ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਨਾਰਾਯਣ ਨੇ ਆਪਣਾ ਰੂਪ ਧਾਰਕੇ ਨਾਥਾ ਅਤੇ ਅਨਾਥਾ ਨੂੰ ਕ੍ਰਿਤਾਰਥ ਕਰਾਇਆ ਹੈ।
ਜੋ ਨਿਰੰਕਾਰ ਨਰਾਂ ਦਾ ਪਤੀ ਅਰ ਰਾਜਿਆ ਦਾ ਰਾਜਾ ਹੈ (ਉਸ ਨੇ) ਆਕਾਰ ਬਨਾਯਾ ਹੈ।
ਕਰਤਾ ਪੁਰਖ ਕਹੀਦਾ ਹੈ, ਕਾਰਣਾਂ ਦਾ ਕਰਨਹਾਰਾ ਵੱਡੇ ਬਿਰਦ (ਧਰਮ) ਵਾਲਾ ਹੈ।
ਦੇਵੀਆਂ ਦੇਵਤਿਆ ਦਾ ਸ਼ਿਰੋਮਣੀ ਦੇਵ ਅਲਖ ਤੇ ਅਭੇਵ ਹੈ, (ਕਿਸੇ) ਨਾਂ ਲਖੇ ਜਾਣ ਵਾਲੇ ਨੁੰ ਭੀ (ਉਸ ਅਲਖ ਨੇ ਨਿਜ ਨੂੰ) ਨਹੀਂ ਲਖਾਇਆ।
ਸਤਿ ਸਰੂਪ (ਵਾਹਿਗੁਰੂ) ਸਤਿਨਾਮ (ਕਰਤਾ ਪੁਰਖ ਦਾ ਉਪਦੇਸ਼) ਦੇਕੇ ਸਤਿਗੁਰੂ ਨਾਨਕ ਦੇਉ ਨੇ ਜਪਾਇਆ।
ਧਰਮਸਾਲਾ ਕਰਤਾਰ ਪੁਰ ਵਿਖੇ ਬਣਾ ਕੇ ਸਾਧ ਸੰਗਤ ਰੂਪੀ ਸਚਖੰਡ ਵਸਾ ਦਿੱਤਾ।
ਵਾਹਿਗੁਰੂ (ਮੰਤ੍ਰ ਦੱਸਕੇ) ਗੁਰੂ ਜੀ ਨੇ ਸਬਦ ਦਾ (ਉਪਦੇਸ਼) ਸੁਣਾਇਆ। (ਯਥਾ:- “ਅਬ ਕਲੂ ਆਇਓ ਰੇ॥ ਇਕੁ ਨਾਮੁ ਬੇਵਹੁ॥ ਅਨ ਰੂਤਿ ਨਾਹੀ ਨਾਹੀ॥ ਮਤੁ ਭਰਮਿ ਭੂਲਹੁ ਭੂਲਹੁ॥” ਕਲਿਜੁਗ ਵਿਖੇ ਇਕ ਵਾਹਿਗੁਰੂ ਮੰਤ੍ਰ ਦੇ ਜਪ ਕਰਨ ਨਾਲ ਹੀ ਮੁਕਤੀ ਹੁੰਦੀ ਹੈ)।
ਅਟਲ ਨੀਵ ਸਾਧ ਸੰਗਤ ਰੂਪੀ ਸਚੇ ਖੰਡ ਦੀ ਭਲਹੀ ਪ੍ਰਕਾਰ ਨਿਸ਼ਚੇ ਕਰ ਕੇ ਧਰਾਈ।
ਅਰ ਗੁਰਮੁਖਾਂ ਦਾ ਪੰਥ ਤੋਰਿਆ (ਉਹ ਪੰਥ) ਸੁਖਾਂ ਦਾ ਸਾਗਰ ਮਿਣਿਆਂ ਨਹੀਂ ਜਾਂਦਾ।
ਉਥੇ ਸਚੇ ਸ਼ਬਦ ਦੀ ਅਰਾਧਨਾ ਹੁੰਦੀ ਹੈ (ਓਹ ਕਿਹਾ ਸੱਚਾ ਸ਼ਬਦ ਹੈ) ਅਗਮ ਅਗੋਚਰ ਅਲਖ ਅਤੇ ਅਭੇਵ ਹੈ।
ਚਹੁੰ ਵਰਣਾਂ, ਛੀ ਦਰਸ਼ਨਾਂ, ਸੇਵਕ ਅਰ ਸੇਵਯ (ਭਾਵ ਛੋਟੇ ਵੱਡੇ ਸਭ) ਨੂੰ ਉਪੇਦਸ਼ ਦੇਂਦਾ ਹੈ।
ਮਿੱਠਣ ਬੋਲਣਾ, ਨਿਵਕੇ ਚਲਣਾ, (ਤੇ) ਪ੍ਰੇਮਾ ਭਗਤ ਅਰਥੀਏ ਹੋਣਾ (ਏਹ) ਗੁਰਮੁਖਾਂ (ਦੇ ਲੱਛਣ ਹਨ), (ਭਾਵ ਸਦਾ ਈਸ਼੍ਵਰ ਵਿਖੇ ਅਨਿੰਨ ਭਗਤੀ ਰਖਦੇ ਹਨ)।
ਆਦ ਪੁਰਖ ਨੂੰ ਆਦੇਸ਼ ਹੈ ਜੋ ਨਾਸ਼ ਤੋਂ ਰਹਿਤ ਹੈ। ਜਿਸ ਦੀ ਗਤੀ ਅਛਲ ਅਤੇ ਅਛੇਦ ਹੈ।
ਅਜਿਹੇ ਜਗਤ ਦੇ ਗੁਰੂ, ਗੁਰੂ ਨਾਨਕ ਦੇਵ ਹਨ। ਯਥਾ:- “ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ, ਮੂਲਿ ਨ ਲਇਆ॥”)
ਸਤਿਗੁਰੂ (ਨਾਨਕ ਦੇਵ) ਸੱਚਾ ਪਾਤਸ਼ਾਹ ਹੈ, (ਕਿਉਂ ਜੋ) ਬੇਪਰਵਾਹ ਅਰ ਅਥਾਹ ਸਾਹਿਬੀ ਵਾਲਾ ਹੈ।
(ਇੱਡਾ ਹੋਕੇ ਫੇਰ ਉਸ ਦਾ) ਨਾਮ ਗਰੀਬ ਨਿਵਾਜ ਹੈ (ਗਰੀਬਾਂ ਪੁਰ ਦਯਾ ਕਰਦਾ ਹੈ) ਆਪ ਮੁਥਾਜ ਨਹੀਂ ਹੈ, ਨਾ ਕਿਸੇ ਦਾ ਮੋਹ ਹੈ ਨਾ ਕਿਸੇ ਦਾ ਭਯ ਹੈ।
ਨਿਰੰਕਾਰ ਬੇਅੰਤ, ਅਲੱਖ ਹੈ, (ਉਸ) ਅੱਲਾਹ (ਵਾਹਿਗੁਰੂ ਨੁੰ ਗੁਰੂ ਨਾਨਕ ਨੇ ਹੀ) ਸਿਾਣਿਆ ਹੈ।
ਉਸ ਦੀ ਪਾਤਸ਼ਾਹੀ ਪੱਕੀ ਹੈ ਤੇ ਸਦਾ ਰਹਿਣ ਵਾਲੀ ਹੈ, (ਕਿਉਂਕਿ ਉਸ ਦਾ) ਹਾਜ਼ਰ (ਨਾਲ ਨੇਹੁੰ ਹੈ ਜੋ) ਵੇਦ ਕਤੇਬਾਂ ਵਿਚ ਨਹੀਂ ('ਬੇਦ ਕਤੇਬ ਸੰਸਾਰ ਹਭਾਹੂੰ ਬਾਹਰਾ॥ ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ')।
(ਫੇਰ ਉਹ) ਅਗੰਮ ਅਡੋਲ ਤੇ ਅਤੋਲ ਹੈ ਕੋਈ ਡੰਡੀ ਤੇ ਛਾਬਾ ਨਹੀਂ ਹੈ ਜਿਸ ਨਾਲ ਤੋਲੀਏ।
('ਇਕਛੱਤ' ਕਹੀਏ) ਏਕ ਛੱਤ੍ਰ ਰਾਜ ਕਰਦਾ ਹੈ ਕੋਈ ਵੈਰੀ ਨਹੀਂ ਜੋ ਉਸ ਦੇ ਰਾਜ ਵਿਖੇ ਸ਼ੋਰ ਸ਼ਰਾਬਾ (ਅਰਥਾਤ ਡੰਡਰੌਲਾ) ਪਾਕੇ (ਰੱਯਤ ਨੂੰ ਦੁਖ ਦੇਵੇ)।
ਆਪ (ਸਤਿਗੁਰੂ ਜੀ) ਨਿਆਈ ਹਨ, ਪੂਰਾ ਨਯਾਇ ਕਰਦੇ ਹਨ, ਕੋਈ ਜ਼ਾਲਮ ਜ਼ੁਲਮ ਨਹੀਂ ਕਰਦਾ, (ਇਸੇ ਕਰਕੇ) ਜੋਰ ਤੇ 'ਜ਼ਰਾਬਾ' (ਕਸ਼ਟ ਕਿਸੇ ਨੂੰ) ਨਹੀਂ ਹੋ ਸਕਦਾ।
ਬਾਬਾ (ਨਾਨਕ) ਗੁਰੂ ਤੇ ਪੀਰ (ਨਾਨਕ ਕਰਕੇ) ਪ੍ਰਸਿੱਧ ਹੈ (ਯਾ ਜ਼ਾਹਰਾ ਪੀਰ ਜਗਤ ਦਾ ਗੁਰੂ ਬਾਬਾ ਹੀ ਹੈ)।
ਹਿੰਦੂ ਲੋਕ ਗੰਗਾ ਤੇ ਕਾਂਸ਼ੀ (ਥੋਂ ਮੁਕਤੀ ਮੰਨਦੇ ਹਨ) ਮੁਸਲਮਾਨ ਲੋਕ ਮੱਕੇ ਕਾਹਬੇ (ਤੇ ਮਦੀਨੇ ਦੀ ਜ਼੍ਯਾਰਤ ਕਰਦੇ ਹਨ)।
ਬਾਬੇ ਨਾਨਕ ਦਾ ਜਸ ਘਰ ਘਰ ਵਿਖੇ ਹੈ, ਤਾਲ ਕੈਂਸੀਆਂ, ਜੋੜੀਆਂ (ਮ੍ਰਿਦੰਗ ਤੇ) ਰਬਾਬ (ਕੀਰਤਨ ਵਿਚ) ਪਏ ਵਜਦੇ ਹਨ (ਭਾਵ ਇਕ ਥਾਂ ਨਹੀਂ ਘਰ ਘਰ ਮੁਕਤੀ ਦੱਸੀ ਹੈ)।
ਭਗਤ ਵੱਛਲ ਹੋਕੇ (ਸਚਖੰਡ ਤੋਂ) ਆਇਆ ਹੈ, ਪਾਪੀਆਂ ਦੇ ਉਧਾਰ ਕਰਣਹਾਰਾ ਹੈ, ਪਰ ਅਚਰਜ ਤੋਂ ਅਚਰਜ ਹੈ (ਕਿ ਅਵਤਾਰ ਸ਼ਿਰੋਮਣੀ ਗੁਰੂ ਅਵਤਾਰ ਹੈ ਅਰ ਫੇਰ ਨਿਮਾਣਾ ਹੈ)।
(ਜਿਸ ਦੇ ਉਪਕਾਰ ਨਾਲ) ਚਾਰ ਵਰਣਾਂ ਦੇ ਲੋਕ ਇਕ ਵਰਣ ਦੇ ਸਾਧ ਸੰਗਤ (ਦੇ ਜਹਾਜ਼ ਵਿਚ ਬੈਠਕੇ) ਤਰਦੇ ਹਨ।
(ਜਿਕੂੰ) ਚੰਦਨ ਦੀ ਵਾਸ਼ਨਾਂ ਕਰ ਕੇ ਵਣਾਸਪਤੀ ਚੰਦਨ ਹੁੰਦੀ ਹੈ (ਉਸ ਵਿਚ) ਅੱਵਲ ਦੋਮ ਸੋਮ (ਤੀਜੇ ਦਰਜੇ) ਦੀ ਖਰਾਬੀ ਨਹੀਂ ਹੁੰਦੀ (ਭਾਵ ਸਭ ਪ੍ਰਕਾਰ ਦੀ ਤ੍ਰਿਕੁਟੀ ਦੂਰ ਹੋ ਜਾਂਦੀ ਹੈ), (ਸ੍ਰੀ ਗੁਰੂ ਪ੍ਰਮਾਣ “ਦੋਮ ਨ ਸੇਮ ਏਕ ਸੋ ਆਹੀ” ਅਰਥਾਤ ਸਤਿਸੰਗ ਵਿਖੇ ਦ੍ਵੈਤ ਤੇ ਤਿੰਨ ਗੁਣ ਨਹੀਂ ਹਨ, ਇਕ ਪਰਮੇਸ਼ੁਰ ਹੀ ਪੂਰਨ ਹ
ਸਭ ਕੋਈ (ਗੁਰੂ ਨਾਨਕ ਦੇ) ਹੁਕਮ ਵਿਖੇ ਹੈ, ਕਿਸ ਦੀ ਵਾਹ ਹੈ ਕਿ ਕੋਈ ਅਗੇ ਜਵਾਬ ਦੇ ਸੱਕੇ?
ਜ਼ਾਹਰਾ ਪੀਰ (ਮੁਸਲਮਾਨਾਂ ਵਿਖੇ, ਅਰ ਹਿੰਦੂਆਂ ਵਿਚ ਜਗਤ ਗੁਰੂ, ਬਾਬਾ ਨਾਨਕ ਹੈ (ਭਾਵ ਗੁਰੂਆਂ ਦਾ ਬੀ ਗੁਰੂ)।
(ਬਾਬੇ ਨੇ ਆਪਣੇ) ਸਰੀਰ ਤੋਂ ਸਰੀਰ ਉਤਪਤ ਕੀਤਾ (ਮਾਨੋਂ) ਗੰਗਾ ਥੋਂ ਤਰੰਗ ਉਠਾਇਆ।
ਗਹਿਰ ਗੰਭੀਰ (ਡੂੰਘੇ ਤੇ ਡੂੰਘਾ) ਗਹਿਰੇ ਗੁਣਾਂ ਵਾਲਾ, ਗੁਰਮੁਖਾਂ ਨੇ ਉਸ ਨੂੰ ਗੁਰੂ ਤੇ ਗੋਬਿੰਦ ਦਾ ਰੂਪ ਹੀ ਸੱਦਿਆ।
ਦੁਖਾਂ ਦਾ ਬੀ ਦਾਤਾ ਅਰ ਸੁਖਾਂ ਦਾ ਬੀ ਦੇਣਹਾਰ (ਓਹੀ ਹੈ); ਦੁਖ ਤੇ ਸੁਖ ਉਸ ਨੂੰ ਇਕੋ ਜਿਹਾ ਹੈ ਕੋਈ ('ਲੇਪ') ਦਾਗ਼ ਨਹੀਂ ਲਗਦਾ।
ਗੁਰੂ (ਨਾਨਕ ਤੇ) ਚੇਲੇ (ਅੰਗਦ) ਨੇ ਅਜਿਹਾ ('ਪਰਚਾ') ਪ੍ਰੇਮ ਲਾਇਆ ਕਿ ਗੁਰੂ ਚੇਲਾ ਅਰ ਚੇਲਾ ਗੁਰੂ ਬਣ ਗਿਆ।
(ਦ੍ਰਿਸ਼ਟਾਂਤ) ਬ੍ਰਿਖੋਂ ਫਲ ਤੇ ਫਲੋਂ ਬ੍ਰਿਛ, ਪਿਉ ਪੁਤ ਥੋਂ (ਪਤੀਜਿਆ) ਤੇ ਪੁਤ ਪਿਤਾ ਪੁਰ ਪਤੀਜਿਆ।
ਪਾਰਬ੍ਰਹਮ ਪੂਰਨ ਬ੍ਰਹਮ ਨੂੰ ਸ਼ਬਦ ਦੀ ਸੁਰਤ ਵਿਖੇ ਲਿਵ ਲਗਾਕੇ ਅਲਖ ਲਖਾ ਦਿਤਾ।
(ਐਉਂ) ਬਾਬੇ ਦੇ (ਘਰ) ਸਰੂਪ ਵਿਚ ਗੁਰੂ ਅੰਗਦ ਆਇਆ, ਭਾਵ ਇਕ ਰੂਪ ਹੋਇਆ)।
(ਗੁਰੂ ਨਾਨਕ) ਪਾਰਸ ਥੋਂ (ਲਹਿਣਾ) ਪਾਰਸ ਹੋਯਾ, ਸਤਿਗੁਰੂ ਨਾਲ ਪ੍ਰੇਮ ਲਾਕੇ ਸਤਿਗੁਰ ਕਹਾਇਆ।
ਚੰਦਨ ਥੋਂ ਚੰਦਨ ਹੋਕੇ ਗੁਰੂ ਉਪਦੇਸ਼ ਦੀ ਰਹਿਤ ਵਿਖੇ ਰਹਿਣ ਲਗਾ।
ਜੋਤ ਵਿਖੇ ਜੋਤ ਸਮਾ ਗਈ ਗੁਰਮਤ ਦੇ ਸੁਖ ਨੇ ਦੁਰਮਤ ਦਾ ਦੁਖ ਦੂਰ ਕਰਨ (ਵਾਲੀ ਤਾਕਤ ਪਾ ਦਿਤੀ। ਭਾਵ ਦੋ ਹੋ ਸਕਦੇ ਹਨ, ਇਕ ਤਾਂ ਇਹ ਹੈ ਕਿ ਪੱਥਰ ਪੂਜਾ ਆਦਿ ਹਟ ਗਈ। ਤੇ ਦੂਜਾ ਜੋ ਵਧੀਕ ਯੋਗ ਪ੍ਰਤੀਤ ਦੇਂਦਾ ਹੈ ਇਹ ਹੈ ਕਿ ਗੁਰੂ ਨਾਨਕ ਦੀ ਜੋ ਗੁਰਮਤਿ ਸੀ, ਜੋ ਦੁਰਮਤ ਨੂੰ ਦੂਰ ਕਰਦੀ ਸੀ ਉਹੋ ਤਾਕਤ ਗੁਰੂ ਅੰਗਦ ਨੂੰ ਹੋ
ਅਚਰਜ ਨੂੰ ਅਚਰਜ ਮਿਲਿਆ, ਵਿਸਮਾਦ ਵਿਖ ਵਿਸਮਾਦ ਸਮਾਇਆ। (ਭਾਵ ਗੁਰੂ ਅੰਗਦ ਜੀ ਜੋ ਆਪ ਬੀ ਅਵਤਾਰ ਹੀ ਸੇ, ਅਰ ਜਾਣਕੇ ਪਰਦੇ ਵਿਚ ਰਖੇ ਗਏ ਸੇ ਕਿ ਜੀਵਾਂ ਵਾਂਗੂੰ ਰਹਿਕੇ ਗੁਰੂ ਨਾਨਕ ਦੀ ਭਗਤੀ ਕਰ ਕੇ ਪ੍ਰਸਿੱਧ ਹੋਣ, ਤਾਂ ਸੰਸਾਰ ਨੂੰ ਭਗਤੀ ਦਾ ਵੱਲ ਆਵੇ, ਉਹ ਭੇਤ ਖੋਲ੍ਹਦੇ ਹਨ ਕਿ ਗੁਰੂ ਅੰਗਦ ਜੀ ਬੀ ਅਚਰਜ ਰੂਪ ਸੇ; ਅ
(ਗੁਰੂ ਅੰਗਦ ਜੀ) ਅੰਮ੍ਰਿਤ ਪੀਣ, (ਕਿਕੂੰ ਕਹਿੰਦੇ ਉਨ੍ਹਾਂ ਥੋਂ ਨਾਮ ਅੰਮ੍ਰਿਤ ਦੇ) ਝਰਣੇ ਵਹਿ ਤੁਰੇ। ਅਜਰ ਨੂੰ (ਫੇਰ) ਜਰਨ, ਨਾ ਸਹੀ ਜਾਣ ਵਾਲੀ ਦਾਤ ਨੂੰ ਆਪ ਉਹੋ ਰੂਪ ਹੋਣ ਕਰ ਕੇ ਸਹਿਣ (ਭਾਵ ਸਮਾਉਣ)।
(ਫੇਰ ਉਸੇ ਗੱਲ ਦੀ ਪੁਸ਼ਟੀ ਹੈ) ਸਚ ਵਿਚ ਸਚ ਸਮਾ ਗਿਆ, (ਉਹੋ) ਗਾਡੀ ਰਾਹ ਸਾਧ ਸੰਗ ਦਾ ਵਹਿ ਰਿਹਾ (ਜਾਰੀ ਰਿਹਾ) (ਭਾਵ ਗੁਰੂ ਅੰਗਦ ਜੀ ਸੱਚੇ ਸੇ। ਗੁਰੂ ਨਾਨਕ ਜੀ ਸੱਚ ਨੇ ਇਕ ਥਾਂ ਸਿਖੀ ਦੀ ਅਵਧੀ ਦੂਜੇ ਥਾਂ ਗੁਰਿਆਈ ਦੀ ਅਵਧੀ ਕਰ ਦਿਖਾਉਣੀ ਸੀ ਸੋ ਕਰ ਵਿਖਾਈ। ਜੇ ਅੰਗਦ ਜੀ ਸੱਚ ਪਹਿਲੇ ਹੀ ਸਨ ਤਾਂ ਸਚ ਨਾਨਕ ਨੇ ਮਥਾ
ਬਾਬੇ (ਦੇ) ਸਰੂਪ (ਦਾ) ਪ੍ਰਕਾਸ਼ ਲਹਿਣਾ ਹੈ। (ਭਾਵ, ਬਾਬਾ ਭੀ ਪ੍ਰਕਾਸ਼ ਸਰੂਪ ਹੈ, ਲਹਿਣਾ ਭੀ ਪ੍ਰਕਾਸ਼ ਸਰੂਪ ਹੈ)।
ਸ਼ਬਦ ਵਿਖੇ ਸ਼ਬਦ ਮਿਲਾਇਆ। (ਦੇਖੋ ਹੁਣ) ਗੁਰਮੁਖ ਅਘੜ ਗਹਿਣਾ ਘੜਾਉਂਦਾ ਹੈ (ਭਾਵ ਗੁਰੂ ਅੰਗਦ ਜੋ ਅਗੇ ਘੜਿਆ ਹੋਇਆ ਹੈ, ਜਿਸਦਾ ਹੁਣ ਕੀ ਘੜਨਾ ਹੈ, ਉਸ ਨੂੰ ਗੁਰੂ ਨਾਨਕ ਘੜਦਾ ਹੈ, ਇਹੋ ਅਚਰਜ ਨੂੰ ਅਚਰਜ ਮਿਲਿਆ। ਹੁਣ ਘੜਨ ਦਾ ਪ੍ਰਕਾਰ ਦੱਸਦੇ ਹਨ ਕਿ ਕਿਕੁਰਾਂ?)
ਪ੍ਰੇਮਾ ਭਗਤੀ ਅਤੇ ਭੈ ਵਿਖੇ ਚਲਿਆ, ਆਪਾ ਭਾਵ ਗਵਾ ਕੇ ਖੜਬੜਾਟ ਵਿਚ ਨਾਂ ਖਪਿਆ, (ਅਨਿੰਨ ਭਗਤੀ ਕੀਤੀ)।
('ਦੀਨ ਦੁਨੀ' ਦੀ ਅਰਥਾਤ) ਲੋਕ ਪਰਲੋਕ ਦੀ ਸਾਹਿਬੀ (ਪਾਸ ਹੋਵੇ ਫੇਰ) ਗੁਰਮੁਖ ਹੋਕੇ ਏਕਾਂਤ ਬਹਿਣਾ (ਕੀਤਾ)।
ਕਰਣ ਕਾਰਣ ਸਮਰਥ ਹੋਕੇ ਅਛਲ ਹੋਕੇ, ਛਲ ਰੂਪ ਦੁਨੀਆਂ ਵਿਖੇ ਛਿਪਿਆ ਰਿਹਾ।
ਸਤਿ ਸੰਤੁਖਾਦਿਕ ਗੁਣਾਂ ਵਿਖੇ ਧਰਮ ਤੇ ਅਰਥ ਨੂੰ ਵਿਚਾਰਕੇ ਸਹਜ ਘਰ ਵਿਖੇ ਪ੍ਰਵੇਸ਼ ਹੋਏ।
ਕਾਮ, ਕ੍ਰੋਧ, ਵਿਰੋਧ ਛੱਡਕੇ ਲੋਭ, ਮੋਹ, ਹੰਕਾਰ ਨੂੰ ਤਾਹ ਦੇਣਾ (ਇਹ ਸਹਿਜ ਦਾ ਸਰੂਪ, ਪਹਿਲੇ ਸਹਿਜ ਦਾ ਵਿਧਿ ਸਰੂਪ ਵਿਚ ਰੂਪ ਕਿਹਾ ਸੀ-ਸਤ, ਸੰਤੋਖ, ਦਇਆ, ਧਰਮ, ਅਰਥ, ਵੀਚਾਰ ਹੋਣਾ, ਹੁਣ ਨਿਖੇਧੀ ਰੂਪ ਕਿਹਾ ਨੇ-ਕਾਮ, ਕ੍ਰੋਧ, ਵਿਰੋਧ, ਲੋਭ ਮੋਹ, ਹੰਕਾਰ ਦਾ ਅਭਾਵ ਹੋਣਾ)।
ਅਜਿਹੇ ਸਪੁੱਤ੍ਰ ਪੁੱਤ੍ਰ ਬਾਬੇ ਦੇ ਘਰ ਵਿਖੇ 'ਲਹਿਣਾ' ਜੀ ਹੋਏ।
ਗੁਰੂ ਅੰਗਦ (ਅਰਥਾਤ) ਗੁਰੂ (ਨਾਨਕ) ਦੇ ('ਅੰਗ') ਸਰੀਰ ਰੂਪੀ ਅੰਮ੍ਰਿਤ ਬਿਰਖ ਤੋਂ ਅੰਮ੍ਰਿਤ ਦਾ ਫਲ ਫਲਿਆ।
(ਜੋਤ ਰੂਪ ਗੁਰੂ ਨਾਨਕ ਨੇ ਆਪਣੀ) ਜੋਤ ਤੋਂ ਜੋਤ ਜਗਾਕੇ (ਮਾਨੋਂ) ਦੀਵੇ ਤੋਂ ਦੀਵਾ ਬਾਲਿਆ ਹੈ।
(ਆਪਣੇ ਸ਼ਬਦ ਦੇ) ਹੀਰੇ ਨਾਲ (ਮਨ ਰੂਪੀ) ਹੀਰਾ ਬੇਧਿਆ (ਮਾਨੋਂ) ਜਾਦੂ ਕਰ ਕੇ 'ਅਛਲੀ' (ਬਾਬਾ ਨਾਨਕ) ਨੇ 'ਅਛਲ' (ਅੰਗਦ) ਨੂੰ ਛਲ ਲੀਤਾ, (ਭਾਵ ਵਸੀਕਾਰ ਹੇਠ ਕਰ ਲੀਤਾ)।
ਕੋਈ ਸਮਝ ਨਹੀਂ ਸਕਦਾ ਮਾਨੋਂ ਪਾਣੀ ਵਿਚ ਪਾਣੀ ਮਿਲ ਗਿਆ ਹੈ।
ਸੱਚਾ (ਸੱਚ ਧਾਰਨ ਕਰਨ ਵਾਲਾ) ਅਰ ਸੱਚ ਸਦਾ ਹੀ ਸੁਹਾਵੜੇ ਹਨ, ਸੱਚ ਤੋਂ ਸੱਚ ਵਿਬ ਢਲਿਆ। (ਸੱਚ ਗੁਰੂ ਨਾਨਕ, ਸੱਚ ਗੁਰੂ ਅੰਗਦ, ਸੱਚ ਦੋਹਾਂ ਦਾ ਸੰਬੰਧ)।
(ਇਸ ਕਰ ਕੇ 'ਨਿਹਚਲ') ਅਚਲ ਸੱਚਾ ਤਖਤ ਹੈ, ਅਟੱਲ ਰਾਜ ਹੈ, ਕਿਸੇ ਦਾ ਹਿਲਾਇਆ ਹਿਲ ਨਹੀਂ ਸਕਦਾ।
ਸੱਚ ਸਬਦ' (ਸਤਿਨਾਮ ਕਰਤਾ ਪੁਰਖ) ਗੁਰੂ (ਨਾਨਕ) ਨੇ ਸਉਂਪਿਆ ਹੈ, ਸੱਚੀ ਟਕਸਾਲ ਥੋਂ 'ਸਿੱਕਾ' ਤੁਰ ਪਿਆ।
ਸਿੱਧ ਨਾਥ, (ਸਾਰੇ) ਅਵਤਾਰ, ਹੱਥ ਜੋੜਕੇ ਖਲੋ ਗਏ (ਅਰ ਕਹਿਣ ਲਗੇ:)
(੯) (ਆਪ ਦੀ) ਆਗ੍ਯਾ ਸੱਚੀ ਅਰ ਅਟੱਲ ਹੈ, ਕਦੀ ਟਾਲੀ ਨਹੀਂ ਜਾਵੇਗੀ (ਅਸੀਂ ਸਾਰੇ ਆਪਦੇ ਅਧੀਨ ਹਾਂ)।
(ਗੁਰ ਅਮਰਦਾਸ ਨੇ ਸੱਚਾ 'ਅਮਰ' ਹੁਕਮ ਵਰਤਾਇਆ ਹੈ। ਪਹਿਲੀ ਤੋਂ ਲੈ ਛੀਵੀਂ ਤੁਕ ਤੀਕ ਇਸ ਦਾ ਅਨੁਵਾਦ ਕਰਦੇ ਹਨ)। ੧ ਅਛਲ, ਅਛੇਦ, ਅਭੇਦ ਭਗਤ ਵਛਲ (ਆਦਿ) ਹੋਕੇ ਛਲਿਆ ਗਿਆ (ਭਾਵ ਭਗਤਾਂ ਦੇ ਅਧੀਨ ਹੋਕੇ ਗੁਰੂ ਅਵਤਾਰ ਕਲਿਜੁਗ ਵਿਖੇ ਧਾਰਨ ਕੀਤਾ)।
ਮਹਿਮਾਂ ਹੱਦ ਅਰ ਮਿਰਯਾਦਾ ਥੋਂ ਲੰਘ ਗਈ; ਮਿਣਤੀ ਤੋਂ ਪਾਰ ਹੋਣ ਕਰ ਕੇ ਪਾਰਾਵਾਰ ਕਿਸੇ ਨਹੀਂ ਪਾਇਆ।
ਸਿੱਧੇ ਰਸਤਿਆਂ ਵਿਚੋਂ ਸਿੱਧਾ ਰਸਤਾ ਜਾਂ ਰਹੁਰੀਤ ਗੁਰੂ ਦੀ ਹੈ, ਆਪ (ਗੁਰੂ ਅੰਗਦ ਦੀ) ਪੈਰੀਂ ਪੈਕੇ ਜਗਤ ਨੂੰ ਪੈਰੀਂ ਪਾਇਆ।
ਗੁਰੂਦ੍ਵਾਰੇ ਸੁਖ ਫਲ ਅਮਰ ਪਦ (ਪਾਯਾ) ਅੰਮ੍ਰਿਤ ਬਿਰਖ ਨੂੰ ਅੰਮ੍ਰਿਤ ਫਲ ਲਗਾ, (ਭਾਵ ਦੂਜੀ ਪਾਤਸ਼ਾਹੀ ਤੋਂ ਤੀਜੀ ਤੁਰੀ)।
ਗੁਰੂ ਚੇਲਾ (ਹੋਯਾ ਤੇ) ਚੇਲਾ ਗੁਰੂ ਹੋਯਾ; ਪੁਰਖ ਤੋਂ ਪੁਰਖ ਉਪਾਕੇ (ਪਹਿਲਾ) ਪੁਰਖ (ਗੁਰੂ ਅੰਗਦ ਤਦ) ਸਮਾਇਆ।
(ਜਗਤ) ਵੀਹ ਵਿਸਵੇ ਵਿਚ ਵਰਤਮਾਨ ਹੈ (ਗੁਣਾਂ ਦੇ ਅਧੀਨ ਹੈ); (ਗੁਰੂ ਅਮਰ ਇਕ ਇੱਛਾ ਵਾਲੇ ਯਾ) ਤੁਰੀਆ ਆਰੂੜ੍ਹ ਹੋਕੇ ਸਹਜ ਘਰ ਆ ਗਏ।
(ਸਚੇ ਗੁਰੂ) ਅਮਰ ਨੇ ਸੱਚਾ ਹੁਕਮ ਤੋਰਿਆ।
ਸ਼ਬਦ ਦੀ ਸੁਰਤ ਵਿਖੇ (ਮਨ ਨੂੰ) ਪਰਚਾਕੇ ਚੇਲਾ ਤੋਂ ਗੁਰੂ ਤੇ ਗੁਰੂ ਤੋਂ ਚੇਲਾ (ਇਕ ਰੂਪ ਹੋ ਗਏ)।
ਜਿੱਕੁਰ ਪੇਟਾ ਅਤੇ ਤਾਣਾ (ਵਖੋ ਵਖ ਨਾਉਂ) ਕਹੀਦੇ ਹਨ ਸੂਤ ਇਕੋ ਹੈ ਜੋ ਮਿਲਕਰ ਕੱਪੜਾ ਹੁੰਦਾ ਹੈ (ਭਾਵ ਗੁਰੂ ਨਾਨਕ ਤੇ ਅੰਗਦ ਮਿਲਕੇ ਗੁਰੂ ਅਮਰ ਨਾਮ ਹੋਇਆ)।
ਦੁੱਧ ਥੋਂ ਦਹੀਂ, ਤੇ ਦਹੀਂ ਤੋਂ ਮੱਖਣ ਨਿਕਲ ਕੇ ਸਾਰੇ ਕੰਮੀਂ ਸੋਭਦਾ ਹੈ।
ਫੇਰ ਕਮਾਦ ਥੋਂ (ਰੇਲਾ ਪੇਲਾ) ਗੁੜ ਸ਼ੱਕਰ ਹੁੰਦੀ ਹੈ, ਉਸੇ ਥੋਂ ਮਿਸ਼ਰੀ ਖੰਡ ਨਿਕਲਦੀ ਹੈ।
ਖੀਰ' (ਦੁਧ), ਖੰਡ, ਅਰ ਘਿਉ ਮਿਲਕੇ ਵਡੇ ਅਚਰਜ ਰਸ ਵਾਲੀ (ਤਸ਼ਮਈ ਬਣਦੀ ਹੈ) ਜਿਸ ਤੋਂ ਰਸ ਲੈਂਦੇ ਹਨ।
ਪਾਨ, ਸੁਪਾਰੀ, ਤੇ ਕੱਥਾ ਮਿਲਕੇ ਚੂਨੇ ਦਾ (ਸੁਰੰਗ) ਲਾਲ ਰੰਗ ਸੁਹਣਾ ਨਿਕਲਦਾ ਹੈ।
ਗੁਰੂ ਨਾਨਕ ਜੀ ਦਾ ਪ੍ਰਮਾਣਿਕ ਪੋਤ੍ਰਾ ਗੁਰੂ ਅਮਰ ਸੁਹਣਾ ਹੋਇਆ (ਅਥਵਾ ਨੌਤਨ=ਨਾਦੀ ਪੋਤ੍ਰਾ ਹੈ)
ਤਿਲਾਂ ਦਾ ਫੁੱਲਾਂ ਨਾਲ ਮਿਲਣ ਕਰ ਕੇ ਅਮੋਲਕ ਸੁਗੰਧਿ ਵਾਲਾ ਫੁਲੇਲ ਬਣਦਾ ਹੈ; (ਤਿਵੇਂ ਹੀ) ਸਿਖ ਗੁਰੂ ਦੀ ਮਿਲੌਨੀ ਨਾਲ ਹੋ ਜਾਂਦਾ ਹੈ।
ਖਾਸਾ, ਮਲਮਲ, ਸਿਰੀਸਾਫ ਆਦਿ ਕੱਪੜਿਆਂ ਦੇ ਬਾਹਲੇ ਖੇਲ ਕਪਾਹ (ਹੀ ਰੂਪ ਹਨ ਤਿਹਾ ਹੀ) 'ਸਾਹ' (ਬ੍ਰਹਮ) ਦੇ 'ਚਲਿਤ' (ਕੌਤਕ) ਅਚਰਜ ਰੂਪ ਹਨ।
ਗੁਰੂ ਦੀ ਮੂਰਤੀ ਗੁਰੂ ਦਾ ਸ਼ਬਦ ਹੈ (ਸ਼ਬਦ ਕਿਥੋਂ ਪ੍ਰਾਪਤ ਹੁੰਦਾ ਹੈ?) ਸਾਧ ਸੰਗਤ ਵਿਖੇ ਅੰਮ੍ਰਿਤ ਵੇਲੇ ਮਿਲੋ (ਭਾਵ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਆਸਾ ਦੀ ਵਾਰ ਸੁਣੋਂ)। (ਗੁਰੂ ਕਿਹੋ ਜਿਹੇ ਹਨ?)
ਦੁਨੀਆਂ ਦੀ ਝੂਠੀ ਸਾਹਿਬੀ (ਜਾਣਦੇ ਹਨ) ('ਸਚਮਣੀ' ਅਰਥਾਤ) ਸੱਚੇ ਮਦ ਵਾਲੇ 'ਸੱਚੇ ਮਦ' ਵਿਖੇ ਮਸਤ ਹਨ।
ਦੇਵੀਆਂ ਦੇਵਤੇ (ਗੁਰੂ ਪ੍ਰਤਾਪ ਦੇਖਕੇ ਇਉਂ) ਨੱਠ ਗਏ ਜਿੱਕੁਰ ਸ਼ੇਰ ਨੂੰ ਦੇਖਕੇ ਮਿਰਗਾਂ ਦੀ ਡਾਰ (ਰਫੂ ਚੱਕ੍ਰ ਹੋ ਜਾਂਦੀ ਹੈ)।
ਰਜ਼ਾਈ (ਗੁਰੂ) ਦੇ ਹੁਕਮ ਵਿਖੇ ਪਿੱਛੇ ਲਗ ਕੇ ਇਉਂ ਤੁਰਦੇ ਹਨ (ਮਾਨੋਂ) ਨੱਕ ਨਕੇਲ (ਪ੍ਰੇਮ ਦੀ ਪਈ ਹੋਈ) ਹੈ।
ਸਚਾ ਗੁਰਮੁਖ ਗੁਰੂ ਅਮਰਦਾਸ ਸੁਖ ਸਰੂਪ ਹੈ।
ਸਤਿਗੁਰੂ (ਅੰਗਦ) ਤੋਂ ਸਤਿਗੁਰੁ (ਗੁਰੂ) ਅਮਰਦਾਸ ਹੋਇਆ ਅਰ ਅਚਰਜ ਹੁਕਮ (ਅਥਵਾ ਖੇਲ) ਵਰਤਾਇਆ।
ਸੋਈ ਰਾਜ ਤਿਲਕ, ਸੋਈ ਸਿੰਘਾਸਣ, ਸੋਈ ਸਚੇ (ਨਾਮ ਦਾ) ਹੁਕਮ ਚਲਾਇਆ।
ਸ਼ਬਦ ਦਾ ਖਜ਼ਾਨਾ' ਖੋਲ੍ਹ ਕੇ ਸਾਧ ਸੰਗਤ ਦਾ ਸੱਚਾ ਮੇਲ ਮਿਲਾ ਦਿਤਾ।
ਚੇਲੇ ਨੂੰ ਗੁਰੂ ਨੇ ਪ੍ਰਮਾਣਿਕ ਕਰ ਕੇ ਚਾਰੇ ਵਰਣ ਲੈਕੇ (ਉਸਦੇ) ਚਰਣੀ ਲਾਏ।
(ਚਾਰ ਵਰਨ ਕੇਹੜੇ ਜੋ ਖਹਿ ਖਹਿ ਮਰ ਰਹੇ ਸਨ? ਉੱਤਰ:- ਨਹੀਂ, ਓਹ ਚਾਰ ਵਰਨਾਂ ਦੇ ਸਿਖ ਜਿਨ੍ਹਾਂ ਨੇ) ਖੋਟੀ ਬੁੱਧੀ ਵਾਲਾ ਦੂਜਾ ਭਾਉ ਮਿਟਾਕੇ ਗੁਰਮੁਖ ਹੋਕੇ ਇਕ (ਵਾਹਿਗੁਰੂ ਦੀ) ਅਰਾਧਨਾ ਕੀਤੀ ਸੀ।
(ਫੇਰ ਕੇਹੜੇ ਸਿੱਖ, ਜੋ ਆਪਣੀਆਂ ਕੁਲਾਂ ਤੇ ਵਰਨ ਆਸ਼੍ਰਮ ਦੇ ਧਰਮਾਂ ਵਿਚ ਫਸੇ ਪਏ ਸਨ? ਉੱਤਰ- ਨਹੀਂ) ਸਾਰਿਆਂ ਸਿੱਖਾਂ ਦਾ ਕੁਲਾ ਧਰਮ (ਹੁਣ ਇਹ ਹੈ ਕਿ ਸਭ ਨੂੰ) ਮਾਯਾ ਵਿਚ ਉਦਾਸ ਰਖਿਆ।
ਪੂਰੇ (ਗੁਰੂ ਅੰਗਦ ਜੀ ਨੇ ਆਪਣੇ ਪ੍ਰਲੋਕ ਪਯਾਨ ਤੋਂ ਮਗਰੋਂ ਲਈ) ਪੂਰਨ ਗੁਰੂ ਦਾ ਇੰਤਜਾਮ ਬਣਾ ਦਿਤਾ।
ਆਦਿ ਪੁਰਖ' (ਵਾਹਿਗੁਰੂ ਤੇ) 'ਗੁਰਆਦਿ' (ਨਾਨਕ) ਨੂੰ ਨਮਸਕਾਰ ਹੈ, (ਜਿਨ੍ਹਾਂ ਨੇ) ਮੁੱਢ ਅਰ ਜੁੱਗਾਂ ਦੇ ਮੁੱਢ ਤੋਂ ਸ਼ਬਦ ਹੀ ਵਰਤਾਯਾ।
(ਵਾਹਿਗੁਰੂ ਨੇ ਗੁਰ ਨਾਨਕ ਨੂੰ ਅਰ ਗੁਰੂ ਨੇ ਸੰਸਾਰ ਨੂੰ) ਨਾਮ ਦਾਨ, ਇਸ਼ਨਾਨ ਦੀ ਦ੍ਰਿੜ ਗੁਰਸਿਖਯਾ ਦੇਕੇ (ਸਾਰੇ) ਸੰਸਾਰ ਨੂੰ ਤਾਰ ਦਿਤਾ।
ਕਲੀ ਕਾਲ ਵਿਖੇ ਧਰਮ ਦੇ (ਚਾਰ ਪੈਰ ਅਰਥਾਤ ਤਪ, ਸੌਚ, ਦਾਨ, ਸਤ, ਵਿਚੋਂ) ਇਕ ਪੈਰ ਰਹਿੰਦਾ ਸੀ (ਆਪ ਨੇ) ਚਾਰੇ ਪੈਰ (ਏਹ:- ਸਤ, ਸੰਤੋਖ, ਵੀਚਾਰ, ਨਾਮ) ਸਾਬਤ ਕਰ ਦਿਤੇ।
ਭੱਲਾ (ਜਾਤ ਵਾਲੇ ਗੁਰੂ ਅਮਰਦਾਸ ਜੀ ਨੇ ਆਪਣਾ ਨਾਮ) ਭਲਿਆਈ ਕਰ ਕੇ ਭਲਾ ਹੀ ਕੀਤਾ, (ਕਿਉਂ ਜੋ) ਪਿਉ ਦਾਦੇ ਦਾ ਰਾਹ (ਪੂਰਾ) ਰਖਿਆ (ਭਾਵ ਗੁਰੂ ਨਾਨਕ ਅਤੇ ਗੁਰੂ ਅੰਗਦ ਜੀ ਦੀ ਸੰਪ੍ਰਦਾਯ ਜਿਉਂ ਦੀ ਤਿਉਂ ਰੱਖੀ)।
ਅੰਗਮ, ਅਗੋਚਰ ਤੇ ਗਹਣ ਗਤਿ ਵਾਲੇ ਅਲਖ (ਪਰਮਾਤਮਾ) ਨੂੰ ਸਬਦ ਸੁਰਤ ਦੀ ਲਿਵ ਨਾਲ (ਜਗ੍ਯਾਸੂਆਂ ਪ੍ਰਤਿ) ਲਖਾ ਦਿੱਤਾ। (ਭਾਵ ਹਸਤਾਮਲ ਵਤ ਆਤਮਾ ਦਾ ਦਰਸ਼ਨ ਕਰਾ ਦਿੱਤਾ।)
(ਇਸੇ ਕਰ ਕੇ ਗੁਰੂ ਅਪਰੰਪਰ ਕਹੀਏ) ਪਰੇ ਤੋਂ ਪਰੇ ਹੈ ('ਅਗਾਧ') ਡੂੰਘੇ ਗਿਆਨ ਵਾਲਾ ਹੈ, ਮਿਤ ਤੋਂ ਪਰੇ ਹੈ, ਪਾਰਾਵਾਰ ਕੋਈ ਨਹੀਂ ਕਹਿ ਸਕਦਾ (ਕਿਉਂ ਜੋ ਪਾਰ ਵਾ ਉਰਾਰ ਨੂੰ ਪਾਰ ਵਾਲੇ ਉਰਾਰ ਤੇ ਪਾਰ ਕਹਿੰਦੇ ਹਨ)।
(ਗੁਰੂ ਅਮਰਦਾਸ ਨੇ) ਆਪੇ ਆਪ (ਹੋ ਕੇ) ਆਪਣਾ ਆਪ ਨਹੀਂ ਜਣਾਇਆ।
ਰਾਗ ਦ੍ਵੈਖ (ਅਰਥਾਤ ਕਿਸੇ ਨਾਲ ਪ੍ਰੀਤ ਅਰ ਦੂਜੇ ਨਾਲ ਵੈਰ ਰੱਖਣ) ਦੇ ਦੋਖਾਂ ਤੋਂ ਨਿਰਦੋਖ ਅਰ ('ਰਾਜ ਜੋਗ') ਗ੍ਯਾਨ ਜੋਗ ਦਾ ਵਰਤਾਰਾ ਵਰਤ ਰਿਹਾ ਹੈ।
ਮਨ, ਬਾਣੀ, ਅਰ ਸਰੀਰ ਕਰ ਕੇ ਭੇਤ ਕਿਸੇ ਨਹੀਂ ਲੱਭਿਆ (ਕਿਉਂ ਜੋ ਆਪ) ਅਪਰ ਅਪਾਰ ਰੂਪ ਹਨ।
(ਕਿਧਰੇ) ਦਇਆ ਕਰ ਕੇ ਦਾਨੀ ਕਹਾਕੇ ਦਾਤਾ ਹਨ (ਤੇ ਕਿਤੇ ਆਪ ਹੀ) ਭੁਗਤਾ ਹਨ, ਸਤਿਸੰਗ (ਜੁੜਨ ਲਈ ਅਰ ਸੰਸਾਰ ਦੇ) ਉਧਾਰ ਲਈ ਹਰਿਮੰਦਰ (ਦਾ ਮੁੱਢ ਕੀਤਾ)।
(ਆਪ) ਸਤਿਗੁਰੂ ਸੱਚੇ ਦੇ ਸਵਾਰਣ ਹਾਰੇ ਸਹਜ ਸਮਾਧੀ ਅਗਾਧ ਬੋਧ (ਦਸ਼ਾ ਵਿਚ ਚਲੇ, ਭਾਵ ਅੰਤਰ ਧ੍ਯਾਨ ਹੋਣ ਲੱਗੇ)।
ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਦੀ ਆਪਣੀ ਜੋਤ ਤੋਂ ਜੋਤ ਜਗਾਕੇ ('ਜੁਹਾਰਾ') ਨਮਸਕਾਰ ਕੀਤੀ।
(ਜਿਨ੍ਹਾਂ) ਗੁਰੂ ਦੇ ਸਿੱਖ ਹੋ ਕੇ ਸ਼ਬਦ ਸੁਰਤ (ਦੀ ਸੂਝ ਕੀਤੀ ਹੈ) ਅਨਾਹਦ ਬਾਣੀ ਦੀ ਇਕ ਰਸ ਧਾਰਾ (ਦਾ ਅਨੰਦ ਪਾਯਾ ਹੈ)।
ਗੁਰਿਆਈ ਦੀ ਗੱਦੀ ਅਰ ਭਾਗ੍ਯ ਸਾਰੇ ਸੰਸਾਰ ਵਿਖੇ ਪਰਗਟ ਹੋ ਗਿਆ।
ਪਿਤਾ (ਗੁਰੂ ਅਮਰ) ਦਾਦਾ (ਗੁਰੂ ਅੰਗਦ) ਪੜਦਾਦਾ (ਗੁਰੂ ਨਾਨਕ ਦੀ ਕੁਲ ਵਿਖੇ) ਉਹਨਾਂ ਵਰਗਾ ਪ੍ਰਮਾਣੀਕ ਪੜੋਤਾ ਹੋਇਆ।
ਗੁਰੂ ਦੀ ਮਤ ਲੈਕੇ ਕਲਜੁਗ ਅੰਦਰ ਆਪ ਜਾਗਕੇ (ਹੋਰਨਾਂ ਨੂੰ) ਜਗਾਉਂਦੇ ਹਨ ਉਥਾਰੇ ਦੀ ਨੀਂਦ ਤੋਂ (ਅਥਵਾ ਨੀਂਦ ਤੋਂ ਜਗਾਉਣਾ ਕੌੜਾ ਲਗਦਾ ਹੈ, ਅਰ ਕੌੜੇ ਚਸ਼ਮੇ ਦਾ ਪਾਣੀ ਰੋਗ ਦੂਰ ਕਰਦਾ ਹੈ)।
(ਦੀਨ ਦੁਨੀ) ਲੋਕ ਪ੍ਰਲੋਕ ਦਾ ਥੰਮ੍ਹ ਹੋਕੇ ਭਾਰੀ ਭਾਰ ਨੂੰ ਥੰਮ੍ਹ ਖਲੋਤਾ।
(ਇਸ ਸਮੇਂ ਜਗ੍ਯਾਸੂ ਨੂੰ) ਸੰਸਾਰ ਦਾ ਭੈ ਨਹੀਂ ਵਿਆਪਦਾ, ਗੁਰੂ ਦੇ ਜਹਾਜ਼ ਚੜ੍ਹਕੇ (ਫੇਰ) ਗ਼ੋਤਾ ਨਹੀਂ ਖਾਂਦਾ।
ਅਉਗੁਣ ਲੈ ਕੇ (ਗੁਰੂ ਦੇ ਪਾਸ) ਗੁਣ ਵਿਹਾਝ ਲਈਦੇ ਹਨ, ਗੁਰੂ ਦੀ ਹੱਟੀ ਦਾ ਵਣਜ ਨਫੇਵੰਦਾ ਹੈ।
ਰਤਨ ਪਦਾਰਥ (ਦੈਵੀ ਗੁਣਾਂ) ਦਾ ਪ੍ਰੋਤਾ ਹੋਇਆ ਹਾਰ (ਇਕ ਵਾਰੀ) ਮਿਲ ਜਾਵੇ ਤਾਂ ਫੇਰ ਨਹੀਂ ਵਿਛੜਦਾ (ਪ੍ਰਮਾਣ: 'ਸਖੀ ਵਸਿ ਆਇਆ ਫਿਰਿ ਛੋਡਿ ਨਾ ਜਾਈ ਇਹ ਰੀਤਿ ਭਲੀ ਭਗਵੰਤੈ')।
ਗੁਰੂ ਸਰੋਵਰ ਦਾ ਜਲ ਨਿਰਮਲ ਹੈ (ਇਸ ਵਿਖੇ) ਧੋਤਾ ਹੋਇਆ (ਮਨ) ਕਦੇ ਫੇਰ ਮੈਲਾ ਨਹੀਂ ਹੁੰਦਾ।
ਗੁਰੂ ਨਾਨਕ ਦੀ ਕੁਲ ਵਿਚ (ਐਸਾ ਪਰਉਪਕਾਰੀ ਤੇ) ਨਿਰਲੇਪ ਕਵਲ (ਗੁਰੂ ਰਾਮਦਾਸ ਜੀ) ਹੋਏ।
ਗੁਰਮੁਖਾਂ ਨੂੰ ਹੀ ਸਚ (ਪਰਮਾਤਮਾਂ) ਦਾ ਮਿਲਾਪ ਹੁੰਦਾ ਹੈ; (ਕਿਉਂਕਿ) ਸਚਿਆਰਾਂ ਦੇ ਸੰਜੋਗ ਨਾਲ ਹੀ ਸੱਚ ਪ੍ਰਾਪਤ ਹੁੰਦਾ ਹੈ।
ਪਰਵਾਰ ਵਿਖੇ ਗੁਰੂ ਜੀ ਦੀ ਘਰਬਾਰੀ ਹੋਕੇ ਭੋਗਾਂ ਨੂੰ ਭੋਗਦੇ (ਜਾਪਦੇ ਅਰ) ਰਸ ਭੋਗੀ ਰਾਜੇ (ਪ੍ਰਤੀਤ ਹੁੰਦੇ ਹਨ)।
(ਪਰ ਅਸਲ ਵਿਚ) ਆਸਾ ਵਿਖੇ ਨਿਰਾਸ ਹੋਕੇ (ਰਹਿੰਦੇ ਹਨ) ਇਸ ਜੋਗ ਦੀ ਜੁਗਤੀ ਵਿਖੇ ਜੋਗੀਸ਼ਰ ਹੋਕੇ ਜੁੜਦੇ ਹਨ।
ਦਾਨ ਦਿੰਦੇ ਰਹਿੰਦੇ ਹਨ (ਅਜਿਹਾ ਕਿ ਫੇਰ) ਮੰਗਦੇ ਨਹੀਂ, ਨਾ (ਦਾਤਾ ਜੀ) ਮੁਰਦੇ ਹਨ ਨਾ ਵਿਜੋਗ ਕਰ ਕੇ ਵਿਛੁੜਦੇ ਹਨ।
ਆਧ, ਬਿਆਧ, ਉਪਾਧ ਥੋਂ ਰਹਿਤ ਵਾਇ, ਪਿਤ, ਕਫ ਆਦਿ ਰੋਗਾਂ ਥੋਂ ਅਰੋਗ ਹਨ।
ਦੁਖ ਸੁਖ ਇਕ ਤੁੱਲ ਹਨ, ਗੁਰੂ ਦੀ ਮਤ (ਪਰ ਇਸਥਿਤੀ ਹੈ) ਦੌਲਤ ਨਾਲ ਖੁਸ਼ੀ ਯਾ ਅਪਦਾ ਸੋਗ ਦੋਵੇਂ ਨਹੀਂ।
(ਗੁਰੂ ਰਾਮਦਾਸ) ਦੇਹ ਵਿਚ (ਵਸਦੇ ਹੋਏ) ਵਿਦੇਹੀ ਹਨ, (ਅਰ) ਲੋਕਾਂ (ਦੀ ਪਰਵਿਰਤੀ ਵਿਚ ਵਸਦੇ) ਨਿਰਵਿਰਤੀ ਵਿਚ ਹਨ।
ਸਾਰਿਆਂ ਦਾ ਸਵਾਮੀ ਇਕ (ਗੁਰੂ ਰਾਮਦਾਸ) ਹੈ, ਦੁਜੀ ਥਾਉਂ ਨ (ਪਿਛੇ) ਹੋਈ ਨਾ (ਕੋਈ ਅੱਗੇ) ਹੋਵੇਗੀ।
ਸ਼ਾਂਤਿ (ਰੂਪ ਮਾਨ) ਸਰੋਵਰ ਹਨ; ਪੂਰਨਤਾ (ਰੂਪ) ਹੰਸ ਹਨ, ਗੁਰਮਤ (ਰੂਪੀ) ਉੱਥੇ ਮਾਣਕ ਤੇ ਮੋਤੀ ਚੋਗਾ ਹਨ।
ਹੇ ਜਗ੍ਯਾਸੂ ! ਪਾਣੀ ਦੇ ਦੁਧ ਵਾਂਙ ਝੂਠ ਤੇ ਸੱਚ ਹੈ (ਤੂੰ ਇਸ ਪੂਰਨ) ਗੁਰੂ ਦੇ ਗ੍ਯਾਨ ਦਾ ਅਧਿਕਾਰੀ ਹੋਕੇ (ਝੂਠ ਨੂੰ) ਛਡ ਅਰ ਸੱਚ ਨੂੰ ਗ੍ਰਹਿਣ ਕਰ ਲੈ।
ਇਕ ਮਨ ਹੋਕੇ ਇਕ (ਵਾਹਿਗੁਰੂ) ਦੀ ਅਰਾਧਨਾਕਰ ਲੈ; ਦੂਜਾ ਭਾਉ, ਛਲ ਅਰ ਝੂਠ ਦੂਰ ਕਰ ਦੇਹ।
(ਕਿਉਂਕਿ ਗੁਰੂ ਜੀ) ਸਬਦ ਸੁਰਤ ਦੀ ਲਿਵ ਵਿਖੇ ਸਾਧ ਸੰਗਤ ਵਿਖੇ ਸਹਿਜ ਪਦ ਦੀ ਸਮਾਧ ਦੇ ਡੂੰਘੇ (ਅਨੁਭਵ ਵਿਚ ਹਨ ਅਰ ਫੇਰ) ਘਰ ਬਾਰੀ ਹਨ (ਭਾਵ ਇਹ ਕਿ ਗੁਰੂ ਰਾਮਦਾਸ ਜੀ ਪੂਰਨ ਪੁਰਖ ਪਰਮਾਰਥ ਦੀ ਅਵਧਿ ਆਪ ਹਨ ਤੇ ਗ੍ਰਿਹਸਥੀ ਬੀ ਹਨ। ਇਸ ਕਰ ਕੇ ਸਭ ਜਾਣਦੇ ਹਨ)।
(ਕਿਆ ਮਾਮੂਲੀ ਸਾਧੂ ਹਨ? ਨਹੀਂ ਓਹ ਪੂਰਨ ਪਦ ਤੇ ਗੁਰ ਅਵਤਾਰ ਹਨ) ਜਨਮ ਮਰਣ ਥੋਂ ਬਾਹਰ ਹਨ (ਕੇਵਲ) ਪਰੋਪਕਾਰ (ਵਾਸਤੇ ਅਵਤਾਰ ਧਾਰਦੇ ਹਨ, ਆਪ) ਪਰੇ ਥੋਂ ਪਰੇ ਜੁੜੀ ਹੋਈ ਦਸ਼ਾ ਵਿਚ ਹਨ (ਯਥਾ:-”ਜਨਮ ਮਰਨ ਦੁਹਹੂ ਮਨਿ ਨਾਹੀ ਜਨ ਪਰਉਪਕਾਰੀ ਆਏ”)।
ਗੁਰੂ ਰਾਮਦਾਸ ਜੀ ਵਿਚ ਗੁਰੂ ਅਮਰਦਾਸ ਜੀ ਸਮਾ ਰਹੇ ਹਨ।
ਲਖਣ ਤੋਂ ਅਰ ਮਾਯਾ ਥੋਂ ਪਰੇ ਕਹੀਦੇ ਹਨ, ਅਕਲ, ਅਜੋਨੀ, ਅਕਾਲ, (ਆਦਿ) ਅਪਾਰ (ਨਾਮ ਹਨ)।
ਸੂਰਜ ਚੰਦ੍ਰਮਾਂ ਦੀ ਜੋਤ ਪ੍ਰਕਾਸ਼ ਦੇ ਉਦਯ ਹੋਣ ਥੋਂ ਪਰਮਜੋਤੀ ਪਰਮੇਸੁਰ ਹੀ ਪ੍ਯਾਰਾ ਹੈ।
ਜਗਮਗ ਕਰ ਕੇ ਇਕ ਰਸ ਜੋਤ ਪ੍ਰਕਾਸ਼ ਰਹੀ ਹੈ, ਜਗਤ ਦੇ ਜੀਵਨ ਰੂਪ ਹਨ, (ਇਸੇ ਕਰਕੇ) ਜਗਤ ਜੈ ਜੈ ਕਾਰ ਕਰ ਰਿਹਾ ਹੈ।
ਸੰਸਾਰ ਵਿਖੇ ਸਭ ਨਮਸਕਾਰਾਂ ਕਰਦੇ (ਸਰਬ ਸੰਤਾਂ ਦੇ) ਆਦਿ ਪੁਰਖ ਹਨ, (ਜੋ ਕੋਈ) ਨਮਸਕਾਰ ਕਰੇ ਉਧਾਰ (ਪਾਉਂਦਾ ਹੈ)।
ਚਾਰ ਵਰਣਾਂ ਛੀ ਦਰਸ਼ਨਾਂ ਵਿਚੋਂ ਗੁਰਮੁਖ ਦਾ ਮਾਰਗ ਹੀ ਸੱਚੇ ਆਚਾਰ ਵਾਲਾ ਹੈ।
(ਕਿਉਂ ਜੋ) ਗੁਰਮੁਖ (ਪੰਥ ਵਿਚ) ਨਾਮ ਦਾਨ ਤੇ ਇਸ਼ਨਾਨ ਦ੍ਰਿੜ੍ਹ ਕਰਦੇ ਹਨ ਅਤੇ ਪ੍ਰੇਮਾ ਭਗਤੀ ਨਾਲ ਨਿਸਤਾਰਾ ਪਾਉਂਦੇ ਹਨ (ਜੋ ਸਿੱਧੇ ਰਸਤੇ ਹਨ)।
ਇਨ੍ਹਾਂ (ਸਾਰੀਆਂ ਦਾਤਾਂ ਲਈ) ਸ੍ਰੀ ਗੁਰੂ ਅਰਜਨ ਜੀ ਸੱਚੇ ਸਿਰਜਣਹਾਰ ਹਨ।
(ਗੁਰੂ ਰਾਮ ਦਾਸ) ਪਿਤਾ, ਦਾਦਾ (ਗੁਰੂ ਅਮਰ), ਪੜਦਾਦਾ (ਗੁਰੂ ਅੰਗਦ ਅਰ ਨਾਨਕ ਦੀ) ਕੁਲ ਦੀ ਦੀਵਾ ਅਜਰ ਤੇ ਅਮਰ (ਪੜਪੋਤਾ) ਪੰਜਵਂ ਥਾਉਂ ਗੁਰੂ ਅਰਜਨ ਜੀ ਹੋਏ।
ਤਖਤ ਅਤੇ ਬਖਤ (ਭਾਗ) ਨੂੰ ਮੱਲ ਲੀਤਾ, ਸਬਦ ਸੁਰਤ ਦਾ ਪਤਵੰਤਾ ਵਪਾਰ ਕੀਤਾ।
ਗੁਰਬਾਣੀ ਦਾ ਭੰਡਾਰ (ਖ਼ਜ਼ਾਨਾ ਗੁਰੂ ਗ੍ਰੰਥ ਸਾਹਿਬ) ਭਰ ਦਿੱਤਾ (ਸ਼੍ਰੀ ਦਰਬਾਰ ਸਾਹਿਬ ਵਿਖੇ ਅੱਠ ਪਹਿਰ) ਕਥਾ ਕੀਰਤਨ ਦੇ ਰੰਗ ਵਿਖੇ ਰੱਤੇ ਰਹਿੰਦੇ ਹਨ।
ਇਕ ਰਸ ਬੇਹੱਦ ਧੁਨੀ ਝਰਦੀ ਹੈ, ਪੂਰਨ ਪ੍ਰੇਮ ਅੰਮ੍ਰਿਤ ਰਸ ਵਿਖੇ ਮਸਤ ਹਨ। (ਭਾਵ ਕਥਾ ਕੀਰਤਨ ਵਿਖੇ, ਵੈਰਾਗ ਵਿਖੇ)।
ਜਦ ਗੁਰ ਸਭਾ ਲੱਗਦੀ ਹੈ, ਰਤਨ ਪਦਾਰਥ ਦਾ ਵਣਜ ਲਾਭਦਾਇਕ ਹੁੰਦਾ ਹੈ।
ਨੀਸਾਣ ਅਰ ਦੀਵਾਨ ਸੱਚਾ ਹੈ, ਮਾਣ ਤਾਣ ਅਰ ਮਹੱਤ (ਗੁਰੂ ਦੀ ਵਡਿਆਈ) ਸੱਚੀ ਹੈ।
(ਗੁਰੂ ਅਰਜਨ ਜੀ ਦਾ) ਰਾਜ ਅਬਚਲ ਹੈ ਅਰ ('ਸਣਖੱਤਾ') ਸ੍ਰੇਸ਼ਟ ਹੈ।
ਚਾਰੇ ਚੱਕ (ਦਿਸ਼ਾਂ) ਗੁਰੂ ਜੀ ਨੇ ਅਧੀਨ ਕਰ ਲੀਤੇ ਹਨ, ਸਿੱਖਾਂ ਦੀਆਂ ਸੰਗਤਾਂ ਅਨਗਿਣਤ (ਵਹੀਰ ਪਾਈ) ਆਉਂਦੀਆਂ ਹਨ।
ਲੰਗਰ ਗੁਰੂ ਦੇ ਹੁਕਮ ਨਾਲ ਚਲਦਾ ਹੈ, (ਕੁਝ ਟੋਟ ਨਹੀਂ ਹੁੰਦੀ) ਕਿਉਂ ਜੋ ਪੂਰੇ ਗੁਰੂ ਦੀ ਪੂਰੀ ਬਣੌਤ ਹੈ, (ਯਾ ਸ਼ਬਦ ਦਾ ਲੰਗਰ ਚਲਦਾ ਹੈ)।
ਗੁਰਮੁਖਾਂ ਦਾ ਛਤ੍ਰ ਨਿਰੰਜਨੀ ਹੈ (ਭਾਵ ਆਪ ਨਿਰੰਜਨ ਅਕਾਲ ਪੁਰਖ ਦਾ ਦਿਤਾ ਹੋਇਆ ਹੈ, ਅਥਵਾ ਅਨਾਮੀ ਹੈ) ਪੂਰਣ ਬ੍ਰਹਮ ਦੇ ਪਰਮ ਪਦ ਵਿਖੇ ਮਸਤ ਰਹਿ ਰਹਿੰਦੇ ਹਨ।
ਵੇਦਾਂ ਕਤੇਬਾਂ ਥੋਂ (ਮਹਿੰਮਾਂ) ਅਗੋਚਰ ਹੈ, ਗੁਰਮੁਖਾਂ ਦਾ ਸਬਦ ਹੈ, (ਜੋ) ਸਾਧ ਸੰਗਤ ਸਤ ਸਰੂਪ ਵਿਚੋਂ ਪ੍ਰਾਪਤ ਹੁੰਦਾ ਹੈ)।
ਗੁਰੂ ਜੀ (ਆਪਣੇ) ਸਿੱਖਾਂ ਨੂੰ ਮਾਯਾ ਵਿਖੇ ਹੀ ਉਦਾਸ ਕਰ ਦੇਂਦੇ ਹਨ, ਜਨਕ ਵਰਗੇ ਅਸੰਖਾਂ ਭਗਤ (ਆਪ ਨੇ ਬਣਾ ਦਿਤੇ ਹਨ)
(ਗੁਰੂ ਜੀ ਦੀ) ਕੁਦਰਤ ਅਰ ਕੀਮਤ ਨਹੀਂ ਪਾਈ ਜਾਂਦੀ, ਉਨ੍ਹਾਂ ਦੀ ਕਥਾ ਅਕੱਥ ਹੈ (ਅਰ ਗਤੀ) ਅਬਿਗਤ ਤੋਂ ਅਬਗਤ ਹੈ, (ਭਾਵ ਵਡੀ ਦੁਰਗਮ ਅਰ ਕਠਨ ਸਮਝਣੀ ਹੈ)।
(ਪਰ) ਗੁਰਮੁਖਾਂ ਨੂੰ ਸੁਖ ਫਲ ਦੀ ਪ੍ਰਾਪਤੀ ਸਹਿਜੇ ਅਰ ਭਲੀ ਰੀਤਿ ਨਾਲ ਹੁੰਦੀ ਹੈ।
(ਗੁਰੂ) ਹਰਖ ਸੋਗ ਥੋਂ ਨਿਰਲੇਪ ਹਨ, ਹਰ ਲੈਣ, ਪੋਖਣ ਅਰ ਸਿਰਜਣ ਵਿਖੇ ਸਮਰੱਥ ਹਨ, (ਭਾਵ ਤਿੰਨੇ ਕੰਮਾਂ ਵਿਚ ਸਮਰੱਥ ਗੁਰੂ ਹਨ)।
ਰਸ, ਕਸ, ਰੂਪ, ਰੇਖ, ਰਾਗ, ਰੰਗ ਥੋਂ ਨਿਰਲੇਪ ਹਨ।
ਗਿਆਨ ਦੀ ਗੋਸ਼ਟ (ਚਰਚਾ) ਥੋਂ ਅਵਿਖਯ ਹਨ। (ਇਉਂ ਨਹੀਂ ਸਮਝੇ ਜਾਂਦੇ) ਬੁਧਿ, ਬਲ, ਬਚਨ, ਬਿਬੇਕ ਤੇ ਮੁਛੰਦਗੀ (ਉਥੇ ਨਹੀਂ ਚਲ ਸਕਦੇ)
ਗੁਰੂ ਗੋਬਿੰਦ (ਰੂਪ ਹੈ) ਗੋਬਿੰਦ ਗੁਰੂ ਰੂਪ ਹੈ, (ਐਸੇ ਇਕ ਮਿਕ ਰੂਪ ਵਾਲਾ) ਹਰਿਗੋਬਿੰਦ ਸਦਾ ਪ੍ਰਸੰਨ ਹੈ।
ਅਚਰਜ ਨੂੰ ਅਚਰਜ ਅਰ ਵਿਸਮਾਦ ਨਾਲ ਵਿਸਮਾਦ ਦਾ ਮੇਲ ਮਿਲਦਾ ਹੈ (ਭਾਵ ਗੁਰੂ ਅਰਜਨ ਵਿਸਮਾਦ ਰੂਪ ਹਰਿਗੋਬਿੰਦ ਵਿਸਮਾਦ ਰੂਪ ਵਿਚ ਸਮਾਏ)।
ਗੁਰਮੁਖਾਂ ਦੇ ਰਸਤੇ ਚੱਲਣਾ ਖੰਡੇ ਦੀ ਧਾਰਾ ਪੁਰ ਚੱਲਣ ਦੀ ਕਾਰ ਨਿਬਾਹੁਣ (ਵਾਲੇ ਆਪ ਹੀ ਹਨ, ਭਾਵ ਐਸੇ ਗੁਰੂ ਦੀ ਕ੍ਰਿਪਾ ਨਾਲ ਹੀ ਨਿਭ ਸਕਦਾ ਹੈ)।
ਗੁਰਾਂ ਦੀ ਸਿਖ੍ਯਾ ਲੈਕੇ (ਜੋ) ਗੁਰ ਸਿਖ ਚਲਦਾ ਹੈ (ਉਹ ਮੰਜ਼ਲ ਪੁਰ ਪਹੁੰਚ ਜਾਂਦਾ ਹੈ)
ਹੰਸਾਂ (ਗੁਰਮੁਖਾਂ) ਵਿਚੋਂ (ਗੁਰੂ ਉਹ) ਹੰਸ ਹਨ (ਜਿਹੜੇ) ਗ੍ਯਾਨ ਕਰ ਕੇ ਦੁਧ ਵਿਚੋਂ ਪਾਣੀ (ਝੂਠ) ਅੱਡ ਕਰ ਦਿੰਦੇ ਹਨ।
ਕੱਛੂਆਂ ਵਿੱਚ(ਗੁਰੂ ਜੀ ਉਸ) ਕੱਛੂ (ਵਤ ਹਨ ਜੋ) ਧ੍ਯਾਨ ਕਰ ਕੇ (ਸਿੱਖਾਂ ਨੂੰ ਪਾਲਦੇ ਹਨ, ਇਸ ਕਰ ਕੇ ਉਨ੍ਹਾਂ ਨੂੰ ਮਾਯਾ ਦੀ) ਘੁੰਮਣਘੇਰੀ ਦੀ ਲਹਿਰ ਨਹੀਂ ਵ੍ਯਾਪ ਸਕਦੀ (ਯਥਾ “ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ॥........ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ”)।
(ਗੁਰੂ) ਕੂੰਜਾਂ ਵਿਚੋਂ (ਉਸ) ਕੂੰਜ ਵਾਂਗੂੰ ਕਹੀਦੇ ਹਨ ਜੋ ਅਸਮਾਨਾਂ ਨੂੰ ਉਡਦੀ ਫਿਰਦੀ (ਬਚਿਆਂ ਨੂੰ) ਚਿੰਤਨ ਕਰਦੀ ਹੈ।
ਗੁਰੂ ਨਾਲ ਪ੍ਰੇਮ ਰੱਖੀਦੇ ਗੁਰੂ ਜੀ (ਦੀ ਬਾਣੀ ਦ੍ਵਾਰਾ) ਗਿਆਨ ਧਿਆਨ, (ਅਰ ਪਰਮਾਤਮਾ ਦਾ) ਸਿਮਰਨ ਗੁਰਬਾਣੀ (ਦੁਆਰਾ) ਕਰੀਏ, (ਪੰਜਵੀਂ ਤੋਂ ਸੱਤਵੀਂ ਤੁਕ ਤੀਕ ਸਿਖ ਦਾ ਲੱਛਣ ਦੱਸਦੇ ਹਨ)।
ਗੁਰੂ ਦੀ ਸਿਖ੍ਯਾ ਲੈ ਕੇ ਗੁਰਸਿਖ ਹੋਣ (ਆਪ ਹੁਦਰੇ ਨਾ ਹੋਣ) ਸਾਧ ਸੰਗਤ ਵਿੱਚ ਜਗਤ ਵਿਖੇ ਜਾਵਣ (ਭਾਵ ਜਿਥੇ ਦੇਖਣ, ਸਤਿਸੰਗ ਕਰਣ ਉਥੇ ਜਾਕੇ)।
ਪੈਰੀਂ ਪੌਣਾ ਕਰਣ, ਗਰਬ ਦੂਰ ਕਰ ਕੇ ਖ਼ਾਕ ਬਰਾਬਰ ਆਪ ਨੂੰ ਮੰਨਕੇ ਗਰੀਬੀ (ਮਨ ਵਿਖੇ) ਰੱਖਣਾ।
ਗੁਰੂ ਜੀ ਦਾ ਚਰਣਾਂਮ੍ਰਿਤ ਅੰਮ੍ਰਿਤ ਦੀ ਵੰਨੀ ਵਾਲਾ ਛਕਣ।
ਨਿਰਵਾਨ (ਜੋਤੀ ਜੋਤ ਸਮਾਉਣ) ਦੀ ਖਾਤਰ ਸਦਾ ਸਥਿਰ ਦਰਿਆਵੁ (ਵਾਹਿਗੁਰੂ) ਵਿਚ ਗੁਰੂ ਜੀ ਮੱਛੀ (ਦੇ ਦਰਯਾਉ ਵਿਚ ਲੀਨ ਰਹਿਣ) ਵਾਂਗੂੰ ਲੀਨ ਹੋਏ।
(ਵਾਹਿਗੁਰੂ ਦਾ) ਦਰਸ਼ਨ ਕਰ ਕੇ ਪਤੰਗੇ ਵਾਂਗੂੰ (ਗੁਰੂ ਜੀ ਦੀ) ਜੋਤ ਜੋਤੀ (ਅਕਾਲ ਪੁਰਖ) ਵਿਚ ਸਮਾ ਗਈ।
(ਜਿਸ ਵੇਲੇ ਪੰਚਮ ਗੁਰੂ ਜੀ ਨੂੰ ਤਸੀਹਿਆਂ ਦੀ ਡਾਢੀ) ਭੀੜ ਪਈ (ਔਕੜ ਬਣੀ) ਉਸ ਵੇਲੇ ਬੀ (ਗੁਰੂ ਜੀ ਨੇ) ਜੀ ਵਿਚ ਹੋਰ ਕੁਝ ਨਹੀਂ ਲਿਆਂਦਾ, ਮ੍ਰਿਗ (ਜਿਸਤਰ੍ਹਾਂ ਪਕੜੀਨ ਲਗਾ ਘੰਡਾ ਹੇੜੇ ਦੇ ਨਾਦ ਪਰ ਮਸਤ ਰਹਿੰਦਾ ਹੈ, ਤਿਵੇਂ) ਸ਼ਬਦ ਦੀ ਸੁਰਤ ਦੀ ਲਿਵ ਵਿਖੇ ਰਹੇ।
(ਜੋਤੀ ਜੋਤ ਸਮਾਉਣ ਤੋਂ ਪਹਿਲੀ ਰਾਤ ਬੜੀ ਕਸ਼ਟ ਭਰੀ ਸੀ, ਪਰ ਭਾਈ ਸਾਹਿਬ ਜੀ ਦਸਦੇ ਹਨ ਕਿ ਗੁਰੂ ਜੀ ਦੀ ਉਹ) ਰਾਤ (ਭੀ) ਭਵਰ ਦੀ ਤਰ੍ਹਾਂ ਵਾਹਿਗੁਰੂ ਦੇ ਚਰਨਾਂ ਕਮਲਾਂ ਵਿਰ ਮਿਲੇ ਰਹਿਕੇ (ਮਾਨੋ) ਸੁਖਾਂ ਦੇ ਡਬੋ ਵਿਚ (ਬੈਠਿਆਂ) ਬੀਤੀ (ਭਾਵ ਗੁਰੂ ਜੀ ਨੇ ਕਸ਼ਟ ਨਹੀਂ ਮੰਨਿਆਂ, ਸਹਜਾਨੰਦ ਵਿਚ ਹੀ ਰਹੇ)।
(ਸ਼ੰਕਾ ਹੁੰਦੀ ਹੈ ਕਿ ਆਤਮ ਸੁਖ ਵਿਚ ਹੀ ਕੇਵਲ ਰਹੇ? ਨਹੀਂ) ਗੁਰੂ ਜੀ ਨੂੰ ਉਪਦੇਸ਼ ਕਰਨਾ ਬੀ ਨਹੀਂ ਭੁਲਿਆ (ਆਤਮ ਸੁਆਸਾਂ ਤਕ ਬੀ) ਬਾਂਬੀਹੇ ਦੀ ਤਰ੍ਹਾਂ ਪੁਕਾਰ ਕੇ (ਸ਼ਬਦ ਦਾ) ਵ੍ਯਾਖਾਨ ਕਰਦੇ ਰਹੇ।
ਗੁਰਮੁਖ (ਗੁਰੂ ਅਰਜਨ ਨੇ) ਪ੍ਰੇਮ ਰਸੁ, ਸੁਖ ਰੂਪੀ ਫਲ, ਸਹਿਜ ਸਮਾਧ ਸਾਧ ਸੰਗਤ ਹੀ ਜਾਣੀ ਸੀ।
ਮੈਂ ਗੁਰੂ ਅਰਜਨ ਤੋਂ ਕੁਰਬਾਨ ਹਾਂ (ਜਿਨ੍ਹਾਂ ਦੀ ਏਹ ਅਚਰਜ ਕਰਨੀ ਸੀ)।
ਨਿਰਗੁਣ ਬ੍ਰਹਮ ਨੇ ('ਪੂਰਣ ਬ੍ਰਹਮ') ਸਰਗੁਣ ਮੂਰਤੀ ਸਤਿਗੁਰੂ (ਨਾਨਕ ਅਥਵਾ ਗੁਰੂ ਅਰਜਨ) ਦੀ ਆਪਣੇ ਆਪ ਥੋਂ ਉਤਪਤੀ ਕੀਤੀ।
ਓਹੀ ਸਤਿਗੁਰੂ ਗੁਰੂ ਹਰਿਗੋਬਿੰਦ ਹੈ ਅਰ ਹਰਿਗੋਬਿੰਦ ਸਤਿਗੁਰੂ ਹੈ; ਨਾਮ ਦੋ ਹਨ, ਜੋਤ ਇਕ ਧਾਰੀ ਹੈ।
ਪਿਉ ਥੋਂ ਪੁੱਤ ਪੁੱਤ ਥੋਂ ਪਿਉ ਅਚਰਜ ਰੂਪ ਸੁਣਿਆਂ ਗਿਆ।
ਬ੍ਰਿੱਛ ਥੋਂ ਫਲ, ਫਲ ਥੋਂ ਬ੍ਰਿੱਛ, ਅਚਰਜ ਥੋਂ ਅਚਰਜ ਰੂਪ ਸ਼ੋਭਨੀਕ ਹੋਯਾ।
ਨਦੀ ਕੰਢੇ (ਦੋ) ਕਹੀਦੇ (ਹਨ, ਪਾਰ ਤੇ ਉਰਾਰ ਪਰੰਤੂ ਦੁਹਾਂ ਦਾ) ਪੁੱਛਣ ਤੇ ਪਾਰਾਵਾਰ ਨਹੀਂ ਲੱਭਦਾ, (ਕਿਉਂ ਜੋ ਪਾਰ ਵਾਲੇ ਉਰਾਰ ਨੂੰ ਪਾਰ, ਅਤੇ ਪਾਰ ਨੂੰ ਉਰਾਰ ਕਹਿੰਦੇ ਹਨ)।
ਹੋਰਨਾਂ (ਲੋਕਾਂ ਵਿਚੋਂ ਕਿਸੇ ਨੇ ਅਲੱਖ ਪਰਮਾਤਮਾਂ ਨੂੰ ਨਹੀਂ ਲਖਿਆ, (ਇਕ) ਚੇਲੇ (ਗੁਰੂ ਹਰਿਗੋਬਿੰਦ) ਨੇ ਗੁਰੂ (ਅਰਜਨ ਨਾਲ) ਅਲੱਖ ਮਿਲਕੇ ਅਲੱਖ ਨੂੰ ਲਖ ਕੀਤਾ ਹੈ। (ਚੇਲਾ ਕੌਣ ਹੈ? ਸੱਤਵੀਂ ਤੁਕ ਵਿਚ ਦੱਸਦੇ ਹਨ)।
ਗੁਰੂ ਹਰਿਗੋਬਿੰਦ ਗੁਰੂ ਨੂੰ ਭਾਯਾ (ਗੁਰੂ ਅਰਜਨ ਨੂੰ ਚੰਗਾ ਲੱਗਾ)।
ਗੁਰੂ ਨਾਨਕ ਦੇਵ ਨਿਰੰਕਾਰ ਹਨ, ਨਿਰੰਕਾਰ ਨੇ ਹੀ (ਆਪਣਾ) ਆਕਾਰ ਬਣਾਯਾ ਹੈ।
ਗੁਰੂ ਅੰਗਦ, (ਗੁਰੂ ਨਾਨਕ ਦੇ) 'ਅੰਗ' ਥੋਂ ਗੰਗਾ ਦੇ ਤਰੰਗ ਵਾਂਙ ਉਠਾਇਆ।
ਗੁਰੂ ਅੰਗਦ ਤੋਂ ਗੁਰ ਅਮਰ ਜੀ ਜੋਤ ਸਰੂਪੀ ਕੌਤਕ ਵਰਤਾਯਾ।
ਗੁਰੂ ਅਮਰ ਜੀ ਥੋਂ ਗੁਰੂ ਰਾਮਦਾਸ ਹੋਏ, (ਮਾਨੋਂ) ਅਨਹਦ ਨਾਦ ਥੋਂ ਸ਼ਬਦ ਸੁਨਾਯਾ।
ਰਾਮਦਾਸਹੁੰ ਅਰਜਨ ਗੁਰੂ ਹੋਏ, ਜਿੱਕੁਰ ਸ਼ੀਸ਼ੇ ਵਿਚ ਪ੍ਰਤਿਬਿੰਬ ਦਿਖਾਈਦਾ ਹੈ।
ਅਰਜਨ ਗੁਰੂ ਥੋਂ ਹਰਿਗੋਬਿੰਦ ਹੋਏ ਜਿਨ੍ਹਾਂ ਨੇ ਗੁਰੂ ਤੇ ਗੋਬਿੰਦ ਨਾਮ ਸਦਵਾਇਆ ਹੈ।
ਗੁਰੂ ਦੀ ਮੂਰਤੀ ਗੁਰੂ ਕਾ ਸ਼ਬਦ ਹੈ, (ਜੋ) ਸਾਧ ਸੰਗਤ ਵਿਖੇ (ਸਦਾ) ਪ੍ਰਗਟ ਰਹਿੰਦੀ ਹੈ। (ਯਥਾ-'ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ'।)
(ਐਉਂ ਸਤਿਗੁਰਾਂ ਨੇ) ਪੈਰੀਂ ਪਾਕੇ ਸਾਰਾ ਜਗਤ ਤਾਰ ਦਿੱਤਾ ਹੈ।