ਵਾਰਾਂ ਭਾਈ ਗੁਰਦਾਸ ਜੀ

ਅੰਗ - 26


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

(ਸਤਿਗੁਰ=ਗੁਰ ਨਾਨਕ। ਸਿਰੰਦਾ=ਰਚਨਹਾਰ। ਵਸੰਦਾ=ਵਸਾਉਣਹਾਰਾ। ਦੋਹੀ=ਦੁਹਾਈ, (ਅ) ਚੋਣ ਵਾਲਾ ਵੀਹ=ਵੀਹ ਵਿਸਵੇ, ਨਿਸਚੇ ਕਰ ਕੇ ਇਕੀਹ=ਇਕ ਦੀ ਈਹਾ ਵਾਲਾ।)

ਸਤਿਗੁਰ ਸਚਾ ਪਾਤਿਸਾਹੁ ਪਾਤਿਸਾਹਾ ਪਾਤਿਸਾਹੁ ਸਿਰੰਦਾ ।

ਸਤਿਗੁਰ (ਨਾਨਕ) ਸੱਚਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ (ਤੇ) ਪਾਤਸ਼ਾਹਾਂ ਦਾ ਰਚਣਹਾਰਾ ਹੈ।

ਸਚੈ ਤਖਤਿ ਨਿਵਾਸੁ ਹੈ ਸਾਧਸੰਗਤਿ ਸਚ ਖੰਡਿ ਵਸੰਦਾ ।

ਸੱਚੇ ਤਖਤ (ਰਾਜ ਸਿੰਘਾਸਨ) ਪੁਰ ਨਿਵਾਸ ਹੈ, ਸਾਧ ਸੰਗਤ ਰੂਪ ਸੱਚ ਖੰਡ ਦਾ ਵਸਾਉਣ ਹਾਰਾ ਹੈ।

ਸਚੁ ਫੁਰਮਾਣੁ ਨੀਸਾਣੁ ਸਚੁ ਸਚਾ ਹੁਕਮੁ ਨ ਮੂਲਿ ਫਿਰੰਦਾ ।

ਸੱਚਾ ਫੁਰਮਾਣ (ਆਗਿਆ) ਹੈ (ਨੀਸਾਣ=) ਝੰਡਾ ਬੀ ਸੱਚਾ ਹੈ, ਹੁਕਮ ਵੀ ਸੱਚਾ ਕਦੇ ਮੁੜਣ ਵਾਲਾ ਨਹੀਂ।

ਸਚੁ ਸਬਦੁ ਟਕਸਾਲ ਸਚੁ ਗੁਰ ਤੇ ਗੁਰ ਹੁਇ ਸਬਦ ਮਿਲੰਦਾ ।

ਉਸ ਦਾ ਸ਼ਬਦ ਅਰ ਟਕਸਾਲ ਸੱਚ ਹੈ, ਜੋ ਗੁਰ ਸ਼ਬਦ ਨੂੰ ਮਿਲਦਾ ਹੈ ਉਹ ਗੁਰੂ ਹੁੰਦਾ ਹੈ (ਅਰਥਾਤ ਗੁਰੂ ਅੰਗਦ ਗੁਰੂ ਅਮਰ ਆਦਿਕ ਗੁਰੂ ਸਬਦ ਨਾਲ ਮਿਲਕੇ ਗੁਰੂ ਹੁੰਦੇ ਚਲੇ ਆਏ)।

ਸਚੀ ਭਗਤਿ ਭੰਡਾਰ ਸਚੁ ਰਾਗ ਰਤਨ ਕੀਰਤਨੁ ਭਾਵੰਦਾ ।

ਸੱਚੀ ਭਗਤੀ' (ਸੇਵਾ) ਅਰ ਭੰਡਾਰਾ ਬੀ ਸਚਾ ਹੈ; ਰਾਗ ਰਤਨ (ਰੂਪ) ਦਾ ਕੀਰਤਨ (ਗੁਰੂ ਨੂੰ) ਭਾਉਂਦਾ ਹੈ।

ਗੁਰਮੁਖਿ ਸਚਾ ਪੰਥੁ ਹੈ ਸਚੁ ਦੋਹੀ ਸਚੁ ਰਾਜੁ ਕਰੰਦਾ ।

ਗੁਰਮੁਖਾਂ ਦਾ ਸੱਚਾ ਰਸਤਾ ਹੈ, (ਸੱਚੀ 'ਦੋਹੀ' ਅਰਥਾਤ) ਡੌਂਡੀ ਬੀ ਸੱਚੀ ਹੈ (ਅਥਵਾ 'ਸਚ ਦੋਹੀਂ=ਸੱਚ ਦਾ ਚੋਣ ਵਾਲਾ ਭਾਵ ਨਿਤਾਰਣ ਵਾਲਾ ਹੈ ਅਰ) ਸਚਾ ਰਾਜ ਕਰਣ ਵਾਲਾ ਹੈ (ਭਾਵ ਨ੍ਯਾਇਕਾਰੀ ਹੈ)।

ਵੀਹ ਇਕੀਹ ਚੜ੍ਹਾਉ ਚੜ੍ਹੰਦਾ ।੧।

ਵੀਹ ਵਿਸਵੇ (ਅਥਵਾ 'ਵੀਹ' ਸੰਸਾਰ ਵਿਖੇ 'ਇਕੀਹ') ਇਕ ਪਰਮੇਸ਼ਰ ਹੈ ('ਚੜ੍ਹਾਉ'=) ਪ੍ਰੇਮ ਵਿੱਚ ਚੜ੍ਹਨ ਵਾਲਾ ਹੈ।

ਪਉੜੀ ੨

ਗੁਰ ਪਰਮੇਸਰੁ ਜਾਣੀਐ ਸਚੇ ਸਚਾ ਨਾਉ ਧਰਾਇਆ ।

ਗੁਰ ਪਰਮੇਸ਼ਰ ਨੂੰ ਜਾਣੀਏਂ, (ਆਪ) ਸੱਚਾ ਹੈ (ਉਸ ਨੇ) ਨਾਮ ਬੀ ਸੱਚਾ ਧਰਾਇਆ ਹੈ।

ਨਿਰੰਕਾਰੁ ਆਕਾਰੁ ਹੋਇ ਏਕੰਕਾਰੁ ਅਪਾਰੁ ਸਦਾਇਆ ।

ਅਪਾਰ ਨਿਰੰਕਾਰ ਨੇ ('ਅਕਾਰ') ਸਰੂਪ ਧਾਰਕੇ 'ਏਕੰਕਾਰ' ਕਹਾਇਆ।

ਏਕੰਕਾਰਹੁ ਸਬਦ ਧੁਨਿ ਓਅੰਕਾਰਿ ਅਕਾਰੁ ਬਣਾਇਆ ।

ਏਕੰਕਾਰ ਤੋਂ ਸ਼ਬਦ ਦੀ ਧੁਨੀ ਹੋਈ ਤੇ ਓਅੰਕਾਰ ਦਾ ਸਰੂਪ ਬਣਾਇਆ।

ਇਕਦੂ ਹੋਇ ਤਿਨਿ ਦੇਵ ਤਿਹੁਂ ਮਿਲਿ ਦਸ ਅਵਤਾਰ ਗਣਾਇਆ ।

(ਫੇਰ) ਇਕ ਤੋਂ ਤਿੰਨ ਦੇਵਤੇ ਰਚੇ ਗਏ, ਫੇਰ ਤਿੰਨਾਂ ਨੇ ਮਿਲਕੇ ਦਸ ਅਵਤਾਰ ਗਣਾਇਆ।

ਆਦਿ ਪੁਰਖੁ ਆਦੇਸੁ ਹੈ ਓਹੁ ਵੇਖੈ ਓਨ੍ਹਾ ਨਦਰਿ ਨ ਆਇਆ ।

ਆਦਿ ਪੁਰਖ (ਪਰਮਾਤਮਾ) ਦੇਸ਼ ਕਾਲ ਵਸਤੂ ਦੇ ਭੇਦ ਤੋਂ ਰਹਿਤ ਹੈ, ਓਹ ਤਾਂ ਓਹਨਾਂ ਨੂੰ ਵੇਖਦਾ ਹੈ (ਪਰੰਤੂ ਅਵਤਾਰਾਂ ਨੂੰ) ਓਹ ਪਰਮਾਤਮਾਂ ਨਜ਼ਰੀ ਨਹੀਂ ਆਉਂਦਾ।

ਸੇਖ ਨਾਗ ਸਿਮਰਣੁ ਕਰੈ ਨਾਵਾ ਅੰਤੁ ਬਿਅੰਤੁ ਨ ਪਾਇਆ ।

ਸ਼ੇਸ਼ਨਾਗ (ਹਜ਼ਰ ਨਾਉਂ) ਰੋਜ਼ ਲੈਂਦਾ ਹੈ, ਬਿਅੰਤ ਵਾਹਿਗੁਰੂ ਦੇ ਨਾਵਾਂ ਦਾ ਹੀ ਅੰਤ ਨਹੀਂ ਆਉਂਦਾ।

ਗੁਰਮੁਖਿ ਸਚੁ ਨਾਉ ਮਨਿ ਭਾਇਆ ।੨।

ਗੁਰਮੁਖਾਂ ਦੇ ਮਨ ਵਿਖੇ ਉਸ ਦਾ ਸੱਚਾ ਨਾਮ ਭਾਉਂਦਾ ਹੈ।

ਪਉੜੀ ੩

ਅੰਬਰੁ ਧਰਤਿ ਵਿਛੋੜਿਅਨੁ ਕੁਦਰਤਿ ਕਰਿ ਕਰਤਾਰ ਕਹਾਇਆ ।

(ਈਸ਼੍ਵਰ ਨੇ ਆਪਣੀ) ਕੁਦਰਤ ਕਰ ਕੇ ਅਕਾਸ਼ ਵਿੱਚ ਧਰਤੀ ਨੂੰ ਛੱਡਿਆ, (ਰਚਣ ਹਾਰ ਹੋਣ ਕਰਕੇ) ਕਰਤਾਰ ਕਹਾਯਾ।

ਧਰਤੀ ਅੰਦਰਿ ਪਾਣੀਐ ਵਿਣੁ ਥੰਮਾਂ ਆਗਾਸੁ ਰਹਾਇਆ ।

ਪਾਣੀਆਂ ਵਿੱਚ ਧਰਤੀ ਰਚੀ ਹੈ (ਚੌਫੇਰੇ ਸਮੁੰਦਰ, ਧਰਤੀ ੧ ਹਿੱਸਾ, ਸਮੁੰਦਰ ੩ ਹਿੱਸੇ ਹੈ) ਅਕਾਸ਼ ਬਿਨਾਂ ਹੀ ਆਸਰੇ ਰਖਿਆ ਹੈ (ਭਾਵ ਜਿੱਕੁਰ ਜੀਵ ਜੰਤੂ ਬਨਸਪਤੀ ਪਾਣੀ ਧਰਤੀ ਦੇ ਆਸਰੇ ਹਨ, ਪੌਣ ਭੀ ਧਰਤੀ ਦੇ ਆਸਰੇ ੪੫ ਕੁ ਮੀਲ ਇਸ ਦੇ ਗਿਰਦ ਤਕ ਰਹਿੰਦੀ ਹੈ, ਤਿਵੇਂ ਅਕਾਸ਼ ਤਤ ਆਸਰੇ ਸਿਰ ਨਹੀਂ ਰਹਿੰਦਾ, ਓਹ ਸਾਰੇ ਪਸਰਿਆ

ਇੰਨ੍ਹਣ ਅੰਦਰਿ ਅਗਿ ਧਰਿ ਅਹਿਨਿਸਿ ਸੂਰਜੁ ਚੰਦੁ ਉਪਾਇਆ ।

ਬਾਲਣ ਵਿਖੇ ਅੱਗ ਰੱਖੀ ਹੈ, ਦਿਨ (ਦੇ ਚਾਨਣ ਲਈ) ਸੂਰਜ (ਅਰ) ਰਾਤ ਦੇ (ਚਾਨਣ ਲਈ) ਚੰਦ ਪੈਦਾ ਕੀਤਾ ਹੈ।

ਛਿਅ ਰੁਤਿ ਬਾਰਹ ਮਾਹ ਕਰਿ ਖਾਣੀ ਬਾਣੀ ਚਲਤੁ ਰਚਾਇਆ ।

ਬਾਰਾਂ ਮਹੀਨਿਆਂ ਵਿਖੇ ਛੀ ਰੁਤਾਂ (ਦੋ ਦੋ ਮਹੀਨਿਆਂ ਦੀਆਂ) ਕਰ ਕੇ (ਚਾਰ) ਖਾਣੀ (ਅਰ ਚਾਰ ਹੀ) ਬਾਣੀਆਂ ਦਾ ਕੌਤਕ ਰਚਿਆ ਹੈ।

ਮਾਣਸ ਜਨਮੁ ਦੁਲੰਭੁ ਹੈ ਸਫਲੁ ਜਨਮੁ ਗੁਰੁ ਪੂਰਾ ਪਾਇਆ ।

(ਪਰੰਤੂ ਸਾਰੀ ਰਚਨਾਂ ਵਿਚੋਂ) ਮਾਣਸ ਜਨਮ ਦੁਰਲੱਭ ਹੈ (ਫੇਰ ਉਹ ਦੁਰਲੱਭ ਜਨਮ ਤਾਂ) ਸੁਫਲ ਹੈ ਜੇ ਪੂਰਾ ਗੁਰੂ ('ਗੁਰੂ ਨਾਨਕ') ਪਾਇਆ ਹੈ।

ਸਾਧਸੰਗਤਿ ਮਿਲਿ ਸਹਜਿ ਸਮਾਇਆ ।੩।

(ਉਹ) ਸਾਧ ਸੰਗਤ ਨਾਲ ਮਿਲਕੇ ਸਹਿਜ (ਪਦ ਵਿਖੇ) ਸਮਾ ਜਾਂਦੇ ਹਨ, (ਜੀਵਨ ਮੁਕਤ ਹੋ ਜਾਂਦੇ ਹਨ)।

ਪਉੜੀ ੪

ਸਤਿਗੁਰੁ ਸਚੁ ਦਾਤਾਰੁ ਹੈ ਮਾਣਸ ਜਨਮੁ ਅਮੋਲੁ ਦਿਵਾਇਆ ।

“ਸਤਿਗੁਰੂ” ਜੀ ਸੱਚੇ ਦਾਨੀ ਹਨ (ਜਿਨ੍ਹਾਂ ਨੇ) ਅਮੋਲਕ ਮਾਨਸ ਜਨਮ ਸਾਨੂੰ ਦਿਵਾਇਆ ਹੈ।

ਮੂਹੁ ਅਖੀ ਨਕੁ ਕੰਨੁ ਕਰਿ ਹਥ ਪੈਰ ਦੇ ਚਲੈ ਚਲਾਇਆ ।

ਮੂੰਹ, ਅੱਖਾਂ, ਨੱਕ, ਕੰਨ, ਆਦਿ (ਗਿਆਨ ਇੰਦ੍ਰਯ) ਹੱਥ ਪੈਰ ਆਦਿ (ਕਰਮ ਇੰਦ੍ਰਯ ਦਿਤੇ ਹਨ) (ਜਿਨ੍ਹਾਂ ਦੇ) ਚਲਣ ਕਰ ਕੇ (ਜੀਵ) ਚਲਦਾ ਹੈ।

ਭਾਉ ਭਗਤਿ ਉਪਦੇਸੁ ਕਰਿ ਨਾਮੁ ਦਾਨੁ ਇਸਨਾਨੁ ਦਿੜਾਇਆ ।

ਪ੍ਰੇਮਾ ਭਗਤੀ ਦਾ ਉਪਦੇਸ਼ ਦੇਕੇ ਨਾਮਦਾਨ ਇਸ਼ਨਾਨ ਪੱਕਾ ਕਰਾਇਆ ਹੈ।

ਅੰਮ੍ਰਿਤ ਵੇਲੈ ਨਾਵਣਾ ਗੁਰਮੁਖਿ ਜਪੁ ਗੁਰ ਮੰਤੁ ਜਪਾਇਆ ।

ਅੰਮ੍ਰਤ ਵੇਲੇ ਇਸ਼ਨਾਨ ਕਰ ਕੇ ਗੁਰਮੁਖਾਂ ਨੂੰ 'ਗੁਰ ਮੰਤ੍ਰ' (ਅਰਥਾਤ) ਜਪੁਜੀ ਦਾ ਪਾਠ ਜਪਾਇਆ ਹੈ।

ਰਾਤਿ ਆਰਤੀ ਸੋਹਿਲਾ ਮਾਇਆ ਵਿਚਿ ਉਦਾਸੁ ਰਹਾਇਆ ।

ਰਾਤ ਨੂੰ (ਸੌਣ ਵੇਲੇ) ਆਰਤੀ ਸੋਹਲੇ (ਦਾ ਪਾਠ ਦੱਸਿਆ ਹੈ) ਮਾਯਾ ਵਿਖੇ ਰਹਿਕੇ ਉਦਾਸ (ਬ੍ਰਿਤੀ ਰੱਖਣੀ ਦੱਸੀ) ਹੈ।

ਮਿਠਾ ਬੋਲਣੁ ਨਿਵਿ ਚਲਣੁ ਹਥਹੁ ਦੇਇ ਨ ਆਪੁ ਗਣਾਇਆ ।

ਮਿੱਠਾ ਬੋਲਣਾ, ਨਿੰਮ੍ਰੀ ਹੋਕੇ ਚੱਲਣਾ, ਹੱਥੋਂ ਦੇਕੇ ਹੰਕਾਰ ਨ ਕਰਨਾ (ਇਤ੍ਯਾਦਿਕ ਸਿੱਖੀ ਦੇ ਮੂਲ ਦ੍ਰਿੜ੍ਹ ਕਰਾਏ ਹਨ, ਫਲ ਕੀ ਹੁੰਦਾ ਹੈ।)

ਚਾਰਿ ਪਦਾਰਥ ਪਿਛੈ ਲਾਇਆ ।੪।

(ਧਰਮ, ਅਰਥ ਕਾਮ, ਮੋਖ) ਚਾਰੇ ਪਦਾਰਥ (ਗੁਰਮੁਖਾਂ ਦੇ) ਪਿਛੇ ਲਾ ਛੱਡੇ ਹਨ।

ਪਉੜੀ ੫

ਸਤਿਗੁਰੁ ਵਡਾ ਆਖੀਐ ਵਡੇ ਦੀ ਵਡੀ ਵਡਿਆਈ ।

ਸਤਿਗੁਰੂ ਨੂੰ (ਸਾਰੇ) ਵੱਡਾ ਆਖਦੇ ਹਨ, (ਕਿਉਂ ਜੋ) ਵੱਡੇ (ਗੁਰੂ) ਦੀ ਵਡਿਆਈ ਵੱਡੀ ਹੈ।

ਓਅੰਕਾਰਿ ਅਕਾਰੁ ਕਰਿ ਲਖ ਦਰੀਆਉ ਨ ਕੀਮਤਿ ਪਾਈ ।

ਓਅੰਕਾਰ ਨੇ ਆਕਾਰ ਕੀਤਾ ਹੈ, (ਜਿਸ ਵਿਖੇ) 'ਲੱਖਾਂ ਦਰਿਆਉ' (ਬ੍ਰਹਮਾਦਿਕ ਦੇਵਤੇ ਹੋਣ ਕਰ) ਕੀਮਤ (ਕਿਸੇ) ਨਹੀਂ ਪਾਈ।

ਇਕ ਵਰਭੰਡੁ ਅਖੰਡੁ ਹੈ ਜੀਅ ਜੰਤ ਕਰਿ ਰਿਜਕੁ ਦਿਵਾਈ ।

ਬ੍ਰਹਮੰਡ ਵਿਖੇ 'ਅਖੰਡ' (ਇਕ ਰਸ) ਇਕੋ ਹੈ (ਜੋ) ਜੀਵ ਜੰਤ (ਉਤਪਤ) ਕਰ ਕੇ ਰਿਜਕ ਦੇ ਰਿਹਾ ਹੈ।

ਲੂੰਅ ਲੂੰਅ ਵਿਚਿ ਰਖਿਓਨੁ ਕਰਿ ਵਰਭੰਡ ਕਰੋੜਿ ਸਮਾਈ ।

ਇਕ ਇਕ ਰੋਮ ਵਿਖੇ ਕਰੋੜ ਕਰੋੜ ਬ੍ਰਹਮੰਡ ਦੀ ਸਮਾਈ ਕਰ ਛੱਡੀ ਹੈ।

ਕੇਵਡੁ ਵਡਾ ਆਖੀਐ ਕਵਣ ਥਾਉ ਕਿਸੁ ਪੁਛਾਂ ਜਾਈ ।

ਉਸ ਨੂੰ ਕੇਡਾ ਕੁ ਵੱਡਾ ਆਖੀਏ, ਕਿਸ ਥਾਉਂ (ਰਹਿੰਦਾ ਹੈ), ਕਿਸ ਨੂੰ ਜਾ ਕੇ ਪੁੱਛੀਏ (“ਕੇਵਡੁ ਵਡਾ ਡੀਠਾ ਹੋਇ”)।

ਅਪੜਿ ਕੋਇ ਨ ਹੰਘਈ ਸੁਣਿ ਸੁਣਿ ਆਖਣ ਆਖਿ ਸੁਣਾਈ ।

(ਉਸ ਦੇ ਦੇਖਣ ਨੂੰ) ਕੋਈ ਪਹੁੰਚ ਨਹੀਂ ਸਕਦਾ (ਲੋਕ) ਅਖਾਣਾਂ ਨੂੰ ਸੁਣ ਸੁਣ ਕੇ ਪਏ ਸੁਣਾਂਵਦੇ ਹਨ।

ਸਤਿਗੁਰੁ ਮੂਰਤਿ ਪਰਗਟੀ ਆਈ ।੫।

(ਅਕਾਲ ਪੁਰਖ ਦੀ) ਮੂਰਤੀ ਸਤਿਗੁਰੂ (ਗੁਰੂ ਨਾਨਕ) ਵਿਖੇ ਪ੍ਰਗਟ ਦਿਖਾਈ ਦਿੰਦੀ ਹੈ (ਕਿਉਂ ਜੋ “ਨਾਨਕ ਸਾਧ ਪ੍ਰਭ ਭੇਦੁ ਨ ਭਾਈ”॥ ਗੁਰਬਾਣੀ ਦਾ ਅਭ੍ਯਾਸ ਪ੍ਰਤਖ੍ਯ ਈਸ਼੍ਵਰ ਦਾ ਦਰਸ਼ਨ ਹੈ)।

ਪਉੜੀ ੬

ਧਿਆਨੁ ਮੂਲੁ ਗੁਰ ਦਰਸਨੋ ਪੂਰਨ ਬ੍ਰਹਮੁ ਜਾਣਿ ਜਾਣੋਈ ।

ਗੁਰੂ ਦਾ ਦਰਸ਼ਨ (ਸਭ) ਧਿਆਨਾਂ ਦਾ ਮੂਲ ਹੈ, (ਕਿਉਂ ਜੋ) -ਪੂਰਨ ਬ੍ਰਹਮ (ਬ੍ਰਹਮ ਦਾ ਰੂਪ) ਹਨ, ਜਾਣਨਹਾਰਾ ਜਾਣਦਾ ਹੈ (ਅਥਵਾ “ਜਾਣੋਈ” ਜਾਣਨੇਹਾਰੇ ਹਨ, ਕਰਤਾ ਰੂਪ ਹਨ)।

ਪੂਜ ਮੂਲ ਸਤਿਗੁਰੁ ਚਰਣ ਕਰਿ ਗੁਰਦੇਵ ਸੇਵ ਸੁਖ ਹੋਈ ।

ਸਤਿਗੁਰੂ (ਗੁਰੂ ਨਾਨਕ) ਦੇ ਚਰਣ ਪੂਜਾ ਦੇ ਮੂਲ ਹਨ (ਕਿਉਂ ਜੋ ਇਸੇ ਵਿਚ ਸਾਰੀਆਂ ਪੂਜਾ ਆ ਜਾਂਦੀਆਂ ਹਨ, ਤਾਂਤੇ) ਗੁਰਦੇਵ ਦੀ ਸੇਵਾ ਵਿਖੇ ਹੀ ਸੁਖ ਹੁੰਦਾ ਹੈ।

ਮੰਤ੍ਰ ਮੂਲੁ ਸਤਿਗੁਰੁ ਬਚਨ ਇਕ ਮਨਿ ਹੋਇ ਅਰਾਧੈ ਕੋਈ ।

ਸਤਿਗੁਰੂ ਦਾ ਬਚਨ ਸਾਰੇ ਮੰਤ੍ਰਾਂ ਦਾ ਮੂਲ ਹੈ (ਪਰੰਤੂ ਫਲ ਤਦ ਹੁੰਦਾ ਹੈ) ਜਦ ਕੋਈ ਇਕਾਗ੍ਰ ਮਨ ਕਰ ਕੇ ਅਰਾਧਨ ਕਰੇ।

ਮੋਖ ਮੂਲੁ ਕਿਰਪਾ ਗੁਰੂ ਜੀਵਨੁ ਮੁਕਤਿ ਸਾਧਸੰਗਿ ਸੋਈ ।

ਗੁਰੂ ਦੀ ਕਿਰਪਾ ਮੁਕਤੀ ਦਾ ਮੂਲ ਹੈ, ਜੀਵਨ ਮੁਕਤ ਰੂਪ ਸਾਧ ਸੰਗਤ ਸੋਈ ਹੈ (ਭਾਵ ਜਿਸ ਪੁਰ ਸਤਿਗੁਰ ਪ੍ਰਸੰਨ ਹੁੰਦੇ ਹਨ)।

ਆਪੁ ਗਣਾਇ ਨ ਪਾਈਐ ਆਪੁ ਗਵਾਇ ਮਿਲੈ ਵਿਰਲੋਈ ।

(ਪਰੰਤੂ ਗੁਰੂ ਕ੍ਰਿਪਾ) ਆਪਣਾ ਆਪ ਗਣਾਉਣ ਕਰ ਕੇ ਨਹੀਂ ਪਾਈਦੀ; ਹੰਕਾਰ ਛੱਡਕੇ ਵਿਰਲਾ ਹੀ (ਗੁਰੂ ਕ੍ਰਿਪਾ) ਨੂੰ ਮਿਲਦਾ ਹੈ।

ਆਪੁ ਗਵਾਏ ਆਪ ਹੈ ਸਭ ਕੋ ਆਪਿ ਆਪੇ ਸਭੁ ਕੋਈ ।

ਹੰਕਾਰ ਛਡਨ ਕਰ ਕੇ (ਸ਼ੁੱਧ) ਆਪ (ਉਨਮਨ) ਹੁੰਦਾ ਹੈ, (ਤੇ) ਸਭ ਕਿਸੇ ਨੂੰ ਆਪਣਾ ਰੂਪ ਜਾਣਦਾ ਹੈ ਅਰ ਸਭ ਕੋਈ ਉਸ ਨੂੰ ਆਪਣਾ ਹੀ ਰੂਪ ਜਾਣਦੇ ਹਨ (ਭਾਵ ਸਾਰੇ ਉਸ ਨਾਲ ਪਿਆਰ ਕਰਦੇ ਹਨ “ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ”)॥

ਗੁਰੁ ਚੇਲਾ ਚੇਲਾ ਗੁਰੁ ਹੋਈ ।੬।

(ਇਸ ਤਰ੍ਹਾਂ) ਗੁਰੂ (ਨਾਨਕ) ਚੇਲਾ ਤੇ ਚੇਲਾ (ਅੰਗਦ) ਗੁਰੂ ਹੋਏ।

ਪਉੜੀ ੭

ਸਤਿਜੁਗ ਪਾਪ ਕਮਾਣਿਆ ਇਕਸ ਪਿਛੈ ਦੇਸੁ ਦੁਖਾਲਾ ।

ਸਤਿਜੁਗ ਵਿਖੇ ਜੋ ਪਾਪ ਕਰਦਾ ਸੀ ਉਸ ਇਕ ਪਿਛੇ ਸਾਰਾ ਦੇਸ਼ ਦੁਖੀ ਹੁੰਦਾ ਸੀ।

ਤ੍ਰੇਤੈ ਨਗਰੀ ਪੀੜੀਐ ਦੁਆਪੁਰਿ ਪਾਪੁ ਵੰਸੁ ਕੋ ਦਾਲਾ ।

ਤ੍ਰੇਤੇ ਜੁਗ ਵਿਖੇ (ਇੱਕ ਦੇ ਪਾਪ ਨਾਲ) ਸਾਰੀ ਨਗਰੀ ਪੀੜੀਦੀ ਸੀ, ਦੁਆਪਰ ਦਾ ਪਾਪ ਸਾਰੀ 'ਵੰਸ' (ਪੀਹੜੀ) ('ਦਾਲਾ') ਦਲਦਾ ਸੀ (ਅਥਵਾ ਵੰਸ ਦਾ ਕੌਦਾਲਾ=ਕੁਹਾੜਾ ਸੀ)।

ਕਲਿਜੁਗਿ ਬੀਜੈ ਸੋ ਲੁਣੈ ਵਰਤੈ ਧਰਮ ਨਿਆਉ ਸੁਖਾਲਾ ।

ਕਲਿਜੁਗ ਵਿਖੇ ਜਿਹਾ ਕੋਈ ਬੀਜੇ ਤੇਹਾ ਕੱਟਦਾ ਹੈ, ਸੌਖਾ ਧਰਮ ਨਿਆਉਂ ਵਰਤ ਰਿਹਾ ਹੈ।

ਫਲੈ ਕਮਾਣਾ ਤਿਹੁ ਜੁਗੀਂ ਕਲਿਜੁਗਿ ਸਫਲੁ ਧਰਮੁ ਤਤਕਾਲਾ ।

ਕਰਮ ਤਿੰਨਾਂ ਜੁਗਾਂ ਵਿਖੇ ਫਲਦਾ ਸੀ (ਭਾਵ ਇਕ ਜੁਗ ਦੇ ਕੀਤੇ ਹੋਏ ਸ਼ੁਭ ਕਰਮ ਦਾ ਫਲ ਦੂਜੇ ਜੁਗ ਵਿਖੇ ਚਿਰਾਕਾ ਫਲ ਮਿਲਦਾ ਸੀ) ਪਰੰਤੂ ਕਲਿਜੁਗ ਵਿਖੇ ਧਰਮ ਤਤਕਾਲ ਫਲ ਦਿੰਦਾ ਹੈ (ਦੂਜੀ ਹੋਰ ਗਲ ਚੰਗੀ ਹੈ, ਜੋ ਪੰਜਵੀਂ ਤੁਕ ਵਿਖੇ ਦੱਸਦੇ ਹਨ)।

ਪਾਪ ਕਮਾਣੈ ਲੇਪੁ ਹੈ ਚਿਤਵੈ ਧਰਮ ਸੁਫਲੁ ਫਲ ਵਾਲਾ ।

ਪਾਪ ਦੇ ਲੇਪ, ਫੰਤਿਆਂ ਹੋਇਆਂ ਹੀ ਲਗਦਾ ਹੈ ਅਰ ਧਰਮ ਚਿਤਵਣ ਨਾਲ ਹੀ ਸ੍ਰੇਸ਼ਟ ਫਲ ਦਿੰਦਾ ਹੈ।

ਭਾਇ ਭਗਤਿ ਗੁਰਪੁਰਬ ਕਰਿ ਬੀਜਨਿ ਬੀਜੁ ਸਚੀ ਧਰਮਸਾਲਾ ।

ਇਸ ਵਾਸਤੇ ਪ੍ਰੇਮਾ ਭਗਤੀ ਕਰ ਕੇ ਗੁਰੂ ਦੇ ਸਿਖ ਸੱਚੀ ਧਰਮਸਾਲ (ਸਚੀ ਧਰਮ ਦੀ ਥਾਉਂ) ਵਿਖੇ ਗੁਰਪੁਰਬ ਕਰ ਕੇ ਬੀਜ ਨੂੰ ਬੀਜਦੇ ਹਨ।

ਸਫਲ ਮਨੋਰਥ ਪੂਰਣ ਘਾਲਾ ।੭।

(ਉਹਨਾਂ ਦੇ) ਮਨੋਰਥ ਸਫਲ (ਹੋ ਜਾਂਦੇ ਹਨ ਅਰ ਘਾਲ) ਕਮਾਈ ਥਾਉਂ ਪੈਂਦੀ ਹੈ।

ਪਉੜੀ ੮

ਸਤਿਜੁਗਿ ਸਤਿ ਤ੍ਰੇਤੈ ਜੁਗਾ ਦੁਆਪਰਿ ਪੂਜਾ ਬਹਲੀ ਘਾਲਾ ।

ਸਤਿਜੁਗ ਵਿਖੇ 'ਸਤਿ' (ਸਚ ਬੋਲਣ ਕਰ ਕੇ ਮੁਕਤ ਹੁੰਦੇ ਸਨ) ਤ੍ਰੇਤੇ ਵਿਖੇ ਜੱਗਾਂ, ਦੁਆਪੁਰ ਵਿਖੇ ਪੂਜਾ ਦੀਆਂ ਬਾਹਲੀਆਂ 'ਘਾਲਾਂ' (ਕਮਾਈਆਂ ਚਲ ਪਈਆਂ)।

ਕਲਿਜੁਗਿ ਗੁਰਮੁਖਿ ਨਾਉਂ ਲੈ ਪਾਰਿ ਪਵੈ ਭਵਜਲ ਭਰਨਾਲਾ ।

ਕਲਿਜੁਗ (ਵਿਖੇ) ਗੁਰਮੁਖ (ਲੋਕ) ਸੰਸਾਰ ਸਮੁੰਦ੍ਰ ਥੀਂ ਨਾਮ ਜਪਕੇ ਹੀ ਪਾਰ ਹੋ ਜਾਂਦੇ ਹਨ।

ਚਾਰਿ ਚਰਣ ਸਤਿਜੁਗੈ ਵਿਚਿ ਤ੍ਰੇਤੈ ਚਉਥੈ ਚਰਣ ਉਕਾਲਾ ।

ਸਤਿਜੁਗ ਵਿਖੇ ਧਰਮ ਦੇ ਚਾਰੇ ਚਰਣ (ਤਪ, ਸੌਚ, ਦਯਾ, ਸੱਤ) ਸਬੂਤ ਸਨ, ਤ੍ਰੇਤੇ ਵਿਚ ਚੌਥਾ ਚਰਣ ਹਟ ਗਿਆ।

ਦੁਆਪੁਰਿ ਹੋਏ ਪੈਰ ਦੁਇ ਇਕਤੈ ਪੈਰ ਧਰੰਮੁ ਦੁਖਾਲਾ ।

ਦੁਆਪਰ ਵਿਖੇ ਦੋ ਪੈਰ ਹੋ ਗਏ, ਹੁਣ ਇਕ ਪੈਰ (ਰਹਿਣ ਕਰਕੇ) ਧਰਮ ਵਡਾ ਦੁਖੀ ਹੋਇਆ।

ਮਾਣੁ ਨਿਮਾਣੈ ਜਾਣਿ ਕੈ ਬਿਨਉ ਕਰੈ ਕਰਿ ਨਦਰਿ ਨਿਹਾਲਾ ।

ਨਿਮਾਣਿਆਂ ਨੂੰ ਮਾਣ ਦੇਣ ਵਾਲਾ ਜਾਣਕੇ (ਅਕਾਲ ਪੁਰਖ ਪਾਸ) ਬੇਨਤੀ ਕਰਨ ਲੱਗਾ (ਕਿ) ਕ੍ਰਿਪਾ ਦ੍ਰਿਸ਼ਟੀ ਨਾਲ (ਮੈਨੂੰ) ਨਿਹਾਲ ਕਰੋ।

ਗੁਰ ਪੂਰੈ ਪਰਗਾਸੁ ਕਰਿ ਧੀਰਜੁ ਧਰਮ ਸਚੀ ਧਰਮਸਾਲਾ ।

(ਗੁਰੂ ਨਾਨਕ) ਪੂਰੇ ਗੁਰੂ ਨੇ ਪਰਗਾਸ ਕਰ ਕੇ ਧਰਮ ਦੇ ਧੀਰਜ ਲਈ ਸੱਚੀ ਧਰਮਸਾਲ (ਸਾਧ ਸੰਗਤ) ਰਚੀ।

ਆਪੇ ਖੇਤੁ ਆਪੇ ਰਖਵਾਲਾ ।੮।

ਆਪਣੇ ਖੇਤ ਦਾ ਆਪ ਅਕਾਲ ਪੁਰਖ ਹੀ ਰਖਵਾਲਾ ਹੋਇਆ। (ਭਾਵ ਆਪ ਰੱਖ ਲਿਆ, ਧਰਮ ਦੇ ਚਾਰ ਪੈਰ ਸੱਤਿ, ਸੰਤੋਖ, ਵੀਚਾਰ, ਨਾਮ ਪੂਰੇ ਕਰ ਦਿਤੇ)।

ਪਉੜੀ ੯

ਜਿਨ੍ਹਾਂ ਭਾਉ ਤਿਨ ਨਾਹਿ ਭਉ ਮੁਚੁ ਭਉ ਅਗੈ ਨਿਭਵਿਆਹਾ ।

ਜਿਨ੍ਹਾਂ (ਪੁਰਖਾਂ ਨੇ ਰਬ ਦਾ) ਭਾਉ (ਧਾਰਨ ਕੀਤਾ ਹੈ) (ਭਾਵ ਨਿਵਕੇ ਤੁਰਦੇ ਹਨ) ਉਹਨਾਂ ਨੂੰ (ਜਮਾਦਿਕਾਂ ਦਾ) ਭਉ ਨਹੀਂ ਹੈ, (ਅਰ ਜੋ ਰਬ ਦੇ ਭਉ ਥੋਂ 'ਨਿਭਵਿਆਹਾ') ਨਿਡਰੇ ਹਨ ਉਹਨਾਂ ਨੂੰ ਅੱਗੇ ਵੱਡਾ ਭੈ (ਬਣਿਆ ਰਹਿੰਦਾ) ਹੈ।

ਅਗਿ ਤਤੀ ਜਲ ਸੀਅਲਾ ਨਿਵ ਚਲੈ ਸਿਰੁ ਕਰੈ ਉਤਾਹਾ ।

ਅੱਗ ਸਿਰ ਉੱਚਾ ਕਰਦੀ ਹੈ, ਇਸ ਵਾਸਤੇ ਤੱਤੀ ਹੈ, ਪਾਣੀ ਨਿਵਕੇ ਚਲਦਾ ਹੈ (ਇਸ ਲਈ) ਸੀਤਲ ਹੈ।

ਭਰਿ ਡੁਬੈ ਖਾਲੀ ਤਰੈ ਵਜਿ ਨ ਵਜੈ ਘੜੈ ਜਿਵਾਹਾ ।

ਘੜਾ ਜਿੱਕੁਰ ਭਰਿਆ ਹੋਇਆ (ਭਾਵ ਹੰਕਾਰੀ ਜੀਵ) ਡੁਬੱਦਾ ਹੈ, ਨਾਲੇ ਵੱਜਦਾ ਨਹੀਂ (ਭਾਵ ਭਾਰੇ ਦੀਆਂ ਧੁਨਾਂ ਨਿਕਲਦੀਆਂ, ਜੇਕਰ ਉਹੋ ਘੜਾ) ਖਾਲੀ ਹੋਵੇ (ਨਿੰਮ੍ਰੀ ਭੂਤ ਜੀਵ) ਤਾਂ ਤਰਦਾ ਹੈ ਤੇ ਵੱਜਦਾ ਭੀ ਹੈ (ਭਾਵ ਜੋੜੀ ਦਾ ਕੰਮ ਦਿੰਦਾ ਹੈ)।

ਅੰਬ ਸੁਫਲ ਫਲਿ ਝੁਕਿ ਲਹੈ ਦੁਖ ਫਲੁ ਅਰੰਡੁ ਨ ਨਿਵੈ ਤਲਾਹਾ ।

ਅੰਬ (ਦਾ ਬੂਟਾ) ਝੁਕਣ ਕਰ ਕੇ ਹੀ ਚੰਗੇ ਫਲ ਲੈਂਦਾ ਹੈ ਅਰ ਇਰੰਡ (ਦਾ ਬੂਟਾ) ਝੁਕਦਾ ਨਹੀਂ (ਉਸ ਨਾਲ) ਦੁਖਦਾਈ ਫਲ ਲਗਦੇ ਹਨ।

ਮਨੁ ਪੰਖੇਰੂ ਧਾਵਦਾ ਸੰਗਿ ਸੁਭਾਇ ਜਾਇ ਫਲ ਖਾਹਾ ।

ਮਨ ਪੰਖੀ ਦੀ ਨਿਆਈਂ ਚੌਫੇਰੇ ਦੌੜਦਾ ਹੋਇਆ ਸੰਗਤ ਦੇ ਸੁਭਾਵ ਨੁਸਾਰ ਫਲ ਖਾਂਦਾ ਹੈ (ਯਥਾ:- “ਕਬੀਰਾ ਮਨੁ ਪੰਖੀ ਭਇਓ ਉਡਿ ਉਡਿ ਦਹਦਿਸ ਜਾਇ॥ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲੁ ਖਾਇ”)।

ਧਰਿ ਤਾਰਾਜੂ ਤੋਲੀਐ ਹਉਲਾ ਭਾਰਾ ਤੋਲੁ ਤੁਲਾਹਾ ।

ਤੱਕੜੀ ਪੁਰ ਧਰਕੇ ਜਦ ਤੋਲੀਏ ਹੌਲੇ ਭਾਰੇ ਦਾ ਤੋਲ ਤੁਲ ਜਾਂਦਾ ਹੈ, (ਜਿਹਾ ਕੁ “ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ”॥ ਹੁਣ ਸੱਤਵੀਂ ਤੇ ਅੱਠਵੀਂ ਤੁਕ ਵਿਖੇ ਸਿੱਧਾਂਤ ਦੱਸਦੇ ਹਨ)।

ਜਿਣਿ ਹਾਰੈ ਹਾਰੈ ਜਿਣੈ ਪੈਰਾ ਉਤੇ ਸੀਸੁ ਧਰਾਹਾ ।

ਜਿੱਤਣ ਵਾਲਾ ਹਾਰਦਾ ਹੇ ਤੇ ਹਾਰਣ ਵਾਲਾ ਜਿੱਤ ਜਾਂਦਾ ਹੈ, ਪੈਰਾਂ ਉਤੇ ਹੀ ਸਿਰ ਧਰੀਦੇ ਹਨ, (ਮੁਕਦੀ ਗੱਲ ਇਹ ਹੈ ਕਿ ਜੋ ਪੈਰੀਂ ਪੈਂਦੇ ਹਨ ਜਗਤ ਉਹਨਾਂ ਦੀ ਪੈਰੀਂ ਪੈਂਦਾ ਹੈ)।

ਪੈਰੀ ਪੈ ਜਗ ਪੈਰੀ ਪਾਹਾ ।੯।

ਪੈਰੀਂ ਪੈ ਕੇ ਜਗਤ ਨੂੰ (ਉਹਨਾਂ ਗੁਰਮੁਖਾਂ ਨੇ) ਪੈਰੀਂ ਪੈਣਾ (ਸਿਖਲਾਇਆ ਹੈ। ਆਪ ਨਮੂਨਾ ਬਣੇ ਤੇ ਲੋਕੀ ਮਗਰ ਲੱਗੇ)।

ਪਉੜੀ ੧੦

ਸਚੁ ਹੁਕਮੁ ਸਚੁ ਲੇਖੁ ਹੈ ਸਚੁ ਕਾਰਣੁ ਕਰਿ ਖੇਲੁ ਰਚਾਇਆ ।

(ਵਾਹਿਗੁਰੂ ਸਤਿ ਸਰੂਪ ਹੈ, ਉਸ ਦਾ) ਹੁਕਮ ਬੀ ਸਤਿ ਹੈ, ਸਤਿ ਹੀ ਲੇਖ ਹੈ, ਸੱਚਾ ਕਾਰਨ ਕਰ ਕੇ ਖੇਲ (ਸੰਸਾਰ ਦਾ) ਰਚਾਇਆ ਹੈ।

ਕਾਰਣੁ ਕਰਤੇ ਵਸਿ ਹੈ ਵਿਰਲੈ ਦਾ ਓਹੁ ਕਰੈ ਕਰਾਇਆ ।

(ਸਭ) ਕਾਰਣ ਕਰਤਾਰ ਦੇ ਵੱਸ ਹਨ (ਪਰ ਕਿਸੇ) ਵਿਰਲੇ ਦਾ ਓਹ ਕਰਾਇਆ ਬੀ ਕਰ ਲੈਂਦਾ ਹੈ। (ਭਾਵ 'ਜੋ ਜੋ ਚਿਤਵਹਿ ਸਾਧ ਜਨ ਸੋ ਲੇਤਾ ਮਾਨਿ')।

ਸੋ ਕਿਹੁ ਹੋਰੁ ਨ ਮੰਗਈ ਖਸਮੈ ਦਾ ਭਾਣਾ ਤਿਸੁ ਭਾਇਆ ।

(ਪਰ ਓਹ ਭਗਤ ਜਿਸ ਦਾ ਐਡਾ ਦਰਜਾ ਹੈ ਕਿੱਥੇ ਖੇਡਦਾ ਹੈ? ਉੱਤਰ) ਓਹ ਹੋਰ ਕੁਛ ਮੰਗਦਾ ਹੀ ਨਹੀਂ ਉਸ ਨੂੰ (ਭਾਈ ਭਿਖਾਰੀ ਵਾਙੂ) ਖਸਮ ਦਾ ਭਾਣਾ ਹੀ ਚੰਗਾ ਲਗਦਾ ਹੈ।

ਖਸਮੈ ਏਵੈ ਭਾਵਦਾ ਭਗਤਿ ਵਛਲੁ ਹੁਇ ਬਿਰਦੁ ਸਦਾਇਆ ।

ਖਸਮ (ਅਕਾਲ ਪੁਰਖ) ਨੂੰ (ਆਪਣਾ ਨਾਮ) ਭਗਤ ਵਛਲ ਪੂਰਣ ਕਰਨ ਲਈ, ਏਵੇਂ ਭਾਉਂਦਾ ਹੈ (ਕਿ ਪ੍ਰਹਿਲਾਦ ਵਾਂਙੂ ਭਗਤਾ ਦੀ ਰੱਛਾ ਹੀ ਰੱਖੇ) (ਭਗਤਾ ਨੂੰ ਕੀ ਭਾਉਂਦਾ ਹੈ? ਪੰਜਵੀਂ ਤੁਕ ਵਿਖੇ ਦੱਸਦੇ ਹਨ)।

ਸਾਧਸੰਗਤਿ ਗੁਰ ਸਬਦੁ ਲਿਵ ਕਾਰਣੁ ਕਰਤਾ ਕਰਦਾ ਆਇਆ ।

ਸੰਤਾਂ ਦੀ ਸੰਗਤ (ਵਿਖੇ ਮਿਲਕੇ) ਗੁਰੂ ਦੀ ਬਾਣੀ ਵਿਖੇ ਲਿਵਲਾਈ ਰੱਖਦੇ (ਤੇ ਜਾਣਦੇ ਹਨ ਕਿ) ਸਾਰੇ ਕਾਰਣ ਕਰਤਾ ਹੀ ਕਰਦਾ ਆਇਆ ਹੈ। (ਸਾਨੂੰ ਦਖਲ ਦੇਣ ਦੀ ਲੋੜ ਨਹੀਂ, ਉਹ ਸਮਰਥ ਹੈ)।

ਬਾਲ ਸੁਭਾਇ ਅਤੀਤ ਜਗਿ ਵਰ ਸਰਾਪ ਦਾ ਭਰਮੁ ਚੁਕਾਇਆ ।

(ਇਸ ਵਾਸਤੇ) ਬਾਲਕਾਂ ਵਾਂਗੂੰ ਸੁਭਾਉ ਰੱਖਕੇ (ਭਾਵ ਹਰਖ ਸੋਗੋਂ ਰਹਤ ਹੋ) ਜਗਤ ਥੋਂ ਅਤੀਤ ਹੋਕੇ ਵਰ ਸਰਾਪ ਦਾ ਸੰਕਲਪ ਚੁਕਾ ਛੱਡਿਆ ਹੈ (ਕਿਉਂ ਜੋ ਇਹ ਦੋਵੇਂ ਰਾਗ ਦ੍ਵੈਖ ਕਰ ਕੇ ਹੁੰਦੇ ਹਨ, ਇਸ ਲਈ ਇਨ੍ਹਾਂ ਦਾ ਮੂਲ ਹੀ ਚੁਕਾ ਰੱਖਿਆ ਹੈ; ਜਾਣਦੇ ਹਨ ਕਿ)।

ਜੇਹਾ ਭਾਉ ਤੇਹੋ ਫਲੁ ਪਾਇਆ ।੧੦।

ਜੇਹਾ (ਕਿਸੇ ਦਾ) ਭਾਉ ਹੋਵੇ ਤੇਹਾ ਹੀ (ਉਸ ਨੇ) ਫਲ ਪਾਇਆ ਹੈ।

ਪਉੜੀ ੧੧

ਅਉਗੁਣ ਕੀਤੇ ਗੁਣ ਕਰੈ ਸਹਜਿ ਸੁਭਾਉ ਤਰੋਵਰ ਹੰਦਾ ।

ਬ੍ਰਿੱਛ ਦਾ ('ਸਹਜ') ਸੁਤੇ ਹੀ ਸੁਭਾਉ ਹੈ ਕਿ ਅਉਗਣ ਕੀਤਿਆਂ ਹੋਇਆਂ ਗੁਣ (ਉਪਕਾਰ) ਕਰਦਾ ਹੈ।

ਵਢਣ ਵਾਲਾ ਛਾਉ ਬਹਿ ਚੰਗੇ ਦਾ ਮੰਦਾ ਚਿਤਵੰਦਾ ।

ਵੱਢਣ ਵਾਲਾ (ਬ੍ਰਿੱਛਾਂ ਦੀ) ਛਾਂ ਹੇਠ ਬੈਠਕੇ 'ਚੰਗੇ ਦਾ (ਭਾਵ ਬ੍ਰਿੱਛ ਦਾ) ਮੰਦਾ (ਬੁਰਾ) ਹੀ ਚਿਤਵਦਾ ਹੈ; (ਕਿ ਇਸ ਦੇ ਮੁੱਢ ਤੇ ਟਾਹਣ ਤਖਤਿਆਂ ਕੜੀਆਂ ਦੇ ਲਾਇਕ ਹਨ, ਵੱਢਕੇ ਲੈ ਚਲੀਏ)।

ਫਲ ਦੇ ਵਟ ਵਗਾਇਆਂ ਵਢਣ ਵਾਲੇ ਤਾਰਿ ਤਰੰਦਾ ।

(ਬ੍ਰਿੱਛ) ਵਟਿਆਂ ਮਾਰਣ ਵਾਲੇ ਨੂੰ ਫਲ ਦਿੰਦਾ ਹੈ, ਵੱਢਣ ਵਾਲਿਆਂ ਨੂੰ ('ਤਾਰ ਤਰੰਦਾ') ਨਦੀਓਂ ਤਾਰਦਾ ਹੈ।

ਬੇਮੁਖ ਫਲ ਨਾ ਪਾਇਦੇ ਸੇਵਕ ਫਲ ਅਣਗਣਤ ਫਲੰਦਾ ।

('ਬੇਮੁਖ') ਦੁਸ਼ਟ ਲੋਕ (ਜੋ ਭਲਿਆਂ ਦਾ ਉਪਕਾਰ ਛੱਡਕੇ ਬੁਰਾ ਚਿਤਵਦੇ ਹਨ) ਓਹ ਫਲ ਨਹੀਂ ਪਾਉਂਦੇ, (ਸੇਵਕ) ਭਗਤ ਲੋਕ ਅਣਗਿਣਤ ਫਲਾਂ ਨਾਲ ਫਲੀ ਭੂਤ ਹੁੰਦੇ ਹਨ (ਸੇਵਕ ਕਿਹੜੇ ਹਨ?)

ਗੁਰਮੁਖਿ ਵਿਰਲਾ ਜਾਣੀਐ ਸੇਵਕੁ ਸੇਵਕ ਸੇਵਕ ਸੰਦਾ ।

ਗੁਰਮੁਖ (ਕੋਈ) ਵਿਰਲਾ ਹੀ ਹੈ, ਜੋ ਸੇਵਕਾਂ ਦਾ ਸੇਵਕ ਹੋ ਕੇ ਸੇਵਾ ਕਰਦਾ ਹੈ।

ਜਗੁ ਜੋਹਾਰੇ ਚੰਦ ਨੋ ਸਾਇਰ ਲਹਰਿ ਅਨੰਦੁ ਵਧੰਦਾ ।

ਜਗਤ 'ਚੰਦ' ਨੂੰ (ਭਾਵ ਦੂਜ ਦੇ ਚੰਦ ਨੂੰ) ਨਮਸਕਾਰਾਂ ਕਰਦਾ ਹੈ ਤੇ ਸਮੁੰਦ੍ਰ ਅਨੰਦ ਦੀਆਂ ਲਹਿਰਾਂ ਵਧਾਉਂਦਾ ਹੈ, (ਭਾਵ ਉਹ ਬੀ ਦੁਤੀਆਂ ਦੇ ਚੰਦ ਨੂੰ ਮੱਥਾ ਨਿਵਾਉਂਦਾ ਹੈ)।

ਜੋ ਤੇਰਾ ਜਗੁ ਤਿਸ ਦਾ ਬੰਦਾ ।੧੧।

ਜੋ ਤੇਰਾ ਬੰਦਾ ਹੁੰਦਾ ਹੈ ਜਗਤ ਉਸ ਦਾ ਬੰਦਾ ਹੈ (“ਫਰੀਦਾ ਜੇ ਤੂ ਮੇਰਾ ਹੋਇ ਰਹਰਿ ਸਭੁ ਜਗ ਤੇਰਾ ਹੋਇ”)॥

ਪਉੜੀ ੧੨

ਜਿਉ ਵਿਸਮਾਦੁ ਕਮਾਦੁ ਹੈ ਸਿਰ ਤਲਵਾਇਆ ਹੋਇ ਉਪੰਨਾ ।

ਜਿਕੂੰ ਕਮਾਦ ਅਚਰਜ ਰੂਪ ਹੈ, ਮੂਧੇ ਸਿਰ ਹੋਕੇ ਉਤਪਤ ਹੁੰਦਾ ਹੈ।

ਪਹਿਲੇ ਖਲ ਉਖਲਿ ਕੈ ਟੋਟੇ ਕਰਿ ਕਰਿ ਭੰਨਣਿ ਭੰਨਾ ।

ਪਹਿਲੇ ਖੋਰੀ ਲਾਹੀ ਜਾਂਦੀ ਹੈ, ਟੋਟੇ ਕਰ ਕਰ ਕੇ ਭੰਨੀ ਦਾ ਹੈ (ਭਾਵ ਆਗ ਕੱਟਕੇ ਦੱਥੇ ਬੰਨ੍ਹੇ ਜਾਂਦੇ ਹਨ)।

ਕੋਲੂ ਪਾਇ ਪੀੜਾਇਆ ਰਸ ਟਟਰਿ ਕਸ ਇੰਨਣ ਵੰਨਾ ।

ਵੇਲਣੇ ਵਿਚ ਪਾਕੇ ਪੀੜਿਆ ਜਾਂਦਾ ਹੈ, ਰਹੁ ਕੜਾਹੇ ਵਿਚ, ਤੇ ਪੱਛੀਆਂ ਲਕੜੀਆਂ ਵਾਂਗੂੰ (ਬਾਲੀਦੀਆਂ ਹਨ)।

ਦੁਖ ਸੁਖ ਅੰਦਰਿ ਸਬਰੁ ਕਰਿ ਖਾਏ ਅਵਟਣੁ ਜਗ ਧੰਨ ਧੰਨਾ ।

ਦੁਖ ਸੁਖ ਵਿਚ ਸਬਰ ਰੱਖਕੇ ਉਬਾਲਿਆਂ ਨੂੰ ਸਹਾਰਦਾ ਹੈ, ਜਗਤ ਧੰਨ ਧੰਨ ਆਖਦਾ ਹੈ।

ਗੁੜੁ ਸਕਰੁ ਖੰਡੁ ਮਿਸਰੀ ਗੁਰਮੁਖ ਸੁਖ ਫਲੁ ਸਭ ਰਸ ਬੰਨਾ ।

(ਤਿਵੇਂ) ਗੁੜ, ਸ਼ੱਕਰ, ਖੰਡ, ਮਿਸਰੀ ਰੂਪ ਗੁਰਮੁਖ ਹਨ, ਸੁਖ ਫਲ ਅਤੇ ਸਭ ਰਸਾਂ ਦੇ (ਬੰਨਾ) ਬਨਾਉਣ (ਹਾਰੇ ਅਥਵਾ ਰਾਖੇ) ਹਨ।

ਪਿਰਮ ਪਿਆਲਾ ਪੀਵਣਾ ਮਰਿ ਮਰਿ ਜੀਵਣੁ ਥੀਵਣੁ ਗੰਨਾ ।

(ਕਿਉਂ ਜੋ) ਪ੍ਰੇਮ ਦਾ ਪਿਆਲਾ ਪੀਕੇ ਗੰਨੇ ਵਾਂਗੂੰ ਮਰ ਮਰ ਕੇ ਜੀਵਣ ਮੁਕਤ ਹੁੰਦੇ ਹਨ।

ਗੁਰਮੁਖਿ ਬੋਲ ਅਮੋਲ ਰਤੰਨਾ ।੧੨।

(ਇਸੇ ਲਈ) ਗੁਰਮੁਖਾਂ ਦੇ ਬੋਲ (ਅਰਥਾਤ ਮਿਸ਼ਟ ਬਚਨ) ਅਮੋਲਕ ਰਤਨ ਰੂਪ ਹਨ (ਇਸ ਲਈ ਕਿ ਜਨਮ ਮਰਣ ਆਦਿ ਰੋਗ ਦੇ ਨਾਸ਼ਕ ਹਨ)।

ਪਉੜੀ ੧੩

ਗੁਰ ਦਰੀਆਉ ਅਮਾਉ ਹੈ ਲਖ ਦਰੀਆਉ ਸਮਾਉ ਕਰੰਦਾ ।

ਗੁਰੂ ਦਰਆਉ (ਅਮੇਉ) ਮਿਣਦੀਓਂ ਬਾਹਰ ਹੈ, (ਕਿਉਂ ਜੋ) ਲੱਖਾਂ ਦਰਯਾਵਾਂ ਦੀ ਸਮਾਈ ਕਰਦਾ ਹੈ।

ਇਕਸ ਇਕਸ ਦਰੀਆਉ ਵਿਚਿ ਲਖ ਤੀਰਥ ਦਰੀਆਉ ਵਹੰਦਾ ।

(ਉਸ) ਇਕ ਇਕ ਦਰੀਆਉ ਵਿਖੇ ਲੱਖਾਂ ਤੀਰਥ ਦਰੀਆਉ ਵਗਦੇ ਹਨ (ਭਾਵ ਇਕ ਗੁਰੂ ਦੇ ਦਰਸ਼ਨ ਵਿਖੇ ਲੱਖਾਂ ਦਰੀਆਵਾਂ ਤੇ ਤੀਰਥਾਂ ਦੇ ਮੰਨੇ ਹੋਏ ਮਹਾਤਮ ਸਚ ਮੁਚ ਹੋ ਜਾਂਦੇ ਹਨ “ਗੁਰੁ ਦਰੀਆਉ ਸਦਾ ਜਲੁ ਨਿਰਮਲ ਮਿਲਿਆ ਦੁਰਮਤਿ ਮੈਲੁ ਹਰੈ”)।

ਇਕਤੁ ਇਕਤੁ ਵਾਹੜੈ ਕੁਦਰਤਿ ਲਖ ਤਰੰਗ ਉਠੰਦਾ ।

(ਉਨਾਂ ਦੇ) ਇਕ ਇਕ ਪ੍ਰਵਾਹ ਵਿਖੇ ਕੁਦਰਤੀ ਲੱਖਾਂ ਤਰੰਗ ਉਠਦੇ ਹਨ (ਭਾਵ ਕਥਾ ਕੀਰਤਨ ਦੇ ਲਿਬਾਸ ਹੋ ਰਹੇ ਹਨ, ਜਾਂ ਇਕ ਇਕ ਸਿੱਖ ਲੱਖਾਂ ਨੂੰ ਤਾਰਦਾ ਹੈ)।

ਸਾਇਰ ਸਣੁ ਰਤਨਾਵਲੀ ਚਾਰਿ ਪਦਾਰਥੁ ਮੀਨ ਤਰੰਦਾ ।

ਸਮੁੰਦ੍ਰ ਕਈ ਰਤਨਾਂ ਦੀਆਂ ਪੰਗਤਾਂ ਸਣੇ ਚਾਰੇ ਪਦਾਰਥਾਂ ਦੇ (ਗੁਰ ਦਰਯਾ ਵਿਚ) ਮੱਛੀ ਵਾਂਙੂ ਤਰਦਾ ਹੈ।

ਇਕਤੁ ਲਹਿਰ ਨ ਪੁਜਨੀ ਕੁਦਰਤਿ ਅੰਤੁ ਨ ਅੰਤ ਲਹੰਦਾ ।

(ਓਹ ਚਾਰੇ ਪਾਦਰਥ ਆਦਿ ਗੁਰੂ ਦੀ) ਇਕ ਲਹਿਰ (ਬਚਨ) ਦੇ ਬਰਾਬਰ ਨਹੀਂ ਹਨ, (ਕਿਉਂ ਜੋ) 'ਕੁਦਰਤ' (ਗੁਰਮੁਕਤੀ) ਦੇ ਅੰਤ ਦਾ ਕੋਈ ਅੰਤ ਨਹੀਂ ਲੈ ਸਕਦਾ।

ਪਿਰਮ ਪਿਆਲੇ ਇਕ ਬੂੰਦ ਗੁਰਮੁਖ ਵਿਰਲਾ ਅਜਰੁ ਜਰੰਦਾ ।

ਪ੍ਰੇਮ ਪਿਆਲੇ ਦੀ ਇਕ ਬੂੰਦ ਅਜਰ ਹੈ, (ਪਰੰਤੂ ਕੋਈ) ਵਿਰਲਾ ਗੁਰਮੁਖ ਜਰ ਸਕਦਾ ਹੈ।

ਅਲਖ ਲਖਾਇ ਨ ਅਲਖੁ ਲਖੰਦਾ ।੧੩।

(ਉਹ) ਅਲਖ ਨੂੰ ਲਖ ਲੈਂਦਾ ਹੈ, ਪਰ ਅਲਖ ਨੂੰ ਲਖਾਉਂਦਾ ਨਹੀਂ (ਕਿ ਮੈਂ ਲਖ ਲੀਤਾ ਹੈ। ਯਥਾ:- “ਜਿਨਿ ਹਰਿ ਪਾਇਓ ਤਿਨਹਿ ਛਪਾਇਓ”। ਤਥਾ:-”ਕਹੁ ਕਬੀਰ ਗੂੰਗੇ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ। “ ਸ੍ਵਾਂਤਿ ਬੂੰਦ ਦੇ ਸਿੱਪ ਵਾਂਗੂੰ ਟੁੱਭੀ ਮਾਰਕੇ ਆਪਣੇ ਆਪ ਵਿਚੇ ਅਨੰਦਿਤ ਰਹਿੰਦਾ ਹੈ)।

ਪਉੜੀ ੧੪

ਬ੍ਰਹਮੇ ਥਕੇ ਬੇਦ ਪੜਿ ਇੰਦ੍ਰ ਇੰਦਾਸਣ ਰਾਜੁ ਕਰੰਦੇ ।

(ਕਈ) ਬ੍ਰਹਮੇ ਵੇਦ ਪੜ੍ਹਪੜ੍ਹ ਕੇ ਤੇ ਇੰਦ੍ਰ ਇੰਦ੍ਰਾਸਣ ਪੁਰ ਰਾਜ ਕਰ ਕਰ ਕੇ ਥੱਕ ਗਏ।

ਮਹਾਂਦੇਵ ਅਵਧੂਤ ਹੋਇ ਦਸ ਅਵਤਾਰੀ ਬਿਸਨੁ ਭਵੰਦੇ ।

(ਕਈ) ਸ਼ਿਵ ਯੋਗੀਸ਼ਰ ਹੋਕੇ ਤੇ (ਕਈ) ਬਿਸ਼ਨ ਦਸਾਂ ਅਵਤਾਰਾਂ (ਦੇ ਰੂਪ ਵਿਚ) ਫਿਰਦੇ ਰਹੇ।

ਸਿਧ ਨਾਥ ਜੋਗੀਸਰਾਂ ਦੇਵੀ ਦੇਵ ਨ ਭੇਵ ਲਹੰਦੇ ।

(ਚੌਰਾਸੀ) ਸਿੱਧ, (ਨੌਂ) ਨਾਥ, ਯੋਗੀ, ਦੇਵੀਆਂ, ਦੇਵ ਭੇਦ ਕਿਸੇ ਨਹੀਂ ਪਾਇਆ।

ਤਪੇ ਤਪੀਸੁਰ ਤੀਰਥਾਂ ਜਤੀ ਸਤੀ ਦੇਹ ਦੁਖ ਸਹੰਦੇ ।

ਤਪੀਸਰਾਂ ਨੇ ਤੀਰਥਾਂ ਤੇ ਤਪ ਕੀਤੇ, ਜਤੀ ਸਤੀ, ਦੇਹ ਦੇ ਦੁਖ ਸਹਾਰਦੇ ਰਹੇ।

ਸੇਖਨਾਗ ਸਭ ਰਾਗ ਮਿਲਿ ਸਿਮਰਣੁ ਕਰਿ ਨਿਤਿ ਗੁਣ ਗਾਵੰਦੇ ।

ਸ਼ੇਸ਼ ਨਾਗ ਸਾਰੇ ਰਾਗ (ਰਾਗਣੀਆਂ ਸਮੇਤ ਪ੍ਰਭੂ ਦਾ) ਸਿਮਰਨ ਕਰ ਕੇ ਨਿਤ ਜਸ ਕਰਦੇ ਰਹੇ (ਪਰ ਅੰਤ ਕਿਸੇ ਨਾ ਪਾਇਆ। ਗੁਰੂ ਸਿੱਖਾਂ ਦਾ ਨਿਰੂਪਣ ਦਸਦੇ ਹਨ:)

ਵਡਭਾਗੀ ਗੁਰਸਿਖ ਜਗਿ ਸਬਦੁ ਸੁਰਤਿ ਸਤਸੰਗਿ ਮਿਲੰਦੇ ।

ਗੁਰੂ ਦੇ ਸਿੱਖ ਜਗਤ ਵਿਖੇ ਵੱਡੇ ਭਾਗਾਂ ਵਾਲੇ (ਆਏ) ਹਨ, ਜਿਹੜੇ ਸ਼ਬਦ ਵਿਖੇ ਪ੍ਰੀਤ ਕਰ ਕੇ ਸਤਿਸੰਗ ਵਿਖੇ ਮਿਲਦੇ ਹਨ।

ਗੁਰਮੁਖਿ ਸੁਖ ਫਲੁ ਅਲਖੁ ਲਖੰਦੇ ।੧੪।

(ਓਹ) ਗੁਰਮੁਖ (ਹੋਕੇ) ਸੁਖ ਫਲ ਪਾਕੇ ਅਲਖ (ਪਰਮਾਤਮਾਂ) ਨੂੰ ਲਖ ਲੈਂਦੇ ਹਨ।

ਪਉੜੀ ੧੫

ਸਿਰ ਤਲਵਾਇਆ ਬਿਰਖੁ ਹੈ ਹੋਇ ਸਹਸ ਫਲ ਸੁਫਲ ਫਲੰਦਾ ।

ਬ੍ਰਿੱਛ 'ਸਿਰ ਤਲਵਾਇਆ' (ਸਿਰ ਤਲੇ ਰਖਦਾ) ਹੈ ਹਜ਼ਾਰਾਂ ਸ੍ਰੇਸ਼ਟ ਫਲ ਨਾਲ ਫਲਦਾ ਹੈ। (ਭਾਵ ਨਿੰਮ੍ਰਤਾ ਨੂੰ ਫਲ ਲਗਦਾ ਹੈ)।

ਨਿਰਮਲੁ ਨੀਰੁ ਵਖਾਣੀਐ ਸਿਰੁ ਨੀਵਾਂ ਨੀਵਾਣਿ ਚਲੰਦਾ ।

ਜਲ ਨਿਰਮਲ ਕਹੀਦਾ ਹੈ (ਕਿਉਂ ਜੇ) ਸਿਰ ਨੀਵਾਂ ਕਰ ਕੇ ਨੀਵਾਣਾਂ ਨੂੰ ਹੀ ਚਲਦਾ ਹੈ।

ਸਿਰੁ ਉਚਾ ਨੀਵੇਂ ਚਰਣ ਗੁਰਮੁਖਿ ਪੈਰੀ ਸੀਸੁ ਪਵੰਦਾ ।

ਸਿਰ ਉੱਚਾ ਹੈ, ਨੀਵੇਂ ਚਰਣ ਹਨ, ਗੁਰਮੁਖ ਪੈਰਾਂ ਪੁਰ ਹੀ ਸਿਰ ਝੁਕਾਉਂਦੇ ਹਨ।

ਸਭ ਦੂ ਨੀਵੀ ਧਰਤਿ ਹੋਇ ਅਨੁ ਧਨੁ ਸਭੁ ਸੈ ਸਾਰੁ ਸਹੰਦਾ ।

ਸਭਨਾਂ ਥੋਂ ਨੀਵੀਂ ਧਰਤੀ ਹੈ, ਅੰਨ ਧਨ ਕਰ ਕੇ ਸਭਨਾਂ ਦੀ ਸਾਰ ਕਰਦੀ ਹੈ।

ਧੰਨੁ ਧਰਤੀ ਓਹੁ ਥਾਉ ਧੰਨੁ ਗੁਰੁ ਸਿਖ ਸਾਧੂ ਪੈਰੁ ਧਰੰਦਾ ।

(ਇਸ ਲਈ) ਧੰਨ ਧਰਤੀ ਅਰ ਓਹ ਥਾਉਂ ਬੀ ਧੰਨ ਹੈ (ਜਿੱਥੇ) ਗੁਰੂ ਦੇ ਸਿੱਖ ਸਾਧ ਚਰਣ ਧਰਦੇ ਹਨ।

ਚਰਣ ਧੂੜਿ ਪਰਧਾਨ ਕਰਿ ਸੰਤ ਵੇਦ ਜਸੁ ਗਾਵਿ ਸੁਣੰਦਾ ।

ਉਨ੍ਹਾਂ ਦੇ ਚਰਣਾਂ ਦੀ ਧੂੜੀ ਦੀ ਪ੍ਰਧਾਨਤਾ ਨੂੰ ਸੰਤ ਤੇ ਧਰਮ ਪੁਸਤਕ ਜਸ ਗਾਕੇ ਸੁਣਾਉਂਦੇ ਹਨ।

ਵਡਭਾਗੀ ਪਾ ਖਾਕ ਲਹੰਦਾ ।੧੫।

ਵਡਭਾਗੀ (ਹਨ ਓਹ ਲੋਕ ਜੋ) ਚਰਣ ਧੂੜੀ ਲੈਂਦੇ ਹਨ (“ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ॥ ਲਧੇ ਹਭੇ ਥੋਕੜੇ ਨਾਨਕ ਹਰਿ ਧਨੁ ਮਾਲੁ”। ਅਰਥਾਤ- ਹਰੀ ਦੀ ਕ੍ਰਿਪਾਲਤਾ ਕਰ ਕੇ ਹੀ ਸੰਤਾਂ ਦੀ ਧੂੜੀ ਦਾ ਸ਼ਨਾਨ-ਹਉਂ ਦਾ ਪੂਰਨ ਤਯਾਗ- ਪ੍ਰਾਪਤ ਹੁੰਦਾ ਹੈ, ਕਿਉਂ ਜੋ ਉਨ੍ਹਾਂ ਨੇ ਸਾਰੇ ਪਦਾਰਥ ਲੱਭ ਲੀਤੇ ਹਨ, ਜਿਨ੍ਹਾਂ ਪਾਸ ਹ

ਪਉੜੀ ੧੬

ਪੂਰਾ ਸਤਿਗੁਰੁ ਜਾਣੀਐ ਪੂਰੇ ਪੂਰਾ ਠਾਟੁ ਬਣਾਇਆ ।

ਸਤਿਗੁਰ (ਗੁਰੂ ਨਾਨਕ) ਪੂਰਾ ਗੁਰੂ ਜਾਣੋਂ (ਕਿਉਂ ਜੋ) ਪੂਰੇ ਨੇ ਪੂਰਾ ਹੀ ਬਣਾਉ ਬਣਾ ਰਖਿਆ ਹੈ।

ਪੂਰੇ ਪੂਰਾ ਤੋਲੁ ਹੈ ਘਟੈ ਨ ਵਧੈ ਘਟਾਇ ਵਧਾਇਆ ।

ਪੂਰੇ (ਗੁਰੂ) ਦਾ ਤੋਲ (ਵਿਚਾਰ) ਪੂਰਾ ਹੈ ਘਟਾਇਆ (ਕਿਸੇ ਦਾ) ਘਟਦਾ ਤੇ ਵਧਾਇਆ ਹੋਇਆ ਵਧਦਾ ਨਹੀਂ।

ਪੂਰੇ ਪੂਰੀ ਮਤਿ ਹੈ ਹੋਰਸੁ ਪੁਛਿ ਨ ਮਤਾ ਪਕਾਇਆ ।

ਪੂਰੇ (ਗੁਰੂ ਦੀ ('ਮਤ') ਸਿੱਖਯਾ ਪੂਰੀ ਹੈ (ਇਸ ਲਈ ਉਸਨੇ) ਹੋਰ ਨੂੰ ਪੁੱਛਕੇ ਗੁਰਮਤਾ ਨਹੀਂ (ਕਦੇ) ਪਕਾਇਆ।

ਪੂਰੇ ਪੂਰਾ ਮੰਤੁ ਹੈ ਪੂਰਾ ਬਚਨੁ ਨ ਟਲੈ ਟਲਾਇਆ ।

ਪੂਰੇ ਦਾ ਮੰਤ੍ਰ ਪੂਰਾ, ਬਚਨ ਪੂਰਾ ਹੈ, ਕਦੇ ਕਿਸੇ ਦਾ ਟਲਾਇਆ ਨਹੀਂ ਟਲਦਾ।

ਸਭੇ ਇਛਾ ਪੂਰੀਆ ਸਾਧਸੰਗਤਿ ਮਿਲਿ ਪੂਰਾ ਪਾਇਆ ।

ਜਿਸਨੇ ਸਾਧ ਸੰਗਤ ਨਾਲ ਮਿਲਕੇ ਪੂਰੇ ਗੁਰੂ ਨੂੰ ਲੱਭਿਆ ਹੈ (ਉਸ ਦੀਆਂ) ਸਾਰੀਆਂ ਇੱਛਾਂ ਪੂਰਨ ਹੁੰਦੀਆਂ ਹਨ

ਵੀਹ ਇਕੀਹ ਉਲੰਘਿ ਕੈ ਪਤਿ ਪਉੜੀ ਚੜ੍ਹਿ ਨਿਜ ਘਰਿ ਆਇਆ ।

ਸੰਸਾਰਕ ਗਿਣਤੀਆਂ ਟੱਪਕੇ ਪਤਿ ਦੀ ਪਉੜੀ (ਚਉਥੀ ਭੂਮਕਾ) ਨੂੰ ਚੜ੍ਹਕੇ ਸਰੂਪ ਵਿਖੇ ਪਹੁੰਚ ਪਿਆ, (ਫਲ ਕੀ ਹੋਇਆ?)

ਪੂਰੇ ਪੂਰਾ ਹੋਇ ਸਮਾਇਆ ।੧੬।

ਪੂਰੇ' (ਪਰਮਾਤਮਾਂ ਵਿਖੇ) ਪੂਰਣ ਹੋਕੇ ਸਮਾ ਗਿਆ।

ਪਉੜੀ ੧੭

ਸਿਧ ਸਾਧਿਕ ਮਿਲਿ ਜਾਗਦੇ ਕਰਿ ਸਿਵਰਾਤੀ ਜਾਤੀ ਮੇਲਾ ।

ਸਿੱਧ ਅਤੇ 'ਸਾਧਕ' (ਸਾਧਨਾ ਕਰਨ ਵਾਲੇ) ਇਕ ਸ਼ਿਵਰਾਤ੍ਰੀ ਨੂੰ ਜਾਤ੍ਰੀਆਂ ਨਾਲ ਮੇਲਾ ਕਰ ਕੇ (ਫੱਗਣ ਦੇ ਮਹੀਨੇ) ਜਾਗਾ ਕਰਦੇ ਹਨ।

ਮਹਾਦੇਉ ਅਉਧੂਤੁ ਹੈ ਕਵਲਾਸਣਿ ਆਸਣਿ ਰਸ ਕੇਲਾ ।

ਮਹਾਂਦੇਵ (ਸ਼ਿਵ ਯੋਗ ਵਿਖੇ) ਮਸਤ ਰਹਿੰਦਾ ਹੈ। (ਜਾਂ ਅਤੀਤ ਰਹਿੰਦਾ ਹੈ) ('ਕਵਲਾਸਣ') ਬ੍ਰਹਮਾ (ਕਵਲ ਦੇ) ਆਸਣ ਦਾ ਰਸ ਲੈ ਰਿਹਾ ਹੈ।

ਗੋਰਖੁ ਜੋਗੀ ਜਾਗਦਾ ਗੁਰਿ ਮਾਛਿੰਦ੍ਰ ਧਰੀ ਸੁ ਧਰੇਲਾ ।

ਗੋਰਖ ਜੋਗੀ ਜਾਗਦਾ ਹੈ, (ਜਿਸ ਦੇ) ਗੁਰੂ ਮਾਛਿੰਦ੍ਰ ਨਾਥ ਨੇ ਧੜੇਲ ਕਰ ਲੀਤੀ ਸੀ (ਕਹਿੰਦੇ ਹਨ ਕਿ ਇਕ ਰਾਣੀ ਦਾ ਜਿਸ ਪੁਰ ਮਾਛਿੰਦ੍ਰ ਆਸ਼ਕ ਸੀ ਪਤੀ ਮ੍ਰਿਤ ਹੋ ਗਿਆ ਸੀ। ਹੁਣ ਮਾਛਿੰਦ੍ਰ ਨੇ ਦਾਉ ਤਾੜਕੇ ਮਾਛਿੰਦ੍ਰ ਪੁਣਾ ਕੀਤਾ ਕਿ ਰਾਜਾ ਦੀ ਦੇਹ ਵਿਖੇ ਪ੍ਰਵੇਸ਼ ਕਰ ਕੇ ਬਾਹਲਾ ਚਿਰ ਜਿਥੋਂ ਤੀਕ ਚੇਲੇ ਨੇ ਇਹ ਆਖਕੇ ਭਈ 'ਜ

ਸਤਿਗੁਰੁ ਜਾਗਿ ਜਗਾਇਦਾ ਸਾਧਸੰਗਤਿ ਮਿਲਿ ਅੰਮ੍ਰਿਤ ਵੇਲਾ ।

(ਗੁਰੂ ਨਾਨਕ) ਸਤਿਗੁਰੂ ਜੀ ਆਪ ਸਦਾ ਜਾਗਦੇ ਅਰ (ਹੋਰਨਾਂ ਨੂੰ ਬੀ ਜਗਾਉਂਦੇ ਹਨ, ਅਮ੍ਰਿਤ ਵੇਲੇ ਸਾਧ ਸੰਗਤਿ ਵਿੱਚ ਮੇਲ ਕਰਦੇ ਹਨ।

ਨਿਜ ਘਰਿ ਤਾੜੀ ਲਾਈਅਨੁ ਅਨਹਦ ਸਬਦ ਪਿਰਮ ਰਸ ਖੇਲਾ ।

ਸਰੂਪ ਵਿਖੇ ਤਾੜੀ ਲਾਕੇ ਅਨਹਦ ਸ਼ਬਦ ਅਰ ਪ੍ਰੇਮ ਰਸ ਵਿਖੇ ਖੇਲ ਰਹੇ ਹਨ।

ਆਦਿ ਪੁਰਖ ਆਦੇਸੁ ਹੈ ਅਲਖ ਨਿਰੰਜਨ ਨੇਹੁ ਨਵੇਲਾ ।

ਅਕਾਲ ਪੁਰਖ ਨੂੰ ਮੇਰੀ ਨਮਸਕਾਰ ਹੈ, ਜੋ ਅਲਖ ਅਤੇ ਨਿਰੰਜਨ ਹੈ, ਉਸ ਦੇ ਪ੍ਰੇਮ ਦਾ ਵੇਲਾ ਕੋਈ ਨਹੀਂ (ਸਦਾ ਪ੍ਰੇਮ ਇਕਰਸ ਬਣਿਆ ਰਹਿੰਦਾ ਹੈ।)।

ਚੇਲੇ ਤੇ ਗੁਰੁ ਗੁਰੁ ਤੇ ਚੇਲਾ ।੧੭।

ਚੇਲੇ ਤੇ ਗੁਰੂ ਅਤੇ ਗੁਰੂ ਤੇ ਚੇਲਾ! (ਤਾਤਪਰਜ ਇਹ ਕਿ ਗੁਰੂ ਨਾਨਕ ਗੁਰ ਅੰਗਦ ਆਦਿ ਵਿੱਚ ਚੇਲੇ ਤੇ ਗੁਰੂ ਵਿਖੇ ਕੋਈ ਭਿੰਨ ਭੇਦ ਨਹੀਂ ਹੈ)।

ਪਉੜੀ ੧੮

ਬ੍ਰਹਮਾ ਬਿਸਨੁ ਮਹੇਸੁ ਤ੍ਰੈ ਸੈਸਾਰੀ ਭੰਡਾਰੀ ਰਾਜੇ ।

ਬ੍ਰਹਮਾ, ਬਿਸ਼ਨ, ਸ਼ਿਵ ਤਿੰਨ ਦੇਵਤੇ, ਸੰਸਾਰੀ ਭੰਡਾਰੀ (ਤੇ ਘਾਤਕ) ਰਾਜੇ ਹਨ।

ਚਾਰਿ ਵਰਨ ਘਰਬਾਰੀਆ ਜਾਤਿ ਪਾਤਿ ਮਾਇਆ ਮੁਹਤਾਜੇ ।

ਚਾਰ ਵਰਣ (ਖੱਤ੍ਰੀ, ਬ੍ਰਹਮਣਾਦਿਕ) ਗ੍ਰਿਹਸਤੀ ਹੋਕੇ (ਕੋਈ ਜਾਤਿ, (ਕੋਈ) ਪੰਗਤੀ, ਕੋਈ ਮਾਇਆ ਦੀ ਮੁਥਾਜਗੀ ਵਿਚ (ਗ੍ਰਸਤ ਹੋ ਰਿਹਾ ਹੈ)।

ਛਿਅ ਦਰਸਨ ਛਿਅ ਸਾਸਤ੍ਰਾ ਪਾਖੰਡਿ ਕਰਮ ਕਰਨਿ ਦੇਵਾਜੇ ।

(ਕੋਈ) ਛੀ ਦਰਸ਼ਨ ਛੀ ਸ਼ਾਸਤ੍ਰਾਂ ਵਿਖੇ ਲੱਗਕੇ ਪਖੰਡ ਦੇ ਕਰਮਾਂ ਦੇ ਦਾਵੇ ਬੰਨ੍ਹਦੇ ਹਨ।

ਸੰਨਿਆਸੀ ਦਸ ਨਾਮ ਧਰਿ ਜੋਗੀ ਬਾਰਹ ਪੰਥ ਨਿਵਾਜੇ ।

ਸੰਨਯਾਸੀ ਦਸ ਨਾਮ (ਗਿਰੀ ਪੁਰੀ ਆਦਿਕ) ਧਰਾ ਕੇ ਜੋਗੀਆਂ ਬਾਰਾਂ ਪੰਥ ਬਣਾਏ ਹਨ।

ਦਹਦਿਸਿ ਬਾਰਹ ਵਾਟ ਹੋਇ ਪਰ ਘਰ ਮੰਗਨਿ ਖਾਜ ਅਖਾਜੇ ।

(ਏਹ ਬਾਰਹ ਬਾਟ) ਬਿਪਤਾ ਗ੍ਰਸੇ ਹੋਕੇ (ਯਾ ਬਹੁਤੇ ਰਾਹਾਂ ਵਿਚ ਭਟਕਦੇ ਹੋਏ) ਦਸੇ ਦਿਸ਼ਾ ਵਿਚ ਰੁਲਦੇ ਹਨ, ਪਰਾਏ ਘਰੀ ਮੰਗਦੇ ਹਨ, ਤੇ ਧਾਨ ਕੁਧਾਨ ਖਾਂਦੇ ਹਨ (ਪੰਥੋਂ ਪਤਿਤ ਹੋ ਜਾਂਦੇ ਹਨ)। (ਹੁਣ ਗੁਰਸਿੱਖਾਂ ਦੀ ਸੌਖਤਾ ਛੀਵੀਂ ਤੁਕ ਤੋਂ ਅਠਵੀਂ ਤੀਕ ਦਸਦੇ ਹਨ)।

ਚਾਰਿ ਵਰਨ ਗੁਰੁ ਸਿਖ ਮਿਲਿ ਸਾਧਸੰਗਤਿ ਵਿਚਿ ਅਨਹਦ ਵਾਜੇ ।

ਚਾਰ ਵਰਣਾਂ ਦੇ ਗੁਰਸਿਖ (ਆਪੋ ਵਿਚ) ਮਿਲ ਕੇ ਸਾਧ ਸੰਗਤ ਵਿਖੇ ਅਨਾਹਦ (ਬਾਣੀ ਦਾ) ਉਚਾਰਣ ਕਰ ਰਹੇ ਹਨ।

ਗੁਰਮੁਖਿ ਵਰਨ ਅਵਰਨ ਹੋਇ ਦਰਸਨੁ ਨਾਉਂ ਪੰਥ ਸੁਖ ਸਾਜੇ ।

ਗੁਰਮੁਖ ਵਰਨ ਹੋਣ ਭਾਵੇਂ ਅਵਰਨ, ਉਨ੍ਹਾਂ ਦਾ ਦਰਸ਼ਨ (ਮਤ) ਨਾਮ ਹੈ (ਇਹੋ) ਰਸਤਾ ਸੁਖਦਾਈ ਹੈ (“ਹਰਿ ਕੋ ਨਾਮੁ ਸਦਾ ਸੁਖਦਾਈ”)।

ਸਚੁ ਸਚਾ ਕੂੜਿ ਕੂੜੇ ਪਾਜੇ ।੧੮।

(ਨਿਯਮ ਹੈ ਕਿ) ਸੱਚ ਸੱਚਾ ਹੈ ਤੇ ਕੂੜ ਦਾ ਪਾਜ ਕੂੜਾ ਹੀ ਹੈ।

ਪਉੜੀ ੧੯

ਸਤਿਗੁਰ ਗੁਣੀ ਨਿਧਾਨੁ ਹੈ ਗੁਣ ਕਰਿ ਬਖਸੈ ਅਵਗੁਣਿਆਰੇ ।

ਸਤਿਗੁਰ (ਨਾਨਕ) ਗੁਣਾਂ ਦਾ ਸਮੁੰਦ੍ਰ ਹੈ, ਅਵਗੁਣ ਹਾਰਿਆਂ ਪੁਰ ਉਪਕਾਰ ਕਰ ਕੇ ਬਖਸ਼ ਲੈਂਦਾ ਹੈ।

ਸਤਿਗੁਰੁ ਪੂਰਾ ਵੈਦੁ ਹੈ ਪੰਜੇ ਰੋਗ ਅਸਾਧ ਨਿਵਾਰੇ ।

ਸਤਿਗੁਰੂ ਪੂਰਾ ਵੈਦ ਹੈ, ਪੰਜੇ ਰੋਗ ਜੋ ਕਿਸੇ ਥੋਂ ਸਾਧੇ ਨਹੀਂ ਜਾ ਸਕਦੇ, (ਆਪਣੀ ਸ਼ਬਦ ਔਖਧੀ ਦੇ ਕੇ) ਨਿਵਾਰ ਦਿੰਦਾ ਹੈ।

ਸੁਖ ਸਾਗਰੁ ਗੁਰੁਦੇਉ ਹੈ ਸੁਖ ਦੇ ਮੇਲਿ ਲਏ ਦੁਖਿਆਰੇ ।

ਗੁਰਦੇਵ (ਗੁਰੂ ਅਰਜਨ) ਸੁਖਾਂ ਦਾ ਸਮੁੰਦ੍ਰ ਹੈ, ਦੁਖੀਆਂ ਨੁੰ ਸੁਖ ਦੇਕੇ (ਆਪਣੇ ਨਾਲ) ਮੇਲ ਲੈਂਦਾ ਹੈ।

ਗੁਰ ਪੂਰਾ ਨਿਰਵੈਰੁ ਹੈ ਨਿੰਦਕ ਦੋਖੀ ਬੇਮੁਖ ਤਾਰੇ ।

ਪੂਰੇ ਗੁਰੂ ਸਦਾ ਨਿਰਵੈਰ ਹਨ, ਨਿੰਦਕ, ਦੋਖੀ ਅਤੇ ਬੇਮੁਖਾਂ (ਨੂੰ ਬੀ ਸੰਸਾਰ ਸਮੁੰਦ੍ਰੋਂ) ਪਾਰ ਕਰਦੇ ਹਨ।

ਗੁਰੁ ਪੂਰਾ ਨਿਰਭਉ ਸਦਾ ਜਨਮ ਮਰਣ ਜਮ ਡਰੈ ਉਤਾਰੇ ।

ਪੂਰਾ ਗੁਰੂ (ਆਪ) ਸਦਾ ਨਿਰਭਉ (ਲੋਕਾਂ ਦੇ) ਜਨਮ ਮਰਣਾਦਿਕ ਜਮਾਂ ਦੇ ਡਰਾਂ ਨੂੰ ਉਤਾਰ ਦਿੰਦੇ ਹਨ।

ਸਤਿਗੁਰੁ ਪੁਰਖੁ ਸੁਜਾਣੁ ਹੈ ਵਡੇ ਅਜਾਣ ਮੁਗਧ ਨਿਸਤਾਰੇ ।

ਪੂਰੇ ਗੁਰੂ ਸਤਿਗੁਰੂ (ਗੁਰੂ ਨਾਨਕ) ਸੁਜਾਣ ਪੁਰਖ ਹਨ, ਵੱਡੇ ਮੂਰਖਾਂ ਤੇ ਅਜਾਣਾਂ ਨੂੰ ਤਾਰ ਦੇਂਦੇ ਹਨ।

ਸਤਿਗੁਰੁ ਆਗੂ ਜਾਣੀਐ ਬਾਹ ਪਕੜਿ ਅੰਧਲੇ ਉਧਾਰੇ ।

ਸਤਿਗੁਰੁ ('ਆਗੂ') ਰਾਹ ਦੱਸਕੇ ਅੰਨਿਆਂ (ਅਗ੍ਯਾਨੀਆਂ) ਦੀ (ਬੁਧੀ ਰੂਪੀ) ਬਾਂਹ ਫੜਕੇ ਉਧਾਰ ਕਰਦੇ ਹਨ।

ਮਾਣੁ ਨਿਮਾਣੇ ਸਦ ਬਲਿਹਾਰੇ ।੧੯।

ਨਿਮਾਣਿਆਂ ਨੂੰ ਮਾਣ ਦੇਣ ਹਾਰੇ ਹਨ, (ਇਸ ਲਈ, ਉਨ੍ਹਾਂ ਥੋਂ ਮੈਂ) ਬਲਿਹਾਰ ਹਾਂ। (ਯਥਾ - “ਮਾਣੁ ਨਿਮਾਣੇ ਤੁੰ ਧਣੀ ਤੇਰਾ ਭਰਵਾਸਾ”)

ਪਉੜੀ ੨੦

ਸਤਿਗੁਰੁ ਪਾਰਸਿ ਪਰਸਿਐ ਕੰਚਨੁ ਕਰੈ ਮਨੂਰ ਮਲੀਣਾ ।

ਸਤਿਗੁਰ (ਨਾਨਕ) ਪਾਰਸ ਹਨ, ਆਪਣੇ ਸਪਰਸ਼ ਨਾਲ ਮਲੀਨ ਮਨੂਰ (ਰੂਪੀ ਮਨ ਨੂੰ) ਕੰਚਨ (ਵਤ ਸ਼ੁੱਧ ਤੇ ਬਹੁਮੁੱਲਾ) ਕਰ ਦਿੰਦੇ ਹਨ।

ਸਤਿਗੁਰੁ ਬਾਵਨੁ ਚੰਦਨੋ ਵਾਸੁ ਸੁਵਾਸੁ ਕਰੈ ਲਾਖੀਣਾ ।

ਸਤਿਗੁਰ ਬਾਵਨ ਚੰਦਨ ਰੂਪ ਹਨ, ਆਪਣੀ ਸ੍ਰੇਸ਼ਟ ਵਾਸ਼ਨਾ ਨਾਲ (ਬ੍ਰਿੱਛ ਨੂੰ) ਅਮੋਲਕ ਕਰ ਦਿੰਦੇ ਹਨ।, (ਅਥਵਾ ਬਾਂਸ ਨੂੰ ਬੀ ਅਮੋਲਕ ਵਾਸ਼ਨਾ ਦਿੰਦੇ ਹਨ।

ਸਤਿਗੁਰੁ ਪੂਰਾ ਪਾਰਿਜਾਤੁ ਸਿੰਮਲੁ ਸਫਲੁ ਕਰੈ ਸੰਗਿ ਲੀਣਾ ।

ਸਤਿਗੁਰ ਪੂਰਨ ਕਲਪ ਬ੍ਰਿਛ ਹਨ, ਸਿੰਮਲ ਦੇ ਬੂਟੇ ਨੂੰ (ਆਪਣੀ ਸੰਗਤ ਵਿਖੇ) ਲੀਨ ਕਰ ਕੇ ਸ੍ਰੇਸ਼ਟ ਫਲਾਂ ਵਾਲਾ ਕਰਦੇ ਹਨ।

ਮਾਨ ਸਰੋਵਰੁ ਸਤਿਗੁਰੂ ਕਾਗਹੁ ਹੰਸੁ ਜਲਹੁ ਦੁਧੁ ਪੀਣਾ ।

ਸਤਿਗੁਰ ਮਾਨ ਸਰੋਵਰ ਹੋਕੇ ਕਾਵਾਂ ਨੂੰ ਹੰਸ ਕਰਦੇ ਹਨ, (ਪਾਪੀਆਂ ਨੂੰ ਪ੍ਰੇਮ ਕਰਦੇ ਹਨ ਅਤੇ) ਜਲ (ਪੀਣੇ) ਨੂੰ ਦੁਧ ਪੀਣਾ ਕਰਦੇ ਹਨ, (ਅਰਥਾਤ ਜਿਹੜਾ ਤੱਤ ਮਿੱਥ੍ਯਾ ਦਾ ਵਿਵੇਚਨ ਕਰ ਕੇ ਦੁਧ ਰੂਪ ਸਾਰ ਵਸਤੂ ਨੂੰ ਗ੍ਰਹਣ ਕਰ ਲਵੇ)।

ਗੁਰ ਤੀਰਥੁ ਦਰੀਆਉ ਹੈ ਪਸੂ ਪਰੇਤ ਕਰੈ ਪਰਬੀਣਾ ।

ਗੁਰ ਦਰੀਆਉ ਤੀਰਥ ਹਨ, ਪਸ਼ੂਆਂ ਪ੍ਰੇਤਾਂ ਨੂੰ ਚਤੁਰ ਕਰਦੇ ਹਨ। (ਭਾਵ, ਦਰਯਾ ਵਾਂਙ ਤੁਰਕੇ ਤੇ ਧੋ ਕੇ ਨਿਸਤਾਰਾ ਕਰਦੇ ਹਨ)।

ਸਤਿਗੁਰ ਬੰਦੀਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ ।

ਸਤਿਗੁਰੂ ਬੰਦੀ ਛੋੜ (ਜਨਮ ਮਰਣ ਦੀ ਫਾਹੀ ਕੱਟ ਦਿੰਦੇ) ਹਨ, ਉਦਾਸਾਂ ਨੂੰ ਜੀਵਨ ਮੁਕਤ ਕਰਦੇ ਹਨ।

ਗੁਰਮੁਖਿ ਮਨ ਅਪਤੀਜੁ ਪਤੀਣਾ ।੨੦।

ਗੁਰਮੁਖਾਂ (ਵਿਖੇ ਜੋ ਮਿਲਦਾ ਹੈ ਉਸਦਾ) ਅਪਤੀਜ ਮਨ (ਜੋ ਕਿਧਰੇ ਪਤੀਜਦਾ ਨਹੀਂ ਸੀ) ਪਤੀਜਦਾ ਹੈ, (ਸ਼ਾਂਤਿ ਨੂੰ ਪ੍ਰਾਪਤ ਹੋ ਜਾਂਦਾ ਹੈ)।

ਪਉੜੀ ੨੧

ਸਿਧ ਨਾਥ ਅਵਤਾਰ ਸਭ ਗੋਸਟਿ ਕਰਿ ਕਰਿ ਕੰਨ ਫੜਾਇਆ ।

ਚਰਚਾ ਕਰ ਕਰ ਕੇ (ਬਾਬਾ ਨਾਨਕ ਨੇ) ਸਿੱਧਾਂ, ਨਾਥਾਂ, ਆਦਿ ਅਵਤਾਰਾਂ ਦੇ ਕੰਨ ਫੜਾਏ। (ਭਾਵ ਸਾਰੇ ਤਾਬੇ ਕੀਤੇ)।

ਬਾਬਰ ਕੇ ਬਾਬੇ ਮਿਲੇ ਨਿਵਿ ਨਿਵਿ ਸਭ ਨਬਾਬੁ ਨਿਵਾਇਆ ।

ਬਾਬੇ (ਨਾਨਕ) ਨੂੰ ਬਾਬਰ ਕੇ ਨਿਵ ਨਿਵ ਕੇ (ਅਤਿ ਨਿਮ੍ਰੰਤਾ ਨਾਲ) ਮਿਲੇ ਤੇ ਹੋਰ (ਕਈ) ਨਵਾਬ ਬੀ ਨਿਉਂਕੇ ਮਿਲੇ (ਭਾਵ ਮੁਸਲਮਾਨ ਹਾਕਮਾਂ ਨੇ ਬੀ ਤਾਬੇਦਾਰੀ ਮੰਨੀ)।

ਪਤਿਸਾਹਾ ਮਿਲਿ ਵਿਛੁੜੇ ਜੋਗ ਭੋਗ ਛਡਿ ਚਲਿਤੁ ਰਚਾਇਆ ।

(ਆਪ) ਪਾਤਸ਼ਾਹਾਂ ਦੇ ਮਿਲਣ ਥੋਂ ਵਿਛੜ ਗਏ ਕਿਉਂਜੋ ਜੋਗ ਦੇ ਭੋਗ ਨੂੰ ਛੱੜਕੇ (ਕੇਵਲ ਆਪਣਾ ਆਨੰਦ ਲੈਣ ਦੀ ਥਾਂ ਪਰਉਪਕਾਰ ਦੇਸ਼ਾਟਨ ਕਰ ਕੇ ਕਰਣ ਦਾ) ਚਲਿਤ ਰਚਾਇਆ (ਭਾਵ ਹੱਟੀ ਤੇ ਸਮਾਧੀ ਛਡਕੇ ਦੇਸ਼ ਉਧਾਰ ਦਾ ਜਤਨ ਕੀਤਾ)।

ਦੀਨ ਦੁਨੀਆ ਦਾ ਪਾਤਿਸਾਹੁ ਬੇਮੁਹਤਾਜੁ ਰਾਜੁ ਘਰਿ ਆਇਆ ।

ਦੀਨ ਦੁਨੀ ਦਾ ਪਾਤਸ਼ਾਹ ਬੇਪਰਵਾਹ ਹੋਕੇ (ਰਾਜਘਰ) ਗਿਆਨ ਘਰ ਵਿਖੇ ਆ ਗਿਆ (ਭਾਵ ਮੁਕਤੀ ਦੇ ਸਾਧਨ ਬਾਣੀ ਦਾ ਉਚਾਰ ਕੀਤਾ, ਰਾਜ ਘਰ ਸੰਸਾਰ ਨੂੰ ਬੀ ਕਹਿੰਦੇ ਹਨ)।

ਕਾਦਰ ਹੋਇ ਕੁਦਰਤਿ ਕਰੇ ਏਹ ਭਿ ਕੁਦਰਤਿ ਸਾਂਗੁ ਬਣਾਇਆ ।

ਕਰਤਾ ਹੋਕੇ ਜੋ 'ਕੁਦਰਤ' (ਰਚਨਾ) ਕਰਦਾ ਹੈ, ਇਹ ਬੀ ਉਸ ਦੀ ਰਚਨਾ ਦਾ ਹੀ ਸਾਂਗ ਹੈ। (ਭਾਵ ਗੁਰੂ ਅਵਤਾਰ ਧਾਰਿਆ ਹੈ)।

ਇਕਨਾ ਜੋੜਿ ਵਿਛੋੜਿਦਾ ਚਿਰੀ ਵਿਛੁੰਨੇ ਆਣਿ ਮਿਲਾਇਆ ।

ਕਈਆਂ ਨੁੰ ਜੋੜਕੇ ਵਿਛੋੜ ਦਿੰਦਾ ਹੈ, ਕਈ ਚਿਰ ਦੇ ਵਿਛੁੜੇ ਮੇਲ ਦੇਂਦਾ ਹੈ। (ਜਗਯਾਸੂਆਂ ਨੂੰ ਸਾਈਂ ਨਾਲ ਜੋੜਦਾ, ਪਾਪੀਆਂ ਨੂੰ ਵਿਸ਼ਿਆਂ ਤੋਂ ਵਿਛੋੜਦਾ, ਚਿਰਾਂ ਦੇ ਸਾਧਕਾਂ ਨੂੰ ਮੇਲਦਾ ਹੈ)।

ਸਾਧਸੰਗਤਿ ਵਿਚਿ ਅਲਖੁ ਲਖਾਇਆ ।੨੧।

ਸਾਧ ਸੰਗਤ ਵਿਖੇ ਅਲਖ ਲਖੀਦਾ ਹੈ, (ਭਾਵ ਉਸ ਦਾ ਗਿਆਨ ਸਾਧ ਸੰਗਤ ਵਿਖੇ ਪ੍ਰਾਪਤ ਹੁੰਦਾ ਹੈ)।

ਪਉੜੀ ੨੨

ਸਤਿਗੁਰੁ ਪੂਰਾ ਸਾਹੁ ਹੈ ਤ੍ਰਿਭਵਣ ਜਗੁ ਤਿਸ ਦਾ ਵਣਜਾਰਾ ।

ਸਤਿਗੁਰ (ਨਾਨਕ) ਚੱਕ੍ਰਵਰਤੀ ਪਾਤਸ਼ਾਹ ਹੈ, ਤਿੰਨ ਭਵਣਾਂ ਦਾ ਜਗਤ ਉਸ ਦਾ ਵਪਾਰੀ ਹੈ।

ਰਤਨ ਪਦਾਰਥ ਬੇਸੁਮਾਰ ਭਾਉ ਭਗਤਿ ਲਖ ਭਰੇ ਭੰਡਾਰਾ ।

(ਪਾਤਸ਼ਾਹਾਂ ਦੇ ਘਰ) ਰਤਨ ਪਦਾਰਥ ਬੇਸ਼ੁਮਾਰ ਹੁੰਦੇ ਹਨ (ਆਪ ਦੇ ਘਰ ਵਿਖੇ ਰਤਨ ਪਦਾਰਥ ਰੂਪ) ਪ੍ਰੇਮ ਭਗਤੀ ਦੇ ਭੰਡਾਰੇ ਲੱਖਾਂ ਭਰੇ ਹੋਏ ਹਨ।

ਪਾਰਿਜਾਤ ਲਖ ਬਾਗ ਵਿਚਿ ਕਾਮਧੇਣੁ ਦੇ ਵਗ ਹਜਾਰਾ ।

(ਆਪ ਦੇ ਬਾਗ ਵਿਖੇ ਲੇੱਖਾਂ ਕਲਪ ਬ੍ਰਿੱਛ ਹਨ ਤੇ ਕਾਮਧੇਨੁ ਗਉਆਂ ਦੇ ਹਜ਼ਾਰਾਂ ਵੱਗ ਚਰਦੇ) ਹਨ। (“ਪਾਰਜਾਤੁ ਇਹੁ ਹਰਿ ਕੋ ਨਾਮ॥ ਕਾਮਧੇਨ ਹਰਿ ਹਰਿ ਗੁਣ ਗਾਮ”)।

ਲਖਮੀਆਂ ਲਖ ਗੋਲੀਆਂ ਪਾਰਸ ਦੇ ਪਰਬਤੁ ਅਪਾਰਾ ।

ਲੱਖਮੀਆਂ ਲੱਖਾਂ ਹੀ ਟਹਿਲਣਾਂ ਹਨ (ਇਕ ਦੀ ਕੀ ਗਿਣਤੀ ਹੈ) ਪਾਰਸ ਦੇ ਅਪਾਰ ਪਹਾੜ ਹਨ।

ਲਖ ਅੰਮ੍ਰਿਤ ਲਖ ਇੰਦ੍ਰ ਲੈ ਹੁਇ ਸਕੈ ਛਿੜਕਨਿ ਦਰਬਾਰਾ ।

ਲੱਖਾਂ ਇੰਦ੍ਰ, ਲੱਖਾਂ ਅੰਮ੍ਰਿਤ (ਹੱਥ ਵਿਚ) ਲੈਕੇ ਮਾਸ਼ਕੀ ਹੋਕੇ ਫਿਰ ਦਰਬਾਰ ਵਿਖੇ ਛਿੜਕਾਉ ਕਰਦੇ ਹਨ।

ਸੂਰਜ ਚੰਦ ਚਰਾਗ ਲਖ ਰਿਧਿ ਸਿਧਿ ਨਿਧਿ ਬੋਹਲ ਅੰਬਾਰਾ ।

ਸੂਰਜ ਚੰਦ (ਵਾਂਗੂੰ) ਲੱਖਾਂ ਚਰਾਗ਼ (ਦੀਵੇ ਚਮਕਦੇ) ਰਿੱਧਾਂ ਸਿੱਧਾਂ ਨਿਧਾਂ ਦੇ ਖਲਵਾੜੇ ਭਰੇ ਹੋਏ ਹਨ।

ਸਭੇ ਵੰਡ ਵੰਡਿ ਦਿਤੀਓਨੁ ਭਾਉ ਭਗਤਿ ਕਰਿ ਸਚੁ ਪਿਆਰਾ ।

(ਕੀ ਗੁਰੂ ਆਪ ਰਖਦੇ ਹਨ? ਨਹੀ;) ਜਿਨ੍ਹਾਂ ਪ੍ਰੇਮਾ ਭਗਤੀ ਨਾਲ ਸਚਾ ਪਿਆਰ ਕੀਤਾ ਹੈ ਸਭ (ਦਾਤਾਂ) ਉਨ੍ਹਾਂ ਨੂੰ ਵੰਡ ਵੰਡ ਕੇ ਦੇ ਦਿੱਤੀਆਂ ਹਨ।

ਭਗਤਿ ਵਛਲੁ ਸਤਿਗੁਰੁ ਨਿਰੰਕਾਰਾ ।੨੨।

ਨਿੰਰਕਾਰੀ ਸਤਿਗੁਰ (ਗੁਰੂ ਨਾਨਕ) ਭਗਤਾਂ ਦੇ ਪਯਾਰੇ ਹਨ।

ਪਉੜੀ ੨੩

ਖੀਰ ਸਮੁੰਦੁ ਵਿਰੋਲਿ ਕੈ ਕਢਿ ਰਤਨ ਚਉਦਹ ਵੰਡਿ ਲੀਤੇ ।

ਖੀਰ ਸਮੁੰਦ੍ਰ ਨੂੰ ਰਿੜਕ ਕੇ (ਦੇਵ ਦਾਨਵਾਂ ਨੇ) ਚੌਦਾਂ ਰਤਨ ਕੱਢ ਕੇ (ਆਪੋ ਵਿਚ) ਵੰਡ ਲੀਤੇ। (ਵੇਰਵਾ ਇਹ ਹੈ:)

ਮਣਿ ਲਖਮੀ ਪਾਰਿਜਾਤ ਸੰਖੁ ਸਾਰੰਗ ਧਣਖੁ ਬਿਸਨੁ ਵਸਿ ਕੀਤੇ ।

(ਕੌਸਤਭ ਨਾਮੇ) ੧ਮਣੀ, ੨ਲਖਮੀ, ੩ਕਲਪ ਬ੍ਰਿੱਛ, (ਗਾਂਡੀਵਨਾਮਾ) ੪ਸੰਖ, ੫ਸਾਰੰਗ (ਧਨਖ) (ਏਹ ਪੰਜ ਰਤਨ) ਵਿਸ਼ਨੂੰ ਨੇ (ਆਪਣੇ) ਕਾਬੂ ਵਿਖੇ ਰੱਖੇ।

ਕਾਮਧੇਣੁ ਤੇ ਅਪਛਰਾਂ ਐਰਾਪਤਿ ਇੰਦ੍ਰਾਸਣਿ ਸੀਤੇ ।

ਕਾਮਧੇਨੂ (ਗਉ), ੨(ਰੰਭਾ ਨਾਮੇ) ਅਪੱਛਰਾਂ, ੩ਐਰਾਵਤ (ਹਾਥੀ) (ਤਿੰਨੇ) ਇੰਦ੍ਰਾਸਣ (ਦੇ ਨਾਉਂ) ਨਾਲ ਸੀਤੇ ਗਏ (ਭਾਵ ਇੰਦਮ ਦੇ ਨਾਉਂ ਲਗੇ)।

ਕਾਲਕੂਟ ਤੇ ਅਰਧ ਚੰਦ ਮਹਾਂਦੇਵ ਮਸਤਕਿ ਧਰਿ ਪੀਤੇ ।

੧ਕਾਲਕੁਟ ਤੋਂ ੨ਦੁਤੀਆ ਦਾ ਚੰਦ੍ਰਮਾ, (ਏਹ ਦੋ) ਸ਼ਿਵ ਨੇ ਪ੍ਰੀਤ ਨਾਲ ਨਾਲ ਰੱਖੇ (ਭਾਵ ਕਾਲਕੂਟ ਕੰਠ ਵਿਖੇ ਚੰਦ) ਮੱਥੇ ਧਾਰਨ (ਕੀਤਾ)।

ਘੋੜਾ ਮਿਲਿਆ ਸੂਰਜੈ ਮਦੁ ਅੰਮ੍ਰਿਤੁ ਦੇਵ ਦਾਨਵ ਰੀਤੇ ।

੧(ਉਚੀਸ਼੍ਰਵਾ ਨਾਮੇ) ਘੋੜਾ ਸੂਰਜ ਨੂੰ ਮਿਲਿਆ, ੨ਸ਼ਰਾਬ ਤੇ ੩ਅੰਮ੍ਰਿਤ ਦੀ ਮਰਯ ਦਾ (ਅਰਥਾਤ ਸ਼ਰਾਬ) ਦੈਂਤਾਂ (ਲਈ ਤੇ ਅੰਮ੍ਰਿਤ) ਦੇਵਤਿਆਂ ਲਈ (ਮੋਹਣੀ ਅਵਤਾਰ ਨੇ ਕੀਤੀ)।

ਕਰੇ ਧਨੰਤਰੁ ਵੈਦਗੀ ਡਸਿਆ ਤੱਛਕਿ ਮਤਿ ਬਿਪਰੀਤੇ ।

੧ਧਨੰਤਰ ਨਾਮੇ ਵੈਦ ਹਕੀਮੀ ਕਰਦਾ ਹੈ (ਪਰੰਤੂ ਜਦ ਪ੍ਰੀਖਤ ਨੂੰ) ਤੱਛਕ (ਨਾਮੇ ਨਾਗ ਨੇ) ਡੰਗ ਮਾਰਿਆ ਤਾਂ ਮੱਤ ਮਾਰੀ ਗਈ (ਕਿਉਂ ਜੋ ਤੱਛਕ ਪਾਸੋਂ ਧਨ ਲੈ ਕੇ ਇਲਾਜ ਛਡਦਾ ਹੀ ਘਰ ਨੂੰ ਮੁੜ ਗਿਆ), (ਸਤਵੀਂ ਤੇ ਅੱਠਵੀਂ) ਤੁਕ ਵਿਖੇ ਪਉੜੀ ਦਾ ਸਿੱਟਾ ਦੱਸਦੇ ਹਨ)।

ਗੁਰ ਉਪਦੇਸੁ ਅਮੋਲਕਾ ਰਤਨ ਪਦਾਰਥ ਨਿਧਿ ਅਗਣੀਤੇ ।

ਗੁਰੂ (ਰੂਪ ਖੀਰ) ਸਮੁੰਦਰ (ਵਿਖੇ ਉਪਦੇਸ਼ ਰੂਪੀ ਬੇਸ਼ੁਮਾਰ ਤੇ ਅਮੋਲਕ ਰਤਨ ਪਦਾਰਥ ਹਨ।

ਸਤਿਗੁਰ ਸਿਖਾਂ ਸਚੁ ਪਰੀਤੇ ।੨੩।

(ਇਸੇ ਕਰਕੇ) ਸਤਿਗੁਰੂ (ਗੁਰੂ ਨਾਨਕ) ਨਾਲ ਸਿਖਾਂ ਦੀ ਸੱਚੀ ਪ੍ਰੀਤ ਹੈ।

ਪਉੜੀ ੨੪

ਧਰਮਸਾਲ ਕਰਿ ਬਹੀਦਾ ਇਕਤ ਥਾਉਂ ਨ ਟਿਕੈ ਟਿਕਾਇਆ ।

(ਗੁਰੂ ਦਾ ਨੇਮ ਹੁੰਦਾ ਸੀ ਕਿ) ਧਰਮਸਾਲ ਵਿਚ (ਟਿਕ) ਕੇ ਬੈਠਦੇ ਸਨ, (ਇਹ) ਗੁਰੂ ਹਰਿਗੋਬਿੰਦ) ਇਕ ਥਾਵੇਂ ਟਿਕਾਯਾ ਨਹੀਂ ਟਿਕਦਾ।

ਪਾਤਿਸਾਹ ਘਰਿ ਆਵਦੇ ਗੜਿ ਚੜਿਆ ਪਾਤਿਸਾਹ ਚੜਾਇਆ ।

(ਅਗਲਿਆਂ ਗੁਰੂ ਸਾਹਿਬਾਂ ਦੇ) ਘਰ ਪਾਤਸ਼ਾਹ ਆਉਂਦੇ ਸਨ, ਇਹ ਪਾਤਸ਼ਾਹ ਦਾ ਚੜ੍ਹਾਇਆ ਕਿਲੇ ਚੜ੍ਹਿਆ ਹੈ (ਭਾਵ ਬੰਦੀ ਵਿਚ ਪਿਆ ਹੈ)।

ਉਮਤਿ ਮਹਲੁ ਨ ਪਾਵਦੀ ਨਠਾ ਫਿਰੈ ਨ ਡਰੈ ਡਰਾਇਆ ।

(ਅਗੇ) ਸਿੱਖੀ ਮਹਿਲ (ਪ੍ਰਾਪਤ ਕਰਦੀ ਸੀ, ਪਰ ਹੁਣ ਮਹਿਲ) ਨਹੀਂ।

ਮੰਜੀ ਬਹਿ ਸੰਤੋਖਦਾ ਕੁਤੇ ਰਖਿ ਸਿਕਾਰੁ ਖਿਲਾਇਆ ।

(ਅਗਲੇ ਸਤਿਗੁਰ ਜੀ) ਮੰਜੀ ਬੈਠਕੇ (ਜਗਤ ਨੂੰ) ਤਸੱਲੀ ਦਾਨ ਦੇਂਦੇ ਸਨ, (ਇਸ ਨੇ) ਕੁੱਤੇ ਰਖੇ ਹਨ ਤੇ ਸ਼ਿਕਾਰ ਖੇਲਦਾ ਹੈ।

ਬਾਣੀ ਕਰਿ ਸੁਣਿ ਗਾਂਵਦਾ ਕਥੈ ਨ ਸੁਣੈ ਨ ਗਾਵਿ ਸੁਣਾਇਆ ।

(ਅਗਲੇ ਸਤਿਗੁਰ ਜੀ) ਬਾਣੀ ਰਚਦੇ, ਗਾਉਂਦੇ ਤੇ ਸੁਣਦੇ ਸਨ, (ਇਹ) ਨਾ (ਬਾਣੀ) ਕਥਣਾ ਹੈ ਨਾ ਸੁਣਦਾ ਹੈ ਨਾਂ ਗਾਉਂਦਾ ਹੈ।

ਸੇਵਕ ਪਾਸ ਨ ਰਖੀਅਨਿ ਦੋਖੀ ਦੁਸਟ ਆਗੂ ਮੁਹਿ ਲਾਇਆ ।

(ਅਗਲੇ, ਸੇਵਕਾਂ ਨੂੰ ਪਾਸ (ਰਖਦੇ ਸਨ, ਇਹ ਸੇਵਕ ਪਾਸ) ਨਹੀਂ ਰਖਦੇ, ਦੋਖੀਆਂ ਦੁਸ਼ਟਾਂ ਨੂੰ ਆਗੂ ਕਰ ਕੇ ਮੂੰਹ ਲਾਉਂਦੇ (ਮਾਨ ਦੇਂਦੇ) ਹਨ।

ਸਚੁ ਨ ਲੁਕੈ ਲੁਕਾਇਆ ਚਰਣ ਕਵਲ ਸਿਖ ਭਵਰ ਲੁਭਾਇਆ ।

(ਪਰ ਭਾਈ ਸਾਹਿਬ ਜੀ ਕਹਿੰਦੇ ਹਨ ਇਸ ਤਬਦੀਲੀ ਨਾਲ) ਸਚ ਲੁਕਾਇਆ ਨਹੀਂ ਲੁਕਦਾ, ਸਿਖ ਭਵਰੇ ਵਾਂਙੂ ਹਨ (ਓਹ ਸਿਆਣਦੇ ਹਨ ਤੇ ਭਵਰੇ ਵਾਙੂ) ਚਰਨਾਂ ਕਵਲਾਂ ਤੇ ਲੁਭਿਤ ਹਨ।

ਅਜਰੁ ਜਰੈ ਨ ਆਪੁ ਜਣਾਇਆ ।੨੪।

(ਕਿਉਂਕਿ ਉਹ ਜਾਣਦੇ ਹਨ ਕਿ (ਗੁਰੂ) ਅਜਰ ਨੂੰ ਜਰ ਰਿਹਾ ਹੈ ਤੇ ਆਪਾ ਨਹੀਂ ਜਣਾਉਂਦਾ। (ਅਥਵਾ ਪੱਕੇ ਸਿਖ ਅਜਰ ਨੂੰ ਜਰਦੇ ਹਨ ਤੇ ਬਿਰਥਾ ਨੁਕਤਾਚੀਨੀਆਂ ਕਰ ਕੇ ਆਪਾਂ ਨਹੀਂ ਜਣਾਉਂਦੇ।

ਪਉੜੀ ੨੫

ਖੇਤੀ ਵਾੜਿ ਸੁ ਢਿੰਗਰੀ ਕਿਕਰ ਆਸ ਪਾਸ ਜਿਉ ਬਾਗੈ ।

ਖੇਤੀ ਦੇ (ਉਦਾਲੇ) ਢਿੰਗਰਾਂ ਦੀ ਵਾੜ ਤੇ ਬਾਗ ਦੇ ਆਸ ਪਾਸ ਜਿਵੇਂ ਕਿੱਕਰ ਹੁੰਦੇ ਹਨ,

ਸਪ ਪਲੇਟੇ ਚੰਨਣੈ ਬੂਹੇ ਜੰਦਾ ਕੁਤਾ ਜਾਗੈ ।

ਚੰਦਨ (ਦੁਆਲੇ) ਸੱਪ ਲਪੇਟੇ, (ਖਜ਼ਾਨੇ ਦੇ) ਬੂਹੇ (ਦੁਆਲੇ) ਜੰਦ੍ਰੇ ਤੇ ਕੁੱਤੇ ਜਾਗਦੇ ਹਨ।

ਕਵਲੈ ਕੰਡੇ ਜਾਣੀਅਨਿ ਸਿਆਣਾ ਇਕੁ ਕੋਈ ਵਿਚਿ ਫਾਗੈ ।

ਕਵਲ ਨੂੰ ਕੰਡੇ ਜਾਣੀਂਦੇ ਹਨ, ਕਿਸੇ ਇਕ ਤੇ ਸਿਆਣੇ (ਦੇ ਉਦਾਲੇ) ਫੱਗਣ ਵਿਚ (ਖਰੂਦੀ ਸੰਸਾਰ ਹੁੰਦਾ ਹੈ।)।

ਜਿਉ ਪਾਰਸੁ ਵਿਚਿ ਪਥਰਾਂ ਮਣਿ ਮਸਤਕਿ ਜਿਉ ਕਾਲੈ ਨਾਗੈ ।

ਜਿਉਂ ਪਾਰਸ ਗਿਰਦੇ ਪੱਥਰ ਤੇ ਮਣੀ ਜਿਵੇਂ ਕਾਲੇ ਨਾਗ ਦੇ ਮਸਤਕ ਵਿਚ ਹੁੰਦੀ ਹੈ।

ਰਤਨੁ ਸੋਹੈ ਗਲਿ ਪੋਤ ਵਿਚਿ ਮੈਗਲੁ ਬਧਾ ਕਚੈ ਧਾਗੈ ।

ਗਲ (ਦੀ ਮਾਲਾ ਵਿਖੇ) ਰਤਨ ਦੇ (ਉਦਾਲੇ) ਕਚਕੜੇ ਸੋਭਦੇ ਹਨ, ਹਾਥੀ ਦੇ ਉਦਾਲੇ ਬੱਧੇ ਹੋਏ ਕੱਚੇ ਧਾਗਿਆਂ (ਤੋਂ ਵੱਟੇ ਹੋਏ ਸੰਗਲ ਰੂਪ ਰੱਸੇ ਹੁੰਦੇ ਹਨ) (ਇਸ ਪ੍ਰਕਾਰ ਦੇ ਘੇਰਿਆਂ ਵਿਚ ਵਾਹਿਗੁਰੂ ਦੀ ਪ੍ਰਾਪਤੀ ਰੂਪ ਪਦਾਰਥ ਹੈ, ਪਰ ਪ੍ਰਾਪਤ ਕਿਕੁਰ ਹੁੰਦਾ ਹੈ? ਉਤਰ)

ਭਾਵ ਭਗਤਿ ਭੁਖ ਜਾਇ ਘਰਿ ਬਿਦਰੁ ਖਵਾਲੈ ਪਿੰਨੀ ਸਾਗੈ ।

(ਜਿਕੂੰ) ਬਿਦਰ ਦੇ (ਦੁਖ), ਸਾਗ ਦੀ ਪਿੰਨੀ ਖਵਾਲਿਆਂ (ਗਏ ਸੇ, ਤਿਕੂੰ) ਪ੍ਰੇਮਾ ਭਗਤੀ ਨਾਲ ਘਰ ਦੀ ਭੁੱਖ ਜਾਂਦੀ ਹੈ।

ਚਰਣ ਕਵਲ ਗੁਰੁ ਸਿਖ ਭਉਰ ਸਾਧਸੰਗਤਿ ਸਹਲੰਗੁ ਸਭਾਗੈ ।

ਗੁਰੂ ਦੇ ਚਰਨ ਕਵਲਾਂ ਦਾ ਸਿਖ ਭਉਰਾ ਬਣੇਂ, ਸਾਧ ਸੰਗਤ ਵਿਚ ਭਲੇ (ਜਾਣ ਕੇ) ਲੱਗ ਰਹੇ।

ਪਰਮ ਪਿਆਲੇ ਦੁਤਰੁ ਝਾਗੈ ।੨੫।

(ਐਉਂ) ਪ੍ਰੇਮ ਦੇ ਪਿਆਲੇ ਕਸ਼ਟ ਝਾਗੇ ਜਾਂਦੇ ਹਨ।

ਪਉੜੀ ੨੬

ਭਵਜਲ ਅੰਦਰਿ ਮਾਨਸਰੁ ਸਤ ਸਮੁੰਦੀ ਗਹਿਰ ਗੰਭੀਰਾ ।

ਸੰਸਾਰ ਵਿਖੇ ਮਾਨ ਸਰੋਵਰ ਸਤ ਸਮੰਦਰਾਂ ਨਾਲੋਂ ('ਗਹਰਾ ਗੰਭੀਰਾ') ਡੂੰਘਾ ਤੇ ਅਡੇਲ ਹੈ।

ਨਾ ਪਤਣੁ ਨਾ ਪਾਤਣੀ ਪਾਰਾਵਾਰੁ ਨ ਅੰਤੁ ਨ ਚੀਰਾ ।

ਨਾ (ਕੋਈ ਇਸ ਦਾ) ਪੱਤਣ (ਘਾਟ), ਨਾ ਪਾਤਣੀ (ਮਲਾਹ), ਨਾ ਪਰਵਾਰ, ਨਾ ਅੰਤ, ਨਾ ਕੋਈ ਹੱਦ ਹੈ।

ਨਾ ਬੇੜੀ ਨਾ ਤੁਲਹੜਾ ਵੰਝੀ ਹਾਥਿ ਨ ਧੀਰਕ ਧੀਰਾ ।

ਨਾ ਬੇੜੀ ਨਾ (ਕੋਈ) ਤੁਲਹੜਾ, ਬਾਂਸਾਂ (ਡੂੰਘਾਈ ਮਿਣਨ ਦੇ ਮਾਪ) ਨਾਲ ਭੀ ਹਾਥ ਨਹੀਂ(ਭਾਵ ਬਹੁਤ ਡੂੰਘਾ ਹੈ) ਨਾ ਕੋਈ ਧੀਰਜ ਦੇਣਹਾਰਾ ਨਾ ਧੀਰਜ ਕਰਣਹਾਰਾ ਹੈ।

ਹੋਰੁ ਨ ਕੋਈ ਅਪੜੈ ਹੰਸ ਚੁਗੰਦੇ ਮੋਤੀ ਹੀਰਾ ।

ਹੋਰ ਕੋਈ ਪਹੁੰਚ ਨਹੀਂ ਸਕਦਾ (ਕੇਵਲ) ਹੰਸ ਹੀ ਮੋਤੀ ਮਾਣਕ ਚੁਗਦੇ ਹਨ।

ਸਤਿਗੁਰੁ ਸਾਂਗਿ ਵਰਤਦਾ ਪਿੰਡੁ ਵਸਾਇਆ ਫੇਰਿ ਅਹੀਰਾ ।

ਸਤਿਗੁਰੂ ਸਾਂਗ ਵਰਤਾ ਰਿਹਾ ਹੈ ਅਹੀਰਾਂ ਦਾ ਪਿੰਡ ਫੇਰ ਵਸਾਇਆ ਹੈ, (ਗੋਇਲ ਵਾਸੇ ਸੰਸਾਰ ਵਿਚ ਮਨੁਖ ਰੂਪ ਵਿਚ ਵਸ ਰਹੇ ਸਨ)

ਚੰਦੁ ਅਮਾਵਸ ਰਾਤਿ ਜਿਉ ਅਲਖੁ ਨ ਲਖੀਐ ਮਛੁਲੀ ਨੀਰਾ ।

ਅਮੱਸਿਆ ਦੀ ਰਾਤ ਦੇ ਚੰਦ ਅਰ ਪਾਣੀ ਦੇ ਮੱਛ ਵਾਂਗੂੰ ਗੁਰੂ ਲੁਕੇ ਹੋਏ ਹਨ। (ਜਾਣਦੇ ਕੌਣ ਹਨ?)

ਮੁਏ ਮੁਰੀਦ ਗੋਰਿ ਗੁਰ ਪੀਰਾ ।੨੬।

(ਜੇਹੜੇ) ਮੁਰੀਦ ਗੁਰੂ ਪੀਰਾਂ ਨੂੰ (ਆਪਣੀ) ਗੌਰ (ਬਣ ਕੇ ਆਪ) ਮੁਰਦੇ ਹੋ ਰਹੇ ਹਨ, (ਭਾਵ ਆਪਾ ਭਾਵ ਤੋਂ ਮਰਕੇ ਗੁਰੂ ਚਰਨਾਂ ਵਿਖੇ ਨਿਵਾਸ ਕਰ ਰਹੇ ਹਨ)।

ਪਉੜੀ ੨੭

ਮਛੀ ਦੇ ਪਰਵਾਰ ਵਾਂਗਿ ਜੀਵਣਿ ਮਰਣਿ ਨ ਵਿਸਰੈ ਪਾਣੀ ।

ਮੱਛੀ ਦੇ ਕੋੜਮੇ ਵਿਚ ਜੀਂਵਦਿਆਂ ਮਰਦਿਆ ਪਾਣੀ ਨਹੀਂ ਭੁੱਲਦਾ (ਜਿਹਾ:-ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ॥ ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਰਰਿਓ ਪਾਨੀ)॥

ਜਿਉ ਪਰਵਾਰੁ ਪਤੰਗ ਦਾ ਦੀਪਕ ਬਾਝੁ ਨ ਹੋਰ ਸੁ ਜਾਣੀ ।

ਪਤੰਗ ਦਾ ਕੋੜਮਾ ਦੀਵੇ ਬਾਝ ਹੋਰ ਕਿਸੇ ਨੂੰ ਨਹੀਂ ਪਛਾਣਦਾ।

ਜਿਉ ਜਲ ਕਵਲੁ ਪਿਆਰੁ ਹੈ ਭਵਰ ਕਵਲ ਕੁਲ ਪ੍ਰੀਤਿ ਵਖਾਣੀ ।

ਜਿੱਕੁਰ ਕਵਲ ਦਾ ਜਲ ਨਾਲ ਪਿਆਰ ਹੈ, ਤਿਵੇਂ ਭਵਰਾਂ ਦੀ ਕੁਲ ਕਵਲਾਂ ਦੇ ਨਾਲ ਪ੍ਰੀਤ ਨਹੀਂ ਭੁਲਾਉਂਦੀ

ਬੂੰਦ ਬਬੀਹੇ ਮਿਰਗ ਨਾਦ ਕੋਇਲ ਜਿਉ ਫਲ ਅੰਬਿ ਲੁਭਾਣੀ ।

ਚਾਤ੍ਰਿਕ ਸ੍ਵਾਂਤੀ ਦੀ ਬੁੰਦ ਪਰ, ਮਿਰਗ (ਘੰਡੇ ਹੇੜੇ ਦੇ) ਨਾਦ ਪੁਰ ਅਰ ਕੋਇਲ ਅੰਬ ਫਲ ਦੇ ਉਪਰ ਲੋਭ ਰਹੀ ਹੈ।

ਮਾਨ ਸਰੋਵਰੁ ਹੰਸੁਲਾ ਓਹੁ ਅਮੋਲਕ ਰਤਨਾ ਖਾਣੀ ।

ਮਾਨ ਸਰੋਵਰ ਪਰ ਹੰਸ (ਰਹਿਕੇ) ਉਸ ਨੂੰ ਅਮੋਲਕ ਰਤਨਾਂ ਦੀ ਖਾਨ (ਜਾਣਦਾ) ਹੈ।

ਚਕਵੀ ਸੂਰਜ ਹੇਤੁ ਹੈ ਚੰਦ ਚਕੋਰੈ ਚੋਜ ਵਿਡਾਣੀ ।

ਚਕਵੀ ਦਾ ਸੂਰਜ ਨਾਲ ਪ੍ਰੇਮ ਹੈ, ਚੰਦ੍ਰਮਾ ਨਾਲ ਚਕੋਰ ਅਚਰਜ ਕੌਤਕ ਕਰਦਾ ਹੈ।

ਗੁਰਸਿਖ ਵੰਸੀ ਪਰਮ ਹੰਸ ਸਤਿਗੁਰ ਸਹਜਿ ਸਰੋਵਰੁ ਜਾਣੀ ।

ਗੁਰ ਸਿਖਾਂ ਦੀ ਵੰਸ ਪਰਮਹੰਸ ਹੈ 'ਸਤਿਗੁਰ' ਨੂੰ ਹੀ ਸ਼ਾਂਤੀ ਦਾ ਸਮੁੰਦਰ ਜਾਣਦੀ ਹੈ। (ਭਾਵ ਹੋਰ ਝੂਠੇ ਦੇਵੀ ਦੇਵਤਿਆਂ ਨੂੰ ਚਿੱਕੜ ਦਾ ਛੱਪੜ ਸਮਝਕੇ ਚਿੱਤ ਨਹੀਂ ਡੁਲਾਉਂਦੀ। ਹੋਰ ਕੀ ਕਰਦੀ ਹੈ?)

ਮੁਰਗਾਈ ਨੀਸਾਣੁ ਨੀਸਾਣੀ ।੨੭।

ਮੁਰਗਾਬੀ ਵਾਙੂੰ ਨਦੀ ਦੇ ('ਸਾਣੀ') ਸਾਹਮਣੇ ਜਾਂਦੀ ਹੈ। (ਗੱਲ ਕੀ ਕਈ ਤਰੰਗਾਂ ਅਤੇ ਭਵਰਾਂ ਨੂੰ ਦੇਖਕੇ ਡਰਦੀ ਨਹੀਂ, ਅਜਿਹਾ ਹੀ ਗੁਰਮੁਖਾਂ ਦੀ ਉਲਾਦ ਗੁਰੂ ਦੇ ਸਨਮੁਖ ਹੋਣਾ ਹੀ ਮੁੱਖ ਸਮਝਦੀ ਹੈ, ਦੁਨਿਆਵੀ ਕਸ਼ਟ ਅਰ ਦੁਖਾਂ ਦੀ ਪ੍ਰਵਾਹ ਨਹੀਂ ਕਰਦੀ।

ਪਉੜੀ ੨੮

ਕਛੂ ਅੰਡਾ ਸੇਂਵਦਾ ਜਲ ਬਾਹਰਿ ਧਰਿ ਧਿਆਨੁ ਧਰੰਦਾ ।

ਕੱਛੂ(ਆਪਣੇ) ਅੰਡੇ ਨੂੰ ਪਾਣੀ ਦੇ ਬਾਹਰ ਰੱਖ ਕੇ (ਉਸੇ ਵਿਚ) ਧਯਾਨ ਰਖਕੇ ਪਾਲ ਲੈਂਦਾ ਹੈ।

ਕੂੰਜ ਕਰੇਂਦੀ ਸਿਮਰਣੋ ਪੂਰਣ ਬਚਾ ਹੋਇ ਉਡੰਦਾ ।

ਕੂੰਜ (ਬੀ ਆਪਣੇ ਬੱਚੇ ਦਾ) ਸਿਮਰਣ ਕਰਦੀ ਰਹਿੰਦੀ ਹੈ, ਇਸੇ ਕਾਰਣ) ਬੱਚਾ ਪਲਕੇ ਉੱਡਣ ਲੱਗ ਜਾਂਦਾ ਹੈ।

ਕੁਕੜੀ ਬਚਾ ਪਾਲਦੀ ਮੁਰਗਾਈ ਨੋ ਜਾਇ ਮਿਲੰਦਾ ।

ਕੁਕੜੀ ਮੁਰਗਾਬੀ ਦਾ ਬੱਚਾ ਪਾਲਦੀ ਹੈ, ਜਦ ਜੁਆਨ ਹੁੰਦਾ ਹੈ ਤਦੋਂ ਆਪਣੀ ਮਾਂ ਨੂੰ) ਜਾ ਮਿਲਦਾ ਹੈ।

ਕੋਇਲ ਪਾਲੈ ਕਾਵਣੀ ਲੋਹੂ ਲੋਹੂ ਰਲੈ ਰਲੰਦਾ ।

(ਅਜਿਹਾ ਹੀ) ਕਾਉਣੀ ਕੋਇਲਾਂ (ਦੇ ਬੱਚੇ) ਨੂੰ ਪਾਲਦੀ ਹੈ, (ਪਰੰਤੂ ਜਦ ਸਿਆਣਾ ਹੁੰਦਾ ਹੈ) ਲਹੂ ਵਿਚ ਲਹੂ ਜਾ ਰਲਦਾ ਹੈ (ਗੱਲ ਕੀ ਆਪਣੇ ਮਾਪਿਆਂ ਵਿਚ ਜਾ ਰਲਦਾ ਹੈ)

ਚਕਵੀ ਅਤੇ ਚਕੋਰ ਕੁਲ ਸਿਵ ਸਕਤੀ ਮਿਲਿ ਮੇਲੁ ਕਰੰਦਾ ।

ਚਕਵੀ ਅਤੇ ਚਕੋਰ ਦੀ ਕੁਲ 'ਸ਼ਕਤੀ' ਅਰ 'ਸ਼ਿਵ' ਨਾਲ ਮਿਲਣ ਦੀ ਪ੍ਰੀਤ ਕਰਦੀ ਹੈ, (ਕ੍ਰਮ ਇਹ ਕਿ ਚਕਵੀ ਦੀ ਕੁਲ ਸੂਰਜ ਨਾਲ ਅਰ ਚਕੋਰ ਦੀ ਕੁਲ ਚੰਦ ਨਾਲ।

ਚੰਦ ਸੂਰਜੁ ਸੇ ਜਾਣੀਅਨਿ ਛਿਅ ਰੁਤਿ ਬਾਰਹ ਮਾਹ ਦਿਸੰਦਾ ।

ਚੰਦ ਅਰ ਸੂਰ ਕਿਹੋ ਜਿਹੇ ਹਨ)? ਚੰਦ ਸੂਰਜ ਉਹ ਹਨ ਜੋ ਕਿ ਛੀ ਰੁੱਤਾਂ ਅਰ ਬਾਰਾਂ ਮਹੀਨਿਆਂ ਵਿਚ (ਇਕੋ ਹੀ ਦਿੱਸਦੇ ਰਹਿੰਦੇ ਹਨ।

ਗੁਰਮੁਖਿ ਮੇਲਾ ਸਚ ਦਾ ਕਵੀਆਂ ਕਵਲ ਭਵਰੁ ਵਿਗਸੰਦਾ ।

ਕਵੀਆਂ, ਕਵਲ ਅਤੇ ਭਵਰ (ਕੇਹੜੇ ਹਨ) ਜੋ (ਸੂਰਜ ਚੰਦ) ਵੇਖਕੇ ਖਿੜਦੇ ਹਨ? (ਉੱਤਰ) ਗੁਰਮੁਖ, (ਜਿਨਾਂ) ਦਾ ਮੇਲ ਸੱਚ ਦਾ ਮੇਲ ਹੈ।

ਗੁਰਮੁਖਿ ਸੁਖ ਫਲੁ ਅਲਖੁ ਲਖੰਦਾ ।੨੮।

ਗੁਰਮੁਖ ਆਤਮ ਫਲ ਨੂੰ ਜੋ ਕਿ ਅਲਖ (ਅਰਥਾਤ ਮਨ ਬਾਣੀ ਥੋਂ ਪਰੇ ਹੈ, ਲਖ ਲੈਂਦੇ ਹਨ।

ਪਉੜੀ ੨੯

ਪਾਰਸਵੰਸੀ ਹੋਇ ਕੈ ਸਭਨਾ ਧਾਤੂ ਮੇਲਿ ਮਿਲੰਦਾ ।

(ਪਾਰਸ) ਪਾਰਸ ਦੀ ਵੰਸ ਵਿਚੋਂ ਹੋਕੇ ਸਾਰੀਆਂ ਧਾਤਾਂ ਨੂੰ ਆਪਣੇ) ਮੇਲ ਵਿਚ ਮਿਲਾ ਲੈਂਦਾ ਹੈ, (ਅਜਿਹਾ ਹੀ ਗੁਰੂ ਦੇ ਸਿਖ ਹੋਰਨਾਂ ਨੂੰ ਗੁਰੂ ਘਰ ਦੇ ਉਪਦੇਸ਼ ਕਰਦੇ ਹਨ।

ਚੰਦਨ ਵਾਸੁ ਸੁਭਾਉ ਹੈ ਅਫਲ ਸਫਲ ਵਿਚਿ ਵਾਸੁ ਧਰੰਦਾ ।

ਚੰਦਨ ਦੀ ਵਾਸ਼ਨਾ ਦਾ (ਇਹ) ਸੁਭਾਉ ਹੈ ਕਿ ਕੋਈ ਬ੍ਰਿੱਛ ਅਫਲ ਭਾਵੇਂ ਸਫਲ ਹੋਵੇ। ਚੰਦਨ ਹੀ ਕਰ ਦਿੰਦੀ ਹੈ।

ਲਖ ਤਰੰਗੀ ਗੰਗ ਹੋਇ ਨਦੀਆ ਨਾਲੇ ਗੰਗ ਹੋਵੰਦਾ ।

ਨਦੀਆਂ ਅਤੇ ਨਾਲੇ ਲੱਖਾਂ ਤਰੰਗਾਂ ਵਾਲੀ ਗੰਗਾ (ਦੇ ਨਾਲ ਮਿਲਕੇ ਗੰਗਾ ਦਾ ਰੂਪ ਹੋ ਜਾਂਦੇ ਹਨ।

ਦਾਵਾ ਦੁਧੁ ਪੀਆਲਿਆ ਪਾਤਿਸਾਹਾ ਕੋਕਾ ਭਾਵੰਦਾ ।

ਕੋਕਾ (ਪਾਤਸ਼ਾਹ ਨੂੰ ਦੁਧ ਪਿਲਾਉਣ ਵਾਲੀ ਦਾਈ ਦਾ ਘਰ ਵਾਲਾ) ਹੁੰਦਾ ਤਾਂ ਚਾਕਰ ਹੈ,

ਲੂਣ ਖਾਇ ਪਾਤਿਸਾਹ ਦਾ ਕੋਕਾ ਚਾਕਰ ਹੋਇ ਵਲੰਦਾ ।

ਕਿਉਂਕਿ ਪਾਤਸ਼ਾਹ ਦਾ ਲੂਣ ਖਾਂਦਾ ਹੈ, (ਪਰ) ਦੁਧ ਪਿਲਾਉਣ (ਕਰਕੇ) ਪਾਤਸ਼ਾਹ ਨੂੰ ਭਾਉਂਦਾ ਹੈ, (ਅਰ ਪਾਤਸ਼ਾਹ ਉਸ ਦਾ) ਦਾਵਾ ਮੰਨਦਾ ਹੈ, (ਭਾਵ ਪੂਰਾ ਮਾਣ ਰੱਖਦਾ ਹੈ), (ਭਾਵ ਉਹੋ ਕਿ ਪਾਤਸ਼ਾਹ ਚੰਦਨ ਤੁਲ ਹਨ ਨੌਕਰ ਨੂੰ ਬੀ ਜਿਸ ਦੇ ਪ੍ਯਾਰ ਕੀਤਾ ਹੈ, ਦਾਵੇਦਾਰ ਬਣਾ ਲੈਂਦੇ ਹਨ, ਇਹ ਬੀ ਕਹਿੰਦੇ ਹਨ ਕਿ ਦਾਵਾ ਨਾਮੇ ਕੋਕਾ

ਸਤਿਗੁਰ ਵੰਸੀ ਪਰਮ ਹੰਸੁ ਗੁਰੁ ਸਿਖ ਹੰਸ ਵੰਸੁ ਨਿਬਹੰਦਾ ।

ਸਤਿਗੁਰ ਦੀ ਵੰਸ ਦੇ ਪਰਮ ਹੰਸ (ਗੁਰਮੁਖ ਤੇ) ਗੁਰੂ ਕੇ ਸਿਖ ਹੰਸ ਦੀ ਵੰਸ ਵਾਂਙ ਨਿਭਦੇ ਹਨ। (ਭਾਵ ਮਾਨਸਰੋਵਰ ਤੋਂ ਛੁੱਟ ਹੋਰਥੇ ਮੂੰਹ ਨਹੀਂ ਧਰਦੇ)।

ਪਿਅ ਦਾਦੇ ਦੇ ਰਾਹਿ ਚਲੰਦਾ ।੨੯।

ਪਿਉ ਦਾਦੇ ਦੇ ਰਸਤੇ ਤੁਰਦੇ ਹਨ।

ਪਉੜੀ ੩੦

ਜਿਉ ਲਖ ਤਾਰੇ ਚਮਕਦੇ ਨੇੜਿ ਨ ਦਿਸੈ ਰਾਤਿ ਅਨੇਰੇ ।

ਜਿੱਕੁਰ ਲੱਖਾਂ ਤਾਰੇ ਚਮਕਦੇ ਹਨ, ਪਰੰਤੂ ਹਨੇਰੀ ਰਾਤ ਵਿਚ ਨੇੜੇ (ਦੀ ਚੀਜ਼) ਨਹੀਂ ਦਿੱਸਦੀ।

ਸੂਰਜੁ ਬਦਲ ਛਾਇਆ ਰਾਤਿ ਨ ਪੁਜੈ ਦਿਹਸੈ ਫੇਰੇ ।

ਸੂਰਜ ਨੂੰ ਬੱਦਲ ਵਿਚ ਦਿਨ ਚੌਫੇਰੀ ਛਾਇ ਲਵੇ (ਢਕ ਲਵੇ) ਫਿਰ ਬੀ ਰਾਤ ਨਹੀਂ ਪੈਂਦੀ।

ਜੇ ਗੁਰ ਸਾਂਗਿ ਵਰਤਦਾ ਦੁਬਿਧਾ ਚਿਤਿ ਨ ਸਿਖਾਂ ਕੇਰੇ ।

ਜੇ ਗੁਰੂ 'ਸਾਂਗ ਵਰਤੇ' (ਭਾਵ ਭੇਸ ਬਦਲੇ) (ਤਦ) ਸਿੱਖਾਂ ਦੇ ਚਿੱਤ ਨਹੀਂ ਬਦਲਦੇ (ਇਕ ਰਸ ਰਹਿੰਦੇ ਹਨ, ਦੁਬਿਧਾ ਵਿਚ ਨਹੀਂ ਪੈਂਦੇ)

ਛਿਅ ਰੁਤੀ ਇਕੁ ਸੁਝੁ ਹੈ ਘੁਘੂ ਸੁਝ ਨ ਸੁਝੈ ਹੇਰੇ ।

ਜੋ ਛੀ ਰੁੱਤਾਂ ਵਿਖੇ ਇਕੋ ਸੂਰਜ ਹੁੰਦਾ ਹੈ, (ਪਰ ਉੱਲੂ) ਨੂੰ ਸੂਰਜ ਨਹੀਂ ਦਿਸਦਾ, (ਕਿਉਂ ਜੋ) ਉਹ (ਦਿਨੇ) ਦੇਖ ਨਹੀਂ ਸਕਦਾ। (ਭਾਵ- ਸਿਖ ਸਾਂਗ ਵਿਚ ਬੀ ਗੁਰੂ ਨੂੰ ਗੁਰੂ ਦੇਖਦੇ ਹਨ, ਮਨਮੁਖ ਪਰਤੱਖ ਗੁਰੂ ਨੂੰ ਬੀ ਗੁਰੂ ਨਹੀਂ ਦੇਖ ਸਕਦੇ, ਮਨਮੁਖਾਂ ਦੇ ਚਿੱਤ ਬਦਲ ਜਾਂਦੇ ਹਨ)।

ਚੰਦਰਮੁਖੀ ਸੂਰਜਮੁਖੀ ਕਵਲੈ ਭਵਰ ਮਿਲਨਿ ਚਉਫੇਰੇ ।

ਜਿੱਕੁਰ ਕਮਲ ਭਾਵੇਂ (ਸੂਰਜ ਮੁਖੀ=) ਦਿਨੇ, ਚਾਹੇ (ਚੰਦ੍ਰਮੁਖੀ =) ਰਾਤੀਂ ਖਿੜਨ, ਭੌਰੇ ਚੁਫੇਰਿਓ' ਆ ਬੈਠਦੇ ਹਨ।

ਸਿਵ ਸਕਤੀ ਨੋ ਲੰਘਿ ਕੈ ਸਾਧਸੰਗਤਿ ਜਾਇ ਮਿਲਨਿ ਸਵੇਰੇ ।

ਤਿਹਾ ਹੀ ਸਤੋ ਤਮੋ ਨੂੰ ਲੰਘ ਕੇ 'ਸਾਧ ਸੰਗਤ' (ਸੰਤ ਸਮੂਹ) ਪ੍ਰਾਤਾਕਾਲ (ਯਾ ਛੇਤੀ) ਗੁਰੂ ਨੂੰ ਜਾ ਮਿਲਦੇ ਹਨ।

ਪੈਰੀ ਪਵਣਾ ਭਲੇ ਭਲੇਰੇ ।੩੦।

(ਅਰ ਉਥੇ ਜਾ ਕੇ) ਭਲੇ ਤੋਂ ਭਲਿਆਂ ਨਾਲ (ਅਥਵਾ 'ਚੰਗੇ' ਮੰਦੇ ਦੀ ਬੀ) ਪੈਰੀ ਪੈਣਾ ਕਰਦੇ ਹਨ।

ਪਉੜੀ ੩੧

ਦੁਨੀਆਵਾ ਪਾਤਿਸਾਹੁ ਹੋਇ ਦੇਇ ਮਰੈ ਪੁਤੈ ਪਾਤਿਸਾਹੀ ।

ਦੁਨੀਆਂ ਦਾ ਪਾਤਸ਼ਾਹ ਆਪਣੇ ਪੁੱਤ੍ਰ ਨੂੰ ਪਾਤਸ਼ਾਹੀ ਦੇਕੇ ਮਰ ਜਾਂਦਾ ਹੈ।

ਦੋਹੀ ਫੇਰੈ ਆਪਣੀ ਹੁਕਮੀ ਬੰਦੇ ਸਭ ਸਿਪਾਹੀ ।

(ਪੁੱਤ੍ਰ) ਆਪਣੀ ਦੁਹਾਈ ਫੇਰਦਾ ਹੈ, ਸਾਰੇ ਸਿਪਾਹੀਆਂ ਨੂੰ ਆਪਣੇ ਹੁਕਮ ਦੇ ਤਾਬੇਦਾਰ ਕਰਦਾ ਹੈ

ਕੁਤਬਾ ਜਾਇ ਪੜਾਇਦਾ ਕਾਜੀ ਮੁਲਾਂ ਕਰੈ ਉਗਾਹੀ ।

(ਮਸੀਤ ਵਿਚ) ਜਾਕੇ ਖੁਤਬਾ ਪੜ੍ਹਵਾਉਂਦਾ ਹੈ, ਕਾਜ਼ੀ ਮੁੱਲਾਂ ਸਾਰੇ ਉਸ ਪਰ ਉਗਾਹੀ ਭਰਦੇ ਹਨ।

ਟਕਸਾਲੈ ਸਿਕਾ ਪਵੈ ਹੁਕਮੈ ਵਿਚਿ ਸੁਪੇਦੀ ਸਿਆਹੀ ।

ਟਕਸਾਲ ਵਿਖੇ ਉਸ ਦਾ ਸਿੱਕਾ ਚਲਦਾ ਹੈ, ਸੁਪੇਦੀ ਸ੍ਯਾਹੀ (ਭਾਵ ਭਲਾ ਬੁਰਾ ਕੰਮ ਉਸੇ ਦੇ) ਹੁਕਮ ਵਿਚ ਹੁੰਦਾ ਹੈ।

ਮਾਲੁ ਮੁਲਕੁ ਅਪਣਾਇਦਾ ਤਖਤ ਬਖਤ ਚੜ੍ਹਿ ਬੇਪਰਵਾਹੀ ।

ਮਾਲ ਮੁਲਕ ਸਾਰਾ ਆਪਣੇ ਵੰਸ ਵਿਚ ਕਰਦਾ ਹੈ, ਭਾਗਾਂ ਦੇ ਤਖਤ ਪੁਰ ਚੜ੍ਹਕੇ ਬੇ-ਬੇਪਰਵਾਹੀ ਕਰਦਾ ਹੈ।

ਬਾਬਾਣੈ ਘਰਿ ਚਾਲ ਹੈ ਗੁਰਮੁਖਿ ਗਾਡੀ ਰਾਹੁ ਨਿਬਾਹੀ ।

(ਪਰੰਤੂ) 'ਬਾਬਾਣੇ' (ਗੁਰੂ ਨਾਨਕ ਦੇ) ਘਰ ਦੀ ਇਹ ਰੀਤਿ (ਨਹੀਂ, ਇਥੇ ਰੀਤ ਇਹ ਹੈ) ਕਿ ਗੁਰਮੁਖ ਹੋਕੇ 'ਗਾਡੀ ਰਾਹ' ਨਿਬਾਹੇ (ਭਾਵ ਜੋ ਰਸਤਾ ਪਿਛਲੇ ਗੁਰੂ ਦਾ ਹੈ, ਸੋਈ ਚੱਲੇ, ਵਾਹਿਗੁਰੂ ਦਾ ਗਯਾਨ ਉਕਰ ਨਿਰੋਲ ਦਿਤਾ ਜਾਵੇ)।

ਇਕ ਦੋਹੀ ਟਕਸਾਲ ਇਕ ਕੁਤਬਾ ਤਖਤੁ ਸਚਾ ਦਰਗਾਹੀ ।

(ਯਥਾ) ਇਕੋ (ਅਕਾਲ ਪੁਰਖ ਦੇ ਨਾਮ ਦੀ) ਦੋਹੀ, ਇਕੋ ਟਕਸਾਲ (ਸਾਧ ਸੰਗਤ), ਕੁਤਬਾ (ਗੁਰੂ ਬਾਣੀ ਗ੍ਰੰਥ ਯਾ ਬਾਣੀ ਹੇਠਾਂ) ਇਕੋ (ਨਾਮ ਨਾਨਕ) (ਇਕੋ) ਤਖਤ ਗੁਰਿਆਈ ਦੀ ਗੱਦੀ) ਸਚੀ ਦਰਗਾਹ (ਅਰਥਾਤ ਸਚੀ ਨਯਾਇ ਸਭਾ ਹੈ, ਹੋਰ ਝੂਠੀਆਂ ਪਾਤਸ਼ਾਹੀਆਂ ਵਿਖੇ ਨਾਨਾ ਝਗੜੇ ਅਤੇ ਸੰਸੇ ਰਹਿੰਦੇ ਹਨ, ਸਾਧ ਸੰਗਤ ਦੀ ਪਾਤਸ਼ਾਹੀ ਸਦਾ ਅਟ

ਗੁਰਮੁਖਿ ਸੁਖ ਫਲੁ ਦਾਦਿ ਇਲਾਹੀ ।੩੧।

ਇਲਾਹੀ ਦਾਦ (ਦੈਵੀ ਨਿਆਉਂ ਇਹ ਹੈ ਕਿ) ਗੁਰਮੁਖਾਂ ਨੂੰ (ਇਸ ਦਰਗਾਹੋਂ) ਸੁਖ ਫਲ ਮਿਲਦਾ ਹੈ।

ਪਉੜੀ ੩੨

ਜੇ ਕੋ ਆਪੁ ਗਣਾਇ ਕੈ ਪਾਤਿਸਾਹਾਂ ਤੇ ਆਕੀ ਹੋਵੈ ।

ਜਿਹੜਾ ਆਪਣਾ ਆਪ ਗਣਾਕੇ ਪਾਤਸ਼ਾਹਾਂ ਤੋਂ ਆਕੀ ਹੋ ਬੈਠਦਾ ਹੈ।

ਹੁਇ ਕਤਲਾਮੁ ਹਰਮਾਖੋਰੁ ਕਾਠੁ ਨ ਖਫਣੁ ਚਿਤਾ ਨ ਟੋਵੈ ।

ਉਹ ਹਰਾਮੀ ਕਤਲ ਕੀਤਾ ਜਾਂਦਾ ਹੈ, ਬਲਣ, ਖੱਫਣ, ਚਿਖਾ, ਕਬਰ (ਉਸ ਨੂੰ ਕੁਝ) ਨਹੀਂ ਮਿਲਦਾ।

ਟਕਸਾਲਹੁ ਬਾਹਰਿ ਘੜੈ ਖੋਟੈਹਾਰਾ ਜਨਮੁ ਵਿਗੋਵੈ ।

ਟਕਸਾਲੋਂ ਬਾਹਰ (ਜਿਹੜਾ) ਖੋਟ ਵਾਲਾ (ਪੈਸਾ) ਘੜਦਾ ਹੈ, ਉਹ (ਆਪਣਾ) ਜਨਮ ਗਵਾਉਂਦਾ ਹੈ (ਭਾਵ ਉਸ ਨੂੰ ਸਜ਼ਾ ਮਿਲਦੀ ਹੈ।

ਲਿਬਾਸੀ ਫੁਰਮਾਣੁ ਲਿਖਿ ਹੋਇ ਨੁਕਸਾਨੀ ਅੰਝੂ ਰੋਵੈ ।

ਝੂਠੇ ਹੁਕਮਨਾਮੇ ਲਿਖਣ ਹਾਰਾ ਨੁਕਸਾਨ ਕਰ ਕੇ (ਪਿੱਛੋਂ) ਹੰਝੂਆਂ ਭਰ ਭਰਕੇ ਰੋਵੇਗਾ। (ਵੇਲਾ ਹੱਥ ਨਹੀਂ ਆਊ)

ਗਿਦੜ ਦੀ ਕਰਿ ਸਾਹਿਬੀ ਬੋਲਿ ਕੁਬੋਲੁ ਨ ਅਬਿਚਲੁ ਹੋਵੈ ।

ਗਿੱਦੜ ਵਾਂਗੂ ਜੋ ਪਾਤਸ਼ਾਹੀ ਕਰਦਾ ਹੈ 'ਕੁਬੋਲ' ਬੋਲਣ ਥੋਂ ਨਾਂ ਟਲੂ, (ਜਿੱਕੁਰ ਗਿੱਦੜ ਲਲਾਰੀ ਦੇ ਮੱਟ ਵਿਚ ਰੰਗਿਆ ਗਿਆ ਸੀ ਉਸ ਨੂੰ ਸ਼ੇਰ ਸਮਝਕੇ ਮਿਰਗਾਵਲੀ ਨੱਠਣ ਲੱਗੀ, ਹੁਣ ਆਕੜ ਖਾਂ ਬਨ ਦਾ ਪਾਤਸ਼ਾਹ ਹੀ ਬਣ ਬੈਠਾ। ਓੜਕ ਇਕ ਰਾਤ ਜਦੋਂ ਸਾਰੇ ਗਿੱਦੜ ਹੁਆਂ ਹੁਆਂ ਕਰਨ ਲੱਗੇ ਉਹ ਬੀ ਬੋਲ ਉਠਿਆ, ਜਦੋਂ ਉਸ ਦੀ ਬੋਲੀ ਪਛ

ਮੁਹਿ ਕਾਲੈ ਗਦਹਿ ਚੜ੍ਹੈ ਰਾਉ ਪੜੇ ਵੀ ਭਰਿਆ ਧੋਵੈ ।

(ਅਜਿਹਾ ਹੀ ਅੰਤ ਨੂੰ ਉਕਤ ਝੂਠਾ ਲਿਬਾਸੀਆ), ਮੂੰਹ ਕਾਲਾ ਕਰ ਕੇ ਖੋਤੇ ਪੁਰ ਚੜ੍ਹਾਈਦਾ ਹੈ, ਸੁਆਹ ਪੈਂਦੀ (ਤੇ) ਭਰਿਆ ਧੋਂਦਾ ਹੈ (ਭਾਵ ਖਪਦਾ ਹੈ)।

ਦੂਜੈ ਭਾਇ ਕੁਥਾਇ ਖਲੋਵੈ ।੩੨।

(ਇਸੇ ਤਰ੍ਹਾਂ ਗੁਰੂ ਘਰ ਵਿਚ ਜੋ) ਦੂਜਾ ਭਉ (ਪ੍ਰਚਾਰਦਾ ਹੈ, ਸੋ) ਕਥਾਉਂ ਖੜੋਂਦਾ ਹੈ।

ਪਉੜੀ ੩੩

ਬਾਲ ਜਤੀ ਹੈ ਸਿਰੀਚੰਦੁ ਬਾਬਾਣਾ ਦੇਹੁਰਾ ਬਣਾਇਆ ।

ਸਿਰੀ ਚੰਦ (ਗੁਰੂ ਨਾਨਕ ਦਾ ਵੱਡਾ ਪੁੱਤ੍ਰ) ਬਾਲ ਜਤੀ ਹੀ ਰਿਹਾ (ਵਿਰਕਤੀ ਪਕੜ ਲੀਤੀ) ਅਰ 'ਬਾਬਾਣਾ ਦੇਹੁਰਾ' (ਅਰਥਾਤ ਗੁਰੂ ਨਾਨਕ ਦਾ ਦੇਹੁਰਾ ਰਾਵੀ ਦੇ ਕੰਢੇ) ਬਣਵਾਕੇ ਬੈਠ ਗਿਆ। (ਭਾਵ ਗੁਰੂ ਕੀ ਆਗ੍ਯਾ ਦੇਹੁਰਾ ਬਣਾਉਣ ਦੀ ਨਹੀਂ ਸੀ)।

ਲਖਮੀਦਾਸਹੁ ਧਰਮਚੰਦ ਪੋਤਾ ਹੁਇ ਕੈ ਆਪੁ ਗਣਾਇਆ ।

(ਦੂਜੇ ਪੁੱਤ੍ਰ ਲਖਮੀ ਦਾਸ ਥੋਂ (ਜੋ ਗ੍ਰਿਹਸਥ ਮਾਰਗ ਵਿਖੇ ਸੀ) ਧਰਮ ਚੰਦ (ਗੁਰੂ ਨਾਨਕ ਦਾ) ਪੋਤਾ ਆਖਕੇ ਆਪਣਾ ਆਪ ਗਿਣਾਉਣ ਲੱਗਾ, (ਭਾਵ ਉਸ ਨੇ ਵੀ ਆਪਾ ਨਾ ਛਡਿਆ)।

ਮੰਜੀ ਦਾਸੁ ਬਹਾਲਿਆ ਦਾਤਾ ਸਿਧਾਸਣ ਸਿਖਿ ਆਇਆ ।

ਦਾਸੂ ਨੂੰ (ਗੋਇੰਦਵਾਲ) ਮੰਜੀ ਪੁਰ ਬੈਠਾ ਦਿੱਤਾ ਅਰ ਦਾਤੂ ਸਿੰਧਾਸਨ ਲਾ ਬੈਠਾ (ਗੱਲ ਕੀ ਗੁਰੂ ਜੀ ਦੇ ਵਕਤ ਦੋਵੇਂ ਪੁੱਤਰ ਗੱਦੀ ਲਾਇਕ ਨਾ ਹੁੰਦੇ ਹੋਏ, ਆਪੋ ਆਪਣੀ ਵਲ ਸੰਗਤਾਂ ਨਿਵਾਉਣ ਲੱਗੇ)।

ਮੋਹਣੁ ਕਮਲਾ ਹੋਇਆ ਚਉਬਾਰਾ ਮੋਹਰੀ ਮਨਾਇਆ ।

ਮੋਹਨ ਕਮਲਾ ਹੋ ਗਿਆ, ਮੋਹਰੀ ਚੳਬਾਰੇ ਦੀ ਟਹਿਲ ਕਰਨ ਲੱਗਾ।

ਮੀਣਾ ਹੋਆ ਪਿਰਥੀਆ ਕਰਿ ਕਰਿ ਤੋਢਕ ਬਰਲੁ ਚਲਾਇਆ ।

ਪ੍ਰਿਥੀਆ 'ਮੀਣਾ' (ਅਰਥਾਤ ਕਪਟੀ) ਨਿਕਲਿਆ ਟੇਢ ਪੁਣੇ ਕਰ ਕਰ ਕੇ ਆਪਣਾ ਸੌਦਾਪੁਣਾ ਚਲਾ ਦਿੱਤਾ (ਝੂਠੇ ਹੁਕਮ ਨਾਮੇ ਲਿਖ ਭੇਜੇ)।

ਮਹਾਦੇਉ ਅਹੰਮੇਉ ਕਰਿ ਕਰਿ ਬੇਮੁਖੁ ਪੁਤਾਂ ਭਉਕਾਇਆ ।

ਮਹਾਂਦੇਉ ਨੇ ਹੰਕਾਰ ਕੀਤਾ, (ਉਸ ਨੂੰ ਪ੍ਰਿਥੀਏ ਨੇ) ਬੇਮੁਖ ਕਰ ਕੇ ਕੁੱਤੇ ਵਾਂਗ ਭਉਕਾਯਾ, (ਪਾਠਾਂਤਰ ਪੁੱਤਾਂ ਹੈ ਕਿ ਪੁੱਤ੍ਰਾਂ ਨੇ ਬੇਮੁਖ ਕਰ ਕੇ ਉਸ ਨੂੰ ਭਟਕਾਯਾ ਪਰ ਇਹ ਬੀ ਪ੍ਰਸਿੱਧ ਹੈ ਕਿ ਇਸ ਨੇ ਵਿਆਹ ਨਹੀਂ ਸੀ ਕੀਤਾ)।

ਚੰਦਨ ਵਾਸੁ ਨ ਵਾਸ ਬੋਹਾਇਆ ।੩੩।

ਚੰਦਨ ਦੀ ਵਾਸ਼ਨਾ ਨਾਲ ਵਾਂਸ ਸੁਗੰਧਤ ਨਾ ਹੋਇਆ

ਪਉੜੀ ੩੪

ਬਾਬਾਣੀ ਪੀੜੀ ਚਲੀ ਗੁਰ ਚੇਲੇ ਪਰਚਾ ਪਰਚਾਇਆ ।

ਬਾਬੇ (ਗੁਰੂ ਨਾਨਕ) ਦੀ ਸੰਪ੍ਰਦਾਯ ਤੁਰੀ (ਜਿਸ ਵਿੱਚ) ਗੁਰੂ ਅਤੇ ਚੇਲੇ ਦਾ ਪ੍ਰੇਮ ਪਰਚਾਰ ਹੋਇਆ।

ਗੁਰੁ ਅੰਗਦੁ ਗੁਰੁ ਅੰਗੁ ਤੇ ਗੁਰੁ ਚੇਲਾ ਚੇਲਾ ਗੁਰੁ ਭਾਇਆ ।

ਗੁਰੂ ਅੰਗਦ ਗੁਰੂ (ਨਾਨਕ ਦੇ) ਅੰਗ ਥੋਂ ਚੇਲਾ ਅਤੇ ਗੁਰ ਇੱਕ ਜੋਤ ਹੋਏ।

ਅਮਰਦਾਸੁ ਗੁਰ ਅੰਗਦਹੁ ਸਤਿਗੁਰੁ ਤੇ ਸਤਿਗੁਰੂ ਸਦਾਇਆ ।

ਗੁਰੂ ਅੰਗਦ ਥੋਂ ਗੁਰੂ ਅਮਰਦਾਸ ਹੋਏ, ਸਤਿਗੁਰੂ ਥੋਂ ਸਤਿਗੁਰ ਸਦਾਏ (ਭਾਵ ਸਤਿਗੁਰੂ ਨੇ ਬੀ ਸਤਿਗੁਰੂ ਕਿਹਾ ਹੈ)

ਗੁਰੁ ਅਮਰਹੁ ਗੁਰੁ ਰਾਮਦਾਸੁ ਗੁਰ ਸੇਵਾ ਗੁਰੁ ਹੋਇ ਸਮਾਇਆ ।

ਗੁਰੂ ਅਮਰ ਥੋਂ ਗੁਰੂ ਰਾਮਦਾਸ ਗੁਰ ਦੀ ਸੇਵਾ ਕਰ ਕੇ ਗੁਰੂ ਰੂਪ ਹੋ (ਗੁਰੂ ਵਿੱਚ) ਸਮਾਏ, (ਭਾਵ ਭਿੰਨ ਭੇਦ ਰੰਚਕ ਨਹੀਂ ਰਿਹਾ।)

ਰਾਮਦਾਸਹੁ ਅਰਜਣੁ ਗੁਰੂ ਅੰਮ੍ਰਿਤ ਬ੍ਰਿਖਿ ਅੰਮ੍ਰਿਤ ਫਲੁ ਲਾਇਆ ।

ਰਾਮਦਾਸ ਥੋਂ ਗੁਰੂ ਅਰਜਨ ਦੇਵ ਜੀ ਅੰਮ੍ਰਿਤ ਬ੍ਰਿੱਛ ਥੋਂ ਅੰਮ੍ਰਿਤ ਫਲ ਹੀ ਲਗਾ।

ਹਰਿਗੋਵਿੰਦੁ ਗੁਰੁ ਅਰਜਨਹੁ ਆਦਿ ਪੁਰਖ ਆਦੇਸੁ ਕਰਾਇਆ ।

ਗੁਰੂ ਅਰਜਨੋਂ ਗੁਰੂ ਹਰਗੋਬਿੰਦ ਹੋਏ, ਆਦਿ ਪੁਰਖ ਨੂੰ ਹੀ ਇਨ੍ਹਾਂ ਨੇ ਆਦੇਸ਼ ਕਰਾਇਆ (ਭਾਵ ਇਕ ਅਕਾਲ ਪੁਰਖ ਦਾ ਧਿਆਨ ਦ੍ਰਿੜ ਕਰ ਕੇ ਹੋਰ ਪੰਥ ਦੂਰ ਹੀ ਰੱਖੇ)।

ਸੁਝੈ ਸੁਝ ਨ ਲੁਕੈ ਲੁਕਾਇਆ ।੩੪।

ਸੂਰਜ ਦਿਸਦਾ ਹੈ ਕਿਸੇ ਦਾ ਲੁਕਾਇਆ ਲੁਕਦਾ ਨਹੀਂ।

ਪਉੜੀ ੩੫

ਇਕ ਕਵਾਉ ਪਸਾਉ ਕਰਿ ਓਅੰਕਾਰਿ ਕੀਆ ਪਾਸਾਰਾ ।

ਇੱਕ ਵਾਕ ਤੋਂ 'ਓਅੰਕਾਰ (ਪਰਮਾਤਮਾ) ਨੇ ਜਗਤ ਦਾ ਪਸਾਰਾ ਕੀਤਾ ਹੈ।

ਕੁਦਰਤਿ ਅਤੁਲ ਨ ਤੋਲੀਐ ਤੁਲਿ ਨ ਤੋਲ ਨ ਤੋਲਣਹਾਰਾ ।

ਰਚਨਾ ਅਤੁੱਲ ਹੈ ਤੋਲ ਨਹੀਂ ਸਕੀਦੀ, ਕਿਉਂ ਜੋ ਤੱਕੜੀ ਵੱਟੇ, ਅਰ ਤੋਲਣਹਾਰਾ (ਤੰਨੇ) ਨਹੀਂ ਹਨ।

ਸਿਰਿ ਸਿਰਿ ਲੇਖੁ ਅਲੇਖ ਦਾ ਦਾਤਿ ਜੋਤਿ ਵਡਿਆਈ ਕਾਰਾ ।

ਹਰੇਕ ਦੇ ਸਿਰ ਪੁਰ ਅਲੇਖ ਦਾ ਲੇਖ ਹੈ (“ਚਲੀ ਲੋਹ ਕਲਮੰ ਲਿਖਿਓ ਲੇਖ ਮਾਥੈ'॥) ਜੋਤ, ਵਡਿਆਈ (ਸਭ) ਕਰਮ (ਉਸੇ ਦੀ) ਦਾਤ ਹੈ (ਯਥਾ:”ਦਾਤ ਜੋਤਿ ਖਸਮੋ ਵਡਿਆਈ”॥)

ਲੇਖੁ ਅਲੇਖੁ ਨ ਲਖੀਐ ਮਸੁ ਨ ਲੇਖਣਿ ਲਿਖਣਿਹਾਰਾ ।

ਲੇਖੇ ਥੋਂ ਅਲੇਖ ਹੈ, ਲਿਖ ਨਹੀਂ ਸਕਦੇ, ਕਿਉਂ ਜੋ ਸ਼ਾਹੀ, ਲਿੱਖਣ ਅਰ ਲਿਖਣਹਾਰਾ (ਕੋਈ) ਨਹੀਂ ਹੈ। (ਯਥਾ: “ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ॥ ਬਸੁਧਾ ਕਾਗਦ ਜਉ ਕਰਉ ਹਰਿ ਜਸੁ ਲਿਖਣੁ ਨ ਜਾਇ-”।)

ਰਾਗ ਨਾਦ ਅਨਹਦੁ ਧੁਨੀ ਓਅੰਕਾਰੁ ਨ ਗਾਵਣਹਾਰਾ ।

ਰਾਗਾਂ ਦੇ ਨਾਦ ਦੀਆਂ ਅਨਾਹਦ ਧੁਨੀਆਂ ਹੋ ਰਹੀਆਂ ਹਨ, ਤਦ ਬੀ ਓਅੰਕਾਰ (ਦਾ ਰੂਪ ਰੰਗ) ਗਾਉਣ ਵਿਖੇ ਨਹੀਂ ਆ ਸਕਦਾ।

ਖਾਣੀ ਬਾਣੀ ਜੀਅ ਜੰਤੁ ਨਾਵ ਥਾਵ ਅਣਗਣਤ ਅਪਾਰਾ ।

ਖਾਣੀਆਂ ਅਨਗਿਣਤ ਹਨ ਅਰ ਉਨ੍ਹਾਂ ਵਿਖੇ ਜੀਵ ਜੰਤਾਂ ਦੇ ਨਾਉਂ ਅਤੇ ਥਾਉਂ ਅਵਾਰ ਰਚੇ ਹਨ।

ਇਕੁ ਕਵਾਉ ਅਮਾਉ ਹੈ ਕੇਵਡੁ ਵਡਾ ਸਿਰਜਣਹਾਰਾ ।

ਇਕ ਵਾਕ (ਜਿਸ ਤੋਂ ਪਸਾਰਾ ਪਸਰਿਆ ਹੈ) ਮਿਣਤੀਓਂ ਬਾਹਰ ਹੈ, ਰਚਨਹਾਰ ਕਿੱਡਾ ਕੁ ਵੱਡਾ (ਆਖੀਏ)

ਸਾਧਸੰਗਤਿ ਸਤਿਗੁਰ ਨਿਰੰਕਾਰਾ ।੩੫।੨੬। ਛਵੀਹ ।

ਸਾਧ ਸੰਗਤ ਵਿਖੇ “ ਸਤਿਗੁਰੂ” (ਗੁਰੂ ਨਾਨਕ ਦੇਵ) ਨਿਰੰਕਾਰ ਦਾ ਰੂਪ ਹਨ।


Flag Counter