲਾਏ ਭਾਣੈ ।੪।

ਅਕਥ (ਕਥਾ ਨੂੰ) ਕਥਕੇ (ਪਿਛੋਂ ਜਿਸ ਨੂੰ ਨੇਤਿ ਨੇਤਿ ਆਖਦੇ ਹਨ (ਉਹ ਅਕਾਲ ਪੁਰਖ) ਜਿਸ ਨੂੰ ਆਪਣੇ ਭਾਣੇ ਵਿਖੇ ਪ੍ਰੇਮ ਰਸ ਪਿਆਉਂਦਾ ਹੈ (ਓਹੀ ਰਸ ਦੇ ਅਨੰਦ ਨੂੰ ਜਾਣਦਾ ਹੈ)।

ਪਉੜੀ ੫

ਗੁਰਮੁਖਿ ਸੁਖ ਫਲੁ ਪਿਰਮ ਰਸੁ ਛਿਅ ਰਸ ਹੈਰਾਣਾ ।

ਗੁਰਮੁਖਾਂ ਦੇ ਸੁਖ ਫਲ ਪ੍ਰੇਮ ਰਸ ਦੇ ਅੱਗੇ ਛੀ ਰਸ ਹੈਰਾਨ ਹੋ ਜਾਂਦੇ ਹਨ (ਕਿ ਅਸੀਂ ਇਸ ਦੇ ਬਰਾਬਰ ਨਹੀਂ ਹਾਂ)।

ਛਤੀਹ ਅੰਮ੍ਰਿਤ ਤਰਸਦੇ ਵਿਸਮਾਦ ਵਿਡਾਣਾ ।

ਛੱਤੀ ਅੰਮ੍ਰਿਤ (ਕਈ ਪ੍ਰਕਾਰ ਦੇ ਅੰਮ੍ਰਿਤ ਰਸ) ਤਰਸਦੇ ਹਾਂ ਤੇ ਅਚਰਜ ਤੋਂ ਅਚਰਜ ਹੋ ਰਹੇ ਹਨ (ਭਈ ਇਸ ਦੇ ਅੱਗੇ ਤਾਂ ਅਸੀਂ ਪਾਸਕੂ ਬੀ ਨਹੀਂ)।

ਨਿਝਰ ਧਾਰ ਹਜਾਰ ਹੋਇ ਭੈ ਚਕਿਤ ਭੁਲਾਣਾ ।

ਇਕ ਰਸ (ਅੰਮ੍ਰਿਤ ਦੀ) ਧਾਰਾ (ਜੋ ਦਸਮਦ੍ਵਾਰ ਵਿਚੋਂ ਡਿੱਗਦੀ ਹੈ ਤੇ ਯੋਗੀ ਲੋਕ ਪਾਨ ਕਰਦੇ ਹਨ) ਹਜ਼ਾਰ ਗੁਣਾਂ ਚੱਕ੍ਰਿਤ ਹੋਕੇ ਲੋਭ ਰਹੀ ਹੈ (ਕਿ ਕਿਵੇਂ ਮੈਂ ਭੀ ਅਜਿਹੀ ਹੋਵਾਂ)।

ਇੜਾ ਪਿੰਗੁਲਾ ਸੁਖਮਨਾ ਸੋਹੰ ਨ ਸਮਾਣਾ ।

ਇੜਾ ਪਿੰਗਲਾ ਤੇ ਸੁਖਮਨਾ ਤਿੰਨ ਨਾੜੀਆਂ ਵਿਖੇ ਜੋ 'ਸੋਹੰ' ਮੰਤਰ ਜਪਦੇ ਹਨ ਉਹ ਇਸਦੇ ਬਰਾਬਰ ਨਹੀਂ (ਭਾਵ- ਇੜਾ ਨਾਸਕਾ ਦੀ ਖੱਬੀ ਨਾਸ ਅਰਥਾਤ ਨਾੜੀ ਅਰ ਸੱਜੀ ਨਾੜੀ ਹੈ, ਪਹਿਲੀ ਚੰਦਰ ਨਾੜੀ ਤੇ ਦੂਜੀ ਸੂਰਜ ਨਾੜੀ ਬੀ ਕਹਿੰਦੇ ਹਨ, ਸੁਖਮਨਾ ਨਾੜੀ ਇਨ੍ਹਾਂ ਦੇ ਗੱਭੇ ਕਹਿੰਦੇ ਹਨ ਯੋਗੀ ਲੋਕ ਚੰਦਰ ਨਾੜੀ ਇੜਾ' ਕਰ ਕੇ ਸੋਹੰ

ਵੀਹ ਇਕੀਹ ਚੜਾਉ ਚੜਿ ਪਰਚਾ ਪਰਵਾਣਾ ।

ਵੀਹ' (ਅਰਥਾਤ ੫ ਕਰਮ ਤੇ ੫ ਗ੍ਯਾਨੇਂਦ੍ਰਯ, ਪੰਜ ਪ੍ਰਾਣ, ਮਨ, ਬੁੱਧਿ, ੩ ਅਵਸਥਾ, ਜਾਗ੍ਰਤ, ਸ੍ਵਪਨ, ਸੁਖੋਪਤੀ ਰੂਪੀ ਡੰਡੇ, ਅਤੇ) ਇਕੀਹਵੇਂ (ਤੁਰੀਆ ਰੂਪ ਡੰਡੇ ਦਾ) ਚੜ੍ਹਾਉ ਚੜ੍ਹਨਾ ਅਥਵਾ (ਯਥਾਰਥ ਦੇ) ਪਰਚੇ ਵਿਚ ਪਰਚੇ ਹਨ (ਭਾਵ ਸਭ ਅਵਸਥਾਂ ਲੰਘ ਕੇ ਯਥਾਰਥ ਵਿਚ ਪਹੁੰਚ ਪਏ ਹਨ, ਅਥਵਾ ਜਿਸ ਪਦ ਵਿਖੇ ਗੁਰਮੁਖ ਸਮਾਏ

ਪੀਤੈ ਬੋਲਿ ਨ ਹੰਘਈ ਆਖਾਣ ਵਖਾਣਾ ।੫।

ਇਹ (ਅਖਾਣ) ਕਹਾਵਤ ਹੈ (ਕਿ ਪਾਣੀ) ਪੀਂਦਿਆਂ ਬੋਲ ਨਹੀਂ ਸਕੀਦਾ (ਇਹ ਅਖਾਣ ਸਾਰੇ ਆਖਦੇ ਹਨ, ਭਲਾ ਜਿਨ੍ਹਾਂ ਨੇ ਇਸ ਪ੍ਰੇਮ ਮਦ ਨੂੰ ਪੀਤਾ ਹੈ ਉਹ ਕਦ ਬੋਲਦੇ ਹਨ? ਪਾ:- 'ਪ੍ਰੀਤੈ' ਬੀ ਹੈ)।

ਪਉੜੀ ੬

ਗਲੀ ਸਾਦੁ ਨ ਆਵਈ ਜਿਚਰੁ ਮੁਹੁ ਖਾਲੀ ।

ਗੱਲਾਂ ਨਾਲ ਕੁਝ ਅਨੰਦ ਨਹੀਂ ਹੁੰਦਾ, ਜਿੰਨਾ ਚਿਰ (ਆਪਣਾ ਮੁਖ) ਖਾਲੀ ਹੈ, (ਤਾਤਪਰਜ ਨਾਮ ਜਪਣ ਨਾਲ ਹੀ ਅਨੰਦ ਹੈ, ਬਕਵਾਸ ਤੋਂ ਕੁਝ ਲਾਭ ਨਹੀਂ “ਦੀਵਾ ਬਲੈ ਅੰਧੇਰਾ ਜਾਇ” ਗੱਲਾਂ ਨਾਲ ਹਨੇਰਾ ਨਹੀਂ ਹਟੂ)।

ਮੁਹੁ ਭਰਿਐ ਕਿਉਂ ਬੋਲੀਐ ਰਸ ਜੀਭ ਰਸਾਲੀ ।

ਜੇ ਮੂੰਹ (ਮਿਸਟਾਨ ਆਦਿ ਰਸਾਂ ਨਾਲ) ਭਰ ਦੇਈਏ ਤਾਂ ਬੋਲਣਾ ਔਖਾ ਹੋ ਜਾਂਦਾ ਹੈ (ਕਿਉਂ ਜੋ) ਜੀਭ ਰਸ ਦਾ ਰੂਪ ਹੋਈ ਹੁੰਦੀ ਹੈ, (ਯਾ ਮਸਤ ਹੁੰਦੀ ਹੈ)।

ਸਬਦੁ ਸੁਰਤਿ ਸਿਮਰਣ ਉਲੰਘਿ ਨਹਿ ਨਦਰਿ ਨਿਹਾਲੀ ।

ਸ਼ਬਦ ਦੀ ਪ੍ਰੀਤ ਨਾਲ ਸਿਮਰਨ ਤੋਂ ਲੰਘਕੇ ਹੋਰ (ਕੋਈ ਪਦਾਰਥ) ਨਜ਼ਰ ਵਿਖੇ ਨਹੀਂ ਦੇਖਦੇ।

ਪੰਥੁ ਕੁਪੰਥੁ ਨ ਸੁਝਈ ਅਲਮਸਤ ਖਿਆਲੀ ।

ਰਾਹ ਕੁਰਾਹ (ਉਨ੍ਹਾਂ ਨੂੰ) ਨਹੀਂ ਸੁੱਝਦਾ, ਪੂਰਣ ਮਸਤੀ ਦੇ ਖਿਆਲੀ ਰਹਿੰਦੇ ਹਨ, (ਭਾਵ ਅਖੰਡ ਸਮਾਧੀ ਵਿਚ ਮਸਤ ਹੁੰਦੇ ਹਨ, ਉਨ੍ਹਾਂ ਨੂੰ ਪੰਥ ਕੁਪੰਥ ਦਾ ਖਿਆਲ ਨਹੀਂ ਰਹਿੰਦਾ, ਪਰ ਇਹ ਨਹੀਂ ਕਿ ਕੁਪੰਥ ਵਿਚ ਜਾ ਪੈਂਦੇ ਹਨ, ਪਰ ਇਹ ਕਿ ਉਨ੍ਹਾਂ ਦੀ ਸੁਰਤ ਸਾਈਂ ਬਿਨ ਹੋਰ ਨਹੀਂ ਚਿਤਵਦੀ, ਉਂ ਸੁਤੇ ਹੀ ਸੁਪੰਥ ਵਿਚ ਰਹਿੰ

ਡਗਮਗ ਚਾਲ ਸੁਢਾਲ ਹੈ ਗੁਰਮਤਿ ਨਿਰਾਲੀ ।

(ਪ੍ਰੇਮ ਨਾਲ) ਡਾਵਾਂ ਡੋਲ ਚਾਲ ਚਲਦੇ ਹਨ (ਤਦੇ ਹੀ) ਸੁਹਣੀ ਹੈ, ਕਿਉਂ ਜੋ ਗੁਰੂ ਦੀ ਸਿੱਖ੍ਯਾ ਨਿਰਾਲੀ ਹੈ, (ਭਾਵ ਸਾਰੀਆਂ ਚਾਲਾਂ ਸਿੱਧੀਆਂ ਕਰ ਦਿੰਦੀ ਹੈ)।

ਚੜਿਆ ਚੰਦੁ ਨ ਲੁਕਈ ਢਕਿ ਜੋਤਿ ਕੁਨਾਲੀ ।੬।

ਚੜ੍ਹਿਆ ਹੋਇਆ ਚੰਦ੍ਰਮਾ ਕਦੇ ਨਹੀਂ ਲੁਕਦਾ, (ਭਾਵੇਂ ਕੋਈ ਉਸ ਦੀ) ਜੋਤ ਨੂੰ (ਕੁਨਾਲੀ=) ਸਹਣਕ (ਆਪਣੀਆਂ ਅੱਖਾਂ ਅੱਗੇ ਰੱਖ ਕੇ) ਕੱਜ ਦੇਵੇ।

ਪਉੜੀ ੭

ਲਖ ਲਖ ਬਾਵਨ ਚੰਦਨਾ ਲਖ ਅਗਰ ਮਿਲੰਦੇ ।

ਕਈ ਲੱਖਾਂ ਬਾਵਨ ਚੰਦਨ, ਲੱਖਾਂ ਅਗਰ (ਨਾਲ) ਮੇਲ ਦੇਈਏ।

ਲਖ ਕਪੂਰ ਕਥੂਰੀਆ ਅੰਬਰ ਮਹਿਕੰਦੇ ।

ਲੱਖਾਂ ਕਪੂਰ ਲੱਖਾਂ ਕਸਤੂਰੀਆਂ ਅਰ ਲੱਖਾਂ ਮੁਸ਼ਕੰਬਰ ਮਹਿਕ ਰਹੇ ਹੋਣ।

ਲਖ ਲਖ ਗਉੜੇ ਮੇਦ ਮਿਲਿ ਕੇਸਰ ਚਮਕੰਦੇ ।

ਲੱਖਾਂ ਗੋਰੁਚਨ (ਜੋ ਗਊ ਦੇ ਮੱਥੇ ਤੋਂ ਨਿਕਲਦਾ ਹੈ) ਲੱਖਾਂ ਮੁਸ਼ਕ ਬਿਲਾਈ ਹੋਣ, ਅਰ ਲੱਖਾਂ ਚਮਕੀਲੇ ਕੇਸਰ ਹੋਣ।

ਸਭ ਸੁਗੰਧ ਰਲਾਇ ਕੈ ਅਰਗਜਾ ਕਰੰਦੇ ।

ਸਾਰੀਆਂ ਸੁਗੰਧੀਆਂ ਨੂੰ ਰਲਾਕੇ ਅਰਗਜਾ ਜੋ ਕਰ ਦੇਂਦੇ ਹਨ।

ਲਖ ਅਰਗਜੇ ਫੁਲੇਲ ਫੁਲ ਫੁਲਵਾੜੀ ਸੰਦੇ ।

ਸਾਰੇ ਅਰਗਜੇ, ਲੱਖਾਂ ਫੁਲੇਲ (ਅਰ) ਲੱਖਾਂ ਫੁਲਵਾੜੀਆਂ ਦੇ ਫੁੱਲ ਬੀ ਨਾਲ (ਵਿਦਮਾਨ ਹੋਣ)।

ਗੁਰਮੁਖਿ ਸੁਖ ਫਲ ਪਿਰਮ ਰਸੁ ਵਾਸੂ ਨ ਲਹੰਦੇ ।੭।

ਗੁਰਮੁਖਾਂ ਦੇ ਸੁਖ ਫਲ ਪ੍ਰੇਮ ਰਸ ਦੀ ਮੁਸ਼ਕ ਨੂੰ ਨਹੀਂ ਪਹੁੰਚਦੇ, (ਅਥਵਾ ਉਸਦੀਆਂ ਵਾਸ਼ਨਾਂ ਨੂੰ ਨਹੀਂ ਲੈਂਦੇ ਭਾਵ ਪਹੁੰਚ ਨਹੀਂ ਸਕਦੇ)।

ਪਉੜੀ ੮

ਰੂਪ ਸਰੂਪ ਅਨੂਪ ਲਖ ਇੰਦ੍ਰਪੁਰੀ ਵਸੰਦੇ ।

ਲਖਾਂ ਸੁਹਣੇ ਰੂਪ (ਅਨੂਪ=) ਜਿਨ੍ਹਾਂ ਦਾ ਉਪਮਾਨ ਕੋਈ ਨਹੀਂ ਜੋ ਸ੍ਵਰਗ ਵਿਖੇ ਰਹਿੰਦੇ ਹਨ।

ਰੰਗ ਬਿਰੰਗ ਸੁਰੰਗ ਲਖ ਬੈਕੁੰਠ ਰਹੰਦੇ ।

ਲੱਖਾਂ ਰੰਗ ('ਸੁਰੰਗ ਕਹੀਏ) ਚੰਗੇ ਰੰਗਾਂ ਵਾਲੇ ('ਬਿਰੰਗ') ਜਿਨ੍ਹਾਂ ਦੇ ਅਗੇ ਹੋਰ ਕੋਈ ਰੰਗ ਨਾ ਪੁਜੇ (ਪਾਰਖਦਾਦਿਕ) ਜੋ ਬੈਕੂੰਠ ਵਿਖੇ ਰਹਿੰਦੇ ਹਨ।

ਲਖ ਜੋਬਨ ਸੀਗਾਰ ਲਖ ਲਖ ਵੇਸ ਕਰੰਦੇ ।

ਜੁਬਾ ਅਵਸਥਾ ਤੇ ਲੱਖਾਂ ਹੀ ਸ਼ਿੰਗਾਰ ਰਸ, ਅਰ ਲੱਖਾਂ ਹੀ ਵੇਸ ਕਰਣਹਾਰੇ।

ਲਖ ਦੀਵੇ ਲਖ ਤਾਰਿਆਂ ਜੋਤਿ ਸੂਰਜ ਚੰਦੇ ।

ਲੱਖਾਂ ਦੀਵੇ ਲੱਖਾਂ ਤਾਰੇ, ਸੂਰਜ ਅਤੇ ਚੰਦ ਦੀ (ਜੋਤੀ ਕਹੀਏ) ਪ੍ਰਕਾਸ਼।

ਰਤਨ ਜਵਾਹਰ ਲਖ ਮਣੀ ਜਗਮਗ ਟਹਕੰਦੇ ।

ਲੱਖਾਂ ਮਣੀਆਂ, ਰਤਨ ਅਤੇ ਜਵਾਹਰ 'ਜਗਮਗ' ਪ੍ਰਕਾਸ਼ ਕਰ ਕੇ ਖਿੜ ਰਹੇ ਹਨ।

ਗੁਰਮੁਖਿ ਸੁਖ ਫਲੁ ਪਿਰਮ ਰਸ ਜੋਤੀ ਨ ਪੁਜੰਦੇ ।੮।

ਗੁਰਮੁਖਾਂ ਨੂੰ (ਜੋ) ਪ੍ਰੇਮ ਰਸ ਕਰ ਕੇ 'ਸੁਖ ਫਲ' ਪ੍ਰਾਪਤ ਹੈ (ਉਸਦੇ) ਪ੍ਰਕਾਸ਼ ਨੂੰ (ਪੂਰਬੋਕਤ) ਪ੍ਰਕਾਸ਼ ਨਹੀਂ ਪੁਜਦੇ, (ਭਾਵ ਉਸਦੀ ਰੀਸ ਨਹੀਂ ਕਰ ਸਕਦੇ)।

ਪਉੜੀ ੯

ਚਾਰਿ ਪਦਾਰਥ ਰਿਧਿ ਸਿਧਿ ਨਿਧਿ ਲਖ ਕਰੋੜੀ ।

(ਧਰਮਾਦਿਕ) ਚਾਰੇ ਪਦਾਰਥ, ਰਿੱਧਾਂ, ਸਿੱਧਾਂ, ਨਿੱਧਾਂ ਲਖ ਕ੍ਰੋੜਾਂ ਹੋਣ, (ਅਰਥਾਤ ਦਸ ਖਰਬ ਹੋਣ)।

ਲਖ ਪਾਰਸ ਲਖ ਪਾਰਿਜਾਤ ਲਖ ਲਖਮੀ ਜੋੜੀ ।

ਲੱਖਾਂ ਪਾਰਸ, ਲੱਖਾਂ ਕਲਪ ਬ੍ਰਿੱਛ, ਲੱਖਾਂ ਹੀ (ਲਖਮੀਆਂ=) ਸੰਪਦਾ ਜੋੜੀਆਂ ਜਾਣ।

ਲਖ ਚਿੰਤਾਮਣਿ ਕਾਮਧੇਣੁ ਚਤੁਰੰਗ ਚਮੋੜੀ ।

ਲੱਖਾਂ ਚਿੰਤਾਮਣੀਆਂ, ਲੱਖਾਂ ਕਾਮਧੇਨ ਗਉੂਆਂ, ਚਤਰੰਗ (ਚਾਰ ਪਰਕਾਰ ਦੀ ਸੈਨਾ) ਬੀ (ਚਮੋੜੀ=) ਨਾਲ ਰੱਖੀ ਜਾਵੇ।

ਮਾਣਕ ਮੋਤੀ ਹੀਰਿਆ ਨਿਰਮੋਲ ਮਹੋੜੀ ।

ਮਾਣਕ ਮੋਤੀ, ਹੀਰੇ (ਨਿਰਮੋਲ ਮਹੋੜੀ=) ਮਹਾਂ ਨਿਰਮੋਲਕ।

ਲਖ ਕਵਿਲਾਸ ਸੁਮੇਰੁ ਲਖ ਲਖ ਰਾਜ ਬਹੋੜੀ ।

ਲੱਖਾਂ (ਕਵਿਲਾਸ=) ਚਾਂਦੀ ਦੇ ਪਹਾੜ, ਲੱਖਾਂ ਸੁਮੇਰੁ (ਸੋਨੇ ਦੇ) ਪਰਬਤ, ਫੇਰ ਕਈ ਲੱਖਾਂ ਰਾਜੇ (ਨਾਲ ਸਹਾਇਕ ਹੋਣ)

ਗੁਰਮੁਖਿ ਸੁਖ ਫਲੁ ਪਿਰਮ ਰਸੁ ਮੁਲੁ ਅਮੁਲੁ ਸੁ ਥੋੜੀ ।੯।

(ਪਰੰਤੂ) ਗੁਰਮੁਖਾਂ ਦਾ ਪ੍ਰੇਮ ਰਸ (ਜੋ) ਸੁਖਾਂ ਦਾ ਫਲ ਹੈ, ਮੁੱਲ ਥੋਂ ਅਮੁੱਲ ਹੈ।

ਪਉੜੀ ੧੦

ਗੁਰਮੁਖਿ ਸੁਖ ਫਲ ਲਖ ਲਖ ਲਖ ਲਹਰਿ ਤਰੰਗਾ ।

ਗੁਰਮੁਖ (ਲੋਕਾਂ ਨੂੰ) ਲੱਖਾਂ ਲਹਿਰਾਂ ਅਤੇ ਤਰੰਗਾਂ ਵਿਖੇ ਇਕ ਲੱਖ੍ਯ (ਲਖਾਉਣ ਵਾਲੇ ਸਮੁੰਦ੍ਰ) ਦੀ ਲੱਖਤਾ (ਪਛਾਣ ਕਰਨ) ਨਾਲ ਭਾਵ ਆਤਮ (ਦ੍ਰਿਸ਼ਟੀ ਕਰਨ ਨਾਲ) ਸੁਖ ਫਲ ਦੀ (ਪ੍ਰਾਪਤੀ ਹੁੰਦੀ ਹੈ)।

ਲਖ ਦਰੀਆਉ ਸਮਾਉ ਕਰਿ ਲਖ ਲਹਰੀ ਅੰਗਾ ।

ਲੱਖਾਂ ਦਰੀਆਵਾਂ ਦੇ ('ਅੰਗਾ' ਕਹੀਏ) ਸਰੀਰ ਵਿਖੇ ਲੱਖਾਂ ਲਹਿਰਾਂ ਦਾ (ਸਮਾਉ ਕਹੀਏ) ਸਮਾਵਣਾ ਕੀਤਾ, (ਭਾਵ, ਲੱਖਾਂ ਲਹਿਰਾਂ ਦੇ ਕਰਣਹਾਰ ਦਰਯਾਉ ਨੂੰ ਸਮਝਿਆ, ਜਿਸ ਨੇ ਤ੍ਰੰਗ ਕੀਤੇ ਸੇ, ਲੱਖ ਤ੍ਰੰਗਾਂ ਦੀ ਥਾਂ ਇਕ ਦਰਯਾ ਪਛਾਣ ਲਿਆ)।

ਲਖ ਦਰੀਆਉ ਸਮੁੰਦ ਵਿਚਿ ਲਖ ਤੀਰਥ ਗੰਗਾ ।

ਇਕ ਸਮੁੰਦਰ ਵਿਖੇ ਲੱਖਾਂ ਦਰਿਆਉ ਅਤੇ ਗੰਗਾ (ਵਰਗੇ) ਲੱਖਾਂ ਤੀਰਥ (ਸਮਾਏ ਹੋਏ ਹਨ)।

ਲਖ ਸਮੁੰਦ ਗੜਾੜ ਵਿਚਿ ਬਹੁ ਰੰਗ ਬਿਰੰਗਾ ।

ਲੱਖਾਂ ਸਮੁੰਦ੍ਰ ('ਗੜਾੜ' ਕਹੀਏ) ਮਹਾਂ ਸਾਗਰ ਵਿਖੇ (ਗ਼ਰਕ) ਹਨ, (ਅੱਡ ਅੱਡ) ਰੰਗਾਂ ਥੋਂ ਬਿਰੰਗ ਹੋ ਕੇ (ਇਕ ਮਹਾਂ ਸਾਗਰ ਹੀ ਕਹਾਉਣ ਲਗਦੇ ਹਨ)।

ਲਖ ਗੜਾੜ ਤਰੰਗ ਵਿਚਿ ਲਖ ਅਝੁ ਕਿਣੰਗਾ ।

(ਪਰੰਤੂ) ਲੱਖਾਂ ਮਹਾਂ ਸਾਗਰ ('ਤਰੰਗ'=ਗਿਆਨ ਦੀ ਇਕ) ਲਹਿਰ ਵਿਖੇ ਹਨ, ਅਤੇ ਲੱਖਾਂ (ਗ੍ਯਾਨ ਤੇ ਤਰੰਗ ਪ੍ਰੇਮ ਤੇ ਅੱਖਾਂ ਦੇ) ਹੰਝੂ ਦੇ ਕਿਣਕੇ ਵਿਚ ਹਨ।

ਪਿਰਮ ਪਿਆਲਾ ਪੀਵਣਾ ਕੋ ਬੁਰਾ ਨ ਚੰਗਾ ।੧੦।

(ਪ੍ਰੇਮੀਆਂ ਨੇ ਤਾਂ) ਪ੍ਰੇਮ ਦਾ ਪਿਆਲਾ ਪੀਣਾ ਹੈ (ਉਨ੍ਹਾਂ ਨੂੰ) ਨਾ ਕੋਈ ਚੰਗਾ ਹੈ ਨਾ ਬੂਰਾ।

ਪਉੜੀ ੧੧

ਇਕ ਕਵਾਉ ਪਸਾਉ ਕਰਿ ਓਅੰਕਾਰੁ ਸੁਣਾਇਆ ।

ਇਕ (ਵਾਹਿਗੁਰੂ) ਨੇ ਵਾਕ ਤੋਂ ਪਸਾਰਾ ਕਰ ਕੇ 'ਓਅੰਕਾਰ' (ਸ਼ਬਦ) ਸੁਣਾਯਾ।

ਓਅੰਕਾਰਿ ਅਕਾਰ ਲਖ ਬ੍ਰਹਮੰਡ ਬਣਾਇਆ ।

(ਫੇਰ) ਓਅੰਕਾਰ ਤੋਂ ਅਕਾਰ ਲੱਖਾਂ ਬਣਾ ਕੇ ਬ੍ਰਹਿਮੰਡ ਸਜਾਇਆ।

ਪੰਜਿ ਤਤੁ ਉਤਪਤਿ ਲਖ ਤ੍ਰੈ ਲੋਅ ਸੁਹਾਇਆ ।

ਪੰਜ ਤੱਤਾਂ ਥੋਂ ਲੱਖਾਂ ਦੀ ਉਤਪਤੀ ਕੀਤੀ, ਤਿੰਨ ਲੋਕ (ਅਕਾਸ਼ ਪਾਤਲਾਦਿ ਸਾਰਾ ਬ੍ਰਹਿਮੰਡ) ਸਜਾ ਦਿੱਤਾ (ਭਾਵ ਬ੍ਰਹਮੰਡ ਵਿਚ, ਹਰੇਕ ਦੇ ਰਹਿਣ ਦੇ ਲੇਖੇ ਇਕ ਵੰਡ ਕਰ ਦਿਤੀ)।

ਜਲਿ ਥਲਿ ਗਿਰਿ ਤਰਵਰ ਸਫਲ ਦਰੀਆਵ ਚਲਾਇਆ ।

(ਹਰੇਕ ਲੋਕ ਵਿਚ) ਜਲ (ਸਮੁੰਦਰ), ਥਲ (ਧਰਤੀ) ਪਹਾੜ, ਨਦੀਆਂ, ਫਲਾਂ ਵਾਲੇ ਬ੍ਰਿੱਛ ਆਦਿ ਜਾਰੀ ਕੀਤੇ।

ਲਖ ਦਰੀਆਉ ਸਮਾਉ ਕਰਿ ਤਿਲ ਤੁਲ ਨ ਤੁਲਾਇਆ ।

(ਜੇਕਰ) ਲਖਾਂ ਦਰਿਆਵਾਂ ਦਾ ਤੋਲ ਕਰੀਏ ਤਦ ਉਸ ਦਾ ਇਕ ਤਿਲ ਬੀ ਤੋਲਿਆ ਨਹੀਂ ਜਾ ਸਕਦਾ (ਯਥਾ:- “ਕੀਤਾ ਪਸਾਉ ਏਕੋ ਕਵਾਉ॥ ਤਿਸਤੇ ਹੋਏ ਲਖ ਦਰੀਆਉ”॥ ਇੱਥੇ 'ਦਰਿਆਉ ਤੋਂ ਭਾਵ ਵਿਖੇ ਬ੍ਰਹਮਾਦਿ ਦੇਵਤੇ ਅਰਥ ਕਰਦੇ ਹਨ)।

ਕੁਦਰਤਿ ਇਕ ਅਤੋਲਵੀ ਲੇਖਾ ਨ ਲਿਖਾਇਆ ।

(ਜਦ ਦਰਯਾ ਨਹੀਂ ਤੁਲ ਸਕਦੇ ਤਦ) ਉਸਦੀ (ਸਾਰੀ) ਰਚਨਾ (ਕਿੰਨੀ) ਅਤੋਲ ਹੈ, ਲੇਖਾ ਨਹੀਂ ਲਿਖਿਆ ਜਾਂਦਾ।

ਕੁਦਰਤਿ ਕੀਮ ਨ ਜਾਣੀਐ ਕਾਦਰੁ ਕਿਨਿ ਪਾਇਆ ।੧੧।

ਜਦ ਰਚਨਾ ਦਾ ਹੀ ਅੰਤ ਨਹੀਂ ਤਾਂ (ਕਾਦਰ=) ਰਚਨਹਾਰੇ ਦਾ (ਅੰਤ) ਕੌਣ ਪਾ ਸਕਦਾ ਹੈ?

ਪਉੜੀ ੧੨

ਗੁਰਮੁਖਿ ਸੁਖ ਫਲੁ ਪ੍ਰੇਮ ਰਸੁ ਅਬਿਗਤਿ ਗਤਿ ਭਾਈ ।

ਗੁਰਮੁਖਾਂ ਦਾ ਪ੍ਰੇਮ ਰਸ ਹੀ ਸੁਖ ਫਲ ਹੈ, ਇਸ ਦੀ ਗਤੀ 'ਅਬਿਗਤ' ਹੈ, ਹੇ ਭਾਈਓ! (ਕਦੇ ਨਾਸ਼ ਨਹੀਂ ਹੋਣ ਵਾਲੀ)।

ਪਾਰਾਵਾਰੁ ਅਪਾਰੁ ਹੈ ਕੋ ਆਇ ਨ ਜਾਈ ।

ਇਸ ਦਾ ਪਾਰਾਵਾਰ ਅਪਾਰ ਹੈ, ਓਥੇ ਕੋਈ ਆ ਜਾ ਨਹੀਂ ਸਕਦਾ।

ਆਦਿ ਅੰਤਿ ਪਰਜੰਤ ਨਾਹਿ ਪਰਮਾਦਿ ਵਡਾਈ ।

(ਇਸ ਦਾ) ਆਦਿ ਤੋਂ ਲੈ ਕੇ ਅੰਤ ਪਰਯੰਤ (ਕੋਈ ਹੋਰ ਅੰਤ ਮੂਲੋਂ ਨਹੀਂ, ਉਸ ਦੀ) ਵਡਿਆਈ ਪਰਮਾਦ ਹੈ (ਭਾਵ ਆਦਿ ਅੰਤ ਤੋਂ ਰਹਿਤ ਸਦਾ ਇਕ ਰਸ ਅਰ ਸਦਾ ਪੂਰਨ ਆਦਿ ਰੂਪ ਹੈ। ਜਦ ਜਗ੍ਯਾਸੂ ਨੂੰ ਲੱਝੇ ਉਹ ਉਸ ਦਾ ਆਦਿ ਹੀ ਸਮਝਦਾ ਹੈ, ਜੈਸੀ ਉਹ ਆਦਿ ਵੇਲੇ ਮਿੱਠੀ ਲੱਗੀ ਵੈਸੀ ਮਿੱਠੀ ਹੈ। ਤਾਂਤੇ ਸਦਾ ਆਦਿ ਸਦਾ ਨਵੀਂ ਹੈ)।

ਹਾਥ ਨ ਪਾਇ ਅਥਾਹ ਦੀ ਅਸਗਾਹ ਸਮਾਈ ।

ਉਸ ਅਥਾਹ ਸਮੁੰਦਰ) ਦਾ ਕਿਸੇ ਹਾਥ ਨਹੀਂ ਲੀਤਾ (ਅਸਗਾਹ=) ਵਡੇ ਅਗਾਧ ਸਮੁੰਦਰਾਂ ਦੀ (ਉਸ ਵਿਖੇ) ਸਮਾਈ ਹੋ ਸਕਦੀ ਹੈ।

ਪਿਰਮ ਪਿਆਲੇ ਬੂੰਦ ਇਕ ਕਿਨਿ ਕੀਮਤਿ ਪਾਈ ।

(ਉਸ ਦੇ) ਪ੍ਰੇਮ ਪਿਆਲੇ ਦੀ ਇਕ ਬੂੰਦ ਦੀ ਭੀ ਕਿਸੇ ਨੇ ਕੀਮਤ ਨਹੀਂ ਪਾਈ, (ਕਿਉਂ ਜੋ ਸੁਖਮਨੀ ਜੀ ਵਿਖੇ ਪੰਚਮ ਗੁਰੂ ਜੀ ਬਚਨ ਕਰਦੇ ਹਨ-'ਸਰਬ ਬੈਕੁੰਠ ਮੁਕਤਿ ਮੋਖ ਪਾਏ॥ ਏਕ ਨਿਮਖ ਹਰਿ ਕੇ ਗੁਨ ਗਾਏ॥ ਅਰਥ- ਇਕ ਅੱਖ ਦੇ ਫੁਰਕਣ ਮਾਤ੍ਰ ਬੀ ਹਰੀ ਦੇ ਗੁਣਾਨੁਵਾਦ ਕਰਨ ਵਿਖੇ ਕਈ ਕੈਵਲ੍ਯ ਮੋਖਾਂ ਦਾ ਫਲ ਪ੍ਰਾਪਤ ਹੋ ਜਾਂਦਾ ਹ

ਅਗਮਹੁ ਅਗਮ ਅਗਾਧਿ ਬੋਧ ਗੁਰ ਅਲਖੁ ਲਖਾਈ ।੧੨।

(ਅਗਮਹੁ ਅਗਮ ਕਹੀਏ) ਸੂਖਮ ਸ੍ਰਿਸ਼ਟੀ ਜੋ ਸਾਡੇ ਲਈ ਅਗੰਮ ਹੈ, ਉਹਨਾਂ ਕਰ ਕੇ ਬੀ ਅਗਮ (ਹੈ ਉਹ ਵਾਹਿਗੁਰੂ), (ਉਸ ਦਾ) ਬੋਧ (ਗਿਆਨ) ਬੀ ਅਗਾਧ ਹੈ (ਪਰੰਤੂ ਉਸ) 'ਅਲਖ' ਦੇ ਲਖਾਉਣ ਹਾਰੇ (ਇਕ) ਗੁਰੂ ਹਨ।

ਪਉੜੀ ੧੩

ਗੁਰਮੁਖਿ ਸੁਖ ਫਲੁ ਪਿਰਮ ਰਸੁ ਤਿਲੁ ਅਲਖੁ ਅਲੇਖੈ ।

ਗੁਰਮੁਖਾਂ ਦਾ ਫਲ ਪ੍ਰੇਮ ਰਸ ਦਾ ਇਕ ਤਿਲ ਮਾਤ੍ਰ ਬੀ ਅਲਖ ਹੈ (ਅਗੇ ਇਸ ਦਾ ਵਰਨਣ ਕਰਦੇ ਹਨ)।

ਲਖ ਚਉਰਾਸੀਹ ਜੂਨਿ ਵਿਚਿ ਜੀਅ ਜੰਤ ਵਿਸੇਖੈ ।

ਚੌਰਾਸੀਹ ਲਖ ਜੂਨੀਆਂ ਵਿਚੋਂ ਜੀਵ ਜੰਤ ਵਿਸ਼ੇਖ (ਹਨ, ਅਰਥਾਤ ਬੇਗਿਣਤ ਹਨ)।

ਸਭਨਾ ਦੀ ਰੋਮਾਵਲੀ ਬਹੁ ਬਿਧਿ ਬਹੁ ਭੇਖੈ ।

(ਇਨ੍ਹਾਂ) ਸਾਰੀਆਂ (ਜੀਵ ਜੰਤਾਂ) ਦੇ ਸਰੀਰਾਂ ਪਰ ਕਈ ਪ੍ਰਕਾਰਾਂ ਅਤੇ ਰੂਪਾਂ ਦੀ (ਅਣਗਿਣਤ) ਰੋਮਾਵਲੀ ਹੈ (ਭਾਵ ਕਈ ਕਾਲੇ, ਪੀਲੇ, ਚਿੱਟੇ, ਕੱਕੇ ਲੂੰ ਗਿਣਤੀਓਂ ਪਾਰ ਹੁੰਦੇ ਹਨ)।

ਰੋਮਿ ਰੋਮਿ ਲਖ ਲਖ ਸਿਰ ਮੁਹੁ ਲਖ ਸਰੇਖੈ ।

(ਜੇਕਰ ਉਸ ਇਕ) ਇਕ ਰੋਮ ਨਾਲ ਲੱਖ ਲੱਖ ਸਿਰ ਲਗ ਜਾਏ (ਤੇ ਫੇਰ ਅਗੋਂ ਹਰ ਇਕ ਸਿਰ ਨਾਲ ਲੱਖ) ਲੱਖ ਮੂੰਹ ਲੱਗ ਜਾਣ।

ਲਖ ਲਖ ਮੁਹਿ ਮੁਹਿ ਜੀਭੁ ਕਰਿ ਸੁਣਿ ਬੋਲੈ ਦੇਖੈ ।

(ਫੇਰ ਉਸ) ਹਰੇਕ ਮੂੰਹ ਵਿਚ ਲੱਖ ਲੱਖ ਜੀਭ (ਲੱਗ ਜਾਵੇ, ਕੰਨ ਅੱਖਾਂ ਲੱਗ ਜਾਣ, ਜੋ) ਇਸ ਦੇ ਗੁਣ ਨੂੰ ਬੋਲੇ ਸੁਣੇ ਤੇ ਦੇਖੇ।

ਸੰਖ ਅਸੰਖ ਇਕੀਹ ਵੀਹ ਸਮਸਰਿ ਨ ਨਿਮੇਖੈ ।੧੩।

ਜੇ ਗਿਣਤੀ ਸੰਖ ਤੋਂ ਟੱਪਕੇ ਵੀਹ ਤੋਂ ਇਕੀਹ (ਹੁੰਦੀ ਹੋਈ) ਲੱਖਾਂ ਅਸੰਖ (ਅਣਗਿਨਤ ਹੋ ਜਾਵੇ ਤਦ ਬੀ ਗੁਰਮੁਖ ਸੁਖ ਫਲ ਪ੍ਰੇਮ ਰਸ ਦੀ ਤਿਲ ਮਾਤ੍ਰ ਦੀ) ਇਕ ਨਿਮਖ ਦੀ ਬਰਾਬਰੀ ਵਰਣਨ ਨਹੀਂ ਹੋ ਸਕਦੀ।

ਪਉੜੀ ੧੪

ਗੁਰਮੁਖਿ ਸੁਖ ਫਲ ਪਿਰਮ ਰਸੁ ਹੁਇ ਗੁਰਸਿਖ ਮੇਲਾ ।

ਗੁਰੂ ਦੇ ਮਿਲਾਪ (ਤੋਂ) ਗੁਰਮੁਖ ਸੁਖ ਫਲ ਪ੍ਰੇਮ ਰਸ (ਪ੍ਰਾਪਤ) ਹੁੰਦਾ ਹੈ।

ਸਬਦ ਸੁਰਤਿ ਪਰਚਾਇ ਕੈ ਨਿਤ ਨੇਹੁ ਨਵੇਲਾ ।

ਸ਼ਬਦ ਸੁਰਤ ਵਿਚ (ਗੁਰੂ ਦੁਆਰਾ) ਪਰਚਾਰਿਆ ਜਾਕੇ (ਸਿਖ ਦਾ) ਨੇਂਹ (ਪ੍ਰੇਮ) ਸਦਾ ਨਵਾਂ ਰਹਿੰਦਾ ਹੈ।

ਵੀਹ ਇਕੀਹ ਚੜਾਉ ਚੜਿ ਸਿਖ ਗੁਰੁ ਗੁਰੁ ਚੇਲਾ ।

ਵੀਹ (ਸੰਸਾਰ ਦਾ ਅਤੇ) ਇਕੀਹ (ਤੁਰੀਆ ਪਦ) ਦਾ ਚੜ੍ਹਾਉ ਚੜ੍ਹਕੇ ਸਿੱਖ ਗੁਰੂ ਤੇ ਗੁਰੂ ਚੇਲਾ ਹੁੰਦਾ ਹੈ (ਭਾਵ ਗੁਰੂ ਸਿੱਖ ਨੂੰ ਆਪਣਾ ਜੇਹਾ ਬਣਾ ਲੈਂਦਾ ਹੈ, ਜਿਸ ਤਰ੍ਹਾਂ ਗੁਰੂ ਨਾਨਕ ਜੀ ਨੇ ਗੁਰੂ ਅੰਗਦ ਜੀ ਨੂੰ ਆਪਣਾ ਰੂਪ ਧਾਰਕੇ ਪੰਜ ਪੈਸੇ ਨਲੀਏਰ ਰੱਖੇਕੇ ਮੱਥਾ ਟੇਕ ਕੇ ਗੁਰੂ ਥਾਪ ਦਿਤਾ)।

ਅਪਿਉ ਪੀਐ ਅਜਰੁ ਜਰੈ ਗੁਰ ਸੇਵ ਸੁਹੇਲਾ ।

(ਇਸ ਪਦ ਰੂਪ ਅਵਸਥਾ ਨੂੰ ਪਹੁੰਚਕੇ ਬੀ ਸਿੱਖ) ਅੰਮ੍ਰਿਤ ਪੀਏ (ਅਰ) ਨਾ ਜਰੀ ਜਾਣ ਵਾਲੀ (ਇਸ ਦਾਤ ਨੂੰ) ਜਰੇ ਤੇ ਗੁਰੂ ਦੀ ਸੇਵਾ ਵਿਚ (ਹੀ) ਅਨੰਦ ਮੰਨੇ।

ਜੀਵਦਿਆ ਮਰਿ ਚਲਣਾ ਹਾਰਿ ਜਿਣੈ ਵਹੇਲਾ ।

(ਉਸ ਦੀ ਦਸ਼ਾ ਇਹ ਰਹੇ) ਕਿ ਜੀਊਂਦਿਆਂ ਮਰਕੇ ਚੱਲੇ (ਅਤੇ ਮਰ ਕੇ ਜੀਵੇ ਫੇਰ) ਹਾਰ (ਕੇ ਚੱਲੇ ਤੇ ਹਾਰਿਆ ਹੋਯਾ) ਜਿੱਤਕੇ (ਚੱਲੇ), (ਕਿਸ ਨੂੰ?) (ਵਹੇਲਾ ਅਰਥਾਤ) ਸੰਸਾਰ ਨੂੰ, (ਭਾਵ ਸੰਸਾਰ ਤੋਂ ਹਾਰ ਕੇ ਆਤਮ ਲਾਭ ਵਿਚ ਜਿਤੇ, ਸੰਸਾਰ ਤੋਂ ਮਰਕੇ ਆਤਮ ਜੀਵਨ ਵਿਚ ਜੀਵੇ; ਏਹ ਦੋਵੇਂ ਬਾਤਾਂ ਮਨ ਦਾ ਮਾਰਨ-ਅਰ ਹਉਮੈ ਅਤੀਤ ਹ

ਸਿਲ ਅਲੂਣੀ ਚਟਣੀ ਲਖ ਅੰਮ੍ਰਿਤ ਪੇਲਾ ।੧੪।

ਅਲੂਣੀ ਸਿਲ ਨੂੰ ਚੱਟੇ (ਨਿਸ਼ਕਾਮ ਭਗਤੀ ਕਰੇ)। (ਐਸੀ ਧਾਰਨਾ ਧਾਰਨ ਨਾਲ ਪ੍ਰੇਮ ਰਸ ਨੂੰ ਪ੍ਰਾਪਤ ਹੋਇਆ ਸਿਖ ਸੰਸਾਰ ਪ੍ਰਸਿੱਧ ਆਬੇਹਯਾਤ, ਯਾਂ ਅੰਮ੍ਰਿਤ, ਜਿਸ ਤੋਂ ਲੋਕ ਸਮਝਦੇ ਹਨ ਕਿ ਸਰੀਰ ਅਮਰ ਹੋ ਜਾਂਦਾ ਹੈ) ਲੱਖਾਂ ਅੰਮ੍ਰਿਤਾਂ ਨੂੰ ਪਰੇ ਸਿੱਟਦਾ ਹੈ।

ਪਉੜੀ ੧੫

ਪਾਣੀ ਕਾਠੁ ਨ ਡੋਬਈ ਪਾਲੇ ਦੀ ਲਜੈ ।

ਪਾਣੀ ਕਾਠ ਨੂੰ ਡੋਬਦਾ ਨਹੀਂ (ਕਿਉਂ ਜੋ) ਪਾਲਣ ਦੀ ਸ਼ਰਮ (ਪੈਂਦੀ ਹੈ)।

ਸਿਰਿ ਕਲਵਤ੍ਰੁ ਧਰਾਇ ਕੈ ਸਿਰਿ ਚੜਿਆ ਭਜੈ ।

ਜਦ ਕਾਠ ਦੇ ਸਿਰ ਪੁਰ ਫਰਨਾਹੀ ਦਿੱਤੀ ਜਾਂਦੀ ਹੈ (ਭਾਵ ਚੀਰਕੇ ਜਹਾਜ਼ ਬਣਾਉਂਦੇ ਹਨ ਤਦੋਂ ਪਾਣੀ ਦੇ) ਸਿਰ ਪੁਰ ਚੜ੍ਹਕੇ ਦੌੜਦਾ ਹੈ (ਅਥਵਾ ਜਹਾਜ਼ ਜਦ ਚਲਦਾ ਹੈ, ਪਾਣੀ ਨੂੰ ਚੀਰਦਾ ਜਾਂਦਾ ਹੈ, ਇਹ ਮਾਨੋਂ ਪਾਣੀ ਨੇ ਸਿਰ ਤੇ 'ਕਲਵਤ੍ਰ'=ਆਰਾ ਧਰਾਯਾ ਹੈ, ਜਹਾਜ਼ ਚੀਰਦਾ ਹੋਇਆ ਦੌੜਦਾ ਫਿਰਦਾ ਹੈ, ਪਰ ਪਾਣੀ ਫੇਰ ਬੀ ਨਹੀਂ ਡੋਬ

ਲੋਹੇ ਜੜੀਐ ਬੋਹਿਥਾ ਭਾਰਿ ਭਰੇ ਨ ਤਜੈ ।

ਜਹਾਜ਼ਾਂ ਨਾਲ ਲੋਹਾ ਜੜੀਦਾ ਹੈ, ਅਰ (ਮਾਲ ਤੇ ਮਨੁੱਖਾਂ ਦੇ) ਭਾਰ ਨਾਲ ਭਰ ਦੇਈਦਾ ਹੈ, (ਤਦ ਬੀ ਆਪਣੇ ਬਿਰਦ ਦੀ ਲਾਜ) ਨਹੀਂ ਛੱਡਦਾ।

ਪੇਟੈ ਅੰਦਰਿ ਅਗਿ ਰਖਿ ਤਿਸੁ ਪੜਦਾ ਕਜੈ ।

ਪੇਟ ਵਿਚ ਅੱਗ ਰੱਖਣੇ ਪਰ ਬੀ ਉਸ ਦਾ ਪੜਦਾ ਕੱਜਦਾ ਹੈ, (ਜਹਾਜ਼ ਵਿਚ ਅੱਗ ਬਾਲੀ ਜਾਓ, ਜਿਸ ਨਾਲ ਪਾਣੀ ਨੂੰ ਵੈਰ ਹੈ, ਤਦ ਬੀ ਨਹੀਂ ਡੋਬਦਾ, ਜਾਂ ਲੱਕੜੀ ਵਿਚ ਬਲਣ ਦੀ ਸ਼ਕਤੀ ਹੁੰਦੀ ਹੈ। ਪਾਣੀ ਇਹ ਜਾਣਕੇ ਬੀ ਪੜਦਾ ਹੀ ਕੱਜਦਾ ਹੈ)।

ਅਗਰੈ ਡੋਬੈ ਜਾਣਿ ਕੈ ਨਿਰਮੋਲਕ ਧਜੈ ।

(ਪਾਣੀ ਵਿਚ ਅਗਰ ਲੱਕੜੀ ਡੁਬ ਜਾਂਦੀ ਹੈ, ਤਿਸ ਦਾ ਕਾਰਨ ਦੱਸਦੇ ਹਨ) ਅਗਰ ਨੂੰ ਜਾਣਕੇ ਡੋਬਦਾ ਹੈ (ਕਿ ਇਹ ਡੁਬ ਜਾਣਾ ਹੀ ਉਸ ਦੇ) ਅਮੋਲਕ ਹੋਣ ਦੀ ਨਿਸ਼ਾਨੀ (ਬਣਦੀ ਹੈ) (ਅਗਰ ਜੇ ਤਰੇ ਤਾਂ ਮਾੜਾ, ਜੇ ਡੁਬੇ ਤਾਂ ਕੀਮਤੀ ਸਮਝਿਆ ਜਾਂਦਾ ਹੈ, ਸੋ ਪਾਣੀ ਉਸ ਨਾਲ ਅੰਗ ਹੋਰ ਸ਼ਕਲ ਵਿਚ ਪਾਲਦਾ ਹੈ, ਡੋਬਦਾ ਹੈ ਇਸ ਲਈ ਕਿ ਇਸ ਦਾ

ਗੁਰਮੁਖਿ ਮਾਰਗਿ ਚਲਣਾ ਛਡਿ ਖਬੈ ਸਜੈ ।੧੫।

(ਤਾਂਤੇ ਹੇ ਭਾਈਓ!) ਗੁਰਮੁਖ ਮਾਰਗ ਉਤੇ ਚੱਲਣਾ ਸ੍ਰੇਸ਼ਟ (ਹੈ) ਅਰ ਸੱਜੇ ਖੱਬੇ (ਦੇ ਖਤਰਨਾਕ ਰਸਤੇ) ਛੱਡਣੇ (ਚੰਗੇ ਹਨ)।

ਪਉੜੀ ੧੬

ਖਾਣਿ ਉਖਣਿ ਕਢਿ ਆਣਦੇ ਨਿਰਮੋਲਕ ਹੀਰਾ ।

ਖਾਣ ਪੁੱਟ ਕੇ ਨਿਰਮੋਲਕ ਹੀਰਾ ਕੱਢਕੇ ਲੈ ਆਉਂਦੇ ਹਨ।

ਜਉਹਰੀਆ ਹਥਿ ਆਵਦਾ ਉਇ ਗਹਿਰ ਗੰਭੀਰਾ ।

(ਫੇਰ) ਉਹ ਗਹਿਰ ਗੰਭੀਰ (ਅਰਥਾਤ ਸ੍ਰੇਸ਼ਟ ਹੀਰਾ) 'ਜੌਹਰੀਆਂ' ਦੇ ਹਥ ਆਉਂਦਾ ਹੈ।

ਮਜਲਸ ਅੰਦਰਿ ਦੇਖਦੇ ਪਾਤਿਸਾਹ ਵਜੀਰਾ ।

ਜੌਹਰੀ ਪਾਸੋਂ (ਵੇਚੇ ਜਾਣੇ ਨਮਿੱਤ ਉਹ) ਕਚੈਹਿਰੀਆਂ ਵਿਖੇ (ਆਉਂਦਾ ਹੈ, ਅਰ ਉਸਨੂੰ) ਪਾਤਸ਼ਾਹ ਅਰ ਵਜ਼ੀਰ ਲੋਕ ਦੇਖਦੇ ਹਨ।

ਮੁਲੁ ਕਰਨਿ ਅਜਮਾਇ ਕੈ ਸਾਹਾ ਮਨ ਧੀਰਾ ।

ਸ਼ਾਹ ਲੋਕ ਪਰੀਛਾ ਕਰ ਕੇ ਜਿਨ੍ਹਾਂ ਦਾ ਮਨ ਧੀਰਜ ਵਾਲਾ ਹੈ (ਹੀਰੇ ਦਾ) ਮੁਲ ਕਰਦੇ ਹਨ (ਅਗਲੀ ਪੰਗਤੀ ਵਿਚ ਪ੍ਰੀਖ੍ਯਾ ਦਾ ਪ੍ਰਕਾਰ ਦਸਦੇ ਹਨ)।

ਅਹਰਣਿ ਉਤੈ ਰਖਿ ਕੈ ਘਣ ਘਾਉ ਸਰੀਰਾ ।

(ਲੋਹਾਰ ਦੀ) ਅਹਿਰਣ ਉੱਤੇ ਹਥੌੜੇ ਦੀ ਘਾਉ (ਹੀਰੇ ਪੁਰ ਮਾਰਕੇ ਪ੍ਰੀਛਾ ਕੀਤੀ ਜਾਂਦੀ ਹੈ)।

ਵਿਰਲਾ ਹੀ ਠਹਿਰਾਵਦਾ ਦਰਗਹ ਗੁਰ ਪੀਰਾ ।੧੬।

ਗੁਰੂ ਤੇ ਪੀਰਾਂ ਦੀ (ਦਰਗਾਹ) ਸਭਾ ਵਿਖੇ ਕੋਈ ਵਿਰਲਾ ਹੀ (ਉਸ ਪਰੀਛਾ ਵਿਖੇ) ਨਿਤਰਦਾ ਹੈ।

ਪਉੜੀ ੧੭

ਤਰਿ ਡੁਬੈ ਡੁਬਾ ਤਰੈ ਪੀ ਪਿਰਮ ਪਿਆਲਾ ।

ਪ੍ਰੇਮ ਦਾ ਪਿਆਲਾ ਪੀਕੇ (ਸੰਸਾਰ ਵਲੋਂ) ਤਰਿਆ ਹੋਇਆ (ਇਸ ਵਿਚ) ਡੁੱਬ ਜਾਂਦਾ (ਤੇ ਰੱਬ ਦੇ ਪਾਸਿਓਂ) ਡੁੱਬਾ ਹੋਇਆ (ਇਸ ਵਿਚ) ਤਰ ਪੈਂਦਾ ਹੈ।

ਜਿਣਿ ਹਾਰੈ ਹਾਰੈ ਜਿਣੈ ਏਹੁ ਗੁਰਮੁਖਿ ਚਾਲਾ ।

(ਜੋ ਹਉਮੈ ਆਸਰੇ ਸਭ ਨੂੰ) ਜਿੱਤਦਾ ਹੈ (ਏਥੇ ਆਕੇ ਹਉਮੈ ਦੀ ਤਿਆਗ ਰੂਪ) ਹਾਰ ਖਾਂਦਾ ਹੈ; (ਸੋ ਮਾਇਆ ਸਮੁੱਚੀ ਨੂੰ) ਜਿੱਤ ਜਾਂਦਾ ਹੈ; ਇਹ ਗੁਰਮੁਖਾਂ ਦਾ ਚਾਲਾ ਹੈ।

ਮਾਰਗੁ ਖੰਡੇ ਧਾਰ ਹੈ ਭਵਜਲੁ ਭਰਨਾਲਾ ।

(ਏਹ) ਰਸਤਾ ਖੰਡੇ ਦੀ ਧਾਰ ਦਾ ਹੈ (ਯਥਾ 'ਖੰਡੇ ਧਾਲ ਗਲੀ ਅਤਿ ਭੀੜੀ') ਤੇ ਡਰ ਦੇ ਜਲ ਨਾਲ ਭਰਪੂਰ ਹੈ।

ਵਾਲਹੁ ਨਿਕਾ ਆਖੀਐ ਗੁਰ ਪੰਥੁ ਨਿਰਾਲਾ ।

ਵਾਲ ਨਾਲੋਂ (ਨਿੱਕਾ) ਸੂਖਮ ਕਹੀਦਾ ਹੈ (ਇਹ) ਗੁਰੂ ਦਾਤ ਪੰਥ (ਨਿਰਾਲਾ) ਵੱਖਰਾ ਹੈ।

ਹਉਮੈ ਬਜਰੁ ਭਾਰ ਹੈ ਦੁਰਮਤਿ ਦੁਰਾਲਾ ।

(ਕਿਉਂਕਿ) ਹਉਮੈ ਬੱਜਰ (ਕਠੋਰ ਪੱਥਰ ਸਮਾਨ) ਭਾਰ (ਰੂਪ) ਹੈ, ਖੋਟੀ ਬੁੱਧਿ ਦੁਖਾਂ ਦਾ ਘਰ ਹੈ।

ਗੁਰਮਤਿ ਆਪੁ ਗਵਾਇ ਕੈ ਸਿਖੁ ਜਾਇ ਸੁਖਾਲਾ ।੧੭।

(ਪਰ ਜੇ ਕੋਈ ਪਿੱਛੇ ਕਹੇ ਗੁਰਮੁਖ ਮਾਰਗ ਪਰ ਆ ਤੁਰੇ ਤਾਂ ਉਹ) ਗੁਰਮਤਿ (ਧਾਰਨ ਕਰਕੇ) ਆਪਾ ਭਾਵ ਗਵਾਉਂਦਾ (ਤੇ) ਸਿਖ (ਬਣਕੇ ਸੰਸਾਰ ਤੋਂ ਵਾਹਿਗੁਰੂ ਦੀ ਸ਼ਰਨ ਵਿਚ) ਸੌਖਾ ਜਾਂਦਾ ਹੈ।

ਪਉੜੀ ੧੮

ਧਰਤਿ ਵੜੈ ਵੜਿ ਬੀਉ ਹੋਇ ਜੜ ਅੰਦਰਿ ਜੰਮੈ ।

(ਧਰਤੀ ਤੇ) ਬੋਹੜ ਬੀਜ ਦਾ ਰੂਪ ਬਣਕੇ ਧਰਤੀ ਵਿਖੇ ਵੜਦਾ ਹੈ (ਫੇਰ) ਉਸ ਦੀ ਜੜ੍ਹ ਅੰਦਰ ਜੰਮਦੀ ਹੈ।

ਹੋਇ ਬਰੂਟਾ ਚੁਹਚੁਹਾ ਮੂਲ ਡਾਲ ਧਰੰਮੈ ।

ਬੂਟਾ ਹੋ ਕੇ ਲਿਸ਼ਕਦਾ ਹੈ, ਜੜ੍ਹਾਂ ਅਤੇ ਟਾਹਣੀਆਂ ਧਾਰਦਾ ਹੈ।

ਬਿਰਖ ਅਕਾਰੁ ਬਿਥਾਰੁ ਕਰਿ ਬਹੁ ਜਟਾ ਪਲੰਮੈ ।

ਬ੍ਰਿੱਛ ਦੇ ਸਰੂਪ ਦਾ ਵਿਸਥਾਰ ਕਰ ਕੇ ਆਪਣੇ ਸਿਰ ਦੀਆਂ 'ਜਟਾਂ' (ਜੜਾਵਾਂ ਹੇਠ ਨੂੰ) ਲਮਕਾਉਂਦਾ ਹੈ।

ਜਟਾ ਲਟਾ ਮਿਲਿ ਧਰਤਿ ਵਿਚਿ ਹੋਇ ਮੂਲ ਅਗੰਮੈ ।

ਜੜ੍ਹਾਂ ਦੀਆਂ ਡਾਲੀਆਂ ਧਰਤੀ ਨਾਲ ਮਿਲਕੇ ਫੇਰ ਮੁੰਡ ਬਣਕੇ (ਮਾਨੋਂ) ਉਗਮ ਪਈਆਂ ਹਨ।

ਛਾਂਵ ਘਣੀ ਪਤ ਸੋਹਣੇ ਫਲ ਲੱਖ ਲਖੰਮੈ ।

ਉਨ੍ਹਾਂ ਥੋਂ ਛਾਂ ਸੰਘਣੀ, ਸੁੰਦਰ ਪੱਤ ਤੇ ਲੱਖਾਂ ਫਲ ਲਖੀਦੇ ਹਨ।

ਫਲ ਫਲ ਅੰਦਰਿ ਬੀਅ ਬਹੁ ਗੁਰਸਿਖ ਮਰੰਮੈ ।੧੮।

ਪ੍ਰਤ੍ਯੇਕ ਫਲ ਨਾਲ ਬੀਉ ਬਾਹਲੇ ਹੁੰਦੇ ਹਨ, ਅਜਿਹਾ ਗੁਰ ਸਿਖ ਦਾ ਭੇਤ ਹੈ।

ਪਉੜੀ ੧੯

ਇਕੁ ਸਿਖੁ ਦੁਇ ਸਾਧ ਸੰਗੁ ਪੰਜੀਂ ਪਰਮੇਸਰੁ ।

ਇਕ (ਹੋਵੇ ਤਾਂ) ਸਿੱਖ, ਦੋ ਹੋਣ ਸਤਿਸੰਗ ਹੈ, ਪੰਜਾਂ ਵਿਚ ਪਰਮੇਸਰੁ ਹੈ।

ਨਉ ਅੰਗ ਨੀਲ ਅਨੀਲ ਸੁੰਨ ਅਵਤਾਰ ਮਹੇਸਰੁ ।

੧ਤੋਂ ੯ ਅੰਗ 'ਸੁੰਨ' ਨਾਲ (ਜੋ ਅਫੁਰ ਪਰਮਾਤਮਾਂ ਰੂਪ ਹੈ) ਮਿਲਕੇ (ਨੀਲ ਅਨੀਲ) ਅਸਲੀ ਗਿਣਤੀ ਤੋਂ ਅਣਗਿਣਤ ਹੋ ਜਾਂਦੇ ਹਨ (ਕਿਉਂ ਜੋ 'ਸ਼ੂੰਨ' ਦੇ ਨਾਲ ਅੰਗ ਦੀ ਦਸ ਦਸ ਗੁਣਾਂ ਪਹਿਲੇ ਨਾਲੋਂ ਕੀਮਤ ਵਧ ਜਾਂਦੀ ਹੈ)।

ਵੀਹ ਇਕੀਹ ਅਸੰਖ ਸੰਖ ਮੁਕਤੈ ਮੁਕਤੇਸਰੁ ।

ਵੀਹ ਤੇ ਇਕੀਹ (ਸੰਖਿਆ ਵਾਲੇ ਭਾਵ ਛੋਟੇ ਵੱਡੇ) ਲੋਕ ('ਮੁਕਤਿਆਂ') ਗੁਰਮੁਖਾਂ ਨਾਲ ਮਿਲਕੇ ('ਮੁਕਤੇਸਰੁ') ਮੁਕਤੀ ਦੇ ਰਾਜੇ ਹੋਕੇ ਸੰਖ੍ਯਾ ਥੋਂ ਅਸੰਖ ਰੂਪ ਹੋ ਜਾਂਦੇ ਹਨ (ਭਾਵ ਜੋ ਮੁਕਤਿਆਂ ਦੀ ਪ੍ਰਸ਼ਾਦ ਆਦਿ ਟਹਿਲ ਭਾਵਣੀ ਕਰਦੇ ਹਨ, ਉਨ੍ਹਾਂ ਦੇ ਪੁੰਨਾਂ ਦੇ ਭਾਗੀ ਹੋਕੇ ਅਨੰਤ ਜੀਵਣ ਦੀ ਪਦਵੀ ਪਾਉਂਦੇ ਹਨ, ਓਹ ਮੁਕਤੇ

ਨਗਰਿ ਨਗਰਿ ਮੈ ਸਹੰਸ ਸਿਖ ਦੇਸ ਦੇਸ ਲਖੇਸਰੁ ।

ਨਗਰ ਨਗਰ ਵਿਖੇ ਹਜ਼ਾਰਾਂ ਅਤੇ ਦੇਸਾਂ ਦੇਸਾਂ ਵਿਖੇ ਲੱਖਾਂ ਗੁਰੂ ਦੇ ਸਿੱਖ ਹਨ (ਭਾਵ ਇਕ ਹੀ ਸਾਰਾ ਦੇਸ਼ ਤਾਰ ਸਕਦਾ ਹੇ। ਇਹ ਤਾਂ ਅਣਗਿਣਤ ਫਲ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਥੋਂ ਮਿਲਦੇ ਹਨ। ਅਗੇ ਦ੍ਰਿਸ਼ਟਾਂਤ ਦੇ ਕੇ ਸਫੁਟ ਕਰਦੇ ਹਨ)।

ਇਕ ਦੂੰ ਬਿਰਖਹੁ ਲਖ ਫਲ ਫਲ ਬੀਅ ਲੋਮੇਸਰੁ ।

ਇਕ ਬ੍ਰਿੱਛ ਵਿਖੇ ਲੱਖਾਂ ਫਲ (ਲੱਝਦੇ) ਹਨ ਤੇ ਫਲ (ਫਲ ਵਿਖੇ ਕਈ) ਬੀਜ ਮਿਲੇ ਹੋਏ ਹਨ, (ਭਾਵ ਗੁਰੂ ਬ੍ਰਿੱਛ ਵਿਖੇ ਸਿੱਖ ਫਲ ਹਨ, ਉਨਾਂ ਫਲਾਂ ਵਿਖੇ ਗੁਰੂ ਬੀਜ ਰੂਪ ਹੋ ਕੇ ਪਰਵੇਸ਼ ਕਰ ਰਹੇ ਹਨ)।

ਭੋਗ ਭੁਗਤਿ ਰਾਜੇਸੁਰਾ ਜੋਗ ਜੁਗਤਿ ਜੋਗੇਸਰੁ ।੧੯।

ਭੋਗਾਂ ਨੂੰ ਭੋਗਦੇ ਹਨ, ਇਸ ਕਰ ਕੇ ਰਾਜਿਆਂ ਦੇ ਈਸ਼੍ਵਰ ਹਨ ਅਰ ਜੋਗ ਵਿਖੇ ਜੁੜਨ ਕਰ ਕੇ (ਜਨਕ ਵਾਂਗੂੰ) ਜੋਗੀਆਂ ਦੇ ਰਾਜਾ ਹਨ।

ਪਉੜੀ ੨੦

ਪੀਰ ਮੁਰੀਦਾ ਪਿਰਹੜੀ ਵਣਜਾਰੇ ਸਾਹੈ ।

ਪੀਰ ਅਤੇ ਮੁਰੀਦਾਂ (ਅਰਥਾਤ ਗੁਰੂ ਅਤੇ ਚੇਲਿਆਂ ਦੀ) ਗਾਹਕਾਂ ਅਤੇ ਸ਼ਾਹਾਂ ਵਾਂਗੂੰ ਪ੍ਰੀਤ ਹੈ।

ਸਉਦਾ ਇਕਤੁ ਹਟਿ ਹੈ ਸੰਸਾਰੁ ਵਿਸਾਹੈ ।

(ਨਾਮ ਦਾ) ਸੌਦਾ ਇਕੋ (ਗੁਰੂ ਦੀ) ਹੱਟੀ (ਸ਼ੁੱਧ) ਹੈ-ਸੰਸਾਰ ਖਰੀਦਦਾ ਹੈ।

ਕੋਈ ਵੇਚੈ ਕਉਡੀਆ ਕੋ ਦਮ ਉਗਾਹੈ ।

ਕੋਈ ਕੌਡਾਂ ਵੇਚਦਾ ਹੈ, ਕੋਈ ਰੁਪਏ ਉਗਰਾਹੁੰਦਾ ਹੈ, (ਭਾਵ ਗੁਮਾਸ਼ਤਾ ਹੈ)।

ਕੋਈ ਰੁਪਯੇ ਵਿਕਣੈ ਸੁਨਈਏ ਕੋ ਡਾਹੈ ।

ਕੋਈ ਰੁਪਏ ਵੇਚਦਾ ਹੈ, ਕੋਈ ਸੋਨੇ ਨੂੰ ('ਡਾਹੈ'=) ਅੱਗ ਵਿਚ ਤਾਕੇ (ਭਾਵ ਅਜ਼ਮਾਇਸ਼ਾਂ) ਕਰਦਾ ਹੈ।

ਕੋਈ ਰਤਨ ਵਣੰਜਦਾ ਕਰਿ ਸਿਫਤਿ ਸਲਾਹੈ ।

ਕੋਈ ਰਤਨ ਖਰੀਦਦਾ ਹੈ, (ਉਸਦੀ) ਉਸਤਤ ਕਰ ਕੇ ਸਲਾਹੁੰਦਾ ਹੈ (ਭਈ ਵੱਡਾ ਅਮੋਲ ਪਦਾਰਥ ਹੈ)।

ਵਣਜਿ ਸੁਪਤਾ ਸਾਹ ਨਾਲਿ ਵੇਸਾਹੁ ਨਿਬਾਹੈ ।੨੦।

ਵਣਜ ਵਪਾਰ (ਸਪੱਤੇ) ਭਰੋਸੇ ਵਾਲੇ ਸ਼ਾਹ ਨਾਲ (ਚਾਹੀਦਾ ਹੈ ਜੋ) ਵੇਸਾਹੁ ਨੂੰ ਨਿਬਾਹ ਦੇਂਦਾ ਹੈ, (ਭਾਵ ਛਲ ਵਲ ਨਹੀਂ ਕਰਦਾ)।

ਪਉੜੀ ੨੧

ਸਉਦਾ ਇਕਤੁ ਹਟਿ ਹੈ ਸਾਹੁ ਸਤਿਗੁਰੁ ਪੂਰਾ ।

ਇਕ (ਸਤਿ ਸੰਗਤ ਰੂਪੀ) ਹੱਟ ਵਿਖੇ ਹੀ (ਨਾਮ ਦਾ) ਸੌਦਾ ਹੁੰਦਾ ਹੈ, ਸਤਿਗੁਰੂ ਪੂਰੇ ਸ਼ਾਹੂਕਾਰ ਹਨ।

ਅਉਗੁਣ ਲੈ ਗੁਣ ਵਿਕਣੈ ਵਚਨੈ ਦਾ ਸੂਰਾ ।

(ਹੋਰ ਸ਼ਾਹ ਖੋਟਾ ਪੈਸਾ ਪਰੇ ਸਿੱਟਦੇ ਹਨ, ਇਹ) ਸਿੱਖ ਦੇ ਅਉਗਣ ਲੈਕੇ ਗੁਣ ਦਿੰਦੇ ਹਨ, ਅਰ ਬਚਨ ਦੇ 'ਸੂਰੇ' (ਭਾਵ ਸੱਚੇ) ਹਨ।

ਸਫਲੁ ਕਰੈ ਸਿੰਮਲੁ ਬਿਰਖੁ ਸੋਵਰਨੁ ਮਨੂਰਾ ।

ਸਿੰਮਲ ਬਿਰਖ (ਭਾਵ ਅਫਲ ਜੀਵਨ ਵਾਲਿਆਂ) ਨੂੰ ਫਲ ਯੁਕਤ (ਸਫਲ) ਕਰ ਕੇ ਮਨੂਰ (ਪਾਪਾਂ ਨਾਲ ਮਰ ਮੁਕੇ ਨੂੰ) ਸੋਨਾ (=ਗੁਰਮੁਖ) ਕਰ ਦਿੰਦੇ ਹਨ।

ਵਾਸਿ ਸੁਵਾਸੁ ਨਿਵਾਸੁ ਕਰਿ ਕਾਉ ਹੰਸੁ ਨ ਊਰਾ ।

ਬਾਂਸ (ਸਾਕਤ ਯਾ ਕਠੋਰ ਪਾਪੀ) ਵਿਚ (ਸੁਵਾਸ=) ਚੰਦਨ ਦੀ ਵਾਸ਼ਨਾਂ (ਨਾਮ) ਦਾ ਪਰਵੇਸ਼ ਕਰਾਕੇ ਕਾਉਂ (ਕਾਲੇ ਮਨਾਂ) ਨੂੰ ਹੰਸੋਂ (ਗੁਰਮੁਖੋਂ) ਘੱਟ ਨਹੀਂ ਕਰਦੇ, (ਭਾਵ ਸਿੱਖ ਦੇ ਖੋਖਲੇ ਤੇ ਗੰਢੀਲੇ ਅੰਤਹਕਰਣਾਂ ਵਿਖੇ ਸ਼ਬਦ ਚੰਦਨ ਦੀ ਵਾਸ਼ਨਾਂ ਪਾ ਵਿਸ਼ਿਆਂ ਰੂਪ ਗੰਦਗੀ ਥੋਂ ਹਟਾ ਸੁੱਚੇ ਨਾਮ ਰੂਪੀ ਮੋਤੀਆਂ ਦੇ ਗਹਿਰੇ ਗੱਫੇ ਲ

ਘੁਘੂ ਸੁਝੁ ਸੁਝਾਇਦਾ ਸੰਖ ਮੋਤੀ ਚੂਰਾ ।

ਉੱਲੂ (ਅਗ੍ਯਾਨੀਆਂ) ਨੂੰ ਸੂਝ ਦਿੰਦੇ ਹਨ (ਅਤੇ ਚੂਰਾ=) ਧੂੜ ਨੂੰ ਮੋਤੀ ਬਣਾ ਦੇਂਦੇ ਹਨ (ਭਾਵ ਜਿਨ੍ਹਾਂ ਨੇ ਨੀਚ ਕਰਮਾਂ ਤੇ ਨੀਚ ਵਾਸ਼ਨਾਂ ਨਾਲ ਨਿਜ ਨੂੰ ਵਿਪ੍ਰੀਤ ਰੂਪ ਕਰ ਲਿਆ ਹੈ, ਜਿਨ੍ਹਾਂ ਦੀ ਸੁਰਤ ਅਤਿ ਖਿੰਡਕੇ ਏਕਾਗ੍ਰ ਹੋਣੋਂ ਰਹਿ ਚੁਕੀ ਹੈ, ਉਨ੍ਹਾਂ ਨੂੰ ਮੋਤੀ ਵਾਂਗ ਇਕ ਜਿੰਦ ਦੇ ਅਮੋਲਕ ਕਰਦੇ ਹਨ। ਅਥਵਾ 'ਸੰ

ਵੇਦ ਕਤੇਬਹੁ ਬਾਹਰਾ ਗੁਰ ਸਬਦਿ ਹਜੂਰਾ ।੨੧।

(ਜੋ ਪਰਮਾਤਮਾਂ) ਵੇਦਾਂ ਕਤੇਬਾਂ ਤੇ ਬਾਹਰ ਹੈ, ਓਹ ਗੁਰੂ ਦੇ ਸਬਦ ਕਰ ਕੇ (ਉਨ੍ਹਾਂ ਨੂੰ) ਹਜ਼ੂਰ (ਭਾਸਦਾ) ਹੈ। (ਯਥਾ:- 'ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ॥ ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ')॥

ਪਉੜੀ ੨੨

ਲਖ ਉਪਮਾ ਉਪਮਾ ਕਰੈ ਉਪਮਾ ਨ ਵਖਾਣੈ ।

ਲਖਾਂ ਉਪਮਾਂ (ਕਰਣ ਹਾਰੇ ਲੋਕਾਂ ਦੀਆਂ) ਉਪਮਾਂ ਕਰਦੇ ਹਨ, (ਪਰੰਤੂ ਈਸ਼੍ਵਰ ਦੀ ਇਕ 'ਉਪਮਾ') ਮਹਿਮਾ ਨਹੀਂ ਕਹਿ ਸਕਦੇ।

ਲਖ ਮਹਿਮਾ ਮਹਿਮਾ ਕਰੈ ਮਹਿਮਾ ਹੈਰਾਣੈ ।

ਲਖਾਂ ਮਹਿਮਾਂ (ਕਰਣਹਾਰੇ ਰਾਜਿਆਂ ਦੀਆਂ ਮਹਿਮਾਂ ਕਰਦੇ ਹਨ, ਪਰ (ਵਾਹਿਗੁਰੂ ਦੀ) ਮਹਿਮਾਂ (ਵਿਚ ਓਹ ਬੀ) ਹੈਰਾਨ ਹਨ।

ਲਖ ਮਹਾਤਮ ਮਹਾਤਮਾ ਨ ਮਹਾਤਮੁ ਜਾਣੈ ।

ਲੱਖਾਂ ਮਹਾਤਮਾਂ ਲੋਕ (ਤੀਰਥਾਂ ਦਾ) ਮਹਾਤਮ (ਵਰਨਣ ਕਰਦੇ ਹਨ, ਪ੍ਰਤੂੰ ਉਸ ਵਾਹਿਗੁਰੂ ਦਾ) ਪ੍ਰਤਾਪ ਨਹੀਂ ਜਾਣ ਸਕਦੇ॥

ਲਖ ਉਸਤਤਿ ਉਸਤਤਿ ਕਰੈ ਉਸਤਤਿ ਨ ਸਿਞਾਣੈ ।

ਲਖਾਂ ਉਸਤਤਾਂ (ਕਰਣਹਾਰੇ ਦੇਵਤਿਆਂ ਦੀਆਂ) ਉਸਤਤੀਆਂ ਕਰਦੇ ਹਨ, (ਪਰ ਉਸ ਵਾਹਿਗੁਰੂ ਦੀ) ਉਸਤਤੀ ਨਹੀਂ ਸਿਾਣਦੇ।

ਆਦਿ ਪੁਰਖੁ ਆਦੇਸੁ ਹੈ ਮੈਂ ਮਾਣੁ ਨਿਮਾਣੈ ।੨੨।

ਪਰ ਆਦਿ ਪੁਰਖ (ਵਾਹਿਗੁਰੂ ਯਾ ਸਤਿਗੁਰੂ ਨਾਨਕ ਦੇਵ ਜੀ ਨੂੰ ਮੇਰੀ) ਨਮਸਕਾਰ ਹੈ, ਓਹ ਮੈਂ ਨਿਮਾਣੇ ਦਾ ਮਾਣ ਹਨ।

ਪਉੜੀ ੨੩

ਲਖ ਮਤਿ ਲਖ ਬੁਧਿ ਸੁਧਿ ਲਖ ਲਖ ਚਤੁਰਾਈ ।

ਲੱਖਾਂ ਮੱਤ (ਵਿਹਾਰਕ) ਲੱਖਾਂ ਬੁਧੀਆਂ (ਦਿਮਾਗੀ ਸਮਝਾਂ, ਲੱਖਾਂ) ਸੁਧਾਂ (ਕੁਦਰਤੀ ਸਮਝਾਂ) ਤੇ ਲੱਖਾਂ ਚਤੁਰਾਈਆਂ ਹਨ, (ਕਿਸੇ ਬਾਤ ਦੀ ਸਮਝ ਵਿਚ ਟਪਲਾ ਨਾ ਖਾਣਾ)।

ਲਖ ਲਖ ਉਕਤਿ ਸਿਆਣਪਾਂ ਲਖ ਸੁਰਤਿ ਸਮਾਈ ।

ਲੱਖਾਂ 'ਉਕਤ' (ਨ੍ਯਾਯ ਅਨੁਸਾਰ ਯੁਕਤੀਆਂ) ਲੱਖਾਂ ਸਿਆਣਪਾਂ (ਦੂਰਅੰਦੇਸ਼ੀਆਂ), ਲੱਖਾਂ ਸੂਰਤ ਦੀ ਸਮਾਈ (ਸੁਧ ਦੋਸ਼ ਰੂਪੀ ਸਮਝ ਦਾ ਕਿਸੇ ਆਲੰਬ ਵਿਚ ਸਮਾਉਣਾ, ਤਦਰੂਪ ਹੋਣਾ)।

ਲਖ ਗਿਆਨ ਧਿਆਨ ਲਖ ਲਖ ਸਿਮਰਣ ਰਾਈ ।

ਲੱਖਾਂ ਗਿਆਨ (ਜਾਨਣਾ, ਪਰ ਵਿਸ਼ੇਸ ਕਰ ਕੇ ਜੜ ਚੈਤੰਨ ਦੇ ਭੇਤਾਂ ਨੂੰ ਸਮਝਣਾ), ਲੱਖਾਂ ਧਿਆਨ (ਕਿਸੇ ਡਿੱਠੇ ਪਦਾਰਥ ਨੂੰ ਮੰਨ ਕੇ ਪੁਨਾ ਪੁਨਾ ਖਿਆਲ ਕਰ ਕੇ ਤਦਰੂਪ ਖ੍ਯਾਲ ਵਿਚ ਸਿੱਧ ਕਰ ਲੈਣਾ) ਤੇ ਲੱਖਾਂ ਸੂਖਮ ਸਿਮਰਣ, (ਕਿਸੇ ਪਦਾਰਥ ਨੂੰ ਮੁੜ ਮੁੜ ਚੇਤੇ ਵਿਚ ਲਿਆਉਣਾ)।

ਲਖ ਵਿਦਿਆ ਲਖ ਇਸਟ ਜਪ ਤੰਤ ਮੰਤ ਕਮਾਈ ।

ਲੱਖਾਂ ਵਿਦ੍ਯਾ, (ਉਹ ਤਰੀਕਾ ਜਿਸ ਨਾਲ ਬੁੱਧੀ ਮਾਂਜੀ ਜਾਂਦੀ ਤੇ ਵਾਕਫੀਅਤ ਵਿਚ ਤਰੱਕੀ ਕਰਦੀ ਹੈ), ਲੱਖਾਂ ਇਸ਼ਟ (ਜੋ ਨਿਜ ਤੋਂ ਵਡੇਰੇ ਤੇ ਸਹਾਈ ਸਮਝੇ ਜਾਣ ਤੇ ਪ੍ਯਾਰੇ ਲੱਗਦੇ ਹਨ) ਲੱਖਾਂ ਜਪ (ਕਿਸੇ ਸੰਕੇਤਕ ਪਦ ਦਾ ਬਾਰਬਾਰ ਉਚਾਰਨਾ) ਲੱਖਾਂ 'ਤੰਤ੍ਰ' (ਧਾਗੇ ਤਵੀਤ) ਲੱਖਾਂ ਮੰਤ੍ਰ (ਸੰਕੇਤਕ ਪਾਠ ਜਿਨ੍ਹਾਂ ਨਾਲ ਸੰਕੇ

ਲਖ ਭੁਗਤਿ ਲਖ ਲਖ ਭਗਤਿ ਲਖ ਮੁਕਤਿ ਮਿਲਾਈ ।

ਲੱਖਾਂ 'ਭਗਤਾਂ' (ਭੋਗ, ਸੰਸਾਰਕ ਆਨੰਦ ਦਾਇਕ ਵਸਤੂਆਂ ਨੂੰ ਵਰਤਣਾ) ਲੱਖਾਂ ਭਗਤਾਂ (ਸੇਵਾ ਟਹਿਲ ਪਰਮਾਰਥਕ ਅਨੰਦ ਦਾਇਕ ਚੀਜ਼ਾਂ ਦੀ ਪ੍ਰਾਪਤੀ ਨਮਿੱਤ ਯਤਨ ਆਦਿਕ) ਲੱਖਾਂ ਮੁਕਤੀਆਂ (ਜੀਵਆਤਮਾਂ ਦਾ ਆਵਾਗਵਨ ਤੋਂ ਛੁਟਕਾਰੇ) ਦੀ ਮਿਲੌਨੀ।

ਜਿਉ ਤਾਰੇ ਦਿਹ ਉਗਵੈ ਆਨ੍ਹੇਰ ਗਵਾਈ ।

ਜਿਵੇਂ ਤਾਰਿਆ ਤੇ ਹਨੇਰੇ ਨੂੰ ਦਿਨ ਚੜ੍ਹਕੇ ਗੁਆ ਦਿੰਦਾ ਹੈ।

ਗੁਰਮੁਖਿ ਸੁਖ ਫਲੁ ਅਗਮੁ ਹੈ ਹੋਇ ਪਿਰਮ ਸਖਾਈ ।੨੩।

(ਤਿਵੇਂ) ਗੁਰਮੁਖ ਦਾ ਸੁਖਫਲ ਜੋ ਅਗੰਮ ਹੈ, (ਪਿੱਛੇ ਕਹੇ ਅਧੂਰੇ ਯਾ ਅਨ੍ਹੇਰੇ ਪਦਾਰਥਾਂ ਨੂੰ ਮਾਤ ਕਰਕੇ) ਪਿਆਰੇ ਦੇ ਮੇਲ ਦਾ ਸਹਾਇਕ ਬਣਦਾ ਹੈ।

ਪਉੜੀ ੨੪

ਲਖ ਅਚਰਜ ਅਚਰਜ ਹੋਇ ਅਚਰਜ ਹੈਰਾਣਾ ।

ਲੱਖਾਂ ਅਚਰਜ ਹੋਕੇ ਇਸ ਅਚਰਜ ਪਰ ਹੈਰਾਨ ਹੋ ਰਹੇ ਹਨ।

ਵਿਸਮੁ ਹੋਇ ਵਿਸਮਾਦ ਲਖ ਲਖ ਚੋਜ ਵਿਡਾਣਾ ।

(ਇਸ) ਅਚਰਜ ਕੌਤਕ ਨੂੰ ਵੇਖਕੇ ਲੱਖਾਂ ਵਿਸਮਾਦ ਵਿਸਮ ਰਹੇ ਹਨ।

ਲਖ ਅਦਭੁਤ ਪਰਮਦਭੁਤੀ ਪਰਮਦਭੁਤ ਭਾਣਾ ।

(ਉਸਦੇ) ਪਰਮ (ਅਦਭੁਤ=) ਅਤੀ ਅਸਚਰਜ ਰੂਪ ਭਾਣੇ ਪਰ ਲੱਖਾਂ ਅਦਭੁਤ ਅਤੀ ਅਸਚਰਜ ਹੋ ਰਹੇ ਹਨ।

ਅਬਿਗਤਿ ਗਤਿ ਅਗਾਧ ਬੋਧ ਅਪਰੰਪਰੁ ਬਾਣਾ ।

ਉਸ ਦੀ ਗਤੀ ਅਬਗਤ ਹੈ (ਭਾਵ ਜਾਣੀ ਨਹੀਂ ਜਾਂਦੀ, 'ਅਗਾਧ') ਡੂੰਘੀ ਹੈ (ਉਸ ਦਾ) 'ਬੋਧ' ਪਾਰ ਤੋਂ ਰਹਿਤ ਸਰੂਪ ਵਾਲਾ ਹੈ।

ਅਕਥ ਕਥਾ ਅਜਪਾ ਜਪਣੁ ਨੇਤਿ ਨੇਤਿ ਵਖਾਣਾ ।

ਕਥਾ ਉਸ ਦੀ ਅਕੱਥ ਹੈ ਭਾਵ (ਕਹੀ ਨਹੀਂ ਜਾਂਦੀ, ਅਥਵਾ ਕਿਹਾਂ ਮੁੱਕਦੀ ਨਹੀਂ) ਜਾਪ (ਉਸ ਦਾ) ਅਜਪਾ ਹੈ (ਜਪਿਆਂ ਪਾਰਾਵਾਰ ਨਹੀਂ); ਨਹੀਂ ਹੈ ਏਹ, ਨਹੀਂ ਹੈ ਏਹ, (ਪੁਸਤਕਾਂ ਉਸ ਨੂੰ) ਕਹਿੰਦੀਆਂ ਹਨ।

ਆਦਿ ਪੁਰਖ ਆਦੇਸੁ ਹੈ ਕੁਦਰਤਿ ਕੁਰਬਾਣਾ ।੨੪।

ਉਸ ਆਦਿ ਪੁਰਖ (ਪਾਰਬ੍ਰਹਮ) ਨੂੰ ਨਿਮਸਕਾਰ ਹੈ, (ਉਸ ਦੀ) ਕੁਦਰਤ ਥੋਂ ਅਸੀਂ ਬਲਿਹਾਰ ਜਾਂਦੇ ਹਾਂ।

ਪਉੜੀ ੨੫

ਪਾਰਬ੍ਰਹਮੁ ਪੂਰਣ ਬ੍ਰਹਮੁ ਗੁਰ ਨਾਨਕ ਦੇਉ ।

ਗੁਰ ਨਾਨਕ ਦੇਉ ਪਾਰਬ੍ਰਹਮ ਅਤੇ ਪੂਰਣ ਬ੍ਰਹਮ (ਸਰੂਪ) ਹਨ। (ਭਾਵ-ਨਿਰਗੁਣ ਅਤੇ ਸਰਗੁਣ ਰੂਪ ਆਪ ਹੀ ਹਨ “ਨਿਰਗੁਨੁ ਆਪਿ ਸਰਗੁਨੁ ਭੀ ਓਹੀ॥ ਕਲਾਧਾਰਿ ਜਿਨਿ ਸਗਲੀ ਮੋਹੀ”)।

ਗੁਰ ਅੰਗਦੁ ਗੁਰ ਅੰਗ ਤੇ ਸਚ ਸਬਦ ਸਮੇਉ ।

ਗੁਰ (ਨਾਨਕ) ਜੀ ਦੇ ਸਰੀਰ ਥੋਂ ਗੁਰੂ ਅੰਗਦ ਜੀ ਸੱਚੇ ਸ਼ਬਦ ਵਿਖੇ ਸਮਾਏ, (ਭਾਵ ਤਦਾਕਾਰ ਰੂਪ ਹੋਏ)।

ਅਮਰਾਪਦੁ ਗੁਰ ਅੰਗਦਹੁ ਅਤਿ ਅਲਖ ਅਭੇਉ ।

ਗੁਰੂ ਅੰਗਦ ਥੋਂ ਅਮਰ ਪਦਵੀ ਪਾਕੇ (ਗੁਰੂ ਅਮਰ ਦਾਸ ਜੀ) ਹੋਏ, (ਉਨ੍ਹਾਂ ਦੀ ਗਤੀ) ਅਲਖ ਅਤੇ ਅਭੇਉ ਹੋਈ।

ਗੁਰ ਅਮਰਹੁ ਗੁਰ ਰਾਮ ਨਾਮੁ ਗਤਿ ਅਛਲ ਅਛੇਉ ।

ਗੁਰੂ ਅਮਰ ਦੇਵ ਜੀ ਥੋਂ ਗੁਰੂ ਰਾਮਦਾਸ ਜੀ ਨਾਮ ਵਾਲੇ ਨਾ ਛਲੀ ਜਾਣ ਵਾਲੀ ਤੇ ਨਾ ਦਾਗੀ ਹੋਣ ਵਾਲੀ ਗਤੀ ਵਾਲੇ ਹੋਏ, (ਭਾਵ ਸਰਬ ਜਨ੍ਹਾਂ ਦੇ ਕਲਿਆਨਕਾਰੀ ਪਰੋਪਕਾਰੀ ਭਾਰੀ ਹੋਏ।

ਰਾਮ ਰਸਕ ਅਰਜਨ ਗੁਰੂ ਅਬਿਚਲ ਅਰਖੇਉ ।

(ਗੁਰੂ) ਰਾਮਦਾਸ ਥੋਂ ਗੁਰੂ ਅਰਜਨ ਦੇਵ ਜੀ ਅਚਲ (ਮੂਰਤੀ ਅਰ ਸ੍ਵੈ ਸਰੂਪ ਵਿਖੇ) ਮਸਤ ਹੋਏ।

ਹਰਿਗੋਵਿੰਦੁ ਗੋਵਿੰਦੁ ਗੁਰੁ ਕਾਰਣ ਕਰਣੇਉ ।੨੫।੧੩। ਤੇਰਾਂ ।

(ਪੰਚਮ ਗੁਰੂ ਥੋਂ ਛੀਵੇਂ) ਗੁਰੂ ਹਰਿਗੋਬਿੰਦ ਜੀ ਗੋਬਿੰਦ (ਰੂਪ) ਗੂਰੂ ਕਾਰਣਾਂ ਦੇ ਕਰਣਹਾਰੇ ਹੋਏ। (ਭਾਵ, ਮੀਰੀ ਪੀਰੀ ਦੇ ਖਾਵੰਦ ਹੋ ਗੱਦੀ ਪੁਰ ਬਿਰਾਜਮਾਨ ਹੋਏ)।


Flag Counter