ਵਾਰਾਂ ਭਾਈ ਗੁਰਦਾਸ ਜੀ

ਅੰਗ - 19


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਉੜੀ ੧

ਗੁਰਮੁਖਿ ਏਕੰਕਾਰ ਆਪਿ ਉਪਾਇਆ ।

ਗੁਰਮੁਖ (ਗੁਰ ਨਾਨਕ ਦੇਵ) ਨੂੰ ਆਪ ਪਰਮਾਤਮਾ ਨੇ ਉਤਪਤ ਕੀਤਾ ਹੈ (ਉਤਪਤ ਵਸਤੂ ਨਾਸ਼ਮਾਨ ਹੈ, ਇਸ ਸ਼ੰਕਾ ਦੀ ਨਵਿਰਤੀ ਦੂਜੀ ਤੁਕ ਵਿਖੇ ਕਰਦੇ ਹਨ)।

ਓਅੰਕਾਰਿ ਅਕਾਰੁ ਪਰਗਟੀ ਆਇਆ ।

ਓਅੰਕਾਰ' (ਪਰਮਾਤਮਾ) ਨੇ (ਆਪਣਾ) ਅਕਾਰ (ਹੀ ਪਾਪਾਂ ਦੇ ਭਾਰ ਨਿਵਾਰਣ ਲਈ) ਪਰਗਟ ਕੀਤਾ ਹੈ।

ਪੰਚ ਤਤ ਵਿਸਤਾਰੁ ਚਲਤੁ ਰਚਾਇਆ ।

ਪੰਜ ਤੱਤਾਂ (ਅਪ, ਤੇਜ, ਵਾਯੂ, ਪ੍ਰਿਥਮੀ ਅਤੇ ਅਕਾਸ਼) ਦਾ ਵਿਸਥਾਰ ਕਰ ਕੇ (ਚਲਿੱਤ੍ਰ) ਰਚਨਾਂ ਦਾ ਤਮਾਸ਼ਾ ਰਚ ਦਿੱਤਾ ਹੈ।

ਖਾਣੀ ਬਾਣੀ ਚਾਰਿ ਜਗਤੁ ਉਪਾਇਆ ।

(ਫੇਰ ਚਾਰ) ਖਾਣੀਆਂ (ਅੰਡਜ, ਜੇਰਜ, ਸ੍ਵੇਤਜ, ਉਤਭੁਜ ਅਰ ਪਰਾ ਪਸੰਤੀ ਮੱਧਮਾ ਅਤੇ ਬੈਖਰੀ ਨਾਮਕ) ਚਾਰ ਬਾਣੀਆ ਦਾ ਜਗਤ ਰਚ ਦਿਤਾ।

ਕੁਦਰਤਿ ਅਗਮ ਅਪਾਰੁ ਅੰਤੁ ਨ ਪਾਇਆ ।

ਕੁਦਰਤ (ਉਸ ਦੀ) ਮਨ ਬਾਣੀ ਤੋਂ ਪਰੇ ਹੈ ਅਰ ਅਪਾਰ ਹੈ (ਜਿਸਦਾ) ਅੰਤ ਕਿਸੇ ਨਹੀਂ ਪਾਇਆ।

ਸਚੁ ਨਾਉ ਕਰਤਾਰ ਸਚਿ ਸਮਾਇਆ ।੧।

(ਜਿਸ) ਕਰਤਾਰ ਦਾ ਨਾਮ ਸੱਚਾ ਹੈ (ਉਹੋ 'ਸਚ') ਪਰਮਾਤਮਾ (ਪਸਾਰੇ ਵਿਖੇ) ਵਿਆਪਕ ਹੈ।

ਪਉੜੀ ੨

ਲਖ ਚਉਰਾਸੀਹ ਜੂਨਿ ਫੇਰਿ ਫਿਰਾਇਆ ।

ਚੌਰਾਸੀ ਲਖ ਜੋਨੀਆਂ ਦਾ ਫੇਰਾ ਫਿਰਾਇਆ ਹੈ, (ਇਕ ਚੱਕਰ ਬਣਾਇਆ ਹੈ)।

ਮਾਣਸ ਜਨਮੁ ਦੁਲੰਭੁ ਕਰਮੀ ਪਾਇਆ ।

ਮਨੁੱਖਾਂ ਜਨਮ ਵੱਡਾ ਦੁਰਲੱਭ ਕਰਮਾਂ ਨਾਲ ਪਾਇਆ ਹੈ ('ਲਖ ਚਉਰਾਸੀਹ ਜੋਨਿ ਸਬਾਈ ਮਾਣਸ ਕਉ ਪ੍ਰਭਿ ਦੀਈ ਵਡਿਆਈ॥ ਇਸੁ ਪਉੜੀ ਤੇ ਜੋ ਨਰ ਚੂਕੈ ਸੋ ਆਇ ਜਾਇ ਦੁਖ ਪਾਇਦਾ')।

ਉਤਮੁ ਗੁਰਮੁਖਿ ਪੰਥੁ ਆਪੁ ਗਵਾਇਆ ।

(ਮਨੁੱਖਾ ਜਨਮ ਵਿਖੇ) ਗੁਰਮੁਖਾਂ ਦਾ ਪੰਥ ਉੱਤਮ ਹੈ, (ਕਿਉਂ ਜੋ) ਆਪਾ ਭਾਵ ਗਵਾ ਦਿਤਾ ਹੈ।

ਸਾਧਸੰਗਤਿ ਰਹਰਾਸਿ ਪੈਰੀਂ ਪਾਇਆ ।

ਸਾਧ ਸੰਗਤਿ ਦੀ ਰਹੁਰੀਤ ਪੈਰੀਂ ਪੈਣਾ ਹੈ, (ਭਾਵ ਨਿਰਭਿਮਾਨ ਰਹਿੰਦੇ ਹਨ)।

ਨਾਮੁ ਦਾਨੁ ਇਸਨਾਨੁ ਸਚੁ ਦਿੜਾਇਆ ।

ਨਾਮ, ਦਾਨ, ਇਸ਼ਨਾਨ ਅਤੇ ਸੱਚ ਦ੍ਰਿੜ੍ਹ ਕਰਾਉਂਦੇ ਹਨ (ਭਾਵ ਪਖੰਡ ਦੀ ਜੜ੍ਹੀਂ ਤੇਲ ਦੇਂਦੇ ਹਨ)।

ਸਬਦੁ ਸੁਰਤਿ ਲਿਵ ਲੀਣੁ ਭਾਣਾ ਭਾਇਆ ।੨।

(ਗੁਰੂ ਨਾਨਕ ਦੇਵ ਜੀ ਦੇ) ਸ਼ਬਦ ਦੀ ਸੁਰਤ ਦੀ 'ਲਿਵ' ਵਿਖੇ ਲੀਨ ਹੋਕੇ (ਅਕਾਲ ਪੁਰਖ ਦੇ) ਭਾਣੇ ਪੁਰ ਪ੍ਰਸੰਨ ਹਨ।

ਪਉੜੀ ੩

ਗੁਰਮੁਖਿ ਸੁਘੜੁ ਸੁਜਾਣੁ ਗੁਰ ਸਮਝਾਇਆ ।

ਗੁਰਮੁਖ ਲੋਕ ਗੁਰਾਂ ਦੇ ਸਮਝਾਏ ਹੋਣ ਕਰ ਕੇ ਚਤੁਰ ਅਤੇ ('ਸੁਜਾਣ') ਗਿਆਨਵਾਨ ਹਨ (ਭਾਵ ਵਿਹਾਰ ਪਰਮਾਰਥ ਵਿਖੇ ਸੁਚੇਤ ਹਨ)।

ਮਿਹਮਾਣੀ ਮਿਹਮਾਣੁ ਮਜਲਸਿ ਆਇਆ ।

(ਸੰਸਾਰ ਰੂਪੀ) ਮਿਹਮਾਣੀ ਵਿਚ (ਐਉਂ) ਹਨ (ਜਿਕੂੰ) ਪਰਾਹੁਣਾ ਮਜਲਸ ਵਿਚ ਆਯਾ ਹੈ।

ਖਾਵਾਲੇ ਸੋ ਖਾਣੁ ਪੀਐ ਪੀਆਇਆ ।

(ਜੋ ਘਰ ਦਾ ਮਾਲਕ) ਖਵਾਲਦਾ ਹੈ ਸੋ ਖਾਂਦੇ ਹਨ ਜੋ ਪਿਆਏ ਸੋ ਪੀਂਦੇ ਹਨ।

ਕਰੈ ਨ ਗਰਬੁ ਗੁਮਾਣੁ ਹਸੈ ਹਸਾਇਆ ।

ਆਪਣਾ ਗਰਬ ਤੇ ਗੁਮਾਨ ਨਹੀਂ ਕਰਦੇ (ਜਿੰਨਾਂ ਉਹ) ਹਸਾਵੇ ਹਸਦੇ ਹਨ (ਇਸ ਲਈ)

ਪਾਹੁਨੜਾ ਪਰਵਾਣੁ ਕਾਜੁ ਸੁਹਾਇਆ ।

ਪਰਾਹੁਣਾ ਉਹ ਪ੍ਰਮਾਣੀਕ ਹੁੰਦਾ ਹੈ, (ਜੋ) ਚੰਗੇ ਕੰਮ ਕਰਦਾ ਹੈ (ਨਹੀਂ ਤਾਂ ਸ਼ਰਾਬੀ ਕਬਾਬੀ ਦੀ ਖਰਾਬੀ ਹੁੰਦੀ ਹੈ)।

ਮਜਲਸ ਕਰਿ ਹੈਰਾਣੁ ਉਠਿ ਸਿਧਾਇਆ ।੩।

ਮਜਲਸ ਨੂੰ (ਨੇਕ ਪਰਾਹੁਣਾ) ਹੈਰਾਨ ਕਰ ਕੇ (ਆਪਣੇ ਸ਼ੁਭ ਗੁਣਾਂ ਦੀ ਵਡਿਆਈ ਕਰਨ ਵਾਲੀ ਛੱਡਕੇ) ਚਲਿਆ ਜਾਂਦਾ ਹੈ।

ਪਉੜੀ ੪

ਗੋਇਲੜਾ ਦਿਨ ਚਾਰਿ ਗੁਰਮੁਖਿ ਜਾਣੀਐ ।

(ਸੰਸਾਰ) ਚਹੁੰ ਦਿਨਾਂ ਲਈ ਗੋਇਲ ਵਾਸੇ (ਵਾਂਙੂ) ਗੁਰਮੁਖ ਜਾਣਦੇ ਹਨ।

ਮੰਝੀ ਲੈ ਮਿਹਵਾਰਿ ਚੋਜ ਵਿਡਾਣੀਐ ।

(ਗੋਇਲ ਵਾਸਾ ਕੀ ਹੈ?) ਮਾਹੀ ਲੋਕ ਮਹੀਆਂ (ਗਊਆਂ) ਲੈ ਜਾਂਦੇ ਹਨ (ਤੇ ਉਥੇ) ਵਡੇ ਅਚਰਜ ਕੌਤਕ ਕਰਦੇ ਹਨ (ਭਾਵ ਕਬੱਡੀਆਂ ਤੇ ਸੈਂਚੀਆਂ ਦੀਆਂ ਖੇਡਾਂ ਕਰਦੇ ਹਨ)।

ਵਰਸੈ ਨਿਝਰ ਧਾਰਿ ਅੰਮ੍ਰਿਤ ਵਾਣੀਐ ।

ਵਰਸਦੀ ਹੈ ਇਕ ਰਸ ਧਾਰਾ ਅੰਮ੍ਰਤ ਦੇ ਰੰਗ ਵਾਲੀ (ਭਾਵ ਉਥੇ ਵਡੇ ਨਿਰਮਲ ਜਲ ਦੀ ਧਾਰਾ ਦੇ ਮੀਂਹ ਵਰਸਦੇ ਹਨ)।

ਵੰਝੁਲੀਐ ਝੀਗਾਰਿ ਮਜਲਸਿ ਮਾਣੀਐ ।

(ਤਦੋਂ ਮਾਹੀ ਲੋਕ) ਵੰਝਲੀਆਂ ਦੀ ਧੁਨੀ ਲਾਕੇ ਮਜਲਸ ਵਿਖੇ ਮੌਜਾਂ ਮਾਣਦੇ ਹਨ।

ਗਾਵਣਿ ਮਾਝ ਮਲਾਰਿ ਸੁਘੜੁ ਸੁਜਾਣੀਐ ।

ਗਾਉਂਦੇ ਹਨ ਮਾਝ ਤੇ ਮਲ੍ਹਾਰ (ਰਾਗ) (ਓਹ ਜੋ ਵਿੱਚ) ਸੁਘੜ ਤੇ ਸੁਜਾਣ ਹਨ। (ਤਿਹਾ ਹੀ ਵਿਚਾਰਵਾਨ ਲੋਕ ਭਗਤੀ ਕਰ ਕੇ ਮਿਹਰ ਦਾ ਮੀਂਹ ਮੰਗਦੇ ਹਨ।

ਹਉਮੈ ਗਰਬੁ ਨਿਵਾਰਿ ਮਨਿ ਵਸਿ ਆਣੀਐ ।

(ਤਿਵੇਂ ਹੀ ਗੁਰਮੁਖ ਲੋਕ) ਹਉਮੈਂ ਦੇ ਗਰਬ ਨੂੰ ਹਟਾਕੇ ਮਨ ਨੂੰ ਵੱਸ ਕਰਦੇ ਹਨ।

ਗੁਰਮੁਖਿ ਸਬਦੁ ਵੀਚਾਰਿ ਸਚਿ ਸਿਞਾਣੀਐ ।੪।

(ਜਾਣਦੇ ਹਨ ਕਿ 'ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ॥ ਮੁਹਲਤਿ ਪੁੰਨੀ ਚਲਣਾ ਤੂੰ ਸੰਮਲ ਘਰ ਬਾਰੁ”; ਇਸ ਲਈ) ਗੁਰਮੁਖ ਲੋਕ ਸ਼ਬਦ ਨੂੰ ਵੀਚਾਰਕੇ ਸੱਚ ਨੂੰ ਸਿੰਾਣਦੇ ਹਨ।

ਪਉੜੀ ੫

ਵਾਟ ਵਟਾਊ ਰਾਤਿ ਸਰਾਈਂ ਵਸਿਆ ।

ਰਸਤੇ ਜਾਂਦਾ ਹੋਇਆ ਯਾਤ੍ਰੀ ਰਾਤ ਨੂੰ ਸਰਾਇ ਵਿਖੇ ਵੱਸਿਆ।

ਉਠ ਚਲਿਆ ਪਰਭਾਤਿ ਮਾਰਗਿ ਦਸਿਆ ।

ਜਦ ਪਹੁ ਫੁਟੀ ਤੇ ਰਸਤਾ ਦਿੱਸ ਪਿਆ ਉਠਕੇ ਤੁਰ ਪਿਆ।

ਨਾਹਿ ਪਰਾਈ ਤਾਤਿ ਨ ਚਿਤਿ ਰਹਸਿਆ ।

ੳਸ ਨੂੰ ਨਾਂ ਪਰਾਈ ਈਰਖਾ ਹੋਈ ਨਾ ਉਸ ਦਾ ਚਿੱਤ (ਪਰਾਈ ਖੁਸ਼ੀ ਪਰ) ਖੁਸ਼ ਹੋਇਆ (ਇਸ ਲਈ ਕਿ ਉਸ ਨੂੰ ਰਾਗ ਦ੍ਵੈਖ ਨਹੀਂ ਹੈ)।

ਮੁਏ ਨ ਪੁਛੈ ਜਾਤਿ ਵਿਵਾਹਿ ਨ ਹਸਿਆ ।

ਮੋਏ ਹੋਏ ਦੀ ਜਾਤ ਨਹੀਂ ਪੁੱਛੀ, (ਤੇ ਕਿਸੇ ਦਾ) ਵਿਵਾਹ (ਦੇਖਕੇ) ਨਾਂ ਹੱਸਿਆ।

ਦਾਤਾ ਕਰੇ ਜੁ ਦਾਤਿ ਨ ਭੁਖਾ ਤਸਿਆ ।

(ਤਿਵੇਂ ਗੁਰਮੁਖ ਸਰਾਂ ਦਾ ਵਾਸਾ ਜਾਣ ਅਲੇਪ ਰਹਿੰਦੇ ਹਨ, ਵਾਹਿਗੁਰੂ) ਦਾਤਾ ਜੋ ਦਾਤ ਕਰੇ ਲੈ ਲੈਂਦੇ ਹਨ, (ਇਹ ਨਹੀਂ ਕਹਿਦੇ ਕਿ ਅਸੀਂ) ਭੁਖੇ ਜਾਂ ਤਿਹਾਏ ਹਾਂ।

ਗੁਰਮੁਖਿ ਸਿਮਰਣੁ ਵਾਤਿ ਕਵਲੁ ਵਿਗਸਿਆ ।੫।

ਗੁਰਮੁਖ (ਲੋਕ ਨਾਮ ਦਾ) ਸਿਮਰਣ ਕਰਦੇ ਹਨ, (ਇਸੇ ਲਈ ਉਹਨਾਂ ਦਾ 'ਵਾਤਕਮਲ' ਕਹੀਏ) ਮੁਖ ਕਮਲ (ਵਿਸ਼ੇਖ) ਖਿੜਿਆ ਰਹਿੰਦਾ ਹੈ।

ਪਉੜੀ ੬

ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ ।

ਦੀਪਮਾਲਾ ਦੀ ਰਾਤ ਵਿਖੇ ਘਰੋ ਘਰੀ ਦੀਵੇ ਬਾਲੀ ਦੇ ਹਨ, (ਥੋੜੇ ਚਿਰ ਮਗਰੋਂ ਇਹ ਦੀਪਮਾਲਾ ਗੁੰਮ ਹੋ ਜਾਂਦੀ ਹੈ)।

ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ ।

ਰਾਤ ਨੂੰ ਤਾਰੇ ਵਡੇ ਛੋਟੇ ਅਕਾਸ਼ ਵਿਖੇ ਚਮਕਦੇ ਹਨ, (ਦਿਨੇ ਉਹਨਾਂ ਦਾ ਖੁਰਾ ਖੋਜ ਨਹੀਂ ਦਿੱਸਦਾ)।

ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ ।

ਫੁਲਾਂ ਦੀਆਂ ਬਗੀਚੀਆਂ (ਕੁਝ ਚਿਰ ਅਚਰਜ ਖਿੜਦੀਆਂ ਹਨ, ਪਰ ਝੱਟ ਹੀ ਉਹਨਾਂ ਥੋਂ) ਫੁਲ ਚੁਣ ਚੁਣਕੇ ਤੋੜ ਲਏ ਜਾਂਦੇ ਹਨ।

ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ ।

ਯਾਤ੍ਰੀ ਤੀਰਥਾਂ ਪੁਰ ਜਾਂਦੇ (ਬੜੇ ਟੋਲਿਆਂ ਵਿਚ) ਅੱਖੀਂ ਦੇਖੀਦੇ ਹਨ, (ਪਰ ਛੇਤੀ ਹੀ ਤੀਰਥਾਂ ਪੁਰ ਉਹਨਾਂ ਦਾ ਮੁਸ਼ਕ ਨਹੀਂ ਰਹਿੰਦਾ)।

ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ ।

ਹਰੀ ਚੰਦਉਰੀ ਦੇ (ਨਗਰ) ਦਿਖਲਾਵੇ ਮਾਤ੍ਰ ਦਿਖਾਕੇ (ਆਪ ਹੀ) ਉਜਾੜੀਦੇ ਹਨ, (ਇਸੇ ਪ੍ਰਕਾਰ ਜਗਤ ਥੋੜੇ ਚਿਰ ਦਾ ਅਨੰਦ ਹੈ “ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ”)।

ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ ।੬।

ਗੁਰਮੁਖਾਂ ਨੂੰ (ਆਤਮਾਨੰਦ ਰੂਪੀ) ਸੁਖ ਫਲ ਦੀ ਦਾਤ ਹੋਈ ਹੈ, (ਕਿਉਂ ਜੋ ਓਹ ਗੁਰੂ ਦੇ) ਸ਼ਬਦ ਨੂੰ ਯਾਦ ਕਰਦੇ ਹਨ।

ਪਉੜੀ ੭

ਗੁਰਮੁਖਿ ਮਨਿ ਪਰਗਾਸੁ ਗੁਰਿ ਉਪਦੇਸਿਆ ।

ਗੁਰਮੁਖਾਂ ਦੇ ਮਨ (ਵਿਖੇ ਜਿਨ੍ਹਾਂ ਨੂੰ) ਗੁਰੂ ਜੀ ਨੇ ਉਪਦੇਸ਼ ਦਿਤਾ ਹੈ ਪ੍ਰਕਾਸ਼ ਰਹਿੰਦਾ ਹੈ।

ਪੇਈਅੜੈ ਘਰਿ ਵਾਸੁ ਮਿਟੈ ਅੰਦੇਸਿਆ ।

ਸੰਸਾਰ ਨੂੰ ਪੇਕੇ ਘਰ ਦੇ ਵਾਸ ਵਾਂਙੂ (ਜਾਣਕੇ

ਆਸਾ ਵਿਚਿ ਨਿਰਾਸੁ ਗਿਆਨੁ ਅਵੇਸਿਆ ।

ਉਦਾਸ ਰਹਿੰਦੇ ਹਨ, ਤੇ ਗਿਆਨ ਵਿਖੇ ਪ੍ਰਵੇਸ਼ ਕੀਤਾ ਹੈ।

ਸਾਧਸੰਗਤਿ ਰਹਰਾਸਿ ਸਬਦਿ ਸੰਦੇਸਿਆ ।

ਸਾਧ ਸੰਗਤ ਦਾ ਸੱਚਾ ਰਾਹ (ਫੜਕੇ ਗੁਰ) ਸ਼ਬਦ ਦੇ ਹੀ ਸੰਦੇਸੇ ਦਿੰਦੇ ਹਨ (ਭਾਵ ਨਾਮ ਜਪਾਉਂਦੇ ਹਨ)।

ਗੁਰਮੁਖਿ ਦਾਸਨਿ ਦਾਸ ਮਤਿ ਪਰਵੇਸਿਆ ।

ਗੁਰਮੁਖ ਨੇ ਆਪ ਨੂੰ ਦਾਸਾਂ ਦੇ ਦਾਸ ਮੰਨਕੇ (ਆਤਮ ਵਿਸ਼ੈਣੀ ਬੁੱਧੀ ਵਿਖੇ) ਪ੍ਰਵੇਸ਼ ਕੀਤਾ ਹੈ (ਭਾਵ ਵਿਸ਼ਯ ਵਾਸ਼ਨਾ ਦਾ ਪਰਿਤ੍ਯਾਗ ਕਰ ਛਡਿਆ ਹੈ)।

ਸਿਮਰਣ ਸਾਸਿ ਗਿਰਾਸਿ ਦੇਸ ਵਿਦੇਸਿਆ ।੭।

(ਨਾਮ ਦਾ) ਸਿਮਰਣ ਸਾਸ ਗਿਰਾਸ ਕਰਦੇ ਹਨ, ਦੇਸ਼ ਵਿਖੇ ਰਹਿਕੇ ਬੀ ਵਿਦੇਸ਼ ਹੀ ਸਮਝਦੇ ਹਨ।

ਪਉੜੀ ੮

ਨਦੀ ਨਾਵ ਸੰਜੋਗੁ ਮੇਲਿ ਮਿਲਾਇਆ ।

ਨਦੀ ਵਿਖੇ (ਜਿਕੁਰ) ਬੇੜੀ (ਦੇ ਪੂਰ) ਦਾ ਮੇਲ ਮਿਲਦਾ ਹੈ (ਬੇੜੀ ਦੇ ਪਾਰ ਹੋਣ ਤੀਕ ਰਹਿੰਦਾ ਹੈ, ਫੇਰ ਆਪੋ ਆਪਣੀ ਰਾਹੀਂ ਪੈਂਦੇ ਹਨ)।

ਸੁਹਣੇ ਅੰਦਰਿ ਭੋਗੁ ਰਾਜੁ ਕਮਾਇਆ ।

ਸੁਪਨੇ ਵਿਖੇ ਭੋਗ ਤੇ ਰਾਜ ਕਮਾਉਣਾ (ਜਾਗਣ ਤੋੜੀ ਰਹਿੰਦੇ ਹਨ)।

ਕਦੇ ਹਰਖੁ ਕਦੇ ਸੋਗੁ ਤਰਵਰ ਛਾਇਆ ।

(ਤਿਹਾ ਹੀ) ਬ੍ਰਿੱਛ ਦੀ ਛਾਯਾ ਵਾਂਙੂ ਕਦੇ ਹਰਖ ਕਦੇ ਸੋਗ ਹੁੰਦਾ ਹੈ (ਟਿਕਦਾ ਕੁਛ ਨਹੀਂ)।

ਕਟੈ ਹਉਮੈ ਰੋਗੁ ਨ ਆਪੁ ਗਣਾਇਆ ।

(ਜਿਨ੍ਹਾਂ ਸਤ ਪੁਰਖਾਂ ਦੇ) ਹਉਮੈ ਦੇ ਰੋਗ ਕਟੇ ਗਏ ਹਨ ਉਹ ਆਪਣੇ ਆਪ ਨੂੰ ਨਹੀਂ ਜਣਾਉਂਦੇ।

ਘਰ ਹੀ ਅੰਦਰਿ ਜੋਗੁ ਗੁਰਮੁਖਿ ਪਾਇਆ ।

ਘਰੁ ਵਿਖੇ ਹੀ (ਗਿਆਨ) ਜੋਗ ਗੁਰਮੁਖਾਂ ਨੇ ਪਾ ਲੀਤਾ ਹੈ।

ਹੋਵਣਹਾਰ ਸੁ ਹੋਗੁ ਗੁਰ ਸਮਝਾਇਆ ।੮।

(ਜੋਗ ਦਾ ਰੂਪ ਦੱਸਦੇ ਹਨ) ਜੋ ਹੋਣਹਾਰ ਹੈ (ਅਰਥਾਤ ਜੋ ਅਕਾਲ ਪੁਰਖ ਦਾ ਭਾਣਾ ਹੈ ਅਵੱਸੋਂ) ਹੋਣਾ ਹੀ ਹੈ (ਇਹੋ ਬੁਧੀ) ਗੁਰੂ ਜੀ ਨੇ ਸਮਝਾਈ ਹੈ। (“ਮੇਰਾ ਕੀਆ ਕਛੂ ਨ ਹੋਇ॥ ਕਰਿ ਹੈ ਰਾਮੁ ਹੋਇ ਹੈ ਸੋਇ”)॥

ਪਉੜੀ ੯

ਗੁਰਮੁਖਿ ਸਾਧੂ ਸੰਗੁ ਚਲਣੁ ਜਾਣਿਆ ।

ਗੁਰਮੁਖ ਨੇ ਸਾਧੂਆਂ ਦੀ ਸੰਗਤ ਕਰ ਕੇ (ਇਸ ਜਹਾਨ ਫਾਨੀ ਥੋਂ) ਚਲਣਾ ਹੀ ਜਾਣ ਲੀਤਾ ਹੈ।

ਚੇਤਿ ਬਸੰਤ ਸੁਰੰਗੁ ਸਭ ਰੰਗ ਮਾਣਿਆ ।

(ਚੇਤ ਬਸੰਤ) ਮਨੁਖਾ ਜਨਮ ਦੇ ਸਾਰੇ ਅਨੰਦ ਪ੍ਰੇਮ ਕਰ ਕੇ ਮਾਣ ਲੀਤੇ ਹਨ (ਇਸ ਸਮਝ ਨਾਲ ਕਿ ਇਹ ਸਭ ਮਾਣੇ ਹੋਏ ਹਨ ਮਾਨਣ ਦੀ ਲੋੜ ਨਹੀਂ ਹੈ)।

ਸਾਵਣ ਲਹਰਿ ਤਰੰਗ ਨੀਰੁ ਨੀਵਾਣਿਆ ।

ਸਾਵਣ (ਮਹੀਨੇ) ਦੀਆ ਲਹਿਰਾਂ ਦੇ ਤ੍ਰੰਗ (ਭਾਵ ਬਰਖਾ ਰੁਤ ਦੀ ਮੌਜ ਭੀ ਮਾਣੀ ਹੈ ਇਹ ਜਾਣਕੇ ਕਿ) ਪਾਣੀ (ਸਦਾ) ਨੀਵਾਣਾ ਨੂੰ ਜਾਂਦਾ ਹੈ (ਤਿਵੇਂ ਮਨ ਨੇ ਭੋਗਾਂ ਤੋਂ ਅਤਿ ਨਿਮ੍ਰਤਾ ਨੂੰ ਜਾ ਕੇ ਖਲਾਸੀ ਪਉਣੀ ਹੈ, ਸੋ ਪਹਿਲਾਂ ਹੀ ਨਿੰਮ੍ਰਤਾ ਧਾਰਦੇ ਹਨ)।

ਸਜਣ ਮੇਲੁ ਸੁ ਢੰਗ ਚੋਜ ਵਿਡਾਣਿਆ ।

ਸੱਜਣਾਂ ਦਾ ਮੇਲ ਸੁੰਦਰ ਢੰਗ ਵਾਲਾ ਹੈ ਇਹ ਵੱਡਾ ਅਚਰਜ ਕੌਤਕ ਹੈ;

ਗੁਰਮੁਖਿ ਪੰਥੁ ਨਿਪੰਗੁ ਦਰਿ ਪਰਵਾਣਿਆ ।

(ਕਿਉਂ ਜੋ) ਗੁਰਮੁਖਾਂ ਦੇ ਰਸਤੇ ਵਿਖੇ) ਪਾਪਾਂ ਦਾ) ਪੰਕ ਨਹੀਂ ਹੈ, (ਇਸੇ ਕਰ ਕੇ ਈਸ਼ਵਰ ਦੇ) ਦਰਵਾਜ਼ੇ ਪਰ ਪ੍ਰਮਾਣੀਕ (ਪੰਥ) ਹੈ।

ਗੁਰਮਤਿ ਮੇਲੁ ਅਭੰਗੁ ਸਤਿ ਸੁਹਾਣਿਆ ।੯।

ਗੁਰੂ ਦੀ ਸਿੱਖ੍ਯਾ ਦਾ ਜਿਨ੍ਹਾਂ ਨੂੰ ਮੇਲ ਹੋਇਆ ਹੈ ਉਹਨਾਂ ਨੂੰ ਇਕ ਰਸ ਸੱਤਿ (ਵਾਹਿਗੁਰੂ) ਪਿਆਰਾ ਲਗਾ ਹੈ।

ਪਉੜੀ ੧੦

ਗੁਰਮੁਖਿ ਸਫਲ ਜਨੰਮੁ ਜਗਿ ਵਿਚਿ ਆਇਆ ।

ਗੁਰਮੁਖਾ ਨੇ ਜਗ ਵਿਖੇ ਆਕੇ ਆਪਣਾ ਜਨਮ (ਭਜਨ ਕਰ ਕੇ ਸਫਲ) ਕਰ ਲੀਤਾ ਹੈ।

ਗੁਰਮਤਿ ਪੂਰ ਕਰੰਮ ਆਪੁ ਗਵਾਇਆ ।

(ਕਿਉਂ ਜੋ) ਪੂਰਣ ਕਰਮਾਂ ਕਰ ਕੇ ਗੁਰੂ ਮਤ ਲੈਕੇ ਅਹੰਕਾਰ ਨੂੰ ਗਵਾ ਦਿਤਾ ਹੈ।

ਭਾਉ ਭਗਤਿ ਕਰਿ ਕੰਮੁ ਸੁਖ ਫਲੁ ਪਾਇਆ ।

ਪ੍ਰੇਮਾ ਭਗਤੀ ਦਾ ਕੰਮ ਕਰ ਕੇ (ਆਤਮ ਰੂਪੀ) ਸੁਖ ਫਲ ਪਾਇਆ ਹੈ।

ਗੁਰ ਉਪਦੇਸੁ ਅਗੰਮੁ ਰਿਦੈ ਵਸਾਇਆ ।

ਗੁਰੂ ਦਾ ਅਗੰਮ ਉਪਦੇਸ ਰਿਦੈ ਵਿਖੇ ਵਸਾਇਆ ਹੈ।

ਧੀਰਜੁ ਧੁਜਾ ਧਰੰਮੁ ਸਹਜਿ ਸੁਭਾਇਆ ।

(ਇਸੇ ਕਰਕੇ) ਧੀਰਜ ਅਰ ਧਰਮ ਦੀ ਸਹਿਜ ਸੁਭਾਵ ਹੀ ਧੁਜਾ ਧਾਰੀ ਹੋਈ ਹੈ।

ਸਹੈ ਨ ਦੂਖ ਸਹੰਮੁ ਭਾਣਾ ਭਾਇਆ ।੧੦।

ਦੁਖ ਅਰ ਕਸ਼ਟ ਨਹੀਂ ਸਹਾਰਦੇ, (ਕਿਉਂ ਜੋ ਵਾਹਿਗੁਰੂ ਦਾ) ਭਾਣਾ ਭਾਉਂਦਾ ਹੈ।

ਪਉੜੀ ੧੧

ਗੁਰਮੁਖਿ ਦੁਰਲਭ ਦੇਹ ਅਉਸਰੁ ਜਾਣਦੇ ।

ਗੁਰਮੁਖ ਲੋਕ ਦੇਹੀ ਨੂੰ ਦੁਰਲੱਭ ਔਸਰ ਪਛਾਣਦੇ ਹਨ, (“ਇਹੀ ਤੇਰਾ ਅਉਸਰੁ ਇਹ ਤੇਰੀ ਬਾਰ॥ ਘਟ ਭੀਤਰਿ ਤੂ ਦੇਖ ਬਿਚਾਰਿ”॥ ਇਸ ਲਈ 'ਹਰਿ ਜਪਦਿਆ ਖਿਨੁ ਪਲ ਢਿਲ ਨ ਕੀਚਈ ਮੇਰੀ ਜਿੰਦੁੜੀਏ ਮਤੁ ਕਿ ਜਾਪੇ ਸਾਹੁ ਆਵੈ ਕਿ ਨ ਆਵੈ ਰਾਮ॥”)।

ਸਾਧਸੰਗਤਿ ਅਸਨੇਹ ਸਭ ਰੰਗ ਮਾਣਦੇ ।

(ਇਸ ਲਈ) ਸਤਿਸੰਗ ਵਿਖੇ ਪ੍ਰੇਮ ਕਰ ਕੇ ਸਾਰੇ ਅਨੰਦ ਮਾਣਦੇ ਹਨ।

ਸਬਦ ਸੁਰਤਿ ਲਿਵਲੇਹ ਆਖਿ ਵਖਾਣਦੇ ।

ਸਬਦ ਦੀ ਸੁਰਤ ਦੀ ਲਿਵ ਦੇ ਸੁਆਦ ਨੂੰ ਵਰਣਨ ਕਰਦੇ ਹਨ।

ਦੇਹੀ ਵਿਚਿ ਬਿਦੇਹ ਸਚੁ ਸਿਞਾਣਦੇ ।

ਦੇਹੀ ਵਿਚ ਬਿਦੇਹ (ਭਾਵ ਨਿਰਾਭਿਮਾਨ ਰਹਿੰਦੇ ਹਨ ਕਿਉਂ ਜੋ ਇਸ ਦੇ ਰਚਣਹਾਰ 'ਸਚ') ਕਰਤਾਰ ਨੂੰ ਸਿਾਣਦੇ ਹਨ।

ਦੁਬਿਧਾ ਓਹੁ ਨ ਏਹੁ ਇਕੁ ਪਛਾਣਦੇ ।

ਦੁਬਿਧਾ ਵਖੇ ਲੋਕ ਪ੍ਰਲੋਕ (ਦੀ ਬੀ ਪਰਵਾਹ) ਨਹੀਂ ਰਖਦੇ, ਇਕ (ਅਕਾਲ ਪੁਰਖ) ਨੂੰ ਹੀ ਪਛਾਣਦੇ ਹਨ।

ਚਾਰਿ ਦਿਹਾੜੇ ਥੇਹੁ ਮਨ ਵਿਚਿ ਆਣਦੇ ।੧੧।

ਚਾਰ ਦਿਨਾਂ ਦਾ ('ਥੇਹ') ਸੰਸਾਰ ਹੈ, ਇਹੋ ਗੱਲ ਮਨ ਵਿਖੇ ਯਾਦ ਰਖਦੇ ਹਨ (ਅਰ ਝੂਠੇ ਸੰਸਾਰ ਵਿਖੇ ਬੇਧਾਇਮਾਨ ਨਹੀਂ ਹੁੰਦੇ ਹਨ)।

ਪਉੜੀ ੧੨

ਗੁਰਮੁਖਿ ਪਰਉਪਕਾਰੀ ਵਿਰਲਾ ਆਇਆ ।

ਪਰੋਪਕਾਰੀ ਗੁਰਮੁਖ ਜਗਤ ਵਿਖੇ ਕੋਈ ਚੋਣਵਾਂ ਹੀ ਆਇਆ ਹੈ (ਯਥਾ:-”ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ” (ਫੈਲ ਸੂਫ=ਬ੍ਰਹਮ ਗ੍ਯਾਨੀ। ਫਕੜੁ=ਫਕੀਰ।)

ਗੁਰਮੁਖਿ ਸੁਖ ਫਲੁ ਪਾਇ ਆਪੁ ਗਵਾਇਆ ।

ਗੁਰਮੁਖਾਂ ਨੇ ਆਪਾ ਭਾਵ ਗਵਾਕੇ ਆਤਮ ਫਲ ਪਾ ਲੀਤਾ ਹੈ।

ਗੁਰਮੁਖਿ ਸਾਖੀ ਸਬਦਿ ਸਿਖਿ ਸੁਣਾਇਆ ।

ਗੁਰਮੁਖ ਲੋਕ ਸ਼ਬਦ ਤੇ ਸਾਖੀ ਸਿੱਖਾਂ ਨੂੰ ਸੁਣਾਉਂਦੇ ਹਨ (ਆਪ ਤਰਦੇ ਹੋਰਨਾਂ ਨੂੰ ਬੀ ਤਾਰਦੇ ਹਨ)।

ਗੁਰਮੁਖਿ ਸਬਦ ਵੀਚਾਰਿ ਸਚੁ ਕਮਾਇਆ ।

ਗੁਰਮੁਖਾਂ ਨੇ ਸ਼ਬਦ ਵੀਚਾਰ ਕੀਤਾ ਹੈ ਤੇ ਸੱਚ ਕਮਾਈ ਕੀਤੀ ਹੈ।

ਸਚੁ ਰਿਦੈ ਮੁਹਿ ਸਚੁ ਸਚਿ ਸੁਹਾਇਆ ।

ਸੱਚ (ਉਹਨਾਂ ਦੇ) ਰਿਦੇ ਵਿਚ ਹੈ, ਮੂੰਹ ਵਿਚ ਸੱਚ ਹੈ, ਤੇ ਸੱਚ ਹੀ (ਉਹਨਾਂ ਨੂੰ) ਚੰਗਾ ਲਗਦਾ ਹੈ।

ਗੁਰਮੁਖਿ ਜਨਮੁ ਸਵਾਰਿ ਜਗਤੁ ਤਰਾਇਆ ।੧੨।

ਗੁਰਮੁਖਾਂ ਨੇ ਆਪਣਾ ਜਨਮ ਸੁਆਰ ਕੇ ਜਗਤ ਨੂੰ ਤਾਰਿਆ ਹੈ।

ਪਉੜੀ ੧੩

ਗੁਰਮੁਖਿ ਆਪੁ ਗਵਾਇ ਆਪੁ ਪਛਾਣਿਆ ।

ਗੁਰਮੁਖਾਂ ਨੇ ਆਪਾ ਭਾਵ ਗਵਾਕੇ (ਅਸਲੀ) ਆਪਣਾ ਆਪ ਪਛਾਣ ਲਿਆ ਹੈ।

ਗੁਰਮੁਖਿ ਸਤਿ ਸੰਤੋਖੁ ਸਹਜਿ ਸਮਾਣਿਆ ।

ਗੁਰਮੁਖਾਂ ਨੇ ਸਤਿ ਤੇ ਸੰਤੋਖ (ਧਾਰਨ ਕਰਕੇ) ਸਹਿਜ (ਸੁਖ) ਮਾਣ ਲਿਆ ਹੈ।

ਗੁਰਮੁਖਿ ਧੀਰਜੁ ਧਰਮੁ ਦਇਆ ਸੁਖੁ ਮਾਣਿਆ ।

ਗੁਰਮੁਖ ਨੇ ਧੀਰਜ, ਧਰਮ ਤੇ ਦਇਆ ਦਾ ਸੁਖ ਮਾਣਿਆ ਹੈ।

ਗੁਰਮੁਖਿ ਅਰਥੁ ਵੀਚਾਰਿ ਸਬਦੁ ਵਖਾਣਿਆ ।

ਗੁਰਮੁਖਾਂ ਨੇ (ਗੁਰਬਾਣੀ ਦੇ) ਅਰਥਾਂ ਦਾ ਵੀਚਾਰ ਕਰ ਕੇ ਸਭ ਦਾ ਵਖ੍ਯਾਨ (ਵਰਣਨ) ਕੀਤਾ ਹੈ।

ਗੁਰਮੁਖਿ ਹੋਂਦੇ ਤਾਣ ਰਹੈ ਨਿਤਾਣਿਆ ।

ਗੁਰਮੁਖ ਬਲ (ਜਾਂ ਵਸੀਕਾਰ) ਰੱਖਕੇ ਬੀ ਨਿਤਾਣੇ ਹੋ ਰਹੇ ਹਨ।

ਗੁਰਮੁਖਿ ਦਰਗਹ ਮਾਣੁ ਹੋਇ ਨਿਮਾਣਿਆ ।੧੩।

ਗੁਰਮੁਖ 'ਦਰਗਹ' (ਈਸ਼੍ਵਰ ਦੀ ਨ੍ਯਾਇ ਸਭਾ) ਵਿੱਚ ਆਦਰ ਪਾਉਂਦੇ ਹਨ (ਕਿਉਂ ਕਿ ਇਥੇ ਜੋ ਆਪ ਨੂੰ) ਨਿਮਾਣਾ ਮੰਨਦੇ ਹਨ (ਅੱਗੇ ਵੀ ਮਹੱਤਤਾ ਨੂੰ ਪਹੁੰਚਦੇ ਹਨ)।

ਪਉੜੀ ੧੪

ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ ।

ਗੁਰਮੁਖ ਆਪਣਾ ਜਨਮ ਸਵਾਰ ਕੇ (ਭਾਵ ਸਫਲ ਕਰਕੇ) ਪਰਲੋਕ ਨੂੰ ਪਧਾਰਦੇ ਹਨ। (ਉਥੇ ਜਾਕੇ ਕੀ ਕਰਦੇ ਹਨ)?

ਸਚੀ ਦਰਗਹ ਜਾਇ ਸਚਾ ਪਿੜੁ ਮਲਿਆ ।

ਸੱਚੀ ਈਸ਼੍ਵਰ ਦੀ ਨ੍ਯਾਇ ਸਭਾ ਵਿਖੇ ਸੱਚੇ ਸਿਦਕ ਦਾ ਪਿੜ ਮੱਲ ਬੈਠਦੇ ਹਨ (“ਆਵਣ ਜਾਣੁ ਰਹਿਓ॥ ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ”)।

ਗੁਰਮੁਖਿ ਭੋਜਨੁ ਭਾਉ ਚਾਉ ਅਲਲਿਆ ।

ਗੁਰਮੁਖਾਂ ਦਾ ਪ੍ਰੇਮ ਦਾ ਭੋਜਨ (ਅਰ ਸ੍ਵੈ ਸਰੂਪਾਨੰਦ ਦਾ) ਚਾਉ ਸਦਾ ਅਡੋਲ ਤੇ ਥਿਰ ਹੈ।

ਗੁਰਮੁਖਿ ਨਿਹਚਲੁ ਚਿਤੁ ਨ ਹਲੈ ਹਲਿਆ ।

ਗੁਰਮੁਖਾਂ ਦਾ ਚਿੱਤ ਅਚੱਲ ਹੈ, (ਕਿਸੇ ਦਾ) ਹਿਲਾਇਆ ਹਿਲਦਾ ਨਹੀਂ ਹੈ।

ਗੁਰਮੁਖਿ ਸਚੁ ਅਲਾਉ ਭਲੀ ਹੂੰ ਭਲਿਆ ।

ਗੁਰਮੁਖ ਸੱਚ ਬੋਲਦੇ ਹਨ (ਪਰ ਉਹਨਾਂ ਦਾ ਸੱਚ) ਚੰਗੇ ਤੋਂ ਚੰਗਾ ਹੁੰਦਾ ਹੈ, (ਭਾਵ ਸੁਖਦਾਈ ਹੁੰਦਾ ਹੈ)।

ਗੁਰਮੁਖਿ ਸਦੇ ਜਾਨਿ ਆਵਨਿ ਘਲਿਆ ।੧੪।

ਗੁਰਮੁਖ (ਅਕਾਲ ਪੁਰਖ ਦੇ) ਬੁਲਾਏ ਹੋਏ ਚਲੇ ਜਾਂਦੇ ਹਨ ਅਰ (ਉਸ ਦੇ) ਘੱਲੇ ਹੋਏ ਆ ਜਾਂਦੇ ਹਨ।

ਪਉੜੀ ੧੫

ਗੁਰਮੁਖਿ ਸਾਧਿ ਅਸਾਧੁ ਸਾਧੁ ਵਖਾਣੀਐ ।

(ਕਾਮ ਕ੍ਰੋਧਾਦਿਕ ਪੰਚ ਦੂਤ ਜੋ ਕਿਸੇ ਥੋਂ) ਜਿੱਤੇ ਨਹੀਂ ਜਾਂਦੇ ਗੁਰਮੁਖਾਂ ਨੇ ('ਸਾਧ'=) ਵੱਸ ਕਰ ਲੀਤੇ ਹਨ, (ਇਸੇ ਕਰਕੇ) ਸਾਧੂ ਕਹੀਦੇ ਹਨ।

ਗੁਰਮੁਖਿ ਬੁਧਿ ਬਿਬੇਕ ਬਿਬੇਕੀ ਜਾਣੀਐ ।

ਗੁਰਮੁਖ ਲੋਕ ਵਿਚਾਰ ਦੀ ਬੁੱਧੀ ਰਖਦੇ ਹਨ, (ਇਸੇ ਕਰ ਕੇ ਉਹ) ਬਿਬੇਕੀ (ਵਿਦਵਾਨ) ਜਾਣੀਦੇ ਹਨ।

ਗੁਰਮੁਖਿ ਭਾਉ ਭਗਤਿ ਭਗਤੁ ਪਛਾਣੀਐ ।

ਗੁਰਮੁਖ ਪ੍ਰੇਮਾ ਭਗਤੀ (ਰਖਦੇ ਹਨ ਇਸ ਲਈ) ਭਗਤ ਕਹੀਦੇ ਹਨ।

ਗੁਰਮੁਖਿ ਬ੍ਰਹਮ ਗਿਆਨੁ ਗਿਆਨੀ ਬਾਣੀਐ ।

ਗੁਰਮੁਖ ਬ੍ਰਹਮ ਗਿਆਨ (ਦੀ ਦ੍ਰਿਸ਼ਟੀ ਰਖਦੇ ਹਨ ਯਥਾ:-'ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ॥ ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ। ' ਇਸ ਲਈ) ਬ੍ਰਹਮ ਗਿਆਨੀ ਸੁਭਾਵ ਹੈ।

ਗੁਰਮੁਖਿ ਪੂਰਣ ਮਤਿ ਸਬਦਿ ਨੀਸਾਣੀਐ ।

ਗੁਰਮੁਖਾਂ ਦੀ ਪੂਰਨ (ਅਰਥਾਤ ਆਤਮ ਵਿਸ਼ੈਣੀ, ਇਕ ਆਤਮਾ ਦੇ ਹੀ ਵਿਸ਼ੈ ਕਰਣ ਵਾਲੀ) ਬੁਧੀ ਹੈ, ਸਬਦ ਹੀ ਉਨ੍ਹਾਂ ਦੀ ਨਿਸ਼ਾਨੀ ਹੈ ਕਿਉਂ ਜੋ ਉਨ੍ਹਾਂ ਦੇ ਵਾਕ ਈਸ਼੍ਵਰ ਸੰਬੰਧੀ ਹਨ, ਸੰਸਾਰਕ ਬਾਣੀ ਘੱਟ ਬੋਲਦੇ ਹਨ)।

ਗੁਰਮੁਖਿ ਪਉੜੀ ਪਤਿ ਪਿਰਮ ਰਸੁ ਮਾਣੀਐ ।੧੫।

ਗੁਰਮੁਖ ਲੋਕ ਪਤ, ਦੀ ਪਉੜੀ (ਪ੍ਰੇਮਾ ਭਗਤੀ, ਅਥਵਾ ਜੀਵਨ ਮੁਕਤੀ ਪੁਰ ਅਰੂੜ ਹੋਏ ਹਨ, ਇਸ ਲਈ 'ਪਿਰਮ ਰਸ') ਪਿਆਰੇ ਦੇ ਰਸ (ਅਨੰਦ) ਨੂੰ ਭੋਗਦੇ ਹਨ।

ਪਉੜੀ ੧੬

ਸਚੁ ਨਾਉ ਕਰਤਾਰੁ ਗੁਰਮੁਖਿ ਪਾਈਐ ।

ਵਾਹਿਗੁਰੂ ਦਾ ਸੱਚਾ ਨਾਮ ਗੁਰਮੁਖ ਤੋਂ ਪਾਈਦਾ ਹੈ?

ਗੁਰਮੁਖਿ ਓਅੰਕਾਰ ਸਬਦਿ ਧਿਆਈਐ ।

ਓਅੰਕਾਰ ਸ਼ਬਦ (ਮੂਲ ਮੰਤ੍ਰ) ਗੁਰਮੁਖ ਦੁਆਰਾ ਧਿਆਈਦਾ ਹੈ।

ਗੁਰਮੁਖਿ ਸਬਦੁ ਵੀਚਾਰੁ ਸਦਾ ਲਿਵ ਲਾਈਐ ।

ਗੁਰਮੁਖ ਤੋਂ ਸ਼ਬਦ ਦੀ ਵੀਚਾਰ ਸਿੱਖਕੇ ਸ਼ਬਦ ਵਿਚ ਸਦਾ ਲਿਵ ਲਾਈਦੀ ਹੈ।

ਗੁਰਮੁਖਿ ਸਚੁ ਅਚਾਰੁ ਸਚੁ ਕਮਾਈਐ ।

ਗੁਰਮੁਖ ਦੀ ਕਰਨੀ ਸੱਚ ਹੈ, (ਸੋ ਗੁਰਮੁਖ ਤੋਂ ਸਿਖਕੇ) ਸਚਿ ਕਮਾਈਏ।

ਗੁਰਮੁਖਿ ਮੋਖ ਦੁਆਰੁ ਸਹਜਿ ਸਮਾਈਐ ।

ਗੁਰਮੁਖ ਮੁਕਤੀ ਦੁਆਰਾ ਹੈ, (ਉਸ ਦੁਆਰਾ) ਸਹਜ ਪਦ ਵਿਚ ਸਮਾਈਏ।

ਗੁਰਮੁਖਿ ਨਾਮੁ ਅਧਾਰੁ ਨ ਪਛੋਤਾਈਐ ।੧੬।

ਗੁਰਮੁਖ ਦੁਆਰਾ ਨਾਮ ਦਾ ਅਧਾਰ ਲਈਏ (ਜੋ) ਅੰਤ ਪਛੋਤਾਵਾ ਨਾ ਕਰੀਏ।

ਪਉੜੀ ੧੭

ਗੁਰਮੁਖਿ ਪਾਰਸੁ ਪਰਸਿ ਪਾਰਸੁ ਹੋਈਐ ।

ਗੁਰਮੁਖ (ਰੂਪੀ) ਪਾਰਸ ਨੂੰ ਛੋਹਕੇ ਪਾਰਸ ਹੋ ਜਾਈਦਾ ਹੈ।

ਗੁਰਮੁਖਿ ਹੋਇ ਅਪਰਸੁ ਦਰਸੁ ਅਲੋਈਐ ।

ਗੁਰਮੁਖ ਆਪ ਅਪਰਸ ਹਨ (ਭਾਵ ਕਿਸੇ ਦਾ ਕੁਸੰਗ ਨਹੀਂ ਕਰਦੇ) ਦਰਸ (ਰਿਦੇ ਰੂਪੀ ਸ਼ੀਸ਼ੇ) ਵਿਚ (ਭਗਵੰਤ ਦਾ ਦਰਸ਼ਨ) ਕਰਦੇ ਹਨ (ਯਾ ਅਸੀਂ ਗੁਰਮੁਖਾਂ ਦਾ ਦਰਸ਼ਨ ਕਰੀਏ),

ਗੁਰਮੁਖਿ ਬ੍ਰਹਮ ਧਿਆਨੁ ਦੁਬਿਧਾ ਖੋਈਐ ।

(ਇਸੇ ਕਰਕੇ) ਉਨ੍ਹਾਂ ਦਾ ਬ੍ਰਹਮ ਵਿਖੇ ਹੀ ਧਿਆਨ ਹੈ ('ਦੁਬਿਧਾ') ਦ੍ਵੈਤ ਦੂਰ ਕੀਤੀ ਹੈ।

ਗੁਰਮੁਖਿ ਪਰ ਧਨ ਰੂਪ ਨਿੰਦ ਨ ਗੋਈਐ ।

ਪਰ ਧਨ, (ਪਰ ਇਸਤ੍ਰੀ) ਰੂਪ (ਵੱਲ ਨਹੀਂ ਤੱਕਦੇ ਤੇ) ਨਾ ਹੀ (ਕਿਸੇ ਦੀ) ਨਿੰਦਾ ਕਰਦੇ ਹਨ।

ਗੁਰਮੁਖਿ ਅੰਮ੍ਰਿਤੁ ਨਾਉ ਸਬਦੁ ਵਿਲੋਈਐ ।

ਗੁਰਮੁਖ ਅੰਮ੍ਰਿਤ ਨਾਮ ਦਾ (ਮੁਖੋਂ ਉਚਾਰ ਕਰਕੇ) ਗੁਰੂ ਦੇ ਸ਼ਬਦ ਨੂੰ ਰਿੜਕਦੇ (ਵਿਚਾਰਦੇ) ਰਹਿੰਦੇ ਹਨ।

ਗੁਰਮੁਖਿ ਹਸਦਾ ਜਾਇ ਅੰਤ ਨ ਰੋਈਐ ।੧੭।

ਗੁਰਮੁਖ ਅੰਤ ਕਾਲ ਵਿਖੇ ਹਸਦੇ ਹੋਏ ਜਾਂਦੇ ਹਨ।

ਪਉੜੀ ੧੮

ਗੁਰਮੁਖਿ ਪੰਡਿਤੁ ਹੋਇ ਜਗੁ ਪਰਬੋਧੀਐ ।

ਗੁਰਮੁਖ ਪੰਡਤ ਹੋਕੇ ਜਗਤ ਨੂੰ ਗ੍ਯਾਨ ਦੇਂਦੇ ਹਨ।

ਗੁਰਮੁਖਿ ਆਪੁ ਗਵਾਇ ਅੰਦਰੁ ਸੋਧੀਐ ।

ਆਪਾ ਭਾਵ ਗਵਾ ਕੇ ਅੰਤਹਕਰਣ ਸ਼ੁਧ ਕਰਦੇ ਹਨ।

ਗੁਰਮੁਖਿ ਸਤੁ ਸੰਤੋਖੁ ਨ ਕਾਮੁ ਕਰੋਧੀਐ ।

ਗੁਰਮੁਖ ਸਤ ਤੇ ਸੰਤੋਖ (ਰਖਦੇ ਹਨ), ਕਾਮ ਕ੍ਰੋਧ (ਆਦਿ ਵਿਸ਼ੇ ਉਨ੍ਹਾਂ ਪਰ ਬਲ) ਨਹੀਂ (ਪਾਉਂਦੇ)।

ਗੁਰਮੁਖਿ ਹੈ ਨਿਰਵੈਰੁ ਨ ਵੈਰ ਵਿਰੋਧੀਐ ।

ਗੁਰਮੁਖ ਨਿਰਵੈਰ ਹੋਕੇ ਕਿਸੇ ਨਾਲ ਵੈਰ ਵਿਰੋਧ ਨਹੀਂ ਰੱਖਦੇ।

ਚਹੁ ਵਰਨਾ ਉਪਦੇਸੁ ਸਹਜਿ ਸਮੋਧੀਐ ।

ਚਹੁੰ ਵਰਣਾਂ (ਵਿਚੋਂ ਕੋਈ ਆਵੇ ਸਭ ਨੂੰ) ਉਪਦੇਸ਼ ਦੇਕੇ ('ਸਹਜ') ਸ਼ਾਂਤੀ ਪਦ ਵਿਖੇ ਸਮਾਇ ਦਿੰਦੇ ਹਨ।

ਧੰਨੁ ਜਣੇਦੀ ਮਾਉ ਜੋਧਾ ਜੋਧੀਐ ।੧੮।

ਉਨ੍ਹਾਂ ਦੀ ਜਣਨੇ ਵਾਲੀ ਮਾਤਾ ਧੰਨਤਾ ਯੋਗ ਹੈ (ਜਿਸ ਨੇ) ਜੋਧਿਆਂ ਵਿਚੋਂ ਵਡੇ ਸੂਰਮੇ ਨੂੰ ਜਨਮ ਦਿਤਾ ਹੈ। (ਯਥਾ-'ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ'॥)

ਪਉੜੀ ੧੯

ਗੁਰਮੁਖਿ ਸਤਿਗੁਰ ਵਾਹੁ ਸਬਦਿ ਸਲਾਹੀਐ ।

ਗੁਰਮੁਖ ਸਤਿ ਰੂਪ (ਗੁਰ+ਵਾਹ=) ਵਾਹਿਗੁਰੂ ਸ਼ਬਦ ਨੂੰ ਸਲਾਹੁੰਦੇ ਹਨ।

ਗੁਰਮੁਖਿ ਸਿਫਤਿ ਸਲਾਹ ਸਚੀ ਪਤਿਸਾਹੀਐ ।

ਗੁਰਮੁਖਾਂ (ਨੂੰ) ਸਚੀ ਪਾਤਸ਼ਾਹੀ (ਪਰਮੇਸ਼ੁਰ ਦੀ) ਸਿਫਤ ਸਲਾਹ ਦੀ (ਮਿਲੀ ਹੈ। ਯਥਾ-'ਜਿਨੋ ਬਖਸੇ ਸਿਫਤਿ ਸਾਲਾਹ॥ ਨਾਨਕ ਪਾਤਿਸਾਹੀ ਪਾਤਿਸਾਹੁ')।

ਗੁਰਮੁਖਿ ਸਚੁ ਸਨਾਹੁ ਦਾਦਿ ਇਲਾਹੀਐ ।

ਗੁਰਮੁਖਾਂ ਨੂੰ ਸੱਚ ਦੀ ਸੰਜੋਅ ਪਰਮੇਸ਼ੁਰ ਦੀ ਦਾਤ ਮਿਲੀ ਹੈ।

ਗੁਰਮੁਖਿ ਗਾਡੀ ਰਾਹੁ ਸਚੁ ਨਿਬਾਹੀਐ ।

ਗੁਰਮੁਖਾ ਦਾ ਰਸਤਾ ਗਾਡੀ ਰਾਹ ਹੈ (ਖਤਰਨਾਕ ਨਹੀਂ ਹੈ) ਸੱਚ ਨੂੰ ਪਹੁੰਚਾ ਦੇਂਦਾ ਹੈ।

ਗੁਰਮੁਖਿ ਮਤਿ ਅਗਾਹੁ ਗਾਹਣਿ ਗਾਹੀਐ ।

ਗੁਰਮੁਖਾਂ ਦੀ ਬੁੱਧੀ ('ਅਗਾਹ') ਡੂੰਘੀ ਹੈ ਪਕੜਨ ਨਾਲ ਪਕੜੀ ਨਹੀਂ ਜਾਂਦੀ, (ਭਾਵ ਕੋਈ ਬਰਾਬਰੀ ਨਹੀਂ ਕਰ ਸਕਦਾ)।

ਗੁਰਮੁਖਿ ਬੇਪਰਵਾਹੁ ਨ ਬੇਪਰਵਾਹੀਐ ।੧੯।

ਗੁਰਮੁਖ (ਲੋਕ ਆਪ) ਬੇਪਰਵਾਹ ਹਨ, (ਕਿਸੇ ਦੀ ਆਸ਼ਾ ਨਹੀਂ ਰਖਦੇ, ਪਰੰਤੂ ਕੋਈ ਸ਼ਰਧਾ ਧਾਰਕੇ ਸ਼ਰਨ ਆਵੇ ਤਾਂ ਉਸ ਤੋਂ) ਬੇਪਰਵਾਹੀ ਨਹੀਂ ਕਰਦੇ, (ਅਥਵਾ ਗੁਰਮੁਖ ਤਾਂ ਬੇਪਰਵਾਹ ਹੈ, ਪਰ ਸਾਨੂੰ ਗੁਰਮੁਖ ਨਾਲ ਬੇਪਰਵਾਹੀ ਨਹੀਂ ਕਰਨੀ ਚਾਹੀਦੀ)।

ਪਉੜੀ ੨੦

ਗੁਰਮੁਖਿ ਪੂਰਾ ਤੋਲੁ ਨ ਤੋਲਣਿ ਤੋਲੀਐ ।

ਗੁਰਮੁਖਾਂ ਦਾ ਤੋਲ ਪੂਰਾ ਹੈ, ਤੱਕੜੀ ਪਰ ਤੋਲਿਆ ਨਹੀਂ ਜਾ ਸਕਦਾ (ਭਾਵ ਉਸ ਦਾ ਮੁੱਲ ਨਹੀਂ ਪਾਇਆ ਜਾਂਦਾ)।

ਗੁਰਮੁਖਿ ਪੂਰਾ ਬੋਲੁ ਨ ਬੋਲਣਿ ਬੋਲੀਐ ।

ਗੁਰਮੁਖਾਂ ਦਾ ਬਚਨ ਭੀ ਪੂਰਾ ਹੈ, (ਹੋਰ) ਬੋਲਣ (ਬਿਰਥਾ ਬਕਵਾਦ) ਨਹੀਂ ਬੋਲਦੇ।

ਗੁਰਮੁਖਿ ਮਤਿ ਅਡੋਲ ਨ ਡੋਲਣਿ ਡੋਲੀਐ ।

ਗੁਰਮੁਖਾਂ ਦੀ ਬੁਧੀ ਅਡੋਲ ਹੈ, (ਕਿਸੇ ਦੇ) ਡੁਲਾਵਨ ਨਾਲ ਡੋਲ ਨਹੀਂ ਜਾਂਦੀ।

ਗੁਰਮੁਖਿ ਪਿਰਮੁ ਅਮੋਲੁ ਨ ਮੋਲਣਿ ਮੋਲੀਐ ।

ਗੁਰਮੁਖਾਂ ਦਾ ਪ੍ਰੇਮ ਅਮੋਲਕ ਹੈ (ਕਿਸੇ) ਮੁੱਲ ਨਹੀਂ ਪਾ ਸਕੀਦਾ।

ਗੁਰਮੁਖਿ ਪੰਥੁ ਨਿਰੋਲੁ ਨ ਰੋਲਣਿ ਰੋਲੀਐ ।

ਗੁਰਮੁਖਾਂ ਦਾ ਪੰਥ ਸੁਧ ਹੈ, (ਕਿਸੇ ਦੇ) ਰੁਲਾਇਆ ਰੁਲਦਾ ਨਹੀਂ।

ਗੁਰਮੁਖਿ ਸਬਦੁ ਅਲੋਲੁ ਪੀ ਅੰਮ੍ਰਿਤ ਝੋਲੀਐ ।੨੦।

ਗੁਰਮੁਖਾਂ ਦਾ ਸ਼ਬਦ ('ਅਲੋਲ'=) ਸਥਿਰ ਹੈ (ਵਿਸ਼ਿਆਂ ਦੇ ਬੂਰ ਨੂੰ) ('ਝੋਲੀਏ'=) ਹਟਾਕੇ (ਇਸ) ਅੰਮ੍ਰਿਤ ਦਾ ਪਾਨ ਕਰਨਾ (ਯੋਗ) ਹੈ।

ਪਉੜੀ ੨੧

ਗੁਰਮੁਖਿ ਸੁਖ ਫਲ ਪਾਇ ਸਭ ਫਲ ਪਾਇਆ ।

ਗੁਰਮੁਖਾ ਨੇ ਸੁਖਫਲ (ਆਤਮ ਫਲ) ਪਾ ਲੀਤਾ ਹੈ (ਇਸੇ ਵਿਚ) ਸਭ ਫਲ ਪਾ ਲੀਤੇ ਹਨ।

ਰੰਗ ਸੁਰੰਗ ਚੜ੍ਹਾਇ ਸਭ ਰੰਗ ਲਾਇਆ ।

(ਪਰਮਾਰਥ ਦੇ) ਸੋਹਣੇ ਰੰਗ ਵਾਲੀ ਭੂਮਕਾ ਚੜ੍ਹ ਗਈ ਹੈ, (ਜੀਵਨ ਪਦਵੀ ਪਾਈ ਹੈ) (ਇਸੇ ਵਿਚ) ਸਾਰੇ ਰੰਗ ਆ ਗਏ ਹਨ।

ਗੰਧ ਸੁਗੰਧਿ ਸਮਾਇ ਬੋਹਿ ਬੁਹਾਇਆ ।

(ਗੁਰਮੁਖਾਂ ਨੇ ਆਪਣੇ ਵਿਚ) (ਨਿਰਲੇਪਤਾ ਦੀ) ਗੰਧ, (ਅਰ ਉਪਕਾਰ ਦੀ) ਸੁਗੰਧ ਸਮਾਈ ਹੈ (ਤੇ ਹੋਰਨਾਂ ਨੂੰ ਓਸੇ) ਖੁਸ਼ਬੋ ਨਾਲ ਸੁਗੰਧਤ ਕਰ ਰਹੇ ਹਨ।

ਅੰਮ੍ਰਿਤ ਰਸ ਤ੍ਰਿਪਤਾਇ ਸਭ ਰਸ ਆਇਆ ।

ਅੰਮ੍ਰਿਤ ਰਸ ਨਾਲ ਤ੍ਰਿਪਤ ਹੋ ਗਏ ਹਨ (ਇਸੇ ਵਿਚ) ਸਾਰੇ ਰਸ ਆ ਗਏ ਹਨ।

ਸਬਦ ਸੁਰਤਿ ਲਿਵ ਲਾਇ ਅਨਹਦ ਵਾਇਆ ।

ਸ਼ਬਦ ਸੁਰਤ ਵਿਖੇ ਪ੍ਰੀਤ ਕਰ ਕੇ ('ਲਿਵ'=) ਤਾਰ ਲਾ ਰਖੀ ਹੈ ਤੇ ਅਨਹਦ ਵਾਜੇ (ਸੁਣੇ ਜਾਂਦੇ) ਹਨ।

ਨਿਜ ਘਰਿ ਨਿਹਚਲ ਜਾਇ ਦਹ ਦਿਸ ਧਾਇਆ ।੨੧।੧੯। ਉਨੀ ।

(ਇਸ ਦਾ ਫਲ ਅਗੇ ਅੰਤਲੀ ਤੁਕ ਵਿਖੇ ਦੱਸਦੇ ਹਨ) ਸਰੂਪ ਵਿਖੇ ਅਚੱਲ ਹੋਕੇ ਚਲੇ ਜਾਂਦੇ ਹਨ, ਦਸੋ ਦਿਸ਼ਾ ਵਿਖੇ ਨਹੀਂ ਦੌੜਦੇ।