ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਕਾਮਨਾਂ=ਦਲੀਲਾਂ। ਜੋਹੈ=ਤੱਕਦੇ ਹਨ। ਧੋਹਣ=ਧ੍ਰੋਹਣਹਾਰ, ਠੱਗ। ਛੋਹੇ=ਕ੍ਰੋਧ। ਪੋਹੈ=ਚੰਬੜਨਾ।)
ਲਖਾਂ ('ਕਾਮਨਾ') ਦਲੀਲਾਂ ਕਰ ਕੇ ਬਾਹਲੇ (ਅਪੱਰਾਦਿਕਾਂ ਦੇ) ਰੂਪ ਕਰ ਕੇ ਕਾਮ ਦਿਖਾਲੀ ਦੇਂਦਾ ਹੈ।
ਲੱਖਾਂ 'ਕਰੋਪ' ਕਰੋਧ ਕਰ ਕੇ ਵੈਰੀ ਹੋਕੇ ਤੱਕਦੇ ਹਨ।
ਲੱਖਾਂ ਲੋਭ, ਲੱਖਾਂ ਲੱਖਮੀਆਂ ਹੋਕੇ ਧ੍ਰੋਹ ਨਾਲ ਠੱਗ ਰਹੇ ਹਨ।
ਮਾਇਆ ਦੇ ਮੋਹ ਕਰੋੜਾਂ ਮਿਲਕੇ ਬਹੁਗੁਣੇ ਹੋਕੇ ਸੋਭ ਰਹੇ ਹਨ।
ਦੈਂਤਾਂ ਦੇ ਸੰਘਾਰ ਦਾ (ਕਾਰਣ) ਹੰਕਾਰ ਲੱਖਾਂ ਪ੍ਰਕਾਰਾਂ ਦੀ ਹੰਤਾ ਮਮਤਾ ਕਰ ਕੇ ('ਛੋਹੈਂ') ਕ੍ਰੋਧ ਕਰ ਕੇ (ਦਾਉ ਤਾੜਦਾ ਹੈ)।
ਸਾਧ ਸੰਗਤ (ਵਿਖੇ ਮਿਲਕੇ ਜੋ) ਗੁਰੂ ਦਾ ਸਿੱਖ ਗੁਰੂ ਸਿੱਖਯਾ ਨੂੰ ਸ਼੍ਰਵਣ ਕਰਦਾ ਹੈ (ਉਸ ਨੂੰ ਉਤਲੇ ਕਹੇ ਹੋਏ ਕਾਮਾਦਿਕ ਕੋਈ) ਅਸਰ ਨਹੀਂ ਕਰਦੇ।
ਲੱਖਾਂ ਇਸਤੀਆਂ (ਜਾਦੂ ਵਾਂਙੁ ਮੋਹਨ ਵਾਲੀਆਂ) ਲਖਾਂ ਕਾਮਰੂਪ (ਨਾਮੇ ਦੇਸ਼ ਦੀਆਂ) ਅਰ ਲਖਾਂ ਟੁਣੈ ਕਰਣ ਹਾਰੀਆਂ।
ਸੰਗਲਾਦੀਪ ਦੀਆਂ ਪਦਮਣੀਆਂ ਬਾਹਲੇ ਰੂਪ ਨਾਲ ਸ਼ੀਗਾਰੀਆਂ ਹੋਈਆਂ।
ਇੰਦ੍ਰਪੁਰੀ (ਸੁਰਗ) ਦੀਆਂ ਮੋਹਤ ਕਰਨ ਵਾਲੀਆਂ (ਰੰਭਾ ਉਰਵਸ਼ੀ ਨਾਮੇ) ਅਪੱਸਰਾਂ ਚੰਗੇ ਆਚਾਰ ਵਾਲੀਆਂ।
ਲੱਖਾਂ ਹੂਰਾਂ, ਲਖਾਂ ਪਰੀਆਂ ਬਹਿਸ਼ਤ ਦੀਆਂ ਸਵਾਰੀਆਂ ਹੋਈਆਂ।
ਲਖਾਂ 'ਕਵਲਾਂ' (ਲਛਮੀਆਂ) ਨਵੇਂ ਜੋਬਨ ਵਾਲੀਆਂ, ਲਖਾਂ ('ਕਾਮਕਰਾਰੀ' ਕਾਮ ਕਲਾ ਵਾਲੀਆਂ।
ਗੁਰਮੁਖਾਂ (ਦੀ ਛਾਯਾ) ਨੂੰ (ਬੀ) ਛੁਹ ਨਹੀਂ ਸਕਦੀਆਂ (ਕਿਉਂ ਗੁਰਮੁਖਾਂ ਦੀ) ਸਾਧ ਸੰਗਤ ਭਾਰੀ (ਵਾੜ) ਹੈ। ਇਸ ਵਾੜ ਦੇ ਆਸ਼ਯ ਗੁਰਮੁਖ ਇਨ੍ਹਾਂ ਉਪੱਦ੍ਰਵਾਂ ਥੋਂ ਬਚਿਆ ਰਹਿੰਦਾ ਹੈ। (ਸਾਧ ਸੰਗਤ ਤੋਂ ਵਿਹੂਣਾਂ ਤਪੀ ਪੁਰਖ ਭਲਾ ਬੀ ਹੋਵੇ ਤਾਂ ਫਸ ਮਰਦਾ ਹੈ)।
ਲੱਖਾਂ ਦੁਰਯੋਧਨ, ਲੱਖਾਂ ਕੰਸ, ਲੱਖਾਂ ਹੀ ਹੋਰ ਦੈਤ ਲੜਨ ਵਾਲੇ।
ਲੱਖਾਂ ਰਾਵਣ, ਲੱਖਾਂ ਕੁੰਭਕਰਣ, ਲੱਖਾਂ ਰਾਖਸ਼ ਮੰਦ ਕਰਮਾਂ ਵਾਲੇ।
ਲੱਖਾਂ ਪਰਸਰਾਮ ਤੇ ਸਹੰਸ੍ਰ ਬਾਹੂ (ਜਿਹੇ ਰਾਜੇ) ਹੰਕਾਰ ਕਰ ਕੇ ਖਹਿਣ ਵਾਲੇ।
ਹਿਰਣਕਸਯਪ, ਹਰਣਾਖਸ਼ ਅਰ ਨਰਸਿੰਘ ਗੱਜਣ ਵਾਲੇ।
ਲੱਖਾਂ ਕਰੋਧ, ਲੱਖਾਂ ਵਿਰੋਧ, ਲੱਖਾਂ ਵੈਰ ਕਰਣ ਹਾਰੇ,
ਗੁਰੁ ਸਿਖ ਉਪਰ ਕੋਈ ਬਲ ਨਹੀਂ ਪਾ ਸਕਦੇ (ਕਿਉਂਕਿ ਉਹ ਗੁਰਮੁਖਾਂ ਦੀ) ਸਾਧ ਸੰਗਤ ਵਿਖੇ ਮਿਲਿ ਬੈਠਦੇ ਹਨ।
ਸੋਨੇ ਚਾਂਦੀ ਦੇ ਲੱਖਾਂ ਮਣਾਂ ਮੂੰਹੀ ਭੰਡਾਰੇ ਭਰੇ ਹੋਏ ਹੋਣ।
ਮੋਤੀ ਮਾਣਕ, ਹੀਰੇ ਬਾਹਲੇ ਅਪਾਰ ਮੁੱਲ ਵਾਲੇ।
ਲੱਖਾਂ ਦੇਸ਼, ਲੱਖਾਂ ਮੋਹਣੇ ਭੇਖ, ਰਾਜ ਭਾਗ ਅਰ ਹਜ਼ਾਰਾਂ ਇਲਾਕੇ।
ਰਿੱਧੀਆਂ (ਕਈ) ਸਿੱਧੀਆਂ ਦੇ ਜੋਗ (ਮਿਲਾਪ) ਤੇ ਭੋਗ ਕਈ ਗਹਿਣਿਆਂ ਦੇ ਸ਼ਿੰਗਾਰ।
ਲੱਖਾਂ ਕਾਮਧੇਨ (ਗਊਆਂ), ਲੱਖਾਂ ਕਲਪ ਬ੍ਰਿਛ ਅਰ ਚਿੰਤਾਮਣੀ ਦੇ ਟੁਕੜੇ।
ਚਾਰੇ ਪਦਾਰਥ (ਧਰਮਾਦਿ), ਸਾਰੇ ਫਲ, ਲੱਖਾਂ ਲੋਭਾਂ ਦੇ (“ਉਭਾਰ”) ਉਦੇ ਹੋਣ।
ਗੁਰ ਸਿਖ ਨੂੰ ਕੋਈ ਵੱਸ ਨਹੀਂ ਕਰ ਸਕਦਾ। (ਕਿਉਂ ਜੋ) ਸਾਧ ਸੰਗਤ ਵਿਖੇ ਉਸ ਦਾ ਉਧਾਰ ਹੋਇਆ ਹੈ।
ਪੁੱਤ੍ਰ ਪਿਉ ਦਾ, ਮਾਂ ਧੀ ਦਾ, ਭੈਣ ਭਿਰਾਉ ਦਾ।
ਇਸਤ੍ਰੀ ਅਰ ਭਰਤਾ ਦਾ ਪਯਾਰ ਅਜਿਹੇ ਲਖਾਂ ਹੀ ਮਨ ਦੇ ਮੇਲ ਮਿਲਾਪ ਹੋ ਰਹੇ ਹਨ (ਭਾਵ ਇਨ੍ਹਾਂ ਦੇ ਆਪੋ ਵਿੱਚੀ ਦਿਲੀ ਮੇਲ ਹੁੰਦਾ ਹੈ)।
ਸੁੰਦਰ ਮੰਦਰ, ਚਿਤ੍ਰ ਸਾਲ, ਬਾਗ ਅਰ ਸ਼ੋਭਾਨੀਕ ਫੁਲ।
ਰਾਗ, ਰੰਗ ਰਸ ਅਤੇ ਰੂਪ ਲਖਾਂ ਭੋਗਾਂ ਦੇ ਭੁਲਾਏ ਬਾਹਲੇ।
ਲੱਖਾਂ ਮਾਇਆ, ਲਖਾਂ ਮੋਹਾਂ ਦੇ ਨਾਲ ਮੇਲ ਕਰ ਕੇ ਦਾਵੇਗੀਰ ਹੋਕੇ ਦਾਵੇ ਬੰਨ੍ਹਣੇ।
ਗੁਰਸਿਖ ਪੁਰ ਬਲ ਨਹੀਂ ਪਾ ਸਕਦੇ (ਕਿਉਂ ਜੋ ਓਹ) ਸਾਧ ਸੰਗਤ ਵਿਖੇ ਹੀ ਸ਼ੋਭਾਨੀਕ ਹੋ ਰਹੇ ਹਨ।
ਇਕ ਵਰਨ ਨੂੰ ਦੂਜਾ ਵਰਨ ਚੰਗਾ ਨਹੀਂ ਲਗਦਾ (ਇਸ ਲਈ) ਹੰਕਾਰ ਕਰ ਕੇ ਆਪੋ ਵਿਚ ਖਹਿੰਦੇ ਹਨ।
(ਦ੍ਰਿਸ਼ਟਾਂਤ) ਬਨ ਵਿਖੇ ਦੋ ਸ਼ੇਰ ਬਲ ਵਾਲੇ ਜਿੱਕੁਰ ਭਬਕਾਂ ਮਾਰਦੇ ਹਨ।
ਹਾਥੀ ਮਸਤੀ ਲਾ ਕੇ ਅੜੀਅਲ ਹੋ ਅੜ ਖਲੋਂਦੇ (ਇਕ ਦੂਜੇ ਨੂੰ ਮਾਰਨ ਪੈਂਦੇ) ਹਨ।
ਛੋਟੇ ਰਾਜੇ ਅਰ ਵੱਡੇ ਰਾਜੇ ਦੇਸ਼ਾਂ ਨੂੰ ਮੱਲ ਕੇ (ਆਪੋ ਵਿਚੀ ਜੁੱਧ ਅਤੇ) ਘਮਸਾਨ ਕਰਦੇ ਹਨ।
(ਇਕ) ਦੇਸ਼ ਵਿਖੇ ਦੋ ਪਾਤਸ਼ਾਹ (ਨਹੀਂ ਰਹਿ ਸਕਦੇ, ਦੋਵੇਂ) ਜੰਗ ਕਰਨ ਨੂੰ ਉੱਦਤ ਹੁੰਦੇ ਹਨ।
ਹਉਮੈਂ ਅਰ ਹੰਕਾਰ ਕਰ ਕੇ ਲੱਖਾਂ ਮੱਲ ਭਲਵਾਨ (ਜਿਦਬਜਿਦੀ ਘੁਲਕੇ) ਕੁਸ਼ਤੀਆਂ ਕਰਦੇ ਹਨ।
(ਇਹ ਦੋਸ਼) ਗੁਰਸਿਖ ਨੂੰ ਨਹੀਂ ਪੋਹ ਸਕਦੇ, ਕਿਉਂ ਜੋ ਓਹ ਸਾਧ ਸੰਗਤ ਵਿਖੇ ਨਿਵਾਸ ਰਖਦੇ ਹਨ।
ਗੋਰਖਨਾਥ ਜਤੀ ਕਿਹਾ ਜਾਂਦਾ ਹੈ, ਉਸ ਦਾ ਗੁਰੂ (ਮਛਿੰਦਰ ਨਾਥ) ਕਾਮੀ ਸੀ (ਕਿਉਂ ਜੋ ਇਕ ਮ੍ਰਿਤਕ ਰਾਜੇ ਦੇ ਸਰੀਰ ਵਿਖੇ ਪ੍ਰਵੇਸ ਕਰ ਕੇ ਉਸ ਦੀ ਰਾਣੀ ਨਾਲ ਭੋਗ ਭੋਗਦਾ ਰਿਹਾ)।
ਸ਼ੁੱਕਰ ਕਾਣਾ ਹੋ ਗਿਆ, ਖੋਟੇ ਮੰਤ੍ਰ ਦੇ ਵਿਚਾਰ ਕਰਨ ਕਰ ਕੇ (ਭਾਵ ਉਹ ਬੀ ਦਾਗ਼ੀ ਹੋ ਗਿਆ ਹੈ।
ਲਛਮਨ ਨੇ (ਬਾਰਾਂ ਵਰਹੇ) ਭੁਖ ਤ੍ਰੇਹ ਸਾਧ ਲੀਤੀ ਸੀ (ਕਿਉਂ ਜੋ ਰਾਮ ਚੰਦ੍ਰ ਦੇ ਨਾਲ ਬਨ ਵਿਖੇ ਫਲਾਹਾਰੀ ਹੀ ਰਿਹਾ, ਪਰੰਤੂ ਹਉਮੈਂ ਕਰ ਕੇ ਹੰਕਾਰੀ ਹੀ ਰਿਹਾ।
ਹਨੂਮਾਨ ਬਲੀ ਹੋਇਆ ਹੈ ਪਰੰਤੂ ਮਤ ਉਸਦੀ ਚੰਚਲ ਤੇ ਖਾਰੀ ਸੀ।
ਭੈਰੋਂ ਦੇ ਨਾਲ ਭੂਤਾਂ ਦਾ ਕੁਸੁਤ੍ਰ ਬਣਿਆ ਰਿਹਾ ਹੈ, (ਉਸ ਨੇ ਬੀ) ਦੁਰਮਤ੍ਹ ਹੀ ਉਰ ਵਿਖੇ ਧਾਰਨ ਕੀਤੀ ਰੱਖੀ
ਗੁਰੂ ਦੇ ਸਿੱਖ ਜਤੀ ਸ਼ਲਾਘਾ ਕਰਣ ਦੇ ਜੋਗ ਹਨ, (ਕਿਉਂ ਜੋ) ਉਨ੍ਹਾਂ ਨੇ ਹਉਮੈਂ ਮਾਰ ਦਿੱਤੀ ਹੈ, (ਨਿਰਦੋਸ਼ ਹਨ।
ਹਰੀ ਚੰਦ ਰਾਜਾ (ਆਪਣੇ) ਸਤ ਰੱਖਣ (ਲਈ) ਮੰਡੀ ਵਿਖੇ ਵਿਕਿਆ (ਤੇ ਵਿਸ਼ਵਾ ਮਿੱਤ੍ਰ ਦਾ ਸੌ ਭਾਰ ਸੋਨੇ ਦਾ ਪੂਰਾ ਕੀਤਾ)।
ਰਾਜਾ ਬਲ ਪਾਤਾਲ ਚਲਿਆ ਗਿਆ ਪਰ ਸਤ ਨਾ ਛਡਿਆ।
ਕਰਣ ਸੋਨੇ ਦਾ ਦਾਨ ਕਰ ਕੇ ਅੰਤ ਨੂੰ ਪਛੋਤਾਇਆ, (ਕਿਉਂ ਜੋ ਇਕੇਰਾਂ ਇਸ਼ਨਾਨ ਕਰ ਰਿਹਾ ਸੀ, ਤਦੋਂ ਇੰਦਰ ਨੇ ਪ੍ਰੀਖਿਆ ਲਈ ਸੋਨਾ ਮੰਗਿਆ ਉਹ ਪਾਸ ਨਹੀਂ ਸੀ, ਇਸ ਲਈ ਆਪਣੀ ਤੁਚਾ ਉਧੇੜ ਦਿੱਤੀ ਸੀ, ਬਾਜੇ ਕਹਿੰਦੇ ਹਨ ਕਿ ਅੱਗੇ ਪਰਲੋਕ ਵਿਖੇ ਬੀ ਉਸ ਨੂੰ ਸੋਨਾ ਹੀ ਮਿਲਦਾ ਸੀ, ਇਸ ਲਈ ਭਰਤ ਖੰਡ ਵਿਖੇ ਫੇਰ ਆਕੇ ਅੰਨ ਦਾ ਦਾਨ
ਧਰਮ ਪੁਤ੍ਰ ਵੱਡਾ ਸਤਿਵਾਦੀ ਸੀ (ਪਰ ਇਕ) ਝੂਠ ਕਰ ਕੇ ਜਮਪੁਰੀ ਗਿਆ।
ਜਤੀ ਸਤੀ ਸੰਤੋਖੀ ਹੋਏ (ਤਾਂ ਬਥੇਰੇ ਪਰ) ਹਉਂਮੈਂ ਤੇ ਗਰਬ ਵਿਚ ਹੋਏ (ਇਸ ਕਰ ਕੇ ਅੰਦਰੋਂ ਸੁਖੀ ਨਾ ਹੋਏ)।
(ਏਹ ਸਾਰੇ) ਗੁਰੂ ਸਿਖ ਦੇ ਰੋਮ ਦੀ ਬਰਾਬਰੀ ਨਹੀਂ ਕਰ ਸਕਦੇ (ਕਿਉਂਕਿ) ਉਹ ਨਿਮਾਣੇ ਹੁੰਦੇ ਹਨ, (ਗੁਰਸਿਖ ਇਸੇ ਕਰ ਕੇ ਬਹੁਤੇ ਮਾਨਯੋਗ ਹਨ)।
ਮੁਸਲਮਾਨ ਅਰ ਹਿੰਦੂਆਂ ਨੇ (ਆਪੋ ਆਪਣੇ) ਦੇ ਰਸਤੇ ਚਲਾ ਦਿੱਤੇ ਹਨ।
(ਮੁਸਲਮਾਨ ਆਪਣੇ ਰਸਤੇ ਦਾ ਨਾਉਂ) ਮਜ਼ਹਬ, (ਅਰ ਹਿੰਦੂ) ਵਰਣ ਆਖਦੇ ਹਨ, (ਹਿੰਦੂ) ਗੁਰੂ (ਅਰ ਮੁਸਲਮਾਨ) ਪੀਰ ਸਦਾਉਂਦੇ ਹਨ।
ਸਿਖ ਅਰ ਮੁਰੀਦ ਵੱਡੇ ਪਾਖੰਡਾਂ ਨਾਲ ਫਸਾਉਂਦੇ ਤੇ ਉਪਦੇਸ਼ ਦੇਂਦੇ ਹਨ।
(ਹਿੰਦੂ) ਰਾਮ ਰਾਮ, (ਮੁਸਲਮਾਨ) ਰਹੀਮ ਧਿਆਉਂਦੇ ਹੰਕਾਰ ਅਰ ਗਰਬ ਕਰਦੇ ਹਨ।
(ਮੁਸਲਮਾਨ) ਮੱਕੇ ਦੀ ਜ਼ਯਾਰਤ (ਜਾਤਰਾ) (ਅਰ ਹਿੰਦੂ) ਗੰਗਾ ਅਰ ਕਾਂਸ਼ੀ ਦਾ ਸੇਵਨ ਕਰਦੇ (ਭਾਵ ਉਥੇ ਮਰਣ ਨਾਲ ਮੁਕਤੀ ਸਮਝਦੇ ਹਨ)
(ਮੁਸਲਮਾਨ) ਰੋਜ਼ੇ (ਹਿੰਦੂ) ਵਰਤ ਰਖਦੇ ਨਿਮਾਜ਼ਾਂ ਤੇ ਡੰਡਉਤਾਂ ਕਰਦੇ ਹਨ। (ਸਤਵੀਂ ਤੁਕ ਵਿਖੇ ਸਿੱਧਾਂਤ ਦੱਸਦੇ ਹਨ)।
ਗੁਰੂ ਦੇ ਸਿੱਖ ਦੇ ਇਕ ਰੋਮ ਬਰਾਬਰ ਨਹੀਂ ਪੁੱਜਦੇ ਹਨ (ਕਿਉਂਕਿ ਉਹ) ਆਪਾ ਗੁਆਉਂਦੇ ਹਨ।
ਛੀ ਦਰਸ਼ਨ ਚੋਦਹ ਵਿਦਯਾ ਦੇ ਝਗੜੇ ਵਿਖੇ ਵਰਤਦੇ ਹਨ।
ਗ੍ਰਿਹਸਥੀ ਲੋਕ ਅਸਵਾਰ ਪਿਆਦੇ (ਪਾਤਸ਼ਾਹੀ ਨੌਕਰ ਚਾਕਰ) ਘਰ ਦੀ ਘੁੰਮਣਘੇਰੀ ਵਿਖੇ ਫਸੇ ਹੋਏ (' ਰੋਟੀਆਂ ਕਾਰਣ ਪੂਰਹਿ ਤਾਲ”) ਹਨ।
ਸੰਨਿਆਸੀ ਦਸ ਨਾਉਂ (ਗਿਰੀ ਪੁਰੀ ਆਦ ਰਖਾਕੇ ਉਤਰ ਪ੍ਰਸ਼ਨਾਂ ਦੇ ਝਗੜੇ ਕਰ ਰਹੇ ਹਨ।
ਰਾਵਲ (ਜੋਗੀ) ਲੋਕ ਬਾਰਾਂ ਪੰਥ ਬਣਾ ਕੇ (ਹੰਕਾਰ ਆਦਿ ਮਦ ਪਾਨ ਕਰਕੇ) ਮਸਤ ਹੋਏ ਫਿਰ ਰਹੇ ਹਨ।
ਜੈਨ ਮਾਰਗੀਆਂ ਦੀ ਜੂਠ ਨਹੀਂ ਉਤਰਦੀ (ਕਿਉਂ ਜੋ ਉਹ ਆਪਣੇ ਸੇਵਕਾਂ ਦਾ) ਬੱਚਤ ਅੰਨ ਖਾਂਦੇ (ਅਰ ਭਾਂਡਿਆਂ ਦੇ ਧੋਣ ਦਾ ਪਾਣੀ ਪੀਣ ਅਰ ਨ੍ਹਾਉਣ ਵਿਖੇ ਵਰਤਦੇ) ਹਨ।
(ਇਹ ਸਭ) ਗੁਰੂ ਦੇ ਸਿਖ ਦੇ ਇਕ ਰੋਮ ਦੇ ਬਰਾਬਰ ਨਹੀਂ ਪੁਜਦੇ, ਜਿਨ੍ਹਾਂ ਦੀ ਧੁਰ (ਟੇਕ 'ਆਦਿ ਜਗਾਦੀ') ਵਾਹਿਗੁਰੂ ਪਰ ਹੈ।
ਸੁੰਨੀ, ਸ਼ੀਏ, ਰਾਫਜ਼ੀ (ਆਦ) ਬਹੁਤੇ ਮਜ਼ਹਬ (ਮੁਸਲਮਾਨਾਂ ਦੇ) ਮਨ ਵਿਖੇ ਚੰਗੇ ਲੱਗੇ ਹਨ।
ਮੁਲਹਿਦ, ਮੁਨਾਫਕ ਸਭ ਭਰਮ ਵਿਖੇ ਭੁੱਲੇ ਰਹੇ (ਕਿਉਂਕਿ ਓਹ ਜਗਤ ਕਰਤਾ ਨਹੀਂ ਮੰਨਦੇ, ਜਾਣਦੇ ਹਨ ਕਿ ਘਾਹ ਤੋਂ ਘਾਹ ਵਾਗੂੰ ਆਪੇ ਜਗਤ ਹੋਇਆ ਆਉਂਦਾ ਹੈ।
ਈਸਾਈ ਲੋਕ ਅਰ ਮੂਸਾ ਪੈਕੰਬਰ ਦੇ ਮੰਨਣ ਵਾਲੇ ਹਉਮੈਂ ਵਿਖੇ ਹੈਰਾਨ ਹਨ।
ਫਿਰਗਸਤਾਨੀ, 'ਇਰਮਨੀ' (ਆਰਮੀਨੀਆਂ ਵਾਸੀ) ਰੂਮੀ ਹੰਕਾਰ ਵਿਖੇ ਮਸਤ ਹਨ।
ਕਾਲੀ ਪੇਸ਼ (ਜੋ ਕਾਲੀ ਪੁਸ਼ਾਕ ਰਖਦੇ ਹਨ) ਕਲੰਦਰ ਅਤੇ ਦਰਵੇਸ਼ ਲੋਕ (ਜੋ ਕਿ ਦੇਸ਼ਾਟਨ ਕਰੀ ਫਿਰਦੇ ਹਨ) ('ਦੁਗਾਣੇ) ਦੋ ਗੰਡੇ ਕੌਡਾਂ ਦੇ ਮੁੱਲ ਵਾਲੇ ਹਨ, (ਕਿਉਂ ਜੋ ਜੋ ਹੰਕਾਰ ਕਰੇ ਭਾਵੇਂ ਕੋਈ ਹੋਵੇ ਕੌਡੀਓਂ ਖੋਟਾ ਹੈ)।
ਗੁਰੂ ਦੇ ਸਿਖ ਦੇ ਇਕ ਵਾਲ ਦੇ ਬਰਾਬਰ ਨਹੀਂ ਹਨ, (ਕਿਉਂ ਜੋ ਗੁਰੂ ਦੇ ਸਿਖ) ਗੁਰੂ ਦੀ ਹੱਟੀ ਪੁਰ ਵਿਕ ਚੁਕੇ ਹਨ।
ਜਪ, ਤਪ, ਸੰਜਮ (ਇੰਦ੍ਰਯ ਰੋਕ ਦੀਆਂ) ਸਾਧਨਾਂ (ਤਪੱਸਯਾ) ਹਠ ਨੂੰ ਧਾਰਕੇ ਕਰਣੀਆਂ।
ਵਰਤ, ਨੇਮ, ਤੀਰਥ ਬਾਹਲੇ ਆਤਮਾ ਨਮਿੱਤ ਕਰਨੇ।
ਦੇਵੀਆਂ, ਦੇਵਤੇ, (ਦੁਹੁਰੇ) ਠਾਕਰ ਦੁਆਰਿਆ ਦੀ ਪੂਜਾ ਵਿਖੇ ਤਤਪਰ ਹੋਣਾ
ਬਹੁਤੇ ਹੋਮ, ਜਗ, ਦਾਨ ਕਰਣੇ, ਵੇਦਾਂ ਦਾ ਮੁਖੋਂ ਪਾਠ ਕਰਣਾ।
ਕਰਮਾਂ, ਧਰਮਾਂ, ਭੈ ਭਰਮਾਂ ਵਿਚ ਬਾਹਲੇ ਜੰਮਦੇ ਮਰਦੇ ਹੀ ਰਹਿੰਦੇ ਹਨ।
(ਸੁਖ ਫਲ) ਸ੍ਵਰੂਪਾਨੰਦ ਦੀ ਪ੍ਰਾਪਤੀ ਗੁਰਮੁਖਾਂ ਨੂੰ ਹੁੰਦੀ ਹੈ ਜੋ ਸਾਧ ਸੰਗਤ ਨੂੰ ਮਿਲਕੇ ਕਠਨ (ਸੰਸਾਰ ਨੂੰ) ਤਰ ਜਾਂਦੇ ਹਨ (ਜੋ ਹਉਂ ਤੋਂ ਟੇਕ ਚੁਕਕੇ ਗੁਰੂ ਤੇ ਟੇਕ ਧਾਰਦੇ ਹਨ)।
ਚੱਕਰਵਰਤੀ ਰਾਜੇ ਉਦਯ ਅਸਤ ਤੀਕ ਰਾਜ ਕਰ ਕੇ ਬਾਹਲੇ (ਪ੍ਰਤਾਪ ਵਾਲੇ) ਹੋਏ।
ਅਰਬ ਖਰਬਾਦਿ ਪਦਾਰਥਾਂ ਦੀਆਂ ਨਿਧਾਂ (ਘਰ ਵਿਖੇ ਅਰ) ਰਸਾਂ ਦੇ ਭੋਗ ਚੰਗਿਆਂ ਥੋਂ ਚੰਗੇ (ਤਿਆਰ ਸਨ)।
ਨਰਪਤ ਲੋਕ, ਛਤ੍ਰ ਪਤੀ, ('ਸੁਰਪਤਿ') ਇੰਦ੍ਰਾਦਿਕ ਹਉਮੈਂ ਵਿਖੇ ਘੇਰੇ ਰਹੇ।
ਸ਼ਿਵ ਲੋਕ ਥੋਂ ਬ੍ਰਹਮ ਲੋਕ ਨੂੰ ਚੜ੍ਹਕੇ ਕਈ ਰਾਜੇ ਬੇਕੁੰਠ ਦੇ ਵਾਸੀ ਹੋਏ।
ਕਈ ਚਿਰਜੀਵੀ ਬਾਹਲੀਆਂ ਉਮਰਾਂ ਵਾਲੇ ਵੱਡਿਆਂ ਥੋਂ ਵੱਡੇ ਹੋਏ।
('ਸੁਖ ਫਲ') ਸਰੂਪਾ ਨੰਦ ਦੀ ਪ੍ਰਾਪਤੀ ਗੁਰਮੁਖਾਂ ਨੂੰ ਹੋਈ ਹੈ, (ਇਸ ਲਈ ਓਹ ਗੁਰਮੁਖ ਉਪਰ ਕਹੇ ਹੋਏ ਸਾਰੇ) ਭਲਿਆਂ ਨਾਲੋਂ ਭਲੇਰੇ (ਉੱਤਮ) ਹਨ (ਕਿਉਂ ਜੋ ਸ਼ਾਤਾਂਤਮਾਂ ਹੋਕੇ ਆਪਣੇ ਆਪ ਦੇ ਅਨੰਦ ਵਿਖੇ ਮਗਨ ਰਹਿੰਦੇ ਹਨ, ਨਿਜ ਸਰੂਪ ਤੋਂ ਨਹੀਂ ਹਿੱਲਦੇ)।
ਰੂਪ ਅਨੁਪ ਸਰੂਪ' (ਅਰਥਾਤ ਕ੍ਰਿਤਮ ਸੋਹਣੇ ਰੂਪ, ਸਰੂਪ, ਜਾਤੀਯ ਸੁੰਦਰ ਰੂਪ) ਲੱਖਾਂ ਰੰਗਾਂ ਨਾਲ ਮਿਸ਼੍ਰਤ ਹੋਣ।
ਰਾਗ ਨਾਦਾਂ ਦੇ 'ਸੰਬਾਦ' (ਝਗੜੇ) ਲੱਖਾਂ ਸੰਗਤਾਂ ਇਕ ਰਸ (ਰਹਿਣ ਵਾਲੀਆਂ (ਵਿਦਮਾਨ) ਹੋਣ।
ਗੰਧੀਆਂ ਵਿਚੋਂ ਲੱਖਾਂ ਸੁਗੰਧੀਆਂ ਦੇ ਮੇਲਅਰ ਅਰਗਜੇ (ਬਾਹਲੀਆਂ ਸੁਗੰਧੀਆਂ ਦੇ ਸਾਰਭੂਤ ਤੇਲ) ਸੁੱਧ।
ਰਸੋਈ ਵਿਖੇ ਛਤੀਹ ਪ੍ਰਕਾਰ ਦੇ ਭੋਜਨ ਹੋਰ ਰਸਾਂ ਦੇ ਭੋਗ ਚੰਗੇ ਢੰਗ ਬਣਾਉਣ ਵਾਲੇ।
ਪੱਟ ਦੇ ਕੱਪੜੇ (ਪਹਿਰਣ ਨੂੰ। ਗਹਿਣੇ (ਸਰਬੰਗਾਂ) ਸਾਰੇ ਅੰਗਾਂ ਦੇ (ਪੂਰਣ ਲਈ, ਕੜੇ ਬੁਹੱਟੇ, ਵਾਲੇ ਆਦ) ਸ਼ੋਭਦੇ ਹੋਣ।
(ਪਰੰਤੂ ਉਕਤ ਸੁਖ) ਗੁਰਮੁਖਾਂ ਦੇ ਸੁਖ ਫਲ ਦੇ (ਅਨੰਦ ਵਿਖੇ ਆਪਣੀ) ਗੰਮਤਾ ਨਹੀਂ ਕਰ ਸਕਦੇ (ਸਮਾਨਤਾ ਨਹੀਂ ਪਾ ਸਕਦੇ ਕਿਉਂ ਜੋ) ਗੁਰਸਿਖਾਂ ਦਾ (ਅਨੰਦ ਅਨੰਤ ਸੁਖਾਂ ਦਾ) ਕਾਰਣ ਹੈ, (ਹੋਰ ਸੰਸਾਰਿਕ ਸੁਖ ਨਾਸ਼ਮਾਨ ਹਨ ਅਰ ਗੁਰਮੁਖਾਂ ਦਾ ਸੁਖ ਫਲ ਇਕ ਰਸ ਅਤੇ ਅਨਾਸ਼ੀ ਹੈ।) .
ਲਖਾਂ ਮਤ ਅਤੇ ਲਖਾਂ ਬੁੱਧੀਆਂ (ਅਰਥਾਤ ਵਿਹਾਰਕ ਅਤੇ ਪਰਮਾਰਥਿਕ) ਹਨ (ਸੁਧ) ਪਵਿੱਤ੍ਰਤਾ (ਯਾ ਹੋਸ਼) ਉਕਤ (ਵਚਨਾਂ ਦੀ ਚਤੁਰਾਈ) ਅਰ ਹੇਠ ਲਖਾਂ ਚਾਤੁਰਤਾਈਆਂ ਹੋਣ।
ਲਖਾਂ ਬਲ (ਸਰੀਰਕ), ਬਚਨਾਂ, ਵਿਚਾਰਾਂ ਲੱਖਾਂ, ਮਾਇਆ ਲਈ ਮਿਹਨਤਾਂ (ਅਥਵਾ ਪਰਾਈ ਕਿਰਤ ਕਰਣੀ)।
ਲੱਖਾਂ ਸਿਆਣਪਾਂ, ਲੱਖਾਂ ਸ਼੍ਰਤੀਆਂ (ਪੜ੍ਹੇ), ਲਖਾਂ 'ਘੜਾਈ' ਦੀ ('ਸੁਰਤ') ਗਿਆਤ ਹੋਵੇ (ਭਾਵ ਇਮਾਰਤ ਦੇ ਕੰਮ ਚੰਗੇ ਹੋ ਜਾਣ)
ਗਿਆਨ ਧਿਆਨ ਅਤੇ ਸਿਮਰਣ ਹਜ਼ਾਰ ਹੋਣ, ਲਖਾਂ ਪਤ ਅਤੇ ਵਡਿਆਈਆਂ ਹੋਣ, (ਪਰੰਤੂ) ਸਾਰੇ ਉਕਤ ਸੁਖ ਤੁੱਛ ਹਨ, ਅੱਗੇ ਇਸ ਦਾ ਕਾਰਣ ਦੱਸਦੇ ਹਨ)।
ਹੰਕਾਰ ਅਤੇ ਮਮਤਾ ਦੇ ਵਿਖੇ ਵਰਤਦੇ ਹਨ, (ਇਸ ਲਈ ਪਰਮੇਸ਼ਰ ਦੀ) ਦਰਗਾਹ ਵਿਖੇ ਕਬੂਲ ਨਹੀਂ ਹੁੰਦੇ।
ਗੁਰਮੁਖ ਦਾ ਸੁਖ ਫਲ ਅਗੰਮ ਹੈ, (ਕਿਉਂ ਜੋ ਓਹ) ਸਤਿਗੁਰੂ (ਗੁਰ ਨਾਨਕ ਦੀ) ਸ਼ਰਣੀ ਪਏ ਹਨ, (ਇਸ ਲਈ ਆਪ ਸਤਿਗੁਰੂ ਉਨ੍ਹਾਂ ਦੀ ਸਦਾ ਰੱਖਯਾ ਕਰਦੇ ਹਨ ਤੇ ਹਉਂ ਦੇ ਬੰਧਨ ਟੁੱਟ ਜਾਂਦੇ ਹਨ।)
ਸਤ, ਸੰਤੋਖ, ਦਇਆ ਤੇ ਧਰਮ, ਲਖਾਂ ਅਰਥਾਂ ਦਾ ਮੇਲ ਹੋਣਾ।
ਲਖਾਂ ਧਰਤੀ ਲਖਾਂ ਅਕਾਸ਼, ਲਖਾਂ ਪਾਣੀ, ਲਖਾਂ ਪਉਣਾਂ, ਲਖਾਂ ਅੱਗਾਂ ਤਪਣੀਆਂ (ਭਾਵ ਅਪ, ਤੇਜ ਵਾਇ, ਪ੍ਰਿਥਮੀ, ਅਕਾਸ਼, ਭਾਵ ਪੰਜਾਂ ਤੱਤਾਂ ਦੀ ਰਹਿਤ ਧਾਰਨ ਕਰਨੀ)।
ਖਿਮਾਂ ਧੀਰਜ ਦਾ ਸੁਖ (ਯਥਾ ਲਾਭ ਸੰਤੁਸਟ ਹੋਣਾ)
ਸੁਕ੍ਰਿਤ (ਪੁੰਨ ਕਰਣੇ), ਪ੍ਰੇਮਾ ਭਗਤੀ ਕਰਣੀ।
ਸਾਰੇ ਪਦਾਰਥ, ਸਾਰੇ ਫਲ, ਅਨੰਦ ਵਧੀਕ ਹੋਣੇ।
ਗੁਰਮੁਖ ਦੇ ਪ੍ਰੇਮ ਰਸ ਦੇ ਸੁਖ ਫਲ ਦੇ ਇਕ ਤਿਲ ਦੇ ਬਰਾਬਰ (ਉਕਤ ਸੁਖ) ਨਹੀਂ ਪੁਜ ਸਕਦੇ।
ਲਖਾਂ ਜੋਗੀ ਲੋਕ, ਲੱਖਾਂ ਧਿਆਨੀ ਮਿਲਕੇ ਧਿਆਨ ਲਾਕੇ ਬੈਠਦੇ ਹਨ।
ਲੱਖਾਂ ' ਸੁੰਨ ਸਮਾਧੀ' (ਅਫੁਰ ਸਮਾਧੀ ਵਾਲੇ) ਲਖਾਂ ਹੀ ਆਪੋ ਆਪਣੇ ਆਸਣਾਂ (ਕਰਮਾਂ) ਨੂੰ ਸਾਧਦੇ ਹਨ।
ਲੱਖਾਂ ਸ਼ੇਖਨਾਗ ਸਿਮਰਣ ਕਰਦੇ ਹਨ, ਲੱਖਾਂ ਗੁਣੀ ਲੋਕ ਗਿਆਨ ਕਰਨ ਲਈ (ਗਿਆਨ ਗੋਦੜੀਆਂ ਲਾਂਦੇ ਹਨ)
ਲੱਖਾਂ ਮਹਾਤਮਾਂ (ਸ੍ਰੇਸ਼ਟ ਲੋਕ ਮਹਿਮਾ ਕਰਦੇ ਹਨ ਲਖਾਂ ਜੈ ਜੈ ਕਾਰ ਤੇ ਨਮਸਕਾਰ ਕਰਦੇ ਹਨ
ਲੱਖਾਂ ਉਸਤਤ, ਲੱਖਾਂ ਉਪਮਾਂ (ਕੀਰਤਨ ਆਦਿ) ਤੇ ਲਖਾਂ ਭਗਤ ਜਾਪ ਜਪਦੇ ਹਨ।
(ਪਰੰਤੂ) ਗੁਰਮੁਖ ਪ੍ਰੇਮ ਰਸ ਦਾ ਸੁਖ ਫਲ ਦੇ ਇਕ ਪਲ ਨੂੰ ਬੀ ਨਹੀਂ ਲੈ ਸਕਦੇ।
ਅਚਰਜ ਤੋਂ ਜਿਹੜਾ ਵੱਡਾ ਅਚਰਜ ਹੈ, (ਉਹ ਬੀ) ਅਚਰਜ ਹੋ ਜਾਂਦਾ ਹੈ।
ਵਿਸਮਾਦ ਤੋਂ ਜਿਹੜਾ ਭਾਰੀ ਵਿਸਮਾਦ ਹੈ, ਉਹ ਬੀ ਵਿਸਮਾਦ ਰਹਿੰਦਾ ਹੈ।
ਅਜਿਹਾ ਹੀ ਹੈਰਾਣ ਚੀਜ਼ਾਂ ਵਿਚੋਂ ਜੋ ਵੱਡੀ ਹੈਰਾਣ ਚੀਜ਼ ਹੈ, (ਉਹ ਬੀ) ਹੈਰਾਣ ਹੋ ਜਾਂਦੀ ਹੈ (ਕਿ ਮੈਂ ਬੀ ਅਜਿਹੀ ਹੈਰਾਣ ਨਹੀਂ ਹਾਂ)।
ਅਬਿਗਤ ਤੋਂ ਜਿਹੜੀ ਅਬਿਗਤ ਹੈ, (ਅਪ੍ਰਾਪਯ ਵਸਤੂ ਹੈ) ਉਹ ਬੀ ਅਲਖ ਨੂੰ ਲਖ ਨਹੀਂ ਸਕਦੀ।
ਅਕੱਥ ਤੇ ਅਲਿਖ ਹੈ, (ਜੱਗਯਾਸੂ) ਨੇਤਿ (ਇਹ ਨਹੀਂ, ਉਹ ਨਹੀਂ) ਸੁਣਾਉਂਦਾ ਹੈ (ਕਿ ਅੰਤ ਨਹੀਂ ਹੈ ਹੋਰ ਬੀ ਹੈ)।
ਗੁਰਮੁਖ ਨੂੰ ਸੁਖ ਫਲ ਜੋ ਪ੍ਰੇਮ ਰਸ ਪ੍ਰਾਪਤ ਹੋਇਆ ਹੈ (ਇਸ ਕਰ ਕੇ ਨਿੱਤ) ਵਾਹੁ ਵਾਹੁ ਕਹਿੰਦਾ ਹੈ।
ਇਕ ਵਾਕ ਤੋਂ ਪਸਾਰਾ ਕਰ ਕੇ ਕਈ ਬ੍ਰਹਮੰਡ ਪਸਾਰ ਦਿੱਤੇ।
ਕਰੋੜਾਂ ਬ੍ਰਹਮੰਡ ਕਰ ਕੇ ਇਕ ਰੋਮ ਵਿਖੇ ਲਖ ਲਖ (ਬ੍ਰਹਿਮੰਡ) ਮਿਲਾ ਰਖੇ ਹਨ।
ਪਾਰਬ੍ਰਹਮ' (ਨਿਰਗੁਣ) ਬ੍ਰਹਮ ਹੀ ਪੂਰਣ ਬ੍ਰਹਮ (ਅਰਥਾਤ ਸਗੁਣ ਮੂਰਤੀ) ਗੁਰੂ ਰੂਪ (ਧਾਰਕੇ) ਹੰਕਾਰ ਨੂੰ ਮਾਰ ਕੇ (ਦਿਖਾ ਦਿੱਤਾ)।
ਗੁਰੂ (ਨਾਨਕ) ਚੇਲੇ ਦਾ ਰੂਪ (ਅਥਵਾ) ਚੇਲਾ (ਅੰਗਦ) ਗੁਰੂ (ਨਾਨਕ ਦਾ) ਰੂਪ (ਏਕ ਜੋਤਿ ਦੀਆਂ ਮੂਰਤੀਆਂ ਹਨ, ਇਹ ਪਦਵੀ ਚੇਲੇ ਨੂੰ ਕਿਥੋਂ ਮਿਲੀ? ਗੁਰੂ ਦੇ) ਬਚਨ ਮੰਨਣ ਥੋਂ (ਕਿਉਂ ਜੋ ਦੇਹ ਤੇ ਮਨ ਮਾਨ ਛਡਕੇ ਟਹਿਲ ਕੀਤੀ)।
(ਹੁਣ ਇਹ ਰਸ ਕਿਥੋਂ ਮਿਲਦਾ ਹੈ? ਉੱਤਰ) ਗੁਰੂ ਦੀ ਸ੍ਰੇਸ਼ਟ ਸੰਗਤ ਹੀ ਸਚ (ਪਰਮਾਤਮਾ ਦਾ) ਸਥਾਨ ਹੈ (ਕਿਉਂ ਜੋ ਉਨ੍ਹਾਂ ਦੀ 'ਵਾਚਾ') ਬਾਣੀ ਵਿਖੇ ਨਿਰੰਕਾਰ ਨਿਵਾਸ ਕਰਦਾ ਹੈ (ਜੋ ਬਚਨ ਕਰਦੇ ਹਨ ਪੂਰਾ ਹੋ ਜਾਂਦਾ ਹੈ)।
ਗੁਰਮੁਖਾਂ ਨੇ ਦੇਹ ਦੇ ਹਉਮੈਂ ਮਾਰ ਦਿੱਤੀ ਹੈ, ਉਨ੍ਹਾਂ ਨੂੰ ਪ੍ਰੇਮ ਰਸ ਦਾ ਸੁਖ ਫਲ ਪ੍ਰਾਪਤ ਹੋਇਆ ਹੈ।
ਸੱਚਾ ਗੁਰੂ, ਗੁਰੂ ਨਾਨਕ 'ਦੇਉ' (ਪਰਕਾਸ਼ ਰੂਪ) ਹੈ, (ਕਿਉਂ ਜੋ) ਓਹੀ ਪਰਮੇਸ਼ਰ (ਦਾ ਸਰੂਪ) ਹੈ।
ਗੁਰੂ (ਨਾਨਕ ਜੀ) ਦੇ ਸਰੀਰ ਤੋਂ ਗੁਰੂ ਅੰਗਦ ਹੋਏ, ਜੋਤੀ (ਪ੍ਰਕਾਸ਼ ਰੂਪ ਗੁਰੂ ਨਾਨਕ ਨੇ ਆਪਣੀ) ਜੋਤ (ਉਸ ਵਿਖੇ ਸਮੋਈ) ਪਾ ਦਿੱਤੀ।
ਗੁਰੂ, ਅੰਗਦ ਤੋਂ ਅਮਰ ਪਦਵੀ ਵਾਲੇ (ਗੁਰੂ ਅਮਰਦਾਸ) ਹੋਏ, ('ਜਾਣ') ਜਾਣਨ ਵਾਲੇ ਤੋਂ ('ਜਣੋਈ') ਜਾਣਨ ਵਾਲੇ ਹੋਏ, (ਅਥਵਾ 'ਜਾਣੋ' ਮੰਨੋ ਕਿ 'ਜਾਣੋਈ' ਗਿਆਨ ਸਰੂਪ ਹਨ)।
ਗੁਰੂ ਅਮਰ ਤੋਂ ਗੁਰੂ ਰਾਮਦਾਸ ਹੋਏ, ਅੰਮ੍ਰਤ ਰਸ (ਨਾਮ) ਦੇ ਰਸ ਵਿਖੇ ਭਿੱਜੇ ਹੋਏ (ਅੱਠ ਪਹਿਰ ਨਾਮ ਦੀ ਰੰਗ ਰਹਿੰਦੀ ਹੈ)।
ਰਾਮਦਾਸ ਤੋਂ ਅਰਜਨ ਗੁਰੂ ਸ਼ਬਦ ਦੇ (ਸਥੋਈ) ਧਾਰਣ ਹਾਰੇ ਹੋਏ।
ਗੁਰੂ ਅਰਜਨ ਤੋਂ ਗੁਰੂ ਹਰਿਗੋਬਿੰਦ ਗੋਬਿੰਦ ਦਾ ਰੂਪ ਹੋਏ।
(ਇਨ੍ਹਾਂ ਤੋਂ) ਸਤਿਸੰਗ ਨੇ (ਰਚੇ ਜਾਕੇ) ਗੁਰਮੁਖ ਪਦ ਦਾ ਪ੍ਰੇਮ ਰਸ ਰੂਪੀ ਸੁਖ ਫਲ ਦੇਖਿਆ (ਪ੍ਰਾਪਤ ਕੀਤਾ)।
(ਤਾਂਤੇ) ਗੁਰੂ ਤੇ ਪਰਮੇਸ਼ਰ ਤੋਂ ਬਾਹਰਾ ਦੂਜਾ ਕੋਈ ਨਹੀਂ, (ਅਥਵਾ-ਇਸ ਵੇਲੇ ਗੁਰੂ ਹਰਿ ਗੋਬਿੰਦ ਤੋਂ ਬਾਝ ਹੋਰ ਕੋਈ ਨਹੀਂ ਹੈ)।