ਵਾਰਾਂ ਭਾਈ ਗੁਰਦਾਸ ਜੀ

ਅੰਗ - 20


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

ਸਤਿਗੁਰ ਨਾਨਕ ਦੇਉ ਆਪੁ ਉਪਾਇਆ ।

ਸਤਿਗੁਰ ਨਾਨਕ ਦੇਵ (ਜੀ ਨੂੰ ਵਾਹਿਗੁਰੂ ਨੇ) ਆਪ ਬਣਾਇਆ ਹੈ।

ਗੁਰ ਅੰਗਦੁ ਗੁਰਸਿਖੁ ਬਬਾਣੇ ਆਇਆ ।

ਗੁਰੂ ਅੰਗਦ ਜੀ ਗੁਰੂ ਦੇ ਸਿੱਖ ਹੋ ਕੇ ਬਾਬੇ ਦੀ ਸ਼ਰਣੀ ਆ ਪਏ, (ਗੱਲ ਕੀ ਆਪ ਬੀ ਬਾਬੇ ਜੀ ਦਾ ਰੂਪ ਹੋਏ)।

ਗੁਰਸਿਖੁ ਹੈ ਗੁਰ ਅਮਰੁ ਸਤਿਗੁਰ ਭਾਇਆ ।

(ਤੀਜੇ) ਗੁਰੂ ਅਮਰਦਾਸ ਜੀ ਗੁਰੂ ਦੇ ਸਿਖ ਹੋਏ (ਤੇ) ਸਤਿਗੁਰੂ (ਅੰਗਦ ਜੀ) ਨੂੰ ਪਿਆਰੇ ਲੱਗੇ।

ਰਾਮਦਾਸੁ ਗੁਰਸਿਖੁ ਗੁਰੁ ਸਦਵਾਇਆ ।

(ਚੌਥੇ) ਗੁਰੂ ਰਾਮਦਾਸ ਜੀ ਨੇ ਬੀ ਗੁਰ ਸਿਖ ਹੋਕੇ ਗੁਰੂ ਸਦਵਾਇਆ।

ਗੁਰੁ ਅਰਜਨੁ ਗੁਰਸਿਖੁ ਪਰਗਟੀ ਆਇਆ ।

(ਪੰਚਮ ਗੁਰੂ) ਗੁਰੂ ਅਰਜਨ ਜੀ ਗੁਰੂ ਦੇ ਸਿਖ ਹੋ ਕੇ ਪਰਗਟ ਹੋਏ, (ਭਾਵ ਪੁੱਤਰ ਪੂਣੇ ਦਾ ਅਭਿਮਾਨ ਨਹੀਂ ਕੀਤਾ)।

ਗੁਰਸਿਖੁ ਹਰਿਗੋਵਿੰਦੁ ਨ ਲੁਕੈ ਲੁਕਾਇਆ ।੧।

ਛੀਵੇਂ ਗੁਰੂ ਹਰਿਗੋਬਿੰਦ ਜੀ ਸਿਖ ਹੋਣ ਕਰ ਕੇ (ਗੁਰੂ ਹੋਏ ਜੋ ਕਿਸੇ ਦੇ) ਲੁਕਾਏ ਲੁਕ ਨਹੀਂ ਸਕਦੇ।

ਪਉੜੀ ੨

ਗੁਰਮੁਖਿ ਪਾਰਸੁ ਹੋਇ ਪੂਜ ਕਰਾਇਆ ।

ਗੁਰਮੁਖ ਆਪ ਪਾਰਸ ਹੋ ਕੇ (ਸਿੱਖਾਂ ਨੂੰ) ਪੂਜਕ ਕਰ ਦੇਂਦੇ ਹਨ।

ਅਸਟ ਧਾਤੁ ਇਕੁ ਧਾਤੁ ਜੋਤਿ ਜਗਾਇਆ ।

ਅੱਠਾਂ ਧਾਤਾਂ ਦੀ ਇਕ ਧਾਤੂ (ਕਰਕੇ, ਜਾਤ ਵਰਨ ਅਭਿਮਾਨ ਗਵਾਕੇ) ਜੋਤ ਜਗਾ ਦੇਂਦੇ ਹਨ।

ਬਾਵਨ ਚੰਦਨੁ ਹੋਇ ਬਿਰਖੁ ਬੋਹਾਇਆ ।

(ਗੁਰਮੁਖ) ਬਾਵਨ ਚੰਦਨ ਹੋਕੇ ਹੋਰ ਬਿਰਖਾਂ ਨੂੰ ਸੁਗੰਧਿਤ ਕਰਦੇ ਹਨ।

ਗੁਰਸਿਖੁ ਸਿਖੁ ਗੁਰ ਹੋਇ ਅਚਰਜੁ ਦਿਖਾਇਆ ।

ਗੁਰੂ ਦੇ ਸਿਖ ਹੁੰਦੇ ਹਨ ਫੇਰ ਸਿਖੋਂ ਗੁਰੂ ਹੋਕੇ ਅਚਰਜ ਦਸਦੇ ਹਨ (ਕਿ ਜੋਤ ਇਕ ਤੇ ਮੂਰਤਾਂ ਕਈ ਭਾਸਦੀਆਂ ਹਨ। ਅਗੇ ਪੰਜਵੀਂ ਤੇ ਛੀਵੀਂ ਤੁਕ ਵਿਖੇ ਦੋ ਹੋਰ ਦ੍ਰਿਸ਼ਟਾਂਤ ਦੇ ਕੇ ਪੱਕਾ ਕਰਦੇ ਹਨ)।

ਜੋਤੀ ਜੋਤਿ ਜਗਾਇ ਦੀਪੁ ਦੀਪਾਇਆ ।

ਜੋਤ ਜੋਤ ਥੀਂ ਜਗਾਕੇ ਦੀਵੇ ਤੋਂ ਦੀਵਾ ਬਾਲ ਦੇਂਦੇ ਹਨ।

ਨੀਰੈ ਅੰਦਰਿ ਨੀਰੁ ਮਿਲੈ ਮਿਲਾਇਆ ।੨।

ਪਾਣੀ ਵਿਚ ਪਾਣੀ ਵਾਂਙੂ ਮਿਲਦੇ ਨੂੰ ਮੇਲ ਲੈਂਦੇ ਹਨ।

ਪਉੜੀ ੩

ਗੁਰਮੁਖਿ ਸੁਖ ਫਲੁ ਜਨਮੁ ਸਤਿਗੁਰੁ ਪਾਇਆ ।

ਗੁਰਮੁਖਾਂ ਦਾ ਜਨਮ (ਧਾਰਣਾ) ਸਫਲ ਹੈ (ਕਿਉਂ ਜੋ) ਸਤਿਗੁਰੂ ਜੀ (ਦਾ ਦਰਸ਼ਨ) ਪਾਇਆ ਹੈ।

ਗੁਰਮੁਖਿ ਪੂਰ ਕਰੰਮੁ ਸਰਣੀ ਆਇਆ ।

(ਇਸੇ ਵਾਸਤੇ) ਗੁਰਮੁਖ ਪੂਰੇ ਕਰਮਾਂ ਵਾਲੇ ਹਨ (ਕਿ ਸਤਿਗੁਰੂ ਜੀ ਦੀ) ਸ਼ਰਣ ਲੀਤੀ ਹੈ (ਸ਼ਰਣ ਦਾ ਫਲ ਕੀ ਹੈ?)।

ਸਤਿਗੁਰ ਪੈਰੀ ਪਾਇ ਨਾਉ ਦਿੜਾਇਆ ।

ਸਤਿਗੁਰਾਂ ਨੇ (ਆਪਣੀ) ਚਰਨੀਂ ਲਾਕੇ (ਅਕਾਲ ਪੁਰਖ ਦੇ) ਨਾਮ (ਦਾ ਉਪਦੇਸ਼) ਦ੍ਰਿੜ ਕਰਾਇਆ ਹੈ। (ਇਸ ਦਾ ਫਲ?)

ਘਰ ਹੀ ਵਿਚਿ ਉਦਾਸੁ ਨ ਵਿਆਪੈ ਮਾਇਆ ।

ਘਰ ਹੀ ਵਿਖੇ ਉਦਾਸ ਰਹਿੰਦੇ ਹਨ (ਉਨ੍ਹਾਂ ਨੂੰ) ਮਾਇਆ ਦੁਖ ਨਹੀਂ ਦਿੰਦੀ। (ਹੋਰ ਕੀ?)

ਗੁਰ ਉਪਦੇਸੁ ਕਮਾਇ ਅਲਖੁ ਲਖਾਇਆ ।

ਗੁਰ ਉਪਦੇਸ਼ ਦਾ ਅੱਭ੍ਯਾਸ ਕਰ ਕੇ ('ਅਲੱਖ'=) ਜੋ ਪਰਮਾਤਮਾ ਲਖਿਆ ਨਹੀਂ ਜਾਂਦਾ ਲਖ ਲੀਤਾ ਹੈ। (ਕਿਉਂ ਜੋ ਗਿਆਨ ਵੈਰਾਗ ਦੇ ਨੇਤ੍ਰਾਂ ਨਾਲ ਤੁਰਤ ਅਵ੍ਯਕਤ ਆਤਮਾ ਨੂੰ ਲੱਭ ਲੈਂਦੇ ਹਨ ਜਿਹਾਕੁ “ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ”)।

ਗੁਰਮੁਖਿ ਜੀਵਨ ਮੁਕਤੁ ਆਪੁ ਗਵਾਇਆ ।੩।

ਗੁਰਮੁਖ ਜੀਵਨ ਮੁਕਤ ਹੋ ਰਹੇ ਹਨ (ਕਿਉਂ ਜੋ) ਆਪਾ ਭਾਵ ਦੂਰ ਕਰ ਦਿੱਤਾ ਹੈ (ਇਸੇ ਦਾ ਅਨੁਵਾਦ ਅਗਲੀ ਚੌਥੀ ਪੌੜੀ ਵਿਖੇ ਬੀ ਕਰਦੇ ਹਨ)।

ਪਉੜੀ ੪

ਗੁਰਮੁਖਿ ਆਪੁ ਗਵਾਇ ਨ ਆਪੁ ਗਣਾਇਆ ।

ਗੁਰਮੁਖਾਂ ਨੇ (ਮਨ ਕਰਕੇ) ਆਪਾ ਭਾਉ ਗਵਾ ਦਿਤਾ ਹੈ ਅਰ (ਤਨ ਕਰਕੇ) ਬੀ ਆਪ ਨੂੰ ਕੁਝ ਚੀਜ਼ ਨਹੀਂ ਗਿਣਦੇ।

ਦੂਜਾ ਭਾਉ ਮਿਟਾਇ ਇਕੁ ਧਿਆਇਆ ।

ਦੂਜਾ ਭਾਉ' (ਅਗ੍ਯਾਨ) ਨੂੰ ਤਰਕ ਕੀਤਾ ਹੈ ਇਕ (ਅਕਾਲ ਪੁਰਖ) ਦਾ ਹੀ ਸਾਰੇ ਧਿਆਨ ਕਰਦੇ ਹਨ।

ਗੁਰ ਪਰਮੇਸਰੁ ਜਾਣਿ ਸਬਦੁ ਕਮਾਇਆ ।

ਗੁਰੂ ਨੂੰ ਪਰਮੇਸ਼ੁਰ (ਦਾ ਰੂਪ) ਜਾਣਕੇ ਸ਼ਬਦ ਦਾ ਅਭ੍ਯਾਸ ਕਰਦੇ ਹਨ (ਜਾਣਦੇ ਹਨ ਕਿ 'ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ')।

ਸਾਧਸੰਗਤਿ ਚਲਿ ਜਾਇ ਸੀਸੁ ਨਿਵਾਇਆ ।

(ਸਰੀਰ ਕਰਕੇ) ਸਾਧ ਸੰਗਤ ਵਿਖੇ ਜਾਕੇ ਸੀਸ ਨਿਵਾਉਂਦੇ ਹਨ (ਭਾਵ ਆਕੜ ਖਾਂ ਨਹੀਂ ਬਣਦੇ)।

ਗੁਰਮੁਖਿ ਕਾਰ ਕਮਾਇ ਸੁਖ ਫਲੁ ਪਾਇਆ ।

ਗੁਰਮੁਖਾਂ ਦੀ 'ਕਾਰ' ਸੇਵਾ ਕਰ ਕੇ ਸੁਖ ਫਲ ਦੀ ਪ੍ਰਾਪਤੀ ਕਰਦੇ ਹਨ।

ਪਿਰਮ ਪਿਆਲਾ ਪਾਇ ਅਜਰੁ ਜਰਾਇਆ ।੪।

ਪ੍ਰੇਮ ਦਾ ਪਿਆਲਾ ਪੀਕੇ 'ਅਜਰ' ਨੂੰ ਜਰ ਜਾਂਦੇ ਹਨ।

ਪਉੜੀ ੫

ਅੰਮ੍ਰਿਤ ਵੇਲੇ ਉਠਿ ਜਾਗ ਜਗਾਇਆ ।

ਪ੍ਰਾਤਾਕਾਲੇ ਉੱਠਕੇ (ਆਪ) ਜਾਗਕੇ (ਹੋਰਨਾਂ ਨੂੰ) ਸੁਚੇਤ ਕਰਦੇ ਹਨ।

ਗੁਰਮੁਖਿ ਤੀਰਥ ਨਾਇ ਭਰਮ ਗਵਾਇਆ ।

ਗੁਰਮੁਖ ਲੋਕ ਤੀਰਥ ਤੇ ਸ਼ਨਾਨ ਕਰ ਕੇ ਭਰਮ ਨੂੰ ਦੂਰ ਕਰਦੇ ਹਨ, (ਸਭ ਤੀਰਥ ਹੀ ਜਾਣਦੇ ਹਨ, ਤੀਰਥ ਦਾ ਭਰਮ ਨਹੀਂ ਰਖਦੇ)।

ਗੁਰਮੁਖਿ ਮੰਤੁ ਸਮ੍ਹਾਲਿ ਜਪੁ ਜਪਾਇਆ ।

ਗੁਰਮੁਖ ਲੋਕ (ਜਪੁਜੀ) ਮੰਤ੍ਰ ਨੂੰ ਆਪ ਸੋਧਕੇ ਜਪਦੇ ਅਰ (ਹੋਰਨਾਂ ਨੂੰ) ਜਪਣ ਦਾ ਉਪਦੇਸ਼ ਦਿੰਦੇ ਹਨ।

ਗੁਰਮੁਖਿ ਨਿਹਚਲੁ ਹੋਇ ਇਕ ਮਨਿ ਧਿਆਇਆ ।

ਫੇਰ ਗੁਰੂ ਦੀ ਸਿੱਖ੍ਯਾ ਨੂੰ ਧਾਰਨ ਕਰ ਕੇ ਅਚਲ ਹੋ ਇਕ ਮਨ ਨਾਲ (ਵਾਹਿਗੁਰੂ) ਧ੍ਯਾਉਂਦੇ ਹਨ।

ਮਥੈ ਟਿਕਾ ਲਾਲੁ ਨੀਸਾਣੁ ਸੁਹਾਇਆ ।

ਮਸਤਕ ਪੁਰ ਲਾਲ ਟਿਕਾ ਉਨ੍ਹਾਂ ਦਾ ਨੀਸਾਣ ਚਿੰਨ੍ਹ ਸ਼ੋਭਦਾ ਹੈ (“ਨਾਮੁ ਤੇਰਾ ਕੇਸਰੋ ਲੇ ਛਿਟਕਾਰੇ”। ਨਾਮ ਦਾ ਹੀ ਲਾਲ ਟਿੱਕਾ ਸਮਝਦੇ ਹਨ)।

ਪੈਰੀ ਪੈ ਗੁਰਸਿਖ ਪੈਰੀ ਪਾਇਆ ।੫।

ਪੈਰੀਂ ਪੈ' (ਆਪ ਬੋਲਕੇ) ਗੁਰੂ ਦੇ ਸਿਖਾਂ ਨੂੰ ਬੀ 'ਪੈਰੀਂ ਪੈਣਾ' ਦੱਸਦੇ ਹਨ।

ਪਉੜੀ ੬

ਪੈਰੀ ਪੈ ਗੁਰਸਿਖ ਪੈਰ ਧੁਆਇਆ ।

ਗੁਰੂ ਦੇ ਸਿਖਾਂ ਦੀ ਪੈਰੀਂ ਹਥ ਲਾਕੇ, ਪੈਰ ਧੋਂਦੇ ਹਨ।

ਅੰਮ੍ਰਿਤ ਵਾਣੀ ਚਖਿ ਮਨੁ ਵਸਿ ਆਇਆ ।

ਉਸ ਚਰਣਾਂਮ੍ਰਿਤੁ ਦੀ ('ਵਾਦੀ'=) ਵੰਨਗੀ ਨੂੰ ਚੱਖਦੇ ਹਨ, (ਤੇ ਇਉਂ ਹੰਕਾਰੀ) ਮਨ ਵੱਸ ਹੋ ਜਾਂਦਾ ਹੈ।

ਪਾਣੀ ਪਖਾ ਪੀਹਿ ਭਠੁ ਝੁਕਾਇਆ ।

ਜਲ (ਦਾ ਭਰਣਾ), ਪੱਖਾ (ਝੱਲਣਾ), (ਚੱਕੀ) ਪੀਹਣੀ, (ਲੰਗਰ ਦੇ 'ਭੱਠ' ਕਹੀਏ) ਚੁੱਲ੍ਹੇ ਹੇਠ ਬਾਲਣ ਪਾਉਣ ਦੀ ਟਹਿਲ ਕਰਦੇ ਹਨ।

ਗੁਰਬਾਣੀ ਸੁਣਿ ਸਿਖਿ ਲਿਖਿ ਲਿਖਾਇਆ ।

(ਜਦ ਉਥੋਂ ਵੇਹਲ ਹੋਵੇ ਤਾਂ ਕੀ ਕਰਦੇ ਹਨ) ਗੁਰੂ ਦੀ ਬਾਣੀ ਨੂੰ ਸੁਣਕੇ (ਉਸਦਾ ਅਰਥ ਤੇ ਰਹਿਣ) ਸਿੱਖਦੇ ਹਨ, (ਫੇਰ ਉਸ ਨੂੰ ਆਪ) ਲਿਖਕੇ (ਹੋਰਨਾਂ ਨੂੰ ਬੀ) ਲਿਖਾ ਦਿੰਦੇ ਹਨ।

ਨਾਮੁ ਦਾਨੁ ਇਸਨਾਨੁ ਕਰਮ ਕਮਾਇਆ ।

ਨਾਮ, ਦਾਨ ਤੇ ਇਸ਼ਨਾਨ (ਤਿੰਨਾਂ) ਕਰਮਾਂ ਦੀ ਕਮਾਈ ਕਰਦੇ ਹਨ।

ਨਿਵ ਚਲਣੁ ਮਿਠ ਬੋਲ ਘਾਲਿ ਖਵਾਇਆ ।੬।

ਨਿਵਕੇ ਚੱਲਦੇ, ਮਿੱਠਾ ਬੋਲਦੇ, ਦਸਾਂ ਨੌਹਾਂ ਦੀ ਮਜੂਰੀ ਕਰ ਕੇ (ਆਪ ਛਕਦੇ ਤੇ ਹੋਰਨਾਂ) ਸਿੱਖਾਂ ਨੂੰ ਛਕਾਉਂਦੇ ਹਨ। (ਪ੍ਰਮਾਣ-”ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥”)।

ਪਉੜੀ ੭

ਗੁਰਸਿਖਾਂ ਗੁਰਸਿਖ ਮੇਲਿ ਮਿਲਾਇਆ ।

ਗੁਰੂ ਦੇ ਸਿੱਖਾਂ ਦਾ ਮੇਲ, ਗੁਰਸਿਖਾਂ ਨਾਲ ਹੀ (ਈਸ਼੍ਵਰ ਨੇ) ਮਿਲਾਇਆ ਹੈ।

ਭਾਇ ਭਗਤਿ ਗੁਰਪੁਰਬ ਕਰੈ ਕਰਾਇਆ ।

ਪ੍ਰੇਮਾ ਭਗਤੀ, ਗੁਰਪੁਰਬ ਕਰਦੇ, ਅਰ ਕਰਾਉਂਦੇ ਹਨ।

ਗੁਰਸਿਖ ਦੇਵੀ ਦੇਵ ਜਠੇਰੇ ਭਾਇਆ ।

ਗੁਰੂ ਦੇ ਸਿਖਾਂ ਨੂੰ ਹੀ ਦੇਵੀ ਦੇਵਤੇ ਅਰ ਵਡਕੇ ਸਮਝਦੇ ਹਨ।

ਗੁਰਸਿਖ ਮਾਂ ਪਿਉ ਵੀਰ ਕੁਟੰਬ ਸਬਾਇਆ ।

ਗੁਰ ਸਿੱਖਾਂ ਨੂੰ ਮਾਤ, ਪਿਤਾ, ਭਰਾ, ਕੁਟੰਬ ਸੱਭੋ ਕੁਝ (ਜਾਣਦੇ ਹਨ)।

ਗੁਰਸਿਖ ਖੇਤੀ ਵਣਜੁ ਲਾਹਾ ਪਾਇਆ ।

ਗੁਰੂ ਦੇ ਸਿੱਖ ਨੂੰ ਹੀ ਖੇਤ ਵਣਜ ਜਾਣਕੇ ਲਾਭ ਪਾਉਂਦੇ ਹਨ। (“ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਉਹਾਰਾ॥ ਸੰਤਨ ਸਿਉ ਹਮ ਲਾਹਾ ਖਾਟਿਆ ਹਰਿ ਭਗਤਿ ਭਰੇ ਭੰਡਾਰਾ॥”)

ਹੰਸ ਵੰਸ ਗੁਰਸਿਖ ਗੁਰਸਿਖ ਜਾਇਆ ।੭।

ਗੁਰੂ ਦੇ ਸਿਖ ਹੰਸਾਂ ਦੀ ਵੰਸ (ਵਾਂਙ ਅੰਦਰੋਂ ਬਾਹਰੋਂ ਨਿਰਮਲ ਹਨ), ਗੁਰ ਸਿੱਖ ਦੇ ਜਾਏ (ਹੋਣ ਕਰ ਕੇ ਸਾਰੇ ਹੰਸ ਹਨ)।

ਪਉੜੀ ੮

ਸਜਾ ਖਬਾ ਸਉਣੁ ਨ ਮੰਨਿ ਵਸਾਇਆ ।

ਭਲਾ ਬੁਰਾ ਸ਼ਗਨ ਗੁਰਮੁਖ ਲੋਕ ਮਨ ਵਿਖੇ ਨਹੀਂ ਰੱਖਦੇ।

ਨਾਰਿ ਪੁਰਖ ਨੋ ਵੇਖਿ ਨ ਪੈਰੁ ਹਟਾਇਆ ।

ਇਸਤ੍ਰੀ ਪੁਰਖਾਂ ਵੱਲ ਵੇਖਕੇ ਆਪਣਾ ਪੈਰਾਂ (ਪਿੱਛੇ) ਨਹੀਂ ਹਟਾਉਂਦੇ (ਭਾਵ ਸਗਨ ਕੁਸਗਨ ਨਹੀਂ ਜਾਣਦੇ)।

ਭਾਖ ਸੁਭਾਖ ਵੀਚਾਰਿ ਨ ਛਿਕ ਮਨਾਇਆ ।

ਬੋਲ ਕਬੋਲ (ਜਾਨਵਰ ਦੇ ਬੋਲਾਂ ਤੋਂ ਸਗਨ ਵਿਚਾਰੀਦੇ ਹਲ) ਅਤੇ ਨਿੱਛ ਦਾ ਵਿਚਾਰ ਨਹੀਂ ਕਰਦੇ।

ਦੇਵੀ ਦੇਵ ਨ ਸੇਵਿ ਨ ਪੂਜ ਕਰਾਇਆ ।

ਦੇਵੀ ਦੇਵਤਿਆਂ ਨੂੰ ਨਹੀਂ ਸੇਂਵਦੇ ਨਾ ਪੂਜਾ ਕਰਦੇ ਹਨ।

ਭੰਭਲਭੂਸੇ ਖਾਇ ਨ ਮਨੁ ਭਰਮਾਇਆ ।

(ਵਾਹਿਗੁਰੂ ਤੋਂ ਛੁੱਟ ਕਿਸੇ ਲਈ) ਨਾ ਮਨ ਭਰਮਾਉਂਦੇ ਹਨ ਨਾ ਭੰਭਲ ਭੂਸੇ ਖਾਂਦੇ ਹਨ।

ਗੁਰਸਿਖ ਸਚਾ ਖੇਤੁ ਬੀਜ ਫਲਾਇਆ ।੮।

(ਐਸੇ) ਗੁਰੂ ਦੇ ਸਿੱਖ ਸੱਚਾ ਖੇਤ ਹਨ (ਜਿਥੇ ਸ਼ਰਧਾ ਦਾ) ਬੀਜ ਪਾਇਆ ਫਲਦਾ ਹੈ।

ਪਉੜੀ ੯

ਕਿਰਤਿ ਵਿਰਤਿ ਮਨੁ ਧਰਮੁ ਸਚੁ ਦਿੜਾਇਆ ।

(ਇਸ ਵਿਖੇ ਸਿੱਖ) ਧਰਮ ਦੀ ਉਪਜੀਵਕਾ ਦੀ ਕਿਰਤ ਕਰਦੇ ਅਰ ਸੱਚ ਨੂੰ ਦ੍ਰਿੜ ਰਖਦੇ ਹਨ।

ਸਚੁ ਨਾਉ ਕਰਤਾਰੁ ਆਪੁ ਉਪਾਇਆ ।

(ਜਾਣਦੇ ਹਨ ਕਿ) ਸੱਚਾ ਨਾਮ ਕਰਤਾਰ ਦਾ ਹੈ, ਆਪ (ਈਸ਼ਵਰ ਨੇ) ਉਤਪਤ ਕੀਤਾ ਹੈ, (ਭਾਵ ਉਸ ਨੂੰ ਚੇਤੇ ਰਖਦੇ ਹਨ)।

ਸਤਿਗੁਰ ਪੁਰਖੁ ਦਇਆਲੁ ਦਇਆ ਕਰਿ ਆਇਆ ।

ਸਤਿਗੁਰੂ ਪੁਰਖ ਦਿਆਲ (ਆਪ) ਦਇਆ ਕਰ ਕੇ (ਉਥੇ) ਦਰਸ਼ਨ ਦਿੰਦੇ ਹਨ।

ਨਿਰੰਕਾਰ ਆਕਾਰੁ ਸਬਦੁ ਸੁਣਾਇਆ ।

ਨਿਰੰਕਾਰ ਤੇ ਅਕਾਰ ਦਾ ਸ਼ਬਦ ਸੁਣਾਉਂਦੇ ਹਨ (ਯਥਾ:-”ਨਿਰਗੁਨੁ ਆਪਿ ਸਰਗੁਨ ਭੀ ਓਹੀ॥ ਕਲਾਧਾਰਿ ਜਿਲ ਸਗਲੀ ਮੋਹੀ॥”)

ਸਾਧਸੰਗਤਿ ਸਚੁ ਖੰਡ ਥੇਹੁ ਵਸਾਇਆ ।

ਸਾਧ ਸੰਗਤ ਰੂਪੀ ਸਚਖੰਡ ਦਾ ('ਥੇਹ') ਨਗਰਿ (ਆਪ ਨਿਰੰਕਾਰ ਨੇ) ਵਸਾਇਆ ਹੈ।

ਸਚਾ ਤਖਤੁ ਬਣਾਇ ਸਲਾਮੁ ਕਰਾਇਆ ।੯।

(ਸਾਧ ਸੰਗਤ ਹੀ) ਸਚਾ ਤਖਤ ਹੈ (ਸਾਰਾ ਜਗਤ) ਸਲਾਮੀ ਕਰਦਾ ਹੈ, (ਭਾਵ ਸਾਰੇ ਨਮਸਕਾਰਾਂ ਕਰਦੇ ਹਨ)।

ਪਉੜੀ ੧੦

ਗੁਰਸਿਖਾ ਗੁਰਸਿਖ ਸੇਵਾ ਲਾਇਆ ।

ਗੁਰੂ ਦੇ ਸਿੱਖ ਨੇ ਸਿੱਖਾਂ ਨੂੰ ਗੁਰਾਂ ਦੀ ਸੇਵਾ ਵਿਖੇ ਲਾ ਛਡਿਆ ਹੈ।

ਸਾਧਸੰਗਤਿ ਕਰਿ ਸੇਵ ਸੁਖ ਫਲੁ ਪਾਇਆ ।

ਸਾਧ ਸੰਗਤ ਦੀ ਸੇਵਾ ਕਰ ਕੇ ਸੁਖ ਫਲ ਪਾ ਲਿਆ।

ਤਪੜੁ ਝਾੜਿ ਵਿਛਾਇ ਧੂੜੀ ਨਾਇਆ ।

(ਸੇਵਾ ਕੀ ਹੈ? ਸਾਧ ਸੰਗਤ ਦੇ ਬੈਠਣ ਦਾ) ਤੱਪੜ ਝਾੜ ਝੰਬਕੇ ਵਿਛਾਉਂਦੇ ਹਨ ਅਰ ਚਰਣ ਧੂੜੀ ਵਿਖੇ ਨਹਾਉਂਦੇ ਹਨ।

ਕੋਰੇ ਮਟ ਅਣਾਇ ਨੀਰੁ ਭਰਾਇਆ ।

ਕੋਰੇ ਮਟਕੇ ਮੰਗਵਾਕੇ (ਗੁਰੂ ਦੀ ਛਬੀਲ ਲਈ) ਜਲ ਨਾਲ ਭਰ ਛਡਦੇ ਹਨ (ਕਿ ਉਨ੍ਹਾਂ ਵਿਖੇ ਜਲ ਠੰਢਾ ਰਹੇ)

ਆਣਿ ਮਹਾ ਪਰਸਾਦੁ ਵੰਡਿ ਖੁਆਇਆ ।੧੦।

ਮਹਾਂ ਪਰਸ਼ਾਦ ਮੰਗਵਾਕੇ (ਸਾਧ ਸੰਗਤ ਵਿਖੇ) ਵੰਡਕੇ (ਆਪ ਖਾਂਦੇ ਤੇ ਹੋਰਨਾਂ ਨੂੰ) ਖੁਲਾਉਂਦੇ ਹਨ।

ਪਉੜੀ ੧੧

ਹੋਇ ਬਿਰਖੁ ਸੰਸਾਰੁ ਸਿਰ ਤਲਵਾਇਆ ।

(ਗੁਰੂ ਦਾ ਸਿੱਖ) ਮੂਧੇ ਸਿਰ ਹੋਕੇ (ਅਰਥਾਤ ਸਿਰ=ਮੁੰਢ ਹੇਠ ਤੇ ਟਾਹਣੀਆ ਰੂਪੀ ਪੈਰ ਉੱਤੇ ਕਰਕੇ) ਸੰਸਾਰ ਵਿਚ ਬਿਰਛ ਵਾਂਙੂੰ ਬਣੇ।

ਨਿਹਚਲੁ ਹੋਇ ਨਿਵਾਸੁ ਸੀਸੁ ਨਿਵਾਇਆ ।

(ਬ੍ਰਿਛ ਵਾਂਙ ਮਨ ਦਾ) ਨਿਵਾਸ ਨਿਹਚਲ ਹੋਵੇ ਤੇ ਸੀਸ (ਨਿੰਮ੍ਰਤਾ ਨਾਲ) ਨਿਵਿਆਂ ਰਹੇ।

ਹੋਇ ਸੁਫਲ ਫਲੁ ਸਫਲੁ ਵਟ ਸਹਾਇਆ ।

ਚੰਗੇ ਫਲਾਂ ਨਾਲ ਫਲੀਭੂਤ ਹੋਕੇ ਵੱਟ ਸਹਾਰੇ।

ਸਿਰਿ ਕਰਵਤੁ ਧਰਾਇ ਜਹਾਜੁ ਬਣਾਇਆ ।

(ਤ੍ਰਿਖਾਣ ਦਾ) ਆਰਾ (ਬ੍ਰਿੱਛ ਵਾਂਙ) ਸਿਰ ਪੁਰ ਰਖਾਕੇ (ਆਪਣੇ ਤੋਂ) ਜਹਾਜ਼ ਬਣਵਾਏ (ਸਾਧਨ ਸੰਪੰਨ ਹੋਕੇ ਉਪਕਾਰ ਕਰੇ)।

ਪਾਣੀ ਦੇ ਸਿਰਿ ਵਾਟ ਰਾਹੁ ਚਲਾਇਆ ।

ਪਾਣੀ ਦੇ ਸਿਰ ਤੇ ਰਸਤਾ ਬਣਾ ਕੇ ਪੈਂਡਾ ਬਣਾਏ (ਭਾਵ ਭੈਜਲ ਸੰਸਾਰ ਦੇ ਉਤੋਂ ਦੀ ਵਗੇ, ਵਿਚ ਨਾ ਡੁੱਬੇ)।

ਸਿਰਿ ਕਰਵਤੁ ਧਰਾਇ ਸੀਸ ਚੜਾਇਆ ।੧੧।

ਜਿਸ (ਤ੍ਰਿਖਾਣ ਪਾਸੋਂ) ਸਿਰ ਤੇ ਆਰਾ ਧਰਾਇਆ ਸੀ ਉਸ ਨੂੰ ਬੀ ਸੀਸ ਤੇ ਚੜ੍ਹਾਕੇ (ਜਹਾਜ਼ ਰੂਪ ਹੋਕੇ ਪਾਰ) ਕਰੇ।

ਪਉੜੀ ੧੨

ਲੋਹੇ ਤਛਿ ਤਛਾਇ ਲੋਹਿ ਜੜਾਇਆ ।

(ਕਾਠ ਨੂੰ) ਲੋਹੇ (ਅਰਥਾਤ ਤੇਸ਼ੇ ਆਦਿਕ ਹਥਿਆਰਾਂ) ਨਾਲ ਕੱਟ ਵੱਢਕੇ (ਫਿਰ) ਲੋਹੇ ਨਾਲ ਹੀ ਜੜ ਦਿੰਦੇ ਹਨ।

ਲੋਹਾ ਸੀਸੁ ਚੜਾਇ ਨੀਰਿ ਤਰਾਇਆ ।

(ਪਰ ਬ੍ਰਿਛ) ਲੋਹੇ ਨੂੰ ਸਿਰ ਪੁਰ ਚਾੜ੍ਹਕੇ ਪਾਣੀ ਵਿਚੋਂ ਤਾਰ ਦਿੰਦਾ ਹੈ, (ਵੈਰੀ ਦਾ ਭਲਾ ਕਰਦਾ ਹੈ)।

ਆਪਨੜਾ ਪੁਤੁ ਪਾਲਿ ਨ ਨੀਰਿ ਡੁਬਾਇਆ ।

ਆਪਣੇ ਪੁਤ੍ਰ (ਅਰਥਾਤ ਬ੍ਰਿਛ) ਨੂੰ ਪਾਲਕੇ ਜਲ ਨਹੀਂ ਡੋਬਦਾ। (ਪ੍ਰਸ਼ਨ-ਭਲਾ ਜੀ ਅਗਰ ਨੂੰ ਕਿਉਂ ਡੋਬਦਾ ਹੈ?)

ਅਗਰੈ ਡੋਬੈ ਜਾਣਿ ਡੋਬਿ ਤਰਾਇਆ ।

(ਉੱਤਰ) ਅਗਰ ਨੂੰ ਜਾਣਕੇ ਡੋਬਦਾ ਹੈ (ਮਾਨੋਂ) ਡੋਬ ਕੇ ਤਾਰਦਾ ਹੈ (ਭਾਵ ਕੀਮਤ ਵਧਾਉਂਦਾ ਹੈ)।

ਗੁਣ ਕੀਤੇ ਗੁਣ ਹੋਇ ਜਗੁ ਪਤੀਆਇਆ ।

(ਇਹ) ਗੁਣ ਕਰਨੇ ਪਰ ਗੁਣ ਹੁੰਦਾ ਹੈ (ਇਸ ਪਰ ਸਾਰਾ) ਜਗਤ ਪ੍ਰਤੀਤ ਰਖਦਾ ਹੈ। (ਭਾਵ ਭਲੇ ਨਾਲ ਤਾਂ ਸਭ ਕੋਈ ਭਲਾ ਕਰਦਾ ਹੈ ਪਰੰਤੂ ਜੋ)

ਅਵਗੁਣ ਸਹਿ ਗੁਣੁ ਕਰੈ ਘੋਲਿ ਘੁਮਾਇਆ ।੧੨।

ਅਵਗੁਣ ਸਹਾਰਕੇ ਉਪਕਾਰ ਕਰੇ (ਉਸ ਉਪਰੋਂ ਅਸੀਂ) ਬਲਿਹਾਰ ਜਾਂਦੇ ਹਾਂ।

ਪਉੜੀ ੧੩

ਮੰਨੈ ਸਤਿਗੁਰ ਹੁਕਮੁ ਹੁਕਮਿ ਮਨਾਇਆ ।

(ਜੋ) ਸਤਿਗੁਰ ਦਾ ਹੁਕਮ ਮੰਨਦਾ ਹੈ, (ਉਸ ਨੇ) ਆਪਣਾ ਹੁਕਮ ਮਨਾਇਆ ਹੈ (ਜਿਹਾ ਕੁ ਸ੍ਰੀ ਗੁਰੂ ਅੰਗਦ ਜੀ ਨੇ ਟਹਿਲੋਂ ਮਹਿਲ ਪਾ ਲੀਤਾ ਹੈ, ਤਿਹਾ ਹੀ ਸਰਬ ਸ਼ਿਰੋਮਣੀ ਗੁਰੂ ਹੁੰਦਾ ਹੈ)।

ਭਾਣਾ ਮੰਨੈ ਹੁਕਮਿ ਗੁਰ ਫੁਰਮਾਇਆ ।

(ਗੁਰੂ ਦਾ ਹੁਕਮ ਕੀ ਹੈ?) ਗੁਰੂ (ਇਹ ਹੁਕਮ) ਫੁਰਮਾਉਂਦੇ ਹਨ ਕਿ ਪਰਮੇਸ਼ਰ ਦਾ ਭਾਣਾ ਮੰਨਣਾ ਜੋਗ ਹੈ।

ਪਿਰਮ ਪਿਆਲਾ ਪੀਵਿ ਅਲਖੁ ਲਖਾਇਆ ।

(ਸੋ ਜਿਨ੍ਹਾਂ ਭਾਣਾ ਮੰਨਿਆਂ ਹੈ) ਓਹ ਪ੍ਰੇਮ ਦਾ ਪਿਆਲਾ ਪੀਕੇ ਅਲਖ (ਅਰਥਾਤ ਜੋ ਮਨ ਬਾਣੀ ਥੋਂ ਪਰੇ ਵਾਹਿਗੁਰੂ ਹੈ ਉਸ ਨੂੰ) ਲਖ ਲੈਂਦੇ ਹਨ।

ਗੁਰਮੁਖਿ ਅਲਖੁ ਲਖਾਇ ਨ ਅਲਖੁ ਲਖਾਇਆ ।

ਗੁਰਮੁਖ ਲੋਕ ਅਲਖ ਨੂੰ ਲਖਕੇ ਅਲਖ ਨੂੰ ਲਖਾਉਂਦੇ ਨਹੀਂ (ਕਿ ਅਸਾਂ ਪਾ ਲਿਆ ਹੈ:-”ਕਾਂਏ ਰੇ ਬਕਬਾਦੁ ਲਾਇਓ॥ ਜਿਨਿ ਹਰਿ ਪਾਇਓ ਤਿਨਹਿ ਛਪਾਇਓ॥” ਪੁਨਾ “ਕਹੁ ਕਬੀਰ ਗੂੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀਏ”)।

ਗੁਰਮੁਖਿ ਆਪੁ ਗਵਾਇ ਨ ਆਪੁ ਗਣਾਇਆ ।

ਗੁਰਮੁਖ ਆਪਾ ਭਾਵ ਗਵਾਕੇ ਆਪਣਾ ਆਪ ਪ੍ਰਗਟ ਨਹੀਂ ਕਰਦੇ (ਜਿਨ ਪਟ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ”)।

ਗੁਰਮੁਖਿ ਸੁਖ ਫਲੁ ਪਾਇ ਬੀਜ ਫਲਾਇਆ ।੧੩।

ਗੁਰਮੁਖਾਂ ਨੇ ਸੁਖੈਨ ਹੀ ਫਲ ਪਾਕੇ ਬੀਜ ਨੂੰ ਫਲੀਭੂਤ ਕੀਤਾ ਹੈ, (ਅਰਥਾਤ ਕਈ ਹਜ਼ਾਰ ਗੁਣਾ ਹੋਕੇ ਨਾਮ ਦਾ ਬੀਜ ਫੈਲਾ ਦਿਤਾ ਹੈ)।

ਪਉੜੀ ੧੪

ਸਤਿਗੁਰ ਦਰਸਨੁ ਦੇਖਿ ਧਿਆਨੁ ਧਰਾਇਆ ।

ਸਤਿਗੁਰਾਂ ਦਾ ਦਰਸ਼ਨ (ਨੇਤ੍ਰਾਂ ਨਾਲ) ਦੇਖ ਕੇ (ਮਨ ਵਿਖੇ ਚੇਲਾ) ਧ੍ਯਾਨ ਧਾਰਦਾ ਹੈ, (ਭਾਵ ਸਾਰੇ ਸਤਿਗੁਰੂ ਨੂੰ ਪੂਰਣ ਜਾਣਦਾ ਹੈ)।

ਸਤਿਗੁਰ ਸਬਦੁ ਵੀਚਾਰਿ ਗਿਆਨੁ ਕਮਾਇਆ ।

ਸਤਿਗੁਰਾਂ ਦੇ ਸ਼ਬਦ ਨੂੰ ਵੀਚਾਰ ਕੇ ਗਿਆਨ ਦਾ ਅਭ੍ਯਾਸ ਕਰਦਾ ਹੈ (ਭਾਵ ਨਿਧ੍ਯਾਸਨ ਕਰਦਾ ਹੈ)।

ਚਰਣ ਕਵਲ ਗੁਰ ਮੰਤੁ ਚਿਤਿ ਵਸਾਇਆ ।

ਸਤਿਗੁਰੂ ਦੇ ਚਰਣ ਕਮਲ ਅਰ ਮੰਤ੍ਰ ਨੂੰ ਚਿੱਤ ਵਿਖੇ ਵਸਾਯਾ ਹੈ (ਭਾਵ ਕਦੇ ਤਿਆਗ ਨਹੀਂ ਕਰਦਾ। ਫਲ ਕੀ ਹੈ)।

ਸਤਿਗੁਰ ਸੇਵ ਕਮਾਇ ਸੇਵ ਕਰਾਇਆ ।

ਸਤਿਗੁਰੂ ਜੀ ਦੀ ਸੇਵਾ ਕਮਾਕੇ ਆਪਣੀ ਸੇਵਾ ਕਰਾਉਂਦਾ ਹੈ (ਭਾਵ ਗੁਰੂ ਰੂਪ ਹੋ ਜਾਂਦਾ ਹੈ)। (ਸੇਵਾ ਦਾ ਰੂਪ ਕੀ ਹੈ?)

ਗੁਰ ਚੇਲਾ ਪਰਚਾਇ ਜਗ ਪਰਚਾਇਆ ।

ਗੁਰੂ ਨੂੰ ਚੇਲਾ ਪ੍ਰਸੰਨ ਕਰ ਕੇ ਜਗਤ ਨੂੰ ਪਰਚਾਉਂਦਾ ਹੈ (ਅਰਥਾਤ ਪ੍ਰਸੰਨ ਕਰਦਾ ਹੈ)। (ਹੋਰ ਕੀ ਹੁੰਦਾ ਹੈ?)

ਗੁਰਮੁਖਿ ਪੰਥੁ ਚਲਾਇ ਨਿਜ ਘਰਿ ਛਾਇਆ ।੧੪।

ਗੁਰਮੁਖ ਦਾ ਪੰਥ ਚਲਾਕੇ ਆਪ ਨਿਜ ਘਰ (ਕਹੀਏ ਸ੍ਵੈ ਸਰੂਪ) ਵਿਖੇ ਛਾਇ ਜਾਂਦਾ ਹੈ, (ਭਾਵ ਜੀਵਨ ਮੁਕਤ ਹੋ ਜਾਂਦਾ ਹੈ)।

ਪਉੜੀ ੧੫

ਜੋਗ ਜੁਗਤਿ ਗੁਰਸਿਖ ਗੁਰ ਸਮਝਾਇਆ ।

ਗੁਰੂ ਦੇ ਸਿੱਖਾਂ ਨੂੰ ਜੋਗ ਦੀ ਜੁਗਤੀ ਗੁਰੂ ਜੀ ਨੇ ਸਮਝਾਈ ਹੈ (ਉਹ ਇਹ ਹੈ:)

ਆਸਾ ਵਿਚਿ ਨਿਰਾਸਿ ਨਿਰਾਸੁ ਵਲਾਇਆ ।

ਆਸਾ ਦੇ ਵਿਚ ਹੀ ਨਿਰਾਸ ਰਹਿਕੇ ਨਿਰਾਸਤਾ ਵਿਚ ਹੀ ਸਮਾਂ ਬਿਤੀਤ ਕਰਦੇ ਹਨ।

ਥੋੜਾ ਪਾਣੀ ਅੰਨੁ ਖਾਇ ਪੀਆਇਆ ।

ਥੋੜਾ ਅੰਨ ਖਾਂਦੇ ਅਤੇ ਪਾਣੀ ਥੋੜਾ ਪੀਂਦੇ ਹਨ (ਕਿਉਂ ਜੋ ਬਾਹਲਾ ਪੇਟੂ ਬਣਨ ਨਾਲ ਭਜਨ ਘੱਟ ਹੁੰਦਾ ਹੈ, ਜਿਹਾਕੁ, 'ਅੰਨ ਪਾਣੀ ਥੋੜਾ ਖਾਇਆ')।

ਥੋੜਾ ਬੋਲਣ ਬੋਲਿ ਨ ਝਖਿ ਝਖਾਇਆ ।

ਥੋੜਾ ਬੋਲ ਬੋਲਦੇ ਹਨ, ਵਾਧੂ ਬਕਵਾਸ ਨਹੀਂ ਕਰਦੇ।

ਥੋੜੀ ਰਾਤੀ ਨੀਦ ਨ ਮੋਹਿ ਫਹਾਇਆ ।

ਰਾਤ ਨੂੰ ਨੀਂਦ ਬੀ ਥੋੜ੍ਹੀ ਕਰਦੇ ਹਨ ਤੇ ('ਮੋਹ' ਕਹੀਏ) ਅਗ੍ਯਾਨ ਵਿਖੇ ਫਸਦੇ ਨਹੀਂ ਹਨ (ਭਾਵ ਸਿੱਖ੍ਯਾ ਥੋਂ ਉਪਰਾਮ ਰਹਿੰਦੇ ਹਨ)।

ਸੁਹਣੇ ਅੰਦਰਿ ਜਾਇ ਨ ਲੋਭ ਲੁਭਾਇਆ ।੧੫।

ਸੁਪਨ (ਅਵਸਥਾ) ਵਿਖੇ ਜਾਕੇ ਬੀ ਲੋਭ ਵਿਖੇ ਲੁਭਾਇਮਾਨ ਨਹੀਂ ਹੁੰਦੇ; (ਉਨ੍ਹਾਂ ਦਾ ਸੁਪਨ ਵਿਖੇ ਹੀ ਸ਼ਬਦ ਜਾਂ ਸਤਿਸੰਗ ਵੱਲ ਹੀ ਚਿੱਤ ਲਗਾ ਰਹਿੰਦਾ ਹੈ ਅਥਵਾ 'ਸੋਹਣੇ' ਕਹੀਏ ਸੁੰਦਰ ਪਦਾਰਥ ਵਿਖੇ ਜਾਂ ਪਰ ਨਾਰੀਆਂ ਵਿਖੇ ਜਾਕੇ ਬੀ ਬਚੇ ਰਹਿੰਦੇ ਹਨ, ਮੋਹ ਵਿਖੇ ਨਹੀਂ ਫਸਦੇ)।

ਪਉੜੀ ੧੬

ਮੁੰਦ੍ਰਾ ਗੁਰ ਉਪਦੇਸੁ ਮੰਤ੍ਰੁ ਸੁਣਾਇਆ ।

(ਜੋਗੀ ਦੀਆ) ਮੁੰਦਰਾਂ (ਕਿਹੜੀਆਂ ਹਨ?) ਗੁਰੂ ਨੇ (ਜੋ ਆਪਣੇ) ਉਪਦੇਸ਼ ਦਾ ਮੰਤ੍ਰ ਸੁਣਾਇਆ ਹੈ (ਇਹੋ ਉਨ੍ਹਾਂ ਦੀਆਂ ਮੁੰਦਰਾਂ ਹਨ, ਭਾਵ ਗੁਰੂ ਦਾ ਸ਼ਬਦ ਕੀਰਤਨ ਵੱਡੇ ਪ੍ਰੇਮ ਨਾਲ ਸ਼੍ਰਵਣ ਕਰਦੇ ਹਨ)।

ਖਿੰਥਾ ਖਿਮਾ ਸਿਵਾਇ ਝੋਲੀ ਪਤਿ ਮਾਇਆ ।

ਖਿਮਾ ਦੀ ਖਿੰਥਾ (ਖਫਨੀ) ਸਿਵਾਕੇ (ਗਲ ਪਾਈ ਹੈ ਅਰ ਪਤ ਕਹੀਏ ਪਰਮਾਰਥ ਦੀ) ਇੱਜ਼ਤ ਜੋ ਮਾਇਆ ਵਿਖੇ ਬਣੀ ਰਹਿਣੀ ਹੈ ਏਹੋ ਝੋਲੀ ਹੈ।

ਪੈਰੀ ਪੈ ਪਾ ਖਾਕ ਬਿਭੂਤ ਬਣਾਇਆ ।

(ਸਭ ਦੇ) ਪੈਰਾਂ ਦੀ ਧੂੜ ਹੋਕੇ ਜੋ ਪੈਰੀਂ ਪੈਂਦੇ ਹਨ (ਏਹੋ ਉਨ੍ਹਾਂ ਗੁਰੂ ਦੇ ਸਿੱਖਾਂ ਦੀ) ਬਿਭੂਤ ਹੈ (ਹੋਰ ਸੁਆਹ ਪਿੰਡੇ ਪੁਰ ਨਹੀਂ ਮਲਦੇ)।

ਪਿਰਮ ਪਿਆਲਾ ਪਤ ਭੋਜਨੁ ਭਾਇਆ ।

ਪ੍ਰੇਮ ਦਾ ਪਿਆਲਾ ਰਖਦੇ ਹਨ (ਅਤੇ 'ਪਤ' ਕਹੀਏ) ਗਿਆਨ ਦਾ ਭੋਜਨ ਭਾਉਂਦਾ ਹੈ।

ਡੰਡਾ ਗਿਆਨ ਵਿਚਾਰੁ ਦੂਤ ਸਧਾਇਆ ।

ਗਿਆਨ ਦਾ ਵਿਚਾਰ (ਕਰਦੇ ਰਹਿੰਦੇ ਹਨ ਏਹੋ) ਡੰਡਾ (ਹੱਥ ਵਿਖੇ ਰਖਦੇ ਹਨ ਇਸੇ ਕਰਕੇ) 'ਦੂਤ' (ਕਾਮਾਦਿਕਾਂ ਨੂੰ) ਵੱਸ ਵਿਖੇ ਰਖਦੇ ਹਨ (ਕਿਉਂ ਜੋ ਦੋਖ ਦ੍ਰਿਸ਼ਟੀ ਦਾ ਵਿਚਾਰ ਰਖਦੇ ਹਨ)

ਸਹਜ ਗੁਫਾ ਸਤਿਸੰਗੁ ਸਮਾਧਿ ਸਮਾਇਆ ।੧੬।

ਸ਼ਾਂਤੀ ਦੀ ਗੁਫਾ ਬਣਾਈ ਹੈ (ਤੋਂ) ਸਤਿਸੰਗ ਦੀ ਸਮਾਧੀ ਵਿਖੇ ਸਮਾਉਂਦੇ ਹਨ।

ਪਉੜੀ ੧੭

ਸਿੰਙੀ ਸੁਰਤਿ ਵਿਸੇਖੁ ਸਬਦੁ ਵਜਾਇਆ ।

(ਜੋਗੀ ਸਿੰਙੀ ਵਜਾਉਂਦੇ ਹਨ ਗੁਰਮੁਖਾਂ ਦੀ 'ਸੁਰਤ'ਕਹੀਏ) ਭਗਵੰਤ ਗਿਆਤ ਦੀ ਸਿੰਙੀ ਹੈ, ਸ਼ਬਦ (ਦਾ ਜੋ ਉਚਾਰ ਕਰਦੇ ਹਨ ਏਹੋ ਉਸਦਾ) ਵਿਸ਼ੇਖ ਵਾਜਾ (ਭਾਵ ਸ਼ਬਦ) ਹੈ।

ਗੁਰਮੁਖਿ ਆਈ ਪੰਥੁ ਨਿਜ ਘਰੁ ਫਾਇਆ ।

(ਪੁਨਾ) ਗੁਰਮੁਖਾਂ (ਦਾ ਮੇਲ ਹੀ ਉਨ੍ਹਾਂ ਦਾ) ਆਈ ਪੰਥ ਹੈ (ਭਾਵ ਮਾਇਆ ਵਿਚ ਸਰੂਪ ਨੂੰ ਪਰਾਪਤ ਹੁੰਦੇ ਹਨ, 'ਨਿਜ ਘਰ') ਹਿਰਦੇ ਵਿਚੋਂ ਹੀ (ਈਸ਼੍ਵਰ ਨੂੰ) ਲੱਭਦੇ ਹਨ (ਭਾਵ ਜੋਗੀਆਂ ਵਾਂਗੂੰ ਬਾਹਰ ਨਹੀਂ ਭਟਕਦੇ “ਬਾਹਰਿ ਢੂਢਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ ਦਿਖਾਇਆ ਥਾ”)।

ਆਦਿ ਪੁਰਖੁ ਆਦੇਸੁ ਅਲਖੁ ਲਖਾਇਆ ।

ਆਦਿ ਪੁਰਖ ਨੂੰ ਹੀ ਨਿਮਸਕਾਰ ਕਰਦੇ ਹਨ (ਇਸਦਾ ਫਲ) ਅਲਖ (ਵਸਤੂ) ਨੂੰ ਲਖ ਲੈਂਦੇ ਹਨ।

ਗੁਰ ਚੇਲੇ ਰਹਰਾਸਿ ਮਨੁ ਪਰਚਾਇਆ ।

ਗੁਰੂ ਨੇ ਚੇਲੇ ਦਾ ਮਨ ਸੱਚੇ ਰਸਤੇ ਪਰ ਪਰਚਾ ਦਿੱਤਾ ਹੈ।

ਵੀਹ ਇਕੀਹ ਚੜ੍ਹਾਇ ਸਬਦੁ ਮਿਲਾਇਆ ।੧੭।

(ਇਸ ਕਰਕੇ) ਵੀਹ ਇਕੀਹ (ਤੁਰੀਆ ਦੀ ਰੰਗਣ) ਚੜ੍ਹ ਗਈ ਹੈ (ਉਹ ਕੀ ਹੈ) ਸ਼ਬਦ ਦਾ ਮਿਲਾਪ ਹੋ ਗਿਆ ਹੈ।

ਪਉੜੀ ੧੮

ਗੁਰ ਸਿਖ ਸੁਣਿ ਗੁਰਸਿਖ ਸਿਖੁ ਸਦਾਇਆ ।

ਗੁਰੂ ਦੀ 'ਸਿਖ੍ਯਾ' (ਉਪਦੇਸ਼) ਨੂੰ ਸੁਣਕੇ ਗੁਰੂ ਦੇ ਸਿਖਾਂ ਨੇ (ਆਪ ਨੂੰ) ਸਿਖ ਸਦਾਇਆ (ਭਾਵ ਨਿੰਮ੍ਰੀ ਭੂਤ ਹੋਏ)।

ਗੁਰ ਸਿਖੀ ਗੁਰਸਿਖ ਸਿਖ ਸੁਣਾਇਆ ।

(ਫੇਰ) ਗੁਰ ਸਿਖੀ ਨੂੰ ਗੁਰੂ ਪਾਸੋਂ ਸਿਖਕੇ ਹੋਰ ਸਿਖਾਂ ਨੂੰ ਅਗੇ ਸੁਣਾਇਆ (ਭਾਵ ਦੀਵਾ ਜਗਾਕੇ ਪੜੋਪੇ ਹੇਠ ਨਹੀਂ ਲੁਕਾਇਆ, ਲੋਕਾਂ ਨੂੰ ਚਾਨਣ ਕੀਤਾ)।

ਗੁਰ ਸਿਖ ਸੁਣਿ ਕਰਿ ਭਾਉ ਮੰਨਿ ਵਸਾਇਆ ।

ਗੁਰ ਸਿੱਖਾਂ ਨੇ ਪ੍ਰੇਮ ਕਰ ਕੇ ਸੁਣਿਆ ਅਤੇ ਮਨ ਵਿਖੇ ਨਿਧ੍ਯਾਸਨ ਕਰ ਲੀਤਾ (ਉਹ ਕੀ ਹੈ?)

ਗੁਰਸਿਖਾ ਗੁਰ ਸਿਖ ਗੁਰਸਿਖ ਭਾਇਆ ।

ਗੁਰੂ ਦੇ ਸਿੱਖਾਂ ਨੂੰ ਗੁਰ ਸਿਖਾਂ ਦਾ (ਤੇ ਪਰਮੇਸ਼ਰ ਦਾ) ਭਾਣਾ ਚੰਗਾ ਲੱਗਾ ਹੈ।

ਗੁਰ ਸਿਖ ਗੁਰਸਿਖ ਸੰਗੁ ਮੇਲਿ ਮਿਲਾਇਆ ।

(ਉਹਨਾਂ) ਗੁਰ ਸਿਖਾਂ ਨੇ ਗੁਰੂ ਦੇ ਸਿਖਾਂ ਨਾਲ ਮੇਲ ਮਿਲਾਇਆ (ਭਾਵ ਸਾਕ ਸਨਬੰਧ ਉਹਨਾਂ ਵਿਖੇ ਹੀ ਕਰਦੇ ਹਨ, ਹੋਰ ਗ਼ੈਰ ਕੌਮਾਂ ਸਰਵਰੀਆਂ ਆਦਿਕਾਂ ਵਿਖੇ ਨਹੀਂ ਧੱਕੇ ਖਾਂਦੇ)। (ਫਲ ਕੀ ਹੈ?)

ਚਉਪੜਿ ਸੋਲਹ ਸਾਰ ਜੁਗ ਜਿਣਿ ਆਇਆ ।੧੮।

ਸੋਲਾਂ ਨਰਦਾਂ ਵਾਲੀ ਚਉਪੜ (ਦੀ ਬਾਜੀ) ਨੂੰ ਜੁਗ ਕਹੀਏ) ਜੋਟਾ (ਗੁਰ ਸਿਖ, ਵਕਤਾ ਅਤੇ ਸ਼੍ਰੋਤਾ ਹੀ) ਜਿੱਤਕੇ (ਘਰ) ਆਉਂਦਾ ਹੈ।

ਪਉੜੀ ੧੯

ਸਤਰੰਜ ਬਾਜੀ ਖੇਲੁ ਬਿਸਾਤਿ ਬਣਾਇਆ ।

ਸ਼ਤਰੰਜ ਦੀ ਬਾਜ਼ੀ ਦੀ ਖੇਡ ਦਾ ('ਬਿਸਾਤ') ਚੌਕ ਅਥਵਾ ਕਪੜਾ (ਸਮੱਗ੍ਰੀ ਈਸ਼੍ਵਰ ਨੇ ਰਚੀ ਹੈ।

ਹਾਥੀ ਘੋੜੇ ਰਥ ਪਿਆਦੇ ਆਇਆ ।

(ਉਸ ਵਿਖੇ) 'ਹਾਥੀ' (ਗਿਆਨੀ), 'ਘੋੜੇ' (ਕਰਮ ਕਾਂਡੀ), 'ਰਥ' (ਉਪਾਸ਼ਨਾ ਵਾਲੇ), ਜਗ੍ਯਾਸੂ ਆਏ ਹਨ।

ਹੁਇ ਪਤਿਸਾਹੁ ਵਜੀਰ ਦੁਇ ਦਲ ਛਾਇਆ ।

ਪਾਤਸ਼ਾਹ (ਵਾਹਿਗੁਰੂ ਹੈ) ਵਜ਼ੀਰ (ਸਤਿਗੁਰੂ ਹਨ) ਦੋ ਫੌਜਾਂ (ਗੁਰਮੁਖਾਂ ਦੀਆਂ) ਸਜ ਰਹੀਆਂ ਹਨ (ਭਾਵ ਕੋਈ ਪਰਵਿਰਤ ਤੇ ਕੋਈ ਨਿਰਵਿਰਤ ਦਾ ਕੰਮ ਕਰਦਾ ਹੈ)।

ਹੋਇ ਗਡਾਵਡਿ ਜੋਧ ਜੁਧੁ ਮਚਾਇਆ ।

ਆਪੋ ਵਿਚ ਜੋਧੇ ਖਹਿਕੇ ਘਮਸਾਨ ਕਰਦੇ ਹਨ (ਗਲ ਕੀ ਇਕ ਦੂਜੇ ਥੋਂ ਅੱਗੇ ਵਧਣ ਦਾ ਉਪਾਵ ਕਰਦੇ ਹਨ)।

ਗੁਰਮੁਖਿ ਚਾਲ ਚਲਾਇ ਹਾਲ ਪੁਜਾਇਆ ।

ਪਰੰਤੂ (ਸਭਨਾਂ ਸੂਰਮਿਆਂ ਵਿਚੋਂ) ਗੁਰਮੁਖਾਂ ਨੂੰ ਆਪਣੀ ('ਚਾਲ') ਸਿੱਕਾ ਤੋਰਕੇ 'ਹਾਲ' (ਵਰਤਮਾਨ ਦੀ ਮਨੁਖ ਦੇਹ) ਨੂੰ ਸਫਲ ਕਰ ਲੀਤਾ ਹੈ, (ਪਰਕਾਰ ਅੱਗੇ ਦੱਸਦੇ ਹਨ):-

ਪਾਇਕ ਹੋਇ ਵਜੀਰੁ ਗੁਰਿ ਪਹੁਚਾਇਆ ।੧੯।

ਵਜ਼ੀਰ (ਗੁਰੂ) ਦੇ ਜੇਹੜੇ (ਪਾਇਕ ਕਹੀਏ (ਪਿਆਦੇ ਅਥਵਾ) ਦਾਸ ਹੋਏ ਹਨ (ਉਹਨਾਂ ਨੂੰ) ਗੁਰੂ ਨੇ ਅਕਾਲ ਪੁਰਖ ਨਾਲ ਮੇਲ ਕਰਾ ਦਿਤਾ ਹੈ, (ਕਿਉਂ ਜੋ ਵਜ਼ੀਰ ਬਾਝ ਪਾਤਸ਼ਾਹ ਦਾ ਮੇਲ ਕਠਨ ਹੈ, ਇਸ ਲਈ ਪੰਚਮ ਗੁਰੂ ਗੁਰ ਅਰਜਨ ਦੇਵ ਜੀ ਦੀ ਸ਼ਰਨ ਬਾਝ ਈਸ਼੍ਵਰ ਦੀ ਪ੍ਰਾਪਤੀ ਔਖੀ ਹੈ)।

ਪਉੜੀ ੨੦

ਭੈ ਵਿਚਿ ਨਿਮਣਿ ਨਿਮਿ ਭੈ ਵਿਚਿ ਜਾਇਆ ।

(ਈਸ਼੍ਵਰ ਦੇ) ਡਰ ਵਿਖੇ ਜੀਵ (ਗਰਭ ਵਿਖੇ 'ਨਿੰਮਦਾ'=) ਟਿਕਦਾ ਹੈ, ਅਰ ਭੈ ਵਿਚ ਹੀ ਜੰਮਦਾ ਹੈ।

ਭੈ ਵਿਚਿ ਗੁਰਮੁਖਿ ਪੰਥਿ ਸਰਣੀ ਆਇਆ ।

(ਫੇਰ) ਭੈ ਵਿਚ ਹੀ ਗੁਰਮੁਖਾਂ ਦੇ ਪੰਥ ਵਿਚ ਆਕੇ ਵਾਹਿਗੁਰੁ ਦੀ ਸ਼ਰਣ ਪੈਂਦਾ ਹੇ।

ਭੈ ਵਿਚਿ ਸੰਗਤਿ ਸਾਧ ਸਬਦੁ ਕਮਾਇਆ ।

ਭੈ ਵਿਚ ਹੀ ਜੀਵ ਸਾਧ ਸੰਗਤ ਵਿਚ ਸ਼ਬਦ ਦਾ ਅਭ੍ਯਾਸ ਕਰਦਾ ਹੈ।

ਭੈ ਵਿਚਿ ਜੀਵਨੁ ਮੁਕਤਿ ਭਾਣਾ ਭਾਇਆ ।

ਭੈ ਵਿਚ ਹੀ ਜੀਵਨ ਮੁਕਤ ਹੁੰਦਾ ਹੈ, (ਅਰ ਅਕਾਲ ਪੁਰਖ ਦਾ) ਭਾਣਾ ਮਿੱਠਾ ਲਗਦਾ ਹੈ।

ਭੈ ਵਿਚਿ ਜਨਮੁ ਸਵਾਰਿ ਸਹਜਿ ਸਮਾਇਆ ।

ਭੈ ਵਿਚ ਹੀ ਜਨਮ ਸਵਾਰਕੇ ਸ਼ਾਂਤਿ ਪਦ (ਅਥਵਾ ਸਰੂਪ) ਵਿਖੇ ਸਮਾਉਂਦਾ ਹੈ।

ਭੈ ਵਿਚਿ ਨਿਜ ਘਰਿ ਜਾਇ ਪੂਰਾ ਪਾਇਆ ।੨੦।

ਭੈ ਵਿਚ ਹੀ ਨਿਜ ਘਰ ਵਿਖੇ ਜਾਕੇ ਪੂਰਣ (ਅਕਾਲ ਪੁਰਖ ਦਾ ਦਰਸ਼ਨ) ਪਾਉਂਦਾ ਹੈ।

ਪਉੜੀ ੨੧

ਗੁਰ ਪਰਮੇਸਰੁ ਜਾਣਿ ਸਰਣੀ ਆਇਆ ।

ਪਰਮੇਸ਼ੁਰ (ਦਾ ਸਰੂਪ) ਜਾਣਕੇ (ਜੋ ਕੋਈ) ਗੁਰੂ (ਅਰਜਨ ਦੇਵ) ਜੀ ਦੀ ਸ਼ਰਣ ਆਇਆ ਹੈ,

ਗੁਰ ਚਰਣੀ ਚਿਤੁ ਲਾਇ ਨ ਚਲੈ ਚਲਾਇਆ ।

ਓਹ ਗੁਰੂ ਦੇ ਚਰਨਾਂ ਵਿਖੇ ਮਨ ਨੂੰ ਟਿਕਾਕੇ ਕਿਸੇ ਦਾ ਚਲਾਇਆ (ਪਰੇਰਿਆ) ਹੋਇਆ ਚਲਾਇਮਾਨ ਨਹੀਂ ਹੁੰਦਾ।

ਗੁਰਮਤਿ ਨਿਹਚਲੁ ਹੋਇ ਨਿਜ ਪਦ ਪਾਇਆ ।

ਗੁਰੂ ਜੀ ਦੀ ਸਿਖ੍ਯਾ ਵਿਖੇ ਅਚਲ ਹੋਕੇ ਸ੍ਵੈਸਰੂਪ ਦੀ ਪ੍ਰਾਪਤੀ ਕਰਦਾ ਹੈ।

ਗੁਰਮੁਖਿ ਕਾਰ ਕਮਾਇ ਭਾਣਾ ਭਾਇਆ ।

ਗੁਰਮੁਖਾਂ ਵਾਲੀ ਕਾਰ ਕਮਾਕੇ (ਈਸ਼੍ਵਰ ਦਾ) ਭਾਣਾ ਹੀ ਚੰਗਾ ਜਾਣਦਾ ਹੈ।

ਗੁਰਮੁਖਿ ਆਪੁ ਗਵਾਇ ਸਚਿ ਸਮਾਇਆ ।

ਗੁਰੂਦ੍ਵਾਰੇ ਹੋਕੇ ਅਹੰਕਾਰ ਨੂੰ ਦੂਰ ਕਰ ਕੇ ਸੱਚ ਨਾਲ ਪ੍ਰੇਮ ਕਰਦਾ ਹੈ।

ਸਫਲੁ ਜਨਮੁ ਜਗਿ ਆਇ ਜਗਤੁ ਤਰਾਇਆ ।੨੧।੨੦। ਵੀਹ ।

(ਉਸ ਦਾ) ਆਉਣਾ ਜਗਤ ਵਿਚ ਸਫਲ ਹੈ, (ਕਿਉਂਕਿ ਆਪਿ ਤਰਿਆ ਹੈ ਤੇ ਉਸ ਨੇ) ਜਗਤ ਨੂੰ ਤਾਰਿਆ ਹੈ।


Flag Counter