ਵਾਰਾਂ ਭਾਈ ਗੁਰਦਾਸ ਜੀ

ਅੰਗ - 28


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

ਵਾਲਹੁ ਨਿਕੀ ਆਖੀਐ ਖੰਡੇ ਧਾਰਹੁ ਸੁਣੀਐ ਤਿਖੀ ।

ਵਾਲ ਥੋਂ ਸੂਖਮ ਕਹੀਦੀ ਹੈ ਅਰ ਤਲਵਾਰ ਦੀ ਧਾਰਾ ਥੋਂ ਤਿੱਖੀ ਸੁਣੀਂਦੀ ਹੈ।

ਆਖਣਿ ਆਖਿ ਨ ਸਕੀਐ ਲੇਖ ਅਲੇਖ ਨ ਜਾਈ ਲਿਖੀ ।

ਅਖਾਣਾਂ ਨਾਲ ਆਖ ਨਹੀਂ ਸਕੀਦੀ, ਲੇਖੇ ਤੋਂ ਅਲੇਖ ਹੈ, ਲਿਖੀ ਬੀ ਨਹੀਂ ਜਾ ਸਕਦੀ।

ਗੁਰਮੁਖਿ ਪੰਥੁ ਵਖਾਣੀਐ ਅਪੜਿ ਨ ਸਕੈ ਇਕਤੁ ਵਿਖੀ ।

ਗੁਰਮੁਖ ਪੰਥ ਦਾ ਵ੍ਯਾਖ੍ਯਾਨ ਕਰਦੇ ਹਨ ਕਿ ਇਕ ਕਦਮ ਨਾਲ (ਭਾਵ ਛੇਤੀ) ਨਹੀਂ ਪਹੁੰਚ ਸਕੀਦਾ (ਅਥਵਾ ਸਾਰੇ ਕਦਮ ਭਰਣੇ ਤਾਂ ਕਿਧਰੇ ਰਹੇ ਇਕ ਕਦਮ ਭਰਣਾ ਬੀ ਔਖਾ ਹੈ)।

ਸਿਲ ਆਲੂਣੀ ਚਟਣੀ ਤੁਲਿ ਨ ਲਖ ਅਮਿਅ ਰਸ ਇਖੀ ।

ਅਲੂਣੀ ਸਿਲਾ ਚੱਟਣੀ ਹੈ (ਇਹ ਤਾਂ), (ਪਰੰਤੂ ਸਿਖੀ ਦੇ ਸਦਰਸ਼) ਗੰਨੇ ਦਾ ਰਸ (ਕੀਹ) ਲੱਖ ਅੰਮ੍ਰਿਤ (ਲੋਕ ਪ੍ਰਸਿੱਧ ਜੋ ਅੰਮ੍ਰਿਤ ਹੈ) ਬੀ ਨਹੀਂ ਹੈ (ਅਥਵਾ ਗੁਰ ਸਿਖੀ ਦੇ ਅੰਮ੍ਰਿਤ ਨੂੰ ਲੱਖ ਗੰਨ ਦਾ ਰਸ ਨਹੀਂ ਪੁੱਜ ਸਕਦਾ)।

ਗੁਰਮੁਖਿ ਸੁਖ ਫਲੁ ਪਾਇਆ ਭਾਇ ਭਗਤਿ ਵਿਰਲੀ ਜੁ ਬਿਰਖੀ ।

ਗੁਰਮੁਖਾਂ ਨੇ ਸੁਖ ਫਲ ਨੂੰ ਪ੍ਰਾਪਤ ਕੀਤਾ ਹੈ (ਕਿਉਂ ਜੋ) 'ਭਾਇ ਭਗਤ' ਦਾ (ਫਲ) ਵਿਰਲੇ ਹੀ ਬ੍ਰਿਛਾਂ ਨਾਲ ਲਗਦਾ ਹੈ (ਭਾਵ ਵਿਰਲੇ ਸਰੀਰਾਂ ਵਿਖੇ ਏਹ ਫਲ ਹੁੰਦੇ ਹਨ)।

ਸਤਿਗੁਰ ਤੁਠੈ ਪਾਈਐ ਸਾਧਸੰਗਤਿ ਗੁਰਮਤਿ ਗੁਰਸਿਖੀ ।

ਸਤਿਗੁਰ ਦੇ ਤੁਠਿਆਂ ਹੀ ਸਾਧ ਸੰਗਤ ਵਿਖੇ ਗੁਰਮਤਿ ਰੂਪ ਗੁਰਸਿਖੀ ਦਾ ਫਲ ਲਭਦਾ ਹੈ (ਕੀ ਓਹ ਹੋਰਨਾਂ ਨੂੰ ਭੀ ਦਿੰਦੇ ਹਨ?)।

ਚਾਰਿ ਪਦਾਰਥ ਭਿਖਕ ਭਿਖੀ ।੧।

ਚਾਰੇ ਪਦਾਰਥਾਂ ਦੇ ਫਲ ਦੀ ਭਿਖਿਆ ਭਿੱਖਕਾਂ (ਜਗ੍ਯਾਸੂਆਂ) ਨੂੰ ਦਿੰਦੇ ਹਨ।

ਪਉੜੀ ੨

ਚਾਰਿ ਪਦਾਰਥ ਆਖੀਅਨਿ ਸਤਿਗੁਰ ਦੇਇ ਨ ਗੁਰਸਿਖੁ ਮੰਗੈ ।

ਕਹੇ ਜਾਂਦੇ ਚਾਰ ਪਦਾਰਥ (ਧਰਮ ਦਿਕਾਂ) ਨੂੰ ਸਤਿਗੁਰੂ (ਗੁਰ ਨਾਨਕ) ਜੀ ਤਾਂ ਦਿੰਦੇ ਹਨ, (ਪਰੰਤੂ) ਗੁਰ ਸਿਖ ਮੰਗਦੇ ਨਹੀਂ।

ਅਠ ਸਿਧਿ ਨਿਧੀ ਨਵੈ ਰਿਧਿ ਨ ਗੁਰੁ ਸਿਖੁ ਢਾਕੈ ਟੰਗੈ ।

ਅੱਠ ਸਿਧੀਆਂ, ਨੌ ਨਿੱਧਾਂ, ਅਠਾਰਾਂ ਰਿਧੀਆਂ ਨੂੰ ਗੁਰ ਸਿਖ ਲੋੜ ਵੇਲੇ ਬੀ ਨਹੀਂ ਮੰਗਦੇ (ਅਥਵਾ 'ਢਾਕੈ ਟੰਗੈ' ਪਿਛੇ ਨਹੀਂ ਟੰਗਦੇ ਭਾਵ ਪੱਲੇ ਨਹੀਂ ਬੰਨਦੇ)।

ਕਾਮਧੇਣੁ ਲਖ ਲਖਮੀ ਪਹੁੰਚ ਨ ਹੰਘੈ ਢੰਗਿ ਸੁਢੰਗੈ ।

ਲੱਖਾਂ ਕਾਮਧੇਨਾਂ, ਲੱਖਮੀਆਂ ਕਈ ਸ੍ਰੇਸ਼ਟ ਢੰਗਾਂ ਨਾਲ ਨਹੀਂ ਪਹੁੰਚ ਸਕਦੀਆਂ (ਮੋਹਤ ਨਹੀਂ ਕਰਦੀਆਂ)।

ਲਖ ਪਾਰਸ ਲਖ ਪਾਰਿਜਾਤ ਹਥਿ ਨ ਛੁਹਦਾ ਫਲ ਨ ਅਭੰਗੈ ।

ਲੱਖਾਂ ਪਾਰਸ, ਲੱਖਾਂ ਕਲਪ ਬ੍ਰਿੱਛਾਂ ਦੇ 'ਅਭੰਗ' (ਸੁੰਦਰ) ਫੁੱਲਾਂ ਨੂੰ ਹੱਥ ਨਹੀਂ ਲਾਉਂਦਾ (ਅਥਵਾ ਜਾਣਦਾ ਹੈ ਕਿ ਇਨ੍ਹਾਂ ਦਾ ਫਲ ਅਭੰਗ ਨਹੀਂ ਹੈ ਭਾਵ ਕੁਮਲਾ ਜਾਂਦਾ ਹੈ)।

ਤੰਤ ਮੰਤ ਪਾਖੰਡ ਲਖ ਬਾਜੀਗਰ ਬਾਜਾਰੀ ਨੰਗੈ ।

ਤੰਤ ਮੰਤ, (ਆਦਕ) ਲੱਖਾਂ ਪਾਖੰਡ (ਜੋ ਕਰਦੇ ਹਨ ਓਹ) ਬਾਜੀਗਰ, ਬਜਾਰੀ ਠੱਗ (ਬੇਸ਼ਰਮ) ਹਨ।

ਪੀਰ ਮੁਰੀਦੀ ਗਾਖੜੀ ਇਕਸ ਅੰਗਿ ਨ ਅੰਗਣਿ ਅੰਗੈ ।

ਪੀਰਾਂ ਦੀ ਮੁਰੀਦੀ (ਸ਼ਾਗਿਰਦੀ ਗਾਖੜੀ) ਔਖੀ ਹੈ, ਇਸ ਅੰਗਣ ਦੇ ਅੰਗ ਇਕ ਪਾਸੇ ਨਹੀਂ ਹਨ (ਭਾਵ ਪੈਚ ਵਿਖੇ ਪੇਚ ਹਨ, ਮਾਨੋਂ ਚਿਕਾਵ੍ਯੂਹ ਦਾ ਕਿਲ੍ਹਾ ਹੈ)।

ਗੁਰਸਿਖੁ ਦੂਜੇ ਭਾਵਹੁ ਸੰਗੈ ।੨।

ਗੁਰੂ ਦਾ ਸਿਖ ਦੂਜੇ ਭਾਵ ਤੋਂ ਸੰਗਦਾ ਹੈ (ਭਾਵ ਅਨਿੰਨ ਸਿਖ ਹੁੰਦਾ ਹੈ)

ਪਉੜੀ ੩

ਗੁਰਸਿਖੀ ਦਾ ਸਿਖਣਾ ਨਾਦੁ ਨ ਵੇਦ ਨ ਆਖਿ ਵਖਾਣੈ ।

ਗੁਰ ਸਿੱਖੀ ਦੀ ਸਿੱਖ੍ਯਾ ਨੂੰ ਨਾਦ (ਰਾਗ) ਗਾਉਂ ਨਹੀਂ ਸਕਦੇ, ਵੇਦ ਆਖਕੇ ਵਖਾਣ ਨਹੀਂ ਕਰ ਸਕਦੇ (ਭਾਵ ਬਾਣੀਓਂ ਦੂਰ ਹੈ)।

ਗੁਰਸਿਖੀ ਦਾ ਲਿਖਣਾ ਲਖ ਨ ਚਿਤ੍ਰ ਗੁਪਤਿ ਲਿਖਿ ਜਾਣੈ ।

ਗੁਰ ਸਿਖੀ ਦੀ ਲਿਖਤ ਨੂੰ ਲੱਖਾਂ ਚਿੱਤ੍ਰ ਗੁਪਤ ਲਿਖ ਨਹੀਂ ਜਾਣਦੇ।

ਗੁਰਸਿਖੀ ਦਾ ਸਿਮਰਣੋਂ ਸੇਖ ਅਸੰਖ ਨ ਰੇਖ ਸਿਾਣੈ ।

ਗੁਰ ਸਿਖੀ ਦੇ (ਮਨ ਕਰਕੇ) ਸਿਮਰਨ ਕਰਨ ਦੀ ਹੱਦ ਨੂੰ ਅਸੰਖ ਸ਼ੇਸ਼ਨਾਗ ਨਹੀਂ ਸਿਾਣ ਸਕਦੇ, (ਭਾਵ ਬਾਣੀ, ਸਰੀਰ ਅਰ ਮਨ ਤਿੰਨਾਂ ਦੀ ਪਹੁੰਚ ਨਹੀਂ ਹੈ)।

ਗੁਰਸਿਖੀ ਦਾ ਵਰਤਮਾਨੁ ਵੀਹ ਇਕੀਹ ਉਲੰਘਿ ਪਛਾਣੈ ।

ਗੁਰ ਸਿਖੀ ਦੀ ਵਰਤਮਾਨ (ਅਰਥਾਤ ਵਰਤਾਵੇ) ਨੂੰ ਵੀਹ ਤੇ ਇਕੀਹਾਂ ਥੋਂ ਲੰਘਕੇ ਪਛਾਣ ਸਕੀਦਾ ਹੈ (ਭਾਵ ਕੋਈ ਤੁਰੀਆ ਪਦ ਵਾਲਾ ਜਾਣਦਾ ਹੈ)।

ਗੁਰਸਿਖੀ ਦਾ ਬੁਝਣਾ ਗਿਆਨ ਧਿਆਨ ਅੰਦਰਿ ਕਿਵ ਆਣੈ ।

ਗੁਰ ਸਿਖੀ ਦੀ ਸਮਝ ਗਿਆਨ ਧਿਆਨ ਵਿਖੇ ਕਿੱਕੁਰ ਆ ਸਕਦੀ ਹੈ? (ਭਾਵ ਨਹੀਂ ਆ ਸਕਦੀ, ਕੌਣ ਜਾਚ ਸਕਦਾ ਹੈ?)।

ਗੁਰ ਪਰਸਾਦੀ ਸਾਧਸੰਗਿ ਸਬਦ ਸੁਰਤਿ ਹੋਇ ਮਾਣੁ ਨਿਮਾਣੈ ।

ਗੁਰੂ ਦੀ ਕ੍ਰਿਪਾ ਕਰ ਕੇ ਸਾਧ ਸੰਗਤ ਵਿਖੇ ਸ਼ਬਦ ਦੀ ਪ੍ਰੀਤ ਨਾਲ ਜੋ ਮਾਣ ਥੋਂ ਨਿਮਾਣਾ ਹੁੰਦਾ ਹੈ (ਜਾਣਦਾ ਹੈ)।

ਭਾਇ ਭਗਤਿ ਵਿਰਲਾ ਰੰਗੁ ਮਾਣੈ ।੩।

ਪ੍ਰੇਮਾ ਭਗਤੀ ਨਾਲ ਵਿਰਲਾ ਹੀ (ਇਸ) ਅਨੰਦ ਨੂੰ ਮਾਣਦਾ ਹੈ (“ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ”॥)

ਪਉੜੀ ੪

ਗੁਰਸਿਖੀ ਦਾ ਸਿਖਣਾ ਗੁਰਮੁਖਿ ਸਾਧਸੰਗਤਿ ਦੀ ਸੇਵਾ ।

ਗੁਰ ਸਿਖੀ ਦੀ ਸਿਖ੍ਯਾ ਸਾਧ ਸੰਗਤ ਵਿਚ ਗੁਰਮੁਖਾਂ ਦੀ ਸੇਵਾ (ਕਰਕੇ ਪ੍ਰਾਪਤ ਹੁੰਦੀ ਹੈ)।

ਦਸ ਅਵਤਾਰ ਨ ਸਿਖਿਆ ਗੀਤਾ ਗੋਸਟਿ ਅਲਖ ਅਭੇਵਾ ।

ਦਸਾਂ ਅਵਤਾਰਾਂ ਨੇ ਬੀ (ਇਹ ਰੀਤ) ਨਹੀਂ ਸਿਖੀ (ਕਿਉਂ ਜੋ ਉਹ ਆਪਦਾ ਹੀ ਨਾਮ ਜਪਾਉਂਦੇ ਰਹੇ); (ਗੁਰ ਸਿਖੀ ਦਾ) ਕਥਨ ਲਖਿਆ ਨਹੀਂ ਜਾਂਦਾ ਅਰ ਡੂੰਘਾ ਹੈ (ਅਥਵਾ ਗੀਤਾ ਦੀ ਗੋਸ਼ਟ ਤੋਂ ਅਲੇਖ ਤੇ ਅਭੇਵ ਹੈ)।

ਵੇਦ ਨ ਜਾਣਨ ਭੇਦ ਕਿਹੁ ਲਿਖਿ ਪੜਿ ਸੁਣਿ ਸਣੁ ਦੇਵੀ ਦੇਵਾ ।

ਵੇਦ ਬੀ ਕੁਝ ਭੇਦ ਨਹੀਂ ਜਾਣਦੇ ਦੇਵੀ ਤੇ ਦੇਵਤੇ ਲਿਖ, ਪੜ੍ਹ ਅਤੇ ਸੁਣਕੇ ਵੇਦਾਂ ਨੂੰ ਹਾਰ ਗਏ (ਪਰੰਤੂ ਇਹ ਭੇਦ ਨ ਜਾਤਾ)।

ਸਿਧ ਨਾਥ ਨ ਸਮਾਧਿ ਵਿਚਿ ਤੰਤ ਨ ਮੰਤ ਲੰਘਾਇਨਿ ਖੇਵਾ ।

ਸਿੱਧਾਂ, ਨਾਥਾਂ, ਸਮਾਧੀਆਂ ਵਿਚ (ਨਾ ਜਾਤਾ) ਤੰਤ ਮੰਤ ਦਾ ਕੋਈ ਚੱਪਾ ਨਹੀਂ ਲਗਾ ਸਕੇ।

ਲਖ ਭਗਤਿ ਜਗਤ ਵਿਚਿ ਲਿਖਿ ਨ ਗਏ ਗੁਰੁ ਸਿਖੀ ਟੇਵਾ ।

ਲੱਖਾਂ ਭਗਤ ਜਗਤ ਵਿਖੇ (ਅੰਬਰੀਕ ਆਦਿਕ ਹੋਏ ਪਰੰਤੂ) ਗੁਰ ਸਿਖੀ ਦਾ ਜੋਤਿਸ਼ ਕਿਸੇ ਨਾ ਲਿਖਿਆ।

ਸਿਲਾ ਅਲੂਣੀ ਚਟਣੀ ਸਾਦਿ ਨ ਪੁਜੈ ਲਖ ਲਖ ਮੇਵਾ ।

ਆਲੂਣੀ (ਫਿੱਕੀ) ਸਿਲਾ ਚੱਟਣੀ ਪੈਂਦੀ ਹੈ (ਸੱਚ ਪੁਛੋ ਤਾਂ) ਲੱਖਾਂ ਮੇਵੇ ਇਸ ਇਸਦੇ ਸਵਾਦ ਦੇ ਅੱਗੇ ਕਿਹੜੇ ਬਾਗ ਦੀ ਮੂਲੀ ਹਨ? (ਪ੍ਰਾਪਤੀ ਦਾ ਰਾਹ ਦੱਸਦੇ ਹਨ:)।

ਸਾਧਸੰਗਤਿ ਗੁਰ ਸਬਦ ਸਮੇਵਾ ।੪।

ਸਾਧ ਸੰਗਤ ਵਿਖੇ ਗੁਰੂ ਦੇ ਸ਼ਬਦ ਵਿਖੇ ਸਮਾਵਣਾ (ਭਾਵ ਨਿਵਾਤ ਦੀਪ ਵਤ ਚਿੱਤ ਸਿਥਿਰ ਕਰ ਕੇ ਸ਼ਬਦ ਦਵਾਰਾ ਪਰਮਾਤਮਾ ਵਿਖੇ ਸਮਾਧੀ ਲਾਵਣੀ ਸਾਧ ਸੰਗਤ ਦਵਾਰਾ ਹੀ ਉੱਤਮ ਪ੍ਰਕਾਰ ਹੈ)।

ਪਉੜੀ ੫

ਗੁਰਸਿਖੀ ਦਾ ਸਿਖਣਾ ਸਬਦਿ ਸੁਰਤਿ ਸਤਿਸੰਗਤਿ ਸਿਖੈ ।

ਸਤਿਸੰਗ ਵਿਚ ਸ਼ਬਦ ਸੁਰਤ (ਦੀ ਪ੍ਰੀਤ) ਨੂੰ ਸਿੱਖਣਾ ਗੁਰਸਿੱਖੀ ਦਾ ਸਿੱਖਣਾ ਹੈ।

ਗੁਰਸਿਖੀ ਦਾ ਲਿਖਣਾ ਗੁਰਬਾਣੀ ਸੁਣਿ ਸਮਝੈ ਲਿਖੈ ।

ਗੁਰੂ ਦੀ ਬਾਣੀ ਸੁਣਨੀ ਅਤੇ ਸਮਝ ਕੇ (ਅਰਥ ਪੜ੍ਹਕੇ) ਲਿਖਣੀ ਇਹੋ ਗੁਰਸਿੱਖਾਂ ਦਾ ਲਿਖਣਾ ਹੈ।

ਗੁਰਸਿਖੀ ਦਾ ਸਿਮਰਣੋ ਸਤਿਗੁਰੁ ਮੰਤੁ ਕੋਲੂ ਰਸੁ ਇਖੈ ।

ਸਤਿਗੁਰੁ (ਗੁਰੂ ਨਾਨਕ) ਦੀ ਸਿੱਖ੍ਯਾ (ਜੇਹੜੀ) ਕੋਲ੍ਹੂ ਵੇਲਣੇ ਦੇ ਕਮਾਦ ਰਸ ਵਾਂਗੂੰ (ਮਿੱਠੀ ਹੈ) ਲੈਣੀ ਗੁਰ ਸਿੱਖੀ ਦਾ ਸਿਮਰਣ ਹੈ।

ਗੁਰਸਿਖੀ ਦਾ ਵਰਤਮਾਨੁ ਚੰਦਨ ਵਾਸੁ ਨਿਵਾਸੁ ਬਿਰਿਖੈ ।

ਗੁਰਸਿੱਖੀ ਦਾ ਵਰਤਾਰਾ ਦਿਨ ਦੀ ਵਾਸ਼ਨਾ ਵਾਂਗੂੰ ਹੈ (ਜੋ ਕਿ ਸਾਰੇ) ਬ੍ਰਿੱਛਾਂ ਵਿਖੇ ਨਿਵਾਸ ਕਰਦੀ ਹੈ (ਭਾਵ ਸ਼੍ਰੋਤਾ ਵਕਤਾ ਸਾਰੇ ਉਧਰ ਜਾਂਦੇ ਹਨ)।

ਗੁਰਸਿਖੀ ਦਾ ਬੁਝਣਾ ਬੁਝਿ ਅਬੁਝਿ ਹੋਵੈ ਲੈ ਭਿਖੈ ।

ਸਮਝ ਵਾਲੀ (ਨਾਮ ਵਸਤੂ ਦੀ) ਭਿੱਖ੍ਯਾ ਲੈਕੇ ਜੋ ਅਬੁਝ ਹੋਣਾ ਹੈ ਏਹੋ ਗੁਰਸਿਖੀ ਦਾ ਬੁੱਝਣਾ ਹੈ।

ਸਾਧਸੰਗਤਿ ਗੁਰ ਸਬਦੁ ਸੁਣਿ ਨਾਮੁ ਦਾਨੁ ਇਸਨਾਨੁ ਸਰਿਖੈ ।

ਸਤਿਸੰਗਤ ਵਿਖੇ ਗੁਰੁ ਸ਼ਬਦ ਨੂੰ ਸੁਣਕੇ ਨਾਮ ਦਾਨ, ਇਸ਼ਨਾਨ (ਸਰਿੱਖੇ) ਸੇਵੇ (ਅਰਥਾਤ ਅਭ੍ਯਾਸ ਕਰੇ)।

ਵਰਤਮਾਨੁ ਲੰਘਿ ਭੂਤ ਭਵਿਖੈ ।੫।

ਵਰਤਮਾਨ, ਭੂਤ, ਭਵਿੱਖਤ, (ਤਿੰਨਾਂ ਕਾਲਾਂ ਥੋਂ ਐਉਂ) ਲੰਘ ਜਾਵੇ (ਭਾਵ ਤਿੰਨਾਂ ਕਾਲਾਂ ਵਿਖੇ ਇਕ ਸਮਾਨ ਰਹੇ)।

ਪਉੜੀ ੬

ਗੁਰਸਿਖੀ ਦਾ ਬੋਲਣਾ ਹੁਇ ਮਿਠ ਬੋਲਾ ਲਿਖੈ ਨ ਲੇਖੈ ।

ਗੁਰ ਸਿੱਖੀ ਦਾ ਬੋਲਣਾ (ਕੀ ਹੈ?) ਮਿਠਬੋਲਾ ਹੋਕੇ, ਫੇਰ ਆਪ ਨੂੰ ਲੇਖੇ ਵਿਚ ਨਾ ਲਿਖੇ (ਭਾਈ ਮੈਂ ਵੱਡਾ ਮਿੱਠਾ ਬੋਲਦਾ ਹਾਂ)।

ਗੁਰਸਿਖੀ ਦਾ ਚਲਣਾ ਚਲੈ ਭੈ ਵਿਚਿ ਲੀਤੇ ਭੇਖੈ ।

ਗੁਰ ਸਿੱਖੀ ਦਾ ਚੱਲਣਾ (ਕੀ ਹੈ?) ਈਸ਼੍ਵਰ ਦੇ ਭ੍ਯ ਵਿਖੇ ਚੱਲੇ ਸਿੱਖੀ ਵੇਸ ਰੱਖੇ।

ਗੁਰਸਿਖੀ ਦਾ ਰਾਹੁ ਏਹੁ ਗੁਰਮੁਖਿ ਚਾਲ ਚਲੈ ਸੋ ਦੇਖੈ ।

ਗੁਰਸਿੱਖੀ ਦਾ ਏਹੋ ਰਸਤਾ ਹੈ, ਗੁਰਮੁਖ ਦੀ ਚਾਲ ਪੁਰ ਜੋ ਦੇਖੇ ਚਲੇ (ਭਾਵ ਉਲਟਾ ਨਾ ਚੱਲੇ। ਉਹ ਕੀ ਹੈ?)

ਘਾਲਿ ਖਾਇ ਸੇਵਾ ਕਰੈ ਗੁਰ ਉਪਦੇਸੁ ਅਵੇਸੁ ਵਿਸੇਖੈ ।

ਕਮਾਈ ਕਰ ਕੇ ਖਾਵੇ (ਆਏ ਗਏ ਦੀ) ਸੇਵਾ ਕਰੇ, ਗੁਰ ਉਪਦੇਸ਼ ਵਿਖੇ ਪ੍ਰਵੇਸ਼ ਰੱਖੇ।

ਆਪੁ ਗਣਾਇ ਨ ਅਪੜੈ ਆਪੁ ਗਵਾਏ ਰੂਪ ਨ ਰੇਖੈ ।

ਆਪਾ ਭਾਵ ਨੂੰ ਜਣਾਉਂਦਿਆਂ ਹੋਇਆਂ (ਅਕਾਲ ਪੁਰਖ ਦੀ) ਪ੍ਰਾਪਤੀ ਨਹੀਂ ਹੁੰਦੀ, (ਜਿਸ ਵੇਲੇ) ਆਪਾ ਭਾਵ ਨੂੰ ਗਵਾ ਦੇਂਦਾ ਹੈ (ਉਸ ਵੇਲੇ) ਨਾ ਰੂਪ ਹੁੰਦਾ ਹੈ ਨਾ ਰੇਖ (ਅਰਥਾਤ ਸਹਜ ਪਦ ਮਿਲਦਾ ਹੈ)।

ਮੁਰਦੇ ਵਾਂਗ ਮੁਰੀਦ ਹੋਇ ਗੁਰ ਗੋਰੀ ਵੜਿ ਅਲਖ ਅਲੇਖੈ ।

ਮੁਰਦੇ ਵਾਂਗੂ ਮੁਰੀਦ ਹੋਕੇ ਗੁਰੂ ਰੂਪ ਗੋਰ ਵਿਖੇ ਵੜਕੇ ਅਲਖ ਅਰ ਲੇਖੇ ਤੋਂ ਪਾਰ ਹੋ ਜਾਂਦਾ ਹੈ। (ਉਸ ਦਾ ਫਲ ਕੀ ਹੈ?)

ਅੰਤੁ ਨ ਮੰਤੁ ਨ ਸੇਖ ਸਰੇਖੈ ।੬।

(ਉਸ ਫਲ ਦਾ) ਅੰਤ ਸ਼ੇਸ਼ਨਾਗ ਸਾਰਖੇ ਨਹੀਂ ਪਾ ਸਕਦੇ (ਇਥੇ ਦੋ ਵਾਰ 'ਅੰਤ ਨ' ਕਹਿਣ ਥੋਂ ਤਾਕੀਦ ਨਾਲ ਕਿਹਾ ਹੈ। “ਜਿਨ੍ਹ੍ਹਾ ਨ ਵਿਸਰੈ ਨਾਮੁ ਸੇ ਕਿਨੇਹਿਆ॥ ਭੇਦੁ ਨ ਜਾਣਹੁ ਮੂਲਿ ਸਾਂਈ ਜੇਹਿਆ”)।

ਪਉੜੀ ੭

ਗੁਰਸਿਖੀ ਦਾ ਸਿਖਣਾ ਗੁਰੁ ਸਿਖ ਸਿਖਣ ਬਜਰੁ ਭਾਰਾ ।

ਗੁਰ ਸਿੱਖੀ ਦਾ ਸਿੱਖਣਾ ਭਾਰੇ ਬੱਜਰ (ਵਾਂਗੂੰ ਕਠਨ ਹੈ, ਇਸਨੂੰ) ਗੁਰੂ ਦੇ ਸਿਖ ਹੀ ਸਿਖਦੇ ਹਨ।

ਗੁਰਸਿਖੀ ਦਾ ਲਿਖਣਾ ਲੇਖੁ ਅਲੇਖੁ ਨ ਲਿਖਣਹਾਰਾ ।

ਗੁਰ ਸਿੱਖੀ ਦਾ ਲਿਖਣਾ ਲਖੇ ਤੋਂ ਅਲੇਖ ਹੈ, (ਕੋਈ ਇਸਦਾ) ਲਿੱਖਣਹਾਰਾ ਨਹੀਂ ਹੈ।

ਗੁਰਸਿਖੀ ਦਾ ਤੋਲਣਾ ਤੁਲਿ ਨ ਤੋਲਿ ਤੁਲੈ ਤੁਲਧਾਰਾ ।

ਗੁਰ ਸਿੱਖੀ ਦਾ ਤੋਲਣਾ (ਵਜ਼ਨ) ਕਰਨ ਲਈ ('ਤੁਲ') ਤਕੜੀ ('ਤੋਲ') ਵੱਟਾ ਕੋਈ ਨਹੀਂ ਤੇ ਨਾ ਹੀ ਕਿਸੇ ਤੁਲਾਧਾਰ ਪਾਸੋਂ ਤੁਲ ਸਕਦੀ ਹੈ।

ਗੁਰਸਿਖੀ ਦਾ ਦੇਖਣਾ ਗੁਰਮੁਖਿ ਸਾਧਸੰਗਤਿ ਗੁਰਦੁਆਰਾ ।

ਗੁਰਸਿਖੀ ਦਾ ਦਰਸ਼ਨ ਗੁਰੁਦ੍ਵਾਰੇ (ਅਰਥਾਤ ਸ੍ਰੀ ਦਰਬਾਰ ਸਾਹਿਬ ਆਦਿ) ਗੁਰਮੁਖਾਂ ਤੇ ਸਾਧ ਸੰਗਤ ਦੇ ਦਰਸ਼ਨ ਵਿਖੇ ਹੋ ਸਕਦਾ ਹੈ।

ਗੁਰਸਿਖੀ ਦਾ ਚਖਣਾ ਸਾਧਸੰਗਤਿ ਗੁਰੁ ਸਬਦੁ ਵੀਚਾਰਾ ।

ਗੁਰਸਿਖੀ ਦਾ ਚਖਣਾ (ਭਾਵ ਸਵਾਦ ਲੈਣਾ) ਸਾਧ ਸੰਗਤ ਵਿਖੇ ਗੁਰ ਸ਼ਬਦ ਦਾ ਵਿਚਾਰ ਹੈ (ਕਿਉਂ ਜੋ ਸ਼ਬਦ ਦੇ ਪੜ੍ਹਨ ਨਾਲ ਵੱਡਾ ਅਨੰਦ ਹੁੰਦਾ ਹੈ)।

ਗੁਰਸਿਖੀ ਦਾ ਸਮਝਣਾ ਜੋਤੀ ਜੋਤਿ ਜਗਾਵਣਹਾਰਾ ।

ਗੁਰਸਿਖੀ ਦਾ ਸਮਝਣਾ (ਜੋਤੀ) ਪਰਮਾਤਮਾ ਦੀ ਜੋਤ ਦੇ ਜਗਾਉਣ ਵਾਲਾ ਹੈ (ਭਾਵ ਸਾਰੇ ਉਸ ਦੀ ਜੋਤ ਹੀ ਦਿੱਸਦੀ ਹੈ, 'ਤਿਸਦੈ ਚਾਨਣਿ ਸਭ ਮਹਿ ਚਾਨਣੁ ਹੋਇ')।

ਗੁਰਮੁਖਿ ਸੁਖ ਫਲੁ ਪਿਰਮੁ ਪਿਆਰਾ ।੭।

ਗੁਰਮੁਖਾਂ ਨੇ ਸੁਖ ਫਲ 'ਪਿਰੀ (ਵਾਹਿਗੁਰੂ) ਦਾ ਪ੍ਰੇਮ ਹੀ ਜਾਤਾ ਹੈ (ਇਤਰ ਸੰਸਾਰਕ ਸੁਖ ਦੁਖ ਫਲ ਹੀ ਮੰਨਦੇ ਹਨ)।

ਪਉੜੀ ੮

ਗੁਰਸਿਖੀ ਦਾ ਰੂਪ ਦੇਖਿ ਇਕਸ ਬਾਝੁ ਨ ਹੋਰਸੁ ਦੇਖੈ ।

ਗੁਰੂ ਸਿਖੀ ਦਾ ਰੂਪ ਜਿਨ੍ਹਾਂ ਨੇ ਡਿੱਠਾ ਹੈ, (ਓਹ) ਇਕ ਬਾਝੋਂ ਹੋਰ ਕਿਸੇ (ਦੇਵੀ ਦੇਵਤੇ ਦਾ) ਦਰਸ਼ਨ ਨਹੀਂ ਚਾਹੁੰਦੇ।

ਗੁਰਸਿਖੀ ਦਾ ਚਖਣਾ ਲਖ ਅੰਮ੍ਰਿਤ ਫਲ ਫਿਕੈ ਲੇਖੈ ।

ਗੁਰ ਸਿਖੀ ਸਵਾਦ ਦਾ ਜਿਨ੍ਹਾਂ ਚੱਖਣਾ ਕੀਤਾ ਹੈ (ਉਨ੍ਹਾਂ ਨੂੰ) ਲੱਖਾਂ ਹੀ ਅੰਮ੍ਰਿਤ ਫਲ ਫਿੱਕੇ ਲਗਦੇ ਹਨ।

ਗੁਰਸਿਖੀ ਦਾ ਨਾਦੁ ਸੁਣਿ ਲਖ ਅਨਹਦ ਵਿਸਮਾਦ ਅਲੇਖੈ ।

ਗੁਰ ਸਿਖੀ ਦਾ ਨਾਦੁ (ਜਿਨ੍ਹਾਂ ਨੇ ਕੰਨਾਂ ਨਾਲ) ਸੁਣਿਆਂ ਹੈ ਲੱਖਾਂ ਅਨਾਹਦ ਅਚਰਜ ਰੂਪ ਰਾਗ ਉਨ੍ਹਾਂ ਦੇ) ਅਲੇਖੇ ਵਿਚ ਹਨ (ਭਾਵ ਕੁਝ ਨਹੀਂ ਸਮਝਦੇ)।

ਗੁਰਸਿਖੀ ਦਾ ਪਰਸਣਾ ਠੰਢਾ ਤਤਾ ਭੇਖ ਅਭੇਖੈ ।

ਗੁਰ ਸਿਖੀ ਦਾ ਸਪਰਸ਼ (ਜਿਨ੍ਹਾਂ ਕੀਤਾ ਹੈ) ਠੰਢੇ ਤੱਤੇ ਦੇ ਭੇਖ ਤੋਂ ਅਭੇਖ ਹੋ ਗਏ ਹਨ।

ਗੁਰਸਿਖੀ ਦੀ ਵਾਸੁ ਲੈ ਹੁਇ ਦੁਰਗੰਧ ਸੁਗੰਧ ਸਰੇਖੈ ।

ਗੁਰ ਸਿਖੀ ਦੀ ਵਾਸ਼ਨਾ (ਜਿਨ੍ਹਾਂ) ਲੀਤੀ ਹੈ (ਜਿੰਨੀਆਂ ਅਤਰ ਫੁਲੇਲ ਆਦਿਕ ਚੰਗੀਆਂ ਸੁਗੰਧਾਂ ਹਨ) ਉਨ੍ਹਾਂ ਨੂੰ ਦੁਰਗੰਧ ਸਾਰਖੀਆਂ ਭਾਸਦੀਆਂ ਹਨ (ਭਾਵ ਮੋਹੇ ਨਹੀਂ ਜਾਂਦੇ)।

ਗੁਰਸਿਖੀ ਮਰ ਜੀਵਣਾ ਭਾਇ ਭਗਤਿ ਭੈ ਨਿਮਖ ਨਮੇਖੈ ।

ਗੁਰ ਸਿਖੀ ਵਿਖੇ ਸੰਸਾਰ ਵਲੋਂ ਮਰਕੇ (ਜੋ) ਜੀਵਿਆ ਹੈ ਪ੍ਰੇਮਾ ਭਗਤੀ ਅਰ ਭਯ ਨਿਮਖ ਨਿਮਖ ਵਿਖੇ ਰਖਦਾ ਹੈ।

ਅਲਪਿ ਰਹੈ ਗੁਰ ਸਬਦਿ ਵਿਸੇਖੈ ।੮।

(ਸੰਸਾਰ ਵਲੋਂ) ਅਲੇਪ ਰਹਿੰਦਾ ਹੈ, ਗੁਰ ਦੇ ਸ਼ਬਦ ਵਿਖੇ ਵਿਸ਼ੇਖ (ਪ੍ਰੀਤ ਰਖਦਾ ਹੈ, ਤਨੋਂ ਮਨੋਂ ਧਨੋਂ ਗੁਰਸਿਖੀ ਵਿਖੇ ਹੀ ਚਿਤ ਲਾਈ ਰਖਦਾ ਹੈ)।

ਪਉੜੀ ੯

ਗੁਰਮੁਖਿ ਸਚਾ ਪੰਥੁ ਹੈ ਸਿਖੁ ਸਹਜ ਘਰਿ ਜਾਇ ਖਲੋਵੈ ।

ਗੁਰਮੁਖਾਂ ਦਾ ਸੱਚਾ ਰਸਤਾ ਹੈ, (ਕਿਉਂ ਜੋ, ਜੇਹੜਾ) ਸਿਖ (ਇਸ ਰਸਤੇ ਚਲਦਾ ਹੈ) ਓਹ 'ਸਹਜ ਘਰ' (ਪਰਮਾਤਮਾਂ ਵਿਖੇ) ਜਾ ਪ੍ਰਾਪਤ ਹੁੰਦਾ ਹੈ।

ਗੁਰਮੁਖਿ ਸਚੁ ਰਹਰਾਸਿ ਹੈ ਪੈਰੀਂ ਪੈ ਪਾ ਖਾਕੁ ਜੁ ਹੋਵੈ ।

ਗੁਰਮੁਖਾਂ ਦੀ ਰਾਹ ਰੀਤ ਸੱਚੀ ਹੈ, ਪੈਰੀਂ ਪੈਣਾਂ ਅਰ ਪੈਰਾਂ ਦੀ ਧੂੜੀ ਹੋ ਜਾਣਾ, (ਭਾਵ ਅਤਿ ਨਿੰਮ੍ਰਤਾ ਰਖਣੀ ਹੀ ਉਨ੍ਹਾਂ ਦੀ ਸੱਚੀ ਕਿਰਿਆ ਹੈ ਹਉਮੈ ਅਤੀਤ ਰਹਿਣਾ)।

ਗੁਰੁਸਿਖੀ ਦਾ ਨਾਵਣਾ ਗੁਰਮਤਿ ਲੈ ਦੁਰਮਤਿ ਮਲੁ ਧੋਵੈ ।

ਗੁਰ ਸਿਖੀ ਦਾ ਇਸ਼ਨਾਨ ਕਰਨਾ (ਮੁਖ ਇਹੀ ਹੈ ਕਿ) ਗੁਰੂ ਦੀ ਸਿਖਿਆ (ਰੂਪੀ ਸਾਬਣ) ਨਾਲ ਦੁਰਮਤ ਦੀ ਮੈਲ ਧੋ ਦੇਵੇ।

ਗੁਰੁਸਿਖੀ ਦਾ ਪੂਜਣਾ ਗੁਰਸਿਖ ਪੂਜ ਪਿਰਮ ਰਸੁ ਭੋਵੈ ।

ਗੁਰ ਸਿਖੀ ਵਿਖੇ ਪੂਜਾ (ਇਹੀ ਹੈ ਕਿ) ਗੁਰ ਦੇ ਸਿਖਾਂ ਦੀ ਪੂਜਾ ਕਰ ਕੇ ਪਿਆਰੇ ਦੇ ਪ੍ਰੇਮ ਰਸ ਵਿਖੇ ਭਿੱਜ ਜਾਵੇ ('ਚਰਨ ਸਾਧ ਕੇ ਧੋਇ ਧੋਇ ਪੀਉ॥ ਅਰਪਿ ਸਾਧ ਕਉ ਅਪਨਾ ਜੀਉ')।

ਗੁਰੁਸਿਖੀ ਦਾ ਮੰਨਣਾ ਗੁਰ ਬਚਨੀ ਗਲਿ ਹਾਰੁ ਪਰੋਵੈ ।

ਗੁਰ ਸਿਖੀ ਵਿਖੇ ਮੰਨਣ (ਇਹੀ ਹੈ ਕਿ) ਗੁਰੂ ਦੇ ਬਚਨਾਂ ਦਾ ਗਲ ਵਿਖੇ ਹਾਰ ਪਰੋ ਛੱਡੇ (ਭਾਵ ਊਠਤ ਬੈਠਤ ਸੋਵਤ ਨਾਮ ਦਾ ਅਭਿਆਸ ਕਰੇ)।

ਗੁਰੁਸਿਖੀ ਦਾ ਜੀਵਣਾ ਜੀਂਵਦਿਆਂ ਮਰਿ ਹਉਮੈ ਖੋਵੈ ।

ਗੁਰ ਸਿਖੀ ਦਾ ਜੀਉਣਾ (ਇਹੋ ਹੈ ਕਿ) ਜੀਵੰਦਿਆਂ ਹੀ ਮਰਕੇ ਹਉਮੈ ਦਾ ਤਿਆਗ ਕਰ ਦੇਵੇ।

ਸਾਧਸੰਗਤਿ ਗੁਰ ਸਬਦ ਵਿਲੋਵੈ ।੯।

ਸਾਧਸੰਗਤ ਵਿਖੇ (ਮਿਲਕੇ) ਗੁਰੂ ਦੇ ਸ਼ਬਦ ਦਾ ਮਥਨ ਕਰੇ (ਅਰਥਾਤ ਸਮਝਕੇ ਨਿਧ੍ਯਾਸਨ ਕਰੇ)।

ਪਉੜੀ ੧੦

ਗੁਰਮੁਖਿ ਸੁਖ ਫਲੁ ਖਾਵਣਾ ਦੁਖੁ ਸੁਖੁ ਸਮ ਕਰਿ ਅਉਚਰ ਚਰਣਾ ।

ਗੁਰੂਦਵਾਰੇ ਸੁਖ ਫਲ ਦਾ ਅਹਾਰ (ਉਹ ਕੀ ਵਸਤੂ ਹੈ?) ਦੁਖ ਅਤੇ ਸੁਖ ਨੂੰ ਸਮਾਨ ਜਾਣਕੇ ਅਉਚਰ (ਕਾਮਾਦਿ ਵਿਖਯ) ਨੂੰ ਭੱਛਨ (ਕਰਕੇ ਅਭਾਵ) ਕਰ ਦੇਵੇ।

ਗੁਰਸਿਖੀ ਦਾ ਗਾਵਣਾ ਅੰਮ੍ਰਿਤ ਬਾਣੀ ਨਿਝਰੁ ਝਰਣਾ ।

ਗੁਰ ਸਿਖੀ ਦਾ ਗਾਉਣਾ (ਇਹੀ ਹੈ ਕਿ) ਅੰਮ੍ਰਿਤ ਬਾਣੀ (ਵਾਹਿਗੁਰੂ ਦੇ ਨਾਮ ਦੀ) ਇਕ ਰਸ ਉਚਾਰਨ ਕਰੇ।

ਗੁਰਸਿਖੀ ਧੀਰਜੁ ਧਰਮੁ ਪਿਰਮ ਪਿਆਲਾ ਅਜਰੁ ਜਰਣਾ ।

ਗੁਰ ਸਿਖ ਦਾ ਧੀਰਜ ਧਰਮ (ਇਹ ਹੈ ਕਿ) ਪ੍ਰੇਮ ਦਾ ਪਿਆਲਾ ਪੀਕੇ ਅਜਰ ਨੂੰ ਜਰ ਜਾਵੇ।

ਗੁਰਸਿਖੀ ਦਾ ਸੰਜਮੋ ਡਰਿ ਨਿਡਰੁ ਨਿਡਰ ਮੁਚ ਡਰਣਾ ।

ਗੁਰ ਸਿਖੀ ਦਾ (ਸੰਜਮ) ਜਪ ਤਪ (ਇਹੋ ਹੈ ਕਿ ਸੰਸਾਰਕ) ਡਰ ਥੋਂ ਨਿਡਰ ਹੋਣਾ ਅਰ ਨਿਡਰ ਥੋਂ ਬਹੁਤ ਭੈ ਰਖਣਾ (ਭਾਵ ਸੰਸਾਰ ਦਾ ਭੈ ਨਾ ਰਖਣਾ ਤੇ ਪਰਮੇਸ਼ਰ ਦਾ ਭੈ ਰਖਣਾ)।

ਗੁਰਸਿਖੀ ਮਿਲਿ ਸਾਧਸੰਗਿ ਸਬਦ ਸੁਰਤਿ ਜਗੁ ਦੁਤਰੁ ਤਰਣਾ ।

ਗੁਰ ਸਿਖੀ (ਅਰਥਾਤ ਗੁਰੂ ਦੇ ਸਿਖ) ਸਾਧ ਸੰਗਤ ਵਿਖੇ ਮਿਲਕੇ ਸ਼ਬਦ ਸੁਰਤ ਨਾਲ ਸੰਸਾਰ ਸਾਗਰ ਦੁਸ਼ਤਰ ਥੋਂ ਤਰ ਜਾਂਦੇ ਹਨ।

ਗੁਰਸਿਖੀ ਦਾ ਕਰਮੁ ਏਹੁ ਗੁਰ ਫੁਰਮਾਏ ਗੁਰਸਿਖ ਕਰਣਾ ।

ਗੁਰ ਸਿਖੀ ਦਾ ਕਰਮ ਇਹੋ ਹੈ ਕਿ ਜੋ ਗੁਰੂ ਬਚਨ ਕਰਨ ਸਿਖ ਨੂੰ ਮੰਨਣਾ ਜੋਗ ਹੈ।

ਗੁਰ ਕਿਰਪਾ ਗੁਰੁ ਸਿਖੁ ਗੁਰੁ ਸਰਣਾ ।੧੦।

ਗੁਰੂ ਦੀ ਕਿਰਪਾ ਕਰ ਕੇ ਹੀ ਗੁਰੂ ਸਿਖ, ਗੁਰੂ ਦੀ ਸ਼ਰਣ (ਪੈਂਦਾ ਹੈ) (ਜਣਾ ਖਣਾ ਗੁਰੂ ਦਾ ਬਚਨ ਨਹੀਂ ਮੰਨ ਸਕਦਾ, ਜਿਸ ਪੁਰ ਗੁਰੂ ਦੀ ਕਿਰਪਾ ਹੋਵੇ ਓਹੀ ਗੁਰੂ ਅੰਗਦ ਵਾਂਗ ਗੁਰੂ ਦੀ ਸ਼ਰਣ ਆਉਂਦਾ ਹੈ)।

ਪਉੜੀ ੧੧

ਵਾਸਿ ਸੁਵਾਸੁ ਨਿਵਾਸੁ ਕਰਿ ਸਿੰਮਲਿ ਗੁਰਮੁਖਿ ਸੁਖ ਫਲ ਲਾਏ ।

ਵਾਸ਼ਨਾਂ ਵਿਚੋਂ ਸ੍ਰੇਸ਼ਟ ਵਾਸ਼ਨਾਂ (ਭਾਵ ਨਾਮ ਦੀ ਵਾਸ਼ਨਾ) ਦਾ ਨਿਵਾਸ ਪਾਕੇ ਗੁਰੂ ਸ੍ਰੇਸ਼ਟ ਸਿੰਮਲ (ਰੂਪ ਮਨਮੁਖ) ਨੂੰ ਭੀ ਸੁਖ ਰੂਪ ਫਲ ਲਾ ਦਿੰਦੇ ਹਨ।

ਪਾਰਸ ਹੋਇ ਮਨੂਰੁ ਮਿਲੁ ਕਾਗਹੁ ਪਰਮ ਹੰਸੁ ਕਰਵਾਏ ।

ਮਨੂਰ ਨੂੰ ਮੇਲ ਕੇ ਸੋਨਾਂ ਕਰਾ ਦੇਂਦੇ ਹਨ, ਕਾਂਵਾਂ ਥੋਂ (ਗੁਰੂ) ਪਰਮਹੰਸ ਕਰਵਾ ਦਿੰਦੇ ਹਨ।

ਪਸੂ ਪਰੇਤਹੁ ਦੇਵ ਕਰਿ ਸਤਿਗੁਰ ਦੇਵ ਸੇਵ ਭੈ ਪਾਏ ।

ਪਸ਼ੂ ਅਤੇ ਪਰੇਤਾਂ ਥੋਂ ਸਤਿਗੁਰੂ (ਗੁਰੂ ਨਾਨਕ) ਦੀ ਸੇਵਾ ਭੈ ਪਾਕੇ (ਪ੍ਰੇਮਾ ਭਗਤੀ ਲਾਕੇ) ਦੇਵਤਾ ਕਰ ਦੇਂਦੀ ਹੈ।

ਸਭ ਨਿਧਾਨ ਰਖਿ ਸੰਖ ਵਿਚਿ ਹਰਿ ਜੀ ਲੈ ਲੈ ਹਥਿ ਵਜਾਏ ।

(ਕਹਿੰਦੇ ਹਨ ਕਿ ਵਿਸ਼ਨੂੰ ਪਾਸ) ਇਕ ਸੰਖ (ਹੈ ਜਿਸ) ਵਿਚ ਚਾਰੇ ਪਦਾਰਥ ਹਨ, ਉਹ ਵਿਸ਼ਨੂੰ ਹੱਥ ਵਿਚ ਲੈਕੇ ਵਜਾਉਂਦਾ ਰਹਿੰਦਾ ਹੈ (ਤਿਵੇਂ ਸਾਰੇ ਪਦਾਰਥ ਗੁਰੂ ਦੇ ਸ਼ਬਦ ਰੂਪ ਸੰਖ ਵਿਚ ਹਨ, ਜਿਸ ਨੂੰ ਉਪਦੇਸ਼ ਦੁਆਰਾ ਗੁਰੂ ਵਜਾਉਂਦੇ ਰਹਿੰਦੇ ਹਨ)।

ਪਤਿਤ ਉਧਾਰਣੁ ਆਖੀਐ ਭਗਤਿ ਵਛਲ ਹੋਇ ਆਪੁ ਛਲਾਏ ।

ਪਤਿਤ ਉਧਾਰਣ (ਗੁਰੂ ਦਾ ਬਿਰਦ) ਕਹੀਦਾ ਹੈ (ਦੂਜਾ) ਭਗਤ ਵਛਲ ਹੋਕੇ (ਭਗਤਾਂ ਪਾਸ ਆਪਣਾ) ਆਪ ਛਲਾ ਬੈਠਦਾ ਹੈ (ਭਾਵ ਉਨ੍ਹਾਂ ਦੇ ਪ੍ਰੇਮ ਵਸ ਹੋ ਜਾਂਦਾ ਹੈ)।

ਗੁਣ ਕੀਤੇ ਗੁਣ ਕਰੇ ਜਗ ਅਵਗੁਣ ਕੀਤੇ ਗੁਣ ਗੁਰ ਭਾਏ ।

ਗੁਣ ਕੀਤਿਆਂ (ਤਾਂ ਹਰ ਕੋਈ) ਸੰਸਾਰ ਵਿਚ ਉਪਕਾਰ ਕਰਦਾ ਹੈ, ਪਰ ਅਵਗੁਣਾਂ ਪੁਰ ਗੁਣ ਕਰਨਾ (ਇਕ) ਗੁਰੂ ਨੂੰ ਹੀ ਭਾਉਂਦਾ ਹੈ।

ਪਰਉਪਕਾਰੀ ਜਗ ਵਿਚਿ ਆਏ ।੧੧।

ਪਰੋਪਕਾਰੀ ਗੁਰੂ ਹੀ ਜਗਤ ਵਿਖੇ ਆਏ ਹਨ।

ਪਉੜੀ ੧੨

ਫਲ ਦੇ ਵਟ ਵਗਾਇਆਂ ਤਛਣਹਾਰੇ ਤਾਰਿ ਤਰੰਦਾ ।

ਵੱਟੇ ਦੇ ਮਾਰਿਆਂ ਬ੍ਰਿੱਛ ਫਲ ਦਿੰਦਾ ਹੈ ਤੇ ਕੱਟਣ ਵਾਲੇ (ਤ੍ਰਖਾਣ) ਨੂੰ ('ਤਾਰਿ') ਨਦੀ ਥੋਂ ਤਾਰਦਾ ਹੈ।

ਤਛੇ ਪੁਤ ਨ ਡੋਬਈ ਪੁਤ ਵੈਰੁ ਜਲ ਜੀ ਨ ਧਰੰਦਾ ।

ਪੁਤ੍ਰ ਦੇ ਕੱਟਣ ਵਾਲੇ ਨੂੰ (ਅਰਥਾਤ ਬ੍ਰਿੱਛ ਦੇ ਵੱਢਣਹਾਰੇ ਨੂੰ ਪਾਣੀ) ਨਹੀਂ ਡੋਬਦਾ (ਕਿਉਂ ਜੋ ਉਹ) ਪੁਤ੍ਰ ਦਾ ਵੈਰ ਜੀਅ ਵਿਖੇ ਨਹੀਂ ਧਾਰਦਾ (ਭਈ ਇਸ ਨੇ ਤਾਂ ਮੇਰਾ ਪੁਤ੍ਰ ਬ੍ਰਿਛ ਮਾਰਿਆ ਹੈ ਮੈਂ ਇਸ ਨੂੰ ਕਿਉਂ ਤਾਰਾਂ?)

ਵਰਸੈ ਹੋਇ ਸਹੰਸ ਧਾਰ ਮਿਲਿ ਗਿਲ ਜਲੁ ਨੀਵਾਣਿ ਚਲੰਦਾ ।

ਹਜ਼ਾਰ ਟੁਕੜੇ ਹੋਕੇ ਪਾਣੀ ਵਰ੍ਹਦਾ ਹੈ (ਤਾਂ ਜੋ ਬ੍ਰਿਛਾਂ ਨੂੰ ਔਖ ਨਾ ਹੋਵੇ), (ਫਿਰ) ਰਲ ਮਿਲਕੇ ਨੀਵਾਣ ਨੂੰ ਹੀ ਚਲਦਾ ਹੈ।

ਡੋਬੈ ਡਬੈ ਅਗਰ ਨੋ ਆਪੁ ਛਡਿ ਪੁਤ ਪੈਜ ਰਖੰਦਾ ।

ਅਗਰ ਦੇ ਡੱਬੇ ਨੂੰ ਪਾਣੀ ਡੋਬਦਾ ਹੈ (ਇਸ ਲਈ ਜੋ) ਆਪਣਾ (ਧਰਮ) ਛੱਡਕੇ ਬੀ ਪੁਤ੍ਰ ਦੀ ਪੈਜ ਰਖੇ, (ਕਿਉਂ ਜੋ ਡੁਬਣ ਨਾਲ ਅਗਰ ਕੀਮਤ ਵਿਚ ਮਹਿੰਗਾ ਵਿਕਦਾ ਹੈ)।

ਤਰਿ ਡੁਬੈ ਡੁਬਾ ਤਰੈ ਜਿਣਿ ਹਾਰੈ ਹਾਰੈ ਸੁ ਜਿਣੰਦਾ ।

(ਪਰੰਤੂ ਭਾਵ ਵਿਚ 'ਤਰਿ ਡੁਬੈ ਡੁਬਾ ਤਰੈ') (ਜੋ ਆਪ ਨੂੰ) ਤਰਿਆ (ਸਮਝੂ) ਉਹ ਡੁਬੂ, (ਅਰ ਜੋ) ਡੁਬਾ (ਉਹ) ਤਰੂ, ਜਿੱਤਣ ਵਾਲਾ ਹਾਰਦਾ ਤੇ ਹਾਰਣ ਵਾਲਾ ਜਿੱਤਦਾ ਹੈ।

ਉਲਟਾ ਖੇਲੁ ਪਿਰੰਮ ਦਾ ਪੈਰਾਂ ਉਪਰਿ ਸੀਸੁ ਨਿਵੰਦਾ ।

ਇਹ ਖੇਲ ਪ੍ਰੇਮ ਦਾ ਉਲਟ ਹੈ, ਪੈਰਾਂ ਪਰ ਸਿਰ ਰੱਖੀਦਾ ਹੈ। (ਸਿਰ ਪੁਰ ਪੈਰ ਕੋਈ ਨਹੀਂ ਰੱਖਦਾ। “ਊਚਾ ਚੜੈ ਸੋ ਪਵੈ ਪਇਆਲਾ॥ ਧਰਨਿ ਪੜੈ ਤਿਸੁ ਲਗੈ ਨ ਕਾਲਾ”)।

ਆਪਹੁ ਕਿਸੈ ਨ ਜਾਣੈ ਮੰਦਾ ।੧੨।

(ਗੁਰਸਿਖ) ਕਿਸੇ ਨੂੰ ਆਪਣੇ ਤੋਂ ਬੁਰਾ ਨਹੀਂ ਜਾਣਦਾ।

ਪਉੜੀ ੧੩

ਧਰਤੀ ਪੈਰਾਂ ਹੇਠਿ ਹੈ ਧਰਤੀ ਹੇਠਿ ਵਸੰਦਾ ਪਾਣੀ ।

(ਸਭ ਤੋਂ ਨੀਵੀਂ) ਧਰਤੀ ਪੈਰਾਂ ਹੇਠ ਰਹਿੰਦੀ ਹੈ, ਤੇ ਪਾਣੀ ਧਰਤੀ ਦੇ ਹੇਠ ਵਸਦਾ ਹੈ (ਕਿਉਂ ਜੋ ਜਿੱਥੇ)

ਪਾਣੀ ਚਲੈ ਨੀਵਾਣੁ ਨੋ ਨਿਰਮਲੁ ਸੀਤਲੁ ਸੁਧੁ ਪਰਾਣੀ ।

ਨੀਵਾਣ ਹੋਵੇ ਉਥੇ ਹੀ ਜਾਕੇ ਪ੍ਰਾਣੀਆਂ ਨੂੰ ਨਿਰਮਲ ਅਤੇ ਸ਼ੁੱਧ ਕਰਦਾ ਹੈ, (ਜਾਂ ਧਰਤੀ ਦੇ ਵਿਚ ਖੂਹਾਂ ਆਦਿ ਵਿਚ ਤੇ ਸਮੁੰਦਰ ਦੇ ਡੂੰਘਾਂ ਵਿਚ ਰਹਿੰਦਾ ਹੈ)।

ਬਹੁ ਰੰਗੀ ਇਕ ਰੰਗੁ ਹੈ ਸਭਨਾਂ ਅੰਦਰਿ ਇਕੋ ਜਾਣੀ ।

ਫੇਰ ਇਕ ਰੰਗ ਹੋਕੇ ਬਹੁਰੰਗੀ ਹੋ ਜਾਂਦਾ ਹੈ, ਸਭਨਾਂ (ਸ਼ਕਲਾਂ ਤੇ ਬਰਤਨਾਂ) ਵਿਚ ਇਕੋ ਜਿਹਾ ਜਾਣੀਦਾ ਹੈ।

ਤਤਾ ਹੋਵੈ ਧੁਪ ਵਿਚਿ ਛਾਵੈ ਠੰਢਾ ਵਿਰਤੀ ਹਾਣੀ ।

(ਜੇਕਰ) ਧੁੱਪ ਹੋਵੇ ਤਾਂ ਤੱਤਾ ਜੇ ਛਾਂ ਹੋਵੇ ਤਾਂ ਠੰਢਾ, (ਜਿਹਾ) ਹਾਣੀ ਹੋਵੇ ਤਿਹਾ ਵਰਤਦਾ ਹੈ।

ਤਪਦਾ ਪਰਉਪਕਾਰ ਨੋ ਠੰਢੇ ਪਰਉਪਕਾਰ ਵਿਹਾਣੀ ।

(ਗੱਲ ਕੀ) ਤਪਣ ਅਤੇ ਸੀਤਲ ਹੋਣ ਵਿਖੇ ਪਰੋਪਕਾਰ ਵਿਖੇ ਹੀ ਲੱਗਦਾ ਹੈ।

ਅਗਨਿ ਬੁਝਾਏ ਤਪਤਿ ਵਿਚਿ ਠੰਢਾ ਹੋਵੈ ਬਿਲਮੁ ਨ ਆਣੀ ।

ਤੱਤਾ ਹੋਯਾ ਬੀ ਅੱਗ ਬੁਝਾ ਦੇਂਦਾ ਹੈ, (ਸ਼ੱਕ ਨਾਂ ਕਰਨਾਂ ਜੋ ਵਾਸਤਵ ਵਿਚ) ਠੰਢਾ ਹੋਵੇ ਤਾਂ ਦੇਰ ਨਹੀਂ ਲਗਦੀ (ਅੱਗ ਬੁਝਣ ਵਿਚ, ਜੇ ਅੱਗ ਰੂਪ ਹੁੰਦਾ ਤਾਂ ਕਿਸ ਤਰ੍ਹਾਂ ਬੁੱਝ ਸਕਦੀ ਸੀ?)

ਗੁਰੁ ਸਿਖੀ ਦੀ ਏਹੁ ਨੀਸਾਣੀ ।੧੩।

ਗੁਰ ਸਿਖਾਂ ਦੀ ਬੀ ਇਹੋ ਨੀਸਾਣੀ ਹੈ (ਧੁਨੀ ਇਹ ਕਿ ਭਾਵੇਂ ਗੁਰਮੁਖ ਕਿਸੇ ਹਾਲਤ ਵਿਚ ਹੋਣ ਪਰੋਪਕਾਰ ਕਰਣੋਂ ਆਲਸ ਨਹੀਂ ਕਰਨਗੇ।

ਪਉੜੀ ੧੪

ਪਾਣੀ ਅੰਦਰਿ ਧਰਤਿ ਹੈ ਧਰਤੀ ਅੰਦਰਿ ਪਾਣੀ ਵਸੈ ।

ਪਾਣੀ ਵਿਚ ਧਰਤੀ ਟਿਕੀ (ਹੋਈ) ਹੈ ਅਰ ਧਰਤੀ ਦੇ ਵਿਚ ਬੀ ਪਾਣੀ ਵਸਦਾ ਹੈ (ਪਰੰਤੂ ਫਿਰ ਬੀ ਧਰਤੀ ਇਕ ਰਸ ਰਹਿੰਦੀ ਹੈ)।

ਧਰਤੀ ਰੰਗੁ ਨ ਰੰਗ ਸਭ ਧਰਤੀ ਸਾਉ ਨ ਸਭ ਰਸ ਰਸੈ ।

ਧਰਤੀ ਵਿਖੇ ਰੰਗ ਨਹੀਂ ਬੀ ਅਰ ਸਾਰੇ ਰੰਗ ਬੀ ਇਸ ਵਿਖੇ ਹੀ ਹਨ (ਫੁਲਾਂ ਤੋਂ ਦੇਖੋ), (ਤਿਵੇਂ ਹੀ ਕੋਈ) ਸਵਾਦ ਨਹੀਂ (ਬੀ ਅਰ) ਸਾਰੇ ਸਵਾਦ ਬੀ ਧਰਤੀ ਵਿਖੇ ਹਨ (ਕਿਉਂ ਜੋ ਫਲਾਂ ਫੁਲਾਂ ਦੁਆਰੇ ਸਭ ਰੰਗ ਤੇ ਰਸ ਧਰਤੀ ਤੋਂ ਹੀ ਹੁੰਦੇ ਹਨ)।

ਧਰਤੀ ਗੰਧੁ ਨ ਗੰਧ ਬਹੁ ਧਰਤਿ ਨ ਰੂਪ ਅਨੂਪ ਤਰਸੈ ।

ਧਰਤੀ ਵਿਖੇ ਗੰਧੀ ਨਹੀਂ ਬੀ (ਅਰ) ਸਾਰੀਆਂ ਗੰਧਾਂ (ਉਸੇ ਦੀਆਂ) ਹਨ, (ਤਿਹਾ ਹੀ) ਅਨੂਪਮ ਰੂਪ ਬੀ ਧਰਤੀ ਦੇ ਹੀ (ਸ੍ਰਿਸ਼ਟੀ ਵਿਖੇ ਭਾਸਦੇ) ਹਨ (ਸਾਰੇ ਲੋਕ) ('ਤਰੱਸੈ'=) ਚਾਹੁੰਦੇ ਹਨ (ਉਨ੍ਹਾਂ ਸਰੂਪਾਂ ਨੂੰ)।

ਜੇਹਾ ਬੀਜੈ ਸੋ ਲੁਣੈ ਕਰਮਿ ਭੂਮਿ ਸਭ ਕੋਈ ਦਸੈ ।

(ਧਰਤੀ) ਕਰਮਾਂ ਦੀ ਭੂਮੀ ਹੈ ਜਿਹਾ ਕੋਈ ਬੀਜਦਾ ਹੈ ਤਿਹਾ ਹੀ ਵੱਢਦਾ ਹੈ, ਸਭ (ਇਹ ਗੱਲ 'ਦੱਸਦੇ' ਭਾਵ) ਪਰਵਾਨ ਕਰਦੇ ਹਨ।

ਚੰਦਨ ਲੇਪੁ ਨ ਲੇਪੁ ਹੈ ਕਰਿ ਮਲ ਮੂਤ ਕਸੂਤੁ ਨ ਧਸੈ ।

ਚੰਦਨ ਦੇ ਲੇਪਾਂ ਨਾਲ (ਧਰਤੀ) ਲਿਪਾਇਮਾਨ ਨਹੀਂ ਹੁੰਦੀ, ਅਰ ਕੋਈ ਮਲ ਮੂਤ੍ਰ ਦਾ ਕਸੂਤ੍ਰ ਕਰੇ ਤਾਂ ਧਸਦੀ ਨਹੀਂ (ਗੁੱਸੇ ਨਹੀਂ ਹੁੰਦੀ)।

ਵੁਠੇ ਮੀਹ ਜਮਾਇਦੇ ਡਵਿ ਲਗੈ ਅੰਗੂਰੁ ਵਿਗਸੈ ।

ਮੀਂਹ ਦੇ ਵਸਿਆਂ (ਲੋਕ ਅੰਨ) ਬੀਜਦੇ ਹਨ, ਦਾਵਾ ਅਗਨੀ ਦੇ ਲਗਨ ਨਾਲ ਅੰਗੂਰ ਫੁਟਦੇ ਹਨ (ਭਾਵ ਮੀਂਹ ਪਿਆਂ ਬੀ ਫਲ ਦੇਂਦੀ ਤੇ ਅੱਗ ਲਗਿਆਂ ਬੀ ਸਰਕੜੇ ਦੇ ਨਵੇਂ ਬੂਟੇ ਪੁੰਗਾਰਦੀ ਹੈ)।

ਦੁਖਿ ਨ ਰੋਵੈ ਸੁਖਿ ਨ ਹਸੈ ।੧੪।

ਦੁਖ ਵਿਖੇ ਰੋਂਦੀ ਨਹੀਂ ਅਰ ਸੁਖ ਵਿਖੇ ਪ੍ਰਸੰਨ ਨਹੀਂ ਹੁੰਦੀ।

ਪਉੜੀ ੧੫

ਪਿਛਲ ਰਾਤੀਂ ਜਾਗਣਾ ਨਾਮੁ ਦਾਨੁ ਇਸਨਾਨੁ ਦਿੜਾਏ ।

ਪਹਿਰ ਰਾਤ ਰਹਿੰਦੀ ਜਾਗਣਾ ਕਰੇ, ਨਾਮ, ਦਾਨ, ਇਸ਼ਨਾਨ ਦਾ ਅੱਭ੍ਯਾਸ ਕਰੇ।

ਮਿਠਾ ਬੋਲਣੁ ਨਿਵ ਚਲਣੁ ਹਥਹੁ ਦੇ ਕੈ ਭਲਾ ਮਨਾਏ ।

ਕੋਮਲ ਵਾਕ ਬੋਲੇ, ਨਿੰਮ੍ਰੀ ਭੂਤ ਹੋ ਕੇ ਚਲੇ, ਹਥੋਂ ਦੇਕੇ ਭਲਾ ਮਨਾਵੇ; (ਭਾਵ ਹਸਾਨ ਨਾ ਕਰੇ, ਲੈਣ ਵਾਲੇ ਦਾ ਹਸਾਨ ਜਾਣੇ)।

ਥੋੜਾ ਸਵਣਾ ਖਾਵਣਾ ਥੋੜਾ ਬੋਲਨੁ ਗੁਰਮਤਿ ਪਾਏ ।

ਸਵਣਾ, ਖਾਣਾ, ਬੋਲਣਾ ਥੋੜਾ ਥੋੜਾ ਕਰੇ ਅਰ ਗੁਰੂ ਦੀ ਮਤ (ਸਿਖਿਆ) ਗ੍ਰਹਿਣ ਕਰੇ।

ਘਾਲਿ ਖਾਇ ਸੁਕ੍ਰਿਤੁ ਕਰੈ ਵਡਾ ਹੋਇ ਨ ਆਪੁ ਗਣਾਏ ।

ਕਮਾਈ (ਦਸਾਂ ਨੌਹਾਂ ਦੀ ਕਰਕੇ) ਖਾਵੇ, ('ਸੁਕ੍ਰਿਤ ਕਰੇ') ਭਲੇ ਕੰਮ ਕਰੇ (ਦਸਵੰਧ ਆਦਿਕ ਦਾਨ ਕਰੇ) ਪਰ ਵੱਡਾ (ਦਾਨੀ) ਬਣਕੇ ਆਪਣਾ ਆਪ ਨਾ ਗਿਣਾਵੇ (ਇਹ ਯਾਦ ਰਖੇ 'ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ'। ਜੇਕਰ ਮਾਲੀ ਮਾਲਕ ਦੇ ਬਾਗ ਵਿਚੋਂ ਇਕ ਡਾਲੀ ਮਾਲਕ ਨੂੰ ਦੇਵੇ ਤਾਂ ਮਾਲੀ ਦੀ ਕੀ ਹਿੰਗ ਫਟਕੜੀ ਖਰਚ ਹੁੰਦੀ ਹੈ?

ਸਾਧਸੰਗਤਿ ਮਿਲਿ ਗਾਂਵਦੇ ਰਾਤਿ ਦਿਹੈਂ ਨਿਤ ਚਲਿ ਚਲਿ ਜਾਏ ।

ਜਿਥੇ ਸਾਧ ਸੰਗਤ ਮਿਲਕੇ ਕਥਾ ਕੀਰਤਨ ਕਰਨ ਰਾਤ ਦਿਨ ਨਿਤ ਤੁਰਕੇ ਜਾਵੇ (ਭਾਵ ਰਾਤ ਹੋਵੇ ਤਾਂ ਆਲਸ ਕਰ ਕੇ ਘੁਰਾੜੇ ਨਾ ਮਾਰੇ), (ਉਥੇ ਜਾਕੇ ਕੀ ਕਰੇ?)

ਸਬਦ ਸੁਰਤਿ ਪਰਚਾ ਕਰੈ ਸਤਿਗੁਰੁ ਪਰਚੈ ਮਨੁ ਪਰਚਾਏ ।

ਸ਼ਬਦ ਦੀ ਸੁਰਤ ਵਿਖੇ ਪ੍ਰੇਮ ਕਰੇ ਅਰ ਸਤਿਗੁਰੂ (ਗੁਰੂ ਨਾਨਕ ਦੇਵ ਦੇ) ਪ੍ਰੇਮ ਵਿਖੇ ਮਨ ਨੂੰ 'ਪਰਚਾਵੇ' (ਪ੍ਰੇਰੇ)।

ਆਸਾ ਵਿਚਿ ਨਿਰਾਸੁ ਵਲਾਏ ।੧੫।

ਆਸਾ ਵਿਖੇ ਨਿਰਾਸ ਹੋਕੇ ਰਹੇ, (ਸਾਧ ਸੰਗਤ ਵਿਖੇ ਦੁਧ, ਪੁਤ, ਧਨ ਦੀ ਆਸਾ ਨਾ ਕਰੇ, ਕੇਵਲ ਗੁਰੂ ਨਾਨਕ ਦੇਵ ਜੀ ਦਾ ਪ੍ਰੇਮ ਕਰ ਕੇ ਨਿਸ਼ਕਾਮ ਭਗਤੀ ਕਰੇ)।

ਪਉੜੀ ੧੬

ਗੁਰ ਚੇਲਾ ਚੇਲਾ ਗੁਰੂ ਗੁਰੁ ਸਿਖ ਸੁਣਿ ਗੁਰਸਿਖੁ ਸਦਾਵੈ ।

ਗੁਰੂ ਦਾ ਸਿਖ (ਬਣਕੇ) ਜੋ ਗੁਰੂ ਦੀ ਸਿਖ੍ਯਾ ਸੁਣਦਾ ਹੈ ਉਹ ਚੇਲਾ ਗੁਰੂ ਤੇ ਗੁਰੂ ਚੇਲਾ (ਇਕ ਰੂਪ ਹੀ) ਸਦਾਉਂਦਾ ਹੈ।

ਇਕ ਮਨਿ ਇਕੁ ਅਰਾਧਣਾ ਬਾਹਰਿ ਜਾਂਦਾ ਵਰਜਿ ਰਹਾਵੈ ।

ਇਕ ਮਨ ਹੋਕੇ ਇਕ (ਪਰਮਾਤਮਾ) ਦਾ ਧਿਆਨ ਰਖੇ ਅਰ ਬਾਹਰ ਨੂੰ ਜਾਂਦਾ (ਮਨ) ਰੋਕ ਕੇ (ਅੰਦਰ) ਰਖੇ।

ਹੁਕਮੀ ਬੰਦਾ ਹੋਇ ਕੈ ਖਸਮੈ ਦਾ ਭਾਣਾ ਤਿਸੁ ਭਾਵੈ ।

ਹੁਕਮ ਦਾ ਦਾਸ ਹੋਕੇ ('ਖਸਮ') ਵਾਹਿਗੁਰੂ ਦਾ ਭਾਣਾ ਉਸ ਨੂੰ ਚੰਗਾ ਲਗੇ।

ਮੁਰਦਾ ਹੋਇ ਮੁਰੀਦ ਸੋਇ ਕੋ ਵਿਰਲਾ ਗੁਰਿ ਗੋਰਿ ਸਮਾਵੈ ।

ਜੋ ਮੁਰਦਾ ਹੋ ਜਾਵੇ ਉਹ ਮੁਰੀਦ ਹੈ (ਪਰੰਤੂ) ਕੋਈ ਵਿਰਲਾ (ਮੁਰਦਾ ਹੈ ਜੋ) ਗੁਰੂ ਗੋਰ ਵਿਖੇ ਡੇਰਾ ਰਖਦਾ ਹੈ।

ਪੈਰੀ ਪੈ ਪਾ ਖਾਕੁ ਹੋਇ ਪੈਰਾਂ ਉਪਰਿ ਸੀਸੁ ਧਰਾਵੈ ।

ਪੈਰੀਂ ਪੈ ਕੇ ਗੁਰੂ ਦੇ ਪੈਰਾਂ ਦੀ ਖਾਕ ਹੋ ਜਾਂਦਾ ਹੈ ਅਰ ਹਰੇਕ ਗੁਰੁ ਸਿਖ ਦੇ ਪੈਰਾਂ ਪੁਰ ਸਿਰ ਝੁਕਾਉਂਦਾ ਹੈ ('ਜੋ ਦੀਸੈ ਗੁਰ ਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ')।

ਆਪੁ ਗਵਾਏ ਆਪੁ ਹੋਇ ਦੂਜਾ ਭਾਉ ਨ ਨਦਰੀ ਆਵੈ ।

ਆਪਾ ਭਾਵ ਛੱਡ ਕੇ ਆਪ (ਸੁਧ) ਹੋ ਜਾਂਦਾ ਹੈ, ਦੂਜਾ ਭਾਉ ਉਸ ਦੀ ਨਜ਼ਰ ਹੇਠ ਨਹੀਂ ਆਉਂਦਾ, (ਹਉਮੈ ਵਾਲੀ ਮੈ ਮਰ ਜਾਂਦੀ ਹੈ)।

ਗੁਰੁ ਸਿਖੀ ਗੁਰੁ ਸਿਖੁ ਕਮਾਵੈ ।੧੬।

(ਉਕਤ) ਗੁਰ ਸਿਖੀ ਨੂੰ ਗੁਰ ਸਿਖ ਹੀ ਕਮਾਉਂਦਾ ਹੈ, (ਦੂਜੇ ਭਾਉ ਵਾਲਿਆਂ ਦਾ ਕੰਮ ਨਹੀਂ, ਗੁਰੂ ਅੰਗਦ ਜੇਹੇ ਹੀ ਅਜਿਹੀ ਸਿਖੀ ਦਾ ਅਨੰਦ ਮਾਣਦੇ ਹਨ)।

ਪਉੜੀ ੧੭

ਤੇ ਵਿਰਲੇ ਸੈਂਸਾਰ ਵਿਚਿ ਦਰਸਨ ਜੋਤਿ ਪਤੰਗ ਮਿਲੰਦੇ ।

(ਜੇਹੜੇ ਗੁਰੂ ਦੀ) ਜੋਤ ਦੇ ਦਰਸ਼ਨ ਕਰਨ ਲਈ ਪਤੰਗ ਵਾਂਙ (ਪ੍ਰੇਮ ਕਰਕੇ) ਮਿਲਦੇ ਹਨ ਓਹ ਸੰਸਾਰ ਵਿਚ ਵਿਰਲੇ ਹਨ।

ਤੇ ਵਿਰਲੇ ਸੈਂਸਾਰ ਵਿਚਿ ਸਬਦ ਸੁਰਤਿ ਹੋਇ ਮਿਰਗ ਮਰੰਦੇ ।

ਸ਼ਬਦ ਦੀ ਪ੍ਰੀਤ ਵਿਖੇ ਮਿਰਗ ਵਾਂਙ (ਪ੍ਰੀਤ ਕਰਕੇ) ਜੋ ਮਰਦੇ (ਭਾਵ ਮੋਹਤ ਹੋ ਜਾਂਦੇ ਹਨ) ਉਹ ਸੰਸਾਰ ਵਿਚ ਵਿਰਲੇ ਹਨ।

ਤੇ ਵਿਰਲੇ ਸੈਂਸਾਰ ਵਿਚਿ ਚਰਣ ਕਵਲ ਹੁਇ ਭਵਰ ਵਸੰਦੇ ।

ਜੋ ਗੁਰੂ ਦੇ ਚਰਣ ਕਮਲਾਂ ਵਿਖੇ ਭਵਰ ਹੋਕੇ ਨਿਵਾਸ ਕਰਦੇ ਹਨ ਓਹ ਸੰਸਾਰ ਵਿਚ ਵਿਰਲੇ ਹਨ।

ਤੇ ਵਿਰਲੇ ਸੈਂਸਾਰ ਵਿਚਿ ਪਿਰਮ ਸਨੇਹੀ ਮੀਨ ਤਰੰਦੇ ।

(ਜੋ ਪਿਆਰੇ) ਅਕਾਲ ਪੁਰਖ (ਰੂਪੀ ਸਮੁੰਦਰ ਦੇ ਪ੍ਰੇਮੀ ਹੋਕੇ) ਮੱਛੀ ਵਾਂਙ ਤਰਦੇ ਹਨ ਓਹ ਸੰਸਾਰ ਵਿਚ ਵਿਰਲੇ ਹਨ।

ਤੇ ਵਿਰਲੇ ਸੈਂਸਾਰ ਵਿਚਿ ਗੁਰੁ ਸਿਖ ਗੁਰੁ ਸਿਖ ਸੇਵ ਕਰੰਦੇ ।

ਜੋ ਗੁਰ ਸਿੱਖ ਗੁਰੂ ਸਿੱਖਾਂ ਦੀ ਸੇਵਾ (ਮਨੋਂ ਤਨੋਂ ਹੋਕੇ) ਕਰਦੇ ਹਨ ਓਹ ਸੰਸਾਰ ਵਿਚ ਵਿਰਲੇ ਹਨ।

ਭੈ ਵਿਚਿ ਜੰਮਨਿ ਭੈ ਰਹਨਿ ਭੈ ਵਿਚਿ ਮਰਿ ਗੁਰੁ ਸਿਖ ਜੀਵੰਦੇ ।

ਭੈ ਵਿਖੇ ਜੰਮਕੇ ਭੈ ਵਿਖੇ ਰਹਿੰਦੇ ਅਰ ਭਯ ਵਿਖੇ ਹੀ ਮਰਦੇ ਹਨ ਓਹ ਗੁਰ ਸਿਖ (ਸਦਾ ਹੀ) ਜੀਉਂਦੇ ਹਨ। (ਭਾਵ ਬਾਲ ਅਵਸਥਾ ਥੋਂ ਧ੍ਰੂਹ ਭਗਤ ਵਾਗੂ ਅਕਾਲ ਪੁਰਖ ਵਿਖੇ ਅੰਤ ਤੀਕ ਪ੍ਰੀਤ ਰਖਦੇ ਹਨ, ਓਹ ਸਦਾ ਅਟੱਲ ਤੇ ਅਚਲ ਪਦਵੀ ਨੂੰ ਪ੍ਰਾਪਤ ਹੁੰਦੇ ਹਨ।

ਗੁਰਮੁਖ ਸੁਖ ਫਲੁ ਪਿਰਮੁ ਚਖੰਦੇ ।੧੭।

ਗੁਰਮੁਖ ਹੀ ਪਿਆਰੇ ਹਨ ਜੋ ਵਾਹਿਗੁਰੁ ਦਾ ਸੁਖ ਫਲ ਚਖਦੇ (ਭਾਵ ਬ੍ਰਹਮਾ ਨੰਦ ਵਿਖੇ ਸਦਾ ਮਗਨ ਰਹਿੰਦੇ) ਹਨ।

ਪਉੜੀ ੧੮

ਲਖ ਜਪ ਤਪ ਲਖ ਸੰਜਮਾਂ ਹੋਮ ਜਗ ਲਖ ਵਰਤ ਕਰੰਦੇ ।

ਲੱਖਾਂ ਜਪੀਏ ਲੱਖਾਂ ਤਪੀਏ ਹਨ, ਲੱਖਾਂ ਸੰਜਮ ਲੱਖਾਂ ਵਰਤ (ਨੇਮਾਦਿਕ ਉਪਾਵ) ਕਰਦੇ ਹਨ।

ਲਖ ਤੀਰਥ ਲਖ ਊਲਖਾ ਲਖ ਪੁਰੀਆ ਲਖ ਪੁਰਬ ਲਗੰਦੇ ।

ਲੱਖਾਂ ਤੀਰਥ, ਲੱਖਾਂ ਕੰਨਪਾਟੇ ਜੋਗੀਸ਼ਰ ਹਨ, ਲੱਖਾਂ ਪੁਰੀਆਂ (ਕਾਂਸ਼ੀ ਮਥਰਾਦਿਕ ਹਨ), ਲੱਖਾਂ ਪੁਰਬ (ਕੁੰਭ ਆਦਿਕ) ਲਗਦੇ ਹਨ।

ਦੇਵੀ ਦੇਵਲ ਦੇਹੁਰੇ ਲਖ ਪੁਜਾਰੀ ਪੂਜ ਕਰੰਦੇ ।

ਲੱਖਾਂ ਠਾਕਰ ਦੁਆਰੇ, ਦੇਹੁਰੇ, ਸਮਾਧਾਂ, ਲੱਖਾਂ ਪੁਜਾਰੀ ਪੂਜਾ ਕਰਣ ਹਾਰੇ ਹਨ।

ਜਲ ਥਲ ਮਹੀਅਲ ਭਰਮਦੇ ਕਰਮ ਧਰਮ ਲਖ ਫੇਰਿ ਫਿਰੰਦੇ ।

(ਲਖਾਂ) ਜਲਾਂ, ਥਲਾਂ, ਪ੍ਰਿਥਵੀ, ਅਕਾਸ਼ਪੁਰ ਭੌਣ ਹਾਰੇ ਹਨ, ਕਈ ਲੱਖਾਂ ਕਰਮਾਂ ਧਰਮਾਂ ਦੇ ਫੇਰਾਂ ਵਿੱਚ ਫਿਰਦੇ ਹਨ।

ਲਖ ਪਰਬਤ ਵਣ ਖੰਡ ਲਖ ਲਖ ਉਦਾਸੀ ਹੋਇ ਭਵੰਦੇ ।

ਲੱਖਾਂ ਪਹਾੜਾਂ ਵਣਖੰਡਾਂ ਵਿਖੇ ਉਦਾਸੀ ਹੋਕੇ (ਗ੍ਰਿਹਸਥ ਛੱਡਕੇ ਬਾਹਰ) ਭਟਕਦੇ ਹਨ।

ਅਗਨੀ ਅੰਗੁ ਜਲਾਇਂਦੇ ਲਖ ਹਿਮੰਚਲਿ ਜਾਇ ਗਲੰਦੇ ।

(ਪੰਜ ਧੂਣੀਆਂ ਤਪਕੇ) ਅੰਗਾਂ ਨੂੰ ਅੱਗ ਨਾਲ ਸਾੜਦੇ ਹਨ, ਲੱਖਾਂ ਹਿਮਾਲਾ (ਪਹਾੜ ਪਰ) ਜਾ ਕੇ ਗਲ ਜਾਂਦੇ ਹਨ (ਪਰੰਤੂ ਫਲ ਕੀ ਹੁੰਦਾ ਹੈ?)।

ਗੁਰ ਸਿਖੀ ਸੁਖੁ ਤਿਲੁ ਨ ਲਹੰਦੇ ।੧੮।

ਗੁਰਸਿੱਖੀ ਦੇ ਫਲ ਦੇ ਇਕ ਤਿਲ ਮਾਤ੍ਰ ਬੀ ਅਨੰਦ ਨੂੰ ਪ੍ਰਾਪਤ ਨਹੀਂ ਕਰ ਸਕਦੇ।

ਪਉੜੀ ੧੯

ਚਾਰਿ ਵਰਣ ਕਰਿ ਵਰਤਿਆ ਵਰਨੁ ਚਿਹਨੁ ਕਿਹੁ ਨਦਰਿ ਨ ਆਇਆ ।

ਚਾਰੇ ਵਰਣਾਂ ਵਿਖੇ (ਪਰਮਾਤਮਾਂ) ਵਰਤਦਾ ਹੈ, (ਪਰੰਤੂ ਉਸ ਦਾ) ਵਰਣ ਚਿਹਨ (ਕੋਈ) ਕਿਸੇ ਨੂੰ ਨਾ ਦਿਸਿਆ।

ਛਿਅ ਦਰਸਨੁ ਭੇਖਧਾਰੀਆਂ ਦਰਸਨ ਵਿਚਿ ਨ ਦਰਸਨੁ ਪਾਇਆ ।

ਛੀ ਦਰਸ਼ਨ ਦੇ ਭੇਖੀਆਂ ਨੇ ਦਰਸ਼ਨ (ਮਤ) ਵਿਖੇ (ਈਸ਼੍ਵਰ ਦਾ) ਦਰਸ਼ਨ ਨਹੀਂ ਪਾਇਆ (ਭਾਵ ਅੰਤਹਕਰਣ ਸ਼ੀਸ਼ੇ ਦੀ ਮਲਿਨਤਾ ਦੀ ਪਕੜ ਕਰ ਕੇ ਸਾਖ੍ਯਾਤਕਾਰ ਨਾ ਹੋਇਆ)।

ਸੰਨਿਆਸੀ ਦਸ ਨਾਵ ਧਰਿ ਨਾਉ ਗਣਾਇ ਨ ਨਾਉ ਧਿਆਇਆ ।

ਸੰਨਿਆਸੀਆਂ ਨੇ ਦਸ ਨਾਉਂ (ਗਿਰੀ, ਪੁਰੀ, ਭਾਰਤੀ ਆਦਿ) ਰਖਾਏ, (ਓਹ ਬੀ ਆਪੋ ਆਪਣੇ) ਨਾਉਂ ਹੀ ਗਿਣਾਉਂਦੇ ਰਹੇ, (ਪਰਮਾਤਮਾਂ ਦਾ) ਨਾਮ (ਕਿਸੇ ਨਾ) ਜਪਾਇਆ।

ਰਾਵਲ ਬਾਰਹ ਪੰਥ ਕਰਿ ਗੁਰਮੁਖ ਪੰਥੁ ਨ ਅਲਖੁ ਲਖਾਇਆ ।

ਜੋਗੀਆਂ ਨੇ ਬਾਰਾਂ ਪੰਥ (ਭੇਖ) ਥਾਪੇ (ਪਰੰਤੂ) ਗੁਰਮੁਖਾਂ ਦਾ ਪੰਥ ਅਲਖ ਹੀ ਰਿਹਾ, (ਉਸ ਨੂੰ) ਨਾ ਲਖ ਸਕੇ।

ਬਹੁ ਰੂਪੀ ਬਹੁ ਰੂਪੀਏ ਰੂਪ ਨ ਰੇਖ ਨ ਲੇਖੁ ਮਿਟਾਇਆ ।

ਬਹੁ ਰੂਪੀ ਬਾਹਲੇ ਰੂਪ ਕਰ ਕੇ (ਅਕਾਲ ਪੁਰਖ ਦਾ) ਕੋਈ ਰੂਪ ਰੇਖ ਨਹੀਂ ਹੈ ਅਰ ਕੋਈ (ਉਸ ਦੀ) ਲਿਖਤ ਨੂੰ ਨਹੀਂ ਮਿਟਾ ਸਕਿਆ (ਗੱਲ ਕੀ ਉਨ੍ਹਾਂ ਦੇ ਹੱਥ ਬੀ ਕੁਝ ਨਾ ਆਇਆ)।

ਮਿਲਿ ਮਿਲਿ ਚਲਦੇ ਸੰਗ ਲਖ ਸਾਧੂ ਸੰਗਿ ਨ ਰੰਗ ਰੰਗਾਇਆ ।

(ਲਖਾਂ ਮੰਡਲੀਆਂ ਬਣਾ ਕੇ) ਮਿਲ ਮਿਲ ਕੇ ਸਾਥ ਚਲਦੇ ਹਨ, (ਪਰੰਤੂ) ਸਾਧ ਸੰਗਤ ਦੇ ਰੰਗ ਵਿਖੇ ਨਾ ਪ੍ਰੇਮ ਕੀਤਾ।

ਵਿਣ ਗੁਰੁ ਪੂਰੇ ਮੋਹੇ ਮਾਇਆ ।੧੯।

ਪੂਰੇ ਗੁਰੂ ਬਾਝ ਮਾਯਾ ਵਿਖੇ ਹੀ ਮੋਹਤ ਰਹੇ, (ਪੂਰਣ ਗੁਰੂ ਬਾਝ ਉਕਤ ਵਰਣਾਦਿਕਾ ਵਿਚੋਂ ਕਿਸੇ ਭੇਖ ਵਿਖੇ ਮੁਕਤੀ ਨਹੀਂ ਹੈ, ਪੂਰਾ ਗੁਰੂ ਗੁਰ ਨਾਨਕ ਹੈ)।

ਪਉੜੀ ੨੦

ਕਿਰਸਾਣੀ ਕਿਰਸਾਣ ਕਰਿ ਖੇਤ ਬੀਜਿ ਸੁਖ ਫਲੁ ਨ ਲਹੰਦੇ ।

ਜ਼ਿਮੀਂਦਾਰ ਲੋਕ ਜ਼ਿਮੀਂਦਾਰੀ ਦੇ ਕੰਮ ਵਿਚ ਖੇਤ ਬੀਜ ਕੇ ਸੁਖ ਫਲ (ਆਤਮ ਫਲ ਨੂੰ) ਨਹੀਂ ਲੈ ਸਕਦੇ।

ਵਣਜੁ ਕਰਨਿ ਵਾਪਾਰੀਏ ਲੈ ਲਾਹਾ ਨਿਜ ਘਰਿ ਨ ਵਸੰਦੇ ।

ਵਪਾਰੀ ਲੋਕ ਵਪਾਰ ਵਿਚ ਲਾਭ ਉਠਾਕੇ ਸ੍ਵੈਸਰੂਪ ਵਿਚ ਵਾਸਾ ਨਹੀਂ ਪਾ ਸਕਦੇ।

ਚਾਕਰ ਕਰਿ ਕਰਿ ਚਾਕਰੀ ਹਉਮੈ ਮਾਰਿ ਨ ਸੁਲਹ ਕਰੰਦੇ ।

ਨੌਕਰ ਲੋਕ ਚਾਕਰੀ ਕਰ ਕੇ ਅਹੰਤਾ ਮਮਤਾ ਦੂਰ ਕਰ ਕੇ (ਵਾਹਿਗੁਰੂ ਨਾਲ) ਸਨੇਹ ਨਹੀਂ ਰਖਦੇ (ਭਾਵ ਚਾਕਰੀ ਦੀ ਖੱਟੀ ਨਾਲ ਪਰਮੇਸ਼ੁਰ ਦੀ ਪ੍ਰਾਪਤੀ ਤੇ ਰਾਗਦ੍ਵੈਖ ਦੀ ਦੂਰੀ ਨਹੀਂ ਹੁੰਦੀ)।

ਪੁੰਨ ਦਾਨ ਚੰਗਿਆਈਆਂ ਕਰਿ ਕਰਿ ਕਰਤਬ ਥਿਰੁ ਨ ਰਹੰਦੇ ।

ਪੁੰਨ ਦਾਨਾਇਕ ਭਲਾਈਆਂ ਕਰਨਹਾਰੇ ਕਈ ('ਕਰਤਬ') ਕਰਮ ਕਰ ਕੇ ਥਿਰ ਨਹੀਂ ਰਹਿੰਦੇ (ਭਾਵ ਸਦਾ ਸਥਿਰਤਾ ਦੀ ਪਦਵੀ ਨੂੰ ਨਹੀਂ ਪਾ ਸਕਦੇ)।

ਰਾਜੇ ਪਰਜੇ ਹੋਇ ਕੈ ਕਰਿ ਕਰਿ ਵਾਦੁ ਨ ਪਾਰਿ ਪਵੰਦੇ ।

ਰਾਜੇ, ਰਯਤ, ਹੋ ਕੇ ਆਪੋ ਵਿਚ (ਕਈ ਪ੍ਰਕਾਰ ਦੇ) ਝਗੜੇ ਕਰਦੇ ਹਨ (ਪਰ ਭਉਜਲ ਤੋਂ) ਪਾਰ ਨਹੀਂ ਹੋ ਸਕਦੇ।

ਗੁਰਸਿਖ ਸੁਣਿ ਗੁਰੁ ਸਿਖ ਹੋਇ ਸਾਧਸੰਗਤਿ ਕਰਿ ਮੇਲ ਮਿਲੰਦੇ ।

(ਜੋ ਲੋਕ) ਗੁਰੂ (ਅਰਜਨ ਦੇਵ) ਦੇ ਸਿਖ ਹੋਕੇ, ਗੁਰ ਸਿੱਖ੍ਯਾ ਨੂੰ ਸੁਣਕੇ ਸਾਧ ਸੰਗਤ ਦੇ ਮੇਲ ਵਿਖੇ (ਰਹਿੰਦੇ ਹਨ ਓਹ ਵਾਹਿਗੁਰੂ ਨੂੰ ਆਤਮ ਸੁਖਾਂ ਤੇ ਪਦਾਂ ਨੂੰ) ਮਿਲਦੇ (ਪ੍ਰਾਪਤ ਹੁੰਦੇ) ਹਨ।

ਗੁਰਮਤਿ ਚਲਦੇ ਵਿਰਲੇ ਬੰਦੇ ।੨੦।

(ਜੋ) ਗੁਰੂ ਦੀ ਸਿੱਖ੍ਯਾ ਵਿਖੇ ਚਲਦੇ ਹਨ, (ਅਜਿਹੇ) 'ਬੰਦੇ' ਵਿਰਲੇ ਹਨ।

ਪਉੜੀ ੨੧

ਗੁੰਗਾ ਗਾਵਿ ਨ ਜਾਣਈ ਬੋਲਾ ਸੁਣੈ ਨ ਅੰਦਰਿ ਆਣੈ ।

(ਪ੍ਰੇਮ ਰੂਪੀ ਜੀਭ ਥੋਂ ਬਾਝ) ਗੁੰਗਾ ਗਾਉਣਾ ਨਹੀਂ ਜਾਣਦਾ, (ਨਿਸਚੇ ਰੂਪੀ ਕੰਨਾਂ ਥੋਂ ਬਾਝ) ਬੋਲਾ (ਹਰਿ ਜਸ ਨੂੰ) ਸੁਣ ਨਹੀਂ ਸਕਦਾ, ਨਾ ਹੀ ਅੰਦਰ ਆਣੇ (ਭਾਵ ਧਾਰਣ ਕਰ ਸਕਦਾ ਹੈ)।

ਅੰਨ੍ਹੈ ਦਿਸਿ ਨ ਆਵਈ ਰਾਤਿ ਅਨ੍ਹੇਰੀ ਘਰੁ ਨ ਸਿਾਣੈ ।

(ਵਿਚਾਰ ਰੂਪੀ ਅੱਖਾਂ ਥੋਂ ਬਾਝ) ਅੰਨ੍ਹੇ ਨੂੰ ਦਿਸਦਾ ਨਹੀਂ, ਰਾਤ ਹਨੇਰੀ (ਅਵਿੱਦ੍ਯਾ ਦੀ ਬਾਹੁਲਤਾ ਵਿਖੇ ਆਪਣਾ ਸਰੂਪ ਰੂਪੀ) ਘਰ ਨਹੀਂ ਪਛਾਣਦਾ।

ਚਲਿ ਨ ਸਕੈ ਪਿੰਗੁਲਾ ਲੂਲ੍ਹਾ ਗਲਿ ਮਿਲਿ ਹੇਤੁ ਨ ਜਾਣੈ ।

ਪਿੰਗਲਾ (ਭੈ ਰੂਪੀ ਪੈਰਾਂ ਥੋਂ ਬਾਝ) ਚੱਲ ਨਹੀਂ ਸਕਦਾ, (ਉਪਕਾਰ ਰੂਪੀ ਹਥਾਂ ਬਾਝ 'ਲੂਲ੍ਹਾ') ਟੁੰਡਾ ਗਲ ਮਿਲਣ ਦਾ ਅਨੰਦ ਨਹੀਂ ਮਾਣਦਾ।

ਸੰਢਿ ਸਪੁਤੀ ਨ ਥੀਐ ਖੁਸਰੇ ਨਾਲਿ ਨ ਰਲੀਆਂ ਮਾਣੈ ।

ਸੰਢ (ਅਨੀਸ਼੍ਵਰ ਵਾਦੀ ਜੱਗ੍ਯਾਸੂ ਰੂਪ ਇਸਤ੍ਰੀ) ਸਪੂਤੀ (ਗਿਆਨ) ਪੁੱਤ੍ਰ ਵਾਲੀ ਨਹੀਂ ਹੁੰਦੀ, ਖੁਸਰੇ (ਝੂਠੇ ਗੁਰੂ) ਨਾਲ (ਜਗ੍ਯਾਸੂ ਰੂਪ ਤੀਵੀਂ) ਆਨੰਦ ਨਹੀਂ ਮਾਣ ਸਕਦੀ।

ਜਣਿ ਜਣਿ ਪੁਤਾਂ ਮਾਈਆਂ ਲਾਡਲੇ ਨਾਂਵ ਧਰੇਨਿ ਧਿਙਾਣੈ ।

ਮਾਵਾਂ ਨੇ ਪੁਤ੍ਰ ਜਣ ਜਣਕੇ ਲਾਡਾਂ ਨਾਲ ਬਦੋ ਬਦੀ (ਚੰਗੇ) ਨਾਮ ਧਰ ਦਿੱਤੇ ਹਨ (ਭਾਵ ਚੰਗੇ ਨਾਵਾਂ ਨਾਲ ਕੋਈ ਸੱਚ ਮੁਚ ਚੰਗਾ ਨਹੀਂ ਹੋ ਸਕਦਾ)।

ਗੁਰਸਿਖੀ ਸਤਿਗੁਰੂ ਵਿਣੁ ਸੂਰਜੁ ਜੋਤਿ ਨ ਹੋਇ ਟਟਾਣੈ ।

ਸਤਿਗੁਰੂ ਤੋਂ ਬਿਨਾਂ ਗੁਰ ਸਿਖੀ ਨਹੀਂ ਹੋ ਸਕਦੀ, ਟਟਹਿਣਿਆਂ (ਦਾ ਚਾਨਣ) ਸੂਰਜ ਦੀ ਜੋਤ ਨੂੰ ਨਹੀਂ ਪਹੁੰਚ ਸਕਦਾ।

ਸਾਧਸੰਗਤਿ ਗੁਰ ਸਬਦੁ ਵਖਾਣੈ ।੨੧।

ਸਾਧ ਸੰਗਤ ਗੁਰੂ ਦਾ ਸ਼ਬਦ ਕਮਾਏ (ਬਿਨਾਂ ਨਹੀਂ ਹੋ ਸਕਦੀ)।

ਪਉੜੀ ੨੨

ਲਖ ਧਿਆਨ ਸਮਾਧਿ ਲਾਇ ਗੁਰਮੁਖਿ ਰੂਪਿ ਨ ਅਪੜਿ ਸਕੈ ।

ਲਖਾਂ ਧਿਆਨੀ ਲੋਕ ਸਮਾਧੀਆਂ ਲਾਉਂਦੇ, ਪਰੰਤੂ ਗੁਰਮੁਖਾਂ ਦੇ ਰੂਪ ਨੂੰ ਪਹੁੰਚ ਨਹੀਂ ਸੱਕੇ।

ਲਖ ਗਿਆਨ ਵਖਾਣਿ ਕਰ ਸਬਦ ਸੁਰਤਿ ਉਡਾਰੀ ਥਕੈ ।

ਲੱਖਾਂ ਗਿਆਨੀ, ਵਯਾਖ੍ਯਾਨਾਂ ਨੂੰ ਕਰ ਕੇ ਸਬਦ (ਬ੍ਰਹਮ ਦੀ) ਸੁਰਤ ਦੀ ਉਡਾਰੀ ਵਿਖੇ ਥਕਤ ਹੋ ਗਏ।

ਬੁਧਿ ਬਲ ਬਚਨ ਬਿਬੇਕ ਲਖ ਢਹਿ ਢਹਿ ਪਵਨਿ ਪਿਰਮ ਦਰਿ ਧਕੈ ।

ਬੁੱਧੀ ਦੇ ਬਲ ਅਤੇ ਬਚਨਾਂ ਦੇ ਵਿਚਾਰ ਲੱਖਾਂ ਕੀਤੇ ਅੰਤ ਨੂੰ ਪਿਰੀ ਦੇ ਦਰਵਾਜੇ ਥੋਂ ਧੱਕੇ ਖਾ ਢਹਿ (ਗਿਰ) ਗਏ।

ਜੋਗ ਭੋਗ ਬੈਰਾਗ ਲਖ ਸਹਿ ਨ ਸਕਹਿ ਗੁਣ ਵਾਸੁ ਮਹਕੈ ।

ਜੋਗੀ, ਭੋਗੀ, ਲੱਖਾਂ ਵਿਰਕਤ ਲੋਕ ਗੁਣਾਂ ਦੀ ਵਾਸ਼ਨਾ ਮਹਿਕ (ਭਾਵ ਸ਼ਾਨ ਸ਼ੌਕਤਾਂ ਨੂੰ)। ਦੇਖਕੇ ਸਹਾਰ ਨਾ ਸਕੇ (ਗੱਲਕੀ, ਸੁਤ, ਵਿਤ, ਲੋਕ ਦੀ ਈਖਣਾ ਵਿਖੇ ਆਕੇ ਈਸ਼੍ਵਰੀਯ ਈਖਣਾ ਥੋਂ ਹੱਥ ਧੋ ਬੈਠੇ)।

ਲਖ ਅਚਰਜ ਅਚਰਜ ਹੋਇ ਅਬਿਗਤਿ ਗਤਿ ਅਬਿਗਤਿ ਵਿਚਿ ਅਕੈ ।

ਲਖਾਂ ਅਚਰਜ (ਪਦਾਰਥਾਂ ਨੂੰ ਦੇਖਕੇ) ਅਚਰਜ ਹੋ ਜਾਂਦੇ ਹਨ ਅਰ ('ਅਬਿਗਤ'=) ਪ੍ਰਮਾਤਮਾ ਦੀ ਗਤੀ ('ਅਬਗਤ'=) ਔਖ੍ਯਾਈ ਵਾਲੀ ਪ੍ਰਾਪਤੀ ਵਿਖੇ ਅੱਕ ਜਾਂਦੇ ਹਨ।

ਵਿਸਮਾਦੀ ਵਿਸਮਾਦੁ ਲਖ ਅਕਥ ਕਥਾ ਵਿਚਿ ਸਹਮਿ ਸਹਕੈ ।

ਵਿਸਮਾਦਾਂ ਵਿਚ ਲਖਾਂ ਵਿਸਮਾਦੀ (ਲੋਕ ਅਤੇ ਉਸ ਪਰਮਾਤਮਾਂ ਦੀਆਂ) ਅਕੱਥ ਕਥਾ ਵਿਚ ਵਿਚ ਸਹਿਮ (ਡਰ) ਨਾਲ ਸਹਿਕਦੇ ਹਨ।

ਗੁਰਸਿਖੀ ਦੈ ਅਖਿ ਫਰਕੈ ।੨੨।੨੮। ਅਠਾਈ ।

(ਏਹ ਸਾਰੇ) ਗੁਰਸਿੱਖੀ ਦੇ ਅੱਖ ਫਰਕਣ (ਨੂੰ ਨਹੀਂ ਪਹੁੰਚ ਸਕਦੇ ਜਾਂ ਗੁਰਸਿੱਖੀ ਦੇ ਅਗੇ ਅੱਖ ਫਰਕਣ ਵਿਖੇ ਤਾਬੜ ਤੋੜ ਗਿਆਨ ਹੋ ਜਾਂਦਾ ਹੈ, ਅਥਵਾ ਗੁਰਸਿਖੀ ਥੋਂ ਅੱਖ ਬੁਧੀ ਦੀ ਖਿੜ ਜਾਂਦੀ ਹੈ।)


Flag Counter