ਵਾਰਾਂ ਭਾਈ ਗੁਰਦਾਸ ਜੀ

ਅੰਗ - 12


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

(ਬਹਿਠਾ=ਬੈਠਦੇ ਹਨ। ਇਠਾ=ਇਸ਼ਟ, ਵਾਂਛਤ ਪਦਾਰਥ। ਅਭਿਰਿਠਾ=ਪ੍ਯਾਰੀ। ਸਰਿਠਾ=ਸ੍ਰਿਸ਼ਟੀ। ਪਣਿਠਾ=ਦੂਰ ਹੋਣਾ।)

ਬਲਿਹਾਰੀ ਤਿਨ੍ਹਾਂ ਗੁਰਸਿਖਾਂ ਜਾਇ ਜਿਨਾ ਗੁਰ ਦਰਸਨੁ ਡਿਠਾ ।

ਉਹਨਾਂ ਗੁਰ ਸਿੱਖਾਂ ਦੇ ਮੈਂ ਬਲਿਹਾਰੀ ਹਾਂ ਜਿਨ੍ਹਾਂ ਜਾਕੇ ਗੁਰੂ ਜੀ ਦਾ ਦਰਸ਼ਨ ਕੀਤਾ ਹੈ।

ਬਲਿਹਾਰੀ ਤਿਨ੍ਹਾਂ ਗੁਰਸਿਖਾਂ ਪੈਰੀ ਪੈ ਗੁਰ ਸਭਾ ਬਹਿਠਾ ।

ਉਨ੍ਹਾਂ ਗੁਰਸਿੱਖਾਂ ਦੇ ਮੈਂ ਬਲਿਹਾਰੀ ਹਾਂ ਜੋ ਗੁਰੂ ਦੀ ਪੈਰੀ ਪੈ ਕੇ (ਗੁਰੂ ਦੀ) ਸਭਾ ਵਿਖੇ ਬੈਠਦੇ ਹਨ।

ਬਲਿਹਾਰੀ ਤਿਨ੍ਹਾਂ ਗੁਰਸਿਖਾਂ ਗੁਰਮਤਿ ਬੋਲ ਬੋਲਦੇ ਮਿਠਾ ।

ਉਨ੍ਹਾਂ ਗੁਰਸਿੱਖਾਂ ਦੇ ਮੈਂ ਬਲਿਹਾਰੀ ਹਾਂ ਜੋ ਗੁਰੂ ਦੀ ਸਿੱਖ੍ਯਾ ਲੈ ਕੇ ਮਿੱਠਾ ਬੋਲ ਬੋਲਦੇ ਹਨ।

ਬਲਿਹਾਰੀ ਤਿਨ੍ਹਾਂ ਗੁਰਸਿਖਾਂ ਪੁਤ੍ਰ ਮਿਤ੍ਰ ਗੁਰਭਾਈ ਇਠਾ ।

ਉਨ੍ਹਾਂ ਗੁਰਸਿੱਖਾਂ ਦੇ ਮੈਂ ਬਲਿਹਾਰੀ ਹਾਂ ਜੋ ਗੁਰ ਭਾਈਆਂ ਨੂੰ ਹੀ ਪੁੱਤ੍ਰ ਮਿੱਤ੍ਰ ਇਸ਼ਟ ਪਦਾਰਥ (ਸਮਝਦੇ) ਹਨ।

ਬਲਿਹਾਰੀ ਤਿਨ੍ਹਾਂ ਗੁਰਸਿਖਾਂ ਗੁਰ ਸੇਵਾ ਜਾਣਨਿ ਅਭਿਰਿਠਾ ।

ਉਨ੍ਹਾਂ ਗੁਰਸਿੱਖਾਂ ਦੇ ਮੈਂ ਬਲਿਹਾਰੀ ਹਾਂ ਜੋ ਗੁਰੂ ਦੀ ਸੇਵਾ ਪਿਆਰੀ ਜਾਣਦੇ ਹਨ।

ਬਲਿਹਾਰੀ ਤਿਨ੍ਹਾਂ ਗੁਰਸਿਖਾਂ ਆਪਿ ਤਰੇ ਤਾਰੇਨਿ ਸਰਿਠਾ ।

ਉਨ੍ਹਾਂ ਗੁਰਸਿੱਖਾਂ ਦੇ ਮੈਂ ਬਲਿਹਾਰੀ ਹਾਂ ਜੋ ਆਪ ਤਰੇ ਹਨ ਤੇ ਸ੍ਰਿਸ਼ਟੀ ਨੂੰ ਬੀ ਤਾਰਦੇ ਹਨ।

ਗੁਰਸਿਖ ਮਿਲਿਆ ਪਾਪ ਪਣਿਠਾ ।੧।

ਗੁਰਮੁਖਾਂ ਦੇ ਮਿਲਣ ਨਾਲ ਪਾਪ ਦੂਰ ਹੋ ਜਾਂਦੇ ਹਨ।

ਪਉੜੀ ੨

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਪਿਛਲ ਰਾਤੀ ਉਠਿ ਬਹੰਦੇ ।

ਮੈਂ ਉਨ੍ਹਾਂ ਗੁਰਸਿੱਖਾਂ ਦੇ ਕੁਰਬਾਨ ਹਾਂ ਜੋ ਪਿਛਲੀ ਰਾਤੀਂ ਉਠ ਬੈਠਦੇ ਹਨ।

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਅੰਮ੍ਰਿਤੁ ਵੇਲੈ ਸਰਿ ਨਾਵੰਦੇ ।

ਉਨ੍ਹਾਂ ਗੁਰਸਿੱਖਾਂ ਦੇ ਕੁਰਬਾਨ ਹਾਂ ਜੋ ਤੜਕੇ ਸਰ ਨ੍ਹਾ ਲੈਂਦੇ ਹਨ।

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਹੋਇ ਇਕ ਮਨਿ ਗੁਰ ਜਾਪੁ ਜਪੰਦੇ ।

ਮੈਂ ਉਨ੍ਹਾਂ ਗੁਰਸਿੱਖਾਂ ਦੇ ਕੁਰਬਾਨ ਹਾਂ ਜੋ ਸਾਧ ਇੱਕ ਮਨ ਹੋ ਕੇ ਗੁਰੂ ਦਾ ਜਾਪ ਕਰਦੇ ਹਨ।

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਸਾਧਸੰਗਤਿ ਚਲਿ ਜਾਇ ਜੁੜੰਦੇ ।

ਮੈਂ ਉਨ੍ਹਾਂ ਗੁਰਸਿੱਖਾਂ ਦੇ ਕੁਰਬਾਨ ਹਾਂ ਜੋ ਸਾਧ ਸੰਗਤ ਵਿਚ ਜਾ ਸ਼ਾਮਲ ਹੁੰਦੇ ਹਨ।

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਗੁਰਬਾਣੀ ਨਿਤਿ ਗਾਇ ਸੁਣੰਦੇ ।

ਮੈਂ ਉਨ੍ਹਾਂ ਗੁਰਸਿੱਖਾਂ ਦੇ ਕੁਰਬਾਨ ਹਾਂ ਜੋ ਗੁਰਬਾਣੀ ਨਿੱਤ (ਗਾਉਂਦੇ ਯਾ) ਜਾ ਕੇ ਸੁਣਦੇ ਹਨ।

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਮਨਿ ਮੇਲੀ ਕਰਿ ਮੇਲਿ ਮਿਲੰਦੇ ।

ਮੈਂ ਉਨ੍ਹਾਂ ਗੁਰਸਿੱਖਾਂ ਦੇ ਕੁਰਬਾਨ ਹਾਂ ਜੋ ਮਨ ਮੇਲੀ (ਭਾਲਕੇ, ਉਸ) ਨਾਲ ਮੇਲ ਕਰਦੇ ਹਨ।

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਭਾਇ ਭਗਤਿ ਗੁਰਪੁਰਬ ਕਰੰਦੇ ।

ਮੈਂ ਉਨ੍ਹਾਂ ਗੁਰਸਿੱਖਾਂ ਦੇ ਕੁਰਬਾਨ ਹਾਂ ਜੋ ਪ੍ਰੇਮਾਭਗਤੀ ਤੇ ਗੁਰਪੁਰਬ ਕਰਦੇ ਹਨ।

ਗੁਰ ਸੇਵਾ ਫਲੁ ਸੁਫਲ ਫਲੰਦੇ ।੨।

ਗੁਰ ਸੇਵਾ ਦੇ ਸੁਫਲ ਫਲਾਂ ਨਾਲ (ਉਹ) ਫਲਦੇ ਹਨ।

ਪਉੜੀ ੩

ਹਉ ਤਿਸ ਵਿਟਹੁ ਵਾਰਿਆ ਹੋਦੈ ਤਾਣਿ ਜੁ ਹੋਇ ਨਿਤਾਣਾ ।

ਮੈਂ ਉਸਥੋਂ ਵਾਰਨੇ ਜਾਂਦਾ ਹਾਂ, ਜੋ ਬਲ ਦੇ ਹੁੰਦਿਆ ਨਿਤਾਣਾ (ਨਿਰਬਲ) ਹੋ ਰਹੇ।

ਹਉ ਤਿਸ ਵਿਟਹੁ ਵਾਰਿਆ ਹੋਦੈ ਮਾਣਿ ਜੁ ਰਹੈ ਨਿਮਾਣਾ ।

ਮੈਂ ਉਸਥੋਂ ਵਾਰਨੇ ਜਾਂਦਾ ਹਾਂ, ਜੋ ਮਾਣ ਦੇ ਹੁੰਦੇ ਨਿਮਾਣਾ (ਗਰੀਬ) ਹੋ ਰਹੇ।

ਹਉ ਤਿਸ ਵਿਟਹੁ ਵਾਰਿਆ ਛੋਡਿ ਸਿਆਣਪ ਹੋਇ ਇਆਣਾ ।

ਮੈਂ ਉਸਥੋਂ ਵਾਰਨੇ ਜਾਂਦਾ ਹਾਂ ਜੋ ਸਿਆਣਪਾਂ ਛੱਡਕੇ ਇਆਣਾ (ਭੋਲਾ ਭਾਲਾ) ਬਣ ਰਹੇ।

ਹਉ ਤਿਸੁ ਵਿਟਹੁ ਵਾਰਿਆ ਖਸਮੈ ਦਾ ਭਾਵੈ ਜਿਸੁ ਭਾਣਾ ।

ਮੈਂ ਉਸਥੋਂ ਵਾਰਨੇ ਜਾਂਦਾ ਹਾਂ ਜਿਸ ਨੂੰ ਖਸਮ ਦਾ ਭਾਣਾ ਚੰਗਾ ਲੱਗਦਾ ਹੈ।

ਹਉ ਤਿਸੁ ਵਿਟਹੁ ਵਾਰਿਆ ਗੁਰਮੁਖਿ ਮਾਰਗੁ ਦੇਖਿ ਲੁਭਾਣਾ ।

ਮੈਂ ਉਸਥੋਂ ਵਾਰਨੇ ਜਾਂਦਾ ਹਾਂ ਜੇਹੜਾ ਗੁਰਮੁਖਾਂ ਦੇ ਮਾਰਗ ਪੁਰ ਲੁਭਾਇਮਾਨ ਹੈ (ਭਾਵ ਵੱਡਾ ਸ਼ਰਧਾਲੂ ਹੈ)।

ਹਉ ਤਿਸੁ ਵਿਟਹੁ ਵਾਰਿਆ ਚਲਣੁ ਜਾਣਿ ਜੁਗਤਿ ਮਿਹਮਾਣਾ ।

ਮੈਂ ਉਸਥੋਂ ਵਾਰਨੇ ਜਾਂਦਾ ਹਾਂ ਜੇਹੜਾ (ਸੰਸਾਰ ਥੋਂ) ਕੂਚ ਕਰਣਾ ਜਾਣ ਕੇ ਪਰਾਹੁਣਾ ਬਣ ਰਹੇ।

ਦੀਨ ਦੁਨੀ ਦਰਗਹ ਪਰਵਾਣਾ ।੩।

(ਉਹ ਉਕਤ ਪੁਰਖ) ਦੀਨ, ਦੁਨੀਆਂ ਤੇ ਦਰਗਾਹ ਵਿਖੇ ਪ੍ਰਮਾਣਿਕ ਹੈ।

ਪਉੜੀ ੪

ਹਉ ਤਿਸੁ ਘੋਲਿ ਘੁਮਾਇਆ ਗੁਰਮਤਿ ਰਿਦੈ ਗਰੀਬੀ ਆਵੈ ।

ਮੈਂ ਉਸਥੋਂ ਵਾਰਨੇ ਜਾਂਦਾ ਹਾਂ ਜੋ ਗੁਰੂ ਦੀ ਮੱਤ ਲੈਕੇ ਰਿਦੇ ਗਰੀਬੀ ਧਾਰਨ ਕਰੇ।

ਹਉ ਤਿਸੁ ਘੋਲਿ ਘੁਮਾਇਆ ਪਰ ਨਾਰੀ ਦੇ ਨੇੜਿ ਨ ਜਾਵੈ ।

ਮੈਂ ਉਸਥੋਂ ਵਾਰਨੇ ਜਾਂਦਾ ਹਾਂ ਜੋ ਪਰਾਈ ਇਸਤ੍ਰੀ ਦੇ ਨੇੜੇ ਨਾ ਜਾਵੇ, (ਭਾਵ ਜਤੀ ਹੋਵੇ)।

ਹਉ ਤਿਸੁ ਘੋਲਿ ਘੁਮਾਇਆ ਪਰ ਦਰਬੈ ਨੋ ਹਥੁ ਨ ਲਾਵੈ ।

ਮੈਂ ਉਸਥੋਂ ਵਾਰਨੇ ਜਾਂਦਾ ਹਾਂ ਜੋ ਪਰਾਏ ਧਨ ਨੂੰ ਹੱਥ ਨਾ ਲਾਵੇ, (ਭਾਵ ਲੋਭ ਨਾ ਕਰੇ)।

ਹਉ ਤਿਸੁ ਘੋਲਿ ਘੁਮਾਇਆ ਪਰ ਨਿੰਦਾ ਸੁਣਿ ਆਪੁ ਹਟਾਵੈ ।

ਮੈਂ ਉਸਥੋਂ ਵਾਰਨੇ ਜਾਂਦਾ ਹਾਂ ਜੋ ਪਰਾਈ ਨਿੰਦਾ ਸੁਣਨ ਥੋਂ (ਆਪਣਾ) ਆਪ ਹਟਾ ਲਵੇ।

ਹਉ ਤਿਸੁ ਘੋਲਿ ਘੁਮਾਇਆ ਸਤਿਗੁਰ ਦਾ ਉਪਦੇਸੁ ਕਮਾਵੈ ।

ਮੈਂ ਉਸਥੋਂ ਵਾਰਨੇ ਜਾਂਦਾ ਹਾਂ ਜੋ ਸਤਿਗੁਰੂ ਦੇ ਉਪਦੇਸ਼ ਨੂੰ ਕਮਾਵੇ (ਭਾਵ ਮੰਨਣ ਕਰੇ)।

ਹਉ ਤਿਸੁ ਘੋਲਿ ਘੁਮਾਇਆ ਥੋੜਾ ਸਵੈ ਥੋੜਾ ਹੀ ਖਾਵੈ ।

ਮੈਂ ਉਸਥੋਂ ਵਾਰਨੇ ਜਾਂਦਾ ਹਾਂ ਜੋ ਥੋੜਾ ਸਵੇਂ ਤੇ ਥੋੜਾ ਹੀ ਖਾਵੇ (ਕਿਉਂ ਜੋ ਭਜਨ ਵਿਖੇ ਵਿਘਨ ਪੈਂਦਾ ਹੈ)।

ਗੁਰਮੁਖਿ ਸੋਈ ਸਹਜਿ ਸਮਾਵੈ ।੪।

(ਓਹੀ) ਗੁਰਮੁਖ (ਜੋ ਉਕਤ ਸਿਖ੍ਯਾ ਧਾਰਨ ਕਰਦਾ ਹੈ) ਸਹਜ ਪਦ ਵਿਖੇ ਸਮਾਉਂਦਾ ਹੈ।

ਪਉੜੀ ੫

ਹਉ ਤਿਸ ਦੈ ਚਉ ਖੰਨੀਐ ਗੁਰ ਪਰਮੇਸਰੁ ਏਕੋ ਜਾਣੈ ।

ਮੈਂ ਉਸ ਉੱਤੋਂ ਚਾਰ ਟੁਕੜੇ ਹੋ ਕੇ ਵਾਰਨੇ ਜਾਂਦਾ ਹਾਂ ਜੋ ਗੁਰੂ ਤੇ ਈਸ਼ਵਰ ਇਕ ਦੇਖਦਾ ਹੈ।

ਹਉ ਤਿਸ ਦੈ ਚਉ ਖੰਨੀਐ ਦੂਜਾ ਭਾਉ ਨ ਅੰਦਰਿ ਆਣੈ ।

ਉਸ ਦੇ ਉੱਤੋਂ ਚਾਰ ਟੁਕੜੇ ਹੋ ਕੇ ਵਾਰਨੇ ਜਾਂਦਾ ਹਾਂ ਜੋ ਦੂਜਾ ਭਾਵ ਅੰਦਰ ਨਹੀ ਰਖਦਾ।

ਹਉ ਤਿਸ ਦੈ ਚਉ ਖੰਨੀਐ ਅਉਗੁਣੁ ਕੀਤੇ ਗੁਣ ਪਰਵਾਣੈ ।

ਮੈਂ ਉਸ ਦੇ ਉੱਤੋਂ ਚਾਰ ਟੁਕੜੇ ਹੋ ਕੇ ਵਾਰਨੇ ਜਾਂਦਾ ਹਾਂ ਜੋ ਅਵਗੁਣਾਂ ਨੂੰ ਗੁਣ ਕਰ ਕੇ ਜਾਣਦਾ ਹੈ।

ਹਉ ਤਿਸ ਦੈ ਚਉ ਖੰਨੀਐ ਮੰਦਾ ਕਿਸੈ ਨ ਆਖਿ ਵਖਾਣੈ ।

ਮੈਂ ਉਸਦੇ ਉੱਤੋਂ ਚਾਰ ਟੁਕੜੇ ਹੋ ਕੇ ਵਾਰਨੇ ਜਾਂਦਾ ਹਾਂ ਜੋ ਕਿਸੇ ਨੂੰ ਮੰਦਾ (ਕੌੜਾ) ਨਹੀਂ ਕਹਿੰਦਾ।

ਹਉ ਤਿਸ ਦੈ ਚਉ ਖੰਨੀਐ ਆਪੁ ਠਗਾਏ ਲੋਕਾ ਭਾਣੈ ।

ਮੈਂ ਉੱਤੋਂ ਵਾਰਨੇ ਜਾਂਦਾ ਹਾਂ ਜੋ ਲੋਕਾਂ ਦੇ ਭਾਣੇ ਆਪ ਨੂੰ ਠਗਾਉਂਦਾ ਹੈ, (ਭਾਵ ਲੋਕ ਸਮਝਦੇ ਹਨ ਕਿ ਅਸਾਂ ਇਸ ਨੂੰ ਠੱਗ ਲਿਆ ਹੈ, ਐਸਾ ਭੋਲਾ ਭਾਲਾ ਰਹੇ)।

ਹਉ ਤਿਸ ਦੈ ਚਉ ਖੰਨੀਐ ਪਰਉਪਕਾਰ ਕਰੈ ਰੰਗ ਮਾਣੈ ।

ਮੈਂ ਉਸਤੋਂ ਵਾਰਨੇ ਜਾਂਦਾ ਹਾਂ ਜੋ ਪਰਉਪਕਾਰ ਕਰ ਕੇ 'ਰੰਗ' (=ਅਨੰਦ) ਮਾਣਦਾ ਹੈ।

ਲਉਬਾਲੀ ਦਰਗਾਹ ਵਿਚਿ ਮਾਣੁ ਨਿਮਾਣਾ ਮਾਣੁ ਨਿਮਾਣੈ ।

(ਲਉਬਾਲੀ=) ਬੇਪਰਵਾਹ (ਅਕਾਲ ਪੁਰਖ ਦੀ) ਦਰਗਾਹ (ਕਚਿਹਰੀ) ਵਿਖੇ ਨਿਮਾਣੇ ਮਾਣ ਵਾਲੇ ਹਨ ਅਰ ਮਾਣ ਵਾਲੇ ਨਿਮਾਣੇ (ਕਹੀਦੇ) ਹਨ, (ਜਿਹਾ “ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ”)।

ਗੁਰ ਪੂਰਾ ਗੁਰ ਸਬਦੁ ਸਿਞਾਣੈ ।੫।

ਪਉੜੀ ੬

ਗੁਰੂ ਪੂਰਨ (ਹਨ, ਅਰ) ਜੋ ਗੁਰੂ ਦਾ ਸ਼ਬਦ ਸਿਾਣਦਾ (=ਮੰਨਦਾ) ਹੈ (ਉਹ ਬੀ ਪੂਰਨ ਹੈ। ਯਥਾ:-”ਜਿਨ ਜਾਤਾ ਸੋ ਤਿਸਹੀ ਜੇਹਾ॥”

ਹਉ ਸਦਕੇ ਤਿਨ੍ਹਾਂ ਗੁਰਸਿਖਾਂ ਸਤਿਗੁਰ ਨੋ ਮਿਲਿ ਆਪੁ ਗਵਾਇਆ ।

ਮੈਂ ਉਨ੍ਹਾਂ ਗੁਰੂ ਦੇ ਸਿਖਾਂ ਥੋਂ ਸਦਕੇ ਜਾਂਦਾ ਹਾਂ ਜੋ ਆਪਾ ਭਾਵ ਗਵਾਕੇ ਸਤਿਗੁਰੂ ਨੂੰ ਮਿਲਦੇ ਹਨ।

ਹਉ ਸਦਕੇ ਤਿਨ੍ਹਾਂ ਗੁਰਸਿਖਾਂ ਕਰਨਿ ਉਦਾਸੀ ਅੰਦਰਿ ਮਾਇਆ ।

ਮੈਂ ਉਨ੍ਹਾਂ ਗੁਰੂ ਦੇ ਸਿਖਾਂ ਥੋਂ ਸਦਕੇ ਜਾਂਦਾ ਹਾਂ ਜੋ ਮਾਯਾ ਵਿਖ਼ੇ ਰਹਿਕੇ ਫੇਰ ਉਦਾਸ (ਜਲ ਕਮਲ ਵਾਂਙੂ ਅਲੇਪ) ਰਹਿੰਦੇ ਹਨ।

ਹਉ ਸਦਕੇ ਤਿਨ੍ਹਾਂ ਗੁਰਸਿਖਾਂ ਗੁਰਮਤਿ ਗੁਰ ਚਰਣੀ ਚਿਤੁ ਲਾਇਆ ।

ਮੈਂ ਉਨ੍ਹਾਂ ਗੁਰੂ ਦੇ ਸਿਖਾਂ ਤੋਂ ਸਦਕੇ ਜਾਂਦਾ ਹਾਂ ਜੋ ਗੁਰੂ ਦੀ ਮੱਤ ਲੈ ਕੇ ਗੁਰੂ ਦੇ ਚਰਣਾਂ ਵਿਖੇ ਚਿਤ ਲਾਈ ਰਖਦੇ ਹਨ।

ਹਉ ਸਦਕੇ ਤਿਨ੍ਹਾਂ ਗੁਰਸਿਖਾਂ ਗੁਰ ਸਿਖ ਦੇ ਗੁਰਸਿਖ ਮਿਲਾਇਆ ।

ਮੈਂ ਉਨ੍ਹਾਂ ਗੁਰ ਸਿਖਾਂ ਤੋਂ ਸਦਕੇ ਜਾਂਦਾ ਹਾਂ ਜੋ ਗੁਰੂ ਸਿੱਖ੍ਯਾ ਦੇ ਕੇ ਗੁਰੂ ਨਾਲ ਸਿਖਾਂ ਦਾ ਮਿਲਾਪ ਕਰਾ ਦਿੰਦੇ ਹਨ।

ਹਉ ਸਦਕੇ ਤਿਨ੍ਹਾਂ ਗੁਰਸਿਖਾਂ ਬਾਹਰਿ ਜਾਂਦਾ ਵਰਜਿ ਰਹਾਇਆ ।

ਮੈਂ ਉਨ੍ਹਾਂ ਗੁਰੂ ਦੇ ਸਿੱਖਾਂ ਥੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ (ਮਨ) ਸੰਸਾਰਾਕਾਰ ਥੋਂ ਹਟਾਕੇ ਅੰਤਰਮੁਖੀ ਕੀਤਾ ਹੈ।

ਹਉ ਸਦਕੇ ਤਿਨ੍ਹਾਂ ਗੁਰਸਿਖਾਂ ਆਸਾ ਵਿਚਿ ਨਿਰਾਸੁ ਵਲਾਇਆ ।

ਮੈਂ ਉਨ੍ਹਾਂ ਗੁਰੂ ਸਿਖਾਂ ਥੋਂ ਸਦਕੇ ਜਾਂਦਾ ਹਾਂ ਜੋ ਆਸ ਵਿਖੇ ਹੋਕੇ ਨਿਰਾਸ ਬਣੇ ਰਹਿੰਦੇ ਹਨ, (ਭਾਵ ਹਰਖ ਸ਼ੋਕ ਥੋਂ ਰਹਿਤ ਹਨ)।

ਸਤਿਗੁਰ ਦਾ ਉਪਦੇਸ ਦਿੜ੍ਹਾਇਆ ।੬।

ਸਤਿਗੂਰ ਦਾ ਉਪਦੇਸ਼ (ਉਨ੍ਹਾਂ ਆਪ ਦ੍ਰਿੜ ਕੀਤਾ ਅਰ ਹੋਰਨਾਂ ਨੂੰ) ਦ੍ਰਿੜ ਕਰਾਇਆ ਹੈ (ਭਾਵ ਹੋਰਨਾਂ ਨੂੰ ਚਾਨਣ ਕੀਤਾ ਹੈ)।

ਪਉੜੀ ੭

ਬ੍ਰਹਮਾ ਵਡਾ ਅਖਾਇਦਾ ਨਾਭਿ ਕਵਲ ਦੀ ਨਾਲਿ ਸਮਾਣਾ ।

ਬ੍ਰਹਮਾ ਆਪਨੂੰ ਵਡਾ ਕਹਾਉਂਦਾ ਸੀ, ਓਹ ਨਾਭਿ ਕਮਲ ਦੀ ਡੰਡੀ ਵਿਖੇ (ਭਗਵਾਨ ਦਾ ਅੰਤ ਲੈਣ ਨੂੰ) ਚਲਿਆ ਗਿਆ।

ਆਵਾ ਗਵਣੁ ਅਨੇਕ ਜੁਗ ਓੜਕ ਵਿਚਿ ਹੋਆ ਹੈਰਾਣਾ ।

ਅਨੇਕ ਜੁਗਾਂ ਤੋੜੀ ਆਵਾਗੌਣ ਵਿਖੇ ਹੀ ਰਿਹਾ (ਭਾਵ ਕਦੀ ਹੇਠਾਂ ਕਦੀ ਉੱਤੇ ਭਟਕਦਾ ਰਿਹਾ) ਓੜਕ ਨੂੰ ਹੈਰਾਨ ਹੋ ਗਿਆ, (ਕਿਉਂ ਜੋ ਨਾਭ ਦੀ ਕਮਲ ਦਾ ਹੀ ਅੰਤ ਨਾ ਆਇਆ)।

ਓੜਕੁ ਕੀਤੁਸੁ ਆਪਣਾ ਆਪ ਗਣਾਇਐ ਭਰਮਿ ਭੁਲਾਣਾ ।

(ਓੜਕ ਕੀਤੋਸੁ ਆਪਣਾ=) ਆਪਣੀ ਵਲੋਂ ਸਾਰੀ ਵਾਹ ਲਾ ਥੱਕਾ, ਆਪਣਾ ਆਪ ਗਣਾਕੇ ਭਰਮ ਵਿਖੇ ਹੀ ਭੁੱਲਾ ਰਿਹਾ।

ਚਾਰੇ ਵੇਦ ਵਖਾਣਦਾ ਚਤੁਰਮੁਖੀ ਹੋਇ ਖਰਾ ਸਿਆਣਾ ।

ਚਾਰੇ ਵੇਦ (ਅਰਥਾਤ ਸਾਮ, ਰਿਗ, ਯੁਜਰ, ਅਥਰਵਣ) ਪੜ੍ਹੇ, ਮਾਨੋਂ ਏਹੋ ਉਸਦੇ ਚਾਰ ਮੁਖ ਸਨ, ਅਤੇ ਵੱਡਾ ਸਿਆਣਾ (ਦਾਨਾਉ ਕਹਾਉਂਦਾ) ਸੀ।

ਲੋਕਾਂ ਨੋ ਸਮਝਾਇਦਾ ਵੇਖਿ ਸੁਰਸਤੀ ਰੂਪ ਲੋਭਾਣਾ ।

ਲੋਕਾਂ ਨੂੰ ਸਿਖ੍ਯਾ ਦਿੰਦਾ ਸੀ (ਕਿ ਪਰ ਇਸਤ੍ਰੀ ਦੇ ਨੇੜੇ ਨਹੀਂ ਜਾਣਾ ਪਰ ਆਪ) ਸੁਰਸਤੀ (ਦਾ ਸੁੰਦਰ) ਰੂਪ ਦੇਖਕੇ ਲੋਭ ਗਿਆ।

ਚਾਰੇ ਵੇਦ ਗਵਾਇ ਕੈ ਗਰਬੁ ਗਰੂਰੀ ਕਰਿ ਪਛੁਤਾਣਾ ।

ਚਾਰੇ ਵੇਦ ਏਵੇਂ ਗਵਾ ਦਿੱਤੇ, ਹੰਕਾਰ ਅਤੇ ਗਰੂਰੀ ਕਰਦਾ ਰਿਹਾ, (ਪਿਛੋਂ) ਪਛੁਤਾਵਾ ਕਰਣ ਲੱਗਾ।

ਅਕਥ ਕਥਾ ਨੇਤ ਨੇਤ ਵਖਾਣਾ ।੭।

(ਗੱਲ ਕੀ ਈਸ਼੍ਵਰ ਦੀ) ਅਕੱਥ ਕਥਾ ਹੈ, ਵੇਦ ਬੀ ਉਸ ਨੂੰ ਨੇਤਿ ਨੇਤਿ ਕਰ ਕੇ ਸਲਾਹੁੰਦੇ ਹਨ।

ਪਉੜੀ ੮

ਬਿਸਨ ਲਏ ਅਵਤਾਰ ਦਸ ਵੈਰ ਵਿਰੋਧ ਜੋਧ ਸੰਘਾਰੇ ।

ਵਿਸ਼ਨ ਨੇ ਦਸ ਅਵਤਾਰ ਧਾਰਕੇ ਵੈਰ ਵਿਰੋਧ ਨਾਲ ਅਤਿਰਥੀ ਸੂਰਮੇ (ਜੋਧੇ ੧੦ ਹਜ਼ਾਰ ਨਾਲ ਇੱਕੋ ਹੀ ਲੜੇ) ਨਾਸ਼ ਕਰ ਦਿੱਤੇ।

ਮਛ ਕਛ ਵੈਰਾਹ ਰੂਪਿ ਹੋਇ ਨਰਸਿੰਘੁ ਬਾਵਨ ਬਉਧਾਰੇ ।

ਮੱਛ, ਕੱਛ, ਸੂਕਰ, ਨਰਸਿੰਘ ਬਾਵਨ ਬੋਧ ਅਵਤਾਰ ਹੋਏ।

ਪਰਸਰਾਮੁ ਰਾਮੁ ਕਿਸਨੁ ਹੋਇ ਕਿਲਕਿ ਕਲੰਕੀ ਅਤਿ ਅਹੰਕਾਰੇ ।

ਪਰਸਰਾਮ, ਰਾਮ, ਕ੍ਰਿਸ਼ਨ ਹੋਏ, ਕਲਕੀ (ਅਵਤਾਰ) ਵਡੇ ਅਹੰਕਾਰ ਵਾਲੇ (ਹੋਣ ਵਾਲੇ)।

ਖਤ੍ਰੀ ਮਾਰਿ ਇਕੀਹ ਵਾਰ ਰਾਮਾਇਣ ਕਰਿ ਭਾਰਥ ਭਾਰੇ ।

(ਇਨ੍ਹਾਂ ਵਿਚੋਂ) ਪਰਸਰਾਮ (ਨੇ) ਇੱਕੀ ਵਾਰ ਨਿਹਖੱਤ੍ਰਾਇਣ ਪ੍ਰਿਥਵੀ ਕਰ ਦਿੱਤੀ, (ਫੇਰ ਰਾਮਾਵਤਾਰ ਨੇ) ਰਾਮਾਇਣ (ਵਿਚ ਕਥਨ ਹੈ ਕਿ) ਵਡੇ ਭਾਰਥ (ਕਹੀਏ ਸੰਗ੍ਰਾਮ ਰਾਵਣ ਲਾਲ) ਕੀਤੇ।

ਕਾਮ ਕਰੋਧੁ ਨ ਸਾਧਿਓ ਲੋਭੁ ਮੋਹ ਅਹੰਕਾਰੁ ਨ ਮਾਰੇ ।

(ਮੁਕਦੀ ਗੱਲ ਇਹ ਕਿ) ਕਾਮ ਤੇ ਕ੍ਰੋਧ (ਕਿਸੇ ਬੀ) ਨਾ ਸਾਧਿਆ ਤੇ ਲੋਭ ਮੋਹ ਅਹੰਕਾਰ (ਬੀ ਕਿਸੇ) ਨਾ ਮਾਰਿਆ।

ਸਤਿਗੁਰ ਪੁਰਖੁ ਨ ਭੇਟਿਆ ਸਾਧਸੰਗਤਿ ਸਹਲੰਗ ਨ ਸਾਰੇ ।

ਸਤਿਗੁਰੂ (ਪੂਰਣ) ਪੁਰਖ (ਹਨ, ਨਾ) ਮਿਲੇ (ਇਸ ਕਰਕੇ) ਸਾਧ ਸੰਗਤ ਦੇ (ਸਹਲੰਗ) ਮੇਲ ਤੋਂ ਨੱਸੇ ਰਹੇ। (ਭਾਵ-. 'ਕਿਸੈ ਸਾਂਤਿ ਨਾ ਆਈਆ ਬਿਨੁ ਸਤਿਗੁਰ ਕੇ ਉਪਦੇਸੁ')।

ਹਉਮੈ ਅੰਦਰਿ ਕਾਰਿ ਵਿਕਾਰੇ ।੮।

ਹਉਮੈ ਦੇ ਵਿਚ ਕੀਤੇ ਕੰਮ ਖੋਟੇ ਹੀ ਹਨ।

ਪਉੜੀ ੯

ਮਹਾਦੇਉ ਅਉਧੂਤੁ ਹੋਇ ਤਾਮਸ ਅੰਦਰਿ ਜੋਗੁ ਨ ਜਾਣੈ ।

ਮਹਾਂਦੇਉ ਜੋਗੀ ਹੋਕੇ ਤਮੋਗੁਣ ਦੇ ਅੰਦਰ (ਹੀ ਰਿਹਾ), ਜੋਗ ਦੀ ਕੁਝ ਖਬਰ ਨਾ ਜਾਤੀ, (ਭਾਵ ਚਿੱਤ ਬ੍ਰਿਤੀ ਰੋਕਣ ਦਾ ਨਾਮ ਜੋਗ ਸੀ ਸੋ ਰੋਕ ਨਾ ਸਕਿਆ)।

ਭੈਰੋ ਭੂਤ ਕੁਸੂਤ ਵਿਚਿ ਖੇਤ੍ਰਪਾਲ ਬੇਤਾਲ ਧਿਙਾਣੈ ।

ਭੈਰਵ ਤੇ ਭੂਤਾਂ ਦੇ ਭੈੜੇ ਕਮਾਂ ਵਿਚ ਖੇਤਰਪਾਲ ਨਾਮੇਂ ਬੈਤਾਲਾਂ ਪੁਰ (ਧਿਙਾਣਾ=) ਧੱਕੇ ਦਾ ਹੁਕਮ ਕੀਤਾ।

ਅਕੁ ਧਤੂਰਾ ਖਾਵਣਾ ਰਾਤੀ ਵਾਸਾ ਮੜ੍ਹੀ ਮਸਾਣੈ ।

ਅੱਕ ਤੇ ਧਤੂਰਾ ਭੋਜਨ ਸੀ, ਮੜ੍ਹੀਆਂ ਤੇ ਮਸਾਣਾਂ ਵਿਖੇ ਰਾਤੀਂਵਾਸਾ ਰੱਖਦਾ ਸੀ।

ਪੈਨੈ ਹਾਥੀ ਸੀਹ ਖਲ ਡਉਰੂ ਵਾਇ ਕਰੈ ਹੈਰਾਣੈ ।

ਹਾਥੀ ਦੀ ਖੱਲੜੀ (ਦੇਹ ਉਤੇ) ਪਹਿਰਕੇ ਸ਼ੇਰ ਦੀ ਖੱਲੜੀ (ਲੱਕ) ਬੰਨ੍ਹਦਾ, (ਲੋਕਾਂ ਨੂੰ) ਡੌਰੂ ਵਜਾਕੇ ਹੈਰਾਨ ਕਰ ਦਿੰਦਾ ਸੀ।

ਨਾਥਾ ਨਾਥੁ ਸਦਾਇਦਾ ਹੋਇ ਅਨਾਥੁ ਨ ਹਰਿ ਰੰਗੁ ਮਾਣੈ ।

(ਆਪ ਨੂੰ) ਨਾਥਾਂ ਦਾ ਨਾਥ ਸਦਾਇਆ, ਪਰ ਅਨਾਥ ਬਣਕੇ ਹਰੀ ਦਾ ਰੰਗ ਨਾ ਮਾਣਿਆ।

ਸਿਰਠਿ ਸੰਘਾਰੈ ਤਾਮਸੀ ਜੋਗੁ ਨ ਭੋਗੁ ਨ ਜੁਗਤਿ ਪਛਾਣੈ ।

(ਪ੍ਰਲੈ ਕਾਲ ਵਿਖੇ) ਤਮੋਗੁਣ (ਵਿਖੇ ਆਕੇ ਸਾਰੀ) ਸ੍ਰਿਸ਼ਟੀ ਦਾ ਨਾਸ਼ ਕਰਨਾ (ਉਸਦਾ ਕੰਮ ਰਿਹਾ, ਜੋਗ ਭੋਗ ਦੀ ਜੁਗਤ ਨ ਪਛਾਤੀ (ਭਾਵ, ਵਿਹਾਰ ਪਰਮਾਰਥ ਦੀ ਸਾਰ ਨ ਜਾਤੀ; ਸ਼ਾਂਤਿ ਹੋ ਕੇ ਉਪਦੇਸ਼ ਨਾ ਦਿੱਤਾ)।

ਗੁਰਮੁਖਿ ਸੁਖ ਫਲੁ ਸਾਧ ਸੰਗਾਣੈ ।੯।

ਸੰਤਾਂ ਦੀ ਸੰਗਤ ਵਿਖੇ ਮਿਲਕੇ ਗੁਰਮੁਖ (ਪਦ ਰੂਪੀ) (ਸੁਖ ਫਲ-) ਆਤਮ ਲਾਭ ਦਾ ਅਨੰਦ ਪ੍ਰਾਪਤ ਹੁੰਦਾ ਹੈ।

ਪਉੜੀ ੧੦

ਵਡੀ ਆਰਜਾ ਇੰਦ੍ਰ ਦੀ ਇੰਦ੍ਰਪੁਰੀ ਵਿਚਿ ਰਾਜੁ ਕਮਾਵੈ ।

ਇੰਦਰ ਦੀ ਵਡੀ ਉਮਰਾ ਹੈ ਤੇ ਸ੍ਵਰਗ ਵਿਖੇ ਰਾਜ ਕਰਦਾ ਹੈ।

ਚਉਦਹ ਇੰਦ੍ਰ ਵਿਣਾਸੁ ਕਾਲਿ ਬ੍ਰਹਮੇ ਦਾ ਇਕੁ ਦਿਵਸੁ ਵਿਹਾਵੈ ।

ਜਦ ਚੌਦਾਂ ਇੰਦਰਾਂ ਦਾ (ਵਿਣਾਸ ਕਾਲ ਕਹੀਏ) ਨਾਸ਼ ਹੁੰਦਾ ਹੈ, ਤਦੋਂ ਬ੍ਰਹਮਾਂ ਦਾ ਇਕ ਦਿਨ ਗੁਜ਼ਰਦਾ ਹੈ, (ਭਾਵ ਬ੍ਰਹਮਾ ਦੇ ਇਕ ਦਿਨ ਵਿਖੇ ਚੌਦਹ ਇੰਦਰ ਰਾਜ ਕਰਦੇ ਹਨ।

ਧੰਧੇ ਹੀ ਬ੍ਰਹਮਾ ਮਰੈ ਲੋਮਸ ਦਾ ਇਕੁ ਰੋਮ ਛਿਜਾਵੈ ।

ਲੋਮਸ ਨਾਮੇ ਰਿਖੀ (ਦਾਹੜੀ ਦਾ) ਇਕ ਰੋਮ ਹੀ ਪੁੱਟ ਸਿਟਦਾ ਹੈ (ਕਿ ਪਿਉ ਮੇਰਾ ਰੋਜ਼ ਮਾਰਦਾ ਹੈ, ਭੱਦਨ ਕੌਣ ਪਿਆ ਕਰਾਵੈ, ਇਉਂ) ਬ੍ਰਹਮਾ ਜਗਤ ਦੇ ਰਚਣ ਦੇ ਧੰਦਿਆਂ ਵਿਚ ਹੀ ਮਰਦਾ ਹੈ।

ਸੇਸ ਮਹੇਸ ਵਖਾਣੀਅਨਿ ਚਿਰੰਜੀਵ ਹੋਇ ਸਾਂਤਿ ਨ ਆਵੈ ।

ਸ਼ੇਸ਼ ਨਾਗ ਅਤੇ ਸ਼ਿਵ ਨੂੰ ਚਿੰਰਜੀਵੀ ਹੋਕੇ ਬੀ ਸ਼ਾਂਤਿ ਨਾ ਆਈ।

ਜੋਗ ਭੋਗ ਜਪ ਤਪ ਘਣੇ ਲੋਕ ਵੇਦ ਸਿਮਰਣੁ ਨ ਸੁਹਾਵੈ ।

ਜੋਗ, ਭੋਗ, ਜਪ, ਤਪ, ਅਤੇ ਵੇਦਾਂ ਦਾ ਸਿਮਰਨ ਘਣੇ ਲੋਕ (ਦਿਖਾਵੇ ਲਈ ਕਰਦੇ ਹਨ, ਓਹ ਈਸ੍ਵਰ ਨੂੰ) ਚੰਗੇ ਨਹੀਂ ਲਗਦੇ।

ਆਪੁ ਗਣਾਏ ਨ ਸਹਜਿ ਸਮਾਵੈ ।੧੦।

ਆਪਣਾ ਆਪ ਹੀ ਗਣਾਉਂਦੇ ਰਹੇ, ਸਹਿਜ ਪਦਵੀ ਵਿਖੇ ਨਾ ਸਮਾਏ।

ਪਉੜੀ ੧੧

ਨਾਰਦੁ ਮੁਨੀ ਅਖਾਇਦਾ ਅਗਮੁ ਜਾਣਿ ਨ ਧੀਰਜੁ ਆਣੈ ।

ਨਾਰਦ ਨਾਮੋ ਮੁਨੀ ਕਹਾਉਂਦਾ (ਸੀ) ਸ਼ਾਸਤ੍ਰ ਜਾਣ ਬੁੱਝਕੇ ਬੀ (ਉਸ ਨੂੰ) ਧੀਰਜ ਨਾ ਆਈ (ਭਈ ਕਿਧਰੇ ਟਿਕ ਕੇ ਨਾ ਬੈਠਾ)।

ਸੁਣਿ ਸੁਣਿ ਮਸਲਤਿ ਮਜਲਸੈ ਕਰਿ ਕਰਿ ਚੁਗਲੀ ਆਖਿ ਵਖਾਣੈ ।

ਸਭਾ ਦੀਆਂ ਸਲਾਹਾਂ ਨੂੰ ਸੁਣ ਕੇ ਚੁਗਲੀਆਂ ਕਰ ਕਰ ਕੇ ਕਹਿੰਦਾ ਰਿਹਾ।

ਬਾਲ ਬੁਧਿ ਸਨਕਾਦਿਕਾ ਬਾਲ ਸੁਭਾਉ ਨਵਿਰਤੀ ਹਾਣੈ ।

ਸਨਕਾਦਿਕਾਂ ਦੀ ਵੀ ਬਾਲਕ ਬੁੱਧੀ ਹੀ ਰਹੀ, ਬਾਲ ਸੁਭਾਵ ਹੋਣ ਕਰ ਕੇ (ਨਵਿਰਤੀ ਹਾਣੈ) ਨਵਿਰਤੀ ਤੋਂ ਹੀਣ ਹੀ ਰਹੇ (ਭਾਵ ਚੰਚਲ ਬ੍ਰਿਤੀ ਹੀ ਰਹੀ, ਮੁੰਡਿਆਂ ਵਾਂਙ ਗੁੱਸੇ ਵਿਚ ਆਕੇ ਸਰਾਪ ਦੇ ਬੈਠੇ, ਸੋ ਅੱਗੇ ਦੱਸਦੇ ਹਨ)।

ਜਾਇ ਬੈਕੁੰਠਿ ਕਰੋਧੁ ਕਰਿ ਦੇਇ ਸਰਾਪੁ ਜੈਇ ਬਿਜੈ ਧਿਙਾਣੈ ।

ਇਕ ਵਾਰ) ਬੈਕੁੰਠ ਨੂੰ (ਮਹਾਰਾਜ ਦੇ ਦਰਸ਼ਨ ਨੂੰ ਗਏ, ਅੱਗੋਂ) ਜਯ ਬਿਜਯ ਨਾਮੇ (ਪਾਰਖਦ ਨੇ ਰੋਕਿਆ ਕਿ ਅਸੀਂ ਆਗਿਆ ਬਾਝ ਅੰਦਰ ਨਹੀਂ ਜਾਣ ਦਿੰਦੇ, ਇਨ੍ਹਾਂ ਨੇ ਉਹਨਾਂ ਨੂੰ ਰਾਖਸ਼ ਹੋਣ ਦਾ) ਕ੍ਰੋਧ ਕਰ ਕੇ ਧਿਙਾਣੇ ਹੀ ਸਰਾਪ ਦੇ ਦਿਤਾ।

ਅਹੰਮੇਉ ਸੁਕਦੇਉ ਕਰਿ ਗਰਭ ਵਾਸਿ ਹਉਮੈ ਹੈਰਾਣੈ ।

ਅਹੰਕਾਰ ਕਰ ਕੇ ਸੁਕਦੇਵ ਨੇ ਬੀ ਮਾਤਾ ਦੇ ਗਰਭ ਵਿਖੇ (ਬਾਰਾਂ ਬਰਸ ਗੁਜ਼ਾਰ ਦਿਤੇ, ਉਹ ਬੀ) ਹਉਮੈ ਵਿਚ ਹੈਰਾਨ ਹੀ ਰਿਹਾ (ਭਾਵ ਆਪ ਨੂੰ ਵਡਾ ਸਮਝਕੇ ਹੰਕਾਰ ਹੀ ਕਰਦਾ ਰਿਹਾ)।

ਚੰਦੁ ਸੂਰਜ ਅਉਲੰਗ ਭਰੈ ਉਦੈ ਅਸਤ ਵਿਚਿ ਆਵਣ ਜਾਣੈ ।

ਚੰਦ ਸੂਰਜ ਬੀ ਦੋਸ਼ਾਂ ਦੇ ਭਰੇ ਹੋਏ ਹਨ, (ਇਸ ਲਈ) ਉਦੇ ਅਸਤ ਵਿਚ ਆਵਣ ਜਾਣ ਵਿਖੇ ਹੀ ਲਗੇ ਹੋਏ ਹਨ।

ਸਿਵ ਸਕਤੀ ਵਿਚਿ ਗਰਬੁ ਗੁਮਾਣੈ ।੧੧।

ਸ਼ਿਵ ਸ਼ਕਤੀ (ਮਾਇਆ) ਦੇ ਵਿਚ (ਫਸੇ) ਹੰਕਾਰ ਤੇ ਗੁਮਾਨ (ਨੇ ਨਾਸ਼ ਕੀਤੇ)।

ਪਉੜੀ ੧੨

ਜਤੀ ਸਤੀ ਸੰਤੋਖੀਆ ਜਤ ਸਤ ਜੁਗਤਿ ਸੰਤੋਖ ਨ ਜਾਤੀ ।

(ਲੋਕ ਪ੍ਰਸਿੱਧ) ਜਤੀਆਂ ਸਤੀਆਂ ਸੰਤੋਖੀਆਂ ਨੇ ਜਤ ਸਤ ਅਤੇ ਸੰਤੋਖ ਦੀ, ਜੁਗਤੀ, (ਅਰਥਾਤ ਜਤੀਆਂ ਜਤ ਦੀ, ਸਤੀਆਂ ਸਤ ਦੀ, ਸੰਤੋਖੀਆਂ ਸੰਤੋਖ ਦੀ ਰੀਤੀ) ਨਹੀਂ ਜਾਣੀ।

ਸਿਧ ਨਾਥੁ ਬਹੁ ਪੰਥ ਕਰਿ ਹਉਮੈ ਵਿਚਿ ਕਰਨਿ ਕਰਮਾਤੀ ।

ਸਿੱਧਾਂ ਨਾਥਾਂ (ਨੇ ਬੀ) ਬਾਹਲੇ ਪੰਥ ਬਨਾ ਲੀਤੇ ਅਰ ਹੰਕਾਰ ਵਿਚ ਕਰਾਮਾਤਾਂ ਦੱਸਣ ਲੱਗ ਪਏ।

ਚਾਰਿ ਵਰਨ ਸੰਸਾਰ ਵਿਚਿ ਖਹਿ ਖਹਿ ਮਰਦੇ ਭਰਮਿ ਭਰਾਤੀ ।

ਸੰਸਾਰ ਵਿਖੇ ਚਾਰੇ ਵਰਣ (ਖੱਤ੍ਰੀ, ਬ੍ਰਾਹਮਣ ਆਦਿਕ) ਭਰਮ ਦੇ ਭੁਲਾਵੇ ਵਿਚ ਖਹਿ ਖਹਿ ਮਰਦੇ ਜਾਂਦੇ ਹਨ।

ਛਿਅ ਦਰਸਨ ਹੋਇ ਵਰਤਿਆ ਬਾਰਹ ਵਾਟ ਉਚਾਟ ਜਮਾਤੀ ।

ਛੀ ਦਰਸ਼ਨਾਂ ਦੇ ਵਰਤਾਰੇ ਹੋ ਪਏ (ਜੋਗੀਆਂ ਨੇ 'ਬਾਰਹ ਬਾਟ') ਬਾਰਾਂ ਪੰਥ (ਬਣਾ ਲੀਤੇ;) ਉਚਾਟ ਜਮਾਤੀ ਕਹੀਏ) ਜਮਾਤੀਆਂ ਨੂੰ ਉਦਾਸੀ ਬਨਾਉਣ (ਯਾ ਘਰੋਂ ਕੱਢਕੇ ਦੇਸ਼ ਪਰਦੇਸ਼ ਭਟਕਾਉਣ) ਲੱਗੇ।

ਗੁਰਮੁਖਿ ਵਰਨ ਅਵਰਨ ਹੋਇ ਰੰਗ ਸੁਰੰਗ ਤੰਬੋਲ ਸੁਵਾਤੀ ।

ਗੁਰਮੁਖ ਵਰਣ ਹੋਵੇ ਭਾਵੇਂ ਅਵਰਣ ਹੋਵੇ ਉਹ ਪਾਨਾਂ ਦੇ ਬੀੜੇ ਵਾਂਙ (ਰੰਗ ਸੁਰੰਗ ਕਹੀਏ) ਰੰਗਾਂ ਵਿਚੋਂ ਗੁੜ੍ਹੇ ਰੰਗ ਵਾਲਾ ਸੁਭਾਇਮਾਨ ਰੰਗ ਹੈ (ਜਿੱਕੁਰ ਕੱਥ, ਸੁਪਾਰੀ, ਚੂਨਾ, ਪਾਨ ਮਿਲਣ ਕਰ ਕੇ ਇਕ ਲਾਲ ਰੰਗ ਹੁੰਦਾ ਹੈ, ਤਿਹਾ ਹੀ ਗੁਰਮੁਖ ਖੱਤ੍ਰੀ ਬ੍ਰਾਹਮਣ ਆਦਿ ਜਾਤਾਂ ਦਾ ਅਭਿਮਾਨ ਛਡਕੇ ਸ਼ੋਭਨੀਕ ਇਕ ਰੰਗ ਗੁਰਮੁਖ ਵ

ਛਿਅ ਰੁਤਿ ਬਾਰਹ ਮਾਹ ਵਿਚਿ ਗੁਰਮੁਖਿ ਦਰਸਨੁ ਸੁਝ ਸੁਝਾਤੀ ।

ਜਿੱਕੁਰ ਛੀ ਰੁੱਤਾਂ ਬਾਰਾਂ ਮਹੀਨੀਆਂ ਵਿਖੇ (ਇਕ ਰਸ ਸੁੱਝ ਸੋਝਾਤੀ) ਸੂਰਜ ਦਾ ਪ੍ਰਕਾਸ਼ ਹੈ (ਤਿਹਾ ਹੀ) ਗੁਰਮੁਖਾਂ ਦਾ ਦਰਸ਼ਨ ਸਦਾ ਪ੍ਰਕਾਸ਼ਮਾਨ ਹੈ (ਭਾਵ ਅਗ੍ਯਾਨ ਦੇ ਹਨੇਰੇ ਥੌਂ ਰਹਿਤ ਹਨ)।

ਗੁਰਮੁਖਿ ਸੁਖ ਫਲੁ ਪਿਰਮ ਪਿਰਾਤੀ ।੧੨।

(ਕਿਉਂ ਜੋ) ਗੁਰਮੁਖਾ ਨੇ ਸੁਖ ਫਲ ਰੂਪ ਪਿਰੀ ਦੀ ਪ੍ਰੀਤਿ ਹੀ ਜਾਣੀ ਹੈ, (ਅਥਵਾ ਗੁਰਮੁਖ ਪਿਰੀ ਵਿਖੇ ਪਏ ਹਨ, ਭਾਵ ਅਭੇਦ ਰੂਪ ਹੋ ਗਏ ਹਨ)।

ਪਉੜੀ ੧੩

ਪੰਜ ਤਤ ਪਰਵਾਣੁ ਕਰਿ ਧਰਮਸਾਲ ਧਰਤੀ ਮਨਿ ਭਾਣੀ ।

ਪੰਜਾਂ ਤੱਤਾਂ (ਅਪ, ਤੇਜ, ਵਾਯੂ, ਪ੍ਰਿਥਵੀ, ਅਕਾਸ਼) ਦਾ ਵਜ਼ਨ ਕਰ ਕੇ (ਉਨ੍ਹਾਂ ਵਿਚੋਂ ਧਰਤੀ ਦਾ ਨਾਉਂ) ਧਰਮਸਾਲ ਰਖਿਆ, (ਇਹ ਅਕਾਲ ਪੁਰਖ ਦੇ) ਮਨ ਵਿਖੇ ਚੰਗੀ ਲੱਗੀ, (ਕਿਉਂ ਜੋ ਇਥੇ ਕਰਮ ਬੀਜਿਆ ਫਲੀਭੂਤ ਹੁੰਦਾ ਹੈ ਯਥਾ:- “ਤਿਸੁ ਵਿਚਿ ਧਰਤੀ ਬਾਪਿ ਰਖੀ ਧਰਮਸਾਲ”)।

ਪਾਣੀ ਅੰਦਰਿ ਧਰਤਿ ਧਰਿ ਧਰਤੀ ਅੰਦਰਿ ਧਰਿਆ ਪਾਣੀ ।

(ਪਰੰਤੂ) ਪਾਣੀ ਦੇ ਵਿਚ ਧਰਤੀ, ਧਰਤੀ ਦੇ ਵਿਚ ਵੀ ਪਾਣੀ ਧਰਿਆ ਹੈ।☬ਧਰਤੀ ਦੇ ਉਦਾਲੇ ਸਮੁੰਦਰ ਹਨ. ਅਰ ਧਰਤੀ ਦੇ ਵਿਚ ਵਿਚ ਝੀਲਾਂ ਦਰਯਾ ਤੇ ਛੰਭ ਹਨ।

ਸਿਰ ਤਲਵਾਏ ਰੁਖ ਹੋਇ ਨਿਹਚਲੁ ਚਿਤ ਨਿਵਾਸੁ ਬਿਬਾਣੀ ।

(ਇਸ ਵਿਖੇ) ਬ੍ਰਿਛ ਉਲਟੇ (ਜੰਮ ਕੇ) ਉਜਾੜਾਂ ਵਿਖੇ ਨਿਹਚਲ ਚਿਤ ਹੋ ਨਿਵਾਸ ਰਖਦੇ ਹਨ (ਭਾਵ ਕਿਸੇ ਦੀ ਸਹਾਇਤਾ ਨਹੀਂ ਚਾਹੁੰਦੇ)

ਪਰਉਪਕਾਰੀ ਸੁਫਲ ਫਲਿ ਵਟ ਵਗਾਇ ਸਿਰਠਿ ਵਰਸਾਣੀ ।

ਚੰਗੇ ਫਲਾਂ ਨਾਲ ਫਲਕੇ ਪਰੋਪਕਾਰੀ ਹਨ, (ਜੇ ਕੋਈ) ਵੱਟਾ ਮਾਰੇ ਤਾਂ ਸ੍ਰਿਸ਼ਟੀ ਉਤੇ (ਸਗੋਂ ਫਲਾਂ ਦਾ) ਵਰਸਾਉ ਕਰਦੇ ਹਨ, (ਗੱਲ ਕੀ ਕੋਈ ਆਰੇ ਨਾਲ ਚੀਰਣਾ ਬੀ ਚਾਹੇ ਉਸਦੇ ਉੱਤੇ ਬੀ ਛਾਉਂ ਕਰਣੋਂ ਨਹੀਂ ਟਲਣਗੇ)।

ਚੰਦਨ ਵਾਸੁ ਵਣਾਸਪਤਿ ਚੰਦਨੁ ਹੋਇ ਵਾਸੁ ਮਹਿਕਾਣੀ ।

(ਉਹਨਾਂ ਬ੍ਰਿੱਛਾਂ ਵਿਚੋਂ) ਚੰਦਨ (ਦਾ ਬ੍ਰਿੱਛ ਅਜਿਹਾ ਹੈ ਕਿ ਉਸਦੀ) ਵਾਸ਼ਨਾ ਨਾਲ ਸਾਰੀ ਵਣਾਸਪਤੀ ਹੀ ਚੰਦਨ ਹੋ ਕੇ ਮਹਿਕਦੀ (ਚੰਦਨ ਦੀਆਂ ਲਪਟਾਂ ਦਿੰਦੀ ਹੈ, ਚੰਦਨ ਨਾਲ ਸਾਰੀ ਵਣਾਸਪਤੀ ਹੀ ਚੰਦਨ ਹੋਕੇ ਮਹਿਕਦੀ (ਚੰਦਨ ਰੂਪੀ ਜੋ ਸੁਖ ਫਲ ਅੰਮ੍ਰਿਤ ਕੌਣ? ਸਾਧ ਸੰਗਤ) ਹੈ।

ਸਬਦ ਸੁਰਤਿ ਲਿਵ ਸਾਧਸੰਗਿ ਗੁਰਮੁਖਿ ਸੁਖ ਫਲ ਅੰਮ੍ਰਿਤ ਵਾਣੀ ।

(ਕਿਉਂ ਜੋ) ਸਾਧ ਸੰਗਤ ਦੀ (ਉਪਦੇਸ਼ ਰੂਪੀ) ਜੋ ਸੁਖ ਫਲ ਅੰਮ੍ਰਿਤ ਬਾਣੀ ਹੈ, ਉਸ ਸ਼ਬਦ ਦੀ ਪ੍ਰੀਤ ਕਰ ਕੇ ਜੋ ਗੁਰਮੁਖ (ਲਿਵ ਕਹੀਏ) ਨਿਰਵਿਕਲਪ ਸਮਾਧੀ ਲਾਉਂਦੇ ਹਨ।

ਅਬਿਗਤਿ ਗਤਿ ਅਤਿ ਅਕਥ ਕਹਾਣੀ ।੧੩।

ਉਨ੍ਹਾਂ ਗੁਰਮੁਖਾਂ ਮਹਾਤਮਾ ਦੀ ਅਬਿਗਤਿ ਕਹੀਏ) ਅਤਿਸ਼ੈ ਕਰ ਕੇ ਅਚਰਜ ਗਤੀ ਹੈ, (ਕਿਉਂ ਜੋ ਉਹਨਾਂ ਦੀ) ਕਹਾਣੀ ਕਥਨ ਵਿਚ ਨਹੀਂ ਆਉਂਦੀ।

ਪਉੜੀ ੧੪

ਧ੍ਰੂ ਪ੍ਰਹਿਲਾਦੁ ਭਭੀਖਣੋ ਅੰਬਰੀਕੁ ਬਲਿ ਜਨਕੁ ਵਖਾਣਾ ।

ਧ੍ਰੂਵ, ਪ੍ਰਹਿਲਾਦ, ਬਿਭੀਖਣ, ਅੰਬਰੀਕ, ਰਾਜਾ ਬਲਿ, ਜਨਕ, (ਕਥਾ ਵਿਚ) ਕਥਨ ਕੀਤੇ ਜਾਂਦੇ ਹਨ।

ਰਾਜ ਕੁਆਰ ਹੋਇ ਰਾਜਸੀ ਆਸਾ ਬੰਧੀ ਚੋਜ ਵਿਡਾਣਾ ।

(ਏਹ ਉਕਤ ਭਗਤ ਬੀ 'ਰਾਜ ਕੁਆਰ' ਕਹੀਏ) ਰਾਜਾਂ ਦੇ ਪੁੱਤ੍ਰ ਹੋਣ ਕਰ ਕੇ ਇਨ੍ਹਾਂ ਵਿਚ ਰਜੋ ਗੁਣੀ ਹੀ ਆਸਾ ਬੰਧੀ ਪਈ ਰਹੀ ਦਾ ਅਚਰਜ ਖੇਲ ਰਿਹਾ।

ਧ੍ਰੂ ਮਤਰੇਈ ਚੰਡਿਆ ਪੀਉ ਫੜਿ ਪ੍ਰਹਿਲਾਦੁ ਰਞਾਣਾ ।

(ਅਗੇ ਇਨ੍ਹਾਂ ਦਾ ਸੰਖੇਪ ਨਾਲ ਬ੍ਰਿਤਾਂਤ ਦੱਸਦੇ ਹਨ) ਧ੍ਰੂ ਮਤਰੇਈ ਮਾਂ ਦਾ (ਜਿਸ ਦੀ ਕਥਾ ਪਿਛੇ ਕਹਿ ਆਏ ਹਾਂ) ਦੁਖਾਇਆ ਹੋਇਆ ਸੀ, ਪ੍ਰਹਿਲਾਦ ਨੂੰ (ਹਿਰਨਕਸ਼ਪ ਨਾਮੇ) ਪਿਉ ਨੇ ਫੜਕੇ ਦੁਖੀ ਕੀਤਾ ਸੀ।

ਭੇਦੁ ਭਭੀਖਣੁ ਲੰਕ ਲੈ ਅੰਬਰੀਕੁ ਲੈ ਚਕ੍ਰੁ ਲੁਭਾਣਾ ।

ਬਿਭੀਖਣ ਨੇ (ਘਰ ਦਾ) ਭੇਦ ਪਾੜਕੇ ਲੰਕਾ ਲੀਤੀ, ਅੰਬਰੀਕ ਚੱਕ੍ਰ ਪੁਰ ਹੀ ਲੋਭ ਪਿਆ।

ਪੈਰ ਕੜਾਹੈ ਜਨਕ ਦਾ ਕਰਿ ਪਾਖੰਡੁ ਧਰਮ ਧਿਙਤਾਣਾ ।

ਜਨਕ ਦਾ ਇਕ ਪੈਰ ਤੱਤੇ ਤੇਲ ਦੇ ਕੜਾਹੇ ਵਿਚ ਹੀ ਰਿਹਾ (ਉਸਨੇ ਭੀ) ਪਖੰਡ ਹੀ ਕਰ ਕੇ (ਧਰਮ ਧਿਙਾਣਾ=) ਘੋਰ ਧਰਮ ਕੀਤਾ, (ਭਾਵ ਆਸੁਰੀ ਧਰਮ ਕੀਤਾ)।

ਆਪੁ ਗਵਾਇ ਵਿਗੁਚਣਾ ਦਰਗਹ ਪਾਏ ਮਾਣੁ ਨਿਮਾਣਾ ।

ਆਪਣਾ ਆਪ ਗਣਾਇਕੇ ਖਰਾਬ ਹੋਈਦਾ ਹੈ, ਦਰਗਾਹ ਵਿਖੇ ਨਿਮਾਣਾ ਹੀ ਮਾਣ ਪਾਉਂਦਾ ਹੈ।

ਗੁਰਮੁਖਿ ਸੁਖ ਫਲੁ ਪਤਿ ਪਰਵਾਣਾ ।੧੪।

(ਏਹ ਸੁਖ ਫਲ ਗੁਰਮੁਖਾਂ ਨੇ ਪਾਯਾ ਹੈ, (ਉਨ੍ਹਾਂ ਦੀ) ਪਤ ਪਰਵਾਣ ਹੋਈ ਹੈ (ਯਾ ਪਤ ਦਾ ਪ੍ਰਵਾਣਾ ਪਾਕੇ ਪੂਰੇ ਨਿਕਲੇ ਹਨ)।

ਪਉੜੀ ੧੫

ਕਲਜੁਗਿ ਨਾਮਾ ਭਗਤੁ ਹੋਇ ਫੇਰਿ ਦੇਹੁਰਾ ਗਾਇ ਜਿਵਾਈ ।

ਕਲਿਜੁਗ ਵਿਖੇ ਨਾਮਾਂ ਭਗਤ (ਛੀਂਬਾ) ਸੀ, (ਇਸਨੇ) ਠਾਕੁਰ ਦਵਾਰਾ ਫੇਰ ਦਿੱਤਾ ਤੇ ਗਉ ਜਿਵਾ ਦਿੱਤੀ।

ਭਗਤੁ ਕਬੀਰੁ ਵਖਾਣੀਐ ਬੰਦੀਖਾਨੇ ਤੇ ਉਠਿ ਜਾਈ ।

ਕਬੀਰ ਭਗਤ ਕਥਨ ਕੀਤਾ ਹੈ, ਕੈਦਖਾਨੇ ਤੋਂ ਨਿਕਲ ਗਿਆ ਸੀ।

ਧੰਨਾ ਜਟੁ ਉਧਾਰਿਆ ਸਧਨਾ ਜਾਤਿ ਅਜਾਤਿ ਕਸਾਈ ।

ਧੰਨਾ ਜੱਟ ਉਧਰ ਗਿਆ, ਸਧਨਾ ਜੋ (ਜਾਤੋਂ 'ਅਜਾਤ'=) ਨੀਚ ਕਸਾਈ ਸੀ (ਉਹ ਬੀ ਤਰ ਗਿਆ)।

ਜਨੁ ਰਵਿਦਾਸੁ ਚਮਾਰੁ ਹੋਇ ਚਹੁ ਵਰਨਾ ਵਿਚਿ ਕਰਿ ਵਡਿਆਈ ।

ਰਵਿਦਾਸ ਚਮਿਆਰ ਭਗਤ ਦੀ ਬੀ ਚਾਰੇ ਵਰਣਾਂ ਵਿਖੇ ਵਡੀ ਸ਼ੋਭਾ ਹੋਣ ਲਗੀ।

ਬੇਣਿ ਹੋਆ ਅਧਿਆਤਮੀ ਸੈਣੁ ਨੀਚੁ ਕੁਲੁ ਅੰਦਰਿ ਨਾਈ ।

ਬੇਣੀ ਨਾਮੇ ਨਿਸ਼ਕਾਮ ਭਗਤ, ਨੀਚ ਨਾਈ ਦੀ ਕੁਲ ਵਿਚ ਸੈਣ ਨਾਮੇ ਭਗਤ ਹੋਇਆ ਹੈ।

ਪੈਰੀ ਪੈ ਪਾ ਖਾਕ ਹੋਇ ਗੁਰਸਿਖਾਂ ਵਿਚਿ ਵਡੀ ਸਮਾਈ ।

ਪੇਰੀਂ ਪੈਕੇ (ਸਭ ਦੇ) ਪੈਰਾਂ ਦੀ ਖ਼ਾਕ ਹੋਏ, (ਇਹ) ਗੁਰੂ ਦੇ ਸਿੱਖਾਂ ਵਿਚ ('ਸਮਾਈ' ਕਹੀਏ) ਸਹਿਨ ਸ਼ੀਲਤਾ ਹੈ।

ਅਲਖੁ ਲਖਾਇ ਨ ਅਲਖੁ ਲਖਾਈ ।੧੫।

(ਅਲਖ) ਪਰਮਾਤਮਾਂ ਦੀ ਲੱਖਤਾ ਆ ਗਈ ਹੈ, (ਫੇਰ ਬੀ ਆਪ) ਅਲਖ ਰਹਿੰਦੇ ਹਨ

ਪਉੜੀ ੧੬

ਸਤਿਜੁਗੁ ਉਤਮੁ ਆਖੀਐ ਇਕੁ ਫੇੜੈ ਸਭ ਦੇਸੁ ਦੁਹੇਲਾ ।

ਸਤਿਜੁਗ (ਜੁਗਾਂ ਵਿਚ) ਸ੍ਰੇਸ਼ਟ ਕਹੀਦਾ ਹੈ (ਪ੍ਰੰਤੂ) ਇਕ ਜਣਾ ਖੋਟਾ ਕੰਮ ਕਰੇ ਸਾਰਾ ਦੇਸ (ਸਜ਼ਾ ਨਾਲ) ਪੀੜਤ (ਦੁਖੀ) ਹੁੰਦਾ ਸੀ।

ਤ੍ਰੇਤੈ ਨਗਰੀ ਪੀੜੀਐ ਦੁਆਪੁਰਿ ਵੰਸੁ ਵਿਧੁੰਸੁ ਕੁਵੇਲਾ ।

(ਤ੍ਰਤੇ ਵਿਖੇ ਸਾਰੀ) ਨਗਰੀ ਪੀੜੀ ਜਾਂਦੀ ਸੀ, ਦੁਆਪਰ ਵਿਖੇ ਕੁਲ ਦੇ ਨਾਸ ਦੀ (ਕੁਵੱਲੀ) ਖੋਟੀ ਵਿਪਦਾ ਪੈਂਦੀ ਸੀ।

ਕਲਿਜੁਗਿ ਸਚੁ ਨਿਆਉ ਹੈ ਜੋ ਬੀਜੈ ਸੋ ਲੁਣੈ ਇਕੇਲਾ ।

ਕਲਜੁਗ ਵਿਖੇ ਸੱਚਾ ਨਿਆਉਂ ਹੈ, (ਕਿਉਂ ਜੋ) ਜਿਹੜਾ ਬੀਜੇ ਉਹੋ ਹੀ ਇੱਕਲਾ ਵੱਢੇ, (ਭਾਵ-ਪਾਪ ਤੇ ਭਲੇ ਕਰਮ ਦਾ ਫਲ ਭੋਗੇ, ਇਸੇ ਪਰਥਾਇ ਗੁਰੂ ਜੀ ਦਾ ਵਾਕ ਹੈ 'ਸਤਜੁਗ ਤ੍ਰੇਤਾ ਦੁਆਪਰੁ ਬਣੀਐ ਕਲਿਜੁਗ ਊਤਮੋ ਜੁਗਾ ਮਾਹਿ॥ ਅਹਿਕਰੁ ਕਰੇ ਸੁ ਅਹਿਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ'॥)

ਪਾਰਬ੍ਰਹਮੁ ਪੂਰਨੁ ਬ੍ਰਹਮੁ ਸਬਦਿ ਸੁਰਤਿ ਸਤਿਗੁਰੂ ਗੁਰ ਚੇਲਾ ।

ਸਤਿਗੁਰੂ 'ਪਾਰਬ੍ਰਹਮ ਪੂਰਣ ਬ੍ਰਹਮ' ਰੂਪ ਹਨ (ਅਰਥਾਤ ਨਿਰਗੁਣ ਅਤੇ ਸਰਗੁਣ ਰੂਪ ਹਨ) ਉਨ੍ਹਾਂ ਦੇ ਸ਼ਬਦ ਵਿਖੇ ਜੋ ਸੁਰਤਿ (ਜੋੜਦਾ) ਹੈ ਉਹ ਗੁਰ ਚੇਲਾ ਹੈ (ਅਰਥਾਤ ਪੂਜਨੀਯ ਚੇਲਾ ਹੈ, ਅਥਵਾ ਕਹਿਣ ਨੂੰ ਤਾਂ ਚੇਲਾ ਹੈ ਪਰੰਤੂ ਅਸਲ ਵਿਖੇ ਗੁਰੂ ਸਰੂਪ ਹੈ)।

ਨਾਮੁ ਦਾਨੁ ਇਸਨਾਨੁ ਦ੍ਰਿੜ ਸਾਧਸੰਗਤਿ ਮਿਲਿ ਅੰਮ੍ਰਿਤ ਵੇਲਾ ।

ਨਾਮ ਦਾਨ ਇਸ਼ਨਾਨ (ਦਾ ਉਪਦੇਸ਼) ਦ੍ਰਿੜ ਕੀਤਾ ਹੈ, ਅੰਮ੍ਰਿਤ ਵੇਲੇ ਸਾਧ ਸੰਗਤ ਨਾਲ ਮਿਲਕੇ (ਆਸਾ ਦੀ ਵਾਰ ਆਦਿ ਬਾਣੀ ਦੇ ਸੁਣਨ ਜਾਂ ਪੜ੍ਹਨ ਦਾ ਅਭਿਆਸ ਰਖਦਾ ਹੈ)।

ਮਿਠਾ ਬੋਲਣੁ ਨਿਵ ਚਲਣੁ ਹਥਹੁ ਦੇਣਾ ਸਹਿਜ ਸੁਹੇਲਾ ।

ਮਿੱਠਾ ਬੋਲਦਾ, ਨਿੰਮ੍ਰੀ ਭੂਤ ਹੋ ਕੇ ਰਹਿੰਦਾ, ਹੱਥੋਂ ਦੇਕੇ ਸਹਜੇ ਹੀ ਸੁਹੇਲਾ ਕਹੀਏ) ਸੁਖੀ ਹੁੰਦਾ ਹੈ (ਭਾਵ ਮੱਥੇ ਵੱਟ ਪਾ ਕੇ ਨਹੀਂ ਦਿੰਦਾ, ਕਹਿੰਦਾ ਹੈ 'ਦਾਣਾ ਪਾਣੀ ਵਾਹਿਗੁਰੂ ਦਾ ਟਹਿਲ ਭਾਉਣੀ ਸਿਖਾਂ ਦੀ')।

ਗੁਰਮੁਖ ਸੁਖ ਫਲ ਨੇਹੁ ਨਵੇਲਾ ।੧੬।

ਅਜਿਹੇ ਗੁਰਮੁਖਾਂ ਨੂੰ ਸੁਖ ਫਲ ਦੀ ਪ੍ਰ੍ਰਾਪਤੀ ਹੁੰਦੀ ਹੈ; ('ਨੇਹੁ ਨ ਵੇਲਾ' ਅਰਥਾਤ ਉਨ੍ਹਾਂ ਦੀ) ਪ੍ਰੀਤ ਦਾ ਕੋਈ ਇਕ ਵੇਲਾ ਨਹੀਂ ਹੈ।

ਪਉੜੀ ੧੭

ਨਿਰੰਕਾਰੁ ਆਕਾਰੁ ਕਰਿ ਜੋਤਿ ਸਰੂਪੁ ਅਨੂਪ ਦਿਖਾਇਆ ।

(ਨਿਰੰਕਾਰ ਨਿਰਗੁਣ ਪਰਮਾਤਮਾ ਨੇ ('ਅਕਾਰ' ਪੰਜ-ਭੋਤਕ) ਦੇਹ ਕਰ ਕੇ ਆਪਣਾ ਜੋਤਿਮਯ ਅਨੂਪਮ ਰੂਪ (ਉਸ ਵਿਖੇ) ਪ੍ਰਗਟ ਕੀਤਾ ਹੈ।

ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸਬਦੁ ਸੁਣਾਇਆ ।

ਵੇਦਾਂ ਅਰ ਕਤੇਬਾਂ ਥੋਂ ਜੋ ਅਕੱਥਨੀਯ ਹੈ ਉਸਦਾ 'ਵਾਹਿਗੁਰੂ' ਮੰਤਰ ਗੁਰੂ ਜੀ ਨੇ ਦੱਸਿਆ ਹੈ (ਜਾਂ ਵੇਦ ਕਤੇਬ ਤੋਂ ਅਗੋਚਰਾ ਵਾਹਿਗੁਰੂ ਮੰਤਰ ਦਸਿਆ ਹੈ ਅਥਵਾ)।

ਚਾਰਿ ਵਰਨ ਚਾਰਿ ਮਜਹਬਾ ਚਰਣ ਕਵਲ ਸਰਣਾਗਤਿ ਆਇਆ ।

(ਇਸੇ ਕਰ ਕੇ ਹਿੰਦੁਆਂ ਦੇ) ਚਾਰ ਵਰਣ (ਅਰ ਮੁਹੰਮਦੀ ਮਤ ਵਿਖੇ) ਚਾਰ ਮਜ਼ਹਬ (ਗੁਰੂ ਜੀ ਦੇ) ਚਰਨਾ ਕਵਲਾਂ ਦੀ ਸ਼ਰਣੀ ਆ ਪਏ।

ਪਾਰਸਿ ਪਰਸਿ ਅਪਰਸ ਜਗਿ ਅਸਟ ਧਾਤੁ ਇਕੁ ਧਾਤੁ ਕਰਾਇਆ ।

ਪਾਰਸ (ਗੁਰੂ ਨੇ) ਪਰਸ ਕੇ (ਆਪਣਾ ਸਪਰਸ਼ ਕਰਕੇ) ਅਪਰਸ (=ਅਪਵਿੱਤ੍ਰ) ਜਗਤ ਨੂੰ ਜੋ ਅੱਠਾ ਧਾਤਾਂ ਦਾ ਸੀ, ਇਕ ਧਾਤ ਕਰ ਦਿੱਤਾ (ਭਾਵ ਚਾਰ ਵਰਣ ਤੇ ਚਾਰ ਆਸ਼ਰਮ ਦਾ ਅਹੰਕਾਰ ਛੱਡ ਕੇ ਆਪਣੇ ਜਿਹਾ ਨਿਸ਼ਕਾਮ ਭਗਤ ਬਣਾ ਦਿੱਤਾ)।

ਪੈਰੀ ਪਾਇ ਨਿਵਾਇ ਕੈ ਹਉਮੈ ਰੋਗੁ ਅਸਾਧੁ ਮਿਟਾਇਆ ।

(ਆਪਣੇ) ਚਰਣੀ ਲਾ ਨਿੰਮ੍ਰੀ ਭੂਤ ਕਰ ਕੇ ਹਉਮੈ ਦਾ ਅਸਾਧ ਰੋਗ (ਕੁਸ਼ਟ) ਮਿਟਾ ਦਿੱਤਾ।

ਹੁਕਮਿ ਰਜਾਈ ਚਲਣਾ ਗੁਰਮੁਖਿ ਗਾਡੀ ਰਾਹੁ ਚਲਾਇਆ ।

('ਰਜਾਈ'=) ਵਾਹਿਗੁਰੂ ਦੇ ਹੁਕਮ ਵਿਖੇ ਚੱਲਣ ਦਾ ('ਗਾਡੀ ਰਾਹ' ਖੁਲ੍ਹਾ ਜਾਂ) ਪੱਧਰਾ ਰਾਹ ਗੁਰਮੁਖਾਂ ਨੇ ਚਲਾਇਆ। (ਯਥਾ:- 'ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ')।

ਪੂਰੇ ਪੂਰਾ ਥਾਟੁ ਬਣਾਇਆ ।੧੭।

ਪੂਰੇ (ਸਤਿਗੁਰੂ) ਨੇ ਪੂਰਾ ਥਾਟ (=ਪ੍ਰਬੰਧ ਸਚੇ ਮਾਰਗ ਦਾ) ਬਣਾ ਦਿੱਤਾ ਹੈ।☬ਭਾਵ- ਜੋ ਭਾਣਾ ਮੰਨਦੇ ਹਨ ਉਹੀ ਭਾਈ ਭਿਖਾਰੀ ਵਾਂਙੂ ਪੂਰੇ ਗੁਰੂ ਦੇ ਸਿੱਖ ਹਨ।

ਪਉੜੀ ੧੮

ਜੰਮਣੁ ਮਰਣਹੁ ਬਾਹਰੇ ਪਰਉਪਕਾਰੀ ਜਗ ਵਿਚਿ ਆਏ ।

ਜਨਮ ਮਰਣ ਤੋਂ ਰਹਿਤ (ਓਹ) ਪਰਉਪਕਾਰੀ ਜਗਤ ਵਿਖੇ ਆਏ।

ਭਾਉ ਭਗਤਿ ਉਪਦੇਸੁ ਕਰਿ ਸਾਧਸੰਗਤਿ ਸਚ ਖੰਡਿ ਵਸਾਏ ।

ਪ੍ਰੇਮਾ ਭਗਤੀ ਦਾ (ਸਿੱਖਾਂ ਨੂੰ) ਉਪਦੇਸ਼ ਕਰ ਕੇ (ਉਨ੍ਹਾ ਨੇ) ਸਾਧ ਸੰਗਤ ਰੂਪ ਸਚਖੰਡ (ਧਰਤਿ ਪੁਰ ਵਿਚ ਵਸਾ ਦਿਤੇ।

ਮਾਨਸਰੋਵਰਿ ਪਰਮ ਹੰਸ ਗੁਰਮੁਖਿ ਸਬਦ ਸੁਰਤਿ ਲਿਵ ਲਾਏ ।

(ਓਹ) ਮਾਨ ਸਰੋਵਰ (ਰੂਪੀ ਸਾਧ ਸੰਗਤ ਦੇ) ਪਰਮ ਹੰਸ ਹਨ, ਗੁਰੂ ਦੇ ਸ਼ਬਦ ਵਿਚ ਗੁਰਮੁਖ ਸੁਰਤ ਦੀ (ਲਿਵ) ਤਾਰ ਲਾਈ ਰਖਦੇ ਹਨ।

ਚੰਦਨ ਵਾਸੁ ਵਣਾਸਪਤਿ ਅਫਲ ਸਫਲ ਚੰਦਨ ਮਹਕਾਏ ।

ਚੰਦਨ ਦੀ ਵਾਸ਼ਨਾ ਦੇ ਸਮਾਨ ਹਨ, ਜਿਹੜੀ ਸਾਰੀ ਬਨਾਸਪਤੀ ਨੂੰ ਜੋ ਅਫਲ ਭਾਵੇਂ ਸਫਲ ਹੋਵੇ, ਚੰਦਨ ਦੀ ਮਹਿਕ ਦੇਂਦੀ ਹੈ।

ਭਵਜਲ ਅੰਦਰਿ ਬੋਹਿਥੈ ਹੋਇ ਪਰਵਾਰ ਸਧਾਰ ਲੰਘਾਏ ।

(ਓਹ) ਸੰਸਾਰ ਸਮੁੰਦਰ ਵਿਖੇ ਜਹਾਜ਼ ਰੂਪੀ ਹਨ, ਸਾਰੇ ਪਰਵਾਰ ਨੂੰ (ਪਾਪਾਂ ਦੀ ਮੈਲ ਥੋਂ ਸੁੱਧ ਕਰਕੇ) ਪਾਰ ਲੰਘਾ ਦੇਂਦੇ ਹਨ।

ਲਹਰਿ ਤਰੰਗੁ ਨ ਵਿਆਪਈ ਮਾਇਆ ਵਿਚਿ ਉਦਾਸੁ ਰਹਾਏ ।

ਲਹਿਰਾਂ ਅਤੇ ਤਰੰਗ (ਸੰਸਾਰਿਕ ਵਾਸ਼ਨਾਂ ਤੇ ਹਿਲਾਉ ਉਨਾਂ ਨੂੰ) ਨਹੀਂ ਵਿਆਪਦੇ, ਓਹ ਮਾਇਆ ਵਿਖੇ ਰਹਿਕੇ ਉਦਸੀਨ ਰਹੇ। (ਯਥਾ- 'ਤੈਸਾ ਹਰਖੁ ਤੈਸਾ ਉਸੁ ਸੋਗੁ॥' ਭਾਵ ਉਨ੍ਹਾਂ ਦੇ ਮੁਖ ਦੀ ਕ੍ਰਾਂਤਿ ਵਿਪਦਾ ਵਿਖੇ ਮਲੀਨ ਤੇ ਸੰਪਦਾ ਵਿਖੇ ਟਹਿਕਦੀ ਨਹੀਂ, ਭਾਵ ਇਕ ਰਸ ਰਹਿੰਦੀ ਹੈ)।

ਗੁਰਮੁਖਿ ਸੁਖ ਫਲੁ ਸਹਜਿ ਸਮਾਏ ।੧੮।

(ਇਸੇ ਕਾਰਨ) ਗੁਰਮੁਖ 'ਸੁਖ ਫਲ' ਰੂਪ ਸਹਜ ਪਦਵੀ ਵਿਖੇ ਸਮਾਏ।☬ਭਾਵ- ਨਿਰਵਿਕਲਪ ਸਮਾਧੀ ਕਰ ਕੇ ਪਰਮਾਨੰਦ ਵਿਖੇ ਮਗਨ ਰਹਿੰਦੇ ਹਨ, ਕਿਉਂ ਜੋ ਮਨੁੱਖ ਦੇਹੀ ਨੂੰ ਓੜਕ ਦੀ ਦੇਹ ਜਾਣਕੇ ਭਲੇ ਪਾਸੇ ਲਾਈ ਰੱਖਦੇ ਹਨ, ਜਿਹਾ ਕਿ ਭਾਈ ਨੰਦ ਲਾਲ ਜੀ ੨੨ ਗਜ਼ਲ ਦੇ ਤੀਜੇ ਸ਼ਿਅਰ ਵਿਚ ਕਹਿੰਦੇ ਹਨ:-☬'ਈਂ ਉਮਰੇ ਗਿਰਾਂ ਮਾਯਹ ਗ਼ਨੀਮਤ ਸ਼ਮ

ਪਉੜੀ ੧੯

ਧੰਨੁ ਗੁਰੂ ਗੁਰਸਿਖੁ ਧੰਨੁ ਆਦਿ ਪੁਰਖੁ ਆਦੇਸੁ ਕਰਾਇਆ ।

ਧੰਨ ਗੁਰੂ ਹਨ, (ਓਹ) ਗੁਰੂ ਦਾ ਸਿੱਖ ਬੀ ਧੰਨਤਾ ਦੇ ਲਾਇਕ ਹੈ ਜਿਸ ਨੂੰ ਆਦਿ ਪੁਰਖ ਦਾ ਆਦੇਸ਼ ਕਰਣਾ (ਮੱਥਾ ਟੇਕਣਾ) ਗੁਰੂ ਨੇ ਸਿਖਾਇਆ ਹੈ।

ਸਤਿਗੁਰ ਦਰਸਨੁ ਧੰਨੁ ਹੈ ਧੰਨ ਦਿਸਟਿ ਗੁਰ ਧਿਆਨੁ ਧਰਾਇਆ ।

ਸਤਿਗੁਰੂ ਦਾ ਦਰਸ਼ਨ ਧੰਨ ਹੈ, (ਅਰ ਓਹ 'ਦ੍ਰਿਸ਼ਟਿ' ਅਰਥਾਤ) ਨੇਤਰ ਧੰਨ ਹਨ (ਜਿਨ੍ਹਾਂ ਵਿਖੇ) ਗੁਰੂ ਦਾ ਧਿਆਨ ਟਿਕਦਾ ਹੈ।

ਧੰਨੁ ਧੰਨੁ ਸਤਿਗੁਰ ਸਬਦੁ ਧੰਨੁ ਸੁਰਤਿ ਗੁਰ ਗਿਆਨੁ ਸੁਣਾਇਆ ।

ਸਤਿਗੁਰੂ ਦਾ ਸਬਦ ਬੀ (ਧੰਨ ਧੰਨ ਕਹੀਏ) ਅਤਿ ਧੰਨ ਹੈ, ਧੰਨ ਉਹ ਗਿਆਤ ਹੈ, ਜਿਸ ਨੇ ਗੁਰੂ ਦਾ ਗਿਆਨ ਸੁਣਾਇਆ ਹੈ।

ਚਰਣ ਕਵਲ ਗੁਰ ਧੰਨੁ ਧੰਨੁ ਧੰਨੁ ਮਸਤਕੁ ਗੁਰ ਚਰਣੀ ਲਾਇਆ ।

ਗੁਰੂ ਦੇ ਚਰਣ ਕਵਲ ਧੰਨ ਹਨ, ਧੰਨ ਓਹ ਮੱਥਾ ਹੈ ਜੋ ਗੁਰੂ ਦੀ ਚਰਣੀ ਲਗਦਾ ਹੈ।

ਧੰਨੁ ਧੰਨੁ ਗੁਰ ਉਪਦੇਸੁ ਹੈ ਧੰਨੁ ਰਿਦਾ ਗੁਰ ਮੰਤ੍ਰੁ ਵਸਾਇਆ ।

ਗੁਰੂ ਦਾ ਉਪਦੇਸ਼ ਧੰਨ ਧੰਨ ਹੈ, ਧੰਨ ਓਹ ਰਿਦਾ ਹੈ ਜਿਥੇ ਗੁਰੂ ਦਾ ਵਾਹਿਗੁਰੂ ਮੰਤਰ ਵਸਦਾ ਹੈ।

ਧੰਨੁ ਧੰਨੁ ਗੁਰੁ ਚਰਣਾਮਤੋ ਧੰਨੁ ਮੁਹਤੁ ਜਿਤੁ ਅਪਿਓ ਪੀਆਇਆ ।

ਗੁਰੂ ਦੇ ਚਰਣਾਂ ਦਾ ਅੰਮ੍ਰਿਤ ਜਲ ਧੰਨ ਧੰਨ ਹੈ, ਧੰਨ ਓਹ ('ਮੁਹਤ') ਅੱਧੀ ਘੜੀ ਹੈ (ਵੇਲਾ) ਜਦੋਂ ਓਹ ਅੰਮ੍ਰਤ ਪੀਤਾ।

ਗੁਰਮੁਖਿ ਸੁਖੁ ਫਲੁ ਅਜਰੁ ਜਰਾਇਆ ।੧੯।

(ਧੰਨ ਉਹ) ਗੁਰਮੁਖ ਹਨ, ਜਿਨ੍ਹਾਂ ਨੇ 'ਸੁਖ ਫਲ' (ਆਤਮ ਰਸ ਦੀ ਪ੍ਰਾਪਤੀ ਜੋ) ਅਜਰ ਵਸਤੂ ਹੈ ਜਰ ਲੀਤੀ ਹੈ।

ਪਉੜੀ ੨੦

ਸੁਖ ਸਾਗਰੁ ਹੈ ਸਾਧਸੰਗੁ ਸੋਭਾ ਲਹਰਿ ਤਰੰਗ ਅਤੋਲੇ ।

ਸੰਤਾਂ ਦੀ ਸੰਗਤ ਸੁਖਾਂ ਦਾ ਸਮੁੰਦਰ ਹੈ (ਉਥੇ ਭਗਵੰਤ ਦੀ ਕਥਾ ਰੂਪੀ) ਲਹਿਰਾਂ (ਅਤੇ ਪਿਆਰ ਭਰੇ ਉੱਤਰ ਪ੍ਰਸ਼ਨ ਰੂਪ) ਤਰੰਗ ਅਣਗਿਣਤ ਸ਼ੋਭਦੇ ਹਨ।

ਮਾਣਕ ਮੋਤੀ ਹੀਰਿਆ ਗੁਰ ਉਪਦੇਸੁ ਅਵੇਸੁ ਅਮੋਲੇ ।

(ਫੇਰ) ਗੁਰੂ ਦੇ ਉਪਦੇਸ਼ (ਰੂਪ) ਅਮੋਲਕ ਮਾਣਕ, ਮੋਤੀ ਅਤੇ ਹੀਰਿਆਂ ਦਾ ਪ੍ਰਕਾਸ਼ ਹੋ ਰਿਹਾ ਹੈ, (ਭਾਵ-ਮਨਨ, ਵੈਰਾਗ, ਪ੍ਰੇਮ ਆਦਿ ਸਭ ਗੁਣ ਵਿਦਮਾਨ ਹਨ)।

ਰਾਗ ਰਤਨ ਅਨਹਦ ਧੁਨੀ ਸਬਦਿ ਸੁਰਤਿ ਲਿਵ ਅਗਮ ਅਲੋਲੇ ।

ਰਾਗ ਰਤਨ ਉੱਤਮ ਰਾਗਾਂ ਦੀ ਇਕ ਰਸ ਧੁਨੀ ਹੋ ਰਹੀ ਹੈ, ਸਬਦ ਦੀ ਸੁਰਤਿ ਵਿਖੇ ਲਿਵ (ਲਾਉਣਹਾਰੇ) ਗੰਮਤਾ ਤੋ ਪਰੇ (ਅਰ) ਅਡੋਲ ਹਨ (ਭਾਵ ਗੁਰੂ ਦੇ ਸਿੱਖ ਅਚੰਚਲ ਹੋ ਸਬਦ ਸੁਣਦੇ ਹਨ, ਮਾਨੋਂ ਇਹੋ ਮੋਤੀ ਮਾਣਕ ਕੱਢਣਹਾਰੇ ਮਰਜੀਵੜੇ ਹਨ)।

ਰਿਧਿ ਸਿਧਿ ਨਿਧਿ ਸਭ ਗੋਲੀਆਂ ਚਾਰਿ ਪਦਾਰਥ ਗੋਇਲ ਗੋਲੇ ।

ਰਿੱਧਾਂ, ਸਿੱਧਾਂ, ਅਤੇ ਨੌ ਨਿੱਧਾਂ ਸਾਰੀਆਂ ਸੰਤਾਂ ਦੀਆਂ ਦਾਸੀਆਂ ਹਨ ਤੇ ਚਾਰੇ ਪਦਾਰਥ (ਧਰਮ, ਅਰਥ ਕਾਮ, ਮੋਖ) ਤਾਂ ਦਾਸਾਂ ਦੇ ਦਾਸ ਹਨ, (ਅਥਵਾ ਰਿੱਧਾਂ ਸਿੱਧਾਂ ਅਤੇ ਉਕਤ ਚਾਰੇ ਪਦਾਰਥਾਂ ਨੂੰ ਗੁਰਮੁਖ ਲੋਕ ਗੋਇਲ ਦੇ ਗੋਲੇ ਭਾਵ 'ਚੰਦ ਰੋਜ਼ੀ' ਸਮਝਦੇ ਹਨ, ਉਨਾਂ ਵਿਖੇ ਬੰਧਾਇਮਾਨ ਨਹੀਂ ਹੁੰਦੇ, ਅਥਵਾ ਗੋਇਲ ਗੋਲੇ ਕਹ

ਲਖ ਲਖ ਚੰਦ ਚਰਾਗਚੀ ਲਖ ਲਖ ਅੰਮ੍ਰਿਤ ਪੀਚਨਿ ਝੋਲੇ ।

ਲਖ ਲਖ ਚੰਦ੍ਰਮਾ (ਉਨ੍ਹਾਂ ਦੇ) ਮਸ਼ਾਲਚੀ ਹਨ (ਤੇ ਉਨ੍ਹਾਂ ਪਾਸੋਂ) ਅੰਮ੍ਰਤ ਝੋਲਕੇ (ਬੂਰ ਹਟਾ ਕੇ ਭਾਵ ਨਿਰਣਯ ਕਰਕੇ) ਨਾਮਾਂਮ੍ਰਿਤ ਪੀਂਦੇ ਹਨ (ਭਾਵ ਜਗ੍ਯਾਸੂ ਹਨ)।

ਕਾਮਧੇਨੁ ਲਖ ਪਾਰਿਜਾਤ ਜੰਗਲ ਅੰਦਰਿ ਚਰਨਿ ਅਡੋਲੇ ।

ਲੱਖਾਂ ਕਾਮਧੇਨ ਗਊਆਂ ਜੰਗਲਾਂ ਵਿਖੇ ਚਰਦੀਆਂ ਹਨ ਤੇ ਲੱਖਾਂ ਪਾਰਜਾਤ ਅਡੋਲ ਖੜੇ ਹਨ।

ਗੁਰਮੁਖਿ ਸੁਖ ਫਲੁ ਬੋਲ ਅਬੋਲੇ ।੨੦।੧੨। ਬਾਰਾਂ ।

ਗੁਰਮੁਖਾਂ ਦਾ ਸੁਖ ਫਲ ਬੋਲਣ ਤੋਂ ਅਬੋਲ ਹੈ।☬ਭਾਵ-ਕਾਮਧੇਨ ਤੇ ਪਾਰਜਾਤ ਵਰਗੇ ਪਦਾਰਥਾਂ ਦੇ ਭੰਡਾਰ ਸਾਧ ਸੰਗ ਵਿਚ ਅਡੋਲ ਖੜੇ ਹਨ। ਹੈਨ ਸਹੀ ਪਰ ਗੁਰਮੁਖ ਉਨ੍ਹਾਂ ਦੀ ਲੋੜ ਨਹੀਂ ਰਖਦੇ, ਇਸ ਕਰ ਕੇ ਖੜੋਤੇ ਹਨ। ਕਈ ਪ੍ਰਕਾਰ ਦੇ ਬਲ ਤੇ ਪਦਾਰਥਾਂ ਦੇ ਪ੍ਰਾਪਤ ਹੋਇਆਂ ਬੀ ਸਤਿਸੰਗੀ ਜਨ ਅਸੰਗ ਰਹਿੰਦੇ ਹਨ। ਗੁਰਮੁਖਾਂ ਦਾ 'ਸੁ


Flag Counter