ਵਾਰਾਂ ਭਾਈ ਗੁਰਦਾਸ ਜੀ

ਅੰਗ - 8


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਵਾਰ ੮ ।

ਇਕੁ ਕਵਾਉ ਪਸਾਉ ਕਰਿ ਕੁਦਰਤਿ ਅੰਦਰਿ ਕੀਆ ਪਾਸਾਰਾ ।

(ਵਾਹਿਗੁਰੂ ਨੇ) ਇਕ ਵਾਕ ਨਾਲ ਪਸਾਰਾ ਕਰ ਕੇ (ਕੁਦਰਤ ਸਾਜੀ ਫੇਰ ਉਸ) ਕੁਦਰਤ ਵਿਚ (ਸਾਰਾ) ਪਸਾਰਾ (ਜੋ ਨਜ਼ਰ ਆ ਰਿਹਾ ਹੈ) ਕਰ ਦਿਤਾ। (ਭਾਵ ਪਹਿਲੇ ਵਾਕ ਨਾਲ ਸੂਖਮ ਅਕਾਰਤਾ ਰਚੀ ਗਈ, ਜਿਸ ਵਿਚੋਂ ਏਹ ਸਾਰਾ ਸਥੂਲ ਪਸਾਰਾ ਪਸਰ ਗਿਆ)।

ਪੰਜਿ ਤਤ ਪਰਵਾਣੁ ਕਰਿ ਚਹੁੰ ਖਾਣੀ ਵਿਚਿ ਸਭ ਵਰਤਾਰਾ ।

(ਅਪ, ਤੇਜ, ਵਾਯੂ, ਅਕਾਸ਼, ਪ੍ਰਿਥਵੀ ਇਨ੍ਹਾਂ) ਪੰਜ ਤੱਤਾਂ ਨੂੰ ਪ੍ਰਮਾਣੀਕ ਬਣਾ ਕੇ ਚਾਰ ਖਾਣੀਆਂ (ਅੰਡਜ, ਜੇਰਜ, ਸੇਤਜ, ਉਤਭੁਜ) ਵਿਖੇ ਸਾਰੇ ਵਰਤਾਰੇ (ਪ੍ਰਚਲਤ) ਕੀਤੇ।

ਕੇਵਡੁ ਧਰਤੀ ਆਖੀਐ ਕੇਵਡੁ ਤੋਲੁ ਅਗਾਸ ਅਕਾਰਾ ।

ਧਰਤੀ ਕਿੱਡੀ ਕੁ ਆਖੀਏ ਤੇ ਅਕਾਸਸ਼ ਦਾ ਤੋਲ ਅਰ (ਆਕਾਰ=) ਸਰੂਪ ਕਿੱਡਾ ਕੁ ਦੱਸੀਏ?

ਕੇਵਡੁ ਪਵਣੁ ਵਖਾਣੀਐ ਕੇਵਡੁ ਪਾਣੀ ਤੋਲੁ ਵਿਥਾਰਾ ।

ਪਵਣ' ਕਿੱਡੀ ਕੁ ਦੱਸੀਏ, ਪਾਣੀ ਦੇ ਵਿਸਤਾਰ ਨੂੰ ਤੋਲਕੇ (ਕਿੰਨਾ ਕੁ ਵਜ਼ਨ) ਆਖੀਏ?

ਕੇਵਡੁ ਅਗਨੀ ਭਾਰੁ ਹੈ ਤੁਲਿ ਨ ਤੁਲੁ ਅਤੋਲੁ ਭੰਡਾਰਾ ।

(ਇਸੇ ਤਰ੍ਹਾਂ) ਅਗਨੀ ਦੀ ਮਿਣਤੀ ਕੀ ਦੱਸੀਏ? (ਦਾਤੇ ਦੇ) ਭੰਡਾਰ ਅਤੋਲ ਹਨ ਤੋਲੇ ਨਹੀਂ ਜਾਂਦੇ ਹਨ।

ਕੇਵਡੁ ਆਖਾ ਸਿਰਜਣਹਾਰਾ ।੧।

(ਜਦ ਦਾਤਾਂ ਅਤੋਲ ਹਨ ਮੈਂ) ਕਿੱਕੁਰ ਆਖ ਸਕਾਂ (ਕਿ) ਸਿਰਜਣਹਾਰ (ਦਾਤਾ ਆਪ) ਕਿੱਡਾ ਵੱਡਾ ਹੈ।

ਚਉਰਾਸੀਹ ਲਖ ਜੋਨਿ ਵਿਚਿ ਜਲੁ ਥਲੁ ਮਹੀਅਲੁ ਤ੍ਰਿਭਵਣਸਾਰਾ ।

ਜਲਾਂ ਥਲਾਂ ਆਕਾਸ਼ਾਂ ਤਿੰਨੇ ਭਵਨਾਂ ਵਿਚ ਚੌਰਾਸੀ ਲੱਖ ਜੂਨੀਆਂ ਬਣਾਈਆਂ।

ਇਕਸਿ ਇਕਸਿ ਜੋਨਿ ਵਿਚਿ ਜੀਅ ਜੰਤ ਅਗਣਤ ਅਪਾਰਾ ।

ਇਕ ਇਕ ਜੂਨ ਵਿਚ ਬੇਸ਼ੁਮਾਰ ਜੀਵਜੰਤੁ ਬਣਾਏ।

ਸਾਸਿ ਗਿਰਾਸਿ ਸਮਾਲਦਾ ਕਰਿ ਬ੍ਰਹਮੰਡ ਕਰੋੜਿ ਸੁਮਾਰਾ ।

(ਇਕ ਇਕ ਰੋਮ ਵਿਚ) ਕਰੋੜਾਂ ਬ੍ਰਹਮੰਡ ਰਚੇ ਹਨ (ਫੇਰ ਉਨਾਂ ਦੀ) ਸਮ੍ਹਾਲ ਸ੍ਵਾਸ ਸ੍ਵਾਸ ਕਰਦਾ ਹੈ।

ਰੋਮ ਰੋਮ ਵਿਚਿ ਰਖਿਓਨੁ ਓਅੰਕਾਰ ਅਕਾਰੁ ਵਿਥਾਰਾ ।

ਰੋਮ ਰੋਮ ਵਿਚ ਓਅੰਕਾਰ ਦੇ ਅਕਾਰ ਦਾ ਵਿਸਥਾਰ ਰੱਖਿਆ ਹੈ।

ਸਿਰਿ ਸਿਰਿ ਲੇਖ ਅਲੇਖੁ ਦਾ ਲੇਖ ਅਲੇਖ ਉਪਾਵਣੁਹਾਰਾ ।

ਸਿਰ ਸਿਰ (ਉਪਰ ਉਸ) ਅਲੇਖ ਦਾ ਲੇਖ (=ਹੁਕਮ) ਹੈ (ਅਤੇ ਆਪ) ਸਿਰਜਣਹਾਰ ਲੇਖੇ ਤੋਂ ਅਲੇਖ ਹੈ।

ਕੁਦਰਤਿ ਕਵਣੁ ਕਰੈ ਵੀਚਾਰਾ ।੨।

(ਉਸਦੀ) ਕੁਦਰਤ ਦਾ ਵੀਚਾਰ ਕੌਣ ਕਰੇ?

ਕੇਵਡੁ ਸਤੁ ਸੰਤੋਖੁ ਹੈ ਦਯਾ ਧਰਮੁ ਤੇ ਅਰਥੁ ਵੀਚਾਰਾ ।

(ਈਸ਼ਵਰ ਦੀ ਦੈਵੀ ਸੰਪਦਾ ਦੇ ਗੁਣ) ਸਤ, ਸੰਤੋਖ, ਦਯਾ ਧਰਮ ਤੇ ਅਰਥ ਦਾ ਵਿਚਾਰ ਕਿੱਡਾਕੁ (ਕਹੀਏ, ਅਰਥਾਤ ਬਿਅੰਤ ਹੈ)।

ਕੇਵਡੁ ਕਾਮੁ ਕਰੋਧੁ ਹੈ ਕੇਵਡੁ ਲੋਭੁ ਮੋਹੁ ਅਹੰਕਾਰਾ ।

ਕਾਮ ਕ੍ਰੋਧ ਕੇਡਾ ਵੱਡਾ ਹੈ, ਤੇ ਲੋਭ ਮੋਹ ਹੰਕਾਰ ਕੇਡਾਕੁ ਹੈ?

ਕੇਵਡੁ ਦ੍ਰਿਸਟਿ ਵਖਾਣੀਐ ਕੇਵਡੁ ਰੂਪੁ ਰੰਗੁ ਪਰਕਾਰਾ ।

(ਉਸਦੀ) ਦ੍ਰਿਸ਼ਟੀ ਕਿੱਡੀਕੁ ਕਹੀਏ, ਰੂਪ ਰੰਗ ਦੇ ਪਰਕਾਰ ਕਿਡੇਕੁ ਹਨ?

ਕੇਵਡੁ ਸੁਰਤਿ ਸਲਾਹੀਐ ਕੇਵਡੁ ਸਬਦੁ ਵਿਥਾਰੁ ਪਸਾਰਾ ।

ਸੁਰਤ' ਦੀ ਸ਼ਲਾਘਾ ਕਿੱਡੀਕ, ਸ਼ਬਦ ਦਾ ਵਿਸਤਾਰ ਪਸਾਰਾ ਕੇਡਾਕੁ ਕਹੀਏ?

ਕੇਵਡੁ ਵਾਸੁ ਨਿਵਾਸੁ ਹੈ ਕੇਵਡੁ ਗੰਧ ਸੁਗੰਧਿ ਅਚਾਰਾ ।

ਵਾਸ਼ਨਾਂ (ਗੰਧੀਆਂ) ਦਾ ਨਿਵਾਸ ਕਿੱਡਾਕੁ ਹੈ, (ਫੇਰ) ਗੰਧੀਆਂ ਅਰ ਸੁਗੰਧੀਆਂ ਦਾ ਕੰਮ ਕੇਡਾਕੁ ਹੈ? (ਭਾਵ ਖੁਸ਼ਬੋਆਂ ਦੇ ਨਿਵਾਸ ਦਾ ਪਤਾ ਨਹੀਂ, ਕਿੰਨੀ ਅੱਡ ਅੱਡ ਫੁਲਾਂ ਜੜ੍ਹਾਂ ਆਦਿ ਵਿਚ ਵੱਸਦੀ ਹੈ, ਫੇਰ ਪਤਾ ਨਹੀਂ ਕਿ ਉਹ ਅਡ ਅਡ ਕੀ ਕੀ ਤੇ ਕਿੰਨਾ ਕਿੰਨਾ ਅੱਡੋ ਅੱਡ ਕੰਮ ਕਰ ਰਹੀਆਂ ਹਨ)?

ਕੇਵਡੁ ਰਸ ਕਸ ਆਖੀਅਨਿ ਕੇਵਡੁ ਸਾਦ ਨਾਦ ਓਅੰਕਾਰਾ ।

ਰਸ ਕਸ ਕਿੰਨੇਕੁ ਕਹੀਏ, ਓਅੰਕਾਰ ਦੇ ਨਾਦ ਵ (ਸ਼ਬਦ) ਦਾ ਸਵਾਦ ਕੇਡਾਕੁ ਆਖੀਏ)।

ਅੰਤੁ ਬਿਅੰਤੁ ਨ ਪਾਰਾਵਾਰਾ ।੩।

ਅੰਤ ਥੋਂ ਬਿਅੰਤ ਹਨ, ਪਾਰਾਵਾਰ ਨਹੀਂ ਆਉਂਦਾ।☬ਭਾਵ-ਰਚੀ ਹੋਈ ਰਚਨਾਂ ਦੀ ਬੇਅੰਤਤਾ ਗੁਣਾਂ ਸੁਭਾਵਾਂ ਪਦਾਰਥਾਂ ਦੀ ਬੇਅੰਤਤਾ ਕਥਨ ਕਰ ਕਰ ਕੇ ਦੱਸ ਰਹੇ ਹਨ ਕਿ ਮਾਯਾ ਦਾ ਪਾਰਾਵਾਰ ਨਹੀਂ ਹੈ, ਜੋ ਰਚੀ ਹੋਈ ਹੈ; ਤਦ ਰਚਣਹਾਰ ਕੇਡਾਕੁ ਬੇਅੰਤ ਹੋਵੇਗਾ?

ਕੇਵਡੁ ਦੁਖੁ ਸੁਖੁ ਆਖੀਐ ਕੇਵਡੁ ਹਰਖੁ ਸੋਗੁ ਵਿਸਥਾਰਾ ।

ਕੇਡਾਕੁ ਦੁਖ, ਸੁਖ ਆਖੀਏ ਤੇ ਹਰਖ (ਅਰ) ਸੋਗ ਦਾ ਵਿਸਤਾਰ ਕਿੱਡਾਕੁ (ਕਹੀਏ)।

ਕੇਵਡੁ ਸਚੁ ਵਖਾਣੀਐ ਕੇਵਡੁ ਕੂੜੁ ਕਮਾਵਣਹਾਰਾ ।

ਸੱਚ ਨੂੰ ਕੇਡਾਕੁ ਕਹੀਏ, ਕੂੜ (ਝੂਠ) ਬੋਲਣ ਵਾਲੇ ਕਿੰਨੇਕੁ ਹਨ?

ਕੇਵਡੁ ਰੁਤੀ ਮਾਹ ਕਰਿ ਦਿਹ ਰਾਤੀ ਵਿਸਮਾਦੁ ਵੀਚਾਰਾ ।

ਕਿੰਨੀਆਂਕੁ ਰੁੱਤਾਂ ਦਾ, ਮਹੀਨਿਆਂ ਦਾ, ਅਤੇ ਦਿਨ ਰਾਤ ਦੇ ਵਿਚਾਰ ਦਾ (ਸਾਜ ਰਚਕੇ) ਅਚਰਜ (ਰੂਪ ਰਚਿਆ) ਹੈ?

ਆਸਾ ਮਨਸਾ ਕੇਵਡੀ ਕੇਵਡੁ ਨੀਦ ਭੁਖ ਅਹਾਰਾ ।

ਆਸਾ ਮਨਸਾ ਕਿੱਡੀ ਵੱਡੀ ਹੈ, ਨੀਂਦ ਭੁਖ ਅਹਾਰ (ਭੋਜਨ ਦਾ) ਕਿੰਨਾ ਕੁ (ਵੀਚਾਰ) ਹੈ।

ਕੇਵਡੁ ਆਖਾਂ ਭਾਉ ਭਉ ਸਾਂਤਿ ਸਹਜਿ ਉਪਕਾਰ ਵਿਕਾਰਾ ।

(ਕਈ) ਭਾਉ ਭਉ (ਰੱਖਕੇ) ਸ਼ਾਂਤਿ ਦੇ ਸਵਭਾਵਕ ਉਪਕਾਰ (ਹੀ ਕਰਦੇ ਹਨ, ਕਈ) ਵਿਕਾਰਾਂ (ਵਿਚ ਮਸਤ ਹਨ, ਐਸੇ) ਕਿੰਨੇ ਕੁ (ਆਖਾਂ)?

ਤੋਲੁ ਅਤੋਲੁ ਨ ਤੋਲਣਹਾਰਾ ।੪।

(ਉਸਦੀ ਸ੍ਰਿਸ਼ਟੀ) ਤੋਲਣ ਥੋਂ ਅਤੋਲ ਹੈ, ਕੋਈ (ਜੀਵ) ਤੋਲਣਹਾਰਾ ਨਹੀਂ ਹੈ।

ਕੇਵਡੁ ਤੋਲੁ ਸੰਜੋਗੁ ਦਾ ਕੇਵਡੁ ਤੋਲੁ ਵਿਜੋਗੁ ਵੀਚਾਰਾ ।

ਸੰਜੋਗ ਅਤੇ ਵਿਜੋਗ ਦੇ ਤੋਲ ਦਾ ਕਿਨਾਕੁ ਵੀਚਾਰ ਕਰੀਏ (ਭਾਵ ਖਿਨ ਖਿਨ ਵਿਚ ਜੀਵ ਮਿਲਦੇ ਤੇ ਵਿਛੜ ਜਾਂਦੇ ਹਨ)

ਕੇਵਡੁ ਹਸਣੁ ਆਖੀਐ ਕੇਵਡੁ ਰੋਵਣ ਦਾ ਬਿਸਥਾਰਾ ।

ਕਿੰਨਾਂ ਹੱਸਣ (ਸੰਜੋਗ ਵਿਚ) ਕਿੰਨਾਂ ਕੁ ਰੋਣ (ਵਿਜੋਗ ਵਿਚ) ਦਾ ਵਿਸਥਾਰ ਆਖੀਏ।

ਕੇਵਡੁ ਹੈ ਨਿਰਵਿਰਤਿ ਪਖੁ ਕੇਵਡੁ ਹੈ ਪਰਵਿਰਤਿ ਪਸਾਰਾ ।

ਨਿਰਵਿਰਤ ਪੱਖ (ਸੰਸਾਰ ਛੱਡ ਜਾਣਾ) ਕਿੰਨਾ ਹੈ ਤੇ ਪਰਵਿਰਤ ਪੱਖ (ਗ੍ਰਿਹਸਤ) ਕਿੱਡਾਕੁ ਪਸਾਰੇ ਵਾਲਾ ਹੈ।

ਕੇਵਡੁ ਆਖਾ ਪੁੰਨ ਪਾਪੁ ਕੇਵਡੁ ਆਖਾ ਮੋਖੁ ਦੁਆਰਾ ।

ਪਾਪ ਪੁੰਨ ਕੇਡਾ ਕੁ ਆਖਾਂ, ਮੁਕਤੀ ਦਾ ਦੁਆਰਾ ਕੇਡਾ ਕੁ ਆਖਾਂ।

ਕੇਵਡੁ ਕੁਦਰਤਿ ਆਖੀਐ ਇਕਦੂੰ ਕੁਦਰਤਿ ਲਖ ਅਪਾਰਾ ।

ਕੁਦਰਤ ਕਿੱਡੀ ਕੁ ਆਖੀਏ, ਹਿਕ ਤੋਂ ਲੱਖਾਂ ਹਜ਼ਾਰਾਂ ਦੇ (ਅੱਗੇ ਅੱਗੇ ਪਸਾਰਾ ਚਲਦਾ) ਹੈ ਕੁਦਰਤ ਦਾ।

ਦਾਨੈ ਕੀਮਤਿ ਨਾ ਪਵੈ ਕੇਵਡੁ ਦਾਤਾ ਦੇਵਣਹਾਰਾ ।

(ਪਾਲਣ ਪੋਖਣ ਦਾ ਜੋ) ਖਜ਼ਾਨਾ (ਖੋਹਲ ਦਿਤਾ ਹੈ) ਉਸ ਦਾ ਅੰਤ ਨਹੀਂ ਹੈ, (ਵਾਹਿਗੁਰੂ ਜੋ) ਦਾਤ ਦੇ ਰਿਹਾ ਹੈ, (ਕੌਣ ਕਹਿ ਸਕੇ ਕਿ) ਕਿੱਡਾ ਕੁ ਹੈ?

ਅਕਥ ਕਥਾ ਅਬਿਗਤਿ ਨਿਰਧਾਰਾ ।੫।

(ਉਸ ਦੀ) ਕਥਾ ਅਕਥ ਹੈ ਅਬਿਗਤ ਤੇ ਨਿਰਾਧਾਰ ਹੈ।

ਲਖ ਚਉਰਾਸੀਹ ਜੂਨਿ ਵਿਚਿ ਮਾਣਸ ਜਨਮੁ ਦੁਲੰਭੁ ਉਪਾਇਆ ।

ਚੌਰਾਸੀ ਲੱਖ ਜੋਨੀਆਂ ਵਿਚ ਮਨੁਖ ਜਨਮ (ਵੱਡਾ) ਦੁਰਲਭ ਪੈਦਾ ਕੀਤਾ ਹੈ।

ਚਾਰਿ ਵਰਨ ਚਾਰਿ ਮਜਹਬਾਂ ਹਿੰਦੂ ਮੁਸਲਮਾਣ ਸਦਾਇਆ ।

(ਹਿੰਦੂਆਂ ਵਿਚ ਖੱਤ੍ਰੀ, ਬ੍ਰਾਹਮਣ, ਵੈਸ਼, ਸ਼ੂਦ) ਚਾਰ ਵਰਣ ਕਰ ਕੇ (ਅਰ ਮੁਸਲਮਾਨਾਂ ਵਿਚ) ਚਾਰ ਮਜ਼ਹਬ ਕਰ ਕੇ ਹਿੰਦੂ ਮੁਸਲਮਾਨ ਸਦਾਏ।

ਕਿਤੜੇ ਪੁਰਖ ਵਖਾਣੀਅਨਿ ਨਾਰਿ ਸੁਮਾਰਿ ਅਗਣਤ ਗਣਾਇਆ ।

ਕਈ ਪੁਰਖ ਕਹੀਦੇ ਹਨ, ਕਈ ਇਸਤ੍ਰ੍ਰੀਆਂ ਰਚੀਆਂ, ਗਿਣਤੀ ਅਗਿਣਤ ਰੱਖੀ।

ਤ੍ਰੈ ਗੁਣ ਮਾਇਆ ਚਲਿਤੁ ਹੈ ਬ੍ਰਹਮਾ ਬਿਸਨੁ ਮਹੇਸੁ ਰਚਾਇਆ ।

(ਇਹ ਭੀ) ਤ੍ਰ੍ਰੈ ਗੁਣੀ ਮਾਇਆ ਦਾ ਚਲਿੱਤ੍ਰ੍ਰ ਹੈ (ਕਿ ਜੋ ਕਹਿੰਦੇ ਹਨ ਕਿ) ਬ੍ਰਹਮਾ ਵਿਸ਼ਨੂੰ ਸ਼ਿਵ ਰਚ ਦਿੱਤੇ।

ਵੇਦ ਕਤੇਬਾਂ ਵਾਚਦੇ ਇਕੁ ਸਾਹਿਬੁ ਦੁਇ ਰਾਹ ਚਲਾਇਆ ।

(ਹਿੰਦੂ) ਵੇਦ (ਤੇ ਮੁਸਲਮਾਨ) ਕਿਤਾਬਾਂ ਵਾਚਦੇ ਹਨ, ਸਾਹਬ ਇਕੋ ਹੈ, ਰਾਹ ਦੋ ਚਲਾ ਧਰੇ ਹਨ।

ਸਿਵ ਸਕਤੀ ਵਿਚਿ ਖੇਲੁ ਕਰਿ ਜੋਗ ਭੋਗ ਬਹੁ ਚਲਿਤੁ ਬਣਾਇਆ ।

ਸਤੋ ਤਮੋ ਵਿਚ ਖੇਲ ਕਰ ਕੇ ਜੋਗ ਭੋਗ ਦਾ ਬੜਾ ਚਲਿੱਤ੍ਰ੍ਰ ਰਚਿਆ ਹੈ। (ਜੋ ਸਤੋਗੁਣੀ ਹਨ ਯੋਗਾਭ੍ਯਾਸ ਕਰ ਕੇ ਅਰ ਜੋ ਤਮੋ ਗੁਣੀ ਹਨ ਭੋਗਾਂ ਵਿਚ ਆਸ਼ਕਤ ਹਨ)।

ਸਾਧ ਅਸਾਧ ਸੰਗਤਿ ਫਲੁ ਪਾਇਆ ।੬।

ਸੰਗਤ ਦਾ ਫਲ ਭਲਾ ਬੁਰਾ ਬਣਾ ਛੱਡਿਆ ਹੈ।

ਚਾਰਿ ਵਰਨ ਛਿਅ ਦਰਸਨਾਂ ਸਾਸਤ੍ਰ ਬੇਦ ਪੁਰਾਣੁ ਸੁਣਾਇਆ ।

ਚਾਰੇ ਵਰਣ, ਛੀ ਸ਼ਾਸਤ੍ਰਾਂ, (ਚਾਰ) ਵੇਦਾਂ (ਅਠਾਰਾਂ) ਪੁਰਾਣਾਂ ਨੂੰ ਸੁਣਾਉਣ ਲੱਗੇ।

ਦੇਵੀ ਦੇਵ ਸਰੇਵਦੇ ਦੇਵ ਸਥਲ ਤੀਰਥ ਭਰਮਾਇਆ ।

ਦੇਵੀਆਂ ਦੇਵਤਿਆਂ ਨੂੰ ਸੇਵਣ, ਠਾਕਰ ਦੁਆਰਿਆਂ ਤੇ ਤੀਰਥਾਂ ਵਲ ਭਰਮਾਉਣ ਲੱਗ ਪਏ।

ਗਣ ਗੰਧਰਬ ਅਪਛਰਾਂ ਸੁਰਪਤਿ ਇੰਦ੍ਰ ਇੰਦ੍ਰਾਸਣ ਛਾਇਆ ।

(ਕਈ) ਗਣ ਗੰਧਰਬ ਤੇ ਅਪੱਛਰਾਂ ਤੇ ਸੁਰਾਂ ਦੇ ਪਤੀ ਇੰਦ੍ਰ੍ਰ ਹੋਕੇ ਇੰਦ੍ਰ੍ਰਾਸਣ ਪਰ ਬੈਠਣ ਲੱਗੇ, (ਭਾਵ ਇਨ੍ਹਾਂ ਦੀ ਆਰਾਧਨਾ ਵਿਚ ਲੱਗ ਗਏ)।

ਜਤੀ ਸਤੀ ਸੰਤੋਖੀਆਂ ਸਿਧ ਨਾਥ ਅਵਤਾਰ ਗਣਾਇਆ ।

ਕਈ ਜਤੀ ਸਤੀ ਸੰਤੋਖੀ ਹੋ ਰਹੇ। ਕਈ ਸਿੱਧ ਅਤੇ (ਨੌਂ) ਨਾਥ (ਚੌਵੀ) ਅਵਤਾਰਾਂ ਨੂੰ ਗਿਣਨ ਲੱਗੇ, (ਭਾਵ ਮੰਨਣ ਲੱਗੇ)।

ਜਪ ਤਪ ਸੰਜਮ ਹੋਮ ਜਗ ਵਰਤ ਨੇਮ ਨਈਵੇਦ ਪੁਜਾਇਆ ।

ਕਈ ਜਪ, ਤਪ, ਸੰਜਮ, ਹੋਮ, ਜੱਗ, ਬ੍ਰਤ, ਨੇਮ, ਨਈਵੇਦ ਰੱਖਕੇ (ਠਾਕਰ ਪੂਜਾ ਵਿਚ ਰਹੇ।

ਸਿਖਾ ਸੂਤ੍ਰਿ ਮਾਲਾ ਤਿਲਕ ਪਿਤਰ ਕਰਮ ਦੇਵ ਕਰਮ ਕਮਾਇਆ ।

(ਕਈ) ਬੋਦੀ, ਜਨੇਊੂ, ਮਾਲਾ, ਤਿਲਕ, ਪਿਮ੍ਰ ਤੇ ਵੇਦਕ ਕਰਮ ਕਮਾਉਣ ਲੱਗ ਪਏ।

ਪੁੰਨ ਦਾਨ ਉਪਦੇਸੁ ਦਿੜਾਇਆ ।੭।

ਪੁੰਨ ਦਾਨ ਦਾ ਉਪਦੇਸ਼ ਕਰਨ ਲੱਗੇ।

ਪੀਰ ਪਿਕੰਬਰ ਅਉਲੀਏ ਗਉਸ ਕੁਤਬ ਵਲੀਉਲਹ ਜਾਣੇ ।

ਪੀਰ, ਪੈਕੰਬਰ, ਔਲੀਆ, ਗਉਸ ਕੁਤਬ, ਵਲੀਉੱਲਾ (ਆਦਿ ਮੁਸਲਮਾਨਾਂ ਵਿਚ ਸਾਈਂ ਲੋਕਾਂ ਦੇ ਦਰਜੇ) ਜਾਣੇ ਜਾਂਦੇ ਹਨ।

ਸੇਖ ਮਸਾਇਕ ਆਖੀਅਨਿ ਲਖ ਲਖ ਦਰਿ ਦਰਿਵੇਸ ਵਖਾਣੇ ।

ਲੱਖਾਂ ਸ਼ੇਖ, (ਲੱਖਾਂ) ਮਸਾਇਕ ਆਖੀਦੇ ਹਨ, ਲੱਖਾਂ (ਖੁਦਾ ਦੇ) ਦਰਵਾਜ਼ੇ ਦੇ ਦਰਵੇਸ਼ ਕਹੀਦੇ ਹਨ।

ਸੁਹਦੇ ਲਖ ਸਹੀਦ ਹੋਇ ਲਖ ਅਬਦਾਲ ਮਲੰਗ ਮਿਲਾਣੇ ।

ਲੱਖਾਂ ਸ਼ੁਹਦੇ, ਲੱਖਾਂ ਸ਼ਹੀਦ, ਲੱਖਾਂ ਅਬਦਾਲ (ਫਕੀਰੀ ਦਾ ਦਰਜਾ), ਲੱਖਾਂ ਮਲੰਗ (ਫਕੀਰੀ ਦੇ ਦਰਜੇ) ਮਿਲਦੇ ਹਨ।

ਸਿੰਧੀ ਰੁਕਨ ਕਲੰਦਰਾਂ ਲਖ ਉਲਮਾਉ ਮੁਲਾ ਮਉਲਾਣੇ ।

(ਲੱਖਾਂ) ਸਿੰਧੀ (ਜਾਤ ਵਾਲੇ ਫਕੀਰ ਹਨ), (ਲੱਖਾਂ) ਕਲੰਦਰਾਂ ਦੇ ਸ਼੍ਰੋਮਣੀ ਮਹੰਤ ਹਨ, ਲੱਖਾਂ ਪੜ੍ਹੇ ਹੋਏ ਮੁੱਲਾਂ ਤੇ ਮੌਲਵੀ ਹਨ।

ਸਰੈ ਸਰੀਅਤਿ ਆਖੀਐ ਤਰਕ ਤਰੀਕਤਿ ਰਾਹ ਸਿਞਾਣੇ ।

ਕਈ ਸ਼ਰੀਅਤ (ਕਰਮ ਕਾਂਡ) ਆਖਦੇ ਹਨ, ਕੋਈ ਤ੍ਰੀਕਤ (ਦੀ ਕਿਤਾਬ ਥੋਂ) ਤਰਕ ਦਾ (=ਵੈਰਾਗ ਦਾ) ਰਾਹ ਸਿਾਣਦੇ ਹਨ।

ਮਾਰਫਤੀ ਮਾਰੂਫ ਲਖ ਹਕ ਹਕੀਕਤਿ ਹੁਕਮਿ ਸਮਾਣੇ ।

ਲੱਖਾਂ ਮਾਰਫਤ (ਦੀ ਕਿਤਾਬ ਥੋਂ) ਗ੍ਯਾਨੀ, ਹਕੀਕਤ ਤੋਂ ਸੱਚੇ ਹੁਕਮ ਵਿਚ ਲੱਗੇ ਹੋਏ ਹਨ।

ਬੁਜਰਕਵਾਰ ਹਜਾਰ ਮੁਹਾਣੇ ।੮।

ਹਜ਼ਾਰਾਂ ਹੀ ਬਜ਼ੁਰਗਵਾਰ ਆਗੂ ਬਣ ਰਹੇ ਹਨ।

ਕਿਤੜੇ ਬਾਹਮਣ ਸਾਰਸੁਤ ਵਿਰਤੀਸਰ ਲਾਗਾਇਤ ਲੋਏ ।

ਕਈ ਸਾਰਸੁਤ (ਜਾਤ ਦੇ) ਬ੍ਰਹਮਣ, ਕਈ 'ਵਿਰਤੀਸੁਰ' ਪ੍ਰੋਹਤ (ਕਈ) ਲੋਕਾਂ ਦੇ ਲਾਗੀ ਹਨ।

ਕਿਤੜੇ ਗਉੜ ਕਨਉਜੀਏ ਤੀਰਥ ਵਾਸੀ ਕਰਦੇ ਢੋਏ ।

ਕਈ ਗਉੜ (ਕਈ) ਕਨੌਜੀਏ ਹਨ, (ਕਈ) ਤੀਰਥ ਵਾਸੀ ਹਨ, (ਜਾਤ੍ਰ੍ਰੀਆਂ ਨਾਲ) ਮੇਲੇ ਕਰਦੇ ਹਨ (ਭਾਵ ਤੀਰਥਾਂ ਪੁਰ ਹੀ ਰਹਿੰਦੇ ਤੇ ਉਥੇ ਹੀ ਜਜਮਾਨਾਂ ਨੂੰ ਅੱਗੋਂ ਆ ਮਿਲਦੇ ਹਨ)।

ਕਿਤੜੇ ਲਖ ਸਨਉਢੀਏ ਪਾਂਧੇ ਪੰਡਿਤ ਵੈਦ ਖਲੋਏ ।

ਕਈ ਲੱਖਾਂ (ਆਪ ਨੂੰ) ਸੁਨੌਢੀਏ (ਬ੍ਰਹਮਣ ਅਖਾਉਂਦੇ ਹਨ) ਕਈ ਪਾਂਧੇ (ਮੁੰਡੇ ਪੜ੍ਹਾਉਂਦੇ) (ਕਈ) ਪੰਡਤ (ਵਿਦਵਾਨ), (ਕਈ ਇਕ) ਵੈਦ ਖੜੇ ਹਨ।

ਕੇਤੜਿਆਂ ਲਖ ਜੋਤਕੀ ਵੇਦ ਵੇਦੁਏ ਲੱਖ ਪਲੋਏ ।

(ਕਈ) ਬ੍ਰਹਮਣ ਡਕੌਂਤ (ਹਨ, ਓਹ ਨੌਂ ਗ੍ਰਹਾਂ, ਛਨਿਛਰ ਜਾਂ ਤੁਲਾ ਦਾ ਧਾਨ ਲੈਂਦੇ ਹਨ)। ਕਈ ਲੱਖਾਂ ਜੋਤਸ਼ੀ (ਓਹ ਹੱਥ ਦੀਆਂ ਰੇਖਾਂ ਹੀ ਦੇਖਕੇ ਭਵਿੱਖਤ ਦੱਸਦੇ ਹਨ)।

ਕਿਤੜੇ ਲਖ ਕਵੀਸਰਾਂ ਬ੍ਰਹਮ ਭਾਟ ਬ੍ਰਹਮਾਉ ਬਖੋਏ ।

ਕਈ ਲੱਖ ਕਵੀਸ਼ਰ, ਕਈ ਭੱਟ (ਕਲ੍ਯਾਨ ਕਰਨ ਵਾਲੇ) ਬ੍ਰਾਹਮਣ ਹਨ, ਕਈ ਬ੍ਰਹਮਾਂ ਦੀ ਉਲਾਦ ਅਖਾਉਂਦੇ ਹਨ।

ਕੇਤੜਿਆਂ ਅਭਿਆਗਤਾਂ ਘਰਿ ਘਰਿ ਮੰਗਦੇ ਲੈ ਕਨਸੋਏ ।

ਕਈ ਅਭ੍ਯਾਗਤ ਹਨ (ਭਾਵ ਉਨ੍ਹਾਂ ਦੀ ਜਜਮਾਨੀ ਪ੍ਰੋਹਤੀ ਨਹੀਂ, ਓਹ) ਘਰ ਘਰ ਕਨਸੋਈਆਂ ਲੈਂਦੇ ਮੰਗਦੇ ਫਿਰਦੇ ਹਨ (ਭਾਵ ਅਜ ਫਲਾਣੀ ਗਲੀ ਵਿਆਹ ਜਾਂ ਸ਼ਰਾਧ ਹੈ ਉਥੇ ਹੀ ਹਰੀ ਚੁਗ ਹੋਕੇ ਜਾ ਪਹੁੰਚੀਏ)।

ਕਿਤੜੇ ਸਉਣ ਸਵਾਣੀ ਹੋਏ ।੯।

ਕਿਤਨੇ (ਸਉਣ ਸਵਾਣੀ=) ਸ਼ਗਨ ਹੀ ਮਨਾਉਂਦੇ ਹਨ। (ਭਾਵ ਜੋ ਕੰਮ ਕਰਦੇ ਹਨ ਸ਼ਗਨ ਮਨਾਉਂਦੇ ਹਨ ਯਾ ਸ਼ਗਨ ਦੱਸਕੇ ਉਪਜੀਵਕਾ ਤੋਰਦੇ ਹਨ)।

ਕਿਤੜੇ ਖਤ੍ਰੀ ਬਾਰਹੀ ਕੇਤੜਿਆਂ ਹੀ ਬਾਵੰਜਾਹੀ ।

ਖੱਤ੍ਰ੍ਰੀਆਂ (ਦੀਆਂ ਜਾਤਾਂ ਵਿਚ) ਕਿਤਨੇ ਬਾਰਹੀ, ਕਿਤਨੇ ਹੀ ਬਵੰਜਾਹੀ ਹਨ।

ਪਾਵਾਧੇ ਪਾਚਾਧਿਆ ਫਲੀਆਂ ਖੋਖਰਾਇਣੁ ਅਵਗਾਹੀ ।

(ਕਈ) ਪਾਵਾਧੇ, (ਕਈ) ਪਚਾਧੇ, (ਕਈ) ਫਲੀਆਂ, ਖੋਖਰਾਇਣ, (ਗਲ ਕੀ) ਬਅੰਤ ਹੀ ਹਨ।

ਕੇਤੜਿਆਂ ਚਉੜੋਤਰੀ ਕੇਤੜਿਆਂ ਸੇਰੀਣ ਵਿਲਾਹੀ ।

ਕਿਤਨੇ ਚੌੜੋਤਰੀ, ਕਿਤਨੇ ਸਰੀਣ, (ਕਿਤਨੇ) ਵਿਲਾਹੀ।

ਕੇਤੜਿਆਂ ਅਵਤਾਰ ਹੋਇ ਚਕ੍ਰਵਰਤਿ ਰਾਜੇ ਦਰਗਾਹੀ ।

ਕਈ (ਇਨ੍ਹਾਂ ਵਿਚੋਂ ਰਾਮ ਕ੍ਰਿਸ਼ਨ ਆਦ) ਅਵਤਾਰ ਹੋਏ ਹਨ, (ਕਈ ਮਾਨਧਾਤਾ ਆਦਿ) ਚੱਕ੍ਰਵਰਤੀ ਰਾਜੇ ਦਰਗਾਹੀ (ਦਰਬਾਰਾਂ ਵਾਲੇ) ਹੋਏ (ਕਹੀਦੇ) ਹਨ।

ਸੂਰਜਵੰਸੀ ਆਖੀਅਨਿ ਸੋਮਵੰਸ ਸੂਰਵੀਰ ਸਿਪਾਹੀ ।

ਸੂਰਜ ਬੰਸੀ, ਚੰਦ੍ਰ੍ਰ ਬੰਸੀ, (ਰਾਮ ਕ੍ਰਿਸ਼ਨ) ਕਈ ਸੂਰਬੀਰ ਤੇ ਸਿਪਾਹੀ (ਲੜਵੱਯੇ ਹੋਏ) ਕਹੀਦੇ ਹਨ।

ਧਰਮ ਰਾਇ ਧਰਮਾਤਮਾ ਧਰਮੁ ਵੀਚਾਰੁ ਨ ਬੇਪਰਵਾਹੀ ।

(ਪਰੰਤੂ) ਧਰਮਰਾਇ ਵੱਡਾ ਧਰਮਾਤਮਾ ਹੈ, ਉਹ (ਧਰਮ) ਅਦਾਲਤ ਕਰਦਾ ਹੈ ਬੇਪਰਵਾਹੀ ਨਹੀਂ ਕਰਦਾ (ਭਾਵ ਨ੍ਯਾਉਂ ਕਰਦਾ ਹੈ, ਕਿਸੇ ਅਵਤਾਰ ਜਾਂ ਚੱਕ੍ਰਵਰਤੀ ਰਾਜੇ ਦਾ ਮੁਲਾਹਜ਼ਾ ਨਹੀਂ ਕਰਦਾ, ਜਿਹਾ ਕੁ ਗੁਰੂ ਜੀ ਫੁਰਮਾਉਂਦੇ ਹਨ:-”ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਡਾਨੀ ਰੇ”। ਕਈ ਧਰਮਰਾਜ ਨੂੰ ਖੱਤ੍ਰੀ ਕਹਿੰਦੇ ਹਨ)।

ਦਾਨੁ ਖੜਗੁ ਮੰਤੁ ਭਗਤਿ ਸਲਾਹੀ ।੧੦।

(ਹੁਣ ਦੱਸਦੇ ਹਨ ਕਿ ਪ੍ਰਵਾਨ ਖੱਤ੍ਰੀ ਕੌਣ ਹੈ) ਦਾਨ (ਦੇਣਾ), ਸ਼ਸਤ੍ਰ੍ਰ (ਪਹਿਨਕੇ ਧਰਮ ਜੁੱਧ ਕਰਨਾ), ਮੰਤ੍ਰ (ਜਪਣਾ, ਪਰਮੇਸ਼ਰ ਦੀ) ਭਗਤੀ (ਕਰਨੀ ਇਹ) ਸ਼ਲਾਘਾ ਯੋਗ (ਖੱਤ੍ਰ੍ਰ੍ਯਤ੍ਵ ਹੈ, ਜੋ ਉਸ ਵੇਲੇ ਸ੍ਰੀ ਛਠਮ ਗੁਰੂ ਜੀ ਦੱਸ ਰਹੇ ਸੇ ਕਿ ਦਾਨ ਕਰੋ, ਸ਼ਸਤ੍ਰ ਧਾਰੋ ਤੇ ਨਾਮ ਜਪੋ)।

ਕਿਤੜੇ ਵੈਸ ਵਖਾਣੀਅਨਿ ਰਾਜਪੂਤ ਰਾਵਤ ਵੀਚਾਰੀ ।

ਕਿਤਨੇ ਹੀ ਵੈਸ਼ (ਜਾਤੀ) ਕਹੀਦੇ ਹਨ, (ਕਈ) ਰਾਜਪੂਤ, ਰੇਵਤ (ਕੌਮ ਦੇ ਰਾਜੇ ਹੋ ਜਾਂਦੇ ਹਨ, ਉਨ੍ਹਾਂ ਦਾ) ਵੀਚਾਰ (ਕਰੀਏ)।

ਤੂਅਰ ਗਉੜ ਪਵਾਰ ਲਖ ਮਲਣ ਹਾਸ ਚਉਹਾਣ ਚਿਤਾਰੀ ।

(ਕਈ) ਤੂਅਰ (ਕੌਮ ਦੇ, ਕਈ) ਗਉੜ, ਲੱਖਾਂ ਪਵਾਰ (ਜਾਤਾਂ ਵਿਚ ਹੋਏ), ਮੱਲਣ, ਹਾਸ, ਚਉਹਾਣ (ਜਾਤ ਦੇ ਕਿੰਨੇ ਕੁ ਕਹੀਏ।

ਕਛਵਾਹੇ ਰਾਠਉੜ ਲਖ ਰਾਣੇ ਰਾਏ ਭੂਮੀਏ ਭਾਰੀ ।

ਲੱਖਾਂ ਕਛਵਾਹੇ, ਲੱਖਾਂ ਰਾਠੌੜ, ਲੱਖਾਂ ਰਾਣੇ, ਲੱਖਾਂ (ਭੂਮੀਏ=) ਜਿਮੀਂਦਾਰਾਂ ਵਿਚੋਂ (ਰਾਇ ਸ਼ਿਰੋਮਣੀ) ਹੋ ਗੁਜ਼ਰੇ ਹਨ।

ਬਾਘ ਬਘੇਲੇ ਕੇਤੜੇ ਬਲਵੰਡ ਲਖ ਬੁੰਦੇਲੇ ਕਾਰੀ ।

ਲੱਖਾਂ ਬਾਘ, ਲੱਖਾਂ ਬਘੇਲੇ, ਲੱਖਾਂ ਬੁੰਦੇਲ (ਖੰਡ ਦੇ) ਬਲਵੰਡ (ਕਾਰੀ) ਸੂਰਮੇ ਹਨ।

ਕੇਤੜਿਆਂ ਹੀ ਭੁਰਟੀਏ ਦਰਬਾਰਾਂ ਅੰਦਰਿ ਦਰਬਾਰੀ ।

ਕਿਤੜੇ ਭਟੀਏ (ਕੌਮ ਦੇ) ਦਰਬਾਰਾਂ ਵਿਚ 'ਦਰਬਾਰੀ' ਹਨ।

ਕਿਤੜੇ ਗਣੀ ਭਦਉੜੀਏ ਦੇਸਿ ਦੇਸਿ ਵਡੇ ਇਤਬਾਰੀ ।

ਕਿਤੜੇ ਭਦੌੜ ਦੇ ਗੁਣੀ ਹਨ, ਦੇਸ਼ਾਂ ਦੇਸ਼ਾਂ ਵਿਖੇ ਵੱਡੇ ਇਤਬਾਰੀ (ਭਰੋਸੇ ਵਾਲੇ ਹੋਏ)।

ਹਉਮੈ ਮੁਏ ਨ ਹਉਮੈ ਮਾਰੀ ।੧੧।

(ਪ੍ਰੰਤੂ ਸਿੱਟਾ ਇਹ ਕਿ) ਮੈਂ ਮੈਂ ਕਰਦੇ ਹੀ ਮਰ ਗਏ, ਹਉਮੈ ਨੂੰ (ਕਿਸੇ) ਨਾ ਮਾਰਿਆ।

ਕਿਤੜੇ ਸੂਦ ਸਦਾਇਏ ਕਿਤੜੇ ਕਾਇਥ ਲਿਖਣਹਾਰੇ ।

ਕਈ ਸੂਦ ਸਦਾਉਂਦੇ ਹਨ, ਕਈ ਕਾਇਥ ਮੁਨਸ਼ੀ ਲੋਕ (ਜੋ ਫਾਰਸੀ ਪੜ੍ਹੇ ਹੋਏ ਹਨ)।

ਕੇਤੜਿਆਂ ਹੀ ਬਾਣੀਏ ਕਿਤੜੇ ਭਾਭੜਿਆਂ ਸੁਨਿਆਰੇ ।

ਕਈ ਬਣੀਏਂ (ਓਹ ਲੂਣ ਤੇਲ ਆਦਿ ਦੇ ਵੇਚਣ ਦਾ ਹੀ ਵਿਹਾਰ ਕਰਦੇ ਹਨ), ਕਈ ਭਾਬੜੇ (ਜੋ ਜੈਨ ਮਤ ਨੂੰ ਮੰਨਦੇ ਹਨ), ਕਈ ਸੁਨਿਆਰੇ।

ਕੇਤੜਿਆਂ ਲਖ ਜਟ ਹੋਇ ਕੇਤੜਿਆਂ ਛੀਂਬੈ ਸੈਸਾਰੇ ।

ਕਈ ਲੱਖਾਂ ਜੱਟ ਹੋਏ, ਕਈ ਛੀਂਬੇ ਸੰਸਾਰ (ਵਿਖੇ ਪ੍ਰਸਿੱਧ ਹਨ)।

ਕੇਤੜਿਆ ਠਾਠੇਰਿਆ ਕੇਤੜਿਆਂ ਲੋਹਾਰ ਵਿਚਾਰੇ ।

ਕਈ ਠਠੇਰੇ, ਕਈ ਵਿਚਾਰੇ ਲੋਹਾਰ (ਲੋਹੇ ਦੇ ਕਾਰੀਗਰ)।

ਕਿਤੜੇ ਤੇਲੀ ਆਖੀਅਨਿ ਕਿਤੜੇ ਹਲਵਾਈ ਬਾਜਾਰੇ ।

ਕਈ ਤੇਲੀ ਕਹੀਦੇ ਹਨ, ਕਈ ਹਲਵਾਈ (ਹੋਕੇ) ਬਜ਼ਾਰਾਂ ਵਿਚ (ਮਿਠਾਈਆਂ ਦੀ ਕਾਰ ਕਰਦੇ ਹਨ)।

ਕੇਤੜਿਆਂ ਲਖ ਪੰਖੀਏ ਕਿਤੜੇ ਨਾਈ ਤੈ ਵਣਜਾਰੇ ।

ਕਈ ਹਲਕਾਰੇ ਹਨ, ਕਈ ਨਾਈ (ਨੌਂਹ ਕੰਡਾ ਲਾਹ ਕੇ ਉਦਰ ਪੂਰਣਾ ਕਰਦੇ), ਕਈ ਵਣਜਾਰੇ (ਸੂਈ ਸਲਾਈ ਵੇਚਦੇ ਫਿਰਦੇ ਹਨ)।

ਚਹੁ ਵਰਨਾਂ ਦੇ ਗੋਤ ਅਪਾਰੇ ।੧੨।

ਚਾਰ ਵਰਣਾਂ ਵਿਖੇ ਬੇਅੰਤ ਗੋਤ ਫਿਰਦੇ ਹਨ।

ਕਿਤੜੇ ਗਿਰਹੀ ਆਖੀਅਨਿ ਕੇਤੜਿਆਂ ਲਖ ਫਿਰਨਿ ਉਦਾਸੀ ।

ਕਿਤਨੇ ਗ੍ਰਿਹਸਥੀ ਕਹੀਦੇ ਹਨ, ਕਿਤਨੇ ਲੱਖ ਉਦਾਸੀ ਫਿਰਦੇ ਹਨ।

ਕੇਤੜਿਆਂ ਜੋਗੀਸੁਰਾਂ ਕੇਤੜਿਆਂ ਹੋਏ ਸੰਨਿਆਸੀ ।

ਕਈ ਯੋਗੀਸ਼੍ਵਰ, ਕਈ ਸੰਨਿ੍ਯਾਸੀ ਹੋਏ।

ਸੰਨਿਆਸੀ ਦਸ ਨਾਮ ਧਰਿ ਜੋਗੀ ਬਾਰਹ ਪੰਥ ਨਿਵਾਸੀ ।

ਸੰਨਿ੍ਯਾਸੀਆਂ ਦੇ (ਭਾਰਥੀ, ਗਿਰੀ, ਪੁਰੀ ਆਦਿ) ਦਸ ਨਾਮ ਕਈਆਂ ਨੇ ਧਾਰੇ ਹਨ, ਜੋਗੀਆਂ ਦੇ ਬਾਰਹ ਪੰਥ ਹਨ।

ਕੇਤੜਿਆਂ ਲਖ ਪਰਮ ਹੰਸ ਕਿਤੜੇ ਬਾਨਪ੍ਰਸਤ ਬਨਵਾਸੀ ।

ਕਿਤਨੇ ਲੱਖ ਪਰਮਹੰਸ ਹੋਏ (ਤੱਤ ਮਿਥ੍ਯਾ ਦਾ ਵਿਵੇਚਨ ਕਰਨੇ ਵਾਲੇ), ਕਿਤਨੇ ਬਾਨ ਪ੍ਰਸਤ ਹੋਕੇ ਬਨਾਂ ਵਿਖੇ ਰਹਿੰਦੇ ਹਨ।

ਕੇਤੜਿਆਂ ਹੀ ਡੰਡ ਧਾਰ ਕਿਤੜੇ ਜੈਨੀ ਜੀਅ ਦੈਆਸੀ ।

ਕਈ ਡੰਡਾ (ਹੱਥ ਵਿਖੇ) ਰੱਖਕੇ (ਯੋਗੀਆਂ ਦੇ ਮਤ ਵਿਖੇ ਰਲਦੇ ਹਨ, ਕਈ ਤ੍ਰਿਦੰਡੀ ਸੰਨ੍ਯਾਸੀ ਕਹਾਉਂਦੇ ਹਨ), ਕਈ ਜੈਨੀ ਹੋਕੇ ਜੀਵਾਂ ਪਰ ਦਇਆ ਰਖਦੇ ਹਨ, (ਮੂੰਹ ਤੇ ਪੱਟੀਆਂ ਬੰਨ੍ਹੀਂ ਰੱਖਦੇ ਹਨ ਕਿ ਹਵਾੜ ਨਾਲ ਜੀਵ ਘਾਤ ਨਾਂ ਹੋਣ)।

ਛਿਅ ਘਰਿ ਛਿਅ ਗੁਰਿ ਆਖੀਅਨਿ ਛਿਅ ਉਪਦੇਸ ਭੇਸ ਅਭਿਆਸੀ ।

ਛੀ ਸ਼ਾਸਤਰਾਂ ਦੇ ਛੇ ਅਚਾਰਜਾਂ ਨੇ ਛੀ ਉਪਦੇਸ਼ ਭੇਸ਼ ਤੇ ਅਭ੍ਯਾਸ (ਭਿੰਨ ਭਿੰਨ) ਕੀਤੇ ਆਖੀਦੇ ਹਨ।

ਛਿਅ ਰੁਤਿ ਬਾਰਹ ਮਾਹ ਕਰਿ ਸੂਰਜੁ ਇਕੋ ਬਾਰਹ ਰਾਸੀ ।

ਸੂਰਜ ਇਕੋ ਹੈ, ਪਰੰਤੂ ਬਾਰਾਂ ਰਾਸਾਂ, ਬਾਰਾਂ ਮਹੀਨੇ ਤੇ ਛੀ ਰੁਤਾਂ ਹਨ।

ਗੁਰਾ ਗੁਰੂ ਸਤਿਗੁਰੁ ਅਬਿਨਾਸੀ ।੧੩।

ਗੁਰੂਆਂ ਦਾ ਗੁਰੂ (ਅਕਾਲ ਪੁਰਖ) ਸਤਿਗੁਰ ਸਦਾ ਅਬਿਨਾਸ਼ੀ ਹੈ, (ਜਿਸਦੀ ਓਟ ਨਾਲ ਸਾਰੇ ਆਪਣੇ ਆਪਣੇ ਮਤ ਦਾ ਪ੍ਰਕਾਸ਼ ਕਰਦੇ ਹਨ, ਪਰ ਇਹ ਨਹੀਂ ਕਰਦੇ ਕਿ ਉਹ ਇਕੋ ਹੈ)।

ਕਿਤੜੇ ਸਾਧ ਵਖਾਣੀਅਨਿ ਸਾਧਸੰਗਤਿ ਵਿਚਿ ਪਰਉਪਕਾਰੀ ।

ਕਿਤਨੇ ਸਾਧ ਕਹੀਦੇ ਹਨ ਜੋ ਸਾਧ ਸੰਗਤ ਵਿਚ ਪਰੋਪਕਾਰੀ ਹਨ। (ਭਾਵ ਪਰਾਏ ਭਲੇ ਵਾਸਤੇ ਅਪਣਾ ਤਨ ਮਨ ਧਨ ਅਰਪਣ ਕਰ ਦਿੰਦੇ ਹਨ)।

ਕੇਤੜਿਆਂ ਲਖ ਸੰਤ ਜਨ ਕੇਤੜਿਆਂ ਨਿਜ ਭਗਤਿ ਭੰਡਾਰੀ ।

ਕਿਤਨੇ ਲੱਖ ਸੰਤ ਜਨ (ਸ਼ਾਂਤ ਆਤਮਾ) ਹਨ, ਕਿਤਨੇ ਪ੍ਰੇਮਾ ਭਗਤੀ ਦੇ ਭੰਡਾਰੀ ਹਨ (ਭਾਵ ਭਗਤੀ ਦਾ ਹੀ ਉਪਦੇਸ਼ਕਰਦੇ ਹਨ)।

ਕੇਤੜਿਆਂ ਜੀਵਨ ਮੁਕਤਿ ਬ੍ਰਹਮ ਗਿਆਨੀ ਬ੍ਰਹਮ ਵੀਚਾਰੀ ।

ਕਿਤਨੇ ਜੀਵਨ ਮੁਕਤ, ਬ੍ਰਹਮ ਗਿਆਨੀ, ਬ੍ਰਹਮ ਦਾ ਹੀ ਵਿਚਾਰ ਕਰਦੇ ਹਨ।

ਕੇਤੜਿਆਂ ਸਮਦਰਸੀਆਂ ਕੇਤੜਿਆਂ ਨਿਰਮਲ ਨਿਰੰਕਾਰੀ ।

ਕਿਤਨੇ ਸਮਦਰਸੀ ਹਨ (ਭਾਵ ਊੂਚ ਨੀਚ ਨੂੰ ਇਕ ਰੂਪ ਜਾਣਦੇ ਹਨ), ਕਿਤਨੇ ਨਿਰਮਲ ਨਿਰੰਕਾਰ (ਦੀ ਉਪਾਸ਼ਨਾ ਕਰਦੇ) ਹਨ।

ਕਿਤੜੇ ਲਖ ਬਿਬੇਕੀਆਂ ਕਿਤੜੇ ਦੇਹ ਬਿਦੇਹ ਅਕਾਰੀ ।

ਕਿਤਨੇ ਲੱਖ ਬਿਬੇਕੀ (ਗ੍ਯਾਨੀ) ਹਨ, ਕਈ ਦੇਹ ਥੋਂ ਬਿਦੇਹ ਸਰੂਪ ਹੋ ਰਹੇ ਹਨ(ਉਹਨਾਂ ਦੀ ਕ੍ਰਿਯਾ ਪਰਾਏ ਹੱਥੀਂ ਹੁੰਦੀ ਹੈ)।

ਭਾਇ ਭਗਤਿ ਭੈ ਵਰਤਣਾ ਸਹਜਿ ਸਮਾਧਿ ਬੈਰਾਗ ਸਵਾਰੀ ।

(ਪਰ ਅਸਲ ਗੱਲ ਇਹ ਹੈ ਕਿ) ਪ੍ਰੇਮਾ ਭਗਤੀ, ਭਯ ਤੇ ਵੈਰਾਗ ਵਿਚ ਵਰਤਣਾ ਚਾਹੀਦਾ ਹੈ ਤੇ ਸਹਿਜ ਸਮਾਧਿ ਸਵਾਰਨੀ ਚਾਹੀਦੀ ਹੈ।

ਗੁਰਮੁਖਿ ਸੁਖ ਫਲੁ ਗਰਬੁ ਨਿਵਾਰੀ ।੧੪।

(ਇਉਂ) ਗੁਰਮੁਖਾਂ ਨੇ ਗਰਬ ਨਿਵਾਰਕੇ ਸੁਖ ਫਲ ਪਾਇਆ ਹੈ।

ਕਿਤੜੇ ਲਖ ਅਸਾਧ ਜਗ ਵਿਚਿ ਕਿਤੜੇ ਚੋਰ ਜਾਰ ਜੂਆਰੀ ।

ਕਿਤਨੇ ਲੱਖ ਜਗਤ ਵਿਚ ਅਸਾਧੂ (ਅਪਕਾਰੀ ਹਨ, ਉਨ੍ਹਾਂ) ਵਿਚ ਕਈ ਚੋਰ ਤੇ ਯਾਰ ਜੂਆ ਹੀ ਖੇਡਦੇ ਹਨ।

ਵਟਵਾੜੇ ਠਗਿ ਕੇਤੜੇ ਕੇਤੜਿਆਂ ਨਿੰਦਕ ਅਵਿਚਾਰੀ ।

ਕਿਤਨੇ ਹੀ ਠੱਗ ਰਾਹ ਮਾਰ, ਕਿਤਨੇ ਨਿੰਦਕ ਅਤੇ ਮੂਰਖ ਹਨ।

ਕੇਤੜਿਆਂ ਅਕਿਰਤਘਣ ਕਿਤੜੇ ਬੇਮੁਖ ਤੇ ਅਣਚਾਰੀ ।

ਕਿਤਨੇ ਕ੍ਰਿਤਘਨ, (ਹਰੀ ਤੋਂ) ਬੇਮੁਖ ਤੇ ਦੁਰਾਚਾਰੀ (ਖੋਟੇ ਕਰਤੱਬਾਂ ਵਾਲੇ) ਹਨ।

ਸ੍ਵਾਮਿ ਧ੍ਰੋਹੀ ਵਿਸਵਾਸਿ ਘਾਤ ਲੂਣ ਹਰਾਮੀ ਮੂਰਖ ਭਾਰੀ ।

ਕਈ ਸ੍ਵਾਮਿ ਧ੍ਰੋਹੀ (ਆਪਣੇ ਹੀ ਮਾਲਕ ਦਾ ਬੁਰਾ ਤੱਕਣ ਵਾਲੇ) ਹਨ, (ਕਈ) ਵਿਸ਼ਵਾਸ਼ ਘਾਤਕ ਲੂਣ ਹਰਾਮੀ ਤੇ ਮਨਮਤੀਏ ਹਨ। (ਯਥਾ:-”ਅਸੰਖ ਮੂਰਖ ਅੰਧ ਘੋਰ॥ ਅਸੰਖ ਚੋਰ ਹਰਾਮ ਖੋਰ”)।

ਬਿਖਲੀਪਤਿ ਵੇਸੁਆ ਰਵਤ ਮਦ ਮਤਵਾਲੇ ਵਡੇ ਵਿਕਾਰੀ ।

(ਕਿਤਨੇ ਬਿਖਲੀਪਤ ਹਨ, (ਕਈ) ਵੇਸਵਾ ਵਿਚ ਹੀ ਪ੍ਰੀਤ ਰੱਖਦੇ, (ਕਈ) ਸ਼ਰਾਬ ਨਾਲ ਹੀ ਮਸਤ ਅਤੇ ਵਿਕਾਰਾਂ ਵਿਖੇ ਬੜੇ ਗ਼ਲਤਾਨ ਹਨ।

ਵਿਸਟ ਵਿਰੋਧੀ ਕੇਤੜੇ ਕੇਤੜਿਆਂ ਕੂੜੇ ਕੂੜਿਆਰੀ ।

ਕਈ ਵਿਸ਼ਟ ਵਿਰੋਧੀ ਹਨ, (ਭਾਵ ਵਿਚੋਲੇ ਹੋਕੇ ਇਕ ਦੂਜੇ ਦੀ ਕਾਨਾ ਫੂਸੀ ਕਰ ਵਿਰੋਧ ਪਾ ਦਿੰਦੇ ਹਨ) ਕਈ ਝੂਠ ਦਾ ਹੀ ਵਿਹਾਰ ਕਰਦੇ ਹਨ।

ਗੁਰ ਪੂਰੇ ਬਿਨੁ ਅੰਤਿ ਖੁਆਰੀ ।੧੫।

ਗੁਰੂ ਪੂਰੇ ਮਿਲੇ ਬਾਝ ਅੰਤ ਨੂੰ ਖੁਆਰੀ ਹੀ ਹੁੰਦੀ ਹੈ।

ਕਿਤੜੇ ਸੁੰਨੀ ਆਖੀਅਨਿ ਕਿਤੜੇ ਈਸਾਈ ਮੂਸਾਈ ।

ਕਿਤਨੇ ਸੁੰਨੀ (ਮੁਸਲਮਾਨ) ਕਹੀਦੇ ਹਨ, ਕਿਤਨੇ ਈਸਾ (ਅਤੇ ਕਿਤਨੇ) ਮੂਸਾ ਦੇ ਉਪਾਸ਼ਕ ਹਨ।

ਕੇਤੜਿਆ ਹੀ ਰਾਫਜੀ ਕਿਤੜੇ ਮੁਲਹਿਦ ਗਣਤ ਨ ਆਈ ।

ਕਿਤਨੇ ਸ਼ਈਆ ਹਨ, ਕਿਤਨੇ ਮੁਲਹਿਦ (ਕਾਫਰ ਜੋ ਕ੍ਯਾਮਤ ਨਹੀਂ ਮੰਨਦੇ) ਹਨ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ।

ਲਖ ਫਿਰੰਗੀ ਇਰਮਨੀ ਰੂਮੀ ਜੰਗੀ ਦੁਸਮਨ ਦਾਈ ।

ਲੱਖਾਂ ਫਿਰੰਗੀ (ਯੂਰਪ ਵਾਸੀ) ਹਨ, ਅਰਮਨੀ, ਰੂਮੀ, ਜੰਗੀ, ਦੁਸ਼ਮਨਾਂ ਦੇ ਦਾਉ ਵਾਲੇ (ਭਾਵ ਜੋਧੇ ਲਖਾਂ) ਹਨ।

ਕਿਤੜੇ ਸਈਯਦ ਆਖੀਅਨਿ ਕਿਤੜੇ ਤੁਰਕਮਾਨ ਦੁਨਿਆਈ ।

ਕਿਤਨੇ ਸੱਯਦ (ਮੁਹੰਮਦ ਦੀ ਵੰਸ਼) ਕਹੀਦੇ ਹਨ, ਕਿਤਨੇ ਤੁਰਕਮਾਨ (ਤੁਰਕਿਸਤਾਨ ਦੇ ਵਾਸੀ) ਦੁਨੀਆਂ ਵਿਚ ਹਨ।

ਕਿਤੜੇ ਮੁਗਲ ਪਠਾਣ ਹਨਿ ਹਬਸੀ ਤੈ ਕਿਲਮਾਕ ਅਵਾਈ ।

ਕਿਤਨੇ ਮੁਗਲ (ਚੁਗੱਤੇ, ਕਿਤਨੇ) ਪਠਾਣ ਹਨ, ਕਈ ਹਬਸ਼ ਦੇ ਵਾਸੀ, ਕਈ ਕਿਲਮਾਕੀ ਅਖਾਉਂਦੇ ਹਨ।

ਕੇਤੜਿਆਂ ਈਮਾਨ ਵਿਚਿ ਕਿਤੜੇ ਬੇਈਮਾਨ ਬਲਾਈ ।

ਕਿਤਨੇ ਈਮਾਨਦਾਰ ਤੇ ਕਿਤਨੇ ਬੇਈਮਾਨ ਬਲਾਵਾਂ ਹਨ (ਭਾਵ ਦੁਖਦਾਈ ਹਨ)।

ਨੇਕੀ ਬਦੀ ਨ ਲੁਕੈ ਲੁਕਾਈ ।੧੬।

ਨੇਕੀ ਤੇ ਬਦੀ ਛਪਾਈ ਨਹੀਂ ਛਿਪਦੀ।

ਕਿਤੜੇ ਦਾਤੇ ਮੰਗਤੇ ਕਿਤੜੇ ਵੈਦ ਕੇਤੜੇ ਰੋਗੀ ।

ਕਿਤਨੇ ਦਾਤੇ, (ਕਈ ਮੰਗਤੇ, ਕਈ ਹਕੀਮ, ਕਈ ਰੋਗੀ ਹਨ।

ਕਿਤੜੇ ਸਹਜਿ ਸੰਜੋਗ ਵਿਚਿ ਕਿਤੜੇ ਵਿਛੁੜਿ ਹੋਇ ਵਿਜੋਗੀ ।

ਕਿਤਨੇ ਸਹਿਜ ਹੀ ਸੰਜੋਗ ਵਿਖੇ ਰਹਿੰਦੇ ਹਨ, ਕਈ ਵਿਛੁੜਕੇ ਵਿਜੋਗੀ ਹੀ ਰਹਿੰਦੇ ਹਨ (ਭਾਵ ਉਮਰ ਭਰ ਸਨਬੰਧੀਆਂ ਥੋਂ ਵਿਛੜਕੇ ਪਰਦੇਸਾਂ ਵਿਚ ਮਰ ਜਾਂਦੇ ਹਨ)।

ਕੇਤੜਿਆਂ ਭੁਖੇ ਮਰਨਿ ਕੇਤੜਿਆਂ ਰਾਜੇ ਰਸ ਭੋਗੀ ।

ਕਈ ਭੁੱਖੇ ਹੀ ਮਰਦੇ ਹਨ, ਕਈ ਰਾਜੇ (ਰਸਾਂ=) ਵਿਖਿਆਂ ਨੂੰ ਭੋਗਦੇ ਹਨ।

ਕੇਤੜਿਆਂ ਦੇ ਸੋਹਿਲੇ ਕੇਤੜਿਆਂ ਦੁਖੁ ਰੋਵਨਿ ਸੋਗੀ ।

ਕਈਆਂ ਦੇ (ਘਰੀਂ) ਅਨੰਦ ਹੁੰਦੇ ਹਨ ਤੇ ਕਈਆਂ ਦੇ (ਘਰੀਂ) ਸਿਆਪੇ ਅਤੇ ਦੁਖ ਹਨ।

ਦੁਨੀਆਂ ਆਵਣ ਜਾਵਣੀ ਕਿਤੜੀ ਹੋਈ ਕਿਤੜੀ ਹੋਗੀ ।

ਇਹ ਦੁਨੀਆਂ ਆਵਾਗਵਨ ਹੈ, ਕਿਤਨੀ (ਭੂਤਕਾਲ ਵਿਖੇ) ਗੁਜਰ ਗਈ ਅਤੇ ਕਿਤਨੀ (ਭਵਿੱਖਤ ਵਿਖੇ) ਹੋਵੇਗੀ।

ਕੇਤੜਿਆਂ ਹੀ ਸਚਿਆਰ ਕੇਤੜਿਆਂ ਦਗਾਬਾਜ ਦਰੋਗੀ ।

ਕਈ (ਇਸ ਦੁਨੀਆਂ ਵਿਚ ਆਕੇ ਈਸ਼ਵਰ ਨਾਲ) ਸੱਚੇ ਰਹਿੰਦੇ ਹਨ, ਕਿਤਨੇ ਕਪਟ ਅਤੇ ਝੂਠ ਵਿਖੇ (ਉਮਰ ਕਟੀ ਕਰ ਜਾਂਦੇ ਹਨ)।

ਗੁਰਮੁਖਿ ਕੋ ਜੋਗੀਸਰੁ ਜੋਗੀ ।੧੭।

ਕੋਈ ਗੁਰਮੁਖ ਵਿਰਲਾ ਯੋਗੀਸ਼ਰ (ਅਰਥਾਤ ਜੋਗੀਆਂ ਦਾ ਰਾਜਾ) ਹੁੰਦਾ ਹੈ।

ਕਿਤੜੇ ਅੰਨ੍ਹੇ ਆਖੀਅਨਿ ਕੇਤੜਿਆਂ ਹੀ ਦਿਸਨਿ ਕਾਣੇ ।

ਕਿੰਨੇ ਅੰਨ੍ਹੇ ਕਹੀਦੇ ਤੇ ਕਿੰਨੇ ਕਾਣੇ ਦਿੱਸਦੇ ਹਨ।

ਕੇਤੜਿਆਂ ਚੁੱਨ੍ਹੇ ਫਿਰਨਿ ਕਿਤੜੇ ਰਤੀਆਨੇ ਉਕਤਾਣੇ ।

ਕਿੰਨੇ ਟੀਰੇ ਫਿਰਦੇ ਤੇ ਕਿਤਨੇ ਅੰਧਰਾਤੇ ਵਾਲੇ ਅਰ ਘੱਟ ਵੇਖਣ ਵਾਲੇ ਹਨ।

ਕਿਤੜੇ ਨਕਟੇ ਗੁਣਗੁਣੇ ਕਿਤੜੇ ਬੋਲੇ ਬੁਚੇ ਲਾਣੇ ।

ਕਿੰਨੇ ਨੱਕ ਕਟੇ, ਗੁਣਗਣੇ, ਬੋਲੇ (ਡੋਰੇ), ਕੰਨ ਕੱਟੇ ਤੇ ਬੁੱਲ੍ਹ ਕੱਟੇ ਹਨ।

ਕੇਤੜਿਆਂ ਗਿਲ੍ਹੜ ਗਲੀ ਅੰਗਿ ਰਸਉਲੀ ਵੇਣਿ ਵਿਹਾਣੇ ।

ਕਿੰਨੇ ਗਲਾਂ ਵਿਚ ਗਿਲ੍ਹੜਾਂ ਵਾਲੇ, ਅੰਗਾਂ ਵਿਚ ਰਸੌਲੀਆਂ ਵਾਲੇ ਤੇ ਦਬੇ ਅੰਗਾਂ ਵਾਲੇ ਹਨ।

ਟੁੰਡੇ ਬਾਂਡੇ ਕੇਤੜੇ ਗੰਜੇ ਲੁੰਜੇ ਕੋੜ੍ਹੀ ਜਾਣੇ ।

ਕਿਨੇ ਟੁੰਡੇ, ਬਾਂਡੇ, ਗੰਜੇ, ਕੋੜ੍ਹੀ ਜਾਣੀ ਦੇ ਹਨ।

ਕਿਤੜੇ ਲੂਲੇ ਪਿੰਗੁਲੇ ਕਿਤੜੇ ਕੁੱਬੇ ਹੋਇ ਕੁੜਾਣੇ ।

ਕਿੰਨੇ ਲੂਲ੍ਹੇ, ਪਿੰਗੁਲੇ, ਕੁੱਬੇ ਤੇ ਲੱਕ ਦੋਹਰੇ ਵਾਲੇ ਹਨ,

ਕਿਤੜੇ ਖੁਸਰੇ ਹੀਜੜੇ ਕੇਤੜਿਆ ਗੁੰਗੇ ਤੁਤਲਾਣੇ ।

ਕਿੰਨੇ ਖੁਸਰੇ, ਹੀਜੜੇ, ਗੁੰਗੇ ਥਥਲੇ ਹਨ।

ਗੁਰ ਪੂਰੇ ਵਿਣੁ ਆਵਣ ਜਾਣੇ ।੧੮।

ਪੂਰੇ ਗੁਰੂ ਤੋਂ ਬਿਨਾਂ (ਐਸੇ) ਆਵਣ ਜਾਣੇ (ਬਣੇ ਹੀ ਰਹਿੰਦੇ ਹਨ)।॥

ਕੇਤੜਿਆਂ ਪਤਿਸਾਹ ਜਗਿ ਕਿਤੜੇ ਮਸਲਤਿ ਕਰਨਿ ਵਜੀਰਾ ।

ਕਿਤਨੇ ਹੀ ਸੰਸਾਰ ਵਿਚ ਪਾਤਸ਼ਾਹ ਹਨ ਅਰ ਕਿਤਨੇ ਹੀ (ਉਨ੍ਹਾਂ ਦੇ) ਸਲਾਹ ਦੇਣ ਵਾਲੇ ਵਜ਼ੀਰ ਹਨ।

ਕੇਤੜਿਆਂ ਉਮਰਾਉ ਲਖ ਮਨਸਬਦਾਰ ਹਜਾਰ ਵਡੀਰਾ ।

ਕਿਨੇ ਉਮਰਾਉ, ਲੱਖਾਂ ਉਹਦੇਦਾਰ, ਹਜ਼ਾਰਾਂ ਵਡਿਆਈਆਂ ਵਾਲੇ ਹਨ।

ਹਿਕਮਤਿ ਵਿਚਿ ਹਕੀਮ ਲਖ ਕਿਤੜੇ ਤਰਕਸ ਬੰਦ ਅਮੀਰਾ ।

ਦਾਨਾਈ ਵਿਚ ਲਖਾਂ ਸਿਆਣੇ, ਕਿੰਨੇ ਧਨੁਖਧਾਰੀ ਅਮੀਰ ਹਨ।

ਕਿਤੜੇ ਚਾਕਰ ਚਾਕਰੀ ਭੋਈ ਮੇਠ ਮਹਾਵਤ ਮੀਰਾ ।

ਕਿਤਨੇ ਨੌਕਰੀ ਕਰਨ ਵਾਲੇ ਨੌਕਰ, ਘਾਹੀ, ਤਵੇਲੇਦਾਰ ਤੇ ਮਹਾਵਤ ਤੇ ਮੀਰ ਹਨ।

ਲਖ ਫਰਾਸ ਲਖ ਸਾਰਵਾਨ ਮੀਰਾਖੋਰ ਸਈਸ ਵਹੀਰਾ ।

ਲੱਖਾਂ (ਪਾਤਸ਼ਾਹੀ) ਵਿਛਾਈ ਕਰਨੇ ਵਾਲੇ, ਲੱਖਾਂ ਊੂਠਾਂ ਦੇ ਚਰਵਾਨ ਵਾਲੇ, ਘੋੜਿਆਂ ਦੇ ਅਫਸਰ ਤੇ ਸਾਈਸ ਭੀ ਬਹੁਤ ਹਨ।

ਕਿਤੜੇ ਲਖ ਜਲੇਬਦਾਰ ਗਾਡੀਵਾਨ ਚਲਾਇ ਗਡੀਰਾ ।

ਕਿਤਨੇ ਲੱਖ ਜਲੇਬਦਾਰ ਤੇ ਗੱਡੀਵਾਨ ਗੱਡੀਆਂ ਚਲਾਉਣ ਵਾਲੇ ਹਨ।

ਛੜੀਦਾਰ ਦਰਵਾਨ ਖਲੀਰਾ ।੧੯।

ਰਾਜੇ ਨੂੰ ਹਸਾਉਣ ਖਿਡਾਵਣ ਵਾਲੇ ਚੋਬਦਾਰ (ਕਈ ਹਨ)।

ਕਿਤੜੇ ਲਖ ਨਗਾਰਚੀ ਕੇਤੜਿਆਂ ਢੋਲੀ ਸਹਨਾਈ ।

ਲੱਖਾਂ ਹੀ ਨਗਾਰੇ ਵਾਲੇ ਤੇ ਕਿਤਨੇ ਹੀ ਢੋਲਾਂ ਤੂਤੀਆਂ ਵਾਲੇ ਹਨ।

ਕੇਤੜਿਆਂ ਹੀ ਤਾਇਫੇ ਢਾਢੀ ਬਚੇ ਕਲਾਵਤ ਗਾਈ ।

ਕਈ ਤੈਫੇ, ਢਾਡੀ ਬਚੇ ਗਾਉਣ ਵਾਲੇ ਕਲੌਤ।

ਕੇਤੜਿਆਂ ਬਹੁਰੂਪੀਏ ਬਾਜੀਗਰ ਲਖ ਭੰਡ ਅਤਾਈ ।

ਕਿਤਨੇ ਸਵਾਂਗ ਉਤਾਰਨ ਵਾਲੇ, ਮਦਾਰੀ ਭੰਡ ਤੇ ਅਤਾਈ ਹਨ।

ਕਿਤੜੇ ਲਖ ਮਸਾਲਚੀ ਸਮਾ ਚਰਾਗ ਕਰਨਿ ਰੁਸਨਾਈ ।

ਕਿਤਨੇ ਲੱਖ ਮਸ਼ਾਲਚੀ ਹਨ ਜੋ (ਸ਼ਮਾਂ=) ਮੋਮ ਬੱਤੀਆਂ ਤੇ (ਚਰਾਗ) ਦੀਵੇ ਬਾਲਕੇ ਚਾਨਣਾ ਕਰਦੇ ਹਨ।

ਕੇਤੜਿਆਂ ਹੀ ਕੋਰਚੀ ਆਮਲੁ ਪੋਸ ਸਿਲਹ ਸੁਖਦਾਈ ।

ਕਿਤਨੇ ਹੀ ਬਸਤਨੀਏਂ ਹਾਕਮ ਤੇ ਸੰਜੋਅ ਪਹਿਨਣ ਵਾਲੇ (ਪਰਜਾ ਨੂੰ) ਸੁਖ ਦੇਣ ਵਾਲੇ ਹਨ।

ਕੇਤੜਿਆਂ ਹੀ ਆਬਦਾਰ ਕਿਤੜੇ ਬਾਵਰਚੀ ਨਾਨਵਾਈ ।

ਕਿਤਨੇ ਹੀ (ਰਾਜਿਆਂ ਦੇ) ਲੱਸੀ ਵਾਲੇ ਰਸੌਈਏ ਤੇ ਰੋਟੀ ਪਕਾਉਣ ਵਾਲੇ ਹੁੰਦੇ ਹਨ।

ਤੰਬੋਲੀ ਤੋਸਕਚੀ ਸੁਹਾਈ ।੨੦।

ਪਾਨਾਂ ਵਾਲੇ ਤੇ ਤੋਸ਼ਕਚੀ (ਕਈ) ਸੁਹਾਉਂਦੇ ਹਨ।

ਕੇਤੜਿਆ ਖੁਸਬੋਇਦਾਰ ਕੇਤੜਿਆ ਰੰਗਰੇਜ ਰੰਗੋਲੀ ।

ਕਿਤਨੇ ਅੱਤਾਰ (=ਗਾਂਧੀ), (ਰੇਸ਼ਮ) ਵਾਲੇ ਤੇ ਲਿਲਾਰੀ ਹਨ।

ਕਿਤੜੇ ਮੇਵੇਦਾਰ ਹਨਿ ਹੁਡਕ ਹੁਡਕੀਏ ਲੋਲਣਿ ਲੋਲੀ ।

ਕਿੰਨੇ ਮੇਵਾ ਵੇਚਣ ਵਾਲੇ, ਜ਼ਿਦੀ (ਸ਼ਰਤਾਂ ਬੰਨ੍ਹਕੇ ਸੌਦੇ ਕਰਨ ਵਾਲੇ) ਤੇ ਚੰਚਲ ਵੇਸ਼ਵਾ ਹਨ।

ਖਿਜਮਤਿਗਾਰ ਖਵਾਸ ਲਖ ਗੋਲੰਦਾਜ ਤੋਪਕੀ ਤੋਲੀ ।

ਨੀਵੇਂ ਚਾਕਰ, ਦਰਬਾਰੀ ਅਹਿਲਕਾਰ, ਗੋਲਾ ਸੁੱਟਣ ਵਾਲੇ, ਤੋਪ ਚਲਾਉਣ ਵਾਲੇ ਤੇ ਮੋਦੀ ਹਨ।

ਕੇਤੜਿਆਂ ਤਹਵੀਲਦਾਰ ਮੁਸਰਫਦਾਰ ਦਰੋਗੇ ਓਲੀ ।

ਕਿੰਨੇ ਹੀ ਰੋਕੜੀਏ, ਨਿਗਰਾਨੀ ਰੱਖਣ ਵਾਲੇ ਦਰੋਗੇ ਤੇ ਰਸਦ ਦੇਣ ਵਾਲੇ ਹਨ।

ਕੇਤੜਿਆਂ ਕਿਰਸਾਣ ਹੋਇ ਕਰਿ ਕਿਰਸਾਣੀ ਅਤੁਲੁ ਅਤੋਲੀ ।

ਕਿਨੇ ਰਾਹਕ ਹੋਕੇ ਤੋਲ ਤੋਂ ਅਤੋਲ (ਧਰਤੀ ਪਰ) ਖੇਤੀ ਕਰਦੇ ਹਨ।

ਮੁਸਤੌਫੀ ਬੂਤਾਤ ਲਖ ਮੀਰਸਾਮੇ ਬਖਸੀ ਲੈ ਕੋਲੀ ।

ਪੜਤਾਲੀਏ, ਨਿਜ ਦੇ ਖਰਚ ਦੇ ਲੇਖੇਦਾਰ ਅਫਸਰ, ਅਫਸਰ ਖੁਸ਼ਬੋ, ਸੈਨਾਪਾਤ, ਕੋਲ ਤੇ ਜੁਲਾਹੇ।

ਕੇਤੜਿਆਂ ਦੀਵਾਨ ਹੋਇ ਕਰਨਿ ਕਰੋੜੀ ਮੁਲਕ ਢੰਢੋਲੀ ।

ਕਿੰਨੇ ਹੀ ਦੀਵਾਨ ਹੋਕੇ ਮੁਲਕ (ਦੀ ਆਮਦਨ ਦੀ) ਢੂੰਡ ਕਰ ਕੇ ਕਰੋੜਾਂ (ਰੁਪੱਯਾਂ ਦਾ ਮਾਮਲਾ ਜਮਾਂ) ਕਰਦੇ, ਤੇ

ਰਤਨ ਪਦਾਰਥ ਮੋਲ ਅਮੋਲੀ ।੨੧।

ਮੁਲ ਤੋਂ ਅਮੁਲ ਰਤਨ ਪਦਾਰਥ ਜਮਾਂ ਕਰਦੇ ਹਨ।

ਕੇਤੜਿਆਂ ਹੀ ਜਉਹਰੀ ਲਖ ਸਰਾਫ ਬਜਾਜ ਵਪਾਰੀ ।

ਕਿੰਨੇ ਜਵਾਹਰੀ, ਲੱਖਾਂ ਸਰਾਫ ਤੇ ਬਜ਼ਾਜ਼ ਵਪਾਰੀ ਹਨ।

ਸਉਦਾਗਰ ਸਉਦਾਗਰੀ ਗਾਂਧੀ ਕਾਸੇਰੇ ਪਾਸਾਰੀ ।

ਸੁਦਾਗਰ ਸੁਦਾਗਰੀ ਕਰਦੇ ਹਨ, ਅੱਤਾਰ, ਭਾਂਡੇ ਵੇਚਣ ਵਾਲੇ ਪਸਾਰੀ ਹਨ।

ਕੇਤੜਿਆਂ ਪਰਚੂਨੀਏ ਕੇਤੜਿਆਂ ਦਲਾਲ ਬਜਾਰੀ ।

ਕਿੰਨੇ ਪਰਚੂਨੀਏ, ਕਿੰਨੇ ਬਜ਼ਾਰਾਂ ਦੇ ਦਲਾਲ ਹਨ।

ਕੇਤੜਿਆਂ ਸਿਕਲੀਗਰਾਂ ਕਿਤੜੇ ਲਖ ਕਮਗਰ ਕਾਰੀ ।

ਕਿਨੇ ਹਥ੍ਯਾਰਾਂ ਦੇ ਘੜਨ ਵਾਲੇ ਤੇ ਕਿਤਨੇ ਕਮਾਨਗਰ ਕਾਰੀ (ਸਿਆਣੇ) ਹਨ।

ਕੇਤੜਿਆਂ ਕੁਮ੍ਹਿਆਰ ਲਖ ਕਾਗਦ ਕੁਟ ਘਣੇ ਲੂਣਾਰੀ ।

ਕਿਤਨੇ। ਕੁਮ੍ਹਿਆਰ ਹਨ, ਲੱਖਾਂ ਕਾਗਤ ਕੁੱਟ ਬਥੇਰੇ ਲੂਣਾਰੇ ਹਨ।

ਕਿਤੜੇ ਦਰਜੀ ਧੋਬੀਆਂ ਕਿਤੜੇ ਜਰ ਲੋਹੇ ਸਿਰ ਹਾਰੀ ।

ਕਿਤਨੇ ਦਰਜੀ ਛੀਂਬੇ ਤਸ ਲੋਹੇ ਉਤੇ ਸੋਨੇ ਦਾ ਕੰਮ ਕਰਨ ਵਾਲੇ।

ਕਿਤੜੇ ਭੜਭੂੰਜੇ ਭਠਿਆਰੀ ।੨੨।

ਕਿਤਨੇ ਭੜਭੂੰਜੇ (ਦਾਣੇ ਭੁੰਨਣ ਵਾਲੇ ਤੇ) ਤੰਦੂਰ ਵਾਲੇ ਹਨ।

ਕੇਤੜਿਆ ਕਾਰੂੰਜੜੇ ਕੇਤੜਿਆ ਦਬਗਰ ਕਾਸਾਈ ।

ਕਿਨੇ ਕਰੂੰਜੜੇ, ਕਿਤਨੇ ਦਬਗਰ ਤੇ ਕਸਾਈ ਹਨ।

ਕੇਤੜਿਆ ਮੁਨਿਆਰ ਲਖ ਕੇਤੜਿਆ ਚਮਿਆਰੁ ਅਰਾਈ ।

ਕਿੰਨੇ ਮੁਨਿਆਰ ਕਿੰਨੇ ਲੱਖ ਚਮਿਆਰ ਤੇ ਅਰਾਈਂ ਹਨ।

ਭੰਗਹੇਰੇ ਹੋਇ ਕੇਤੜੇ ਬਗਨੀਗਰਾਂ ਕਲਾਲ ਹਵਾਈ ।

ਕਿੰਨੇ ਭੰਗ ਵੇਚਣ ਵਾਲੇ, ਕਿੰਨੇ ਵੰਗਾਂ ਬਨਾਉਣ ਵਾਲੇ, ਸ਼ਰਾਬ ਵੇਚਣ ਵਾਲੇ ਤੇ ਹਲਵਾਈ।

ਕਿਤੜੇ ਭੰਗੀ ਪੋਸਤੀ ਅਮਲੀ ਸੋਫੀ ਘਣੀ ਲੁਕਾਈ ।

ਕਿੰਨੇ ਭੰਗੀ, ਪੋਸਤੀ, ਨਸ਼ਈ, ਤੇ ਨਾ ਪੀਣ ਵਾਲੀ ਬੀ ਬਹੁਤ ਲੁਕਾਈ ਹੈ।

ਕੇਤੜਿਆ ਕਹਾਰ ਲਖ ਗੁਜਰ ਲਖ ਅਹੀਰ ਗਣਾਈ ।

ਕਿੰਨੇ ਹੀ ਕਹਾਰ (ਮਹਿਰੇ), ਲੱਖਾਂ ਗੁੱਜਰ ਤੇ ਅਹੀਰ ਗਿਣੀਂਦੇ ਹਨ।

ਕਿਤੜੇ ਹੀ ਲਖ ਚੂਹੜੇ ਜਾਤਿ ਅਜਾਤਿ ਸਨਾਤਿ ਅਲਾਈ ।

ਕਿੰਨੇ ਲੱਖ ਚੂਹੜੇ, ਕਿਤਨੇ ਜਾਤ ਵਾਲੇ (ਚਾਰ ਵਰਨ ਦੇ) ਕਿਤਨੇ ਅਜਾਤ (ਚਾਰ ਵਰਨਾਂ ਤੋਂ ਬਾਹਰ), ਕਿਤਨੇ ਚੰਡਾਲ ਕਹੀਦੇ ਹਨ।

ਨਾਵ ਥਾਵ ਲਖ ਕੀਮ ਨ ਪਾਈ ।੨੩।

ਨਾਉਂ ਤੋ ਥਾਉਂ ਲੱਖਾਂ ਹਨ, ਗਿਣੇ ਨਹੀਂ ਜਾਂਦੇ।

ਉਤਮ ਮਧਮ ਨੀਚ ਲਖ ਗੁਰਮੁਖਿ ਨੀਚਹੁ ਨੀਚ ਸਦਾਏ ।

ਗੁਰੂ ਦਾ ਸਿਖ ਪੈਰੀਂ ਪੈਕੇ, ਪੈਰਾਂ ਦੀ ਖਾਕ ਹੋਕੇ ਆਪਾ ਭਾਵ ਨੂੰ ਦੂਰ ਕਰ ਕੇ ਗੁਰਮੁਖ ਬਣ ਜਾਂਦਾ ਹੈ।

ਪੈਰੀ ਪੈ ਪਾ ਖਾਕੁ ਹੋਇ ਗੁਰਮੁਖਿ ਗੁਰਸਿਖੁ ਆਪੁ ਗਵਾਏ ।

ਸਾਧ ਸੰਗਤ ਦਾ ਭੈ ਧਾਰਕੇ, ਪ੍ਰੇਮ ਕਰ ਕੇ ਸੇਵਕ ਹੋਕੇ ਸੇਵਾ ਦੀ ਕਾਰ ਕਮਾਉਂਦਾ ਹੈ।

ਸਾਧਸੰਗਤਿ ਭਉ ਭਾਉ ਕਰਿ ਸੇਵਕ ਸੇਵਾ ਕਾਰ ਕਮਾਏ ।

ਮਿੱਠਾ ਬੋਲਣਾ, ਨਿਉਂ ਕੇ ਚੱਲਣਾ (ਕਰਦਾ ਤੇ) ਹੱਥੋਂ ਦੇ ਕੇ ਭਲਾ ਮਨਾਉਂਦਾ ਹੈ।

ਮਿਠਾ ਬੋਲਣ ਨਿਵ ਚਲਣੁ ਹਥਹੁ ਦੇ ਕੈ ਭਲਾ ਮਨਾਏ ।

ਸ਼ਬਦ ਵਿਚ ਸੁਰਤ ਜੋੜ ਕੇ, ਲਿਵ ਲਾਕੇ ਲੀਨ ਹੋ ਜਾਂਦਾ (ਤੇ ਸਭ ਮਾਣਾਂ ਤੋਂ) ਨਿਮਾਣਾ ਹੋਕੇ ਦਰਗਾਹ ਵਿਚ ਮਾਣ ਪਾਉਂਦਾ ਹੈ।

ਸਬਦਿ ਸੁਰਤਿ ਲਿਵ ਲੀਣੁ ਹੋਇ ਦਰਗਹ ਮਾਣ ਨਿਮਾਣਾ ਪਾਏ ।

(ਸੰਸਾਰ ਤੋਂ) ਚੱਲਣ ਸੱਚ ਜਾਣਕੇ, (ਚੰਚਲਤਾਈਆਂ ਤੋਂ) ਭੋਲਾ ਹੋਕੇ ਆਸ ਵਿਚ ਨਿਰਾਸ ਰਹਿ ਕੇ (ਝੱਟ) ਲੰਘਾਉਂਦਾ ਹੈ।

ਚਲਣੁ ਜਾਣਿ ਅਜਾਣੁ ਹੋਇ ਆਸਾ ਵਿਚਿ ਨਿਰਾਸੁ ਵਲਾਏ ।

ਗੁਰਮੁਖ ਸੁਖ ਰੂਪੀ ਅਲਖ ਫਲ ਨੂੰ ਲਖ ਲੈਂਦਾ ਹੈ।

ਗੁਰਮੁਖਿ ਸੁਖ ਫਲੁ ਅਲਖੁ ਲਖਾਏ ।੨੪।੮। ਅਠਿ ।

ਇਸ ਵਾਰ ਵਿਚ ਕਿਤੇ ਸਪਸ਼ਟ, ਕਿਤੇ ਅੰਨ੍ਯੋਕਤੀ, ਕਿਤੇ ਧਵਨੀ ਦਵਾਰਾ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਿੱਖੀ, ਗ੍ਰੀਬੀ, ਗੁਰਤਾ ਆਦਿ ਦਾ ਕਥਨ ਹੈ ਅਤੇ ਆਦਿ ਗੁਰੂ ਸਾਹਿਬ ਜੀ ਦੀ ਉੱਚਤਾ, ਗੁਰ ਕ੍ਰਿਪਾਲਤਾ, ਗੁਰ ਪ੍ਰੇਮ ਆਦਿ ਦਾ ਮਿਲ-ਬੱਝਵਾਂ ਵਰਣਨ ਹੈ ਅਤੇ ਇਸੇ ਲੜੀ ਵਿਚ ਗੁਰਸਿਖੀ ਦਾ ਸਾਰ ਉਪਦੇਸ਼ ਹੈ।


Flag Counter