ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਮੁੰਦਰ ਵਿਚੋਂ (ਦੋ) ਵੰਨਗੀਆਂ ਨਿਕਲੀਆਂ ਸਨ, ਇਕ ਕਾਲਕੂਟ (ਵਿਖ) ਦੂਜਾ ਅੰਮ੍ਰਿਤ (ਭਾਵ ਮੁੰਢ ਦੁਹਾਂ ਦਾ ਇਕੋ ਸਮੁੰਦ੍ਰ ਹੈ)।
ਪਹਿਲੀ ਦੇ ਖਾਧਿਆਂ ਪ੍ਰਾਣੀ ਮਰਕੇ ਮੁੱਕ ਜਾਂਦਾ ਹੈ, ਦੂਜੀ ਨਾਲ ਅਮਰ ਹੋ ਜਾਂਦਾ ਹੈ।
ਵਿਹੁ ਸੱਪ ਦੇ ਮੁਖ ਵਿਖੇ ਰਹਿੰਦੀ ਹੈ, ਅਮਿਅ ਰਸ 'ਗਰੜ ਦੁਗਾਰ' ਵਾਂਙੂੰ (ਸੱਪ ਦੀ ਵਿਖ ਥੋਂ ਬਚਾਉਂਦਾ) ਹੈ।
ਕਾਂ ਦੀ ਕਾਉਂ ਕਾਉਂ ਕਿਸੇ ਨੂੰ ਚੰਗੀ ਨਹੀਂ ਲਗਦੀ, ਕੋਇਲ ਦੀ ਬੋਲੀ ਸਭ ਨੂੰ ਚੰਗੀ ਲਗਦੀ ਹੈ।
ਅਜਿਹਾ ਹੀ ਦੁਰਬਚਨ ਬੋਲਣਹਾਰਾ (ਕਿਸੇ ਨੂੰ) ਨਹੀਂ ਭਾਉਂਦਾ, ਮਿਠ ਬੋਲੇ (ਦਾ ਹਰ ਕੋਈ ਆਦਰ ਮਾਨ ਕਰਦਾ ਹੈ ਅਰ ਉਹੀ) ਜਗਤ ਦਾ ਅਚਰਜ ਮਿੱਤ੍ਰ ਬਣ ਜਾਂਦਾ ਹੈ।
ਬੁਰਾ ਵਿਕਾਰ ਦੀ ਨਿਸ਼ਾਨੀ ਅਰ ਭਲਾ ਆਦਮੀ ਸੰਸਾਰ ਵਿਖੇ ਪਰੋਪਕਾਰ ਦੀ ਨਿਸ਼ਾਨੀ ਹੈ।
ਗੁਣਾਂ ਅਤੇ ਅਵਗੁਣਾਂ ਦੀ ਗਤੀ (ਅਸਾਂ ਉਪਰ) ਕਹਿਕੇ ਵਰਣਨ ਕਰ ਦਿੱਤੀ ਹੈ।
ਸੂਰਜ ਥੋਂ ਤਿੰਨ ਲੋਕ ਨਜ਼ਰ ਆਉਂਦੇ ਹਨ, ਅੰਨ੍ਹੇ ਉੱਲੂ ਨੂੰ ਸੂਰਜ ਹੀ ਨਹੀਂ ਦਿਸਦਾ।
ਚਕਵੀ ਦਾ ਸੂਰਜ ਦੇ ਨਾਲ ਪ੍ਰੇਮ ਹੈ, (ਕਿਉਂ ਜੋ) ਆਪਣੇ ਸ੍ਵਾਮੀ (ਚਕਵੇ ਨਾਲ ਮਿਲਕੇ) ਵਿਰਤੰਤ (ਰਾਤ ਦਾ ਭੇਤ) ਪੁੱਛਦੀ ਹੈ (ਕਿ ਕਿਹੀ ਰਾਤ ਬੀਤੀ)।
ਰਾਤ ਨੂੰ ਪੰਛੀਆਂ (ਦੀਆਂ ਅੱਖਾਂ) ਅੱਗੇ ਹਨੇਰਾ ਹੋ ਜਾਂਦਾ ਹੈ, ਚਕਵੀ ਦਾ ਚਿੱਤ ਹਨੇਰੇ ਵਿਚ ਨਹੀਂ ਰੁਕਦਾ (ਸੂਰਜ ਵਲ ਰਹਿੰਦਾ ਹੈ)।
ਪਾਣੀ ਵਿਖੇ (ਜਦ ਪਤਿ ਦਾ) ਪ੍ਰਤਿਬਿੰਬ ਦੇਖਦੀ ਹੈ, ਆਪਣਾ ਭਰਤਾ ਜਾਣਕੇ (ਸਮੁਝੈ) ਭਟਕਦੀ ਹੇ, (ਭਾਵ ਹਨੇਰੇ ਵਿਚ ਹੀ ਆਪਣਾ ਪਤਿ ਲੱਭ ਲੈਂਦੀ ਹੈ)।
ਸ਼ੇਰ ਖੂਹ ਵਿਖੇ ਆਪਣਾ ਪਰਛਾਵਾਂ ਦੇਖਕੇ ਵਿਚ ਪੈਕੇ ਡੁੱਬ ਮਰਦਾ ਹੈ, (ਅਰ. 'ਲੋਇਨ') ਅੱਖਾਂ (ਜਾਂ ਭਾਵੀ) ਨਾਲ (ਲੁੱਝੈ) ਝਗੜਦਾ ਹੈ (ਕਿ ਮੇਰੀਆਂ ਅੱਖਾਂ ਜਾਂ ਭਾਵੀ ਖਰਾਬ ਸੀ, ਇਹ ਨਹੀਂ ਜਾਣਦਾ ਕਿ ਦ੍ਵੈਤ ਨੇ ਨਾਸ਼ ਕੀਤਾ ਹੈ)।
ਗ੍ਯਾਨੀ ਇਸੇ (ਉਕਤ) ਪ੍ਰਸੰਗ ਨੂੰ ਸਮਝਦਾ ਹੈ, ਵਾਦੀ (ਝਗੜਾਲੂ) ਢੁਚਰਾਂ ਕਰਨ ਵਾਲੇ ਭੁੱਲ ਜਾਂਦੇ ਹਨ।
ਗਊ ਦਾ ਦੁੱਧ ਹਥਣੀ ਥੋਂ ਚੋਂਦੇ ਹਨ।
ਸਾਵਣ ਵਰਸਨ ਨਾਲ ਬੂਟੇ ਹਰੇ ਹੋ ਜਾਂਦੇ ਹਨ, (ਪਰ) ਅੱਕ ਤੇ ਜਵਾਹਾਂ ਦੇ (ਬੂਟੇ) ਸੁਕ ਜਾਂਦੇ ਹਨ।
ਬਸੰਤ ਵਿਖੇ ਸਾਰੀ ਬਨਸਪਤੀ ਮੌਲਦੀ ਹੈ, ਕਰੀਰ ਦਾ ਬੂਟਾ ਪਤ੍ਰਾਂ ਬਾਝ ਰਹਿਕੇ ਅਨੰਦ ਨਹੀਂ ਕਰਦਾ (ਭਾਵ ਖਿੜਦਾ ਨਹੀਂ)।
ਸਾਰੇ ਬ੍ਰਿੱਛ ਚੰਗੇ ਫਲਾਂ ਨਾਲ ਫਲਦੇ ਹਨ, ਸਿੰਮਲ ਦਾ ਬੂਟਾ ਅਫਲਾ ਹੋਣ ਕਰ ਕੇ ਕੋਈ ਭਰੋਸਾ ਨਹੀਂ ਬੱਝਦਾ (ਕਿ ਏਹ ਐਤਕੀ ਚੰਗਾ ਫਲ ਦੇਵੇਗਾ)।
ਚੰਦਨ ਸਾਰੀ ਬਨਾਸਪਤੀ ਨੂੰ ਵਾਸ਼ਨਾਂ ਦਿੰਦਾ ਹੈ, ਵਾਸਾਂ ਨੂੰ ਵਾਸ਼ਨਾ ਨਹੀਂ ਪੈਦੀ, (ਇਸ ਲਈ) ਉੱਭੇ ਸਾਹ ਲੈਂਦਾ ਹੈ। (ਭਾਵ ਸਾਂ ਸਾਂ ਕਰਦਾਂ ਹੈ)।
ਸੰਖ ਸਮੁੰਦਰੋਂ ਖਾਲੀ ਰਹਿਕੇ ਦੁਖੀ ਹੋਕੇ ਧਾਹਾਂ ਮਾਰ ਮਾਰ ਰੋਂਦਾ ਹੈ।
(ਬਗਲ ਸਮਾਧੀ ਪਖੰਡੀ ਲੋਕ ਜੋ ਕਿ ਤੀਰਥਾਂ ਪੁਰ) ਬਗਲਿਆਂ ਵਾਂਙੂ ਸਮਾਧਾਂ (ਲਾ ਬੈਠਦੇ ਹਨ ਝੀਂਗੇ=) ਮੱਛੀਆਂ ਚੁਣ ਚੁਣਕੇ ਖਾਂਦੇ ਭੀ ਸੁਆਹ ਕਰ ਦਿੰਦੇ (ਅਥਵਾ ਨਾਉਂ ਨੂੰ 'ਭਿਛਾਹਾਂ ਭਿੱਛਕ ਕਹਾਉਂਦੇ ਹਨ, “ਕਹਾਂ ਭਯੋ ਜੋ ਦੋਊ ਲੋਚਨ ਮੂੰਦ ਕੇ ਬੈਠ ਰਹਯੋ ਬਕ ਧ੍ਯਾਨ ਲਗਾਯੋ” ਪੁਨਾ: “ਖਟੁ ਦਰਸਨ ਮਿਲਦਾ ਹੈ, ਭ੍ਰਮਤੇ ਫਿਰਹਿ
ਸਾਥ ਤੋਂ ਵਿਛੜਿਆਂ ਫਾਹਾ ਮਿਲਦਾ ਹੈ (ਜੋ ਸਾਥ ਤੋਂ ਵਿਛੁੜੇ ਉਹ ਔਖਾ ਹੁੰਦਾ ਹੈ)।
ਜੋ ਆਪ ਭਲਾ ਹੈ ਸਾਰਾ ਜਗਤ (ਉਸ ਦੇ ਭਾਣੇ) ਭਲਾ ਹੈ (ਕਿਉਂ ਜੋ) ਭਲਾ (ਪੁਰਖ) ਸਭਨਾਂ ਨੂੰ ਭਲਾ ਹੀ ਕਰ ਕੇ ਦੇਖਦਾ ਹੈ (ਯਥਾ:-”ਤਿਸਕੈ ਭਾਣੈ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ”)।
ਜੋ ਆਪ ਬੁਰਾ ਹੈ (ਉਸ ਨੂੰ) ਸਾਰਾ ਜਗਤ ਬੁਰਾ ਭਾਸਦਾ ਹੈ, ਕਿਉਂ ਜੋ ਬੁਰੇ ਦੇ ਲੇਖੇ ਸਾਰੇ ਬੁਰੇ ਹੀ ਹਨ।
ਕ੍ਰਿਸ਼ਨ ਨੇ ਪਾਂਡਵਾਂ ਦੀ ਕੁਮਕ ਕੀਤੀ (ਕਿਉਂ ਜੋ ਉਨ੍ਹਾਂ ਵਿਖੇ) ਭਾਉ ਭਗਤੀ ਦੀ ਕਰਤੂਤ ਬਾਹਲੀ ਸੀ।
ਕੈਰਵਾਂ ਦੇ ਚਿੱਤ ਵਿਖੇ ਵੈਰ ਭਾਉ ਸੀ, (ਵੈਰ ਦੀ ਹੀ) ਗਿਣਤੀ ਜੀ ਵਿਚ ਗਿਣਦੇ ਸਨ, (ਅੰਤ ਨੂੰ) ਕਾਲਖ ਦਾ ਹੀ ਟਿੱਕਾ ਮਿਲਿਆ।
(ਪਰਵੰਨਿਆਂ) ਮਾਨਨੀਯ (ਦੋ ਰਾਜੇ) ਭਲਾ ਤੇ ਬੁਰਾ ਲੱਭਣ ਗਏ, ਦ੍ਰਿਸ਼ਟੀ ਇਕ ਸਾਰਖੀ ਨਹੀਂ ਸੀ।
ਯੁਧਿਸ਼ਟਰ ਨੂੰ ਕੋਈ ਬੁਰਾ ਤੇ ਦੁਰਜੋਧਨ ਨੂੰ ਕੋਈ ਭਲਾ ਨਾ ਦਿਸਿਆ।
ਗੰਗਾ ਸਾਗਰ ਵਿਚ ਜੋ ਹੁੰਦਾ ਹੈ ਟੂਟੀ ਦੀ ਧਾਰ ਥੋਂ ਪ੍ਰਤੀਤ ਹੋ ਜਾਂਦਾ ਹੈ, (“ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਊ”)॥
ਸੂਰਜ ਦੇ ਘਰ ਵਿਖੇ ਅਵਤਾਰ ਲੈਕੇ ਨ੍ਯਾਇ ਦੇ ਵਿਚਾਰ ਕਰਨ ਲਈ (ਧਰਮਰਾਜ ਨ੍ਯਾਇ ਗੱਦੀ ਪੁਰ) ਜਾ ਬੈਠਾ।
ਮੂਰਤ (ਉਸ ਦੀ) ਇੱਕ ਹੈ, ਨਾਮ ਦੋ ਹਨ, 'ਧਰਮਰਾਜ' ਅਤੇ 'ਜਮ' ਸ੍ਰਿਸ਼ਟੀ ਸਾਰੀ ਦੇਖਦੀ ਹੈ।
ਧਰਮੀਆਂ ਨੇ ਧਰਮਰਾਜ ਅਰ ਪਾਪ ਕਮਾਵਣ ਵਾਲਿਆਂ ਨੇ ਉਸੇ ਨੂੰ ਜਮ ਰੂਪ ਕਰ ਕੇ (ਦੁਖਦਾਈ) ਦੇਖਿਆ।
ਪਾਪੀਆਂ ਨੂੰ ਨਰਕਾਂ ਵਿਖੇ ਸਿਟਵਾਉਂਦਾ ਹੈ ਅਰ ਧਰਮੀਆਂ ਨੂੰ (ਆਓ ਜੀ ਬੈਠੀਏ ਜੀ ਕਰਕੇ) ਮਿੱਠਾ ਬਚਨ ਬੋਲਦਾ ਹੈ।
ਇਸ ਲਈ ਵੈਰੀ ਉਸ ਨੂੰ ਵੈਰ ਭਾਉ ਨਾਲ ਅਰ ਪ੍ਰੇਮੀ ਲੋਕ ਉਸ ਨੂੰ ਮਿਤ੍ਰ ਭਾਉ ਨਾਲ ਪਿਆਰਾ ਦੇਖਦੇ ਹਨ (ਭਾਵ-ਆਪਣੇ ਹੀ ਕਰਮਾਂ ਦਾ ਫਲ ਹੈ)।
ਨਰਕ ਸੁਰਗ ਵਿਚ ਪੁੰਨ ਅਤੇ ਪਾਪ ਦਾ ਫਲ (ਯਾ ਧਰਤੀ ਪੁਰ) ਵਰ ਸਰਾਪ (ਦਾ ਫਲ ਕਰਮਾਂ ਅਨੁਸਾਰ ਅਭਰਿੱਠਾ ਸਾਰੇ ਪਾਸਿਓਂ ਦ੍ਰਿੜੁ ਹੈ।
ਜਿਹੀ ਸ਼ਕਲ (ਤਿਹਾ) ਸ਼ੀਸ਼ਾ ਰੂਪ ਦੱਸਦਾ ਹੈ।
(ਵੰਨੁ=ਰੰਗ। ਰੋਂਦਾ=ਰੋਂਦੜ। ਸਰੇਖੈ=ਸ੍ਰੇਸ਼ਟ)
ਜਿੱਕੁਰ ਨਿਰਮਲ ਆਰਸੀ ਨੂੰ ਸਭਾ ਵਿਖੇ ਸਾਰੇ ਸੁੱਧ ਦੇਖਦੇ ਹਨ (ਕਿ ਵੱਡੀ ਉੱਜਲ ਅਰ ਸਾਫ ਹੈ)।
(ਉਸ ਵਿਚ) ਗੋਰੇ ਦਾ ਮੂੰਹ ਗੋਰਾ ਦਿੱਸਦਾ ਹੈ ਤੇ ਕਾਲੇ ਨੂੰ (ਆਪਣਾ) ਕਾਲਾ ਰੰਗ ਪ੍ਰਤੀਤ ਹੁੰਦਾ ਹੈ।
ਹੱਸ ਹੱਸ ਕੇ ਦੇਖਣ ਵਾਲਾ ਹੱਸਦਾ ਮੂੰਹ ਅਰ ਰੋਣ ਵਾਲਾ (ਆਪਣੇ ਮੂੰਹ ਨੂੰ) ਰੋਂਦੜਾ ਦੇਖਦਾ ਹੈ।
ਆਰਸੀ ਨੂੰ ਕੋਈ ਲੇਖ ਨਹੀਂ ਲਗਦਾ (ਭਾਵੇਂ) ਛੀ ਦਰਸ਼ਨਾਂ ਦੇ ਬਾਹਲੇ ਭੇਖ ਉਸ ਵਿਖੇ ਦਿੱਸਦੇ ਹਨ।
ਦੁਰਮਤੀਆਂ ਦੇ ਮਨ ਵਿਖੇ ਅਗ੍ਯਾਨ ਦਾ ਵਾਸਾ ਹੈ, (ਇਸੇ ਕਰਕੇ) ਵੈਰ ਵਿਰੋਧ ਤੇ ਕ੍ਰੋਧ ਦੇ ਖੋਟੇ ਲੇਖੇ ਕਰਦੇ ਹਨ।
ਗੁਰਮਤ ਵਾਲੇ ਨਿਰਮਲ ਅਤੇ ਸਮਦਰਸ਼ੀ ਹਨ (ਉਹ ਹੋਰਨਾਂ ਨੂੰ ਅਪਣੇ) ਜਿਹਾ ਨਿਰਮਲ ਤੇ ਸਮਦਰਸ਼ੀ ਜਾਣਦੇ ਹਨ।
ਭਲੇ ਬੁਰੇ ਦਾ ਰੂਪ ਰੇਖ (ਪਰਮੇਸ੍ਵਰ ਵਿਚ) ਨਹੀਂ ਰਹਿੰਦਾ ਹੈ।
ਇਕ ਪਾਸਿਓਂ ਜਦ ਸੂਰਜ ਡੁਬਦਾ ਹੈ, ਹਨੇਰੀ ਰਾਤ ਵਿਖੇ ਤਾਰੇ ਚਮਕਦੇ ਹਨ!
ਸ਼ਾਹ ਲੋਕ ਆਪਣੇ ਘਰਾਂ ਵਿਖੇ (ਵੱਸਦੇ) ਸੌਂ ਰਹਿੰਦੇ ਹਲ, ਚੋਰ ਚੌਰੀਆਂ ਕਰਨ ਲਈ ਸੰਨ੍ਹਾਂ ਮਾਰਨ ਚੜ੍ਹ ਫਿਰਦੇ ਹਨ।
ਪਹਿਰਾ ਦੇਣ ਵਾਲੇ ਵਿਰਲੇ ਜਾਗਕੇ ਪੁਕਾਰਦੇ ਹਨ (ਜਿਹਾ ਕੁ:- “ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ॥” ਅਰਥਾਤ ਗੁਰੂ ਜੀ ਪੁਕਾਰਦੇ ਹਨ ਕਿ ਹੇ ਦੁਨੀਆਦਾਰੋ!) ਹੁਸ਼ਿਆਰ ਹੋਵੇ, ਜਾਗੋ, (ਕਾਮਾਦਿ ਵਿਖਯ ਗੁਣਾਂ ਦਾ ਧਨ ਲੁੱਟਣਹਾਰੇ ਲੁਟ ਰਹੇ ਹਨ)।
(ਆਪ) ਜਾਗਕੇ ਸੁਤਿਆਂ ਹੋਇਆਂ ਨੂੰ ਜਗਾ ਦਿੰਦੇ ਹਨ, ਸ਼ਾਹ ਲੋਕ (ਭਾਵ ਜ਼ੱਰਯਾਸੀ ਜਾਗਕੇ ਕਾਮਾਦਿਕ) ਚੋਰਾਂ ਅਤੇ ਠੱਗਾਂ ਨੂੰ ਫੜ ਲੈਂਦੇ (ਅਥਵਾ ਚੋਰਾਂ ਨੂੰ ਚੁਗਕੇ ਫੜਦੇ ਹਨ)।
ਜਾਗਣ ਵਾਲੇ ਘਰ ਬਚਾ ਲੈਂਦੇ ਅਰ ਵਿਚਾਰੇ ਸੁਤੇ ਹੋਏ ਘਰ ਲੁਟਾ ਬੈਠਦੇ ਹਨ।
ਸ਼ਾਹ ਲੋਕ ਆਪਣੇ ਘਰਾਂ ਵਿਖੇ (ਅਨੰਦ ਕਰਦੇ) ਆਉਂਦੇ ਹਨ, ਚੋਰਾਂ ਯਾਰਾਂ ਨੂੰ ਥਾਂ ਮਾਰਦੇ ਹਨ।
ਭਲੇ ਬੁਰੇ ਸੰਸਾਰ ਵਿਖੇ (ਐਉਂ) ਵਰਤ ਰਹੇ ਹਨ।
ਅੰਬ ਬਸੰਤ ਦੀ ਰੁਤ ਵਿਖੇ ਮੌਲਦਾ ਅਰ ਅੱਕ 'ਅਉੜੀ' (ਸੁੱਕੀ ਬਹਾਰ ਅਰਥਾਤ ਧੁੱਪਾਂ ਵਿਖੇ ਜਾਂ ਕਾਲ ਵਿਖੇ) ਫਲਾਂ ਨਾਲ ਭਰੀਦਾ ਹੈ।
ਅੰਬ ਨੂੰ ਖੱਖੜੀਆਂ ਨਹੀਂ ਲਗਦੀਆਂ, ਅੱਕ ਨਾਲ ਅੰਬਾਂ ਦੇ ਫਲ ਨਹੀਂ ਲਗਦੇ (ਉਹ ਫਲਿਆ ਬੀ) ਅਫਲਿਆ ਹੈ, (ਭਾਵ ਆਪੋ ਆਪਣਾ ਸੁਭਾਵ ਵਰਤਦੇ ਹਨ)।
ਕਾਲੀ ਕੋਇਲ ਅੰਬ ਦੇ ਬੂਟੇ ਨੂੰ ਪਸੰਦ ਰਖਦੀ ਹੈ, ਅਕਤਿੱਡੇ ਦਾ ਚਿੱਤ (ਅੱਕ) ਮਿੱਤ੍ਰ ਨੇ ਹਰ ਲੀਤਾ ਹੈ।
(ਦ੍ਰਿਸ਼ਟਾਂਤ) ਮਨ ਪੰਛੀ ਹੈ ਬਿਰਛਾਂ ਦੇ (ਸੰਗਤ ਦੇ) ਭੇਦ ਕਰ ਕੇ ਜਿਹੀ ਸੰਗਤ ਦਾ ਸੁਭਾਉ ਹੁੰਦਾ ਹੈ ਤਿਹਾ ਹੀ ਫਲ ਖਾਂਦਾ ਹੈ। (ਯਥਾ:-”ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹਦਿਸ ਜਾਇ॥ ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ॥”
ਗੁਰਮਤਿ ਵਾਲਾ ਸਾਧ ਸੰਗਤ ਨਾਲ ਮਿਲ ਕੇ (ਵਾਹਿਗੁਰੂ ਤੋਂ) ਡਰਦਾ ਰਹਿੰਦਾ ਹੈ, ਦੁਰਮਤਿ ਵਾਲਾ ਅਸਾਧਾਂ (ਅਰਥਾਤ ਬੁਰਿਆਂ) ਦੀ ਸੰਗਤ ਥੋਂ ਡਰਦਾ ਨਹੀਂ ਹੈ।
(ਪਰਮੇਸ਼ਰ) ਭਗਤ ਵੱਛਲ ਬੀ ਕਹੀਦਾ ਹੈ ਅਰ ਪਤਿਤ ਉਧਾਰਣ ਭੀ ਉਸ ਦਾ ਨਾਮ ਹੈ।
ਜੋ ਉਸ ਨੂੰ ਭਾਉਂਦਾ ਹੈ ਉਹੋ ਤਰ ਜਾਂਦਾ ਹੈ।
(ਭਾਵੇਂ) ਪੂਤਨਾ (ਰਾਖਸ਼ੀ ਕ੍ਰਿਸ਼ਨ ਨੂੰ ਜ਼ਹਿਰੀਲਾ ਥਣ ਪਿਲਾਉਣ ਗਈ) ਮੁਕਤ ਹੋ ਗਈ ਸੀ, ਪਰੰਤੂ ਵਿਹੁ ਪਿਆਉਣਾ ਚੰਗਾ ਕੰਮ ਨਹੀਂ ਹੋ ਗਿਆ।
ਵੇਸਵਾ ਦਾ ਮੁਕਤ ਹੋਣਾ ਸੁਣਕੇ ਪਰਾਏ ਘਰਾਂ ਵਿਖੇ ਜਾਕੇ ਪਾਪਾਂ ਦਾ ਕਲੰਕ ਨਾਂ ਲਈਏ (ਕਿ ਵੇਸਵਾ ਵਾਂਗੂੰ ਸਾਡੀ ਭੀ ਕਲਿਆਨ ਹੋ ਜਾਊ)।
ਬਾਲਮੀਕ (ਨੂੰ ਰੱਬ ਨੇ) ਤਾਰ ਦਿੱਤਾ ਹੈ, (ਹੁਣ) ਨਿਰਸੰਦੇਹ ਹੋਕੇ ਧਾੜੇ ਮਾਰਨੇ ਨਹੀਂ ਚਾਹੀਦੇ।
ਇਕ ਫੰਧਕ (ਚਿੜੀ ਮਾਰ) ਅੰਤ ਨੂੰ ਉਧਰਿਆ ਦੇਖਕੇ ਫਾਹੀਆਂ ਪਾਕੇ (ਚਿੜੀਆਂ ਦੀਆਂ) ਟੰਗਾਂ ਨਾਂ ਫੜੀਏ (ਭਾਵ ਦੁਖ ਨਾ ਦੇਈਏ)।
ਜੇਕਰ (ਸਧਨਾਂ) ਕਸਾਈ ਮੁਕਤ ਹੋ ਗਿਆ ਹੈ, (ਉਸ ਦੀ ਰੀਸੇ) ਜੀਆਂ ਨੂੰ ਮਾਰਕੇ ਭੰਗ ਨਾ ਖਾਈਏ (ਭਾਵ ਆਪਣੀ ਹਾਨੀ ਜਾਂ ਨਾਸ ਨਾਂ ਕਰੀਏ)।
ਜਹਾਜ਼ ਲੋਹੇ ਅਤੇ ਸੋਨੇ (ਦੋਹਾਂ) ਨੂੰ ਪਾਰ ਕਰ ਦੇਂਦਾ ਹੈ, (ਪਰ ਲੋਹਾ ਸੋਨਾ) ਇਕ ਰੰਗ ਨਹੀਂ ਹਨ।
ਇਸ (ਉਕਤ) ਭਰੋਸੇ ਪੁਰ ਰਹਿਣਾ ਮਾੜਾ ਕੰਮ ਹੈ।
ਜੇਕਰ ਖਜੂਰ ਤੋਂ ਡਿੱਗਕੇ ਜੀਊਂਦੇ ਭੀ ਰਹਿ ਜਾਈਏ ਤਾਂ ਭੀ ਖ਼ਜੂਰ ਪੁਰ ਚੜ੍ਹਕੇ ਕੋਈ (ਜਾਣਕੇ) ਨਾ ਡਿੱਗੇ।
ਜੇਕਰ ਉਜਾੜ ਵਿਚੋਂ ਬਚਕੇ ਆ ਜਾਈਏ ਤਾਂ ਭੀ ਉਜਾੜ ਦਾ ਰਸਤਾ ਚੰਗਾ ਨਹੀਂ ਹੋ ਜਾਂਦਾ (ਜੋ ਫੇਰ ਟੱਪਦੇ ਜਾਈਏ)।
ਜੇਕਰ ਸੱਪ ਦੇ ਡੰਗੋਂ ਬਚ ਭੀ ਰਹੀਏ ਤਾਂ ਵੀ ਉਸ ਨੂੰ ਹੱਥ ਪਾਉਣਾ ਚੰਗਾ ਨਹੀਂ।
ਜੇ ਵਹਿਣ ਵਹਿੰਦੇ ਵਿਚੋਂ ਕੋਈ ਨਿਕਲ ਭੀ ਆਵੇ ਤਾਂ ਭੀ ਤੁਲਹੇ ਬਿਨਾਂ (ਫੇਰ ਉਸ ਵਿਚ ਜਾਣ ਨਾਲੋਂ) ਮਰਨਾ ਹੀ ਚੰਗਾ ਹੈ, (ਭਾਵ ਤੁਲਹੇ ਬਾਝ ਨਾ ਤਹੋ, ਜ਼ਰੂਰ ਮਰੋਗੇ)।
ਪਤਿਤ ਉਧਾਰਣ ਅਕਾਲ ਪੁਰਖ ਹੈ ਇਸ ('ਵਿਰਤੀਹਾਣ') ਪ੍ਰਸੰਗ ਨੂੰ ਜਾਣਨਹਾਰੇ ਜਾਣਦੇ ਹਨ।
ਪ੍ਰੇਮਾਭਗਤੀ ਕਰਨੀ ਗੁਰੂ ਦੀ (ਮੱਤ) ਸਿੱਖਿਆ ਹੈ ਦੁਰਮਤ ਕਰ ਕੇ ਦਰਗਾਹ ਵਿਖੇ ਆਸ਼੍ਰਯ ਨਹੀਂ ਮਿਲਦਾ ਹੈ।
ਕਰਮ ਹੀ ਅੰਤ ਨੂੰ ਸਾਥ ਚਲਦਾ ਹੈ ('ਚਲੇ ਕਮਾਣਾ ਸਾਥ' ਗੱਲ ਕੀ ਖੋਟੇ ਪਾਸਿਆਂ ਨੂੰ ਛੱਡਕੇ ਗੁਰਮਤ ਲੈਕੇ ਦੁਰਮਤ ਦੂਰ ਕਰੋ, ਪਾਪੀਆਂ ਦੇ ਤਾਰਕ ਈਸ਼੍ਵਰ ਪੁਰ ਭਰੋਸਾ ਰੱਖਕੇ ਸ਼ੁਭ ਕਰਮਾਂ ਪੁਰ ਲੱਕ ਬੰਨ੍ਹੀਂ ਰੱਖੋ)।
ਸੋਨਾ ਅਤੇ ਲੋਹਾ ਇਕ ਰੰਕ ਦੇ ਨਹੀਂ ਹੋ ਸਕਦੇ, ਜਿੱਕੁਰ ਕਸਤੂਰੀ ਅਤੇ ਥੋਮ ਦੀ ਵਾਸ਼ਨਾਂ (ਇਕੋ ਜਿਹੀ ਨਹੀਂ ਹੁੰਦੀ)।
ਬਿਲੌਰੀ ਪੱਥਰ ਹੀਰੇ ਦੇ ਸਮਾਨ ਨਹੀਂ ਹੋ ਸਕਦਾ ਅਰ ਨੜੀ ਤੇ ਗੰਨਾ ਸਮਾਨ ਨਹੀਂ ਵਡਿਆਈਦੇ।
ਰਤਨ ਅਤੇ ਲਾਲੜੀਆਂ, ਕੱਚ ਅਤੇ ਪੰਨਾ ਇਕ ਮੁੱਲ ਨਹੀਂ ਵਿਕਦੇ।
(ਅਜਿਹਾ ਹੀ) ਦੁਰਮਤ (ਰਜੋ ਸਤੋ ਤਮੋ ਤਿੰਨ ਗੁਣਾਂ ਦੀ ਘੁੰਮਣ ਵਾਣੀ ਤੇ ਗੁਰੂ ਦੀ ਸਿੱਖਯਾ ਜੋ ਭਲੇ ਕਰਮਾਂ ਦਾ ਜਹਾਜ ਹੈ (ਅਰ ਪਾਰ ਦਾ) ਬੰਨਾ ਹੈ, (ਦੋਵੇਂ ਕਦੇ ਇਕ ਨਹੀਂ ਹੋ ਸਕਦੇ)।
ਬੁਰਾ ਕਰਨ ਹਾਰੇ ਦੀ ਨਿੰਦਾ ਹੁੰਦੀ ਹੈ ਅਰ ਭਲੇ ਪੁਰਖ ਦੀ ਜੈ ਜੈ ਕਾਰ ਕਰ ਕੇ ਸਾਰੇ ਧੰਨ ਧੰਨ ਆਖਦੇ ਹਨ।
ਗੁਰਮੁਖ ਸਾਰੇ ਪਰਗਟ ਜਾਣੀ ਦੇ ਹਨ, ਮਨਮੁਖ ਨਿਸ਼ਚੇ ਕਰ ਕੇ ('ਪਰਛਿੰਨਾ') ਲੁਕਿਆ ਹੋਇਆ (ਅਥਵਾ ਸਤਿਸੰਗਤ ਥੋਂ ਭਿੰਨ ਰਹਿੰਦਾ) ਹੈ (ਕਿਉਂ ਜੋ)
ਭੰਨੇ ਹੋਏ ਭਾਂਡੇ (ਵਾਂਙੂੰ) ਕੰਮ ਨਹੀਂ ਆਉਂਦਾ।
ਇਕ ਹਥਿਆਰ ਘੜਕੇ ਵੇਚਦੇ, ਦੂਜੇ ਲੋਕ ਕਵਚਾਂ ਸਵਾਰਦੇ (ਮਾਂਜਦੇ) ਹਨ (ਸਿਕਲੀਗਰ ਹਨ)।
ਦੋਵੇਂ ਦਲਦਲ ਰਣ ਵਿਚ ਨਿਤ ਉਠਕੇ (ਆਪੋ ਵਿਚ) ਮੁਠ ਭੇੜ ਕਰ ਕੇ ਘਾਵਾਂ ਦਾ ਬਚਾਉ ਕਰਦੇ ਹਨ।
ਜਿਹੜੇ ('ਨੌਗਾਸਣਾਂ') ਕਵਚਾਂ ਥੋਂ ਬਾਝ ਹਨ ਜ਼ਖ਼ਮੀ ਹੁੰਦੇ ਹਨ, (ਦੂਜੇ ਬਖਤਰਾਂ ਵਾਲੇ ਨੌ ਬਰ ਨੌ ਰਹਿੰਦੇ ਹਨ।
ਕਮੱਗ੍ਰ ਲੋਕ ਸ਼ਸਤ੍ਰ ਬਣਾਉਣ ਵਾਲੇ) ਹੰਕਾਰ ਕਰਦੇ ਹਨ ਕਿ 'ਖਾਨ ਜਰਾਦੀ' ਜਾਤ ਦੀ ਕਮਾਨ ('ਬਹੁਤ ਬਖੋਆ') ਬਹੁਤ ਚੰਗੀ ਹੈ।
ਜਗ ਵਿਖੇ ਸਾਧ ਅਤੇ ਅਸਾਧ ਦੋ ਸੰਗਤਾ ਹਨ, ਦੁਹਾਂ ਦੀ ਸੰਗਤ ਵਿਖੇ ਫਲ ਦਾ (ਢੋਆ) ਭੇਦ ਹੈ (ਚੰਗਿਆਂ ਵਿਖੇ ਚੰਗਾ, ਮੰਦਿਆਂ ਵਿਖੇ ਮੰਦਾ ਫਲ ਹੁੰਦਾ ਹੈ।
(ਇਸ ਕਰਕੇ) ਧਰਮ ਅਤੇ ਅਧਰਮ ਦੇ ਕਰਨ ਕਰ ਕੇ (ਪ੍ਰਾਣੀ) ਸੁਖ ਦੁਖ ਵਿਖੇ ਪ੍ਰੋਇਆ ਰਹਿੰਦਾ ਹੈ, (ਧਰਮਾਂ ਦਾ ਫਲ ਸੁਖ ਅਤੇ ਅਧਰਮ ਦਾ ਫਲ ਦੁਖ ਭੋਗਦਾ ਹੈ)।
ਭਲੇ ਦਾ ਜਸ ਅਤੇ ਬੁਰੇ ਦਾ ਅਪਜਸ ਹੁੰਦਾ ਹੈ, (ਤਾਂਤੇ ਸ਼ੁਭ ਕਰਮ ਕਰਨਾ ਹੀ ਸ੍ਰੇਸ਼ਟ ਕਹਿੰਦੇ ਹਨ, ਜਸ ਜੀਵਣ ਅਪਜਸ ਮਰਣ ਹੈ)।
ਸਾਧ ਸੰਗਤ ਵਿਖੇ ਸਤ, ਸੰਤੋਖ, ਦਇਆ, ਧਰਮ, ਅਰਥ, ਸ਼੍ਰੇਸਟ ਪਦਾਰਥ ਪ੍ਰਾਪਤ ਹੁੰਦੇ ਹਨ।
ਅਸਾਧਾਂ, ਨੀਚਾਂ ਦੀ ਸੰਗਤ ਵਿਖੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ('ਮਚਦੇ') ਵਧਦੇ ਹਨ।
ਦੁੱਕ੍ਰਿਤ, ਸੁੱਕ੍ਰਿਤ (ਖੋਟੇ ਤੇ ਭਲੇ ਕਰਮ) ਕਰ ਕੇ ਬੁਰਾ ਭਲਾ ਦੋ ਨਾਉਂ ਧਰਾਉਂਦੇ ਹਨ (ਅਰਥਾਤ ਕਰਮ ਨਾਮ ਪੈ ਜਾਂਦਾ ਹੈ)।
ਗਊ ਘਾਹ ਨੂੰ ਖਾਕੇ ('ਗੋਰਸ' ਗੋ+ਰਸ=) ਦੁੱਧ ਦਿੰਦੀ ਹੈ ਅਤੇ ਹਰੇਕ ਗਊ ਜਣਕੇ 'ਵਗ' (ਆਪਣੀ ਕੁਲ) ਨੂੰ ਵਧਾਉਂਦੀ ਹੈ।
ਸੱਪਣੀ ਦੁਧ ਪੀਕੇ ਵਿਹੁ ਦਿੰਦੀ ਹੈ ਅਰ ਆਪਣੇ ਬਾਹਲੇ ਬੱਚੇ ਜਣ ਜਣਕੇ ਖਾਂਦੀ ਹੈ, ਦ੍ਰਿਸ਼ਟਾਂਤ ਛੀਵੀਂ ਅਤੇ ਸੱਤਵੀਂ ਤੁਕ ਵਿਖੇ ਖੋਲਦੇ ਹਨ)।
ਸਾਧਾਂ ਅਤੇ ਅਸਾਧਾਂ' ਦੀ ਸੰਗਤ ਵਿਖੇ ਪਾਪ ਅਤੇ ਪੁੰਨ ਦੇ ਸੁਭਾਉ ਦਾ ਫਲ ਦੁਖ ਅਤੇ ਸੁਖ ਮਿਲਦਾ ਹੇ, (ਪਾਪ ਅਤੇ ਪੁੰਨ ਦਾ ਕੀ ਰੂਪ ਹੈ)।
(ਗੁਰਮੁਖ ਲੋਕ ਆਪਣੇ ਕੰਮ ਵਿਗਾੜਕੇ ਭੀ ਬਿਗਾਨਾ ਸਵਾਰਦੇ ਹਨ) ਏਹ ਪਰਉਪਕਾਰ ਹੈ (ਅਰ ਦੁਸ਼ਟ ਲੋਕ ਦੂਜੇ ਦੇ ਕੰਮ ਵਿਖੇ ਵਿਘਨ ਪਾਉਂਦੇ ਹਨ) ਏਹ ਵਿਕਾਰ ਕਮਾਉਣਾ ਹੈ।
ਚੰਦਨ ਦਾ ਬ੍ਰਿਛ ਚੰਗੀ ਵਾਸ਼ਨਾਂ ਦੇਕੇ ਸਾਰੇ ਬ੍ਰਿਛਾਂ ਨੂੰ ਚੰਦਨ ਕਰ ਦਿੰਦਾ ਹੈ, (ਤਿਹਾ ਭਲੇ ਲੋਕ ਆਪ ਨਾਮ ਜਪਦੇ ਤੇ ਹੋਰਨਾਂ ਨੂੰ ਨਾਮ ਦੀ ਵਾਸ਼ਨਾਂ ਦਿੰਦੇ ਹਨ)।
ਬਾਂਸ ਆਪੋ ਵਿਚੀ ਖਹਿੰਦੇ ਹਨ, ਅੱਗ ਦੇ ਧੁਖਣ ਨਾਲ ਆਪ ਸੜਕੇ ਪਰਵਾਰ ਨੂੰ ਸਾੜ ਬੈਠਦੇ ਹਨ (ਤਿਹਾ ਬੁਰੇ ਆਪ ਨਾਸ਼ ਹੋਕੇ ਨਾਲਦਿਆਂ ਦਾ ਭੀ ਬੇੜਾ ਡੋਬਦੇ ਹਨ)।
ਜਿੱਕੁਰ ਮੁਲਹੁ ਪੰਛੀ ਆਪ ਫਸਦਾ ਅਤੇ ਕੁਟੰਬ ਨੂੰ ਫਸਾਉਂਦਾ ਹੈ (ਤਿਹਾ ਬੁਰੇ ਲੋਕ ਆਪ ਫਸਕੇ ਸਾਥੀਆਂ ਨੂੰ ਫਸਾਉਂਦੇ ਹਨ।
ਪੱਥਰਾਂ ਵਿਚ ਅੱਠ ਧਾਤਾਂ ਹੁੰਦੀਆਂ ਹਨ, ਪਾਰਸ ਸਾਰੀਆਂ ਧਾਤਾਂ ਨੂੰ ਸੋਨਾ ਕਰ ਦਿੰਦਾ ਹੈ (ਭਲੇ ਲੋਕ ਮੂਰਖਾਂ ਨੂੰ ਗਿਆਨ ਦੇਕੇ ਆਪ ਸਮਾਨ ਕਰਦੇ ਹਨ)।
ਵੇਸ਼ਵਾ ਦੇ ਵੇਹੜੇ ਜਾਣ ਵਾਲੇ ਪਾਪ ਦਾ ਬੀਜ ਬੋਕੇ (ਆਪ) ਰੋਗੀ ਹੋ ਜਾਂਦੇ ਹਨ (ਬੁਰੇ ਬੁਰਾ ਕਰ ਦੁਖੀ ਹੁੰਦੇ ਹਨ)।
ਫੇਰ ਦੁਖੀਏ ਵੈਦਾਂ ਦੇ ਘਰ ਆਉਂਦੇ ਹਨ, (ਵੈਦ) ਔਖਧੀਆਂ ਦੇਂਦੇ (ਉਨ੍ਹਾਂ ਦੇ) ਰੋਗ ਦੂਰ ਕਰਦੇ (ਭਾਵ ਬੁਰਿਆਂ ਦਾ ਭਲਾ ਕਰਦੇ) ਹਨ।
ਭਲਾ ਤੇ ਬੁਰਾ ਦੋ ਸੰਗਤਾਂ ਦੇ ਸੁਭਾਉ (ਵਖੋ ਵਖਰੇ) ਹਨ, (ਭਲਾ ਭਲਾਈ ਅਰ ਬੁਰਾ ਬੁਰਾਈ ਥੋਂ ਪਰਖਿਆ ਜਾਂਦਾ ਹੈ)। (ਅਗੇ ਹੋਰ ਦ੍ਰਿਸ਼ਟਾਂਤ ਨਾਲ ਇਸੇ ਪ੍ਰਸੰਗ ਨੂੰ ਪੱਕਾ ਕਰਦੇ ਹਨ)।
ਮਜੀਠ ਦਾ ਚੰਗਾ ਸੁਭਾਉ ਹੈ (ਕਿਉਂ ਜੋ ਅੱਗ ਦਾ) ਸੇਕ ਸਹਾਰਦਾ ਹੈ, (ਪਰ ਕਪੜੇ ਨੂੰ) ਰੰਗ ਹੀ ਚੜ੍ਹਾਉਂਦਾ ਹੈ।
ਗੰਨਾ ਕੋਹਲੂ ਵਿਚ ਪੀੜਕੇ ਕੜਾਹੇ ਵਿਚ ਪਾਕੇ (ਭਾਵੇਂ ਕਾੜ੍ਹੀਦਾ ਹੈ, ਪਰ) ਮਿਠਾਸ ਹੀ ਵਧਾਉਂਦਾ ਹੈ (ਭਾਵ ਭਲੇ ਲੋਕ ਅਵਗੁਣ ਕੀਤਿਆਂ ਭੀ ਉਪਕਾਰ ਹੀ ਕਰਦੇ ਹਨ)।
ਤੁੰਮੇ ਨੂੰ ਕਿੰਨਾ ਅੰਮ੍ਰਿਤ ਪਾਈਏ ਕੌੜੱਤਨ ਦੀ ਵਾਦੀ ਨਹੀਂ ਜਾਂਦੀ (ਬੁਰਿਆਂ ਦਾ ਸੁਭਾਉ ਕਦੇ ਨਹੀਂ ਵੱਟਦਾ, ਭਾਵੇਂ ਕਿੰਨੀ ਨਰਮੀ ਕਰੀਏ)।
(ਭਲਾ ਪੁਰਖ) ਔਗੁਣ ਕਰਨ ਨਾਲ (ਭੀ) ਗੁਣ (ਹੀ) ਕਰਦਾ ਹੈ, ਅਵਗੁਣਾਂ ਨੂੰ ਚਿੱਤ ਵਿਖੇ ਥਾਉਂ ਨਹੀਂ ਦਿੰਦਾ।
ਬੁਰਾ ਪੁਰਖ ਗੁਣ ਕੀਤਿਆਂ ਅਵਗੁਣ ਹੀ ਕਰਦਾ ਹੈ, ਮਨ ਦੇ ਅੰਦਰ ਗੁਣ ਨਹੀਂ ਵਸਾਉਂਦਾ (ਭਾਵ ਉਪਕਾਰ ਨਹੀਂ ਰਖਦਾ)।
ਜੋ (ਚੀਜ਼) ਕੋਈ ਬੀਜਦਾ ਹੈ ਉਸੇ ਦਾ ਫਲ ਖਾਂਦਾ ਹੈ, (ਭਲਾ ਭਲਾ ਫਲ, ਬੁਰਾ ਬੁਰਾ ਫਲ ਹੀ ਵੱਢਦਾ ਹੈ)।
ਪਾਣੀ ਅਤੇ ਪੱਥਰ ਦੀ ਲੀਕ ਵਾਂਙੂੰ ਭਲਾ ਬੁਰਾ ਦੋਹਾਂ ਦਾ ਸੁਭਾਉ ਹੈ।
ਭਲੇ ਦੇ ਚਿਤ ਵਿਚ (ਪਾਣੀ ਦੀ ਲੀਕ ਵਾਂਙੂੰ) ਵੈਰ ਨਹੀਂ ਟਿਕਦਾ, ਬੁਰੇ ਦੇ ਮਨ ਵਿਖੇ (ਪੱਥਰ ਦੀ ਲੀਕ ਵਾਂਙੂੰ) (ਬੁਰਾ ਹੀ ਪੱਕਾ ਰਹਿੰਦਾ ਹੈ) ਭਲਾ ਨਹੀਂ ਟਿਕਦਾ।
ਭਲਾ ਹਿਤ ਨਹੀਂ ਛੱਡਦਾ, ਬੁਰਾ ਮਨੋਂ ਵੈਰ ਨਹੀਂ ਛੱਡਦਾ।
ਦੋਹਾਂ ਦੀ ਆਸਾ ਨਹੀਂ ਪੁੱਜਦੀ, ਬੁਰਾ ਅੰਤ ਤੀਕ ਦੁਰਮਤ ਤੇ ਭਲਾ ਗੁਰਮਤ ਦੀ ਆਸ ਰੱਖੀ ਜਾਂਦਾ ਹੈ।
ਭਲੇ ਥੋਂ ਬੁਰਾ ਨਹੀਂ ਹੋਊ, ਪਰ ਭਲਾ (ਆਦਮੀ) ਬੁਰੇ ਕੋਲੋਂ ਭਲਿਆਈ ਦੀ (ਆਸ) ਨਾਂ ਰੱਖੇ।
(ਇਹ ਵਿਰਤੀਹਾਣ) ਜੋ ਸਾਰੇ ਵਰਤ ਰਹੀ ਹੈ ਵਖ੍ਯਾਨ ਕੀਤੀ ਹੈ, ਕਿਉਂ ਜੋ ਸੌ ਸਿਆਣਿਆਂ ਦੀ (ਇਕੋ) ਮੱਤ ਸੁਣੀਦੀ ਹੈ!
(ਸਿਧਾਂਤ ਇਹ ਕਿ ਭਲਾ) ਪਰਉਪਕਾਰ (ਤੇ ਬੁਰਾ) ਵਿਕਾਰ (ਪਾਪ) ਕਮਾਉਂਦਾ ਹੈ।
ਵਰਤੀ ਹੋਈ ਬਾਤ ਵ੍ਯਾਖ੍ਯਾਨ ਕੀਤਾ ਹੈ (ਜੋ ਅਸਾਂ ਇਕ) ਭਲੇ ਅਤੇ ਬੁਰੇ ਦੀ ਕਹਾਣੀ ਸੁਣੀ ਹੈ।
ਭਲਾ ਅਤੇ ਬੁਰਾ ਦੋਵੇਂ ਮਿਲਕੇ ਰਸਤੇ ਪੁਰ ਚਲੇ ਜਾਂਦੇ ਸਨ, ਭਲੇ ਪਾਸ ਰੋਟੀ ਸੀ ਅਰ ਬੁਰੇ ਪਾਸ ਪਾਣੀ।
ਭਲੇ ਪੁਰਸ਼ ਨੇ ਰੋਟੀ ਕੱਢਕੇ ਅੱਗੇ ਰੱਖ ਦਿੱਤੀ (ਕਿਉਂ ਜੋ ਉਸ ਦੇ) ਮਨ ਵਿਖੇ ਭਲਾਈ ਵੱਸਦੀ ਸੀ।
ਬੁਰਾ ਬੁਰਾਈ ਕਰ ਕੇ ਚਲਿਆ ਗਿਆ (ਕਿਉਂ ਜੋ ਆਪਣੇ) ਹੱਥੀਂ ਉਸ ਨੂੰ ਪਾਣੀ ਨਾਂ ਦਿੱਤਾ, (ਸਗਮਾ ਉਸ ਦੀ ਰੋਟੀ ਭੀ ਮੁਕਾਕੇ ਪੱਤ੍ਰਾ ਵਾਚ ਗਿਆ। ਹੱਥੀ ਦੀ ਥਾਂ 'ਅੱਥੀਂ' ਪਾਠਾਂਤ੍ਰ ਹੈ, ਅੱਥੀ ਪਾਣੀ ਦੀ ਨਿੱਕੀ ਮਸ਼ਕ ਹੁੰਦੀ ਸੀ)।
ਭਲਿਆਈ ਦੇ ਕਾਰਣ ਭਲੇ ਦੀ ਮੁਕਤੀ ਹੋ ਗਈ, ਬੁਰੇ ਦੀ (ਉਮਰਾ) ਰੋਂਦਿਆਂ ਹੀ ਮੁੱਕ ਗਈ (ਤੇ ਨਰਕਾਂ ਦਾ ਅਧਿਕਾਰੀ ਬਣਿਆ)।
ਸਾਹਿਬ ਸੱਚਾ ਹੈ, ਉਸ ਦਾ ਨਿਆਉਂ ਬੀ ਸੱਚਾ ਹੈ, ਜੀਵਾਂ ਦੇ (ਭਲੇ ਬੁਰੇ ਕਰਮਾਂ ਨੂੰ) ਜਾਣਦਾ ਹੈ ਤੇ ਜਾਣਦਾ ਸੀ।
ਕਾਦਰ ਦੀ ਕੁਦਰਤ ਥੋਂ ਕੁਰਬਾਣ ਜਾਈਏ (ਇਕ ਹੀ ਮਾਤਾ ਪਿਤਾ ਦੀ ਸੰਤਾਨ ਹੋਕੇ ਸੁਭਾਵ ਭਲਾ ਅਤੇ ਬੁਰਾ ਭਿੰਨ ਹੁੰਦਾ ਹੈ)।
ਭਲਾ ਅਤੇ ਬੁਰਾ ਜੋ ਸੰਸਾਰ ਵਿਖੇ ਆਇਆ ਹੈ ਉਹ ਜ਼ਰੂਰ ਮਰੇਗਾ,
ਰਾਵਣ ਅਤੇ ਰਾਮਚੰਦ ਵਾਂਙੂੰ ਮਹਾਂ ਬਲੀ ਲੜਾਈ ਦੇ ਕਾਰਣ (ਜਤਨ) ਕਰਦੇ ਰਹੇ।
ਜਰ (ਬੁਢੇਪਾ) ਅਤੇ ਜਰਵਾਣਾ ਜਮ ਰਾਜ (ਜਿਸ ਨੇ ਆਪਣੇ) ਕਾਬੂ ਕਰ ਰਖੇ ਸਨ, ਅੰਤ ਨੂੰ (ਉਸ) ਰਾਵਣ ਨੂੰ ਮਨ ਵਿਖੇ ਪਾਪ ਧਾਰਣ ਕੀਤਾ।
ਰਾਮਚੰਦ ਨਿਰਮਲ ਪੁਰਖ (ਭਲਾ) ਸੀ, ਧਰਮ ਨਾਲ ਸਮੁੰਦਰ ਪਰ ਪੱਥਰ ਤਰ ਪੈਂਦੇ ਹਨ (ਭਾਵ ਅਨਹੋਣੇ ਕੰਮ ਹੋ ਜਾਂਦੇ ਹਨ, ਰਾਮਚੰਦ ਨੇ ਫਕੀਰ ਦੀ ਦਸ਼ਾ ਵਿਚ ਬਲੀ ਰਾਵਣ ਨੂੰ ਮਾਰ ਲਿਆ, ਇਹ ਉਸ ਦੇ ਨੇਕ ਹੋਣ ਦਾ ਪ੍ਰਤਾਪ ਸੀ)।
ਰਾਵਣ ਦੀ ਬੁਰਿਆਈ ਦੇ ਕਾਰਣ ਨਾਸ਼ ਹੋ ਗਿਆ (ਰਾਮ ਚੰਦਰ ਦੀ ਇਸਤ੍ਰੀ ਸੀਤਾ ਨੂੰ ਚੁਰਾ ਕੇ ਲੈ ਆਂਦਾ ਸੀ ਇਸ ਲਈ) ਪਰਤ੍ਰੀਆ ਹਰਨ ਦਾ ਕਲੰਕ ਲੈ ਗਿਆ।
ਰਾਮਚੰਦ੍ਰ ਦੀ ਕਥਾ (ਭਾਵ ਜਸ) ਜੁਗਾਂ ਜੁਗਾਂ ਵਿਖੇ ਅਟੱਲ ਹੈ, (ਭਾਵ ਤ੍ਰੇਤੇ ਤੋਂ ਕਲਯੁਗ ਤਕ ਤੁਰੀ ਆਈ ਹੈ) (ਗੱਲ ਕੀ) ਉਧਰਦੇ ਓਹ ਹਨ ਜੋ ਸ਼ਰਨ ਲੈਂਦੇ ਹਨ (ਆਕੀ ਸਦਾ ਪੱਚਦੇ ਹਨ)।
ਨਿਡਰ' (ਅਰਥਾਤ ਗੁਸਤਾਖ) ਜੱਸ ਅਤੇ ਅਪਜਸ ਦਾ ਡਰ ਨਹੀਂ ਰਖਦੇ।
(ਖੋਟੀ ਮਤ ਵਾਲੇ ਰਾਵਣ ਨੇ ਬੁਰਿਆਈ ਦੇ ਕਾਰਣ ਅਪਜਸ ਹੀ ਲੀਤਾ) ਸੋਨੇ ਦੀ ਲੰਕਾ ਉਸ ਦਾ ਵੱਡਾ ਕਿਲ੍ਹਾ (ਜਿਸ ਦੇ ਦੁਆਲੇ) ਖਾਰੇ ਸਮੁੰਦਰ ਜਿਹੀ ਖਾਈ ਸੀ।
ਲੱਖ ਪੁੱਤਰ ਅਤੇ ਸਵਾ ਲੱਖ ਪੋਤ੍ਰੇ ਕੁੰਭਕਰਣ (ਸਕਾ) ਭਿਰਾਉ ਤੇ ਮਹਿਰਾਵਣ (ਮਸੇਰ ਭਿਰਾਉ ਸੀ)।
ਪਵਣ ਨਿਤਾਪ੍ਰਤ ਝਾੜੂ ਦਿੰਦੀ ਸੀ ਇੰਦਰ ਜੋਰਾਵਰੀ ਪਾਣੀ ਭਰਦਾ ਸੀ, (ਭਾਵ ਕੁਦਰਤੀ ਤਾਕਤਾਂ ਤੋਂ ਕੰਮ ਲੈਣਾ ਜਾਣਦਾ ਸੀ)।
ਅਗਨੀ ਰਸੋਈਆ ਸੀ ਅਤੇ ਸੂਰਜ ਚੰਦ ਉਸ ਦੇ ਚਰਾਗਾਂ ਦੇ ਜਲਾਉਣ ਵਾਲੇ ਹਨ।
ਕਈ ਖੂਹਣੀਆਂ ਸੈਨਾਂ ਚਤਰੰਗਨੀਆਂ ਦੇ ਦਲ (ਮੌਜੂਦ) ਸਨ, ਦੇਸਾਂ ਅਤੇ ਪੁਸ਼ਾਕਾਂ ਦੀ ਕੀਮਤ ਹੀ ਨਹੀਂ ਸੀ।
ਸ਼ਿਵ ਦੀ ਸੇਵਾ ਕਰ ਕੇ ਦੇਵਤੇ ਤੇ ਦੈਂਤ ਉਸ ਦੀ ਸ਼ਰਣ ਰਹਿੰਦੇ ਸਨ।
(ਪਰੰਤੂ) ਖੋਟੀ ਮਤ ਵਾਲੇ ਨੇ ਬੁਰਿਆਈ ਕਰ ਕੇ ਅਪਜਸ ਹੀ ਲੀਤਾ।
ਰਾਮਚੰਦਰ ਕਾਰਣ ਕਰਣ ਨੇ ਕਾਰਨ ਦੇ ਵੱਸ ਹੋਕੇ ਦੇਹ ਧਾਰੀ।
ਮਤਰੇਈ ਮਾਂ ਦੀ ਆਗਿਆ ਮੰਨਕੇ (ਚੌਦਾਂ ਵਰਹੇ) ਬਨਬਾਸ ਲੈਕੇ ਵਡਿਆਈ ਫੈਲਾਈ (ਭਾਵ ਪਿਤਾ ਦਾ ਪ੍ਰਣ ਪੂਰਾ ਕੀਤਾ)।
ਪਰਸਰਾਮ ਦਾ ਹੰਕਾਰ ਦੂਰ ਕੀਤਾ, ਗਰੀਬਾਂ ਤੇ ਦਇਆ ਕੀਤੀ ਤੇ ਹੰਕਾਰੀਆਂ ਨੂੰ ਮਾਰਿਆ।
ਸੀਤਾ ਅਤੇ ਲਛਮਣ ਰਾਮ ਦੀ ਸੇਵਾ ਕਰ ਕੇ ਜਤੀ ਸਤੀ ਅਤੇ ਸੇਵਾ ਦੇ ਪ੍ਰੇਮੀ ਰਹੇ।
ਰਾਮ ਨੇ ਰਾਜ ਕਰ ਕੇ ਸ੍ਰਿਸ਼ਟੀ (ਨਗਰੀ ਅਜੁਧਿਆ ਤੇ ਰਾਜ) ਉਧਾਰ ਦਿੱਤੀ ਅਰ ਰਮਾਇਣ ਫੈਲਾ ਦਿੱਤਾ, (ਭਾਵ ਸਾਰੇ ਲੋਕ ਉਸ ਦੇ ਨ੍ਯਾਯ ਦਾ ਜਸ ਕਰਦੇ ਰਾਮ ਰਾਜ ਦੀ ਸ਼ੋਭਾ ਕਰਨ ਲਗੇ)।
ਮਰਣਾ ਉਨ੍ਹਾਂ ਸੂਰਮਿਆਂ ਦਾ ਸਫ਼ਲ ਹੈ ਜਿਨ੍ਹਾਂ ਨੇ ਸਾਧ ਸੰਗਤ ਵਿਖੇ ਮਿਲਕੇ (ਆਪਣੀ) ਪੈਜ ਸਵਾਰ ਲੀਤੀ ਹੈ?
(ਉਹ ਕੀ ਹੈ?) ਸਤਿਗੁਰੂ (ਗੁਰੂ ਨਾਨਕ ਦੀ 'ਮਤ') ਸਿੱਖ੍ਯਾ ਲੈਕੇ ਭਲਿਆਈ ਸ੍ਰੇਸਟ ਕੀਤੀ ਹੈ, (ਆਪਣਾ ਉਧਾਰ ਕਰ ਕੇ ਸਾਥੀਆਂ ਨੂੰ ਭੀ ਤਾਰ ਦਿੱਤਾ ਹੈ)।