ਵਾਰਾਂ ਭਾਈ ਗੁਰਦਾਸ ਜੀ

ਅੰਗ - 2


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਵਾਰ ੨ ।

ਆਪਨੜੈ ਹਥਿ ਆਰਸੀ ਆਪੇ ਹੀ ਦੇਖੈ ।

(ਈਸ਼੍ਵਰ ਦੇ) ਆਪਣੇ ਹੱਥ ਹੀ (ਸੰਸਾਰ ਦਾ) ਸ਼ੀਸ਼ਾ ਹੈ ਆਪ ਹੀ (ਉਸ ਨੂੰ) ਦੇਖਦਾ ਹੈ।

ਆਪੇ ਦੇਖਿ ਦਿਖਾਇਦਾ ਛਿਅ ਦਰਸਨਿ ਭੇਖੈ ।

ਆਪ ਦੇਖਕੇ (ਭਾਵ ਰਚ ਕੇ ਫੇਰ) ਛੀ ਦਰਸ਼ਨ ਦੇ ਸਾਰੇ ਭੇਖਾਂ ਨੂੰ (ਸਾਰੇ ਲੋਕਾਂ ਨੂੰ) ਦਿਖਾਉਂਦਾ ਹੈ।

ਜੇਹਾ ਮੂਹੁ ਕਰਿ ਭਾਲਿਦਾ ਤੇਵੇਹੈ ਲੇਖੈ ।

(ਅੱਗੋਂ) ਜੇਹਾ (ਕੋਈ ਸੰਸਾਰ ਵਿਖੇ) ਮੂੰਹ ਕਰ ਕੇ ਦੇਖਦਾ ਹੈ, ਤੇਹਾ ਹੀ ਲੇਖੇ ਪੈਂਦਾ ਹੈ।

ਹਸਦੇ ਹਸਦਾ ਦੇਖੀਐ ਸੋ ਰੂਪ ਸਰੇਖੈ ।

ਹੱਸਦੇ ਨੂੰ ਹੱਸਦਾ ਹੀ ਨਜ਼ਰ ਆਉਂਦਾ ਹੈ, ਉਸੇ ਰੂਪ ਸਾਰਖਾ (ਪ੍ਰਤਿਬਿੰਬ ਹੋ ਜਾਂਦਾ ਹੈ)।

ਰੋਦੈ ਦਿਸੈ ਰੋਵਦਾ ਹੋਏ ਨਿਮਖ ਨਿਮੇਖੈ ।

ਰੋਂਦੇ ਨੂੰ ਰੋਂਦਾ ਦਿਸਦਾ ਹੈ, ਜੇ ਪਲਕਾਂ ਮਾਰਕੇ ਦੇਖੇ (ਤਾਂ ਅੱਗੋਂ ਬੀ ਉਸੇ ਤਰ੍ਹਾਂ) ਮਟੱਕੇ ਵੱਜਦੇ ਦਿੱਸਦੇ ਹਨ।

ਆਪੇ ਆਪਿ ਵਰਤਦਾ ਸਤਿਸੰਗਿ ਵਿਸੇਖੈ ।੧।

ਆਪ ਹੀ ਆਪ (ਸਾਰੇ) ਵਰਤਦਾ ਹੈ, (ਪ੍ਰੰਤੂ) ਸਤਿਸੰਗ (ਵਿਚ) ਵਿਸ਼ੇਖ (ਹੋ ਕੇ ਵਰਤਦਾ ਹੈ) ਹੈ।

ਜਿਉ ਜੰਤ੍ਰੀ ਹਥਿ ਜੰਤ੍ਰੁ ਲੈ ਸਭਿ ਰਾਗ ਵਜਾਏ ।

ਜਿੱਕੁਰ ਵਾਜੇ ਵਾਲਾ ਹੱਥ ਵਿਚ ਵਾਜਾ ਲੈ ਕੇ ਸਾਰੇ ਰਾਗ ਵਜਾਉਂਦਾ ਹੈ।

ਆਪੇ ਸੁਣਿ ਸੁਣਿ ਮਗਨੁ ਹੋਇ ਆਪੇ ਗੁਣ ਗਾਏ ।

ਆਪ ਹੀ ਸੁਣ ਸੁਣਕੇ ਪ੍ਰਸੰਨ ਹੁੰਦਾ ਹੈ ਤੇ ਆਪ ਹੀ ਉਸਦੇ ਗੁਣ ਗਾਉਂਦਾ ਹੈ।

ਸਬਦਿ ਸੁਰਤਿ ਲਿਵ ਲੀਣੁ ਹੋਇ ਆਪਿ ਰੀਝਿ ਰੀਝਾਏ ।

(ਫੇਰ) ਸਬਦ ਸੁਰਤ ਦੀ ਤਾਰ ਵਿਚ ਮਗਨ ਹੋ ਕੇ ਆਪ ਹੀ ਰੀਝਕੇ (ਹੋਰਨਾਂ ਨੂੰ ਰੀਝਾਉਂਦਾ ਅਰਥਾਤ) ਖੁਸ਼ ਕਰਦਾ ਹੈ।

ਕਥਤਾ ਬਕਤਾ ਆਪਿ ਹੈ ਸੁਰਤਾ ਲਿਵ ਲਾਏ ।

ਆਪ ਹੀ ਕਥਤਾ (ਹੋਕੇ ਕਥਾ ਕਰਦਾ ਹੈ) ਤੇ ਬਕਤਾ (ਬੋਲਣ ਵਾਲਾ।) ਹੋ ਕੇ (ਗ੍ਯਾਨ ਗੋਦੜੀ ਲਾਉਂਦਾ ਤੇ ਸੁਰਤਾ ਗ੍ਯਾਨੀ ਹੋਕੇ (ਅਥਵਾ, ਸ਼੍ਰੋਤਾ=ਸੁਣਨੇ ਵਾਲਾ ਹੋਕੇ) ਨਿਰਵਿਕਲਪ ਸਮਾਧੀ ਲਾਉਂਦਾ ਹੈ।

ਆਪੇ ਹੀ ਵਿਸਮਾਦੁ ਹੋਇ ਸਰਬੰਗਿ ਸਮਾਏ ।

(ਗੱਲ ਕੀ) ਆਪ ਹੀ ਆਪ ਅਚਰਜ ਰੂਪ ਬਣਕੇ ਸਰਬ (ਅੰਗਾਂ) ਸਰੀਰਾਂ ਵਿਖੇ ਸਮਾ ਰਿਹਾ ਹੈ।

ਆਪੇ ਆਪਿ ਵਰਤਦਾ ਗੁਰਮੁਖਿ ਪਤੀਆਏ ।੨।

ਹਾਂ, ਆਪੇ ਆਪ ਵਰਤਦਾ ਹੈ (ਪ੍ਰੰਤੂ) ਗੁਰਮੁਖ (ਲੋਕ ਇਸ ਗੱਲ ਪੁਰ) ਪ੍ਰਤੀਤ ਕਰਦੇ ਹਨ।

ਆਪੇ ਭੁਖਾ ਹੋਇ ਕੈ ਆਪਿ ਜਾਇ ਰਸੋਈ ।

ਆਪ ਹੀ ਚਾਹਵਾਨ ਹੋਕੇ ਆਪੂੰ ਰਸੋਈ (ਵਿਚ) ਜਾਂਦਾ ਹੈ।

ਭੋਜਨੁ ਆਪਿ ਬਣਾਇਦਾ ਰਸ ਵਿਚਿ ਰਸ ਗੋਈ ।

ਪ੍ਰਸ਼ਾਦ ਆਪ ਬਣਾਉਂਦਾ ਹੈ ਤੇ ਸ੍ਵਾਦ ਵਿਚ ਸ੍ਵਾਦ ਮਿਲਾਉਂਦਾ ਹੈ।

ਆਪੇ ਖਾਇ ਸਲਾਹਿ ਕੈ ਹੋਇ ਤ੍ਰਿਪਤਿ ਸਮੋਈ ।

(ਫੇਰ) ਆਪ ਹੀ ਖਾ ਕੇ ਸਲਾਹੁੰਦਾ ਹੈ ਰੱਜ ਕੇ ਅਨੰਦਤਿ ਹੁੰਦਾ ਹੈ।

ਆਪੇ ਰਸੀਆ ਆਪਿ ਰਸੁ ਰਸੁ ਰਸਨਾ ਭੋਈ ।

ਆਪ ਹੀ ਰਸੀਆ ਹੈ, ਆਪ ਹੀ 'ਰਸ' ਰੂਪ ਹੈ, ਰਸਾਂ (ਵਿਖੇ) ਜੀਭ (ਰੂਪ ਹੋਕੇ ਬੀ ਆਪ ਹੀ) ਮਿਲਦਾ (ਪ੍ਰਵਿਰਤ ਹੁੰਦਾ) ਹੈ।

ਦਾਤਾ ਭੁਗਤਾ ਆਪਿ ਹੈ ਸਰਬੰਗੁ ਸਮੋਈ ।

ਦਾਤਾ ਭੁਗਤਾ ਆਪ ਹੀ ਹੈ, ਸਰਬ ਅੰਗਾਂ ਵਿਖੇ (ਸਤਿਚਿਤ ਅਨੰਦ ਹੋਕੇ) ਸਮਾਇ ਰਿਹਾ ਹੈ।

ਆਪੇ ਆਪਿ ਵਰਤਦਾ ਗੁਰਮੁਖਿ ਸੁਖੁ ਹੋਈ ।੩।

ਆਪੇ ਆਪ ਹੀ ਵਰਤ ਰਿਹਾ ਹੈ (ਪ੍ਰੰਤੂ) ਗੁਰਮੁਖਾਂ ਨੂੰ (ਇਸ ਦਾ) ਸੁਖ ਪ੍ਰਾਪਤ ਹੁੰਦਾ ਹੈ। (ਸੋ ਗੁਰਮੁਖ ਵਿਚ ਵਿਸ਼ੇਖ ਹੈ)।

ਆਪੇ ਪਲੰਘੁ ਵਿਛਾਇ ਕੈ ਆਪਿ ਅੰਦਰਿ ਸਉਂਦਾ ।

(ਜਿੱਕੁਰ ਕੋਈ) ਆਪ ਹੀ ਮੰਜਾ ਵਿਛਾਕੇ ਆਪ ਹੀ (ਉਸ) ਵਿਚ ਸਉਂਦਾ ਹੈ।

ਸੁਹਣੇ ਅੰਦਰਿ ਜਾਇ ਕੈ ਦੇਸੰਤਰਿ ਭਉਂਦਾ ।

(ਫੇਰ) ਸੁਪਨੇ ਵਿਖੇ ਜਾ ਕੇ (ਕਈ) ਦੇਸ਼ਾਂ ਵਿਖੇ ਫਿਰਦਾ ਹੈ।

ਰੰਕੁ ਰਾਉ ਰਾਉ ਰੰਕੁ ਹੋਇ ਦੁਖ ਸੁਖ ਵਿਚਿ ਪਉਂਦਾ ।

ਰੰਕੋਂ ਰਾਜਾ ਤੇਰਾਜਾ ਥੋਂ ਕੰਗਾਲ ਹੋਕੇ, ਦੁਖ ਸੁਖ ਵਿਖੇ ਪੈਂਦਾ ਹੈ।

ਤਤਾ ਸੀਅਰਾ ਹੋਇ ਜਲੁ ਆਵਟਣੁ ਖਉਂਦਾ ।

ਕਦੀ ਤੱਤਾ ਤੇ ਕਦੀ ਠੰਢਾ ਹੋਕੇ, ਜਲ (ਵਾਂਗ) ਕੜ੍ਹਨੀ ਸਹਾਰਦਾ ਹੈ।

ਹਰਖ ਸੋਗ ਵਿਚਿ ਧਾਂਵਦਾ ਚਾਵਾਏ ਚਉਂਦਾ ।

ਹਰਖ ਸੋਗ ਵਿਚ ਦੌੜਦਾ ਹੈ (ਚਾਵਾਏ ਚਉਂਦਾ=ਜਦ ਕੋਈ ਪੁੱਛੇ ਭਾਈ ਰਾਤ ਨੂੰ ਕਿਹੀ ਕੱਟੀ ਤਾਂ) ਬੁਲਾਯਾ ਬੋਲਦਾ ਹੈ (ਕਿ 'ਸੁਪਨੇ' ਵਿਖੇ ਮੈਂ ਦੁਖੀ ਰਿਹਾ, ਜਦ ਮੈਂ ਸੁਖੋਪਤੀ ਵਿਚ ਗਿਆ ਵਡੇ 'ਹਰਖ' ਅਨੰਦ ਨਾਲ ਸੁੱਤਾ ਪਰ ਮੈਨੂੰ ਕੁਝ ਖਬਰ ਨਾ ਰਹੀ)।

ਆਪੇ ਆਪਿ ਵਰਤਦਾ ਗੁਰਮੁਖਿ ਸੁਖੁ ਰਉਂਦਾ ।੪।

ਆਪੇ ਆਪ (ਵਾਹਿਗੁਰੂ) ਵਰਤਦਾ ਹੈ (ਅਤੇ ਚਰਨਾਂ ਵਿਚ ਬੀ ਸਾਖੀ ਰੂਪ ਰਹਿੰਦਾ ਹੈ ਪਰੰਤੂ ਇਸ ਭੇਤ ਨੂੰ) ਗੁਰਮੁਖ (ਸਮਝਕੇ) ਸੁਖ ਮਾਣਦਾ ਹੈ।

ਸਮਸਰਿ ਵਰਸੈ ਸ੍ਵਾਂਤ ਬੂੰਦ ਜਿਉ ਸਭਨੀ ਥਾਈ ।

ਜਿਕੂੰ ਸ੍ਵਾਂਤਿ (ਨਛੱਤ੍ਰ ਦੀ) ਬੂੰਦ ਸਾਰੇ ਥਾਈਂ ਇਕੋ ਜੇਹੀ ਵਰ੍ਹਦੀ ਹੈ।

ਜਲ ਅੰਦਰਿ ਜਲੁ ਹੋਇ ਮਿਲੈ ਧਰਤੀ ਬਹੁ ਭਾਈ ।

ਪਾਣੀ ਵਿਚ ਪਾਣੀ ਹੋ ਕੇ ਤੇ ਧਰਤੀ ਵਿਚ ਕਈ ਭਾਂਤਾਂ ਨਾਲ ਮਿਲ ਜਾਂਦੀ ਹੈ।

ਕਿਰਖ ਬਿਰਖ ਰਸ ਕਸ ਘਣੇ ਫਲੁ ਫੁਲੁ ਸੁਹਾਈ ।

(ਕਿਧਰੇ) ਖੇਤੀ ਬ੍ਰਿਛ, ਕਈ ਰਸ ਕਸੈਲੇ (ਆਦਿ) ਫਲਾਂ ਫੁਲਾਂ (ਵਿਖੇ ਮਿਲਕੇ) ਸੋਭਦੀ ਹੈ।

ਕੇਲੇ ਵਿਚਿ ਕਪੂਰੁ ਹੋਇ ਸੀਤਲੁ ਸੁਖੁਦਾਈ ।

ਕੇਲੇ ਵਿਖੇ (ਪਵੇ ਤਾਂ) ਕਪੂਰ ਹੋ ਕੇ ਸੀਤਲ ਤੇ ਸੁਖਦਾਇਕ ਹੁੰਦੀ ਹੈ।

ਮੋਤੀ ਹੋਵੈ ਸਿਪ ਮੁਹਿ ਬਹੁ ਮੋਲੁ ਮੁਲਾਈ ।

ਸਿੱਪ ਵਿਚ ਮੋਤੀ ਬਣਕੇ ਵਡਾ ਮੁੱਲ ਪੁਆਉਂਦੀ ਹੈ।

ਬਿਸੀਅਰ ਦੇ ਮਹਿ ਕਾਲਕੂਟ ਚਿਤਵੇ ਬੁਰਿਆਈ ।

ਸੱਪ ਦੇ ਮੂੰਹ ਵਿਖੇ (ਪਵੇ ਤਾਂ) ਵਿਖ ਹੁੰਦੀ ਹੈ (ਤੇ ਸਦਾ) ਬੁਰਾ ਚਿਤਵਦੀ ਹੈ।

ਆਪੇ ਆਪਿ ਵਰਤਦਾ ਸਤਿਸੰਗਿ ਸੁਭਾਈ ।੫।

ਆਪੇ ਆਪ ਹੀ (ਸਾਰੇ) ਵਰਤਦਾ ਹੈ (ਪ੍ਰੰਤੂ) ਸਤਿਸੰਗ ਵਿਖੇ (ਸੁਭਾਈ) ਵਿਸ਼ੇਖ ਪ੍ਰਕਾਸ਼ਮਾਨ ਹੁੰਦਾ ਹੈ।

ਸੋਈ ਤਾਂਬਾ ਰੰਗ ਸੰਗਿ ਜਿਉ ਕੈਹਾਂ ਹੋਈ ।

ਉਹੋ ਤਾਂਬਾ ਕਲੀ ਨਾਲ (ਮਿਲਕੇ) ਜਿਵੇਂ ਕੈਹਾਂ (ਧਾਤੁ) ਹੋ ਜਾਂਦਾ ਹੈ।

ਸੋਈ ਤਾਂਬਾ ਜਿਸਤ ਮਿਲਿ ਪਿਤਲ ਅਵਲੋਈ ।

ਉਹੋ ਤਾਂਬਾ ਜਿਸਤ ਨਾਲ ਮਿਲਕੇ ਪਿੱਤਲ ਦਿਖਾਈ ਦਿੰਦਾ ਹੈ।

ਸੋਈ ਸੀਸੇ ਸੰਗਤੀ ਭੰਗਾਰ ਭੁਲੋਈ ।

ਓਹੀ (ਤਾਂਬਾ) ਸਿੱਕੇ ਨਾਲ ਮਿਲਕੇ ਭਰਤ ਹੁੰਦਾ ਹੈ।☬ਭਰਤ ਇਕ ਮਿਲਵੀਂ ਧਾਤੂ ਦਾ ਨਾਮ ਹੈ।

ਤਾਂਬਾ ਪਾਰਸਿ ਪਰਸਿਆ ਹੋਇ ਕੰਚਨ ਸੋਈ ।

(ਓਹੀ) ਤਾਂਬਾ ਪਾਰਸ ਨੂੰ ਛੁਹਕੇ ਸੋਨਾ ਹੋ ਜਾਂਦਾ ਹੈ।

ਸੋਈ ਤਾਂਬਾ ਭਸਮ ਹੋਇ ਅਉਖਧ ਕਰਿ ਭੋਈ ।

ਉਹੋ ਤਾਂਬਾ (ਜੇ ਮਾਰਿਆ ਜਾਵੇ) ਭਸਮ ਹੋ ਜਾਵੇ ਤਾਂ ਔਖਧੀ ਕਹੀ ਜਾਂਦੀ ਹੈ। (ਅਰਥਾਤ ਤਮੇਸਰ)।

ਆਪੇ ਆਪਿ ਵਰਤਦਾ ਸੰਗਤਿ ਗੁਣ ਗੋਈ ।੬।

(ਤਿਵੇਂ ਸਭ ਘਟਾਂ ਵਿਖੇ) ਆਪ ਹੀ ਵਰਤਦਾ ਹੈ, (ਪ੍ਰੰਤੂ) ਸੰਗਤ ਦਾ ਗੁਣ (ਭਿੰਨ ਭਿੰਨ) ਕਿਹਾ ਜਾਂਦਾ ਹੈ।

ਪਾਣੀ ਕਾਲੇ ਰੰਗਿ ਵਿਚਿ ਜਿਉ ਕਾਲਾ ਦਿਸੈ ।

ਜਿਕੂੰ ਪਾਣੀ ਕਾਲੇ ਰੰਗ ਵਿਚ ਕਾਲਾ ਦਿਸਦਾ ਹੈ।

ਰਤਾ ਰਤੇ ਰੰਗਿ ਵਿਚਿ ਮਿਲਿ ਮੇਲਿ ਸਲਿਸੈ ।

(ਤੇ) ਲਾਲ ਰੰਗ ਵਿਚ ਮਿਲਕੇ (ਆਪਣੇ) ਮਿਲਣ ਵਾਲੇ (ਦੇ ਰੰਗ) ਸਮਾਨ ਲਾਲ।

ਪੀਲੈ ਪੀਲਾ ਹੋਇ ਮਿਲੈ ਹਿਤੁ ਜੇਹੀ ਵਿਸੈ ।

ਪੀਲੇ ਵਿਚ ਮਿਲਿਆਂ ਪੀਲਾ ਹੋ ਜਾਂਦਾ ਹੈ, ਜਿਹਾ ਹਿਤ (=ਕਾਰਣ ਦੇਖਦਾ ਹੈ) ਵੈਸਾ (ਹੋ ਜਾਂਦਾ ਹੈ)।

ਸਾਵਾ ਸਾਵੇ ਰੰਗਿ ਮਿਲਿ ਸਭਿ ਰੰਗ ਸਰਿਸੈ ।

ਸਾਵੇ ਰੰਗ ਵਿਚ ਮਿਲਕੇ ਸਾਵਾ (ਹੋਰ) ਸਾਰੇ ਰੰਗਾਂ ਵਿਚ ਹੋਰਨਾਂ) ਸਾਰਖਾ (ਹੋ ਜਾਂਦਾ)।

ਤਤਾ ਠੰਢਾ ਹੋਇ ਕੈ ਹਿਤ ਜਿਸੈ ਤਿਸੈ ।

(ਨਿੱਘ ਠੰਢ ਵਿਚ) ਤੱਤਾ ਠੰਢਾ, ਜੈਸਾ ਕਾਰਣ (ਹੁੰਦਾ ਹੈ) ਓਹੀ (ਰੂਪ ਹੋ ਜਾਂਦਾ) ਹੈ।

ਆਪੇ ਆਪਿ ਵਰਤਦਾ ਗੁਰਮੁਖਿ ਸੁਖੁ ਜਿਸੈ ।੭।

(ਤਿਹਾ ਹੀ ਉਹ) ਆਪੇ ਆਪ ਵਰਤ ਰਿਹਾ ਹੈ, (ਪਰ) ਜੋ ਗੁਰਮੁਖ ਹੈ ਓਹੀ ਸੁਖੀ ਹੈ।

ਦੀਵਾ ਬਲੈ ਬੈਸੰਤਰਹੁ ਚਾਨਣੁ ਅਨ੍ਹੇਰੇ ।

ਅੱਗ ਥੋਂ ਦੀਵਾ ਬਲਕੇ ਹਨੇਰੇ ਵਿਚ ਚਾਨਣ(ਕਰਦਾ ਹੈ)।

ਦੀਪਕ ਵਿਚਹੁੰ ਮਸੁ ਹੋਇ ਕੰਮ ਆਇ ਲਿਖੇਰੇ ।

(ਉਸ) ਦੀਵੇ ਥੋਂ ਸ਼ਾਹੀ ਹੋਕੇ ਲਿਖਾਰੀਆਂ ਦੇ ਕੰਮ ਆਉਂਦੀ ਹੈ।

ਕਜਲੁ ਹੋਵੈ ਕਾਮਣੀ ਸੰਗਿ ਭਲੇ ਭਲੇਰੇ ।

(ਓਸੇ ਤੋਂ) ਤੀਵੀਂ ਕੱਜਲ ਬਣਾਉਂਦੀ ਹੈ; ਭਲਿਆਂ ਦੇ ਸੰਗ ਵਿੱਚ ਭਲਾ ਹੋਈਦਾ ਹੈ (ਬੁਰੇ ਵਿਚ ਬੁਰਾ)।

ਮਸਵਾਣੀ ਹਰਿ ਜਸੁ ਲਿਖੈ ਦਫਤਰ ਅਗਲੇਰੇ ।

(ਉਸੇ ਸ਼ਾਹੀ ਦੀ) ਦਵਾਤ ਥੋਂ ਹਰੀ ਦਾ ਜਸ ਲਿਖੀਦਾ ਹੈ, (ਤੇ ਮੁਨਸ਼ੀ ਲੋਕ) ਦਫਤਰ ਬਾਹਲੇ (ਲਿਖਦੇ) ਹਨ।

ਆਪੇ ਆਪਿ ਵਰਤਦਾ ਗੁਰਮੁਖਿ ਚਉਫੇਰੇ ।੮।

ਆਪ ਹੀ ਗੁਰਮੁਖ (ਹੈ ਪਰ) ਸਾਰੇ ਪਾਸੇ (ਊਚ ਨੀਚ ਦੇ ਭੇਦ ਕਰ) ਵਰਤ ਰਿਹਾ ਹੈ।

ਬਿਰਖੁ ਹੋਵੈ ਬੀਉ ਬੀਜੀਐ ਕਰਦਾ ਪਾਸਾਰਾ ।

ਜੜ੍ਹ (ਜ਼ਮੀਨ ਦੇ) ਅੰਦਰ, ਪੇੜ ਬਾਹਰ, ਤੇ ਬਹੁਤ ਟਾਹਣਾਂ ਦਾ ਵਿਸਥਾਰ ਹੁੰਦਾ ਹੈ।

ਜੜ ਅੰਦਰਿ ਪੇਡ ਬਾਹਰਾ ਬਹੁ ਡਾਲ ਬਿਸਥਾਰਾ ।

(ਫੇਰ ਉਨ੍ਹਾਂ ਨਾਲ) ਪੱਤ੍ਰ, ਫਲ, ਫੁਲ ਲਗਦੇ, (ਤੇ ਉਨ੍ਹਾਂ ਵਿਚ) ਰਸ ਤੇ ਰੰਗ ਸਵਾਰੀਦੇ ਹਨ।

ਪਤ ਫੁਲ ਫਲ ਫਲੀਦਾ ਰਸ ਰੰਗ ਸਵਾਰਾ ।

(ਫੁਲ ਤੇ ਫਲਾਂ ਵਿਖੇ ਕਈ) ਵਾਸ਼ਨਾਂ ਪੈਦਾ ਹੋਕੇ ਪ੍ਰਕਾਸ਼ਦੀਆਂ ਹਨ ਤੇ ਵੱਡਾ ਪਰਵਾਰ ਹੋ ਜਾਂਦਾ ਹੈ।

ਵਾਸੁ ਨਿਵਾਸੁ ਉਲਾਸੁ ਕਰਿ ਹੋਇ ਵਡ ਪਰਵਾਰਾ ।

ਫਲ ਵਿਚ ਬੀਉ ਪੱਕਦੇ ਹਨ, ਇਕ ਫਲ ਤੋਂ ਹਜ਼ਾਰਾਂ ਹੀ ਫਲ ਜੰਮਦੇ ਹਨ।

ਫਲ ਵਿਚਿ ਬੀਉ ਸੰਜੀਉ ਹੋਇ ਫਲ ਫਲੇ ਹਜਾਰਾ ।

(ਤਿਵੇਂ-ਇਕ ਈਸ਼੍ਵਰ ਹੀ) ਆਪੇ ਆਪ ਸਾਰੇ ਵਰਤ ਰਿਹਾ ਹੈ (ਜਿਸਨੂੰ ਜਾਣਨਹਾਰੇ) ਗੁਰਮੁਖਾਂ ਦਾ ਨਿਸਤਾਰਾ ਹੋ ਜਾਂਦਾ ਹੈ।☬'ਆਪੇ ਆਪਿ ਵਰਤਦਾ' ਤਾਂ ਐਉਂ ਸਮਝ ਲਈਦਾ ਹੈ ਪਰ ਮੁਕਤੀ ਲਈ ਜਾਣਨਾ ਮਾਤ੍ਰ ਕਾਫੀ ਨਹੀਂ, ਉਹ ਗੁਰੂ ਦੁਆਰਾ ਹੀ ਮਿਲਦਾ ਹੈ।

ਆਪੇ ਆਪਿ ਵਰਤਦਾ ਗੁਰਮੁਖਿ ਨਿਸਤਾਰਾ ।੯।

(ਵਾਣਾ=ਪੇਟਾ। ਆਖਾਣ=ਨਾਉਂ। ਗੰਗਾ ਜਲ=ਕੱਪੜਾ ਇਕ ਤਰ੍ਹਾਂ ਦਾ। ਸਿਰੀ ਸਾਫ=ਕੱਪੜੇ ਦੀ ਕਿਸਮ, ਜਿਸਦੀ ਪੱਗ ਬਣਦੀ ਹੁੰਦੀ ਸੀ।)

ਹੋਵੇ ਸੂਤੁ ਕਪਾਹ ਦਾ ਕਰਿ ਤਾਣਾ ਵਾਣਾ ।

ਕਪਾਹ ਦਾ ਸੂਤਰ ਹੁੰਦਾ ਹੈ (ਉਸ ਥੋਂ) ਤਾਣਾ ਤੇ ਪੇਟਾ ਕਰੀਦਾ ਹੈ।

ਸੂਤਹੁ ਕਪੜੁ ਜਾਣੀਐ ਆਖਾਣ ਵਖਾਣਾ ।

ਸੂਤੋਂ ਹੀ ਕੱਪੜਾ ਉਣੀਂਦਾ ਹੈ, (ਉਸਦੇ ਕਈ) ਨਾਉਂ ਰਖੀਦੇ ਹਨ।

ਚਉਸੀ ਤੈ ਚਉਤਾਰ ਹੋਇ ਗੰਗਾ ਜਲੁ ਜਾਣਾ ।

ਚਾਰ ਤਾਰਾਂ ਤੋਂ ਚਉਸੀ (ਕਹਾਉਂਦੀ) ਹੈ, (ਤੇ ਹੋਰ) ਗੰਗਾ ਕਲੀ ਬੀ ਜਾਣੀਦੀ ਹੈ।

ਖਾਸਾ ਮਲਮਲ ਸਿਰੀਸਾਫੁ ਤਨ ਸੁਖ ਮਨਿ ਭਾਣਾ ।

ਖਾਸਾ, ਮਲਮਲ, ਸਿਰੀਸਾਫ, ਤਨਸੁਖ, ਮਨ ਨੂੰ ਭਾਉਣ ਵਾਲੇ।

ਪਗ ਦੁਪਟਾ ਚੋਲਣਾ ਪਟੁਕਾ ਪਰਵਾਣਾ ।

ਪੱਗ, ਦੁਪੱਟਾ, ਕੁੜਤਾ, ਕਮਰ ਬੰਦ (ਆਦ ਕਈ ਨਾਉਂ) ਪ੍ਰਮਾਣ (ਕਰੀਦੇ ਹਨ)।

ਆਪੇ ਆਪਿ ਵਰਤਦਾ ਗੁਰਮੁਖਿ ਰੰਗ ਮਾਣਾ ।੧੦।

(ਤਿੱਕੁਰ) ਆਪ ਹੀ ਆਪ ਵਰਤਦਾ ਹੈ (ਉਸਦੇ) ਰੰਗ (ਪ੍ਰੇਮ) ਨੂੰ ਗੁਰਮੁਖ ਮਾਣਦੇ ਹਨ।

ਸੁਨਿਆਰਾ ਸੁਇਨਾ ਘੜੈ ਗਹਣੇ ਸਾਵਾਰੇ ।

ਸੁਨਿਆਰਾ (ਕਈ ਪ੍ਰਕਾਰ ਦੇ) ਗਹਿਣੇ ਸੋਨੇ ਤੋਂ ਘੜਕੇ ਸੁਆਰਦਾ ਹੈ।

ਪਿਪਲ ਵਤਰੇ ਵਾਲੀਆ ਤਾਨਉੜੇ ਤਾਰੇ ।

ਪਿੱਪਲ ਵਤਰੇ, ਵਾਲੀਆਂ, ਤਨੌੜੇ; (ਕੰਨਾਂ ਦੇ) ਸਤਾਰੇ।

ਵੇਸਰਿ ਨਥਿ ਵਖਾਣੀਐ ਕੰਠ ਮਾਲਾ ਧਾਰੇ ।

ਬੇਸਰ ਨੱਥ ਬੀ (ਇਸੇ ਸੋਨੇ ਦੀ) ਕਹੀਦੀ ਹੈ (ਤੇ) ਕੰਠਾ (ਗਲ ਵਿਚ) ਪਹਿਰਨ ਵਾਲਾ।

ਟੀਕਤਿ ਮਣੀਆ ਮੋਤਿਸਰ ਗਜਰੇ ਪਾਸਾਰੇ ।

ਟਿੱਕਾ ਮਣੀਆਂ ਦਾ ਜੜਾਊ, ਲੰਮੀ ਮਾਲਾ, ਗੋਖਰੂ ਦਾ ਫੈਲਾਉ ਕਰਦਾ ਹੈ।

ਦੁਰ ਬਹੁਟਾ ਗੋਲ ਛਾਪ ਕਰਿ ਬਹੁ ਪਰਕਾਰੇ ।

ਬੀਰਬਲੀਆਂ (ਜਾਂ ਬੁੰਦੇ), ਬਾਹਾਂ ਦੇ ਬੁਹੱਟੇ, ਗੋਲ ਮੁੰਦ੍ਰੀ (ਛੱਲਾ) ਕਈ ਪ੍ਰਕਾਰ ਦੇ ਕਰਦਾ ਹੈ।

ਆਪੇ ਆਪਿ ਵਰਤਦਾ ਗੁਰਮੁਖਿ ਵੀਚਾਰੇ ।੧੧।

ਤਿਵੇਂ ਆਪੇ ਆਪ ਵਰਤਦਾ ਹੈ (ਪਰ) ਗੁਰਮੁਖ ਵੀਚਾਰ ਕਰਦਾ ਹੈ।☬ਇਹ ਵੀਚਾਰ ਤੇ ਦ੍ਰਿਸ਼ਟੀ ਕਿ ਸਭਨਾਂ ਵਿਚ ਸੋਨਾ ਹੀ ਹੈ ਮੂਲ ਵਸਤੂ, ਗੁਰਮੁਖ ਨੂੰ ਹੀ ਪ੍ਰਾਪਤ ਹੁੰਦੀ ਹੈ।

ਗੰਨਾ ਕੋਲੂ ਪੀੜੀਐ ਰਸੁ ਦੇ ਦਰਹਾਲਾ ।

ਗੰਨਾਂ ਜਦ ਕੋਹਲੂ (ਵਿਖੇ) ਪੀੜੀਦਾ ਹੈ ਤਾਂ ਸ਼ੀਘਰ ਰਹੁ ਦਿੰਦਾ ਹੈ।

ਕੋਈ ਕਰੇ ਗੁੜੁ ਭੇਲੀਆਂ ਕੋ ਸਕਰ ਵਾਲਾ ।

(ਉਸ ਥੋਂ ਕੋਈ ਰੋੜੀਆਂ ਤੇ ਕੋਈ ਮਹੀਨ ਸ਼ੱਕਰ ਬਣਾਉਂਦਾ ਹੈ।

ਕੋਈ ਖੰਡ ਸਵਾਰਦਾ ਮਖਣ ਮਸਾਲਾ ।

ਕੋਈ ਖੰਡ ਬਨਾਉਂਦਾ, ਕੋਈ ਮਸਾਲੇਦਾਰ ਮਖਾਣੇ।

ਹੋਵੈ ਮਿਸਰੀ ਕਲੀਕੰਦ ਮਿਠਿਆਈ ਢਾਲਾ ।

ਮਿਸਰੀ, ਕਲਾਕੰਦ ਤੇ ਢਾਲਵੀਂ ਮਠਿਆਈ (ਪੇਠਾ ਆਦਿ) ਬਣਦੀ ਹੈ।

ਖਾਵੈ ਰਾਜਾ ਰੰਕੁ ਕਰਿ ਰਸ ਭੋਗ ਸੁਖਾਲਾ ।

ਰਾਜੇ (ਮਠਿਆਈ ਤੇ) ਰੰਕ ਲੋਕ (ਗੁੜ ਸ਼ੱਕਰ) ਖਾਕੇ ਰਸਾਂ ਨੂੰ ਸੁਖ ਨਾਲ ਭੋਗਦੇ ਹਨ।

ਆਪੇ ਆਪਿ ਵਰਤਦਾ ਗੁਰਮੁਖਿ ਸੁਖਾਲਾ ।੧੨।

(ਤਿਵੇਂ) ਆਪੇ ਆਪ ਵਰਤ ਰਿਹਾ ਹੈ (ਪਰ ਇਹ ਸਮਝ ਕੇ ਕੇਵਲ) ਗੁਰਮੁਖ ਸੌਖਾ ਹੈ (ਭਾਵ ਸੁਖ ਮਾਣਦਾ ਹੈ)।

ਗਾਈ ਰੰਗ ਬਿਰੰਗ ਬਹੁ ਦੁਧੁ ਉਜਲੁ ਵਰਣਾ ।

ਗਊਆਂ (ਭਾਵੇਂ) ਬਹੁਤੀ ਰੰਗੋਂ ਬਿਰੰਗ (ਕਾਲੀ ਆਦਿ) ਹੋਵਣ, ਦੁੱਧ ਦਾ ਰੰਗ ਚਿੱਟਾ ਹੀ ਹੁੰਦਾ ਹੈ।

ਦੁਧਹੁ ਦਹੀ ਜਮਾਈਐ ਕਰਿ ਨਿਹਚਲੁ ਧਰਣਾ ।

ਦੁੱਧ ਥੋਂ (ਜਦ) ਦਹੀਂ ਜਮਾਈਦਾ ਹੈ ਤਾਂ ਅਡੋਲ ਰਖ ਦੇਈਦਾ ਹੈ।

ਦਹੀ ਵਿਲੋਇ ਅਲੋਈਐ ਛਾਹਿ ਮਖਣ ਤਰਣਾ ।

ਦਹੀਂ (ਜਦ) ਰਿੜਕਕੇ ਦੇਖੀਦਾ ਹੈ ਤਾਂ ਲੱਸੀ ਤੋਂ ਮੱਖਣ ਨਿਤਾਰ ਲਈਦਾ ਹੈ।

ਮਖਣੁ ਤਾਇ ਅਉਟਾਇ ਕੈ ਘਿਉ ਨਿਰਮਲ ਕਰਣਾ ।

(ਫੇਰ) ਮੱਖਣ ਨੂੰ ਤਪਾਕੇ, ਕਾਹੜਕੇ ਘਿਉ ਨਿਰਮਲ ਕੀਤਾ ਜਾਂਦਾ ਹੈ।

ਹੋਮ ਜਗ ਨਈਵੇਦ ਕਰਿ ਸਭ ਕਾਰਜ ਸਰਣਾ ।

ਹੋਮ, ਯੱਗ, ਪੂਜਾ ਭੇਟ (ਦੇ ਕੰਮ ਆਦਿ) ਕਰ ਕੇ ਸਾਰੇ ਕਾਰਜ ਉਸਥੋਂ ਸਾਰਦੇ ਹਨ।

ਆਪੇ ਆਪਿ ਵਰਤਦਾ ਗੁਰਮੁਖਿ ਹੋਇ ਜਰਣਾ ।੧੩।

(ਤਿਵੇਂ ਸਾਰੇ) ਆਪੇ ਆਪ ਹੀ ਵਰਤ ਰਿਹਾ ਹੈ, ਗੁਰਮੁਖ (ਇਸ ਗੱਲ ਨੂੰ ਜਾਣਦੇ ਤੇ) ਜਰਦੇ ਹਨ!

ਪਲ ਘੜੀਆ ਮੂਰਤਿ ਪਹਰਿ ਥਿਤ ਵਾਰ ਗਣਾਏ ।

ਪਲਾਂ, ਘੜੀਆਂ, ਮਹੂਰਤ, ਪਹਿਰ, ਥਿੱਤਾਂ ਦੇ ਵਾਰ ਗਿਣੀਂਦੇ ਹਨ।

ਦੁਇ ਪਖ ਬਾਰਹ ਮਾਹ ਕਰਿ ਸੰਜੋਗ ਬਣਾਏ ।

ਦੋ ਪਖ, ੧੨ ਮਹੀਨੇ ਸੰਜੋਗ ਕਰ ਕੇ ਬਨਾਏ ਹਨ।

ਛਿਅ ਰੁਤੀ ਵਰਤਾਈਆਂ ਬਹੁ ਚਲਿਤ ਬਣਾਏ ।

ਛੀ ਰੁਤਾਂ ਵਰਤਾਈਆਂ ਹਨ, ਬਹੁਤ ਕੌਤਕ ਵਰਤਾਏ ਹਨ।

ਸੂਰਜੁ ਇਕੁ ਵਰਤਦਾ ਲੋਕੁ ਵੇਦ ਅਲਾਏ ।

ਸੂਰਜ ਇਕ ਵਰਤਦਾ ਹੈ (ਆਮ) ਲੋਕੀ ਤੇ ਗ੍ਯਾਨੀ ਆਖਦੇ ਹਨ।

ਚਾਰਿ ਵਰਨ ਛਿਅ ਦਰਸਨਾਂ ਬਹੁ ਪੰਥਿ ਚਲਾਏ ।

ਛੀ ਦਰਸ਼ਨ ਤੇ ਚਾਰ ਵਰਨ (ਆਦਿ) ਬਹੁਤੇ ਰਸਤੇ (ਲੋਕਾਂ ਨੇ) ਤੋਰੇ ਹਨ।

ਆਪੇ ਆਪਿ ਵਰਤਦਾ ਗੁਰਮੁਖਿ ਸਮਝਾਏ ।੧੪।

ਗੁਰਮੁਖ (ਇਸ ਸਿਧਾਂਤ ਨੂੰ) ਸਮਝਾਉਂਦੇ ਹਨ (ਕਿ ਵਾਹਿਗੁਰੂ) ਆਪੇ ਆਪ (ਸਭ ਵਿਚ) ਵ੍ਯਾਪਕ ਹੈ (ਆਪੋ ਵਿਚ ਲੜੋ ਨਾ, ਇਸ ਭੇਤ ਨੂੰ ਸਮਝੋ)।

ਇਕੁ ਪਾਣੀ ਇਕ ਧਰਤਿ ਹੈ ਬਹੁ ਬਿਰਖ ਉਪਾਏ ।

ਇਕੋ ਪਾਣੀ ਤੇ ਇਕੋ ਧਰਤੀ ਹੈ, ਬ੍ਰਿੱਛ ਬਹੁਤ (ਪ੍ਰਕਾਰ ਦੇ) ਪੈਦਾ ਕੀਤੇ ਹਨ।

ਅਫਲ ਸਫਲ ਪਰਕਾਰ ਬਹੁ ਫਲ ਫੁਲ ਸੁਹਾਏ ।

ਫਲ ਹੀਨ, ਫਲਦਾਰ, ਫਲ ਫੁਲ (ਕਰਕੇ) ਬਹੁਤ ਪ੍ਰਕਾਰ ਦੇ ਫਬਾਏ ਹਨ।

ਬਹੁ ਰਸ ਰੰਗ ਸੁਵਾਸਨਾ ਪਰਕਿਰਤਿ ਸੁਭਾਏ ।

ਬਹੁਤੇ ਰਸ, ਰੰਗ, ਸੁਹਣੀਆਂ ਵਾਸ਼ਨਾਂ ਵਾਲੀ ਸ੍ਰੇਸ਼ਟ ਪ੍ਰਕ੍ਰਿਰਤੀ ਵਾਲੇ।

ਬੈਸੰਤਰੁ ਇਕੁ ਵਰਨ ਹੋਇ ਸਭ ਤਰਵਰ ਛਾਏ ।

(ਨਾਨ ਪ੍ਰਕਾਰ ਦੇ) ਸਾਰੇ ਬ੍ਰਿੱਛਾਂ ਵਿਚੋਂ ਅੱਗ ਇਕੋ ਰੰਗ ਦੀ ਪ੍ਰਗਟਦੀ ਹੈ।

ਗੁਪਤਹੁ ਪਰਗਟ ਹੋਇ ਕੈ ਭਸਮੰਤ ਕਰਾਏ ।

ਨਾ ਦਿੱਸਣ ਵਾਲੀ ਦਸ਼ਾ ਤੋਂ ਪ੍ਰਗਟ ਹੋਕੇ ਉਨ੍ਹਾਂ ਨੂੰ ਸੁਆਹ ਕਰ ਦੇਂਦੀ ਹੈ।

ਆਪੇ ਆਪਿ ਵਰਤਦਾ ਗੁਰਮੁਖਿ ਸੁਖ ਪਾਏ ।੧੫।

(ਤਿਵੇਂ) ਆਪੇ ਆਪ ਵਰਤ ਰਿਹਾ ਹੈ (ਪਰ ਇਸ ਬਾਤ ਦਾ) ਸੁਖ ਗੁਰਮੁਖ ਪਾ ਰਹੇ ਹਨ।

ਚੰਦਨ ਵਾਸ ਵਣਾਸਪਤਿ ਸਭ ਚੰਦਨ ਹੋਵੈ ।

ਚੰਦਨ ਦੀ ਵਾਸ਼ਨਾ (ਨਾਲ) ਸਾਰੀ ਬਨਾਸਪਤੀ ਚੰਦਨ ਹੋ ਜਾਂਦੀ ਹੈ।

ਅਸਟ ਧਾਤੁ ਇਕ ਧਾਤੁ ਹੋਇ ਸੰਗਿ ਪਾਰਸਿ ਢੋਵੈ ।

ਪਾਰਸ ਦੇ ਨਾਲ ਮਿਲਕੇ ਅੱਠਾਂ ਧਾਤਾਂ ਦੀ ਇਕ ਧਾਤ (ਸੋਨਾ) ਹੋ ਜਾਂਦੀ ਹੈ।

ਨਦੀਆ ਨਾਲੇ ਵਾਹੜੇ ਮਿਲਿ ਗੰਗ ਗੰਗੋਵੈ ।

ਨਦੀਆਂ, ਨਾਲੇ ਤੇ ਨਿੱਕੇ ਨਾਲੇ ਗੰਗਾ ਨਾਲ ਮਿਲਕੇ ਗੰਗਾ ਹੋ ਜਾਂਦੇ ਹਨ।

ਪਤਿਤ ਉਧਾਰਣੁ ਸਾਧਸੰਗੁ ਪਾਪਾਂ ਮਲੁ ਧੋਵੈ ।

ਸਾਧ ਸੰਗਤ ਪਾਪੀਆਂ ਦੇ ਉਧਾਰ ਕਰਨ ਵਾਲੀ ਹੈ, (ਕਿਉਂ ਜੋ) ਪਾਪਾਂ ਦੀ ਮੈਲ ਧੋ ਦਿੰਦੀ ਹੈ।

ਨਰਕ ਨਿਵਾਰ ਅਸੰਖ ਹੋਇ ਲਖ ਪਤਿਤ ਸੰਗੋਵੈ ।

(ਇਸੇ ਕਾਰਣ ਉਨ੍ਹਾਂ ਦੇ ਲਖ=) ਦੇਖਣ ਨਾਲ (ਅਥਵਾ ਸੰਗੋਵੈ=) ਸੰਗਤ ਨਾਲ ਅਸੰਖ ਪਤਿਤਾਂ ਦੇ ਨਰਕ ਹਟ ਜਾਂਦੇ ਹਨ।

ਆਪੇ ਆਪਿ ਵਰਤਦਾ ਗੁਰਮੁਖਿ ਅਲੋਵੈ ।੧੬।

(ਸੋ) ਆਪ ਹੀ ਆਪ ਵਰਤਦਾ ਹੈ, ਗੁਰੁਮਖ ਦੇਖਦੇ ਹਨ।

ਦੀਪਕ ਹੇਤੁ ਪਤੰਗ ਦਾ ਜਲ ਮੀਨ ਤਰੰਦਾ ।

ਦੀਵੇ ਦਾ ਹਿਤ ਭੰਬਟ ਨੂੰ ਹੈ, ਮਛੀ (ਹਿਤ ਨਾਲ) ਜਲ ਤਰਦੀ ਹੈ।

ਮਿਰਗੁ ਨਾਦ ਵਿਸਮਾਦੁ ਹੈ ਭਵਰ ਕਵਲਿ ਵਸੰਦਾ ।

ਹਰਨ ਸ਼ਬਦ ਹੈਰਾਨ ਹੈ (ਭਾਵ ਮਸਤ ਹੈ), ਭੌਰਾ ਕੌਲ (ਫੁੱਲ) ਤੇ ਵਸਦਾ ਹੈ।

ਚੰਦ ਚਕੋਰ ਪਰੀਤਿ ਹੈ ਦੇਖਿ ਧਿਆਨੁ ਧਰੰਦਾ ।

ਚੰਦ ਦੀ ਚਕੋਰ ਨੂੰ ਪ੍ਰੀਤ ਹੈ, ਦੇਖਕੇ (ਉਸੇ ਦਾ) ਧਿਆਨ ਧਰਦਾ ਹੈ।

ਚਕਵੀ ਸੂਰਜ ਹੇਤੁ ਹੈ ਸੰਜੋਗ ਬਣੰਦਾ ।

ਚਕਵੀ ਨੂੰ ਸੂਰਜ ਦਾ ਪਿਆਰ ਹੈ, (ਕਿਉਂਕਿ ਇਸ ਨਾਲ ਉਸਦਾ) ਸੰਜੋਗ ਬਣਦਾ ਹੈ।

ਨਾਰਿ ਭਤਾਰ ਪਿਆਰੁ ਹੈ ਮਾਂ ਪੁਤੁ ਮਿਲੰਦਾ ।

ਨਾਰ ਨੂੰ ਪਤੀ ਦਾ ਪਿਆਰ ਹੈ ਤੇ ਮਾਂ ਨੂੰ ਪੁੱਤ੍ਰ ਮਿਲਨ ਦਾ (ਹਿਤ ਹੈ)।

ਆਪੇ ਆਪਿ ਵਰਤਦਾ ਗੁਰਮੁਖਿ ਪਰਚੰਦਾ ।੧੭।

(ਇਸ ਤਰ੍ਹਾਂ) ਆਪ ਹੀ ਆਪ (ਪ੍ਰੇਮ ਵਿਚ) ਵਰਤ ਰਿਹਾ ਹੈ, (ਪਰ) ਗੁਰਮੁਖ (ਉਸਦੇ ਪ੍ਰੇਮ ਵਿਚ) ਪਰਚਦਾ ਹੈ।

ਅਖੀ ਅੰਦਰਿ ਦੇਖਦਾ ਸਭ ਚੋਜ ਵਿਡਾਣਾ ।

ਅਖਾਂ ਦੇ ਅੰਦਰ ਸਾਰੇ ਅਚਰਜ ਕੌਤਕ ਦੇਖਦਾ ਹੈ।

ਕੰਨੀ ਸੁਣਦਾ ਸੁਰਤਿ ਕਰਿ ਆਖਾਣਿ ਵਖਾਣਾ ।

ਸੁਰਤ (ਧ੍ਯਾਨ) ਕਰ ਕੇ ਕੰਨਾਂ ਨਾਲ ਕਹੇ ਹੋਏ ਬਚਨ ਸੁਣਦਾ ਹੈ।

ਜੀਭੈ ਅੰਦਰਿ ਬੋਲਦਾ ਬਹੁ ਸਾਦ ਲੁਭਾਣਾ ।

ਜੀਭ ਅੰਦਰ (ਹੋਕੇ) ਬੋਲਦਾ ਤੇ ਬਹੁਤੇ ਸੁਆਦਾਂ ਵਿਚ ਲੁਭਿਤ ਹੁੰਦਾ ਹੈ।

ਹਥੀਂ ਕਿਰਤਿ ਕਮਾਂਵਦਾ ਪਗਿ ਚਲੈ ਸੁਜਾਣਾ ।

ਹਥਾਂ (ਅੰਦਰ ਹੋਕੇ) ਕਿਰਤ ਕਰਦਾ ਤੇ ਸਿਆਣਾ ਪੈਰਾਂ ਨਾਲ ਤੁਰਦਾ ਹੈ।

ਦੇਹੀ ਅੰਦਰਿ ਇਕੁ ਮਨੁ ਇੰਦ੍ਰੀ ਪਰਵਾਣਾ ।

(ਏਹ) ਇਕ 'ਮਨ' ਦੇਹ ਦੇ ਵਿਚ ਹੈ, (ਜਿਸ ਦੀ ਆਗਿਆ ਨੂੰ) ਇੰਦ੍ਰੀਆਂ ਪਰਵਾਨ ਕਰਦੀਆਂ ਹਨ।

ਆਪੇ ਆਪਿ ਵਰਤਦਾ ਗੁਰਮੁਖਿ ਸੁਖੁ ਮਾਣਾ ।੧੮।

(ਤਿਵੇਂ) ਆਪੇ ਆਪ ਵਰਤਦਾ ਹੈ, ਗੁਰਮੁਖ ਸੁਖ ਮਾਣਦੇ ਹਨ।

ਪਵਣ ਗੁਰੂ ਗੁਰੁ ਸਬਦੁ ਹੈ ਰਾਗ ਨਾਦ ਵੀਚਾਰਾ ।

ਪੌਣ ਗਰੂ ਹੈ (ਤੇ) ਗੁਰੂ ਸ਼ਬਦ ਹੈ (ਇਸ ਥੋਂ) ਰਾਗ ਨਾਗ ਦੇ ਵਿਚਾਰ ਹੁੰਦੇ ਹਨ।

ਮਾਤ ਪਿਤਾ ਜਲੁ ਧਰਤਿ ਹੈ ਉਤਪਤਿ ਸੰਸਾਰਾ ।

ਧਰਤੀ ਮਾਤਾ ਹੈ, ਜਲ ਪਿਤਾ ਹੈ, ਇਨ੍ਹਾਂ (ਤੱਤਾਂ ਥੋਂ) ਸੰਸਾਰ ਦੀ ਉਤਪਤੀ ਹੈ।

ਦਾਈ ਦਾਇਆ ਰਾਤਿ ਦਿਹੁ ਵਰਤੇ ਵਰਤਾਰਾ ।

ਰਾਤ (ਸੁਵਾਉਣ ਵਾਲੀ) ਦਾਈ ਤੇ ਦਿਨ (ਖੇਡਾਉਣ ਵਾਲਾ) ਦਾਇਆ ਹੈ, (ਇਨ੍ਹਾਂ ਦੇ) ਵਰਤਾਰੇ (ਵਿਖੇ ਜਗਤ) ਵਰਤਦਾ ਹੈ।

ਸਿਵ ਸਕਤੀ ਦਾ ਖੇਲੁ ਮੇਲੁ ਪਰਕਿਰਤਿ ਪਸਾਰਾ ।

ਸ਼ਿਵ (ਚੇਤਨ ਸ਼ਕਤੀ), ਸ਼ਕਤੀ (ਜੜ੍ਹ ਸ਼ਕਤੀ) ਦਾ ਮੇਲ ਮੇਲ ਕੇ (ਸੰਸਾਰ) ਪ੍ਰਕ੍ਰਿਤੀ ਦਾ ਰਚਿਆ ਹੈ।

ਪਾਰਬ੍ਰਹਮ ਪੂਰਨ ਬ੍ਰਹਮੁ ਘਟਿ ਚੰਦੁ ਅਕਾਰਾ ।

(ਇਸ ਸ੍ਰਿਸ਼ਟੀ ਵਿਚ ਆਪ) ਪਾਰਬ੍ਰਹਮ (ਐਉਂ) ਪੂਰਮ ਬ੍ਰਹਮ (ਹੋ ਰਿਹਾ ਹੈ ਜਿਕੂੰ ਜਲ ਭਰੇ) ਭਾਂਡਿਆਂ ਵਿਚ ਚੰਦ੍ਰਮਾਂ ਦਾ ਬਿੰਬ ਪੂਰਨ ਹੁੰਦਾ ਹੈ।

ਆਪੇ ਆਪਿ ਵਰਤਦਾ ਗੁਰਮੁਖਿ ਨਿਰਧਾਰਾ ।੧੯।

ਆਪੇ ਆਪ ਵਰਤਦਾ ਹੈ, ਪਰ ਗੁਰਮੁਖਾਂ ਵਿਚ ਆਧਾਰ ਰੂਪ ਹੋਕੇ ਵਰਤਦਾ ਹੈ।

ਫੁਲਾਂ ਅੰਦਰਿ ਵਾਸੁ ਹੈ ਹੋਇ ਭਵਰੁ ਲੁਭਾਣਾ ।

ਫੁੱਲਾਂ ਵਿਚ ਵਾਸ਼ਨਾ (ਆ ਪਈ) ਹੈ (ਜਿਸ ਪਰ) ਭੌਰਾ ਲੋਭ ਰਿਹਾ ਹੈ;

ਅੰਬਾਂ ਅੰਦਰਿ ਰਸ ਧਰੇ ਕੋਇਲ ਰਸੁ ਮਾਣਾ ।

ਅੰਬਾਂ ਵਿਖੇ ਮਿਠਾਸ ਧਰੀ ਹੈ, ਕੋਇਲ (ਜਿਸਦੇ) ਰਸ ਨੂੰ ਮਾਣਦੀ ਹੈ।

ਮੋਰ ਬਬੀਹਾ ਹੋਇ ਕੈ ਘਣ ਵਰਸ ਸਿਞਾਣਾ ।

ਮੋਰ ਤੇ ਚਾਤ੍ਰਿਕ (ਪ੍ਰਸੰਨ) ਹੁੰਦੇ ਹਨ ਜਦ ਬੱਦਲ ਵਰ੍ਹਦਾ ਵੇਖਦੇ ਹਨ।

ਖੀਰ ਨੀਰ ਸੰਜੋਗ ਹੋਇ ਕਲੀਕੰਦ ਵਖਾਣਾ ।

ਦੁੱਧ ਤੇ ਪਾਣੀ ਦਾ (ਜਿਕੂੰ) ਸੰਜੋਗ (ਮੇਲ ਯਾ ਪਿਆਰ) ਹੈ, (ਯਾ ਖੰਡ ਤੇ ਖੋਏ ਦਾ ਜਿੱਕੂੰ ਸੰਜੋਗ) ਕਲਾਕੰਦ ਵਿਚ ਕਹੀਦਾ ਹੈ।

ਓਅੰਕਾਰੁ ਆਕਾਰੁ ਕਰਿ ਹੋਇ ਪਿੰਡ ਪਰਾਣਾ ।

(ਤਿਕੂੰ) ਓਅੰਕਾਰ ਸਰੂਪ ਰਚਕੇ ਦੇਹ ਤੇ ਜਿੰਦ ਹੋ ਜਾਂਦਾ ਹੈ।

ਆਪੇ ਆਪਿ ਵਰਤਦਾ ਗੁਰਮੁਖਿ ਪਰਵਾਣਾ ।੨੦।੨। ਦੁਇ ।

ਆਪੇ ਆਪ ਵਰਤ ਰਿਹਾ ਹੈ (ਪਰ) ਪ੍ਰਮਾਣ ਗੁਰਮੁਖਾਂ ਨੇ ਕੀਤਾ ਹੈ।


Flag Counter