ਵਾਰਾਂ ਭਾਈ ਗੁਰਦਾਸ ਜੀ

ਅੰਗ - 1


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਵਾਰਾਂ ਗਿਆਨ ਰਤਨਾਵਲੀ ਭਾਈ ਗੁਰਦਾਸ ਭਲੇ ਕਾ ਬੋਲਣਾ ।

ਵਾਰ ੧ ।

ਨਮਸਕਾਰੁ ਗੁਰਦੇਵ ਕੋ ਸਤਿ ਨਾਮੁ ਜਿਸੁ ਮੰਤ੍ਰੁ ਸੁਣਾਇਆ ।

ਗੁਰਦੇਵ-ਗੁਰੂ ਨਾਨਕ ਦੇਵ-ਨੂੰ (ਮੇਰੀ) ਨਮਸਕਾਰ ਹੋਵੇ 'ਸਤਿਨਾਮ' ਦਾ ਜਿਸ ਨੇ ਮੰਤ੍ਰ ਸੁਣਾਇਆ ਹੈ।

ਭਵਜਲ ਵਿਚੋਂ ਕਢਿ ਕੈ ਮੁਕਤਿ ਪਦਾਰਥਿ ਮਾਹਿ ਸਮਾਇਆ ।

(ਇਸ ਦਾ ਫਲ ਇਹ ਕਿ ਮੰਨਣ ਹਾਰਿਆ ਨੂੰ) ਸੰਸਾਰ ਸਮੁੰਦਰ (ਵਿਖੇ ਰੁੜੇ ਜਾਣ) ਥੋਂ ਕੱਢ ਕੇ ਮੁਕਤਿ ਪਦਾਰਥ (ਕਹੀਏ, ਜੀਵਨ ਮੁਕਤੀ) ਵਿਚ ਸਮਾ ਦਿੱਤਾ।

ਜਨਮ ਮਰਣ ਭਉ ਕਟਿਆ ਸੰਸਾ ਰੋਗੁ ਵਿਯੋਗੁ ਮਿਟਾਇਆ ।

ਜਨਮ ਮਰਣ ਦਾ ਡਰ ਦੂਰ ਹੋ ਗਿਆ, ਰੋਗ ਤੇ ਵਿਯੋਗ ਦਾ ਸੰਸਾ ਬੀ ਪੱਤ੍ਰਾ ਹੋਇਆ।

ਸੰਸਾ ਇਹੁ ਸੰਸਾਰੁ ਹੈ ਜਨਮ ਮਰਨ ਵਿਚਿ ਦੁਖੁ ਸਵਾਇਆ ।

ਇਹ ਸੰਸਾਰ ਸੰਸੇ ਦਾ ਰੂਪ ਹੈ, ਜਨਮ ਮਰਣ ਆਦਿ ਸਾਰੇ ਦੁੱਖ (ਇਸੇ) ਵਿਚ ਹਨ।

ਜਮ ਦੰਡੁ ਸਿਰੌਂ ਨ ਉਤਰੈ ਸਾਕਤਿ ਦੁਰਜਨ ਜਨਮੁ ਗਵਾਇਆ ।

ਜਮ ਦਾ ਦੰਡ ਸਿਰੋਂ ਜਾਂਦਾ ਹੀ ਨਹੀਂ, ਸਾਕਤਾਂ ਦੇ ਦੁਰਜਨਾਂ ਨੇ (ਏਵੇਂ) ਜਨਮ (ਪਦਾਰਥ) ਗਵਾ ਲੀਤਾ ਹੈ।

ਚਰਨ ਗਹੇ ਗੁਰਦੇਵ ਦੇ ਸਤਿ ਸਬਦੁ ਦੇ ਮੁਕਤਿ ਕਰਾਇਆ ।

(ਜਿਨ੍ਹਾਂ ਨੇ) ਗੁਰਦੇਵ ਦੀ ਸ਼ਰਣ ਲੀਤੀ ਹੈ, (ਉਨ੍ਹਾਂ ਨੂੰ) ਸੱਚੇ ਸ਼ਬਦ (ਦਾ ਉਪਦੇਸ਼) ਦੇਕੇ ਮੁਕਤ ਕਰ ਦਿੱਤਾ ਹੈ।

ਭਾਉ ਭਗਤਿ ਗੁਰਪੁਰਬਿ ਕਰਿ ਨਾਮੁ ਦਾਨੁ ਇਸਨਾਨੁ ਦ੍ਰਿੜ੍ਹਾਇਆ ।

(ਓਹ ਲੋਕ) ਪ੍ਰੇਮਾ ਭਗਤੀ, ਗੁਰਪੁਰਬ, ਨਾਮ, ਦਾਨ ਅਤੇ ਇਸ਼ਨਾਨ (ਆਪ) ਦ੍ਰਿੜ੍ਹ ਕਰ ਕੇ (ਹੋਰਨਾਂ ਨੂੰ ਉਪਦੇਸ਼ ਦਿੰਦੇ ਹਨ)।

ਜੇਹਾ ਬੀਉ ਤੇਹਾ ਫਲੁ ਪਾਇਆ ।੧।

ਜਿਹਾ ਬੀਜ (ਕੋਈ ਬੀਜੇ) ਤਿਹਾ ਫਲ ਹੁੰਦਾ ਹੈ।

ਪ੍ਰਿਥਮੈ ਸਾਸਿ ਨ ਮਾਸ ਸਨਿ ਅੰਧ ਧੁੰਧ ਕਛੁ ਖਬਰਿ ਨ ਪਾਈ ।

ਪਹਿਲੇ ਪਹਿਲ (ਜਦੋਂ) ਸਾਹ ਤੇ ਮਾਸ (ਕੁਝ ਬੀ) ਨਹੀਂ ਸੀ, (ਤਦੋਂ) ਅੰਧ ਧੁੰਦ (ਹਨੇਰ ਘੁੰਮ ਘੇਰ ਸੀ) ਕੁਝ ਸੋਝੀ ਨਹੀਂ ਪੈਂਦੀ ਸੀ।

ਰਕਤਿ ਬਿੰਦ ਕੀ ਦੇਹਿ ਰਚਿ ਪੰਚਿ ਤਤ ਕੀ ਜੜਿਤ ਜੜਾਈ ।

(ਮਾਤਾ ਦੇ) ਲਹੂ ਤੇ (ਪਿਤਾ ਦੇ) ਬੀਰਜ ਦੀ ਦੇਹ ਬਣਾ ਕੇ (ਉਸੇ ਨੇ) ਪੰਜ ਤੰਤਾਂ ਦਾ ਜੜਾਉ ਜੜ ਦਿੱਤਾ। (ਅਗੇ ਤੱਤਾਂ ਦੇ ਨਾਉਂ ਦੱਸਦੇ ਹਨ:)

ਪਉਣ ਪਾਣੀ ਬੈਸੰਤਰੋ ਚਉਥੀ ਧਰਤੀ ਸੰਗਿ ਮਿਲਾਈ ।

ਵਾਯੂ, ਪਾਣੀ, ਅੱਗ ਤੇ ਚੌਥੀ ਧਰਤੀ ਨਾਲ ਮੇਲ ਦਿੱਤੀ ਤੇ

ਪੰਚਮਿ ਵਿਚਿ ਆਕਾਸੁ ਕਰਿ ਕਰਤਾ ਛਟਮੁ ਅਦਿਸਟੁ ਸਮਾਈ ।

ਪੰਜਵਾਂ ਵਿਚ ਅਕਾਸ਼ ਕਰ ਕੇ ਛੀਵਾਂ (ਆਪ) ਕਰਤਾ ਗੁਪਤ (ਰੂਪ ਹੋ ਕੇ ਰਿਦੇ ਵਿਖੇ) ਬੈਠ ਗਿਆ (ਇਸ ਲਈ ਕਿ ਸਾਰੇ ਸਰੀਰ ਜੜ੍ਹ ਨੂੰ ਸੱਤਾ ਦੇਕੇ ਚਲਾਵੇ)।

ਪੰਚ ਤਤ ਪੰਚੀਸਿ ਗੁਨਿ ਸਤ੍ਰੁ ਮਿਤ੍ਰ ਮਿਲਿ ਦੇਹਿ ਬਣਾਈ ।

ਪੰਚ ਤੱਤ ਤੇ ਪੰਝੀ ਪ੍ਰਕ੍ਰਿਤਾਂ (ਜਿਹੜੇ ਆਪੋ ਵਿਚ) ਸ਼ਤ੍ਰ (ਸਨ), ਮੇਲ ਕੇ ਮਿਤ੍ਰ ਬਣਾ ਕੇ ਦੇਹ ਬਣਾ ਦਿੱਤੀ। (ਭਾਵ ਅੱਗ, ਪਾਣੀ, ਮਿਟੀ, ਜਿਹੜੇ ਆਪੋ ਵਿਚ ਸ਼ੀਂਹ ਬਕਰੀ ਵਾਙੂ ਸਨ ਕੱਠੇ ਕਰ ਦਿਤੇ)।

ਖਾਣੀ ਬਾਣੀ ਚਲਿਤੁ ਕਰਿ ਆਵਾ ਗਉਣੁ ਚਰਿਤ ਦਿਖਾਈ ।

(ਚਾਰ) ਖਾਣੀਆਂ (ਅੰਡਜ, ਜੇਰਜ, ਸੇਤਜ, ਉਤਭੁਜ, ਤੇ ਚਾਰ) ਬਾਣੀਆਂ (ਪਰਾ, ਪਸੰਤੀ, ਮੱਧਮਾ, ਬੈਖਰੀ, ਇਨ੍ਹਾਂ ਦਾ) ਚਲਾਉ ਕਰ ਕੇ ਆਵਗੌਣ ਦਾ ਚਰਿੱਤ੍ਰ ਦਿਖਾਇਆ।

ਚਉਰਾਸੀਹ ਲਖ ਜੋਨਿ ਉਪਾਈ ।੨।

ਐਉਂ ਚੌਰਾਸੀ ਲਖ ਜੂਨਾਂ ਰਚ ਦਿੱਤੀਆਂ।

ਚਉਰਾਸੀਹ ਲਖ ਜੋਨਿ ਵਿਚਿ ਉਤਮੁ ਜਨਮੁ ਸੁ ਮਾਣਸਿ ਦੇਹੀ ।

ਚੌਰਾਸੀ ਲੱਖ ਜੂਨਾਂ ਵਿੱਚ ਮਨੁੱਖ ਸਰੀਰ ਉੱਤਮ ਜਨਮ ਹੈ;

ਅਖੀ ਵੇਖਣੁ ਕਰਨਿ ਸੁਣਿ ਮੁਖਿ ਸੁਭਿ ਬੋਲਣਿ ਬਚਨ ਸਨੇਹੀ ।

(ਕਿਉਂ ਜੋ) ਅੱਖਾਂ (ਸ਼ੁਭ) ਵੇਖਦੀਆਂ, ਕਰਣ (ਸ਼ੁਭ ਬਚਨ) ਸੁਣਦੇ, ਮੁਖ (ਅਰਥਾਤ ਜੀਭਾ) ਸ਼ੁਭ ਤੇ ਪ੍ਰੇਮ ਦੇ ਵਾਕ ਬੋਲਦੀਆਂ ਹਨ। (ਭਾਵ ਇਹ ਕਿ ਪਸ਼ੂ ਪੰਛੀ ਭੀ ਵੇਖਣ ਆਦਿ ਕ੍ਰਿਆ ਕਰਦੇ ਹਨ, ਪਰੰਤੂ ਉਹਨਾਂ ਵਿਖੇ ਸ਼ੁਭ ਅਸ਼ੁਭ ਦਾ ਗਿਆਨ ਨਹੀਂ, ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਹੈ “ਕਬੀਰ ਮਾਨਸ ਜਨਮੁ ਦੁਲੰਭੁ ਹੈ

ਹਥੀ ਕਾਰ ਕਮਾਵਣੀ ਪੈਰੀ ਚਲਿ ਸਤਿਸੰਗਿ ਮਿਲੇਹੀ ।

ਹੱਥਾਂ ਨਾਲ ਕਾਰ ਕਰੋ, ਪੈਰਾਂ ਨਾਲ ਤੁਰਕੇ ਸਤਿਸੰਗ ਵਿਚ ਮਿਲੇ।

ਕਿਰਤਿ ਵਿਰਤਿ ਕਰਿ ਧਰਮ ਦੀ ਖਟਿ ਖਵਾਲਣੁ ਕਾਰਿ ਕਰੇਹੀ ।

ਧਰਮ ਦੀ ਬਿਰਤੀ (ਉਪਜੀਵਕ) ਦੀ ਕਿਰਤ (ਕਾਰ) ਕਰ ਕੇ ਖੱਟ ਕੇ ਖਾਵੇ ਤੇ ਖਵਾਲੇ। (ਭਾਵ ਚੋਰੀ ਯਾਰੀ ਦੀ ਉਪਜੀਵਕਾ ਨਾ ਬਣਾਵੇ। ਯਥਾ:-ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ Ḥਸਾਰੰਗ ਦੀ ਵਾਰ ਸਲੋਕ ਮ: ੧-੨੨Ḧ

ਗੁਰਮੁਖਿ ਜਨਮੁ ਸਕਾਰਥਾ ਗੁਰਬਾਣੀ ਪੜ੍ਹਿ ਸਮਝਿ ਸੁਣੇਹੀ ।

(ਉਨ੍ਹਾਂ) ਗੁਰਮੁਖਾਂ ਦਾ ਜਨਮ ਸਫਲ ਹੈ (ਜੋ) ਗੁਰੂ ਜੀ ਦੀ ਬਾਣੀ (ਆਪ) ਪੜ੍ਹਕੇ ਤੇ ਸਮਝਕੇ ਸੁਣਾਉਂਦੇ ਹਨ; (ਭਾਵ ਦੀਵਾ ਬਾਲਕੇ ਪੜੋਪੇ ਹੇਠ ਨਹੀਂ ਲੁਕਾਉਂਦੇ, ਹੋਰਨਾਂ ਨੂੰ ਵੀ ਚਾਨਣ ਕਰਦੇ ਹਨ)।

ਗੁਰਭਾਈ ਸੰਤੁਸਟਿ ਕਰਿ ਚਰਣਾਮ੍ਰਿਤੁ ਲੈ ਮੁਖਿ ਪਿਵੇਹੀ ।

ਗੁਰ ਭਾਈਆਂ ਨੂੰ ਪ੍ਰਸੰਨ ਕਰਦੇ, (ਤੇ ਉਨ੍ਹਾਂ ਦੇ ਚਰਣ ਧੋਕੇ) ਚਰਨ ਅੰਮ੍ਰਿਤ ਮੂੰਹ ਵਿਚ ਲੈ ਕੇ ਪੀਂਦੇ ਹਨ। (ਭਾਵ ਅੰਗੂਠਾ ਧੋਕੇ ਕਿੰਚਤ ਚਰਣਾਂਮ੍ਰਿਤ ਪਾਨ ਕਰਦੇ ਹਨ। ਯਥਾ:-'ਚਰਨ ਸਾਧ ਕੇ ਧੋਇ ਧੋਇ ਪੀਉ॥ ਅਰਪਿ ਸਾਧ ਕਉ ਅਪਨਾ ਜੀਉ॥' ਦਸਮੇਂ ਜਾਮੇ ਵਿਚ ਸਤਿਗੁਰਾਂ ਨੇ ਖੰਡੇ ਦੇ ਅੰਮ੍ਰਿਤ ਦੀ ਮ੍ਰਿਯਾਦਾ ਬੰਨ੍ਹਕੇ ਇਸ ਮ

ਪੈਰੀ ਪਵਣੁ ਨ ਛੋਡੀਐ ਕਲੀ ਕਾਲਿ ਰਹਰਾਸਿ ਕਰੇਹੀ ।

(ਇਸ ਉਕਤ ਪੌੜੀ ਦਾ ਸਿੱਟਾ ਇਹ ਹੈ-ਕਿ) ਪੈਰੀ ਪੈਣਾ ਨਾ ਛੱਡੀਏ, ਕਲਜੁਗ ਦੇ ਸਮੇਂ ਵਿਖੇ (ਨਿੰਮ੍ਰਤਾ ਹੀ) ਸੱਚਾ ਰਾਹ ਹੈ।

ਆਪਿ ਤਰੇ ਗੁਰਸਿਖ ਤਰੇਹੀ ।੩।

(ਕਿ ਓਹ) ਗੁਰਸਿਖ (ਜੋ ਇਸ ਰਸਤੇ ਚੱਲਣਗੇ) ਆਪ ਤਰਨਗੇ (ਤੇ ਹੋਰਨਾਂ ਨੂੰ ਬੀ) ਤਾਰਨਗੇ। (ਯਥਾ:-'ਮੰਨੈ ਤਰੈ ਤਾਰੈ ਗੁਰ ਸਿਖ॥ ਮੰਨੈ ਨਾਨਕ ਭਵਹਿ ਨ ਭਿਖ॥' ਦਸਮੇਂ ਜਾਮੇ ਵਿਚ ਗੁਰੂ ਜੀ ਨੇ 'ਵਾਹਿਗੁਰੂ ਜੀ ਕੀ ਫਤਹਿ ਦੀ ਮ੍ਰਿਯਾਦਾ ਬੰਨ੍ਹੀ।

ਓਅੰਕਾਰੁ ਆਕਾਰੁ ਕਰਿ ਏਕ ਕਵਾਉ ਪਸਾਉ ਪਸਾਰਾ ।

(ਓਅੰਕਾਰ) ਪਰਮਾਤਮਾਂ ਨੇ ਇਕ ਬਚਨ ਥੋਂ ਆਕਾਰ ਰਚਕੇ (ਸਾਰਾ) ਪਸਾਰਾ ਪਸਾਰ ਦਿੱਤਾ ਹੈ (ਭਾਵ ਪਹਿਲੇ ਪਹਿਲ ਇਕ ਵਾਹਿਗੁਰੂ ਹੀ ਸੀ, ਉਸ ਨੇ ਬਚਨ ਨਾਲ ਸਾਰਾ ਪਸਾਰਾ ਕੀਤਾ)।

ਪੰਜ ਤਤ ਪਰਵਾਣੁ ਕਰਿ ਘਟਿ ਘਟਿ ਅੰਦਰਿ ਤ੍ਰਿਭਵਣੁ ਸਾਰਾ ।

(ਫੇਰ) ਪੰਜ ਤੱਤਾਂ ਥੋਂ ਬ੍ਰਹਿਮਾਂਡ ਰਚਕੇ ਆਪ (ਘਟ ਘਟ ਕਹੀਏ) ਹਰੇਕ ਸਰੀਰ ਵਿਖੇ (ਪਰਵੇਸ਼ ਕਰ ਕੇ ਆਪ, ਜੋ) ਤਿੰਨਾਂ ਭਵਨਾਂ ਦਾ ਸਾਰ ਰੂਪ (ਹੈ, ਸੱਤਾ ਦੇ ਰਿਹਾ ਹੈ)। (ਪੰਜ ਤੱਤਾਂ ਦਾ ਪਰਵਾਣ=ਤੋਲ, ਯਾ ਅੰਦਾਜ਼ਾ ਇਕੋ ਜਿਹਾ ਰੱਖਣ ਦਾ ਭਾਵ ਇਹ ਹੈ ਕਿ ਕੋਈ ਤੱਤ ਕਿਸੇ ਤੇ ਬਲੀ ਨਾ ਪਵੇ, ਇਕ ਸਾਰਖੇ ਰਹਿਣ। ਪਰਵਾਣ ਦਾ ਅਰਥ

ਕਾਦਰੁ ਕਿਨੇ ਨ ਲਖਿਆ ਕੁਦਰਤਿ ਸਾਜਿ ਕੀਆ ਅਵਤਾਰਾ ।

(ਕਾਦਰ) ਕੁਦਰਤ ਦਾ ਕਰਤਾ ਕਿਸੇ ਨਹੀਂ ਡਿੱਠਾ,

ਇਕ ਦੂ ਕੁਦਰਤਿ ਲਖ ਕਰਿ ਲਖ ਬਿਅੰਤ ਅਸੰਖ ਅਪਾਰਾ ।

ਇਕ ਮਾਯਾ ਥੋਂ ਲੱਖਾਂ (ਬ੍ਰਹਿਮਾਂਡ) ਰਚਦਾ ਹੈ (ਫੇਰ) ਲੱਖਾਂ ਬਿਅੰਤ ਅਸੰਖ ਅਪਾਰ (ਰਚਨਾਂ ਸਾਜਦਾ ਹੈ)। (ਇਥੇ ਚਾਰ ਵਾਰ ਕਹਿਣ ਦਾ ਭਾਵ ਚਾਰ ਜੁਗਾਂ ਵਿਖੇ ਅਸੰਖ ਤੇ ਅਪਾਰ ਰਚਨਾ ਸਿਰਜਣ ਦਾ ਹੈ)। (ਉਸੇ ਨੇ ਪਹਿਲੇ) ਮਾਯਾ ਬਣਾ ਕੇ ਅਵਤਾਰ (ਬ੍ਰਹਮਾਦਿਕ) ਕੀਤੇ ਹਨ।

ਰੋਮਿ ਰੋਮਿ ਵਿਚਿ ਰਖਿਓਨ ਕਰਿ ਬ੍ਰਹਮੰਡਿ ਕਰੋੜਿ ਸੁਮਾਰਾ ।

ਆਪਣੇ ਇਕ ਇਕ ਰੋਮ ਵਿਖੇ ਕਰੋੜਾਂ ਦੀ ਗਿਣਤੀ ਵਿਚ ਬ੍ਰਹਿਮੰਡ (ਉਸ ਨੇ) ਰੱਖੇ ਹੋਏ ਹਨ।

ਇਕਸਿ ਇਕਸਿ ਬ੍ਰਹਮੰਡਿ ਵਿਚਿ ਦਸਿ ਦਸਿ ਕਰਿ ਅਵਤਾਰ ਉਤਾਰਾ ।

ਹਰ ਬ੍ਰਹਮਾਂਡ ਵਿਖੇ ਦਸ ਦਸ ਔਤਾਰ ਕਰ ਕੇ ਸਾਜੇ ਹੋਏ ਹਨ (ਭਾਵ ਬੇਅੰਤ ਬ੍ਰਹਮੰਡ ਤੇ ਬੇਅੰਤ ਹੀ ਅਵਤਾਰ ਹਨ)।

ਕੇਤੇ ਬੇਦਿ ਬਿਆਸ ਕਰਿ ਕਈ ਕਤੇਬ ਮੁਹੰਮਦ ਯਾਰਾ ।

ਕਈ ਬੇਦਾਂ (ਦੇ ਵਕਤਾ) ਬਿਆਸ ਕਰ ਦਿੱਤੇ, ਕਈ ਕਿਤਾਬਾਂ (ਕਈ) ਮੁਹੰਮਦ (ਅਰ ਕਈ ਉਸ ਦੇ) ਯਾਰ ਬਣਾ ਦਿੱਤੇ।

ਕੁਦਰਤਿ ਇਕੁ ਏਤਾ ਪਾਸਾਰਾ ।੪।

(ਪ੍ਰੰਤੂ) ਕੁਦਰਤ ਇਕ ਹੈ, (ਜਿਸ ਦਾ) ਇੰਨਾ ਪਸਾਰਾ (ਪਸਰਿਆ) ਹੈ।

ਚਾਰਿ ਜੁਗਿ ਕਰਿ ਥਾਪਨਾ ਸਤਿਜੁਗੁ ਤ੍ਰੇਤਾ ਦੁਆਪਰ ਸਾਜੇ ।

ਚਾਰ ਜੁੱਗਾਂ ਦੀ ਥਾਪਨਾ ਥਾਪ ਕੇ ਸਤਿਜੁਗ, ਤ੍ਰੇਤਾ, ਦ੍ਵਾਪਰ ਰਚੇ।

ਚਉਥਾ ਕਲਿਜੁਗੁ ਥਾਪਿਆ ਚਾਰਿ ਵਰਨਿ ਚਾਰੋਂ ਕੇ ਰਾਜੇ ।

ਚੌਥਾ ਕਲਿਜੁਗ ਬਣਾਇਆ, ਚਾਰ ਵਰਣ ਚਾਰਾਂ ਦੇ ਰਾਜੇ ਬਣਾਏ। (ਅੱਗੇ ਵਰਣਾਂ ਦੇ ਨਾਮ ਦੱਸਦੇ ਹਨ:)

ਬ੍ਰਹਮਣਿ ਛਤ੍ਰੀ ਵੈਸਿ ਸੂਦ੍ਰਿ ਜੁਗੁ ਜੁਗੁ ਏਕੋ ਵਰਨ ਬਿਰਾਜੇ ।

ਬ੍ਰਾਹਮਣ, ਛੱਤ੍ਰੀ, ਵੈਸ਼, ਸੂਦ੍ਰ (ਚਾਰ ਵਰਣ ਹਨ, ਪਰੰਤੂ ਆਪ) ਚਾਰੇ ਜੁਗਾਂ ਵਿਖੇ ਇਕੋ ਹੀ ਸਰੂਪ ਸ਼ੋਭ ਰਿਹਾ ਹੈ।

ਸਤਿਜੁਗਿ ਹੰਸੁ ਅਉਤਾਰੁ ਧਰਿ ਸੋਹੰ ਬ੍ਰਹਮੁ ਨ ਦੂਜਾ ਪਾਜੇ ।

ਸਤਿਜੁਗ ਵਿਖੇ ਹੰਸ ਅਉਤਾਰ ਧਾਰਕੇ ਸੋਹੰ ਬ੍ਰਹਮ (ਦਾ ਪਤਾ ਦੱਸਿਆ) ਦੂਜਾ ਪਖੰਡ ਨਹੀਂ ਕੀਤਾ।

ਏਕੋ ਬ੍ਰਹਮੁ ਵਖਾਣੀਐ ਮੋਹ ਮਾਇਆ ਤੇ ਬੇਮੁਹਤਾਜੇ ।

(ਲੋਕ) ਇਕੋ (ਬ੍ਰਹਮ ਹੀ) ਬ੍ਰਹਮ ਆਖਦੇ ਸਨ, ਮੋਹ ਤੇ ਮਾਯਾ ਥੋਂ ਬੇਖਾਹਸ਼ (ਰਹਿੰਦੇ) ਸਨ।

ਕਰਨਿ ਤਪਸਿਆ ਬਨਿ ਵਿਖੈ ਵਖਤੁ ਗੁਜਾਰਨਿ ਪਿੰਨੀ ਸਾਗੇ ।

ਬਨ ਵਿਖੇ ਤਪ ਕਰਦੇ ਸਾਗ ਦੀ ਪਿੰਨੀ (ਭਾਵ ਕੰਦ ਮੂਲ) ਖਾਕੇ ਸਮਾਂ ਟਪਾਉਂਦੇ ਸਨ।

ਲਖਿ ਵਰ੍ਹਿਆਂ ਦੀ ਆਰਜਾ ਕੋਠੇ ਕੋਟਿ ਨ ਮੰਦਰਿ ਸਾਜੇ ।

ਲੱਖ ਵਰ੍ਹੇ (ਅਰਥਾਤ ਸੌ ਹਜ਼ਾਰ ਵਰ੍ਹੇ) ਦੀ (ਆਰਜਾ=) ਉਮਰ ਹੁੰਦੀ ਸੀ (ਫੇਰ ਬੀ) ਕੋਠੇ ਕੋਟ ਤੇ ਮੰਦਰ ਨਹੀਂ ਬਣਾਉਂਦੇ ਸਨ।

ਇਕ ਬਿਨਸੈ ਇਕ ਅਸਥਿਰੁ ਗਾਜੇ ।੫।

ਇਕ ਨਾਸ਼ ਹੁੰਦੇ ਜਾਂਦੇ ਹਨ ਦੂਜੇ ਆਪ ਨੂੰ ਅਚੱਲ (ਮੰਨਕੇ) ਗਜਦੇ ਹਨ।

ਤ੍ਰੇਤੇ ਛਤ੍ਰੀ ਰੂਪ ਧਰਿ ਸੂਰਜ ਬੰਸੀ ਵਡਿ ਅਵਤਾਰਾ ।

ਤ੍ਰੇਤਾ (ਜੁੱਗ ਵਿਖੇ) ਛੱਤ੍ਰੀ (ਵਰਨ ਵਿਚ ਰਾਮਚੰਦ੍ਰ) ਦਾ ਰੂਪ ਧਰਕੇ ਸੂਰਜ ਵੰਸੀ ਵਡਾ ਅਵਤਾਰ (ਰਾਜਾ) ਹੋਇਆ।

ਨਉ ਹਿਸੇ ਗਈ ਆਰਜਾ ਮਾਇਆ ਮੋਹੁ ਅਹੰਕਾਰੁ ਪਸਾਰਾ ।

ਨੌਂ ਹਿੱਸੇ (ਲੋਕਾਂ ਦੀ) ਉਮਰ (ਘਟ) ਗਈ (ਭਾਵ ਲਖ ਵਿਚੋਂ ੯੦ ਹਜ਼ਾਰ ਘਟਕੇ ਦਸ ਹਜ਼ਾਰ ਵਰ੍ਹਾ ਰਹਿ ਗਈ) ਮਾਯਾ ਮੋਹ ਤੇ ਹੰਕਾਰ ਦਾ ਪਸਾਰਾ ਹੋ ਗਿਆ। Ḥਇਸ ਪ੍ਰਕਾਰ ਹਿੰਦੂ ਲੋਕ ਮੰਨਦੇ ਹਨ।Ḧ

ਦੁਆਪੁਰਿ ਜਾਦਵ ਵੰਸ ਕਰਿ ਜੁਗਿ ਜੁਗਿ ਅਉਧ ਘਟੈ ਆਚਾਰਾ ।

ਦ੍ਵਾਪਰ ਵਿਖੇ ਯਦੂ (ਨਾਮ ਰਾਜਾ ਦੇ ਘਰ ਕ੍ਰਿਸ਼ਨ ਨਾਮ ਵਾਲੇ ਨੇ) ਵੇਸ ਧਾਰਿਆ, ਜੁਗਾਂ ਜੁਗਾਂ ਵਿਖੇ ਉਮਰ ਤੇ ਆਚਾਰ (=ਕਰਤੱਬਯ) ਘਟਦੇ ਗਏ (ਗਲ ਕੀ ਹੁਣ ਹਜ਼ਾਰ ਵਰ੍ਹੇ ਦੀ ਬਾਕੀ ਉਮਰਾ ਰਹੀ, ਨੌਂ ਹਿੱਸੇ ਹੋਰ ਘਟ ਗਈ)।

ਰਿਗ ਬੇਦ ਮਹਿ ਬ੍ਰਹਮ ਕ੍ਰਿਤਿ ਪੂਰਬ ਮੁਖਿ ਸੁਭ ਕਰਮ ਬਿਚਾਰਾ ।

ਰਿਗ ਵੇਦ ਵਿੱਚੋਂ ਬ੍ਰਾਹਮਣ ਕਰਮ ਕਰਾਉਂਦੇ ਤੇ ਪੂਰਬ ਵਲ ਮੂੰਹ ਕਰ ਕੇ ਸ਼ੁਭ ਕਰਮ (ਯੱਗ) ਕਰਦੇ ਸਨ। (ਓਹ ਪੂਰਬ ਵਲ ਹਰੀ ਦਾ ਵਾਸਾ ਜਾਣਦੇ ਹਨ)। Ḥਏਹ ਇਤਰ ਮਤਾਂ ਦੇ ਨਿਸ਼ਚੇ ਦੱਸੇ ਹਨ।Ḧ

ਖਤ੍ਰੀ ਥਾਪੇ ਜੁਜਰੁ ਵੇਦਿ ਦਖਣ ਮੁਖਿ ਬਹੁ ਦਾਨ ਦਾਤਾਰਾ ।

(ਫੇਰ) ਖਤ੍ਰੀਆਂ ਨੇ ਜੁਜਰ ਲੈ ਲੀਤਾ (ਦ੍ਵਾਪੁਰ ਵਿਖੇ) ਦੱਖਣ ਵਲ ਮੂੰਹ ਕਰ ਕੇ ਦਾਤੇ ਬਣਕੇ ਬਹੁਤ ਦਾਨ (ਆਦਿਕ ਕਰਮ) ਕਰਨ ਲਗੇ, (ਗਲ ਕੀ ਓਹ ਦੱਖਣ ਦੇਸ਼ ਵਿਖੇ ਹਰੀ ਦਾ ਨਿਵਾਸ ਜਾਣਨ ਲੱਗੇ)।

ਵੈਸੋਂ ਥਾਪਿਆ ਸਿਆਮ ਵੇਦੁ ਪਛਮੁ ਮੁਖਿ ਕਰਿ ਸੀਸੁ ਨਿਵਾਰਾ ।

ਵੈਸ਼ ਲੋਕ ਸ਼ਾਮ ਵੇਦ ਨੂੰ ਫੜਕੇ ਪੱਛੋਂ ਵਲ ਮੂੰਹ ਕਰ ਕੇ ਪ੍ਰਣਾਮਾਂ ਕਰਨ ਲਗੇ। (ਉਹਨਾਂ ਨੇ ਹਰੀ ਪੱਛੋਂ ਵਲ ਹੀ ਸਮਝ ਲੀਤਾ, ਯਥਾ-ਗੁਰਵਾਕ:-'ਕੋਊ ਪਛਾਹ ਕੋ ਸੀਸ ਨਿਵਾਇਓਂ)। Ḥਏਹ ਇਤਰ ਮਤਾਂ ਦੀਆਂ ਮਨਉਤਾਂ ਦੱਸਦੇ ਹਨ।Ḧ

ਰਿਗਿ ਨੀਲੰਬਰਿ ਜੁਜਰ ਪੀਤ ਸ੍ਵੇਤੰਬਰਿ ਕਰਿ ਸਿਆਮ ਸੁਧਾਰਾ ।

ਰਿਗ ਵੇਦ ਨੀਲੇ ਕਪੜੇ, ਜੁਜਰ ਬੇਦ ਪੀਲੇ, (ਅਰ) ਸਾਮ ਬੇਦ (ਪੜ੍ਹਨ ਸਮੇਂ) ਚਿਟੇ ਕਪੜੇ ਪਹਿਰਕੇ (ਪਾਠ ਕਰਦੇ ਸਨ)। (ਭਾਵ ਰਾਮ ਕ੍ਰਿਸ਼ਨ ਤੇ ਹੰਸਾਵਤਾਰ ਦੇ ਉਪਾਸ਼ਕ ਹੋ ਕੇ ਆਪਣੇ ਆਪਣੇ ਧਰਮ ਕਰਦੇ ਸਨ)।

ਤ੍ਰਿਹੁ ਜੁਗੀ ਤ੍ਰੈ ਧਰਮ ਉਚਾਰਾ ।੬।

ਤਿੰਨਾ ਯੁਗਾਂ ਦੇ ਤ੍ਰੈ ਧਰਮ (ਵੱਖੋ ਵੱਖ) ਉਚਾਰਦੇ ਸਨ।

ਕਲਿਜੁਗੁ ਚਉਥਾ ਥਾਪਿਆ ਸੂਦ੍ਰ ਬਿਰਤਿ ਜਗ ਮਹਿ ਵਰਤਾਈ ।

ਕਲਿਜੁਗ ਚੌਥਾ ਜੁਗ ਬਣਾਇਆ, ਸ਼ੂਦ੍ਰਾਂ ਦੀ ਬਿਰਤੀ ਜਗਤ ਵਿਖੇ ਵਰਤ ਗਈ (ਅਰਥਾਤ ਲੋਕਾਂ ਦੇ ਸ਼ੂਦਰਾਂ ਵਰਗੇ ਸੁਭਾ ਹੋ ਗਏ)।

ਕਰਮ ਸੁ ਰਿਗਿ ਜੁਜਰ ਸਿਆਮ ਕੇ ਕਰੇ ਜਗਤੁ ਰਿਦਿ ਬਹੁ ਸੁਕਚਾਈ ।

ਰਿਗ ਜੁਜਰ ਅਤੇ ਸਾਮ ਵੇਦ ਦੇ (ਕਹੇ ਹੋਏ) ਕਰਮ ਜਗਤ (ਦੇ ਲੋਕ) ਮਨ ਵਿਖੇ ਬਹੁਤ ਸੰਕੋਚ ਨਾਲ ਕਰਨ ਲਗੇ, (ਭਾਵ ਉਹਨਾਂ ਤੋਂ ਹਟਣ ਲਗੇ)।

ਮਾਇਆ ਮੋਹੀ ਮੇਦਨੀ ਕਲਿ ਕਲਿਵਾਲੀ ਸਭਿ ਭਰਮਾਈ ।

ਸ੍ਰਿਸ਼ਟੀ ਮਾਯਾ ਨੇ (ਮੋਹੀ) ਠੱਗ ਲੀਤੀ, ਕਲਜੁਗੀ ਕਲਹ ਵਾਲੀ (ਕ੍ਰਿਯਾ) ਨੇ ਸਾਰੀ ਭਰਮਾ ਦਿਤੀ।

ਉਠੀ ਗਿਲਾਨਿ ਜਗਤ੍ਰਿ ਵਿਚਿ ਹਉਮੈ ਅੰਦਰਿ ਜਲੈ ਲੁਕਾਈ ।

ਜਗਤ ਵਿਚ ਗਿਲਾਨ ਉਠ ਖੜੋਤੀ, ਹਉਮੈ ਵਿਚ ਲੋਕ ਸੜਨ ਲਗੇ। ਅਗਲੀਆਂ ਚਾਰ ਤੁਕਾਂ ਵਿਖੇ ਇਸ ਚਉਥੇ ਜੁਗ ਦਾ ਰੂਪ ਦੱਸਦੇ ਹਨ:-

ਕੋਇ ਨ ਕਿਸੈ ਪੂਜਦਾ ਊਚ ਨੀਚ ਸਭਿ ਗਤਿ ਬਿਸਰਾਈ ।

ਕੋਈ ਕਿਸੇ ਨੂੰ ਮੰਨਦਾ ਨਹੀਂ, ਉੱਚੇ ਤੇ ਨੀਵੇਂ ਦੀ ਤਰ੍ਹਾਂ ਹੀ ਸਭ ਭੁੱਲ ਗਈ (ਜਿਹਾ ਕਿ ਦਸਮ ਗੁਰੂ ਜੀ ਲਿਖਦੇ ਹਨ “ਘਰ ਘਰ ਹੋਇ ਬਹੈਂਗੇ ਰਾਮਾ”)।

ਭਏ ਬਿਅਦਲੀ ਪਾਤਸਾਹ ਕਲਿ ਕਾਤੀ ਉਮਰਾਇ ਕਸਾਈ ।

ਪਾਤਸ਼ਾਹ ਅੰਨਯਾਈ ਹੋ ਗਏ, ਕਲਜੁਗ ਕੈਂਚੀ ਤੇ ਮੁਸਾਹਬ ਕਸਾਈ ਹੋ ਗਏ (ਭਾਵ ਪਰਜਾ ਬੱਕਰੀ ਨੂੰ ਕੋਹਣ ਲੱਗ ਪਏ)।

ਰਹਿਆ ਤਪਾਵਸੁ ਤ੍ਰਿਹੁ ਜੁਗੀ ਚਉਥੇ ਜੁਗਿ ਜੋ ਦੇਇ ਸੁ ਪਾਈ ।

ਤਿੰਨਾਂ ਜੁਗਾਂ ਦਾ ਧਰਮ ਰਹਿ ਗਿਆ, ਚੌਥੇ ਜੁਗ (ਕਲਜੁਗ ਵਿਖੇ) ਜਿਹੜਾ (ਕਿਸੇ ਨੂੰ) ਦੇਵੇ ਸੋ ਲਵੇ (ਭਾਵ ਉਪਕਾਰ ਦਾ ਮੁਸ਼ਕ ਨਾ ਰਿਹਾ)।

ਕਰਮ ਭ੍ਰਿਸਟਿ ਸਭਿ ਭਈ ਲੋਕਾਈ ।੭।

ਕਰਮ ਭ੍ਰਿਸ਼ਟ ਸਾਰੀ ਦੁਨੀਆਂ ਹੋ ਗਈ। (ਤਾਤਪਰਜ ਇਹ ਕਿ ਸ਼ੁਭ ਕਰਮਾਂ ਥੋਂ ਪਤਿਤ ਹੋ ਗਏ)। ਸਮੇਂ ਦੀ ਵੰਡ ਉਸ ਵੇਲੇ ਦੇ ਮਤ ਐਉਂ ਮੰਨਦੇ ਸੇ:-

ਚਹੁੰ ਬੇਦਾਂ ਕੇ ਧਰਮ ਮਥਿ ਖਟਿ ਸਾਸਤ੍ਰ ਕਥਿ ਰਿਖਿ ਸੁਣਾਵੈ ।

ਚਾਰ ਬੇਦਾਂ ਦੇ ਧਰਮਾਂ ਨੂੰ ਵਿਚਾਰਕੇ ਤੇ ਛੀ ਸ਼ਾਸਤ੍ਰਾਂ ਨੂੰ (ਮਥਿ=) ਸੋਧਕੇ (ਬਿਆਸ ਆਦਿ ਛੇ) ਰਿਖੀ ਸੁਣਾਂਵਦੇ ਹਨ।

ਬ੍ਰਹਮਾਦਿਕ ਸਨਕਾਦਿਕਾ ਜਿਉ ਤਿਹਿ ਕਹਾ ਤਿਵੈ ਜਗੁ ਗਾਵੈ ।

ਬ੍ਰਹਮਾਦਿਕ ਦੇਵਤੇ, ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ (ਬ੍ਰਹਮਾਂ ਦੇ ਪੁੱਤ੍ਰਾਂ ਨੇ) ਜਿੱਕੁਰ ਕਹਿ ਦਿੱਤਾ ਹੈ ਉਸੇ ਭਾਂਤ ਜਗਤ ਬੀ ਪਿਆ ਗਾਉਂਦਾ ਹੈ।

ਗਾਵਨਿ ਪੜਨਿ ਬਿਚਾਰਿ ਬਹੁ ਕੋਟਿ ਮਧੇ ਵਿਰਲਾ ਗਤਿ ਪਾਵੈ ।

ਗਾਂਵਦੇ, ਪੜ੍ਹਦੇ ਤੇ ਵਿਚਾਰਦੇ ਬਾਹਲੇ ਹਨ (ਪਰੰਤੂ ਈਸ਼੍ਵਰੀ) ਗਤੀ ਨੂੰ ਕੋਈ ਵਿਰਲਾ ਹੀ ਕੋਟਾਂ ਮੱਧੇ ਪਾਉਂਦਾ ਹੈ।

ਇਹਿ ਅਚਰਜੁ ਮਨ ਆਵਦੀ ਪੜਤਿ ਗੁਣਤਿ ਕਛੁ ਭੇਦੁ ਨ ਪਾਵੈ ।

ਇਹ ਮਨ (ਵਿਖੇ ਬੜੀ) ਅਚਰਜ ਦੀ ਗੱਲ ਆਉਂਦੀ ਹੈ (ਭਈ) ਪੜ੍ਹਦਿਆਂ ਵਿਚਾਰਦਿਆਂ ਕੁਛ ਭੇਦ ਨਹੀਂ ਲਿਖਿਆ ਜਾਂਦਾ।

ਜੁਗ ਜੁਗ ਏਕੋ ਵਰਨ ਹੈ ਕਲਿਜੁਗਿ ਕਿਉ ਬਹੁਤੇ ਦਿਖਲਾਵੈ ।

ਜੁਗਾਂ, (ਚਹੁੰ) ਜੁਗਾਂ ਵਿਖੇ ਈਸ਼੍ਵਰ ਦਾ ਇਕੋ ਰੂਪ ਹੈ, (ਪਰ) ਕਲਜੁਗ ਵਿਖੇ ਲੋਕ ਕਿਉਂ ਬਾਹਲੇ ਦੱਸਦੇ ਹਨ?

ਜੰਦ੍ਰੇ ਵਜੇ ਤ੍ਰਿਹੁ ਜੁਗੀ ਕਥਿ ਪੜ੍ਹਿ ਰਹੈ ਭਰਮੁ ਨਹਿ ਜਾਵੈ ।

ਤਿੰਨਾਂ ਜੁੱਗਾਂ ਵਿਖੇ ਜੰਦਰੇ ਹੀ ਵਜੇ ਰਹੇ, (ਕਬਿ=) ਵਖਯਾਨ (ਕਰਕੇ) ਤੇ ਪੜ੍ਹਕੇ (ਲੋਕ) ਥੱਕ ਗਏ ਪਰ ਭਰਮ ਨਾ ਹਟਿਆ।

ਜਿਉ ਕਰਿ ਕਥਿਆ ਚਾਰਿ ਬੇਦਿ ਖਟਿ ਸਾਸਤ੍ਰਿ ਸੰਗਿ ਸਾਖਿ ਸੁਣਾਵੈ ।

ਜਿਸ ਤਰ੍ਹਾਂ ਚਾਰ ਵੇਦਾਂ ਵਿਚ ਵਰਣਨ ਕੀਤਾ, ਛੀ ਸ਼ਾਸਤ੍ਰਾਂ ਦੇ ਨਾਲ ਸਾਂਖ ਵਾਲੇ ਸੁਨਾਂਵਦੇ ਹਨ,

ਆਪੋ ਆਪਣੇ ਮਤਿ ਸਭਿ ਗਾਵੈ ।੮।

ਆਪੋ ਆਪਣੇ ਮਤਾਂ ਨੂੰ ਸਾਰੇ ਪਏ ਗਾਉਂਦੇ ਹਨ।

ਗੋਤਮਿ ਤਪੇ ਬਿਚਾਰਿ ਕੈ ਰਿਗਿ ਵੇਦ ਕੀ ਕਥਾ ਸੁਣਾਈ ।

ਗੋਤਮ (ਨਾਮੇਂ) ਤਪੇ (ਰਿਖੀ) ਨੇ ਰਿਗ ਵੇਦ ਨੂੰ ਵਿਚਾਰਕੇ (ਉਸ) ਦੀ ਕਥਾ (=ਸਾਰ ਭੂਤ ਗੱਲ) ਸੁਣਾ ਦਿੱਤੀ।

ਨਿਆਇ ਸਾਸਤ੍ਰਿ ਕੌ ਮਥਿ ਕਰਿ ਸਭਿ ਬਿਧਿ ਕਰਤੇ ਹਥਿ ਜਣਾਈ ।

ਨਯਾਯ ਸ਼ਾਸਤਰ ਨੂੰ ਚੰਗੀ ਤਰ੍ਹਾਂ ਘੋਟਕੇ ਸਾਰੀ ਬਿਧੀ ਕਰਤੇ (=ਈਸ਼੍ਵਰ) ਦੇ ਹੱਥ ਦੱਸੀ (ਭਾਵ ਜੀਵ ਈਸ਼੍ਵਰ ਦੇ ਅਧੀਨ ਹੈ)।

ਸਭ ਕਛੁ ਕਰਤੇ ਵਸਿ ਹੈ ਹੋਰਿ ਬਾਤਿ ਵਿਚਿ ਚਲੇ ਨ ਕਾਈ ।

ਸਭ ਗਲਾਂ (ਉਤਪਤੀ ਪਾਲਨ ਦੀਆਂ) ਉਸੇ ਦੇ ਕਾਬੂ ਹਨ, ਹੋਰ ਗੱਲ ਵਿਚ ਕੋਈ ਨਹੀਂ ਚਲਦੀ, ਤੇ

ਦੁਹੀ ਸਿਰੀ ਕਰਤਾਰੁ ਹੈ ਆਪਿ ਨਿਆਰਾ ਕਰਿ ਦਿਖਲਾਈ ।

ਪਾਪ ਪੁੰਨ ਥੋਂ ਆਪ ਕਰਤਾਰ ਅਲੱਗ ਰਹਿਕੇ ਦਿਖਾਉਂਦਾ ਹੈ,

ਕਰਤਾ ਕਿਨੈ ਨ ਦੇਖਿਆ ਕੁਦਰਤਿ ਅੰਦਰਿ ਭਰਮਿ ਭੁਲਾਈ ।

(ਧੁਨੀ ਇਹ ਕਿ ਜੋ ਜੀਵ ਨਾਲੋਂ ਭਿੰਨ ਹੈ) ਉਹ ਕਰਤਾ ਅਦ੍ਰਿਸ਼ ਵਸਤੂ ਹੈ (ਸਾਰੀ ਸ੍ਰਿਸ਼ਟੀ) ਮਾਯਾ ਦੇ ਭਰਮ ਵਿਚ ਭੁਲਾ ਛਲੀ ਹੈਸੁ।

ਸੋਹੰ ਬ੍ਰਹਮੁ ਛਪਾਇ ਕੈ ਪੜਦਾ ਭਰਮੁ ਕਰਤਾਰੁ ਸੁਣਾਈ ।

ਸੋਹੰ ਬ੍ਰਹਮ (ਮਹਾਂਵਾਕ) ਨੂੰ ਲੁਕਾਕੇ ਭਰਮ ਦੇ ਪੜਦੇ ਦੀ ਗੱਲ ਹੀ ਕਰਤਾ (=ਗੋਤਮ) ਨੇ ਸੁਣਾਈ।

ਰਿਗਿ ਕਹੈ ਸੁਣਿ ਗੁਰਮੁਖਹੁ ਆਪੇ ਆਪਿ ਨ ਦੂਜੀ ਰਾਈ ।

(ਰਿਗ ਵੇਦ) ਕਹਿੰਦਾ ਹੈ:-ਗੁਰਮੁਖੋ ਸੁਣੋ! (ਉਹ ਤਾਂ) ਆਪੇ ਹੀ ਆਪ ਹੈ (ਉਸ ਵਿਖੇ) ਦ੍ਵੈਤ ਤਾਂ ਰਾਈ ਜਿੰਨੀ ਵੀ ਨਹੀਂ। Ḥਇਥੇ ਭਾਈ ਸਾਹਿਬ ਜੀ ਹੁਣ ਆਪਣਾ ਨੋਟ ਚਾੜ੍ਹਦੇ ਹਨ:-Ḧ

ਸਤਿਗੁਰ ਬਿਨਾ ਨ ਸੋਝੀ ਪਾਈ ।੯।

ਸੂਝ ਸਤਿਗੁਰੂ ਬਿਨਾ ਕਿਸੇ ਨੇ ਨਹੀਂ ਪਾਈ।

ਫਿਰਿ ਜੈਮਨਿ ਰਿਖੁ ਬੋਲਿਆ ਜੁਜਰਿ ਵੇਦਿ ਮਥਿ ਕਥਾ ਸੁਣਾਵੈ ।

ਫਿਰ (ਦੂਜਾ) ਜੈਮਨਿ ਰਿਖੀ (ਮੀਮਾਂਸਾ ਸ਼ਾਸਤ੍ਰ ਰਚਕੇ ਉਸ ਵਿਖੇ) ਜੁਜਰ ਵੇਦ ਦੀ ਸਾਰਭੂਤ ਗੱਲ ਦੱਸਦਾ ਹੈ।

ਕਰਮਾ ਉਤੇ ਨਿਬੜੈ ਦੇਹੀ ਮਧਿ ਕਰੇ ਸੋ ਪਾਵੈ ।

ਕਰਮਾਂ ਉਤੇ ਨਿਬੜੇਗੀ ਸਰੀਰ ਵਿਖੇ ਜੋ (ਕਰਮ) ਕਰੂ ਸੋ (ਫਲ) ਪਾਊ'।

ਥਾਪਸਿ ਕਰਮ ਸੰਸਾਰ ਵਿਚਿ ਕਰਮ ਵਾਸ ਕਰਿ ਆਵੈ ਜਾਵੈ ।

ਉਸ ਨੇ ਕਰਮ ਕਾਂਡ ਸੰਸਾਰ ਵਿਖੇ ਸਥਾਪਨ ਕੀਤਾ (ਭਈ) ਕਰਮਾਂ ਦੀ ਵਾਸ਼ਨਾ ਦਾ ਬੱਧਾ ਹੋਇਆ (ਪ੍ਰਾਣੀ) ਆਉਂਦਾ ਜਾਂਦਾ ਹੈ।

ਸਹਸਾ ਮਨਹੁ ਨ ਚੁਕਈ ਕਰਮਾਂ ਅੰਦਰਿ ਭਰਮਿ ਭੁਲਾਵੈ ।

ਸੰਸਾ ਮਨ ਥੋਂ ਨਾ ਗਿਆ, ਕਰਮਾਂ ਦੇ ਭਰਮ ਅੰਦਰ ਭੁਲਾ ਦਿਤਾ।

ਕਰਮਿ ਵਰਤਣਿ ਜਗਤਿ ਕੀ ਇਕੋ ਮਾਇਆ ਬ੍ਰਹਮ ਕਹਾਵੈ ।

ਭਰਮ ਦੀ ਜਗਤ ਦਾ ਵਰਤਣ ਵਿਹਾਰ ਹੈ, ਮਾਯਾ ਤੇ ਬ੍ਰਹਮ ਇਕੋ ਕਹਾਉਂਦੇ ਹਨ (ਨਿਆਰੇ ਨਹੀਂ ਹਨ)।

ਜੁਜਰਿ ਵੇਦਿ ਕੋ ਮਥਨਿ ਕਰਿ ਤਤ ਬ੍ਰਹਮੁ ਵਿਚਿ ਭਰਮੁ ਮਿਲਾਵੈ ।

ਜੁਜਰ ਵੇਦ ਨੂੰ ਘੋਟਕੇ ਸਾਰ ਬ੍ਰਹਮ ਵਿਖੇ (ਧਰਮ ਕਰਮ ਦਾ) ਭਰਮ ਪਾ ਦਿੱਤਾ।

ਕਰਮ ਦ੍ਰਿੜਾਇ ਜਗਤ ਵਿਚਿ ਕਰਮਿ ਬੰਧਿ ਕਰਿ ਆਵੈ ਜਾਵੈ ।

ਕਰਮਾਂ ਦਾ ਹੀ ਜਗਤ ਵਿਖੇ ਉਪਦੇਸ਼ ਦਿੱਤਾ, ਕਰਮਾਂ ਦਾ ਬੱਧਾ ਹੋਇਆ ਜੀਵ ਆਉਂਦਾ ਜਾਂਦਾ ਹੈ।

ਸਤਿਗੁਰ ਬਿਨਾ ਨ ਸਹਸਾ ਜਾਵੈ ।੧੦।

ਸਤਿਗੁਰਾਂ ਤੋਂ ਬਾਝ ਸੰਸਾ ਨਾ ਗਿਆ।

ਸਿਆਮ ਵੇਦ ਕਉ ਸੋਧਿ ਕਰਿ ਮਥਿ ਵੇਦਾਂਤੁ ਬਿਆਸਿ ਸੁਣਾਇਆ ।

ਸਾਮ ਵੇਦ ਨੂੰ ਪੜ੍ਹਕੇ ਵੇਦਾਂਤ (ਵੇਦ ਦਾ ਸਾਰ) ਕੱਢਿਆ (ਫੇਰ ਉਸ ਨੂੰ) 'ਮਥਿ' (ਰਿੜਕਕੇ) ਬਯਾਸ ਨੇ (ਸੁਖਨ) ਸੁਣਾਇਆ।

ਕਥਨੀ ਬਦਨੀ ਬਾਹਰਾ ਆਪੇ ਆਪਣਾ ਬ੍ਰਹਮੁ ਜਣਾਇਆ ।

ਕਥਨੀ (ਕਥਾ) ਤੇ ਬਦਨੀ (ਕਵੀਸ਼ਰੀਆਂ) ਥੋਂ (ਆਤਮਾ) ਬਾਹਰ ਹੈ ਤੇ ਆਪਣੇ ਆਪ ਹੀ ਬ੍ਰਹਮ ਜਣਾ ਦਿਤਾ।

ਨਦਰੀ ਕਿਸੈ ਨ ਲਿਆਵਈ ਹਉਮੈ ਅੰਦਰਿ ਭਰਮਿ ਭੁਲਾਇਆ ।

ਨਜ਼ਰ (ਤਾਂ) ਉਹ ਕਿਸੇ ਨੂੰ ਆਂਵਦਾ ਹੀ ਨਹੀਂ ਹਉਮੈਂ ਦੇ ਭਰਮ ਦੇ ਅੰਦਰ ਜਗਤ ਭੁਲਾ ਦਿੱਤਾ।

ਆਪੁ ਪੁਜਾਇ ਜਗਤ ਵਿਚਿ ਭਾਉ ਭਗਤਿ ਦਾ ਮਰਮੁ ਨ ਪਾਇਆ ।

ਆਪਣੇ ਆਪ ਨੂੰ ਜਗਤ ਵਿਚ ਪੁਜਾਵਣ ਲਗ ਪਏ, ਭਾਉ ਭਗਤੀ ਦਾ ਭੇਦ ਨਾ ਪਾਇਆ।

ਤ੍ਰਿਪਤਿ ਨ ਆਵੀ ਵੇਦਿ ਮਥਿ ਅਗਨੀ ਅੰਦਰਿ ਤਪਤਿ ਤਪਾਇਆ ।

(ਗੱਲ ਕੀ ਬਯਾਸ ਨੂੰ ਬੀ) ਸਾਰਾ ਵੇਦ ਘੋਟ ਘੋਟ ਕੇ ਸ਼ਾਂਤਿ ਨਾ ਆਈ, (ਭਰਮ ਦੀ) ਅੱਗ ਦੀ ਤਪਤ ਵਿਖ਼ੇ ਅੰਦਰੋਂ ਤਪਣ ਲਗਾ,

ਮਾਇਆ ਡੰਡ ਨ ਉਤਰੇ ਜਮ ਡੰਡੈ ਬਹੁ ਦੁਖਿ ਰੂਆਇਆ ।

ਮਾਯਾ ਦਾ ਦੰਡ (ਉਸ ਦੇ ਸਿਰੋਂ) ਨਾ ਉਤਰਿਆ ਜਮ ਦੰਡ ਦੇ ਬਾਹਲੇ ਦੁਖ ਨਾਲ (ਨਾਰਦ ਪਾਸ ਆਪਣਾ ਦੁਖ) ਰੋਇਆ (ਭਾਵ ਮਨ ਦੀ ਹਵਾੜ ਕੱਢੀ)।

ਨਾਰਦਿ ਮੁਨਿ ਉਪਦੇਸਿਆ ਮਥਿ ਭਾਗਵਤ ਗੁਨਿ ਗੀਤ ਕਰਾਇਆ ।

ਨਾਰਦ ਮੁਨੀ ਨੇ ਉਪਦੇਸ਼ ਕੀਤਾ, (ਤੇ ਉਸ ਕੋਲੋਂ) ਭਾਗਵਤ (ਸੰਬੰਧੀ ਗੁਣਾਂ ਦਾ ਜਸ) ਮਥਕੇ ਗੁਣਾਂ ਦਾ ਗੀਤ ਕਰਵਾਇਆ।

ਬਿਨੁ ਸਰਨੀ ਨਹਿਂ ਕੋਇ ਤਰਾਇਆ ।੧੧।

ਬਿਨਾਂ (ਗੁਰੂ ਦੀ) ਸ਼ਰਣ ਥੋਂ ਕੋਈ ਨਹੀਂ ਤਰਦਾ।

ਦੁਆਪਰਿ ਜੁਗਿ ਬੀਤਤ ਭਏ ਕਲਜੁਗਿ ਕੇ ਸਿਰਿ ਛਤ੍ਰ ਫਿਰਾਈ ।

ਦ੍ਵਾਪੁਰ ਜੁਗ ਬੀਤ ਗਿਆਂ ਕੁਲਜੁਗ ਦੇ ਸਿਰ ਪੁਰ ਛੱਤ੍ਰ ਦੀ ਫਿਰਾਈ ਆਈ (ਭਾਵ ਸਮਾ ਆਇਆ)।

ਵੇਦ ਅਥਰਵਣਿ ਥਾਪਿਆ ਉਤਰਿ ਮੁਖਿ ਗੁਰਮੁਖਿ ਗੁਨ ਗਾਈ ।

ਅਥਰਬਨ ਬੇਦ ਦਾ ਤੋਰਾ ਤੁਰਿਆ, ਉੱਤਰ ਵਲ ਮੂੰਹ ਕਰ ਕੇ ਗੁਰਮੁਖ (ਲੋਕ) ਭਜਨ ਕਰਨ ਲਗੇ।

ਕਪਲ ਰਿਖੀਸੁਰਿ ਸਾਂਖਿ ਮਥਿ ਅਥਰਵਣਿ ਵੇਦ ਕੀ ਰਿਚਾ ਸੁਣਾਈ ।

ਕਪਲ (ਨਾਮ ਦਾ) ਵਡਾ ਰਿਖੀ ਹੋਇਆ, ਅਥਰਬਨ ਬੇਦ ਨੂੰ ਘੋਟਕੇ (ਉਸ ਦੀ) ਰਿਚਾ (ਸ਼੍ਰਤੀ ਦਾ ਨਾਮ) ਸਾਂਖ (ਸ਼ਾਸਤ੍ਰ) ਸੁਣਾਇਆ (ਜਿਸ ਦਾ ਮਤ ਹੇਠਲੀ ਤੁਕ ਵਿਖੇ ਵਿਦਮਾਨ ਹੈ)।

ਗਿਆਨ ਮਹਾ ਰਸ ਪੀਅ ਕੈ ਸਿਮਰੇ ਨਿਤ ਅਨਿਤ ਨਿਆਈ ।

ਗਿਆਨ (ਰੂਪੀ) ਮਹਾਂ ਰਸ ਅੰਮ੍ਰਿਤ) ਨੂੰ ਪਾਨ ਕਰੇ ਤੇ ਨਿਤ ਅਨਿੱਤ ਦਾ (ਨਿਆਈ) ਨਿਰਣਯ ਕਰੇ (ਭਾਵ ਸੱਚ ਝੂਠ ਦਾ ਨਿਤਾਰਾ ਕਰੇ)।

ਗਿਆਨ ਬਿਨਾ ਨਹਿ ਪਾਈਐ ਜੋ ਕੋਈ ਕੋਟਿ ਜਤਨਿ ਕਰਿ ਧਾਈ ।

ਗਿਆਨ ਬਾਝ (ਮੁਕਤੀ) ਨਹੀਂ ਮਿਲਦੀ ਭਾਵੇਂ ਕੋਈ ਕ੍ਰੋੜਾਂ ਜਤਨ ਕਰ ਕੇ ਦੌੜੇ।

ਕਰਮਿ ਜੋਗ ਦੇਹੀ ਕਰੇ ਸੋ ਅਨਿਤ ਖਿਨ ਟਿਕੇ ਨ ਰਾਈ ।

(ਜਿਹੜਾ) ਜੀਵ ਕਰਮ ਯੋਗ ਕਰੇਗਾ ਉਹ ਝੂਠ ਹੋਊ, ਇਕ ਰਾਈ (ਸਾਰਖਾ) ਛਿਨ (ਭਰ) ਬੀ ਨਾ ਟਿਕੇਗਾ।

ਗਿਆਨੁ ਮਤੇ ਸੁਖੁ ਉਪਜੈ ਜਨਮ ਮਰਨ ਕਾ ਭਰਮੁ ਚੁਕਾਈ ।

ਗਿਅਨ ਦੇ ਮਤ ਕਰ ਕੇ ਹੀ ਸੁਖ ਉਤਪਤ ਹੋਊ ਤੇ ਆਵਾਗੌਣ ਦਾ ਭਰਮ ਮਿਟ ਜਾਊ।

ਗੁਰਮੁਖਿ ਗਿਆਨੀ ਸਹਜਿ ਸਮਾਈ ।੧੨।

ਗੁਰੂ ਦੁਆਰੇ ਗਿਆਨੀ 'ਸਹਿਜ' ਪਦ (ਸ੍ਹੈਸਰੂਪ) ਵਿਖੇ ਲੀਨ ਹੋਊ।

ਬੇਦ ਅਬਰਬਨੁ ਮਥਨਿ ਕਰਿ ਗੁਰਮੁਖਿ ਬਾਸੇਖਿਕ ਗੁਨ ਗਾਵੈ ।

ਅਥਰਬਣ ਬੇਦ ਨੂੰ ਵਿਚਾਰਕੇ 'ਗੁਰਮੁਖ' (ਕਣਾਦ ਨਾਮੇ ਆਚਾਰਯ) ਨੇ ਬਾਸੇਖਕ (ਨਾਮੇ ਸ਼ਾਸਤ੍ਰ) ਦੇ ਗੁਣ ਗਾਏ।

ਜੇਹਾ ਬੀਜੈ ਸੋ ਲੁਣੈ ਸਮੇ ਬਿਨਾ ਫਲੁ ਹਥਿ ਨ ਆਵੈ ।

ਜੇਹਾ ਕੋਈ ਬੀਜੇਗਾ ਤੇਹਾ ਕੱਟੇਗਾ, ਸਮੇਂ ਬਿਨਾਂ ਫਲ ਹੱਥ ਨਾ ਆਊ'।

ਹੁਕਮੈ ਅੰਦਰਿ ਸਭੁ ਕੋ ਮੰਨੈ ਹੁਕਮੁ ਸੋ ਸਹਜਿ ਸਮਾਵੈ ।

ਹੁਕਮ ਦੇ ਅੰਦਰ ਸਾਰੀ (ਸ੍ਰਿਸ਼ਟੀ) ਹੈ, (ਜੋ) ਹੁਕਮ ਮੰਨੇ ਸਹਿਜ ਪਦ ਵਿਖੇ ਲੀਨ ਹੋਊ।

ਆਪੋ ਕਛੂ ਨ ਹੋਵਈ ਬੁਰਾ ਭਲਾ ਨਹਿ ਮੰਨਿ ਵਸਾਵੈ ।

ਆਪਣੇ ਵੱਸ ਕੁਝ ਨਹੀਂ ਹੈ, ਬੁਰਾ ਭਲਾ ਮਨ ਵਿਖੇ ਨਾ ਵਸਾਵੇ (ਭਈ ਮੈਂ ਕੀਤਾ ਹੈ, ਇਹ ਤਾਂ ਸਮਾਂ ਹੀ ਕਰਦਾ ਹੈ)।

ਜੈਸਾ ਕਰਿ ਤੈਸਾ ਲਹੈ ਰਿਖਿ ਕਣਾਦਿਕ ਭਾਖਿ ਸੁਣਾਵੈ ।

ਜੇਹਾ ਕਰੇਗਾ ਤੇਹਾ (ਫਲ ਊਹੋ ਪ੍ਰਾਣੀ) ਲਵੇਗਾ ਇਹ ਕਣਾਦ ਰਿਖੀ ਕਹਿਕੇ (ਲੋਕਾਂ ਨੂੰ) ਸੁਣਾਉਂਦਾ ਹੈ।

ਸਤਿਜੁਗਿ ਕਾ ਅਨਿਆਇ ਸੁਣਿ ਇਕ ਫੇੜੇ ਸਭੁ ਜਗਤ ਮਰਾਵੈ ।

ਸਤਿਜੁਗ ਦੇ ਹਨੇਰ ਦੀ ਗੱਲ ਸੁਣੋ ਇਕ ਕੁਕਰਮ ਕਰਦਾ ਸੀ ਤੇ ਸਾਰਾ ਦੇਸ਼ ਹੀ ਮਰਦਾ ਸੀ।

ਤ੍ਰੇਤੇ ਨਗਰੀ ਪੀੜੀਐ ਦੁਆਪਰਿ ਵੰਸੁ ਕੁਵੰਸ ਕੁਹਾਵੈ ।

ਤ੍ਰੇਤੇ ਵਿਚ ਨਗਰੀ ਪੀੜੀਦੀ ਸੀ, ਦੁਆਪੁਰ ਵਿਖੇ ਵੰਸ (ਕੁਵੰਸ=) ਖੋਟੀ ਵੰਸ ਕੋਹੀ ਜਾਂਦੀ ਸੀ।

ਕਲਿਜੁਗ ਜੋ ਫੇੜੇ ਸੋ ਪਾਵੈ ।੧੩।

ਕਲਿਜੁਗ ਵਿਖੇ ਜੋ ਕਰਮ ਕਰੂ ਸੋਈ ਪਾਊ।

ਸੇਖਨਾਗ ਪਾਤੰਜਲ ਮਥਿਆ ਗੁਰਮੁਖਿ ਸਾਸਤ੍ਰ ਨਾਗਿ ਸੁਣਾਈ ।

(ਨਾਗਾਂ ਵਿਚੋਂ) ਗੁਰਮੁਖ (=ਸ਼ਿਰੋਮਣੀ) ਸ਼ੇਸ਼ਨਾਗ ਹੈ (ਉਸ) ਨਾਗ ਨੇ ਮਥਕੇ (ਵੇਦਾਂ ਨੂੰ) ਪਾਤੰਜਲ (ਰਿਖੀ) ਦਾ ਔਤਾਰ ਹੋ ਕੇ ਆਪਣੇ ਰਾਮ ਵਾਲਾ ਪਾਤੰਜਲ ਸ਼ਾਸਤ੍ਰ) ਸੁਣਾਇਆ, ਇੱਤਯਨ੍ਵਯ:

ਵੇਦ ਅਥਰਵਣ ਬੋਲਿਆ ਜੋਗ ਬਿਨਾ ਨਹਿ ਭਰਮੁ ਚੁਕਾਈ ।

(ਉਸ ਵਿਖੇ) ਵੇਦ ਅਰਥਰਬਣ ਦੇ ਵਾਕ ਬੋਲੇ, (ਭਈ) ਜੋਗ ਥੋਂ ਬਾਝ ਭਰਮ ਨਹੀਂ ਹਟਦਾ; (ਧੁਨੀ ਇਹ ਕਿ ਜੋਗ ਪ੍ਰਾਣਾਯਾਮ ਸ੍ਰੇਸ਼ਟ ਹੈ)।

ਜਿਉ ਕਰਿ ਮੈਲੀ ਆਰਸੀ ਸਿਕਲ ਬਿਨਾ ਨਹਿ ਮੁਖਿ ਦਿਖਾਈ ।

ਜਿੱਕੁਰ ਮੈਲੀ ਆਰਸੀ ਵਿਖੇ ਸਿਕਲ ਕੀਤੇ ਬਾਝ ਮੂੰਹ ਨਹੀਂ ਦਿੱਸਦਾ।

ਜੋਗੁ ਪਦਾਰਥ ਨਿਰਮਲਾ ਅਨਹਦ ਧੁਨਿ ਅੰਦਰਿ ਲਿਵ ਲਾਈ ।

ਜੋਗ ਪਦਾਰਥ ਵਡੀ ਸ਼ੁੱਧ ਵਸਤੂ ਹੈ, ਅਨਹਦ ਧੁਨੀ (ਦਸਮ ਦ੍ਵਾਰ) ਵਿਖੇ ਬ੍ਰਿਤੀ ਲਗ ਜਾਂਦੀ ਹੈ।

ਅਸਟ ਦਸਾ ਸਿਧਿ ਨਉ ਨਿਧੀ ਗੁਰਮੁਖਿ ਜੋਗੀ ਚਰਨ ਲਗਾਈ ।

(ਫਲ ਇਹ ਕਿ) ਅਠਾਰਾਂ ਸਿੱਧੀਆਂ ਤੇ ਨੌ ਨਿੱਧਾਂ ਜੋਗੀ ਗੁਰਮੁਖ ਦੇ ਪੈਰੀਂ ਲਗਦੀਆ ਹਨ।

ਤ੍ਰਿਹੁ ਜੁਗਾਂ ਕੀ ਬਾਸਨਾ ਕਲਿਜੁਗ ਵਿਚਿ ਪਾਤੰਜਲਿ ਪਾਈ ।

ਤਿੰਨਾਂ ਜੁਗਾਂ ਦੀਆਂ ਵਾਸ਼ਨਾਂ ਕਲਿਜੁਗ ਵਿਖੇ ਪਾਤੰਜੀ ਨੇ ਪਾ ਲਈਆਂ ਹਨ; (ਸਿੱਟਾ ਇਹ ਕਿ ਜੋ ਪਾਤੰਜਲ ਸ਼ਾਸਤ੍ਰ ਅਨੁਸਾਰ ਜੋਗ ਕਰਦਾ ਹੈ ਸੋ ਪਾ ਲੈਂਦਾ ਹੈ)।

ਹਥੋ ਹਥੀ ਪਾਈਐ ਭਗਤਿ ਜੋਗ ਕੀ ਪੂਰ ਕਮਾਈ ।

(ਪਰੰਤੂ ਭਾਈ ਸਾਹਿਬ ਜੀ ਆਪਣਾ ਮਤ ਸੱਤਵੀਂ ਤੇ ਅੱਠਵੀਂ ਤੁਕ ਵਿਖੇ ਛੀ ਸ਼ਾਸਤ੍ਰਾਂ ਦੀ ਸਮਾਪਤੀ ਪਰ ਦੱਸਦੇ ਹਨ ਪਰ ਭਗਤੀ ਜੋਗ ਦੀ ਪੂਰੀ ਕਮਾਈ ਹੈ, (ਇਸ ਦਾ ਫਲ) ਹਥੋ ਹਥੀ ਪਾ ਲਈਦਾ ਹੈ।

ਨਾਮ ਦਾਨੁ ਇਸਨਾਨੁ ਸੁਭਾਈ ।੧੪।

(ਇਸ ਭਗਤਿ ਯੋਗ ਦਾ ਰੂਪ) ਨਾਮ ਦਾਨ ਤੇ ਇਸ਼ਨਾਨ ਹੈ (ਪਰੰਤੂ) ਨਿਸ਼ਕਾਮ ਹੋ ਕੇ (ਕਰੇ); ਸੁਭਾਈ=ਸੁ+ਭਾਵ+ਈ=ਚੰਗੇ ਪ੍ਰੇਮ ਨਾਲ ਭਾਵ ਕਾਮਨਾ ਰਹਤ ਹੋਕੇ, ਕੇਵਲ ਪ੍ਰੇਮ ਦੀ ਖਾਤਰ ਭਗਤੀ ਕਰੇ।

ਜੁਗਿ ਜੁਗਿ ਮੇਰੁ ਸਰੀਰ ਕਾ ਬਾਸਨਾ ਬਧਾ ਆਵੈ ਜਾਵੈ ।

ਹਰ ਇਕ ਜੁਗ ਵਿਖੇ ਸਰੀਰ ਦਾ ਮੇਰੁ (ਅਰਥਾਤ ਜੀਵਆਤਮਾ) ਵਾਸ਼ਨਾ ਦਾ ਬੱਧਾ ਹੋਇਆ (ਚੌਰਾਸੀ ਵਿਚ) ਭਟਕਦਾ ਹੈ।

ਫਿਰਿ ਫਿਰਿ ਫੇਰਿ ਵਟਾਈਐ ਗਿਆਨੀ ਹੋਇ ਮਰਮੁ ਕਉ ਪਾਵੈ ।

ਵਾਰ ਵਾਰ (ਦੇਹ) ਵਟਦੀ ਜਾਂਦੀ ਹੈ (ਇਸ ਗੱਲ ਦਾ) ਭੇਦ (ਕੋਈ) ਗਿਆਨੀ ਪਾਉਂਦਾ ਹੈ।

ਸਤਿਜੁਗਿ ਦੂਜਾ ਭਰਮੁ ਕਰਿ ਤ੍ਰੇਤੇ ਵਿਚਿ ਜੋਨੀ ਫਿਰਿ ਆਵੈ ।

ਸਤਿਜੁਗ ਵਿਚ ਦੂਜੇ ਭਾਵ ਦਾ ਭਰਮ ਕਰ ਕੇ ਤ੍ਰੇਤੇ ਵਿਖੇ ਫੇਰ ਜੂਨਾਂ ਵਿਖੇ ਆਉਂਦਾ ਹੈ।

ਤ੍ਰੇਤੇ ਕਰਮਾਂ ਬਾਂਧਤੇ ਦੁਆਪਰਿ ਫਿਰਿ ਅਵਤਾਰ ਕਰਾਵੈ ।

ਤ੍ਰਤੇ ਵਿਖੇ ਕਰਮਾਂ ਦੇ ਬੰਧਨਾਂ ਨਾਲ ਫਸਿਆ ਹੋਇਆ ਇਹ ਦੁਆਪਰ ਵਿਖੇ ਅਵਤਾਰ ਧਾਰਦਾ ਹੈ।

ਦੁਆਪਰਿ ਮਮਤਾ ਅਹੰ ਕਰਿ ਹਉਮੈ ਅੰਦਰਿ ਗਰਬਿ ਗਲਾਵੈ ।

ਦੁਆਪਰ ਵਿਖੇ ਮਮਤਾ ਤੇ ਹੰਕਾਰ ਦਾ ਮਾਰਿਆ, ਮੈਂ ਮੈਂ ਕਰਦਾ ਹੀ ਗ਼ਰਬ ਵਿਖੇ ਗਲ ਜਾਂਦਾ ਹੈ (ਭਾਵ ਮਰ ਜਾਂਦਾ ਹੈ)।

ਤ੍ਰਿਹੁ ਜੁਗਾਂ ਕੇ ਕਰਮ ਕਰਿ ਜਨਮ ਮਰਨ ਸੰਸਾ ਨ ਚੁਕਾਵੈ ।

ਤਿੰਨਾਂ ਜੁਗਾਂ ਦੇ ਕਰਮ ਕਰਦਾ ਜੰਮਣ ਮਰਨ ਦਾ ਫਿਕਰ ਨਹੀਂ ਚੁਕਾਉਂਦਾ।

ਫਿਰਿ ਕਲਿਜੁਗਿ ਅੰਦਰਿ ਦੇਹਿ ਧਰਿ ਕਰਮਾਂ ਅੰਦਰਿ ਫੇਰਿ ਫਸਾਵੈ ।

(ਦੁਆਪਰ ਦਾ ਬੱਧਾ) ਕਲਜੁਗ ਅੰਦਰ ਦੇਹ ਧਾਰਕੇ ਫੇਰ (ਆਪ ਨੂੰ) ਕਰਮਾਂ ਵਿਚ ਹੀ ਫਸਾਈ ਜਾਂਦਾ ਹੈ।

ਅਉਸਰੁ ਚੁਕਾ ਹਥ ਨ ਆਵੈ ।੧੫।

ਸਮਾਂ ਗਿਆ ਹੋਇਆ ਫੇਰ ਹੱਥ ਨਹੀਂ ਆਉਂਦਾ।

ਕਲਿਜੁਗ ਕੀ ਸੁਣ ਸਾਧਨਾ ਕਰਮ ਕਿਰਤਿ ਕੀ ਚਲੈ ਨ ਕਾਈ ।

ਕਲਿਜੁਗ ਦੀ 'ਸਾਧਨਾ' ਸੁਣੋ ਕਰਮ ਕਿਰਤ ਦੀ (ਰਾਈ ਜਿੰਨੀ) ਕੋਈ (ਗੱਲ) ਨਹੀਂ ਚੱਲ ਸਕਦੀ।

ਬਿਨਾ ਭਜਨ ਭਗਵਾਨ ਕੇ ਭਾਉ ਭਗਤਿ ਬਿਨੁ ਠਉੜਿ ਨ ਥਾਈ ।

ਭਗਵਾਨ ਦੇ ਭਜਨ ਬਾਝ ਤੇ ਪ੍ਰੇਮਾਭਗਤੀ ਬਾਝ ਨਾਂ (ਏਥੇ) ਠੌਰ ਨਾ (ਅੱਗੇ) ਥਾਂ (ਮਿਲੇਗੀ)।

ਲਹੇ ਕਮਾਣਾ ਏਤ ਜੁਗਿ ਪਿਛਲੀ ਜੁਗੀਂ ਕਰੀ ਕਮਾਈ ।

ਪਿਛਲੇ ਜੁਗਾਂ ਵਿਚ ਜੋ ਕਮਾਈ ਕੀਤੀ ਹੈ, ਉਸ ਦਾ ਕਮਾਣਾ (=ਫਲ) ਇਥੇ ਲਹਿ ਜਾਂਦਾ ਹੈ, (ਅਰਥਾਤ ਕਲਜੁਗ ਵਿਚ ਛੁਟਕਾਰੇ ਦਾ ਅਵਸਰ ਹੈ)।

ਪਾਇਆ ਮਾਨਸ ਦੇਹਿ ਕਉ ਐਥੌ ਚੁਕਿਆ ਠੌਰ ਨ ਠਾਈ ।

(ਤੂੰ) ਮਨੁੱਖ ਜਨਮ ਨੂੰ ਪਾਇਆ ਹੈ, ਜੋ ਏਥੋਂ ਚੁੱਕ ਗਿਆ (ਤਾਂ ਦੁਹਾਂ ਲੋਕਾਂ ਵਿਖੇ) ਥਾਉਂ ਨਹੀਂ ਮਿਲਣੀ।

ਕਲਿਜੁਗਿ ਕੇ ਉਪਕਾਰਿ ਸੁਣਿ ਜੈਸੇ ਬੇਦ ਅਥਰਵਣ ਗਾਈ ।

ਕਲਿਜੁਗ ਦੇ ਉਪਕਾਰ ਸੁਣ, ਜਿਵੇਂ ਕਿ ਅਰਥਬਣ ਬੇਦ ਗਵਾਹੀ ਦਿੰਦਾ ਹੈ। (ਹੁਣ ਆਪਣਾ ਨੋਟ ਦਿੰਦੇ ਹਨ: -)

ਭਾਉ ਭਗਤਿ ਪਰਵਾਨੁ ਹੈ ਜਗ ਹੋਮ ਗੁਰਪੁਰਬਿ ਕਮਾਈ ।

ਪ੍ਰੇਮਾ ਭਗਤੀ ਹੀ ਪਰਵਾਣ ਹੈ, (ਇਹੋ ਹੀ) ਜੱਗ ਦੇ ਤੇ ਪੁਰਬਾਂ ਦੀ ਕਮਾਈ ਹੈ।

ਕਰਿ ਕੇ ਨੀਚ ਸਦਾਵਣਾ ਤਾਂ ਪ੍ਰਭੁ ਲੇਖੈ ਅੰਦਰਿ ਪਾਈ ।

(ਕਰਮਾਂ) ਕਰ ਕੇ ਫੇਰ ਆਪ ਨੂੰ ਨੀਵਾਂ ਸਦਾਵੇ ਤਦ ਸਦਾ ਲੇਖੇ ਪਉਂਦਾ ਹੈ।

ਕਲਿਜੁਗਿ ਨਾਵੈ ਕੀ ਵਡਿਆਈ ।੧੬।

ਕਲਜੁਗ (ਵਿਖੇ ਇਕ) ਨਾਮ ਦੀ ਹੀ ਵਡਿਆਈ ਹੈ।

ਜੁਗਿ ਗਰਦੀ ਜਬ ਹੋਵਹੇ ਉਲਟੇ ਜੁਗੁ ਕਿਆ ਹੋਇ ਵਰਤਾਰਾ ।

ਜੁਗਾਂ ਦੀ ਬਦਲੀ ਜਦ ਹੋਣ ਲਗਦੀ ਹੈ, (ਤਦ) ਜੁਗ ਪਲਟ ਜਾਂਦਾ ਹੈ (ਫੇਰ) ਵਰਤਾਰਾ ਕੀ ਹੁੰਦਾ ਹੈ? (ਉੱਤਰ ਅੱਗੇ ਦਿੰਦੇ ਹਨ:)

ਉਠੇ ਗਿਲਾਨਿ ਜਗਤਿ ਵਿਚਿ ਵਰਤੇ ਪਾਪ ਭ੍ਰਿਸਟਿ ਸੰਸਾਰਾ ।

ਜਗਤ ਵਿਖੇ (ਗਿਲਾਨੀ=) ਵੈਰ ਭਾਵ ਹੋ ਜਾਂਦਾ ਹੈ, ਪਾਪ ਵਰਤ ਜਾਂਦਾ ਹੈ ਤੇ ਸੰਸਾਰ ਭ੍ਰਿਸ਼ਟਾਚਾਰੀ ਹੋ ਜਾਂਦਾ ਹੈ।

ਵਰਨਾਵਰਨ ਨ ਭਾਵਨੀ ਖਹਿ ਖਹਿ ਜਲਨ ਬਾਂਸ ਅੰਗਿਆਰਾ ।

ਇਕ ਵਰਣ ਨੂੰ ਦੂਜਾ ਵਰਣ ਚੰਗਾ ਨਹੀਂ ਲਗਦਾ, ਬਾਂਸਾਂ ਦੀ ਅੱਗ ਵਾਂਙੂ (ਲੋਕ) ਖਹਿ ਖਹਿ ਸੜ ਮਰਦੇ ਹਨ।

ਨਿੰਦਿਆ ਚਲੇ ਵੇਦ ਕੀ ਸਮਝਨਿ ਨਹਿ ਅਗਿਆਨਿ ਗੁਬਾਰਾ ।

ਪਰਮੇਸ਼ੁਰ ਦੇ ਗਯਾਨ ਦੀ ਲੋਕ ਨਿੰਦਾ ਕਰਦੇ ਹਨ, ਅਗਯਾਨ ਦੇ 'ਗੁਬਾਰ' (ਹਨੇਰ) ਵਿਖੇ (ਕਿਸੇ ਨੂੰ ਕੋਈ) ਨਹੀਂ ਸਮਝਦਾ।

ਬੇਦ ਗਿਰੰਥ ਗੁਰ ਹਟਿ ਹੈ ਜਿਸੁ ਲਗਿ ਭਵਜਲ ਪਾਰਿ ਉਤਾਰਾ ।

ਬੇਦ (ਕੀ ਹੈ?) ਗੁਰੂ ਹੱਟੀ ਦਾ ਗ੍ਰੰਥ ਹੈ, (ਗੁਰੂ ਕੇ ਉਪਦੇਸ਼ ਜਿਸ ਵਿਚ ਲਿਖੇ ਹੋਣ ਉਹੀ ਵੇਦ ਹੈ) ਜਿਸ ਦੇ ਆਸਰੇ ਭਵਜਲ ਪਾਰ ਹੋ ਸਕੀਦਾ ਹੈ। ਸ਼ਿਵ ਸੰਹਿਤਾ ਵਿਚ ਲਿਖਿਆ ਹੈ ਕਿ ਪੰਡਤ ਜਨ ਵੇਦ ਨੂੰ ਵੇਦ ਨਹੀਂ ਕਹਿੰਦੇ ਪਰ ਵੇਦ ਹੈ ਬੀ ਨਹੀਂ, ਪਰੰਤੂ ਪਰਮਾਤਮਾ ਜਿਸ ਵਿਚ ਜਾਣਿਆ ਜਾਏ ਉਹੋ ਗਿਆਨੀਆਂ ਨੇ ਵੇਦ ਕਿਹਾ ਹੈ।

ਸਤਿਗੁਰ ਬਾਝੁ ਨ ਬੁਝੀਐ ਜਿਚਰੁ ਧਰੇ ਨ ਪ੍ਰਭੁ ਅਵਤਾਰਾ ।

ਸੱਚੇ ਗੁਰੂ ਦੇ ਬਾਝ ਸਮਝਹੀ ਨਹੀਂ ਪੈਂਦੀ (ਤੇ ਗੁਰੂ ਨਹੀਂ ਲੱਝਦਾ) ਜਦ ਤਕ (ਕਿ ਆਪ) ਗੁਰੂ ਅਵਤਾਰ ਨਾ ਧਾਰੇ।

ਗੁਰ ਪਰਮੇਸਰੁ ਇਕੁ ਹੈ ਸਚਾ ਸਾਹੁ ਜਗਤੁ ਵਣਜਾਰਾ ।

ਗੁਰ ਪਰਮੇਸ਼ਰ ਇਕ ਹੀ ਰੂਪ ਹੈ, (ਗੁਰੂ ਹੀ) ਸੱਚਾ ਸ਼ਾਹ ਹੈ ਤੇ ਜਗਤ ਵਣਜਾਰਾ ਹੈ।

ਚੜੇ ਸੂਰ ਮਿਟਿ ਜਾਇ ਅੰਧਾਰਾ ।੧੭।

(ਜਿੱਕੁਰ) ਸੂਰਜ ਉਦਯ ਹੋਵੇ ਤਾਂ ਹਨੇਰਾ ਮਿਟ ਜਾਂਦਾ ਹੈ, (ਤਿਵੇਂ ਗੁਰੂ ਦੇ ਪ੍ਰਗਟਿਆਂ ਅਗਯਾਨ ਦਾ ਹਨੇਰਾ ਮਿਟ ਜਾਂਦਾ ਹੈ)।

ਕਲਿਜੁਗਿ ਬੋਧੁ ਅਉਤਾਰੁ ਹੈ ਬੋਧੁ ਅਬੋਧੁ ਨ ਦ੍ਰਿਸਟੀ ਆਵੈ ।

ਕਲਿਜੁਗ (ਵਿਖੇ) ਬੋਧ ਅਵਤਾਰ ਹੋਇਆ ਪਰ ਗਿਆਨ ਅਗਯਾਨ (ਤੋਂ ਨਿਰਨੇ ਹੋਇਆ ਕਿਤੇ) ਨਹੀਂ ਦਿੱਸਦਾ।

ਕੋਇ ਨ ਕਿਸੈ ਵਰਜਈ ਸੋਈ ਕਰੇ ਜੋਈ ਮਨਿ ਭਾਵੈ ।

ਕੋਈ ਕਿਸੇ ਨੂੰ ਮਨ੍ਹੇਂ ਨਹੀਂ ਕਰਦਾ (ਤੇ ਹਰ ਕੋਈ) ਉਹੋ ਕਰਦਾ ਹੈ ਜੋ ਮਨ ਨੂੰ ਚੰਗਾ ਲੱਗੇ, (ਭਾਵ ਗਿਆਨਵਾਨ ਤਾਂ ਰਜ਼ਾ ਤੇ ਚਲਦੇ ਹਨ, ਤੇ ਇਹ ਲੋਕ ਮਨ ਦੀ ਮਤ ਦੇ ਮਗਰ ਤੁਰਦੇ ਹਨ)।

ਕਿਸੇ ਪੁਜਾਈ ਸਿਲਾ ਸੁੰਨਿ ਕੋਈ ਗੋਰੀ ਮੜ੍ਹੀ ਪੁਜਾਵੈ ।

ਕਿਸੇ ਨੇ ਜੜ੍ਹ, ਸ਼ਿਲਾ ਪੁਜਾਈ, ਕਿਸੀ ਕਬਰ ਤੇ ਮੜ੍ਹੀ (ਆਪਣੀ) ਪੁਜਾਈ। (ਬੁੱਧ ਜੀ ਦੀਆ ਮੂਰਤਾਂ, ਦੰਦ, ਮਠ ਆਦਿ ਪੂਜੇ ਜਾਂਦੇ ਹਨ)।

ਤੰਤ੍ਰ ਮੰਤ੍ਰ ਪਾਖੰਡ ਕਰਿ ਕਲਹਿ ਕ੍ਰੋਧ ਬਹੁ ਵਾਦਿ ਵਧਾਵੈ ।

(ਕਈ) ਮੰਤ੍ਰ ਤਵੀਤ ਤੇ ਪਖੰਡ ਕਰਨ ਲੱਗੇ; ਝਗੜਾ, ਗੁੱਸਾ, ਤੇ ਵਿਤੰਡਾਵਾਦ ਵਧ ਗਿਆ (ਬੋਧੀ ਲੋਗ ਐਸੇ ਵਹਿਮਾਂ ਵਿਚ ਹੁਣ ਵੀ ਪ੍ਰਵਿਰਤ ਹਨ)।

ਆਪੋ ਧਾਪੀ ਹੋਇ ਕੈ ਨਿਆਰੇ ਨਿਆਰੇ ਧਰਮ ਚਲਾਵੈ ।

ਆਪੋ ਧਾਪੀ ਹੋਕੇ ਅੱਡੋ ਅੱਡ ਧਰਮ ਤੋਰੇ ਜਾ ਰਹੇ ਹਨ (ਬੋਧ ਤੋਂ ਛੁਟ ਅਨੇਕਾਂ ਮਤ ਜਾਰੀ ਹਨ)।

ਕੋਈ ਪੂਜੇ ਚੰਦੁ ਸੂਰੁ ਕੋਈ ਧਰਤਿ ਅਕਾਸੁ ਮਨਾਵੈ ।

ਕੋਈ ਚੰਦਰਮਾਂ ਕੋਈ ਸੂਰਜ ਹੀ ਪੂਜਣ ਲੱਗ ਪਿਆ, ਕੋਈ ਧਰਤੀ ਤੇ ਅਕਾਸ਼ (ਸੰਬੰਧੀ ਦੇਵਤੇ) ਮਨਾਉਣ ਲਗੇ (ਦਿੱਤ ਨਾਥ, ਅਦਿੱਤ ਨਾਥ, ਸੰਭਵ ਨਾਥ, ਪਾਰਸ ਤੇ ਅਰਹੰਤ ਆਦਿ ਚੌਵੀ ਅਵਤਾਰ ਹੋਰ ਮੰਨੇ ਗਏ)।

ਪਉਣੁ ਪਾਣੀ ਬੈਸੰਤਰੋ ਧਰਮ ਰਾਜ ਕੋਈ ਤ੍ਰਿਪਤਾਵੈ ।

ਪਉਣ, ਪਾਣੀ, ਅੱਗ ਨੂੰ ਤੇ ਕੋਈ ਧਰਮਰਾਜ ਨੂੰ ਹੀ ਪ੍ਰਸੰਨ ਕਰਨ ਲੱਗਾ।

ਫੋਕਟਿ ਧਰਮੀ ਭਰਮਿ ਭੁਲਾਵੈ ।੧੮।

ਫੋਕੇ ਧਰਮੀ ਭਰਮ ਵਿਚ ਹੀ ਭੁੱਲ ਗਏ।

ਭਈ ਗਿਲਾਨਿ ਜਗਤ੍ਰਿ ਵਿਚਿ ਚਾਰਿ ਵਰਨਿ ਆਸ੍ਰਮ ਉਪਾਏ ।

ਜਗਤ ਵਿਖੇ (ਵਡ) ਗਿਲਾਨੀ ਉੱਠੀ, (ਇਕ ਦੂਜੇ ਥੋਂ ਨੱਕ ਵੱਟਣ ਲੱਗੇ) ਚਾਰ ਵਰਣ (ਖੱਤਰੀ, ਬ੍ਰਾਹਮਣ, ਵੈਸ਼, ਸ਼ੂਦਰ ਤੇ ਚਾਰ) ਆਸ਼੍ਰਮ (ਗ੍ਰਿਹਸਤੀ, ਬਾਨਪ੍ਰਸਤੀ, ਬ੍ਰਹਮਚਾਰੀ, ਸੰਨਯਾਸੀ) ਉਤਪਤ ਹੋ ਗਏ।

ਦਸਿ ਨਾਮਿ ਸੰਨਿਆਸੀਆ ਜੋਗੀ ਬਾਰਹ ਪੰਥਿ ਚਲਾਏ ।

ਸੰਨਯਾਸੀਆਂ ਨੇ ਦਸ ਨਾਮ (ਗਿਰੀ, ਪੁਰੀ, ਭਾਰਤੀ, ਸਰੱਸ੍ਵਤੀ, ਦੰਡੀ, ਆਰਣਯ, ਆਦਿ) ਤੇ ਜੋਗੀਆਂ ਨੇ ਬਾਰਾਂ ਪੰਥ ਚਲਾ ਦਿੱਤੇ।

ਜੰਗਮ ਅਤੇ ਸਰੇਵੜੇ ਦਗੇ ਦਿਗੰਬਰਿ ਵਾਦਿ ਕਰਾਏ ।

ਜੰਗਮ, ਸਰੇਵੜੇ, ਤੇ ਦਿਗੰਬਰਾਂ (ਜੈਨੀਆ) ਨੇ (ਦਗੇ=) ਦੰਗੇ ਤੇ ਵਾਦ ਰਚਾ ਦਿਤੇ।

ਬ੍ਰਹਮਣਿ ਬਹੁ ਪਰਕਾਰਿ ਕਰਿ ਸਾਸਤ੍ਰਿ ਵੇਦ ਪੁਰਾਣਿ ਲੜਾਏ ।

ਬ੍ਰਾਹਮਣਾਂ ਨੇ ਬਹੁਤ ਪ੍ਰਕਾਰ ਕਰ ਕੇ ਸ਼ਾਸਤ੍ਰ ਵੇਦ ਪੁਰਾਨ (ਆਪੋ ਵਿੱਚ) ਲੜਾਏ (ਭਾਵ ਚਰਚਾਵਾਦ ਕਰ ਕੇ ਦੱਸਣ ਲੱਗੇ, ਸਾਰਗ੍ਰਾਹੀ ਨਾ ਰਹੇ)।

ਖਟੁ ਦਰਸਨ ਬਹੁ ਵੈਰਿ ਕਰਿ ਨਾਲਿ ਛਤੀਸਿ ਪਖੰਡ ਰਲਾਏ ।

ਛੀ ਸ਼ਾਸਤ੍ਰ (ਨਯਾਇ ਵੇਦਾਂਤ ਆਦਿ) ਦਾ (ਆਪੋ ਵਿਚ) ਵਿਵਾਦ ਛਿੜਿਆ ਤੇ ਨਾਲ (ਛਤੀ=) ਨਾਨਾ ਪ੍ਰਕਾਰ ਦੇ ਪਖੰਡ ਰਲਾ ਦਿੱਤੇ।

ਤੰਤ ਮੰਤ ਰਾਸਾਇਣਾ ਕਰਾਮਾਤਿ ਕਾਲਖਿ ਲਪਟਾਏ ।

ਤਵੀਤ ਧਾਗੇ, ਮੰਤ੍ਰ ਰਸੈਣਾਂ ਤੇ ਕਰਾਮਾਂਤਾਂ ਦੀ 'ਕਾਲਖ' ਨਾਲ ਲਿਬੜ ਗਏ।

ਇਕਸਿ ਤੇ ਬਹੁ ਰੂਪਿ ਕਰਿ ਰੂਪਿ ਕੁਰੂਪੀ ਘਣੇ ਦਿਖਾਏ ।

ਇਕ (ਰੂਪ ਥੋਂ) ਬਾਹਲੇ ਰੂਪ ਬਣਾ ਕੇ ਭਲੇ ਬੁਰੇ ਰੂਪ ਦੱਸੇ (ਭਾਵ ਰਾਸਾਂ ਆਦਿ ਪਾਉਣ ਲੱਗੇ)।

ਕਲਿਜੁਗਿ ਅੰਦਰਿ ਭਰਮਿ ਭੁਲਾਏ ।੧੯।

(ਗੱਲ ਕੀ) ਕੁਲਜੁਗ ਵਿਖੇ (ਲੋਕ) ਭਰਮਾਂ ਵਿਚ ਭੁੱਲ ਗਏ।

ਬਹੁ ਵਾਟੀ ਜਗਿ ਚਲੀਆ ਤਬ ਹੀ ਭਏ ਮੁਹੰਮਦਿ ਯਾਰਾ ।

(ਜਦ) ਮੁਹੰਮਦ (ਤੇ ਉਸ ਦੇ ਚਾਰ) ਯਾਰ (ਅਬੂਬਕਰ ਸਦੀਕ, ਉਮਰਫਾਰੂਕ, ਉਸਮਾਨ, ਗ਼ਨੀ, ਹਜ਼ਰਤ ਅਲੀ) ਹੋਏ ਤਦੋਂ (ਏਹਨਾਂ ਦੇ ਮਜ਼ਹਬ ਦੀਆਂ) ਜਗਤ ਵਿਚ ਕਈ (ਵਾਟਾਂ) ਸੜਕਾਂ ਚਲੀਆਂ।

ਕਉਮਿ ਬਹਤਰਿ ਸੰਗਿ ਕਰਿ ਬਹੁ ਬਿਧਿ ਵੈਰੁ ਵਿਰੋਧੁ ਪਸਾਰਾ ।

ਬਹੱਤਰ ਕੌਮਾਂ ਦੀ ਵਡ ਕਰ ਕੇ ਕਈ ਤਰ੍ਹਾਂ ਦਾ ਵੈਰ ਵਿਰੋਧ ਵਧਾ ਦਿੱਤਾ,

ਰੋਜੇ ਈਦ ਨਿਮਾਜਿ ਕਰਿ ਕਰਮੀ ਬੰਦਿ ਕੀਆ ਸੰਸਾਰਾ ।

(ਤੀਹ) ਰੋਜ਼ੇ, (ਦੋ) ਈਦਾਂ, (ਪੰਜ) ਨਿਮਾਜ਼ਾਂ ਬਨਾਕੇ ਕਰਮਾਂ ਵਿਚ ਸੰਸਾਰ ਨੂੰ ਕੈਦ ਕਰ ਦਿੱਤਾ (ਭਾਵ ਭਾਉ ਭਗਤੀ ਦੀ ਥਾਂ ਕੇਵਲ ਫੋਕੇ ਕਰਮ ਹੀ ਰਹਿ ਗਏ)।

ਪੀਰ ਪੈਕੰਬਰਿ ਅਉਲੀਏ ਗਉਸਿ ਕੁਤਬ ਬਹੁ ਭੇਖ ਸਵਾਰਾ ।

ਪੀਰ, ਪਿਕੰਬਰ, ਔਲੀਏ, ਗ਼ਉਂਸ ਤੇ ਕੁਤਬ ਆਦਿਕ ਬਹੁਤੇ ਭੇਖ (ਅਥਵਾ ਦਰਜੇ) ਬਨਾ ਦਿੱਤੇ (ਅਰਥਾਤ ਅਭਿਮਾਨ ਵੜ ਗਿਆ)।

ਠਾਕੁਰ ਦੁਆਰੇ ਢਾਹਿ ਕੈ ਤਿਹਿ ਠਉੜੀ ਮਾਸੀਤਿ ਉਸਾਰਾ ।

ਠਾਕੁਰ ਦੁਆਰੇ ਗਿਰਾ ਤੇ ਓਨ੍ਹੀ ਥਾਈਂ ਮਸਜਿਦਾਂ ਬਣਾ ਦਿੱਤੀਆਂ (ਅਰਥਾਤ ਜ਼ਾਲਮ ਹੋ ਗਏ)।

ਮਾਰਨਿ ਗਊ ਗਰੀਬ ਨੋ ਧਰਤੀ ਉਪਰਿ ਪਾਪੁ ਬਿਥਾਰਾ ।

ਗਊ ਗਰੀਬ ਨੂੰ ਕੋਹਣ ਲੱਗ ਪਏ, ਧਰਤੀ ਪੁਰ ਪਾਪ ਫੈਲ ਗਿਆ (ਅਰਥਾਤ ਅਕ੍ਰਿੱਤਘਣ ਹੋ ਗਏ, ਉਪਕਾਰੀ ਤੇ ਗ਼ਰੀਬ ਜੰਤੂ ਦੇ ਘਾਤਕ ਹੋ ਗਏ)।

ਕਾਫਰਿ ਮੁਲਹਦਿ ਇਰਮਨੀ ਰੂਮੀ ਜੰਗੀ ਦੁਸਮਣਿ ਦਾਰਾ ।

ਕਾਫਰ ਤੇ ਬੇਈਮਾਨ (ਦੇ ਵੈਰ ਭਾਵ ਦੇ ਭੇਦ ਦੀ) ਤੇ ਰੂਮੀ ਆਰਮੀਨੀ (ਆਦਿ ਦੇਸ਼ ਭੇਦ ਕਰਕੇ) ਜੰਗ ਤੇ ਇਸਤ੍ਰੀ ਕਰ ਕੇ ਵੈਰ ਕਰਨਾ (ਏਹ ਕੁਕਰਮ ਪਸਰ ਗਏ)।

ਪਾਪੇ ਦਾ ਵਰਤਿਆ ਵਰਤਾਰਾ ।੨੦।

(ਇਸ ਪ੍ਰਕਾਰ) ਪਾਪ ਦਾ ਵਰਤਾਰਾ ਵਰਤ ਗਿਆ।

ਚਾਰਿ ਵਰਨਿ ਚਾਰਿ ਮਜਹਬਾਂ ਜਗਿ ਵਿਚਿ ਹਿੰਦੂ ਮੁਸਲਮਾਣੇ ।

ਜਗਤ ਵਿਚ ਹਿੰਦੂਆਂ ਦੇ ਚਾਰ ਵਰਣ ਤੇ ਮੁਸਲਮਾਨਾਂ ਦੇ ਚਾਰ ਮਜ਼ਹਬ।

ਖੁਦੀ ਬਖੀਲਿ ਤਕਬਰੀ ਖਿੰਚੋਤਾਣਿ ਕਰੇਨਿ ਧਿਙਾਣੇ ।

(ਏਹ ਸਭੇ) ਖੁਦੀ, ਬਖੀਲੀ, ਹੰਕਾਰ ਤੇ ਖਿੱਚਾ ਖਿੱਚੀ ਅਰ ਧੱਕੇ ਕਰਨ ਲਗ ਪਏ।

ਗੰਗ ਬਨਾਰਸਿ ਹਿੰਦੂਆਂ ਮਕਾ ਕਾਬਾ ਮੁਸਲਮਾਣੇ ।

ਹਿੰਦੂਆਂ, ਗੰਗਾ, ਤੇ ਕਾਂਸ਼ੀ (ਮਿਥ ਲਈ) ਤੇ ਮੱਕਾ ਕਾਬਾ ਮੁਸਲਮਾਨਾਂ (ਪੂਜਾ ਦਾ ਥਾਂ ਮੰਨ ਲੀਤਾ)।

ਸੁੰਨਤਿ ਮੁਸਲਮਾਣ ਦੀ ਤਿਲਕ ਜੰਞੂ ਹਿੰਦੂ ਲੋਭਾਣੇ ।

ਮੁਸਲਮਾਨਾਂ ਦੀ ਸੁੰਨਤ (ਨਿਸ਼ਾਨੀ ਠਹਿਰੀ) ਤੇ ਤਿਲਕ ਜੂੰ ਵਿਖੇ ਹਿੰਦੂ ਪ੍ਰੀਤ ਕਰਨ ਲਗੇ।

ਰਾਮ ਰਹੀਮ ਕਹਾਇਦੇ ਇਕੁ ਨਾਮੁ ਦੁਇ ਰਾਹਿ ਭੁਲਾਣੇ ।

(ਹਿੰਦੂਆਂ ਦਾ) ਰਾਮ (ਤੇ ਮੁਸਲਮਾਨਾਂ ਦਾ) ਰਹੀਮ (ਏਹ) ਨਾਮ (ਜੋ) ਇਕੋ ਹੈ (ਦੋ ਹੋਕੇ ਵੱਖਰੇ) ਸਦੀਣ ਲਗੇ (ਤੇ) ਭੁੱਲ ਨਾਲ ਦੋ (ਅੱਡ ਅੱਡ) ਰਸਤੇ ਬਣਾ ਲਏ।

ਬੇਦ ਕਤੇਬ ਭੁਲਾਇ ਕੈ ਮੋਹੇ ਲਾਲਚ ਦੁਨੀ ਸੈਤਾਣੇ ।

(ਦੋਵੇਂ ਜਣੇ) ਬੇਦਾਂ ਤੇ ਕਤੇਬਾਂ ਨੂੰ ਭੁਲਾ ਕੇ ਸ਼ੈਤਾਨ ਹੋਕੇ ਦੁਨੀਆਂ ਦੇ ਲਾਲਚ ਵਿਖੇ ਫਸ ਗਏ।

ਸਚੁ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਮ੍ਹਣਿ ਮਉਲਾਣੇ ।

ਸੱਚ ਕਿਨਾਰੇ ਹੀ ਰਹਿ ਗਿਆ, ਬ੍ਰਾਹਮਣ ਤੇ ਮੌਲਵੀ ਆਪੋ ਵਿਚੀ (ਕੁੱਕੜਾਂ ਵਾਂਙੂ) ਖਹਿ ਖਹਿ ਮਰਣ ਲਗ ਪਏ।

ਸਿਰੋ ਨ ਮਿਟੇ ਆਵਣਿ ਜਾਣੇ ।੨੧।

ਇਕੁਰ (ਚਉਰਾਸੀ ਦਾ) ਆਵਾਗਉਣ ਕਿਸੇ ਦੇ ਸਿਰੋਂ ਨਾ ਮਿਟਿਆ।

ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਪ੍ਰਭੁ ਆਪੇ ਹੋਆ ।

ਚਹੁੰ ਜੁਗਾਂ ਵਿਖੇ ਚਾਰੇ ਜਾਗੇ, ਪਰਮੇਸ਼ੁਰ ਆਪ ਨਿਆਉਂ ਕਰਨ ਵਾਲਾ ਹੋਇਆ।

ਆਪੇ ਪਟੀ ਕਲਮਿ ਆਪਿ ਆਪੇ ਲਿਖਣਿਹਾਰਾ ਹੋਆ ।

ਪੱਟੀ, ਲਿੱਖਣ ਤੇ ਲਿਖਾਰੀ ਰੂਪ ਬੀ ਆਪ ਹੀ ਬਣਿਆ।

ਬਾਝੁ ਗੁਰੂ ਅੰਧੇਰੁ ਹੈ ਖਹਿ ਖਹਿ ਮਰਦੇ ਬਹੁ ਬਿਧਿ ਲੋਆ ।

(ਕਿਉਂਕਿ) ਗੁਰੂ ਬਾਝ ਹਨੇਰਾ ਹੈ, ਲੋਕ ਬਹੁਤ ਭਾਂਤ ਦੀਆ ਜਿਦਾਂ ਵਿਚ ਹੀ ਲੜ ਲੜ ਕੇ ਮਰ ਜਾਂਦੇ ਹਨ।

ਵਰਤਿਆ ਪਾਪੁ ਜਗਤ੍ਰਿ ਤੇ ਧਉਲੁ ਉਡੀਣਾ ਨਿਸਿ ਦਿਨਿ ਰੋਆ ।

(ਅਤੇ) ਜਗਤ ਪੁਰ ਪਾਪ ਵਰਤ ਰਿਹਾ ਹੈ ਤੇ (ਧਰਮ ਰੂਪੀ) ਧਵਲ ਉਦਾਸ ਹੋ ਕੇ ਰਾਤ ਦਿਨ ਕੁਰਲਾਉਂਦਾ ਹੈ।

ਬਾਝੁ ਦਇਆ ਬਲਹੀਣ ਹੋਉ ਨਿਘਰੁ ਚਲੌ ਰਸਾਤਲਿ ਟੋਆ ।

(ਅਤੇ) ਦਇਆ ਥੋਂ ਬਿਨਾ ਕਮਜ਼ੋਰ ਹੋਕੇ ਪਤਾਲ ਦੇ ਟੋਇਆ ਵਿਖੇ ਨਿੱਘਰਣ ਲੱਗਾ ਹੈ।

ਖੜਾ ਇਕਤੇ ਪੈਰਿ ਤੇ ਪਾਪ ਸੰਗਿ ਬਹੁ ਭਾਰਾ ਹੋਆ ।

ਇਕ ਪੈਰ ਤੇ ਖੜੋਤਾ ਪਾਪਾਂ ਨਾਲ ਭਾਰਾ ਹੋ ਗਿਆ।

ਥਮੇ ਕੋਇ ਨ ਸਾਧੁ ਬਿਨੁ ਸਾਧੁ ਨ ਦਿਸੈ ਜਗਿ ਵਿਚ ਕੋਆ ।

ਸਾਧੂ ਥੋਂ ਬਾਝ (ਉਸ ਨੂੰ) ਕੋਈ ਸਹਾਰਾ ਨਹੀਂ ਦੇ ਸਕਦਾ ਤੇ ਸਾਧ ਜਗਤ ਵਿਚ ਕੋਈ ਨਜ਼ਰ ਨਹੀਂ ਆਉਂਦਾ।

ਧਰਮ ਧਉਲੁ ਪੁਕਾਰੈ ਤਲੈ ਖੜੋਆ ।੨੨।

(ਇਸ ਲਈ) ਧਰਮ (ਰੂਪੀ) ਬੈਲ (ਧਰਤੀ) ਹੇਠ (ਤਲੇ) ਖੜੋ ਕੇ ਹਾਲ ਬਾਹੁੜੀ ਕਰ ਰਿਹਾ ਹੈ।

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ ।

ਦਾਤਾਰ ਈਸ਼ੁਰ ਨੇ (ਧਰਮ ਦੀ) ਪੁਕਾਰ ਸੁਣੀ, ਗੁਰੂ ਨਾਨਕ ਨੂੰ ਜਗਤ ਵਿਖੇ ਭੇਜਿਆ।

ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿਖਾਂ ਪੀਲਾਇਆ ।

(ਗੁਰੂ ਜੀ ਨੇ) ਚਰਨ ਧੋਣ ਦੀ ਰਹੁਰੀਤ ਕਰ ਕੇ ਚਰਣੋਦਕ (ਚਰਣਾਂਮ੍ਰਿਤ) ਸਿੱਖਾਂ ਨੂੰ ਪਿਲਾਯਾ (ਭਾਵ ਨਿੰਮ੍ਰਤਾ ਤੇ ਭਗਤੀ ਸਿਖਲਾਈ)।

ਪਾਰਬ੍ਰਹਮੁ ਪੂਰਨ ਬ੍ਰਹਮੁ ਕਲਿਜੁਗਿ ਅੰਦਰਿ ਇਕੁ ਦਿਖਾਇਆ ।

ਪਾਰਬ੍ਰਹਮ ਪੂਰਣ ਪਰਮਾਤਮਾ ਕਲਜੁਗ ਵਿਖੇ 'ਇੱਕ' ਦਿਖਲਾਯਾ (ਭਾਵ ਅਨੇਕ ਪੂਜਾ ਤੋਂ ਕੱਢਕੇ ਏਕਤਾ ਪਰ ਸੰਸਾਰ ਨੂੰ ਦ੍ਰਿੜ੍ਹ ਕੀਤਾ)।

ਚਾਰੇ ਪੈਰ ਧਰਮ ਦੇ ਚਾਰਿ ਵਰਨਿ ਇਕੁ ਵਰਨੁ ਕਰਾਇਆ ।

ਧਰਮ ਦੇ ਚਾਰੇ ਪੈਰ (ਕਾਇਮ ਕੀਤੇ) ਤੇ ਚਾਰ ਵਰਨਾਂ ਨੂੰ ਇੱਕ ਕੀਤਾ (ਭਾਵ ਧਰਮ ਦੇ ਸਾਰੇ ਅੰਗ ਸਿਖਾਏ ਤੇ ਨਾਲ ਹੀ ਸਹੋਦਰਤਾ ਸਿਖਾਈ)।

ਰਾਣਾ ਰੰਕੁ ਬਰਾਬਰੀ ਪੈਰੀ ਪਾਵਣਾ ਜਗਿ ਵਰਤਾਇਆ ।

ਰਾਣਾ ਤੇ ਕੰਗਾਲ ਨੂੰ ਸਮਾਨ ਜਾਣਨਾ ਤੇ ਪੈਰੀ ਪੈਣਾਂ (ਨਿੰਮ੍ਰਤਾ ਦਾ ਗੁਣ) ਜੱਗ ਵਿਖੇ ਚਲਾਇਆ (ਭਾਵ ਧਰਮ-ਭਾਵ ਵਿਚ ਗ਼ਰੀਬੀ ਅਮੀਰੀ ਦੀ ਵਿੱਥ ਮੇਟਕੇ ਸਹੋਦਰਤਾ ਭਾਵ ਸਿਖਾਯਾ ਤੇ ਨਿੰਮ੍ਰਤਾ ਸਿਖਾਈ)।

ਉਲਟਾ ਖੇਲੁ ਪਿਰੰਮ ਦਾ ਪੈਰਾ ਉਪਰਿ ਸੀਸੁ ਨਿਵਾਇਆ ।

ਪਰਮੇਸ਼ੁਰ ਦਾ ਉਲਟਾ ਕੌਤਕ ਦੇਖੋ: ਪੈਰਾਂ ਉਤੇ ਸਿਰ ਨੂੰ ਝੁਕਾ ਦਿੱਤਾ (ਭਾਵ ਲੋਕਾਂ ਨੂੰ ਨੀਉਂਣ ਦੀ ਮੱਤ ਸਿਖਾਈ, ਜਿਕਰੁ ਉੱਚਾ ਸਿਰ ਹੈ ਪਰ ਉਸ ਨੂੰ ਪੈਰਾਂ ਤੇ ਨਿਵਾ ਦਿੱਤਾ)।

ਕਲਿਜੁਗੁ ਬਾਬੇ ਤਾਰਿਆ ਸਤਿ ਨਾਮੁ ਪੜ੍ਹਿ ਮੰਤ੍ਰੁ ਸੁਣਾਇਆ ।

ਕਲਜੁਗ ਬਾਬੇ ਨੇ ਤਾਰ ਦਿੱਤਾ, ਸਤਿਨਾਮ ਦਾ ਮੰਤ੍ਰ (ਪੜ੍ਹਕੇ) ਸੁਣਾ ਦਿੱਤਾ,

ਕਲਿ ਤਾਰਣਿ ਗੁਰੁ ਨਾਨਕੁ ਆਇਆ ।੨੩।

ਸੋ ਕਲਜੁਗ ਦਾ ਉਧਾਰ ਕਰਨ ਵਾਸਤੇ ਸ੍ਰੀ ਗੁਰੂ ਨਾਨਕ ਜੀ ਆਏ।

ਪਹਿਲਾ ਬਾਬੇ ਪਾਯਾ ਬਖਸੁ ਦਰਿ ਪਿਛੋਦੇ ਫਿਰਿ ਘਾਲਿ ਕਮਾਈ ।

ਗੁਰੂ ਨਾਨਕ ਦੇਵ ਜੀ ਨੇ ਪਹਿਲਾਂ (ਅਕਾਲ ਪੁਰਖ ਦੀ) ਦਰਗਾਹੋਂ ਬਖਸ਼ਿਸ਼ ਪਾਈ, ਪਿਛੋਂ ਫੇਰ ਘਾਲ ਘਾਲੀ (ਭਾਵ ਵਾਹਿਗੁਰੂ ਨੇ ਪਹਿਲੇ ਨਿਵਾਜਕੇ ਥਾਪਿਆ, ਤੇ ਆਪ ਨੇ ਫੇਰ ਪ੍ਰੇਮਾ ਭਗਤੀ ਕੀਤੀ)।

ਰੇਤੁ ਅਕੁ ਆਹਾਰੁ ਕਰਿ ਰੋੜਾ ਕੀ ਗੁਰ ਕੀਆ ਵਿਛਾਈ ।

ਰੇਤ ਤੇ ਅੱਕ ਦਾ ਭੋਜਨ ਕਰਕੇ, ਰੋੜਾਂ ਦਾ ਬਿਸਤਰਾ ਕੀਤਾ (ਪਾਵ ਦੁਖ ਕਲੇਸ਼ਾਂ ਨੂੰ ਸਹਾਰਿਆ)।

ਭਾਰੀ ਕਰੀ ਤਪਸਿਆ ਵਡੇ ਭਾਗਿ ਹਰਿ ਸਿਉ ਬਣਿ ਆਈ ।

ਵਡੀ ਤਪੱਸਿਆ ਕੀਤੀ, ਵਡੇ ਭਾਗਾਂ ਨਾਲ ਵਾਹਿਗੁਰੂ ਨਾਲ ਬਣ ਆਈ (ਭਾਵ ਉਸ ਘਾਲ ਪਰ ਵਾਹਿਗੁਰੂ ਜੀ ਪ੍ਰਸੰਨ ਹੋ ਗਏ)।

ਬਾਬਾ ਪੈਧਾ ਸਚਿ ਖੰਡਿ ਨਉ ਨਿਧਿ ਨਾਮੁ ਗਰੀਬੀ ਪਾਈ ।

ਗੁਰੂ ਬਾਬੇ ਜੀ ਨੂੰ ਸਚਖੰਡ ਵਿਚੋਂ (ਪਤਿ ਦੀ) ਪੁਸ਼ਾਕ ਮਿਲੀ, ਨਵੇਂ ਨਿਧੀਆਂ, ਨਾਮ ਤੇ ਗ਼ਰੀਬੀ (ਨਿੰਮ੍ਰਤਾ) ਪਾਈ (ਭਾਵ ਨਾਮ, ਗ਼ਰੀਬੀ, ਪਤਿ ਤੇ ਨਉਧਾ ਭਗਤੀ ਦੀ ਦਾਤ ਤੇ ਨਿਧੀਆਂ ਮਿਲੀਆਂ)।

ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ ।

(ਹੁਣ ਆਪ) ਬਾਬੇ ਨੇ ਦਿਬ ਦ੍ਰਿਸ਼ਟੀ ਨਾਲ ਦੇਖਿਆ ਤਾਂ ਸਾਰੀ ਪ੍ਰਿਥਵੀ ਸੜਦੀ ਨਜ਼ਰ ਆਈ (ਭਾਵ ਪਾਪਾਂ ਨਾਲ ਪੀੜਤ ਦੇਖੀ ਕਿ)

ਬਾਝੁ ਗੁਰੂ ਗੁਬਾਰੁ ਹੈ ਹੈ ਹੈ ਕਰਦੀ ਸੁਣੀ ਲੁਕਾਈ ।

ਗੁਰੂ ਥੋਂ ਬਾਝ ਵੱਡਾ ਹਨੇਰਾ ਹੋ ਰਿਹਾ ਹੈ (ਤੇ ਨਾਲ ਹੀ) ਲੁਕਾਈ ਹਾਇ ਹਾਇ ਕਰਦੀ ਸੁਣੀ ਗਈ।

ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ ।

ਬਾਬੇ ਨੇ ਸਰੀਰ ਧਾਰਿਆ ਤੇ (ਮਾਯਾ ਤੋਂ) ਉਦਾਸ ਰਹਿਣ ਦੀ ਰੀਤਿ ਤੋਰੀ। (ਅਥਵਾ ਬਾਬੇ ਨੇ ਭੇਖ ਧਾਰਣ ਕੀਤਾ ਤੇ ਉਦਾਸੀ ਦੀ ਰੀਤਿ ਟੋਰੀ। ਭਾਵ ਫਕੀਰੀ ਤਰੀਕਾ ਧਾਰਨ ਕੀਤਾ।)

ਚੜ੍ਹਿਆ ਸੋਧਣਿ ਧਰਤਿ ਲੁਕਾਈ ।੨੪।

(ਹੁਣ) ਧਰਤੀ ਦੇ ਲੋਕਾਂ ਨੂੰ ਸੋਧਣ ਲਈ ਚੜ੍ਹਾਈ ਕਰ ਦਿੱਤੀ।

ਬਾਬਾ ਆਇਆ ਤੀਰਥੈ ਤੀਰਥਿ ਪੁਰਬਿ ਸਭੇ ਫਿਰਿ ਦੇਖੈ ।

ਬਾਬਾ ਤੀਰਥਾਂ ਨੂੰ (ਜਦ) ਆਯਾ, (ਓਥੇ) 'ਤੀਰਥ ਪੁਰਬ' (=ਤੀਰਥਾਂ ਦੇ ਦਿਨ ਦਿਹਾਰਾਂ ਦੇ ਕੁੰਭ ਗ੍ਰਹਣ ਆਦਿ ਮੇਲੇ) ਫਿਰ ਫਿਰਕੇ ਸਾਰੇ ਦੇਖੇ।

ਪੁਰਬਿ ਧਰਮਿ ਬਹੁ ਕਰਮਿ ਕਰਿ ਭਾਉ ਭਗਤਿ ਬਿਨੁ ਕਿਤੈ ਨ ਲੇਖੈ ।

ਪੁਰਬ ਧਰਮ' (=ਪਿਛਲੇ ਧਰਮ) ਤੇ ਕਰਮ ਬਹੁਤ (ਲੋਕ) ਕਰਦੇ ਸਨ, (ਪ੍ਰੰਤੂ) ਪ੍ਰੇਮਾ ਭਗਤੀ ਬਾਝ ਕਿਸੇ ਲੇਖੇ ਨਹੀਂ ਸਨ।

ਭਾਉ ਨ ਬ੍ਰਹਮੈ ਲਿਖਿਆ ਚਾਰਿ ਬੇਦ ਸਿੰਮ੍ਰਿਤਿ ਪੜ੍ਹਿ ਪੇਖੈ ।

ਭਾਉ ਤਾਂ ਬ੍ਰਹਮਾ ਨੇ (ਮਾਨੋ) ਲਿਖਿਆ ਹੀ ਨਹੀਂ, ਚਾਰ ਵੇਦ ਤੇ ਸਿੰਮ੍ਰਤੀਆਂ ਪੜ੍ਹ ਪੜ੍ਹਕੇ (ਬਥੇਰੇ) ਦੇਖੇ (ਧੁਨੀ ਇਹ ਕਿ ਪੰਡਤ ਲੋਕ ਵੇਦ ਦਾ ਬਾਹਲਾ ਫਰੋਲਦੇ ਹਨ, ਪਰ ਭਾਉ-ਪ੍ਰੇਮਾ ਭਗਤੀ-ਥੋਂ ਸੁੱਕੇ ਹਨ)।

ਢੂੰਡੀ ਸਗਲੀ ਪ੍ਰਿਥਵੀ ਸਤਿਜੁਗਿ ਆਦਿ ਦੁਆਪਰਿ ਤ੍ਰੇਤੈ ।

ਸਾਰੀ ਪ੍ਰਿਥਵੀ ਢੂੰਡੀ ਅਤੇ ਸਤਿਜੁਗ, ਦੁਆਪਰ, ਤ੍ਰੇਤੇ (ਤਿੰਨਾਂ ਹੀ ਜੁਗਾਂ) ਵਿਖੇ (ਲਿਖੇ ਹਾਲਾਤ ਪੜਤਾਲੇ)।

ਕਲਿਜੁਗਿ ਧੁੰਧੂਕਾਰੁ ਹੈ ਭਰਮਿ ਭੁਲਾਈ ਬਹੁ ਬਿਧਿ ਭੇਖੈ ।

(ਤੇ) ਕਲਜੁਗ ਵਿਖੇ (ਬੀ ਸਹੀ ਕੀਤਾ ਕਿ) ਧੁੰਧੂਕਾਰ ਹੈ, (ਸਗੋਂ ਭੇਖਾਂ ਨੇ (ਹੋਰ) ਭਰਮ ਵਿਚ (ਦੁਨੀਆਂ) ਬਹੁਤ ਤਰ੍ਹਾਂ ਭੁਲਾ ਛੱਡੀ ਹੈ।

ਭੇਖੀ ਪ੍ਰਭੂ ਨ ਪਾਈਐ ਆਪੁ ਗਵਾਏ ਰੂਪ ਨ ਰੇਖੈ ।

ਭੇਖਾਂ ਨਾਲ ਈਸ਼੍ਵਰ ਦੀ ਪ੍ਰਾਪਤ ਨਹੀਂ ਹੁੰਦੀ, ਆਪ ਗਵਾਏ (ਤਾਂ ਫੇਰ ਕੋਈ) ਰੂਪ ਰੇਖ (ਚਿਹਨ ਚੱਕ੍ਰ) ਨਹੀਂ ਹੈ, (ਭਾਵ ਆਪਾ ਭਾਵ ਵਿਚ ਹੀ ਭੇਖ ਹਨ। ਭੇਖਾਂ ਦਾ ਕਰਨ ਭੀ ਹਉਮੈ ਹੀ ਹੈ)। Ḥਹਉਮੈ ਦੂਰ ਕਰੇ ਤਾਂ ਫਿਰ ਭੇਖ ਚਿਹਨ ਚਕ੍ਰ ਰੂਪ ਰੇਖ ਦੀ ਲੋੜ ਨਹੀਂ ਹੈ।Ḧ

ਗੁਰਮੁਖਿ ਵਰਨੁ ਅਵਰਨੁ ਹੋਇ ਨਿਵਿ ਚਲਣਾ ਗੁਰਸਿਖਿ ਵਿਸੇਖੈ ।

ਗੁਰਮੁਖ ਵਰਣ ਹੋਵੇ ਭਾਵੇਂ ਅਵਰਣ (ਨੀਚ ਜਾਤ ਦਾ ਹੋਵੇ ਭਾਵੇਂ ਊਚ ਜਾਤੀ ਹੋਵੇ) ਨਿਵਕੇ ਚੱਲੇ (ਕਿਉਂਕਿ ਨਿਉਂਕੇ ਚਲਣਾ) ਗੁਰ ਸਿੱਖੀ ਦੀ ਵਡਿਆਈ ਹੈ।

ਤਾ ਕਿਛੁ ਘਾਲਿ ਪਵੈ ਦਰਿ ਲੇਖੈ ।੨੫।

ਤਦ ਹੀ ਕਮਾਈ ਕੁਛ (ਵਾਹਿਗੁਰੂ ਦੇ) ਦਰ ਪੁਰ ਲੇਖੇ ਪਵੇਗੀ।

ਜਤੀ ਸਤੀ ਚਿਰੁਜੀਵਣੇ ਸਾਧਿਕ ਸਿਧ ਨਾਥ ਗੁਰੁ ਚੇਲੇ ।

ਜਤੀ, ਸਤੀ, ਚਿਰੰਜੀਵੀ, ਸਾਧਨਾ ਕਰਨਾਹਾਰੇ, ਸਿੱਧ (ਸਿੱਧੀਆਂ ਦੱਸਣ ਵਾਲੇ, ਜੈਨੀਆਂ ਦੇ ਵਡੇ ਬੀ 'ਸਿਧ' ਅਖਵਾਉਂਦੇ ਹਨ।) ਨਾਥ (=ਕਨ ਪਾਟੇ ਜੋਗੀ) ਗੁਰੂ ਤੇ ਚੇਲੇ।

ਦੇਵੀ ਦੇਵ ਰਿਖੀਸੁਰਾ ਭੈਰਉ ਖੇਤ੍ਰਪਾਲਿ ਬਹੁ ਮੇਲੇ ।

ਦੇਵੀ, ਦੇਵਤੇ, ਰਿਖੀਸ਼ੁਰ, ਖੇਤਰ ਪਾਲ (ਨਾਮਾ, ਭੈਰਵ ਆਦਿ) ਬਾਹਲੇ (ਲੋਕਾਂ ਨੇ ਪੂਜਯ ਜਾਣਕੇ) ਕੱਠੇ ਕਰ (ਰੱਖੇ ਹਨ)।

ਗਣ ਗੰਧਰਬ ਅਪਸਰਾ ਕਿੰਨਰ ਜਖ ਚਲਿਤਿ ਬਹੁ ਖੇਲੇ ।

ਗਣ (ਨੰਦੀ ਗਣ, ਆਦਿ ਸ਼ਿਵਜੀ ਦੇ ਗਣ) ਗੰਧਰਬ, ਅਪੱਸਰਾਂ (=ਪਰੀਆਂ), ਕਿੰਨਰ, ਯੱਖ ਬਾਹਲੇ ਚਲਿੱਤ੍ਰਾਂ ਦੇ ਖੇਲਣ ਹਾਰੇ (ਭਾਵ ਜਾਦੂਗਰ ਆਦਿ)।

ਰਾਕਸਿ ਦਾਨੋ ਦੈਤ ਲਖਿ ਅੰਦਰਿ ਦੂਜਾ ਭਾਉ ਦੁਹੇਲੇ ।

ਰਾਖਸ਼, ਦਾਨਵ (=ਦਨੂ ਦੇ ਪੁਤਰ), ਦੈਂਤ (=ਦਿਤੀ ਦੇ ਪੁਤਰ), ਲੱਖਾਂ ਦੂਜੇ ਭਾਉ ਵਿਚ ਦੁਖੀ ਹੁੰਦੇ ਹਨ, (ਭਾਵ ਇਕ ਨੂੰ ਛੱਡਕੇ ਦੂਜੇ ਭਾਵ ਵਾਲੇ ਹਨ ਯਾ ਇਹਨਾਂ ਦੇ ਪੁਜਾਰੀ ਵਾਹੁਗਰੂ ਤੋਂ ਭੁੱਲ ਇਨ੍ਹਾਂ ਦੂਜਿਆਂ ਵਿਚ ਭਾਉ ਰੱਖ ਰੱਖ ਰੱਖ ਕੇ ਦੁਖੀ ਹਨ)।

ਹਉਮੈ ਅੰਦਰਿ ਸਭਿ ਕੋ ਡੁਬੇ ਗੁਰੂ ਸਣੇ ਬਹੁ ਚੇਲੇ ।

ਸਾਰੇ ਹਉਮੈ ਵਿਚ ਪਏ ਹਨ, ਗੁਰੁ ਬਹੁਤੇ ਚੇਲਿਆਂ ਸਣੇ (ਆਪ ਵੀ) ਡੁੱਬ ਗਏ ਹਨ।

ਗੁਰਮੁਖਿ ਕੋਈ ਨ ਦਿਸਈ ਢੂੰਡੇ ਤੀਰਥਿ ਜਾਤ੍ਰੀ ਮੇਲੇ ।

ਗੁਰਮੁਖ ਕੋਈ ਦਿੱਸਦਾ ਨਹੀਂ, (ਗੁਰੂ ਜੀ ਨੇ) ਤੀਰਥਾਂ ਦੇ ਮੇਲਿਆਂ ਪਰ ਜਾਤ੍ਰੀ ਖੋਜ ਦੇਖੇ।

ਡਿਠੇ ਹਿੰਦੂ ਤੁਰਕਿ ਸਭਿ ਪੀਰ ਪੈਕੰਬਰਿ ਕਉਮਿ ਕਤੇਲੇ ।

ਹਿੰਦੂ ਢੂੰਡੇ, ਤੁਰਕ (ਦੇਖੇ), ਸਾਰੇ ਪੀਰ, ਪੈਕੰਬਰ (ਆਦਿਕਾਂ ਦੀਆਂ ਰਚੀਆਂ ਹੋਈਆਂ) ਕੌਮ ਕਤੇਲ (ਕਈ ਕੌਮਾਂ ਡਿੱਠੀਆਂ) ਕੌਮ ਕਤੇਲ ਦਾ ਭਾਵ ਕਾਤਲ ਕੌਮਾ ਤੋਂ ਭੀ ਹੋ ਸਕਦਾ ਹੈ, ਜੋ ਤਲਵਾਰ ਦੀ ਧਾਰ ਨਾਲ ਆਪਣਾ ਮਤ ਤੋਰਦੀਆ ਹਨ।

ਅੰਧੀ ਅੰਧੇ ਖੂਹੇ ਠੇਲੇ ।੨੬।

(ਪਰ ਕੀ ਡਿੱਠਾ? ਕਿ) ਅੰਨ੍ਹਿਆਂ ਨੇ ਅੰਨ੍ਹਿਆਂ ਨੂੰ ਖੂਹ ਵਿਚ ਠੇਲ ਦਿੱਤਾ ਹੈ।

ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ ।

ਸਤਿਗੁਰੁ ਨਾਨਕ (ਜਦ) ਪ੍ਰਗਟ ਹੋਏ ਗੁਬਾਰ (ਅਗਯਾਨ ਦਾ) ਦੂਰ ਹੋ ਗਿਆ ਤੇ (ਗਿਆਨ ਦਾ) ਚਾਨਣ ਹੋ ਗਿਆ।

ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ ।

ਜਿੱਕੁਰ ਸੂਰਜ ਦੇ ਚੜ੍ਹਿਆ ਤਾਰੇ ਛਪਦੇ ਤੇ ਹਨੇਰਾ ਨੱਸਦਾ ਹੈ।

ਸਿੰਘੁ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ ।

ਸ਼ੇਰ ਦੇ ਭਬਕਿਆਂ ਹਰਨਾਂ ਦੀ ਡਾਰ ਭੱਜਦੀ ਜਾਂਦੀ ਹੈ ਤੇ ਧੀਰਜ ਨਹੀਂ ਧਰਦੀ (ਇਉਂ ਪਾਪਾਂ ਨੂੰ ਭਾਜੜ ਪੈ ਗਈ)।

ਜਿਥੇ ਬਾਬਾ ਪੈਰੁ ਧਰੇ ਪੂਜਾ ਆਸਣੁ ਥਾਪਣਿ ਸੋਆ ।

ਜਿਥੇ ਬਾਬਾ ਚਰਨ ਰਖਦਾ ਸੀ ਓਥੇ ਪੂਜਾ ਦੇ ਆਸਣ ਦੀ (ਥਾਪਨਾ=) ਗੱਦੀ ਹੋ ਜਾਂਦੀ ਸੀ।

ਸਿਧਾਸਣਿ ਸਭਿ ਜਗਤਿ ਦੇ ਨਾਨਕ ਆਦਿ ਮਤੇ ਜੇ ਕੋਆ ।

ਜਗਤ ਦੇ ਸਾਰੇ ਪ੍ਰਸਿੱਧ ਆਸਣ(=ਅਸਥਾਨ) ਜੇਹੜੇ ਕੋਈ ਸਨ, ਸਭ ਨਾਨਕ ਮਤੇ (=ਗੁਰੂ ਆਸਣ ਪ੍ਰਸਿੱਧ ਹੋ ਗਏ। ਭਾਵ ਜਿੱਕੁਰ ਸਿੱਧਾਂ ਦੇ ਥਾਵਾਂ ਵਿਚ ਨਾਨਕ ਮਤਾ ਗੁਰੂ ਕਾ ਥਾਂ ਬਣ ਗਿਆ, ਇੱਕੁਰ ਥਾਂ ਥਾਂ ਗੁਰਦੁਆਰਾ ਹੋ ਗਿਆ)।

ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ ।

ਘਰ ਘਰ ਵਿਖੇ ਧਰਮਸਾਲਾਂ ਹੋਈਆਂ ਅਰ ਕੀਰਤਨ ਹੋਣ ਲੱਗਾ (ਮਾਨੋ) ਸਦਾ ਵਿਸਾਖੀ ਰਹਿੰਦੀ ਹੈ।

ਬਾਬੇ ਤਾਰੇ ਚਾਰਿ ਚਕਿ ਨਉ ਖੰਡਿ ਪ੍ਰਿਥਵੀ ਸਚਾ ਢੋਆ ।

ਬਾਬੇ ਨੇ ਚਾਰੇ ਦਿਸ਼ਾ ਤਾਰ ਦਿੱਤੀਆਂ, ਨੌਖੰਡ ਪ੍ਰਿਥਵੀ ਵਿਖੇ ਸੱਚ ਦਾ ਮੇਲ ਹੋ ਗਿਆ।

ਗੁਰਮੁਖਿ ਕਲਿ ਵਿਚਿ ਪਰਗਟੁ ਹੋਆ ।੨੭।

ਕਲਿਜੁਗ ਵਿਖੇ ਸ੍ਰੋਮਣੀ ਗੁਰੂ ਪ੍ਰਗਟ ਹੋ ਪਿਆ।

ਬਾਬੇ ਡਿਠੀ ਪਿਰਥਮੀ ਨਵੈ ਖੰਡਿ ਜਿਥੈ ਤਕਿ ਆਹੀ ।

ਬਾਬੇ (ਗੁਰੂ ਨਾਨਕ ਜੀ) ਨੇ ਨੌਂ ਖੰਡਾਂ ਵਾਲੀ ਧਰਤੀ ਜਿਥੋਂ ਤੀਕ ਸੀ ਦੇਖੀ।

ਫਿਰਿ ਜਾਇ ਚੜ੍ਹਿਆ ਸੁਮੇਰ ਪਰਿ ਸਿਧਿ ਮੰਡਲੀ ਦ੍ਰਿਸਟੀ ਆਹੀ ।

ਫਿਰ ਸੁਮੇਰ (ਨਾਮੇ ਪਹਾੜ) ਪਰ ਜਾ ਚੜ੍ਹੇ, (ਉਥੇ) ਸਿੱਧਾਂ ਦੀ (ਮੰਡਲੀ=) ਸਭਾ ਨਜ਼ਰੀਂ ਪਈ।

ਚਉਰਾਸੀਹ ਸਿਧਿ ਗੋਰਖਾਦਿ ਮਨ ਅੰਦਰਿ ਗਣਤੀ ਵਰਤਾਈ ।

(ਉਥੇ) ਗੋਰਖ ਆਦਿ ਚੌਰਾਸੀ ਸਿੱਧ (ਸਨ, ਉਨ੍ਹਾਂ ਦੇ) ਮਨ ਵਿਖੇ ਸੋਚ ਵਰਤ ਗਈ।

ਸਿਧਿ ਪੁਛਣਿ ਸੁਣਿ ਬਾਲਿਆ ਕਉਣੁ ਸਕਤਿ ਤੁਹਿ ਏਥੇ ਲਿਆਈ ।

ਸਿੱਧ ਪੁੱਛਣ ਲੱਗੇ, “ਸੁਣ ਹੇ ਬਾਲੇ! ਤੈਨੂੰ ਇਥੇ ਕਿਹੜੀ ਤਾਕਤ ਲਿਆਈ ਹੈ? “

ਹਉ ਜਪਿਆ ਪਰਮੇਸਰੋ ਭਾਉ ਭਗਤਿ ਸੰਗਿ ਤਾੜੀ ਲਾਈ ।

(ਗੁਰੂ ਜੀ ਬੋਲੇ) “ਮੈਂ ਨਿਰੰਕਾਰ (ਦਾ ਨਾਮ) ਜਪਿਆ ਹੈ, ਪ੍ਰੇਮਾ ਭਗਤੀ ਨਾਲ ਸਮਾਧਿ ਲਾਈ ਹੈ”।

ਆਖਨਿ ਸਿਧਿ ਸੁਣਿ ਬਾਲਿਆ ਆਪਣਾ ਨਾਉ ਤੁਮ ਦੇਹੁ ਬਤਾਈ ।

ਸਿੱਧ ਬੋਲੇ, “ਸੁਣ ਬਾਲੇ! ਤੂੰ ਆਪਣਾ ਨਾਮ (ਤਾਂ ਸਾਨੂੰ) ਦੱਸ ਦੇਹ”।

ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤਿ ਪਾਈ ।

ਬਾਬੇ ਨੇ ਕਿਹਾ, “(ਸੁਣੋ ਹੇ) ਨਾਥ ਜੀ! ਨਾਨਕ (ਮੇਰਾ ਨਾਮ ਹੈ ਤੇ ਵਾਹਿਗੁਰੂ ਦਾ) ਨਾਮ ਜਪਕੇ ਗਤੀ ਪ੍ਰਾਪਤ ਕੀਤੀ ਹੈ”।

ਨੀਚੁ ਕਹਾਇ ਊਚ ਘਰਿ ਆਈ ।੨੮।

ਨੀਚ ਕਹਾਕੇ ਉੱਚੇ ਦਰਜੇ ਵਿਚ ਆਈਦਾ ਹੈ।

ਫਿਰਿ ਪੁਛਣਿ ਸਿਧ ਨਾਨਕਾ ਮਾਤ ਲੋਕ ਵਿਚਿ ਕਿਆ ਵਰਤਾਰਾ ।

(ਤਦ) ਫੇਰ ਸਿੱਧਾਂ ਨੇ ਪੁੱਛਿਆ, “ਹੇ ਨਾਨਕਾ! ਭਾਰਥ ਖੰਡ ਵਿਖੇ ਕੀ ਵਰਤਾਰਾ ਹੈ?”

ਸਭ ਸਿਧੀ ਇਹ ਬੁਝਿਆ ਕਲਿ ਤਾਰਨਿ ਨਾਨਕ ਅਵਤਾਰਾ ।

ਸਾਰੇ ਸਿੱਧਾਂ ਨੇ (ਗੁਰੂ ਜੀ ਦੇ ਕਥਨ ਅਰ ਤੇਜ ਤੋਂ) ਇਹ ਬੁੱਝ ਲਿਆ ਸੀ ਕਿ ਕਲਜੁਗ ਦੇ ਤਾਰਣ ਨੂੰ (ਆਇਆ ਇਹ) ਨਾਨਕ (ਗੁਰ) ਅਵਤਾਰ ਹੋਣਾ ਹੈ।

ਬਾਬੇ ਆਖਿਆ ਨਾਥ ਜੀ ਸਚੁ ਚੰਦ੍ਰਮਾ ਕੂੜੁ ਅੰਧਾਰਾ ।

ਬਾਬੇ ਨੇ ਕਿਹਾ: “ਹੇ ਨਾਥ ਜੀ! ਸੱਚ ਚੰਦ੍ਰਮਾ ਹੈ ਤੇ ਝੂਠ ਹਨ੍ਹੇਰਾ ਹੈ।

ਕੂੜੁ ਅਮਾਵਸਿ ਵਰਤਿਆ ਹਉ ਭਾਲਣਿ ਚੜ੍ਹਿਆ ਸੰਸਾਰਾ ।

ਕੂੜ ਅਮਾਵਸ (ਦੀ ਰਾਤ ਵਾਂਙ) ਵਰਤ ਰਿਹਾ ਹੈ ਮੈਂ ਸੰਸਾਰ ਵਿਖੇ (ਸੱਚ ਨੂੰ) ਲੱਭਣ ਲਈ ਚੜ੍ਹਿਆ ਹਾਂ

ਪਾਪਿ ਗਿਰਾਸੀ ਪਿਰਥਮੀ ਧਉਲੁ ਖੜਾ ਧਰਿ ਹੇਠਿ ਪੁਕਾਰਾ ।

ਪਾਪ ਨੇ ਧਰਤੀ ਗ੍ਰਸ ਲੀਤੀ ਹੈ (ਧਰਮ) ਧਵਲ ਧਰਤੀ ਦੇ ਹੇਠ ਖੜੋਤਾ ਰੋ ਰਿਹਾ ਹੈ।

ਸਿਧ ਛਪਿ ਬੈਠੇ ਪਰਬਤੀ ਕਉਣ ਜਗਤਿ ਕਉ ਪਾਰਿ ਉਤਾਰਾ ।

ਸਿੱਧ ਤਾਂ ਪਹਾੜਾਂ ਵਿਖੇ ਲੁਕ ਬੈਠੇ ਹਨ, ਜਗਤ ਦੀ ਮੁਕਤ ਕੌਣ ਕਰੇ?।

ਜੋਗੀ ਗਿਆਨ ਵਿਹੂਣਿਆ ਨਿਸ ਦਿਨਿ ਅੰਗਿ ਲਗਾਏ ਛਾਰਾ ।

ਜੋਗੀ ਲੋਕ ਗਿਆਨ ਥੋਂ ਖਾਲੀ ਰਾਤ ਦਿਨ ਸਰੀਰ ਪੁਰ ਸਵਾਹ ਮਲ ਛੱਡਦੇ ਹਨ। (ਭਾਵ ਉਹ ਜੋਗੀ ਜੋ ਦੇਸ਼ ਵਿਚ ਫਿਰ ਰਹੇ ਹਨ।)

ਬਾਝੁ ਗੁਰੂ ਡੁਬਾ ਜਗੁ ਸਾਰਾ ।੨੯।

ਗੁਰੂ ਥੋਂ ਬਿਨਾਂ ਸਾਰਾ ਜਗਤ ਡੁੱਬ ਰਿਹਾ ਹੈ। “

ਕਲਿ ਆਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ ਗੁਸਾਈ ।

ਹੇ ਗੁਸਾਈਂ! ਕਲਜੁਗ (ਦੀ ਸ੍ਰਿਸ਼ਟੀ) ਕੁੱਤੇ ਮੂੰਹੀਂ ਹੋ ਗਈ ਹੈ (ਹੱਕ ਬੇਹੱਕ ਨਹੀਂ ਦੇਖਦੀ) ਤੇ ਖਾਣਾ (ਇਸਦਾ) ਮੁਰਦਿਆਂ ਦਾ ਮਾਸ (=ਅਣਹੱਕ) ਹੋ ਗਿਆ ਹੈ।

ਰਾਜੇ ਪਾਪੁ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ ।

ਰਾਜੇ ਪਾਪ ਕਰਦੇ ਹਨ, ਵਾੜ (ਜਿਹੜੀ ਖੇਤ ਦੀ ਰਾਖੀ ਸੀ) ਉਲਟਾ ਖੇਤ ਨੂੰ ਖਾਂਦੀ ਹੈ।

ਪਰਜਾ ਅੰਧੀ ਗਿਆਨ ਬਿਨੁ ਕੂੜ ਕੁਸਤੁ ਮੁਖਹੁ ਆਲਾਈ ।

ਪਰਜਾ ਗਿਆਨ ਬਾਝ ਅੰਨ੍ਹੀ ਹੋ ਰਹੀ ਹੈ ਤੇ ਕੂੜ ਕੁਧਰਮ ਮੂੰਹੋਂ ਬੋਲਦੀ ਹੈ।

ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ ।

ਚੇਲੇ (ਛੈਣੇ ਆਦ) ਸਾਜ਼ ਵਜਾਉਂਦੇ ਹਨ ਤੇ ਗੁਰੂ ਬਹੁਤ ਤਰ੍ਹਾਂ ਨਾਲ ਨੱਚਦੇ ਹਨ ਹੇ ਭਾਈ!

ਚੇਲੇ ਬੈਠਨਿ ਘਰਾਂ ਵਿਚਿ ਗੁਰਿ ਉਠਿ ਘਰੀਂ ਤਿਨਾੜੇ ਜਾਈ ।

ਸੇਵਕ ਘਰਾਂ ਵਿਖੇ ਬੈਠੇ ਰਹਿੰਦੇ ਹਨ, ਗੁਰੂ ਉੱਠਕੇ ਉਨ੍ਹਾਂ ਦੇ ਘਰੀਂ ਜਾਂਦੇ ਹਨ।

ਕਾਜੀ ਹੋਏ ਰਿਸਵਤੀ ਵਢੀ ਲੈ ਕੈ ਹਕੁ ਗਵਾਈ ।

ਕਾਜ਼ੀ ਵੱਢੀ ਖੋਰੇ ਹੋ ਗਏ ਹਨ, ਵੱਢੀ ਲੈ ਕੇ (ਪਰਾਇਆ) ਹੱਕ ਗਵਾ ਦਿੰਦੇ ਹਨ।

ਇਸਤ੍ਰੀ ਪੁਰਖੈ ਦਾਮਿ ਹਿਤੁ ਭਾਵੈ ਆਇ ਕਿਥਾਊਂ ਜਾਈ ।

ਇਸਤ੍ਰੀ ਦਾ ਭਰਤੇ ਨਾਲ ਦਾਮ ਹਿਤ (=ਪੈਸੇ ਦਾ ਪਯਾਰ) ਹੋ ਗਿਆ ਹੈ, (ਥਾਂ ਕੁਥਾਂ) ਭਾਵੇਂ ਕਿਤੇ ਜਾਵੇ ਆਵੇ।

ਵਰਤਿਆ ਪਾਪੁ ਸਭਸਿ ਜਗਿ ਮਾਂਹੀ ।੩੦।

ਸਾਰੇ ਜੱਗ ਵਿਚ ਪਾਪ ਦਾ ਵਰਤਾਰਾ ਹੋ ਰਿਹਾ ਹੈ।

ਸਿਧੀਂ ਮਨੇ ਬੀਚਾਰਿਆ ਕਿਵੈ ਦਰਸਨੁ ਏ ਲੇਵੈ ਬਾਲਾ ।

ਸਿੱਧਾਂ ਨੇ ਮਨ ਵਿਖੇ ਸੋਚ ਕੀਤੀ ਕਿ ਕਿਸੇ ਤਰ੍ਹਾਂ ਇਹ ਬਾਲਕਾ (ਜੋਗੀ) ਭੇਖ ਲਵੇ।

ਐਸਾ ਜੋਗੀ ਕਲੀ ਮਹਿ ਹਮਰੇ ਪੰਥੁ ਕਰੇ ਉਜਿਆਲਾ ।

(ਕਿਉਂ ਜੋ) ਅਜਿਹਾ ਜੋਗੀ ਕਲੀ ਵਿਖੇ ਸਾਡੇ ਪੰਥ ਨੂੰ ਰੌਸ਼ਨ ਕਰ ਦੇਵੇਗਾ।

ਖਪਰੁ ਦਿਤਾ ਨਾਥ ਜੀ ਪਾਣੀ ਭਰਿ ਲੈਵਣਿ ਉਠਿ ਚਾਲਾ ।

(ਤਦ) ਨਾਥ ਨੇ ਚਿੱਪੀ ਦਿੱਤੀ, ਪਾਣੀ ਭਰਣ ਲਈ (ਬਾਬਾ) ਉੱਠ ਤੁਰਿਆ।

ਬਾਬਾ ਆਇਆ ਪਾਣੀਐ ਡਿਠੇ ਰਤਨ ਜਵਾਹਰ ਲਾਲਾ ।

(ਜਦ) ਬਾਬਾ ਪਾਣੀ ਕੋਲ ਆਇਆ (ਅੱਗੋਂ) ਰਤਨ ਜਵਾਹਰ ਤੇ ਮਾਣਕ ਡਿੱਠੇ।

ਸਤਿਗੁਰ ਅਗਮ ਅਗਾਧਿ ਪੁਰਖੁ ਕੇਹੜਾ ਝਲੇ ਗੁਰੂ ਦੀ ਝਾਲਾ ।

ਸਤਿਗੁਰੂ ਵੱਡੇ ਅਗਮ ਤੇ ਪੂਰਣ ਪੁਰਖ (ਸਨ, ਉਸ) ਗੁਰੂ ਦੀ ਝਾਲ ਕੌਣ ਝੱਲੇ?

ਫਿਰਿ ਆਇਆ ਗੁਰ ਨਾਥ ਜੀ ਪਾਣੀ ਠਉੜ ਨਾਹੀ ਉਸਿ ਤਾਲਾ ।

ਗੁਰੂ (ਬਾਬਾ) ਮੁੜ ਆਇਆ (ਤੇ ਗੋਰਖ ਨੂੰ ਕਿਹਾ:) ਨਾਥ ਜੀ! ਉਸ ਥਾਵੇਂ ਤਾਲ ਵਿਚ ਪਾਣੀ ਨਹੀਂ ਹੈ। (ਭਾਵੇਹ ਕਿ ਨਾਥ ਦਾ ਛਲ ਨਾਥ ਪਰ ਵਿਦਤ ਕਰ ਦਿੱਤਾ)।

ਸਬਦਿ ਜਿਤੀ ਸਿਧਿ ਮੰਡਲੀ ਕੀਤੋਸੁ ਆਪਣਾ ਪੰਥੁ ਨਿਰਾਲਾ ।

(ਗੁਰੂ ਜੀ ਨੇ) ਸਬਦ ਨਾਲ ਸਾਰੀ ਸਿੱਧ ਮੰਡਲੀ ਜਿੱਤ ਲੀਤੀ, ਆਪਣਾ ਪੰਥ ਵੱਖਰਾ ਕੀਤਾ।

ਕਲਿਜੁਗਿ ਨਾਨਕ ਨਾਮੁ ਸੁਖਾਲਾ ।੩੧।

ਕਲਿਜੁਗ ਵਿਖੇ (ਗੁਰੂ) ਨਾਨਕ (ਦਾ ਦੱਸਿਆ ਹੋਇਆ) ਨਾਮ ਹੀ ਸੁੱਖਾਂ ਦਾ ਘਰ ਹੈ।

ਬਾਬਾ ਫਿਰਿ ਮਕੇ ਗਇਆ ਨੀਲ ਬਸਤ੍ਰ ਧਾਰੇ ਬਨਿਵਾਰੀ ।

ਬਾਬਾ ਫੇਰ ਮੱਕੇ ਨੂੰ ਗਿਆ, ਨੀਲੇ ਕਪੜੇ ਪਹਿਨਕੇ (ਮਾਨੋ) 'ਬਨਵਾਰੀ' ਰੂਪ ਧਾਰਕੇ।

ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸਲਾ ਧਾਰੀ ।

ਆਸਾ ਹੱਥ ਵਿਖੇ, ਕਿਤਾਬ ਕੱਛ ਵਿਚ, ਅਸਤਾਵਾ ਤੇ ਬਾਂਗ (ਦੇਣ ਵਾਲਾ ਮੁਸੱਲਾ=) ਆਸਾਣ ਬੀ ਹੈ ਸੀ।

ਬੈਠਾ ਜਾਇ ਮਸੀਤ ਵਿਚਿ ਜਿਥੈ ਹਾਜੀ ਹਜਿ ਗੁਜਾਰੀ ।

ਮਸੀਤ ਵਿਚ ਜਾਕੇ ਬੈਠ ਗਿਆ, ਜਿੱਥੇ ਹਾਜੀਆਂ (=ਮੱਕੇ ਦੇ ਜਾਤ੍ਰੀਆਂ) ਨੇ ਹੱਜ ਕੀਤਾ।

ਜਾ ਬਾਬਾ ਸੁਤਾ ਰਾਤਿ ਨੋ ਵਲਿ ਮਹਰਾਬੇ ਪਾਇ ਪਸਾਰੀ ।

ਜਤ ਰਾਤ ਪਈ ਤਾਂ ਬਾਬਾ ਮੱਕੇ ਦੀ ਵਲ ਲੱਤਾਂ ਪਸਾਰਕੇ ਸੌਂ ਗਿਆ।

ਜੀਵਣਿ ਮਾਰੀ ਲਤਿ ਦੀ ਕੇਹੜਾ ਸੁਤਾ ਕੁਫਰ ਕੁਫਾਰੀ ।

ਜੀਵਣ (ਨਾਮੇ ਮੁੱਲਾਂ ਨੇ ਵੱਟਕੇ) ਲੱਤ ਦੀ (ਚੋਟ) ਮਾਰੀ (ਤੇ ਕਿਹਾ) 'ਕਿਹੜਾ ਨਾਸ਼ੁਕਰਾ ਕਾਫਰ ਇਥੇ ਸੁੱਤਾ ਹੈ?

ਲਤਾ ਵਲਿ ਖੁਦਾਇ ਦੇ ਕਿਉ ਕਰਿ ਪਇਆ ਹੋਇ ਬਜਿਗਾਰੀ ।

ਲਤਾਂ ਖ਼ੁਦਾਂ ਦੀ ਵੱਲ ਕੀਤੀਆਂ ਹਨ, ਕਿਉਂ ਪਾਪੀ ਹੋਕੇ ਲੰਮਾ ਪੈ ਰਿਹਾ ਹੈ'

ਟੰਗੋਂ ਪਕੜਿ ਘਸੀਟਿਆ ਫਿਰਿਆ ਮਕਾ ਕਲਾ ਦਿਖਾਰੀ ।

(ਜਦ ਉਸ ਨੇ) ਟੰਗੋਂ ਫੜਕੇ ਘਸੀਟਿਆ (ਅਜਿਹੀ ਗੁਰੂ ਜੀ ਨੇ) ਸ਼ਕਤੀ ਦਿਖਾਈ ਕਿ ਮੱਕਾ ਬੀ ਫਿਰ ਗਿਆ।

ਹੋਇ ਹੈਰਾਨੁ ਕਰੇਨਿ ਜੁਹਾਰੀ ।੩੨।

ਸਾਰੇ ਅਚਰਜ ਹੋ ਕੇ (ਫਿਰ) ਲੱਗੇ ਨਿਮਸਕਾਰਾਂ ਕਰਨ।

ਪੁਛਨਿ ਗਲ ਈਮਾਨ ਦੀ ਕਾਜੀ ਮੁਲਾਂ ਇਕਠੇ ਹੋਈ ।

ਕਾਜ਼ੀ ਤੇ ਮੁੱਲਾਂ ਇਕੱਠੇ ਹੋਕੇ ਮਜ਼ਹਬ ਦੀ ਗੱਲ ਪੁੱਛਣ ਲਗੇ।

ਵਡਾ ਸਾਂਗ ਵਰਤਾਇਆ ਲਖਿ ਨ ਸਕੈ ਕੁਦਰਤਿ ਕੋਈ ।

(ਈਸ਼੍ਵਰ ਨੇ) ਵੱਡਾ (ਸਾਂਗ=) ਪਸਾਰਾ ਵਰਤਾਇਆ ਹੈ, ਉਸ ਦੀ ਮਾਯਾ ਦਾ ਅੰਤ ਨਹੀਂ ਪਾ ਸਕੀਦਾ।

ਪੁਛਨਿ ਖੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ ।

ਕਿਤਾਬਾਂ ਨੂੰ ਫੋਲਕੇ ਪੁੱਛਣ ਲੱਗੇ, “ਹਿੰਦੂ (ਮਜ਼੍ਹਬ) ਵੱਡਾ ਹੈ, ਕਿ ਮੁਸਲਮਾਨੀ”?

ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ ।

ਬਾਬੇ ਨੇ ਹਾਜੀਆਂ ਨੂੰ ਕਿਹਾ: “ਨੇਕ ਅਮਲਾਂ (=ਕਰਣੀ) ਥੋਂ ਬਾਝ ਦੋਵੇਂ ਪਏ ਰੋਂਦੇ ਹਨ।

ਹਿੰਦੂ ਮੁਸਲਮਾਨ ਦੁਇ ਦਰਗਹ ਅੰਦਰਿ ਲਹਨਿ ਨ ਢੋਈ ।

ਹਿੰਦੂ ਅਤੇ ਮੁਸਲਮਾਨ ਦੋਵੇਂ (ਕੇਵਲ ਹਿੰਦੂ ਯਾ ਮੁਸਲਮਾਨ ਹੋਣ ਕਰ ਕੇ ਰੱਬ ਦੀ) ਦਰਗਹ (=ਕਚਹਿਰੀ) ਵਿਚ ਪਨਾਹ ਨਹੀਂ ਲੈਣਗੇ।

ਕਚਾ ਰੰਗੁ ਕੁਸੁੰਭ ਦਾ ਪਾਣੀ ਧੋਤੈ ਥਿਰੁ ਨ ਰਹੋਈ ।

ਕੁਸੰਭੇ ਦਾ ਕੱਚਾ ਰੰਗ ਹੈ ਪਾਣੀ ਨਾਲ ਧੋਤਿਆਂ ਥਿਰਤਾ ਨਹੀਂ ਲੈਂਦਾ (ਭਾਵ ਵੁਤਰ ਜਾਂਦਾ ਹੈ)।

ਕਰਨਿ ਬਖੀਲੀ ਆਪਿ ਵਿਚਿ ਰਾਮ ਰਹੀਮ ਕੁਥਾਇ ਖਲੋਈ ।

ਆਪੋ ਵਿਖੇ (ਲੋਕ) ਈਰਖਾ ਕਰਦੇ ਹਨ, ਰਾਮ ਤੇ ਰਹੀਮ ਇੱਕੋ ਥਾਂ ਖਲੋਤੇ ਹਨ, (ਭਾਵ ਦਰਜਾ ਬਰਾਬਰ ਹੈ)।

ਰਾਹਿ ਸੈਤਾਨੀ ਦੁਨੀਆ ਗੋਈ ।੩੩।

ਸ਼ੈਤਾਨੀ ਰਾਹ (=ਬਦੀ ਦੇ ਰਸਤਿਆਂ) ਵਿਖੇ ਦੁਨੀਆਂ ਭੁੱਲੀ ਪਈ ਫਿਰਦੀ ਹੈ। “

ਧਰੀ ਨੀਸਾਨੀ ਕਉਸਿ ਦੀ ਮਕੇ ਅੰਦਰਿ ਪੂਜ ਕਰਾਈ ।

ਮੱਕੇ ਵਿਚ (ਆਪਣੀ) ਪੂਜਾ ਕਰਵਾਈ ਤੇ ਕੌਂਸ ਦੀ ਨਿਸ਼ਾਨੀ ਧਰੀ (ਅਥਵਾ ਦਿੱਤੀ)।

ਜਿਥੈ ਜਾਇ ਜਗਤਿ ਵਿਚਿ ਬਾਬੇ ਬਾਝੁ ਨ ਖਾਲੀ ਜਾਈ ।

ਜਿੱਥੇ ਜਾਏ ਬਾਬਾ ਜਗਤ ਵਿਖੇ (ਲੋਕਾਂ ਨੂੰ ਤਾਰਦਾ) ਫਿਰੇ, ਕੋਈ ਖਾਲੀ ਥਾਉਂ ਨਾ ਰਹੀ (ਜਿੱਥੇ ਉਪਦੇਸ਼ ਦੀ ਵਰਖਾ ਨਾ ਕੀਤੀ ਹੋਵੇ)।

ਘਰਿ ਘਰਿ ਬਾਬਾ ਪੂਜੀਐ ਹਿੰਦੂ ਮੁਸਲਮਾਨ ਗੁਆਈ ।

ਘਰ ਘਰ ਵਿਚ (ਲੋਕ) ਬਾਬੇ ਨੂੰ ਪੂਜਣ ਲੱਗ ਪਏ, ਹਿੰਦੂ ਮੁਸਲਮਾਨ (ਦਾ ਫਿਰਕੂਪੁਣਾ) ਗੁਆਕੇ

ਛਪੇ ਨਾਹਿ ਛਪਾਇਆ ਚੜਿਆ ਸੂਰਜੁ ਜਗੁ ਰੁਸਨਾਈ ।

ਜਦ ਸੂਰਜ ਜੜ੍ਹਿਆ, ਜਗਤ ਵਿਖੇ ਰੋਸ਼ਨੀ ਹੋ ਗਈ ਹੁਣ (ਕਿਸੇ ਦਾ) ਛਪਾਇਆ ਕਿਵੇਂ ਬੀ ਨਹੀਂ ਛਪਦਾ।

ਬੁਕਿਆ ਸਿੰਘ ਉਜਾੜ ਵਿਚਿ ਸਭਿ ਮਿਰਗਾਵਲਿ ਭੰਨੀ ਜਾਈ ।

ਉਜਾੜ ਵਿਖੇ ਜਦ ਸ਼ੇਰ ਨੇ ਭਬਕ ਮਾਰੀ, ਸਾਰੀ ਹਰਨਾਂ ਦੀ ਡਾਰ ਨੂੰ ਭਾਜੜ ਪੈ ਗਈ।

ਚੜਿਆ ਚੰਦੁ ਨ ਲੁਕਈ ਕਢਿ ਕੁਨਾਲੀ ਜੋਤਿ ਛਪਾਈ ।

ਚੜ੍ਹਿਆ ਚੰਦ ਲੁਕਾਇਆ ਨਹੀਂ ਜਾ ਸਕਦਾ (ਭਲਾ ਜੇ ਕੋਈ) ਕੁਨਾਲੀ ਕੱਢਕੇ (ਉਸਦੀ) ਜੋਤ ਨੂੰ ਛੁਪਾਉਣਾ ਚਾਹੇ ਤਾਂ।

ਉਗਵਣਹੁ ਤੇ ਆਥਵਨੋ ਨਉ ਖੰਡ ਪ੍ਰਿਥਮੀ ਸਭ ਝੁਕਾਈ ।

ਉਦਯ ਅਸਤ ਤੀਕ ਨੌਖੰਡ ਪ੍ਰਿਥਵੀ ਸਾਰੀ (ਆਪਣੇ ਵੱਲ) ਝੁਕਾ ਲਈ।

ਜਗਿ ਅੰਦਰਿ ਕੁਦਰਤਿ ਵਰਤਾਈ ।੩੪।

ਜਗਤ ਵਿਖੇ (ਅਜੇਹੀ) ਸ਼ਕਤੀ ਵਰਤਾ ਦਿੱਤੀ।

ਫਿਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ ।

ਫੇਰ ਬਾਬਾ ਜੀ ਬਗ਼ਦਾਦ ਨੂੰ ਚਲੇ ਗਏ, ਬਾਹਰ ਜਾ ਕੇ ਡੇਰਾ ਲਾਯਾ।

ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ ।

ਇਕ ਬਾਬਾ ਅਕਾਲ ਦਾ ਰੂਪ, ਦੂਜਾ ਰਬਾਬੀ ਮਰਦਾਨਾ (ਨਾਲ ਹੈਸੀ)।

ਦਿਤੀ ਬਾਂਗਿ ਨਿਵਾਜਿ ਕਰਿ ਸੁੰਨਿ ਸਮਾਨਿ ਹੋਆ ਜਹਾਨਾ ।

(ਜਦ ਬਾਬੇ ਨੇ) ਭਜਨ ਬੰਦਗੀ ਕਰ ਕੇ (ਸਤਿਨਾਮ ਦੀ) ਬਾਂਗ ਦਿੱਤੀ ਤਦੋਂ ਜਹਾਨ (ਸੁੰਨ ਸਮਾਨ-) ਚੁੱਪ ਚਾਪ ਹੋ ਗਿਆ (ਸਭ ਦੀ ਅਕਾਲ ਵੱਲ ਤਾੜੀ ਲੱਗ ਗਈ)।

ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ ।

(ਬਗ਼ਦਾਦ) ਨਗਰੀ ਬੀ ਚੁੱਪ ਚਾਪ ਹੋ ਗਈ, ਪੀਰ ਵੇਖਕੇ ਹੱਕਾ ਬੱਕਾ ਰਹਿ ਗਿਆ।

ਵੇਖੈ ਧਿਆਨੁ ਲਗਾਇ ਕਰਿ ਇਕੁ ਫਕੀਰੁ ਵਡਾ ਮਸਤਾਨਾ ।

(ਜਦ) ਧਿਆਨ ਲਾਕੇ ਡਿੱਠਾ (ਤਾਂ ਕੀ ਡਿੱਠਾ) ਕਿ ਫਕੀਰ ਵੱਡਾ ਬੇ-ਪਰਵਾਹ ਹੈ (ਖ਼ੁਦਾ ਬਾਝ ਕਿਸੇ ਦੀ ਖਾਹਸ਼ ਨਹੀਂ ਰੱਖਦਾ)।

ਪੁਛਿਆ ਫਿਰਿ ਕੈ ਦਸਤਗੀਰ ਕਉਣ ਫਕੀਰੁ ਕਿਸ ਕਾ ਘਰਿਆਨਾ ।

ਫੇਰ ਦਸਤਗੀਰ (ਪੀਰ) ਨੇ ਪੁੱਛਿਆ “ਤੂੰ ਕੌਣ ਫਕੀਰ ਹੈਂ ਤੇ ਕਿਹੜੇ ਘਰਾਣੇ ਵਿਚੋਂ ਹੈਂ? “ (ਭਾਵ ਗੁਰੂ ਕੇਹੜਾ ਹੈ ਜਿਸ ਨੇ ਭੇਖ ਦਿੱਤਾ ਹੈ?)

ਨਾਨਕੁ ਕਲਿ ਵਿਚਿ ਆਇਆ ਰਬੁ ਫਕੀਰ ਇਕੋ ਪਹਿਚਾਨਾ ।

(ਮਰਦਾਨੇ ਨੇ ਕਿਹਾ) “(ਇਹੀ) ਨਾਨਕ ਕਲਿਜੁਗ ਵਿਖੇ ਆਇਆ ਹੈ, (ਇਹ) ਰੱਬ (ਦੇ ਭੇਖ ਦਾ) ਫਕੀਰ ਹੈ (ਇਸਨੇ) ਇਕ (ਅਕਾਲ ਪੁਰਖ) ਨੂੰ ਪਛਾਣਿਆਂ ਹੈ।

ਧਰਤਿ ਆਕਾਸ ਚਹੂ ਦਿਸਿ ਜਾਨਾ ।੩੫।

ਧਰਤੀ, ਅਕਾਸ਼, ਚਾਰੋਂ ਦਿਸ਼ਾ (ਪੂਰਬ ਪੱਛਮ, ਉੱਤਰ, ਦੱਖਣ ਸਾਰੇ) ਪ੍ਰਸਿੱਧ ਹੈ। “

ਪੁਛੇ ਪੀਰ ਤਕਰਾਰ ਕਰਿ ਏਹੁ ਫਕੀਰੁ ਵਡਾ ਅਤਾਈ ।

ਤਕਰਾਰ (=ਝਗੜਾ) ਕਰ ਕੇ (ਦਸਤਗੀਰ) ਪੀਰ ਨੇ (ਕਈ ਸੁਆਲ) ਪੁੱਛੇ, (ਜਦ ਨਿਸ਼ਾ ਹੋਈ ਤਾਂ ਜਾਤਾ ਕਿ) ਇਹ ਫਕੀਰ ਵੱਡਾ ਸ਼ਕਤੀਵਾਨ ਹੈ।

ਏਥੇ ਵਿਚਿ ਬਗਦਾਦ ਦੇ ਵਡੀ ਕਰਾਮਾਤਿ ਦਿਖਲਾਈ ।

ਇਥੇ ਬਗ਼ਦਾਦ ਦੇ ਵਿਚ ਇਸ ਨੇ ਵਡੀ ਸ਼ਕਤੀ ਦੱਸੀ ਹੈ।

ਪਾਤਾਲਾ ਆਕਾਸ ਲਖਿ ਓੜਕਿ ਭਾਲੀ ਖਬਰਿ ਸੁਣਾਈ ।

(ਇਹ ਆਖਦਾ ਹੈ ਕਿ) ਲੱਖਾਂ ਹੀ ਪਤਾਲ ਤੇ ਅਕਾਸ਼ ਹਨ, (ਇਹ ਤਾਂ ਇਸ ਨੇ) ਵੱਡੀ ਅਸਚਰਜ ਦੀ ਖਬਰ ਸੁਣਾਈ ਹੈ।

ਫੇਰਿ ਦੁਰਾਇਨ ਦਸਤਗੀਰ ਅਸੀ ਭਿ ਵੇਖਾ ਜੋ ਤੁਹਿ ਪਾਈ ।

ਫੇਰ ਦਸਤਗੀਰ ਦੁਹਰਾਕੇ (ਬੋਲਿਆ) “ਜੇਹੜੀ (ਸ਼ਕਤੀ) ਤੂੰ ਪਾਈ ਹੈ (ਸਾਨੂੰ) ਭੀ (ਦਸੇਂ ਤਾਂ) ਅਸੀਂ ਦੇਖੀਏ”।

ਨਾਲਿ ਲੀਤਾ ਬੇਟਾ ਪੀਰ ਦਾ ਅਖੀ ਮੀਟਿ ਗਇਆ ਹਵਾਈ ।

ਤਦ ਪੀਰ ਦਾ ਪੁਤ੍ਰ ਨਾਲ ਲੈ ਲੀਤਾ ਤੇ ਅੱਖਾਂ ਮੀਟਕੇ (ਗੁਰੂ ਜੀ ਹਵਾਈ=) ਅਕਾਸ਼ ਨੂੰ ਚਲੇ ਗਏ।

ਲਖ ਆਕਾਸ ਪਤਾਲ ਲਖ ਅਖਿ ਫੁਰਕ ਵਿਚਿ ਸਭਿ ਦਿਖਲਾਈ ।

ਇਕ ਅੱਖ ਦੇ ਫੁਰਕਣ ਵਿਚ ਲੱਖਾਂ ਅਕਾਸ਼ ਤੇ ਲੱਖਾਂ ਪਤਾਲ ਸਾਰੇ ਦਿਖਾ ਦਿਤੇ।

ਭਰਿ ਕਚਕੌਲ ਪ੍ਰਸਾਦਿ ਦਾ ਧਰੋ ਪਤਾਲੋ ਲਈ ਕੜਾਹੀ ।

ਇਕ ਕਚਕੌਲ ਭਰਕੇ ਕੜਾਹ ਪ੍ਰਸ਼ਾਦ ਦਾ ਧੁਰੋਂ ਪਾਤਾਲੋਂ ਲੀਤਾ।

ਜਾਹਰ ਕਲਾ ਨ ਛਪੈ ਛਪਾਈ ।੩੬।

ਜ਼ਾਹਰੀ ਕਲਾ ਛਪਾਈ ਹੋਈ ਨਹੀਂ ਛਪਦੀ।

ਗੜ ਬਗਦਾਦੁ ਨਿਵਾਇ ਕੈ ਮਕਾ ਮਦੀਨਾ ਸਭੇ ਨਿਵਾਇਆ ।

ਗੜ੍ਹ ਬਗਦਾਦ ਨੂੰ ਜਿੱਤਕੇ ਮੱਕਾ ਮਦੀਨਾ ਸਾਰਾ (ਪਹਿਲੋਂ) ਨਿੰਮਰੀ ਭੂਤ ਕਰ ਲਿਆ ਸੀ (ਭਾਵ ਉਥੋਂ ਦੇ ਆਦਮੀਆਂ ਨੂੰ ਨਿਵਾਇਆ ਸੀ)।

ਸਿਧ ਚਉਰਾਸੀਹ ਮੰਡਲੀ ਖਟਿ ਦਰਸਨਿ ਪਾਖੰਡਿ ਜਿਣਾਇਆ ।

ਸਿੱਧਾਂ ਦੀਆਂ ਚੌਰਾਸੀ ਮੰਡਲੀਆਂ, ਖਟ ਦਰਸ਼ਨਾਂ ਦੇ ਪਾਖੰਡਾਂ ਨੂੰ ਬੀ ਜਿੱਤ ਆਇਆ।

ਪਾਤਾਲਾ ਆਕਾਸ ਲਖ ਜੀਤੀ ਧਰਤੀ ਜਗਤੁ ਸਬਾਇਆ ।

ਲੱਖਾਂ ਪਾਤਾਲ ਤੇ ਅਕਾਸ਼ ਜਿੱਤ ਲੀਤੇ, ਧਰਤੀ ਪੁਰ ਸਾਰਾ ਜਗਤ ਜਿੱਤ ਲੀਤਾ। (ਸ਼ਬਦ ਦਾ ਚੇਲਾ ਕੀਤਾ)।

ਜੀਤੇ ਨਵ ਖੰਡ ਮੇਦਨੀ ਸਤਿ ਨਾਮੁ ਦਾ ਚਕ੍ਰ ਫਿਰਾਇਆ ।

ਨੌ ਖੰਡ ਧਰਤੀ ਜਿੱਤ ਲਈ (ਭਾਵ ਨੌ ਖੰਡ ਵਿਖੇ) ਸਤਿਨਾਮ ਦਾ ਡੰਕਾ ਵਜਾ ਦਿੱਤਾ।

ਦੇਵ ਦਾਨੋ ਰਾਕਸਿ ਦੈਤ ਸਭ ਚਿਤਿ ਗੁਪਤਿ ਸਭਿ ਚਰਨੀ ਲਾਇਆ ।

ਦੇਵ, ਦਾਨਵ, ਰਾਖਸ਼, ਸਾਰੇ ਦੈਂਤ, ਚਿਤ੍ਰ ਗੁਪਤ ਆਦਿ ਸਾਰੇ ਹੀ ਚਰਨੀਂ ਲਾਏ।

ਇੰਦ੍ਰਾਸਣਿ ਅਪਛਰਾ ਰਾਗ ਰਾਗਨੀ ਮੰਗਲੁ ਗਾਇਆ ।

ਇੰਦ੍ਰ ਦੇ (ਆਸਣ=) ਤਖਤ (ਦੇ ਅੱਗੇ) ਅਪੱਸਰਾਂ ਰੂਪ ਰਾਗਾਂ ਤੇ ਰਾਗਣੀਆਂ ਨੇ (ਗੁਰੂ ਨਾਨਕ ਦੇਵ ਜੀ ਦੇ) ਮੰਗਲਾਂ ਦੀ ਧੁਨੀ ਕੀਤੀ।

ਭਇਆ ਅਨੰਦ ਜਗਤੁ ਵਿਚਿ ਕਲਿ ਤਾਰਨ ਗੁਰੁ ਨਾਨਕੁ ਆਇਆ ।

ਸਾਰੇ ਜਗਤ ਵਿਚ ਆਨੰਦ ਮੰਗਲਾਚਾਰ ਹੋ ਗਿਆ (ਤੇ ਇਹ ਧੁਨਿ ਸਾਰੇ ਪੂਰਤ ਹੋ ਗਈ ਕਿ ਹੁਣ) 'ਕੁਲਜੁਗ ਦੇ ਤਾਰਣ ਲਈ ਗੁਰੂ ਨਾਨਕ ਆ ਗਿਆ ਹੈ। '

ਹਿੰਦੂ ਮੁਸਲਮਾਣਿ ਨਿਵਾਇਆ ।੩੭।

ਹਿੰਦੂ ਮੁਸਲਮਾਨਾਂ (ਗੁਰੂ ਜੀ ਦੇ ਅੱਗੇ) ਮਸਤਕ ਨਿਵਾ ਦਿੱਤਾ।

ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ ।

(ਫੇਰ) ਬਾਬਾ ਜੀ ਨੇ ਕਰਤਾਰਪੁਰ ਵਿਖੇ ਚਰਣ ਪਾਏ ਤੇ ਸਾਰਾ ਉਦਾਸੀ ਭੇਖ (ਸਰੀਰੋਂ) ਲਾਹ ਦਿਤਾ।

ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ ।

ਸੰਸਾਰੀ ਕਪੜੇ ਪਹਿਰ ਲੀਤੇ, ਮੰਜੀ (=ਗੱਦੀ) ਉਪਰ ਬੈਠਕੇ ਅਵਤਾਰ (ਭਾਵ ਬਿਰਾਜਨਾ) ਕੀਤਾ। (ਅ) ਇਉਂ ਬੀ ਅਰਥ ਲਗਦਾ ਹੈ:- (ਲੋਕਾਂ ਦਾ) ਪਾਰ ਉਤਾਰਾ ਕੀਤਾ।

ਉਲਟੀ ਗੰਗ ਵਹਾਈਓਨਿ ਗੁਰ ਅੰਗਦੁ ਸਿਰਿ ਉਪਰਿ ਧਾਰਾ ।

ਗੰਗਾ ਉਲਟੀ ਚਲਾ ਦਿਤੀ, ਅੰਗਦ ਨੂੰ ਸਿਰ ਪੁਰ (ਗੁਰੂ ਕਰਕੇ) ਧਾਰਿਆ ਭਾਵ ਥਾਪਿਆ। (ਮੁਰਾਦ ਹੈ ਕਿ ਗੁਰੂ ਅੰਗਦ ਜੀ ਸਿਖ ਸਨ ਉਨ੍ਹਾਂ ਨੂੰ ਗੁਰੂ ਕਰ ਕੇ ਥਾਪਿਆ, ਆਪੇ ਵੀ ਉਨ੍ਹਾਂ ਅਗੇ ਝੁਕੇ ਤੇ ਸੰਗਤ ਬੀ ਝੁਕਾਈ।)

ਪੁਤਰੀ ਕਉਲੁ ਨ ਪਾਲਿਆ ਮਨਿ ਖੋਟੇ ਆਕੀ ਨਸਿਆਰਾ ।

(ਕਿਉਂ ਜੋ) ਪੁੱਤ੍ਰਾਂ ਨੇ ਬਚਨ ਨੂੰ ਨਾ ਮੰਨਿਆਂ, ਖੋਟੇ ਮਨ ਆਕੀ ਤੇ ਨੱਸਣ ਵਾਲੇ ਹੋ ਗਏ।

ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਾਰਾ ।

(ਕਰਤਾਰਪੁਰ ਵਿਖੇ ਆਪ ਨੇ) ਮੁਖੋਂ ਬਾਣੀ ਦਾ ਉਚਾਰ ਕੀਤਾ (ਕਿ ਇਸ ਦਾ) ਚਾਨਣ ਹੋਵੇ (ਤੇ ਅਵਿੱਦਯਾ ਦਾ) ਅੰਧੇਰਾ ਮਿਟ ਜਾਵੇ।

ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧੁਨਕਾਰਾ ।

ਗਿਆਨ ਗੋਸ਼ਟ ਤੇ (ਸੰਤਾਂ ਦੀਆਂ) ਚਰਚਾ ਸਦਾ ਹੋਣ ਲਗੀਆਂ, ਇਕ ਰਸ ਸ਼ਬਦ ਦੀ ਧੁਨੀ ਹੋਣ ਲੱਗੀ।

ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ ।

(ਸੰਧਯਾ ਨੂੰ) ਸੋਦਰ ਤੇ ਆਰਤੀ ਗਾਂਵੀ ਜਾਏ ਤੇ ਸਵੇਰੇ ਜਪੁਜੀ (ਦੇ ਪਾਠ) ਦਾ ਉਚਾਰ (ਸਿਖ) ਕਰਨ।

ਗੁਰਮੁਖਿ ਭਾਰਿ ਅਥਰਬਣਿ ਤਾਰਾ ।੩੮।

ਗੁਰਮੁਖਾਂ ਨੇ ਅਥਰਬਣ ਵੇਦ ਦਾ ਭਾਰ ਸਿੱਟ ਦਿਤਾ (ਭਾਵ ਗੁਰੂ ਬਾਣੀ ਪੁਰ ਭਰੋਸਾ ਕੀਤਾ)।

ਮੇਲਾ ਸੁਣਿ ਸਿਵਰਾਤਿ ਦਾ ਬਾਬਾ ਅਚਲ ਵਟਾਲੇ ਆਈ ।

ਸ਼ਿਵਰਾਤ ਦਾ ਮੇਲਾ ਸੁਣਕੇ ਬਾਬਾ ਅਚਲ ਵਟਾਲੇ ਆਇਆ।

ਦਰਸਨੁ ਵੇਖਣਿ ਕਾਰਨੇ ਸਗਲੀ ਉਲਟਿ ਪਈ ਲੋਕਾਈ ।

ਦਰਸ਼ਨ ਕਰਨ ਵਾਸਤੇ ਸਾਰੀ ਲੋਕਾਈ ਉਲਟ ਪਈ।

ਲਗੀ ਬਰਸਣਿ ਲਛਮੀ ਰਿਧਿ ਸਿਧਿ ਨਉ ਨਿਧਿ ਸਵਾਈ ।

ਮਾਯਾ ਦੀ ਵਰਖਾ ਹੋਣ ਲਗੀ, ਰਿਧਾਂ ਸਿੱਧਾਂ ਨਵੇਂ ਨਿਧਾਂ (ਦਿਨਂ ਦਿਨ) ਵਧੀਕ ਹੋਣ ਲਗੀਆਂ।

ਜੋਗੀ ਦੇਖਿ ਚਲਿਤ੍ਰ ਨੋ ਮਨ ਵਿਚਿ ਰਿਸਕਿ ਘਨੇਰੀ ਖਾਈ ।

ਜੋਗੀਆਂ ਨੇ (ਇਸ) ਕੌਤਕ ਨੂੰ ਦੇਖਕੇ ਮਨ ਵਿਖੇ ਘਣੀ ਈਰਖਾ ਖਾਧੀ।

ਭਗਤੀਆ ਪਾਈ ਭਗਤਿ ਆਣਿ ਲੋਟਾ ਜੋਗੀ ਲਇਆ ਛਪਾਈ ।

ਰਾਸਧਾਰੀਆਂ ਨੇ ਆਕੇ ਰਾਸ ਪਾਈ, (ਉਨ੍ਹਾਂ ਦਾ) ਲੋਟਾ ਜੋਗੀਆਂ ਨੇ ਛਿਪਾ ਲੀਤਾ (ਕਿ ਸਾਡੇ ਅੱਗੇ ਕਿਉਂ ਨਹੀਂ ਕੀਰਤਨ ਕੀਤਾ?)।

ਭਗਤੀਆ ਗਈ ਭਗਤਿ ਭੁਲਿ ਲੋਟੇ ਅੰਦਰਿ ਸੁਰਤਿ ਭੁਲਾਈ ।

ਭਗਤੀਆਂ ਨੂੰ (ਰੜੀ) ਰਾਸ ਭੁੱਲ ਗਈ, ਲੋਟੇ ਵਿੱਚ ਹੀ ਸੁਰਤ ਜਾ ਲੱਗੀ (ਕਿਉਂ ਜੋ ਉਸੇ ਵਿਚ ਉਗਰਾਹੀ ਦਾ ਰੁਪੱਯਾ ਕੱਠਾ ਕੀਤਾ ਹੋਇਆ ਸੀ)।

ਬਾਬਾ ਜਾਣੀ ਜਾਣ ਪੁਰਖ ਕਢਿਆ ਲੋਟਾ ਜਹਾ ਲੁਕਾਈ ।

ਬਾਬਾ ਅੰਤਰਯਾਮੀ ਪੁਰਖ ਸੀ ਜਿੱਥੇ (ਉਨ੍ਹਾਂ) ਲੋਟਾ ਲੁਕਾਇਆ ਸੀ (ਆਪ ਨੇ) ਕੱਢ ਦਿੱਤਾ।

ਵੇਖਿ ਚਲਿਤ੍ਰਿ ਜੋਗੀ ਖੁਣਿਸਾਈ ।੩੯।

ਜੋਗੀ ਕੌਤਕ ਦੇਖਕੇ (ਹੋਰ ਵਧੇਰੇ) ਖੁਣਸਨ ਲਗ ਪਏ।

ਖਾਧੀ ਖੁਣਸਿ ਜੋਗੀਸਰਾਂ ਗੋਸਟਿ ਕਰਨਿ ਸਭੇ ਉਠਿ ਆਈ ।

ਜੋਗੀ ਈਰਖਾ ਕਰ ਕੇ ਸਾਰੇ ਚਰਚਾ ਕਰਨ ਨੂੰ ਉਠ ਆਏ।

ਪੁਛੇ ਜੋਗੀ ਭੰਗਰਨਾਥੁ ਤੁਹਿ ਦੁਧ ਵਿਚਿ ਕਿਉ ਕਾਂਜੀ ਪਾਈ ।

ਭੰਗਰ ਨਾਥ ਜੋਗੀ ਪੁੱਛਣ ਲੱਗਾ “ਤੂੰ ਦੁੱਧ ਵਿਚ ਕਾਂਜੀ ਕਿਉਂ ਪਾ ਦਿੱਤੀ ਹੈ?।

ਫਿਟਿਆ ਚਾਟਾ ਦੁਧ ਦਾ ਰਿੜਕਿਆ ਮਖਣੁ ਹਥਿ ਨ ਆਈ ।

(ਹੁਣ ਤਾਂ) ਦੁੱਧ ਦਾ ਮਟਕਾ ਫਿੱਟ ਗਿਆ ਹੈ, ਰਿੜਕਣ ਨਾਲ ਮੱਖਣ ਕੀ ਨਿਕਲਣਾ ਹੈ? (ਭਾਵ ਸੰਨਿਆਸ ਦੇ ਚਾਟੇ ਵਿਚ ਸੰਸਾਰੀ ਰੀਤ ਦੀ ਕਾਂਜੀ ਪਾ ਦਿੱਤੀ ਹੈ, ਹੁਣ ਗਿਆਨ ਮੱਖਣ ਨਹੀਂ ਨਿਕਲੂ ਤੇ ਨਾ ਹੀ ਮੁਕਤਿ ਹੋਵੇਗੀ।

ਭੇਖ ਉਤਾਰਿ ਉਦਾਸਿ ਦਾ ਵਤਿ ਕਿਉ ਸੰਸਾਰੀ ਰੀਤਿ ਚਲਾਈਂ ।

ਉਦਾਸੀ ਭੇਖ ਲਾਹਕੇ (ਤੂੰ) ਫਿਰ ਕਿਉਂ ਸੰਸਾਰ ਦੀ ਰੀਤਿ ਚਲਾ ਦਿੱਤੀ ਹੈ? “

ਨਾਨਕ ਆਖੇ ਭੰਗਰਿਨਾਥ ਤੇਰੀ ਮਾਉ ਕੁਚਜੀ ਆਹੀ ।

(ਸ੍ਰੀ ਗੁਰੂ) ਨਾਨਕ ਜੀ ਨੇ ਬਚਨ ਕੀਤਾ 'ਹੇ ਭੰਗਰ ਨਾਥ! ਤੇਰੀ ਮਾਂ ਕੁਚੱਜੀ ਸੀ (ਅਥਵਾ ਤੇਰੀ ਬੁੱਧਿ ਖਰਾਬ ਹੈ)।

ਭਾਂਡਾ ਧੋਇ ਨ ਜਾਤਿਓਨਿ ਭਾਇ ਕੁਚਜੇ ਫੁਲੁ ਸੜਾਈ ।

(ਉਸਨੇ ਰਿਦੇ ਦਾ ਭਾਂਡਾ ਧੋ) ਨਹੀਂ ਜਾਤਾ (ਭੇਖ ਰੂਪੀ) ਕੁਚੱਜੇ ਭਾਉ ਨਾਲ ਦੁੱਧ ਨੂੰ ਸਾੜ ਬੈਠੀ ਹੈ। (ਸਤਰ ੭ ਵਿਚ ਦੱਸਿਆ ਹੈ ਕਿ ਉਹ ਕੁਚਜਾ ਭਾਵ ਕੀ ਹੈ-ਗ੍ਰਿਸਤ ਤੋਂ ਅਤੀਤ ਹੋ ਕੇ ਫੇਰ ਗ੍ਰਿਹਸਤੀਆਂ ਤੋਂ ਮੰਗ ਖਾਣਾ।)

ਹੋਇ ਅਤੀਤੁ ਗ੍ਰਿਹਸਤਿ ਤਜਿ ਫਿਰਿ ਉਨਹੁ ਕੇ ਘਰਿ ਮੰਗਣਿ ਜਾਈ ।

ਵਿਰਕਤ ਹੋਕੇ ਗ੍ਰਿਹਸਤ ਨੂੰ ਛਡ ਕੇ ਫੇਰ ਉਨ੍ਹਾਂ (ਸੰਸਾਰੀਆਂ) ਦੇ ਘਰ ਮੰਗਣ ਚੜ੍ਹ ਪੈਂਦੇ ਹੋ (ਤੇ ਮੂੰਹ ਨਾਲ ਗ੍ਰਿਹਸਤੀਆਂ ਦੀ ਨਿੰਦਾ ਕਰਦੇ ਹੋ)।

ਬਿਨੁ ਦਿਤੇ ਕਛੁ ਹਥਿ ਨ ਆਈ ।੪੦।

(ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ) ਦਿਤੇ ਬਿਨਾਂ (ਕਿਸੇ ਨੂੰ) ਕੁਛ ਨਹੀਂ ਮਿਲਦਾ।

ਇਹਿ ਸੁਣਿ ਬਚਨਿ ਜੋਗੀਸਰਾਂ ਮਾਰਿ ਕਿਲਕ ਬਹੁ ਰੂਇ ਉਠਾਈ ।

(ਬਾਬੇ ਦਾ) ਇਹ ਬਚਨ ਸੁਣਕੇ ਜੋਗੀਆਂ ਨੇ ਭਬਕ ਮਾਰਕੇ ਬਹੁਤ ਰੂਹਾਂ ਉਠਾਈਆਂ (ਭਾਵ ਕਈ ਰੂਪ ਭੂਤ ਪ੍ਰੇਤਾਦਿਕ ਧਾਰ ਲੀਤੇ ਅਤੇ ਕਹਿਣ ਲੱਗੇ)।

ਖਟਿ ਦਰਸਨ ਕਉ ਖੇਦਿਆ ਕਲਿਜੁਗਿ ਨਾਨਕ ਬੇਦੀ ਆਈ ।

ਖਟ ਦਰਸ਼ਨਾਂ ਨੂੰ ਨਾਨਕ ਵੇਦੀ ਨੇ ਕਲਜੁਗ ਵਿਖੇ ਆਕੇ ਨਿਖੇਧ ਦਿਤਾ ਹੈ।

ਸਿਧਿ ਬੋਲਨਿ ਸਭਿ ਅਵਖਧੀਆ ਤੰਤ੍ਰ ਮੰਤ੍ਰ ਕੀ ਧੁਨੋ ਚੜਾਈ ।

ਸਿਧ ਲੋਕ ਮੰਤ੍ਰਾਂ ਤੰਤ੍ਰਾ ਦੀਆਂ (ਧੁਨੀਆਂ=) ਵਾਜਾਂ ਲਾਕੇ ਸਭ ਔਖਧੀਆਂ ਦੱਸਣ।

ਰੂਪ ਵਟਾਏ ਜੋਗੀਆਂ ਸਿੰਘ ਬਾਘਿ ਬਹੁ ਚਲਿਤਿ ਦਿਖਾਈ ।

ਸ਼ੇਰ ਬਘਿਆੜ (ਆਦਿ ਬਣਕੇ) ਜੋਗੀਆਂ ਨੇ ਆਪਣਾ ਰੂਪ ਵਟਾ ਕਈ ਕੌਤਕ ਦੱਸੇ।

ਇਕਿ ਪਰਿ ਕਰਿ ਕੈ ਉਡਰਨਿ ਪੰਖੀ ਜਿਵੈ ਰਹੇ ਲੀਲਾਈ ।

ਇਕ (ਜੋਗੀ) ਖੰਭ ਲਾਕੇ ਉਡਣ ਲਗ ਪਏ, ਜਿਵੇਂ ਪੰਛੀ ਅਕਾਸ਼ ਵਿਚ ਤਾਰੀਆਂ ਲਾਉਂਦੇ ਹਨ।

ਇਕ ਨਾਗ ਹੋਇ ਪਉਣ ਛੋੜਿਆ ਇਕਨਾ ਵਰਖਾ ਅਗਨਿ ਵਸਾਈ ।

ਇਕ ਸਪ ਹੋ ਕੇ ਫੁੰਕਾਰੇ ਮਾਰਨ ਲਗੇ, ਇਕਨਾ ਨੇ ਅਗ ਦੀ ਵਰਖਾ ਹੀ ਕਰਨੀ (ਆਰੰਭ ਦਿਤੀ)।

ਤਾਰੇ ਤੋੜੇ ਭੰਗਰਿਨਾਥ ਇਕ ਚੜਿ ਮਿਰਗਾਨੀ ਜਲੁ ਤਰਿ ਜਾਈ ।

ਭੰਗਰ ਨਾਥ ਤਾਰੇ ਤੋੜਨ ਲਗਾ, ਇਕ ਮਿਰਗਾਣੀਆਂ ਪੁਰ ਚੜਕੇ ਪਾਣੀ (ਉਪਰ) ਤਰਣ ਲਗੇ।

ਸਿਧਾ ਅਗਨਿ ਨ ਬੁਝੈ ਬੁਝਾਈ ।੪੧।

ਸਿਧਾਂ ਦੀ ਅਗ ਬੁਝਾਈ ਹੋਈ ਬੁਝਦੀ ਨਹੀਂ (ਸੀ)।

ਸਿਧਿ ਬੋਲਨਿ ਸੁਣਿ ਨਾਨਕਾ ਤੁਹਿ ਜਗ ਨੋ ਕਿਆ ਕਰਾਮਾਤਿ ਦਿਖਾਈ ।

(ਹੁਣ ਸਿਧ) ਕਹਿਣ ਲੱਗੇ “ਹੇ ਨਾਨਕ ਸੁਣ! ਤੂੰ ਜਗਤ ਨੂੰ (ਕੀ) ਕਰਾਮਾਤ ਦੱਸੀ ਹੈ।

ਕੁਝੁ ਵਿਖਾਲੇਂ ਅਸਾਂ ਨੋ ਤੁਹਿ ਕਿਉਂ ਢਿਲ ਅਵੇਹੀ ਲਾਈ ।

ਕੁਝ ਤਾਂ ਸਾਨੂੰ ਬੀ ਦੱਸ, ਤੂੰ ਇਡੀ ਢਿੱਲ ਕਾਸਨੂੰ ਲਾ ਛੱਡੀ ਹਈ”।

ਬਾਬਾ ਬੋਲੇ ਨਾਥ ਜੀ ਅਸਿ ਵੇਖਣਿ ਜੋਗੀ ਵਸਤੁ ਨ ਕਾਈ ।

ਬਾਬਾ ਜੀ ਬੋਲੇ, “ਹੇ ਨਾਥ ਜੀ! ਸਾਡੇ ਤਾਂ ਵੇਖਣ ਵਿਚ ਜੋਗੀ ਕੋਈ ਵਸਤ ਨਹੀਂ ਹਨ।☬(ਪਾ:-ਅਸਾਂ ਵੇਖੇ।)

ਗੁਰੁ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀ ਹੈ ਰਾਈ ।

ਗੁਰ ਸੰਗਤ ਬਾਣੀ (ਅਰੁ ਵਾਹਿਗੁਰੂ) ਬਿਨਾਂ ਦੂਸਰੀ ਓਟ ਹੋਰ ਰਾਈ ਜਿੰਨੀ ਬੀ ਨਹੀਂ ਹੈ।

ਸਿਵ ਰੂਪੀ ਕਰਤਾ ਪੁਰਖੁ ਚਲੇ ਨਾਹੀ ਧਰਤਿ ਚਲਾਈ ।

ਕਲਯਾਣ ਰੂਪ ਕਰਤਾ ਪੁਰਖ ਹੈ। “ (ਗੁਰੂ ਨਾਨਕ ਜੀ) ਚਲਾਇਮਾਨ ਨਾ ਹੋਏ (ਜਿੱਕੁਰ) ਧਰਤੀ ਹਿਲਾਈ ਹੋਈ ਨਹੀਂ ਹਿਲਦੀ।

ਸਿਧਿ ਤੰਤ੍ਰ ਮੰਤ੍ਰਿ ਕਰਿ ਝੜਿ ਪਏ ਸਬਦਿ ਗੁਰੂ ਕੇ ਕਲਾ ਛਪਾਈ ।

ਸਿਧ ਤੰਤਰ ਮੰਤਰ ਕਰ ਕੇ ਹਾਰ ਗਏ, ਗੁਰੂ ਦੇ ਸ਼ਬਦ ਨੇ (ਉਨ੍ਹਾਂ ਦੀ) ਕਲਾ ਛਿਪਾ ਦਿੱਤੀ।

ਦਦੇ ਦਾਤਾ ਗੁਰੂ ਹੈ ਕਕੇ ਕੀਮਤਿ ਕਿਨੇ ਨ ਪਾਈ ।

ਦੱਦੇ (ਅੱਖਰ ਦਾ ਅਰਥ) ਦਾਤਾ (ਰੂਪ ਆਪ ਹੀ) ਗੁਰੂ ਹੈ, ਕੱਕੇ (ਦਾ ਅਰਥ) ਕੀਮਤ (ਉਸ ਦੀ) ਕਿਸੇ ਨੇ ਨਹੀਂ ਪਾਈ।

ਸੋ ਦੀਨ ਨਾਨਕ ਸਤਿਗੁਰੁ ਸਰਣਾਈ ।੪੨।

(ਫੇਰ) ਓਹ ਦੀਨ ਹੋਕੇ ਸਤਿਗੁਰ ਨਾਨਕ ਦੀ ਸ਼ਰਣੀ ਪੈ ਗਏ (ਅਥਵਾ ਦੱਦੇ ਕੱਕੇ ਵਲੋਂ ਦਿੱਕ ਹੋ ਕੇ ਸ਼ਰਣੀ ਪੈ ਗਏ, ਇਹ ਭੀ ਗਯਾਨੀ ਅਰਥ ਕਰਦੇ ਹਨ)।

ਬਾਬਾ ਬੋਲੇ ਨਾਥ ਜੀ ਸਬਦੁ ਸੁਨਹੁ ਸਚੁ ਮੁਖਹੁ ਅਲਾਈ ।

(ਆਪ ਗੁਰੂ) ਬਾਬਾ ਜੀ ਬੋਲੇ: “ਹੇ ਨਾਥ ਜੀ! (ਮੈਂ) ਮੂੰਹੋਂ ਸਚ ਬਚਨ ਕਹਿੰਦਾ ਹਾਂ (ਆਪ) ਸ਼ਬਦ ਸੁਣੋ।

ਬਾਝੋ ਸਚੇ ਨਾਮ ਦੇ ਹੋਰੁ ਕਰਾਮਾਤਿ ਅਸਾਂ ਤੇ ਨਾਹੀ ।

(ਇਕ ਭਗਵੰਤ ਦੇ) ਸੱਚੇ ਨਾਮ (ਦੀ ਕਰਾਮਾਤ) ਤੋਂ ਬਿਨਾਂ ਹੋਰ (ਨਾਸੀ) ਕਰਾਮਾਤਾਂ ਸਾਡੇ ਪਾਸ ਨਹੀਂ ਹਨ।

ਬਸਤਰਿ ਪਹਿਰੌ ਅਗਨਿ ਕੈ ਬਰਫ ਹਿਮਾਲੇ ਮੰਦਰੁ ਛਾਈ ।

ਕਪੜੇ ਅੱਗ ਦੇ ਪਹਿਨਾਂ, ਹਿਮਾਲੇ ਵਿਚ ਬਰਫ ਦੇ ਮੰਦਰ ਛਾਕੇ (ਜਾ ਰਹਾਂ)

ਕਰੌ ਰਸੋਈ ਸਾਰਿ ਦੀ ਸਗਲੀ ਧਰਤੀ ਨਥਿ ਚਲਾਈ ।

ਰਸੋਈ (ਸਾਰ=) ਲੋਹੇ ਦੀ ਕਰਾਂ ਕਿ ਸਾਰੀ ਧਰਤੀ ਨੂੰ ਨੱਥ ਕੇ ਚਲਾਵਾਂ।

ਏਵਡੁ ਕਰੀ ਵਿਥਾਰਿ ਕਉ ਸਗਲੀ ਧਰਤੀ ਹਕੀ ਜਾਈ ।

ਐਨਾ ਵਿਥਾਰ (=ਪਸਾਰਾ) ਕਰਾਂ ਕਿ ਸਾਰੀ ਧਰਤੀ ਹਿੱਕੀ ਹੋਈ ਤੁਰੀ ਚੱਲੇ।

ਤੋਲੀ ਧਰਤਿ ਅਕਾਸਿ ਦੁਇ ਪਿਛੇ ਛਾਬੇ ਟੰਕੁ ਚੜਾਈ ।

(ਤੱਕੜ ਵਿੱਚ) ਧਰਤ ਅਕਾਸ਼ ਦੋਵੇਂ (ਧਰਕੇ) ਪਿਛਲੇ ਛਾਬੇ ਵਿਚ (ਟੰਕ=) ਵੱਟਾ ਪਾਕੇ ਤੋਲ ਲਵਾਂ।

ਇਹਿ ਬਲੁ ਰਖਾ ਆਪਿ ਵਿਚਿ ਜਿਸੁ ਆਖਾ ਤਿਸੁ ਪਾਸਿ ਕਰਾਈ ।

ਇੰਨਾਂ ਬਲ ਆਪਣੇ ਵਿਚ ਰੱਖਾਂ, ਜਿਸ ਨੂੰ ਆਖਾਂ ਉਸ ਕੋਲੋਂ ਬੀ (ਜੋ ਚਾਹਾਂ) ਕਰਵਾ ਲਵਾਂ,

ਸਤਿ ਨਾਮੁ ਬਿਨੁ ਬਾਦਰਿ ਛਾਈ ।੪੩।

(ਫੇਰ ਬੀ) ਸਤਿਨਾਮ ਤੋਂ ਬਿਨਾ (ਇਹ ਸਭ ਕੁਛ) ਬੱਦਲ ਦੀ ਛਾਂ ਹੈ।

ਬਾਬੇ ਕੀਤੀ ਸਿਧਿ ਗੋਸਟਿ ਸਬਦਿ ਸਾਂਤਿ ਸਿਧਾਂ ਵਿਚਿ ਆਈ ।

(ਜਦ) ਬਾਬੇ ਨੇ ਸਿਧਾਂ ਨਾਲ ਚਰਚਾ ਕੀਤੀ, (ਬਾਬੇ ਦੇ) ਸ਼ਬਦ ਨਾਲ ਸਿਧਾਂ ਵਿਖੇ ਸ਼ਾਂਤਿ ਵਰਤ ਗਈ।

ਜਿਣਿ ਮੇਲਾ ਸਿਵਰਾਤਿ ਦਾ ਖਟ ਦਰਸਨਿ ਆਦੇਸਿ ਕਰਾਈ ।

ਸ਼ਿਵਰਾਤ ਦਾ (ਸਾਰਾ) ਮੇਲਾ (ਗੁਰੂ ਜੀ ਨੇ) ਜਿੱਤ ਲੀਤਾ, ਖਟ ਦਰਸ਼ਨਾਂ ਨੇ ਨਮਸਕਾਰ ਕੀਤੀ।

ਸਿਧਿ ਬੋਲਨਿ ਸੁਭਿ ਬਚਨਿ ਧਨੁ ਨਾਨਕ ਤੇਰੀ ਵਡੀ ਕਮਾਈ ।

(ਅਤੇ ਸਾਰੇ ਸਿੱਧ (ਏਹ) ਸ਼ੁਭ ਬਚਨ ਆਖਣ ਲਗੇ “ਧੰਨ ਹੋ ਨਾਨਕ ਜੀ! ਆਪ ਦੀ (ਕਮਾਈ=) ਮਿਹਨਤ ਵੱਡੀ ਹੈ।

ਵਡਾ ਪੁਰਖੁ ਪਰਗਟਿਆ ਕਲਿਜੁਗਿ ਅੰਦਰਿ ਜੋਤਿ ਜਗਾਈ ।

(ਤੂੰ) ਵਡਾ ਪੁਰਖ ਕੁਲਜੁਗ ਵਿਚ ਜ਼ਾਹਰ ਹੋਇਆ ਹੈਂ, (ਸਾਰੇ ਸੱਤਿਨਾਮ ਦੀ) ਜੋਤ ਜਗਾ ਦਿਤੀ ਹੈ। “

ਮੇਲਿਓ ਬਾਬਾ ਉਠਿਆ ਮੁਲਤਾਨੇ ਦੀ ਜਾਰਤਿ ਜਾਈ ।

(ਅਚਲ ਦੇ) ਮੇਲੇ (ਦੀ ਦਿਗ ਬਿਜਯ ਕਰ ਕੇ ਹੁਣ) ਗੁਰੂ ਬਾਬਾ ਜੀ ਉਠ ਕੇ ਮੁਲਤਾਨ ਦੀ ਯਾਤਰਾ ਨੂੰ ਚਲੇ।

ਅਗੋਂ ਪੀਰ ਮੁਲਤਾਨ ਦੇ ਦੁਧਿ ਕਟੋਰਾ ਭਰਿ ਲੈ ਆਈ ।

ਅੱਗੋਂ ਮੁਲਤਾਨ ਦੇ ਪੀਰ ਵਿਚ ਦੁੱਧ ਦਾ ਛੰਨਾ (ਨਕਾ ਨਕ) ਭਰਕੇ ਲੈ ਆਏ।

ਬਾਬੇ ਕਢਿ ਕਰਿ ਬਗਲ ਤੇ ਚੰਬੇਲੀ ਦੁਿਧ ਵਿਚਿ ਮਿਲਾਈ ।

ਬਾਬੇ ਨੇ ਬਗਲੋਂ ਕੱਢਕੇ ਇਕ ਚੰਬੇਲੀ (ਦਾ ਫੁੱਲ) ਦੁੱਧ ਪੁਰ ਰੱਖ ਦਿਤਾ।

ਜਿਉ ਸਾਗਰਿ ਵਿਚਿ ਗੰਗ ਸਮਾਈ ।੪੪।

ਜਿਕੁਰ ਸਮੁੰਦਰ ਵਿਚ ਗੰਗਾ ਸਮਾਉਂਦੀ ਹੈ।

ਜਾਰਤਿ ਕਰਿ ਮੁਲਤਾਨ ਦੀ ਫਿਰਿ ਕਰਤਾਰਿਪੁਰੇ ਨੋ ਆਇਆ ।

ਮੁਲਤਾਨ ਦੀ ਜਾਤਰਾ (ਵਿਚ ਦਿਗ ਬਿਜਯ) ਕਰ ਕੇ ਫਿਰ ਕਰਤਾਰ ਪੁਰ ਨੂੰ (ਬਾਬਾ) ਆਇਆ।

ਚੜ੍ਹੇ ਸਵਾਈ ਦਿਹਿ ਦਿਹੀ ਕਲਿਜੁਗਿ ਨਾਨਕ ਨਾਮੁ ਧਿਆਇਆ ।

ਦਿਨੋਂ ਦਿਨ ਕਲਾ ਸਵਾਈ ਹੋਣ ਲੱਗੀ, ਕਲਜੁਗ (ਵਿਚ ਗੁਰੂ) ਨਾਨਕ ਨੇ ਲੋਕਾਂ ਥੋਂ ਨਾਮ ਦਾ ਜਾਪ ਕਰਾਯਾ।

ਵਿਣੁ ਨਾਵੈ ਹੋਰੁ ਮੰਗਣਾ ਸਿਰਿ ਦੁਖਾਂ ਦੇ ਦੁਖ ਸਬਾਇਆ ।

(ਇਸ ਲਈ ਕਿ) ਨਾਮ ਤੋਂ ਬਾਝ ਹੋਰ ਸਭਨਾਂ (ਪਦਾਰਥਾਂ) ਦੇ ਮੰਗਣ ਵਿਖੇ ਭਾਰੀ ਕਸ਼ਟ ਤੇ ਵਿਪਦਾ ਹਨ।

ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ ।

(ਸਾਰੇ) ਜਗਤ ਵਿਖੇ (ਹੁਕਮ ਦਾ) ਸਿੱਕਾ ਮਾਰਿਆ ਅਤੇ (ਬਾਬੇ) ਨਾਨਕ ਨੇ (ਹਉਮੈ ਰੂਪੀ) ਮੈਲ ਤੋਂ ਰਹਿਤ ਪੰਥ ਤੋਰਿਆ।

ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰਿ ਛਤ੍ਰੁ ਫਿਰਾਇਆ ।

ਆਪਣੇ ਜੀਉਂਦੇ ਜੀ ਲਹਿਣੇ ਨੂੰ ਗੱਦੀ ਪੁਰ ਬੈਠਾਕੇ ਗੁਰਿਆਈ ਦਾ ਛੱਤ੍ਰ ਸਿਰ ਪੁਰ ਫਿਰਾਇਆ।

ਜੋਤੀ ਜੋਤਿ ਮਿਲਾਇ ਕੈ ਸਤਿਗੁਰ ਨਾਨਕਿ ਰੂਪੁ ਵਟਾਇਆ ।

(ਆਪਣੀ) ਜੋਤਿ (ਉਸਦੇ) ਜੋਤਿ ਵਿਖੇ ਮਿਲਾਕੇ ਸਤਿਗੁਰੂ ਨਾਨਕ ਨੇ (ਮਾਨੋਂ ਦੂਜਾ) ਰੂਪ ਬਦਲ ਦਿਤਾ।

ਲਖਿ ਨ ਕੋਈ ਸਕਈ ਆਚਰਜੇ ਆਚਰਜੁ ਦਿਖਾਇਆ ।

(ਇਸ ਭੇਤ ਨੂੰ) ਕੋਈ ਜਾਣ ਨਹੀਂ ਸਕਿਆ, ਕਿਉਂ ਜੋ ਅਚਰਜ ਵਿਚ ਅਚਰਜ ਦਿਖਾ ਦਿਤਾ।

ਕਾਇਆ ਪਲਟਿ ਸਰੂਪੁ ਬਣਾਇਆ ।੪੫।

ਕਿ ਸਰੀਰ ਨੂੰ ਪਲਟਕੇ (ਗੁਰੂ ਅੰਗਦ ਦਾ) ਸਰੂਪ (ਆਪਣੇ ਵਰਗਾ) ਬਣਾ ਦਿਤਾ।

ਸੋ ਟਿਕਾ ਸੋ ਛਤ੍ਰੁ ਸਿਰਿ ਸੋਈ ਸਚਾ ਤਖਤੁ ਟਿਕਾਈ ।

ਉਹੋ ਤਿਲਕ, ਊਹੋ ਛਤ੍ਰ ਸਿਰ ਪੁਰ, ਉਹੋ ਸੱਚੇ ਸਿੰਘਾਸਨ ਪੁਰ ਬਿਰਾਜਮਾਨੀ;

ਗੁਰ ਨਾਨਕ ਹੰਦੀ ਮੁਹਰਿ ਹਥਿ ਗੁਰ ਅੰਗਦਿ ਦੀ ਦੋਹੀ ਫਿਰਾਈ ।

(ਊਹੋ) ਗੁਰ ਨਾਨਕ ਦੇ ਹੱਥ ਦੀ ਛਾਪ (ਅਰਥਾਤ ਸ਼ਕਤੀ ਮਿਲੀ ਅਰ) ਗੁਰੂ ਅੰਗਦ ਜੀ ਦੀ ਦੋਹੀ ਫਿਰ ਗਈ (ਕਿ ਅੱਗੇ ਨੂੰ ਇਹ ਗੁਰੂ ਹੋਏ)।

ਦਿਤਾ ਛੋੜਿ ਕਰਤਾਰਪੁਰੁ ਬੈਠਿ ਖਡੂਰੇ ਜੋਤਿ ਜਗਾਈ ।

(ਹੁਣ ਸ੍ਰੀ ਗੁਰੂ ਅੰਗਦ ਜੀ ਨੇ) ਕਰਤਾਰ ਪੁਰ ਨੂੰ ਛੱਡ ਦਿਤਾ ਤੇ ਖਡੂਰ (ਨਾਮੇ ਗ੍ਰਾਮ ਵਿਖੇ) ਆਪਣੀ ਰੌਸ਼ਨੀ ਕੀਤੀ।

ਜੰਮੇ ਪੂਰਬਿ ਬੀਜਿਆ ਵਿਚਿ ਵਿਚਿ ਹੋਰੁ ਕੂੜੀ ਚਤੁਰਾਈ ।

ਪੂਰਬ ਦਾ (ਜੋ ਬੀਜ) ਬੀਜਿਆ ਹੈ, (ਊਹੋ) ਮਿਲਦਾ ਹੈ, ਹੋਰ ਵਿਚ ਵਿਚ ਦੀਆਂ ਚਤੁਰਾਈਆਂ ਝੂਠੀਆਂ ਹਨ (ਭਾਵ ਦਾਸੂ ਤੇ ਦਾਤੂ ਪੁੱਤ੍ਰ ਬੈਠੇ ਰਹੇ ਤੇ ਸ੍ਰੀ ਅਮਰਦਾਸ ਜੀ ਨੇ ਟਹਿਲੋਂ ਮਹਿਲ ਪਾ ਲੀਤਾ)।

ਲਹਣੇ ਪਾਈ ਨਾਨਕੋ ਦੇਣੀ ਅਮਰਦਾਸਿ ਘਰਿ ਆਈ ।

ਲਹਿਣੇ ਨੇ ਤਾਂ ਗੁਰੂ ਨਾਨਕ ਜੀ ਤੋਂ (ਗੱਦੀ) ਪਾਈ, (ਹੁਣ ਇਨ੍ਹਾਂ ਨੂੰ ਗੁਰੂ) ਅਮਰ ਦਾਸ ਜੀ ਦੇ ਘਰ ਦੇਣੀ ਆਈ (ਭਾਵ ਸ੍ਰੀ ਗੁਰੂ ਅੰਗਦ ਜੀ ਨੇ ਸ੍ਰੀ ਗੁਰੂ ਅਮਰ ਦਾਸ ਜੀ ਨੂੰ ਓਹੀ ਗੁਰਿਆਈ ਦੀ ਗੱਦੀ ਬਖਸ਼ ਦਿਤੀ)।

ਗੁਰੁ ਬੈਠਾ ਅਮਰੁ ਸਰੂਪ ਹੋਇ ਗੁਰਮੁਖਿ ਪਾਈ ਦਾਦਿ ਇਲਾਹੀ ।

ਅਮਰ ਸਰੂਪ ਹੋਕੇ ਗੁਰੂ (ਅਮਰ ਦਾਸ ਜੀ ਗੱਦੀ ਪਰ) ਬੈਠੇ ਗੁਰੂ (ਅੰਗਦ ਜੀ ਦੇ) ਦਵਾਰਾ ਈਸ਼੍ਵਰੀਯ ਦਾਤ ਮਿਲੀ।

ਫੇਰਿ ਵਸਾਇਆ ਗੋਇੰਦਵਾਲੁ ਅਚਰਜੁ ਖੇਲੁ ਨ ਲਖਿਆ ਜਾਈ ।

(ਇਨ੍ਹਾਂ ਨੇ) ਗੋਂਦਵਾਲ ਫੇਰ (ਆ ਕਰ) ਵਸਾਇਆ, ਵਡਾ ਅਚਰਜ ਖੇਲ ਕੀਤਾ ਜੋ ਸਮਝਿਆ ਨਹੀਂ ਜਾਂਦਾ।

ਦਾਤਿ ਜੋਤਿ ਖਸਮੈ ਵਡਿਆਈ ।੪੬।

ਦਾਤ ਤੇ ਜੋਤਿ ਸਭ ਵਾਹਿਗੁਰੂ ਦੀ ਵਡਿਆਈ ਹੈ (ਜਿਸ ਨੂੰ ਦੇਵੇ ਉਸ ਨੂੰ ਮਿਲਦੀ ਹੈ)।

ਦਿਚੈ ਪੂਰਬਿ ਦੇਵਣਾ ਜਿਸ ਦੀ ਵਸਤੁ ਤਿਸੈ ਘਰਿ ਆਵੈ ।

(ਜਿਸ ਦਾ) ਦੇਣਾ ਪਹਿਲੋਂ ਦਾ ਹੀ ਹੋਵੇ ਤੇ ਜਿਸ ਦੇ ਘਰ ਦੀ ਚੀਜ਼ ਹੋਵੇ ਉਸ ਦੇ ਘਰ ਹੀ ਆਉਂਦੀ ਹੈ।

ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ ।

(ਹੁਣ) ਸੋਢੀ ਪਾਤਸ਼ਾਹ ਹੋ ਕੇ (ਗੱਦੀ ਪਰ) ਬੈਠੇ ਤੇ ਰਾਮਦਾਸ ਸਤਿਗੁਰੂ (ਪ੍ਰਸਿੱਧ) ਕਹਾਏ।

ਪੂਰਨੁ ਤਾਲੁ ਖਟਾਇਆ ਅੰਮ੍ਰਿਤਸਰਿ ਵਿਚਿ ਜੋਤਿ ਜਗਾਵੈ ।

ਅੰਮ੍ਰਿਤਸਰ ਵਿਖੇ (ਸੁਧਾ ਸਰੋਵਰ ਨਾਮੇ) ਤਲਾਉ ਨੂੰ ਖਟਾ ਕੇ ਪੂਰਨ ਕੀਤਾ ਅਰ ਜੋਤ ਦਾ ਪ੍ਰਕਾਸ਼ ਕੀਤਾ।

ਉਲਟਾ ਖੇਲੁ ਖਸਮ ਦਾ ਉਲਟੀ ਗੰਗ ਸਮੁੰਦ੍ਰਿ ਸਮਾਵੈ ।

ਖਸਮ ਦਾ ਕੌਤਕ ਉਲਟਾ ਹੈ (ਹੋਰ ਨਦੀਆਂ ਪੱਛਮ ਨੂੰ ਜਾਕੇ ਅਰਬ ਸਾਗਰ ਵਿਖੇ ਜਾਂਦੀਆਂ ਹਨ) ਪਰ ਗੰਗਾ (ਨਦੀ ਉਤਰੋਂ ਹੋਕੇ ਪੂਰਬ ਵਲ ਇਨ੍ਹਾਂ ਤੋਂ) ਉਲਟੀ ਜਾਕੇ ਬੰਗਾਲੇ) ਸਮੁੰਦਰ ਵਿਖੇ ਮਿਲਦੀ ਹੈ।

ਦਿਤਾ ਲਈਯੇ ਆਪਣਾ ਅਣਿਦਿਤਾ ਕਛੁ ਹਥਿ ਨ ਆਵੈ ।

ਆਪਣਾ ਦਿੱਤਾ ਲਈਦਾ ਹੈ, ਬਿਨਾਂ ਦਿੱਤੇ ਕੁਝ ਹੱਥ ਨਹੀਂ ਆਉਂਦਾ।

ਫਿਰਿ ਆਈ ਘਰਿ ਅਰਜਣੇ ਪੁਤੁ ਸੰਸਾਰੀ ਗੁਰੂ ਕਹਾਵੈ ।

ਫੇਰ ਗੁਰੂ ਅਰਜਨ ਦੇਵ ਦੇ ਘਰ (ਗੁਰਿਆਈ) ਆਈ, ਸੰਸਾਰੀ ਪੁੱਤਰ (=ਬਿੰਦੀ ਬੇਟਾ) ਗੁਰੂ ਕਹਾਇਆ!

ਜਾਣਿ ਨ ਦੇਸਾਂ ਸੋਢੀਓਂ ਹੋਰਸਿ ਅਜਰੁ ਨ ਜਰਿਆ ਜਾਵੈ ।

(ਮਾਤਾ ਭਾਨੀ ਜੀ ਨੇ ਪੁੱਤ੍ਰ ਨੂੰ ਬਚਨ ਕੀਤਾ: ਹੇ ਪੁਤ੍ਰ! ਹੁਣ) ਸੋਢੀਓਂ ਗੱਦੀ ਮੈਂ ਨਹੀਂ ਜਾਣ ਦੇਵਾਂਗੀ ਇਹ ਵੱਡੀ ਅਜਰ (ਚੀਜ਼ ਹੈ ਇਸ ਦਾ) ਜਰਨਾ, ਹੋਰਦੇ ਨਹੀਂ ਹੋਊ।

ਘਰ ਹੀ ਕੀ ਵਥੁ ਘਰੇ ਰਹਾਵੈ ।੪੭।

ਘਰ ਦੀ ਚੀਜ਼ ਘਰੇ ਹੀ ਰਹੂ।

ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ ।

ਪੰਜ ਪੀਰ (ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਜੀ ਨੇ ਤਾਂ) ਪੰਜ ਪਿਆਲੇ (ਸਤ, ਸੰਤੋਖ, ਦਯਾ, ਧਰਮ, ਧੀਰਜ ਦੇ ਪੀਤੇ, ਭਾਵ ਸਤੋਗੁਣ ਦਾ ਬੜਾ ਅਭਯਾਸ ਕੀਤਾ) ਛੇਵਾਂ ਪੀਰ (ਗੁਰੂ ਹਰਗੋਬਿੰਦ) ਭਾਰੀ ਗੁਰੂ ਹੋਕੇ (ਗੱਦੀ ਤੇ) ਬੈਠਾ (ਭਾਵ ਇਨ੍ਹਾਂ ਨੇ ਦੇਗ਼ ਤੇਗ਼ ਦੀਆਂ ਦੋ ਤਲਵਾਰਾਂ ਨਾਲ ਪਹ

ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ ।

ਗੁਰੂ ਅਰਜਨ ਜੀ ਨੇ ਹੀ ਆਪਣੀ ਕਾਯਾਂ ਪਲਟਕੇ ਹਰਿਗੋਬਿੰਦ ਦੀ ਮੂਰਤੀ ਬਣਾਈ।

ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ ।

(ਹੁਣ) ਸੋਢੀਆਂ ਦੀ ਪੀਹੜੀ (ਅਗੋਂ) ਤੋਰ ਪਈ, ਵਾਰੋ ਵਾਰੀ (ਗੁਰੂ) ਰੂਪ ਦੱਸਣਗੇ।

ਦਲਿ ਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ ।

ਇਹ ਬੀਰ ਗੁਰੂ (ਮਲੇਛਾਂ ਦੇ) ਦਲਾਂ ਦਾ ਤੋੜਨਹਾਰ ਵਡਾ ਜੋਧਾ ਤੇ ਵੱਡਾ ਪਰਉਪਕਾਰੀ ਉਠਿਆ।

ਪੁਛਨਿ ਸਿਖ ਅਰਦਾਸਿ ਕਰਿ ਛਿਅ ਮਹਲਾਂ ਤਕਿ ਦਰਸੁ ਨਿਹਾਰੀ ।

(ਹੁਣ) ਸਿਖ ਅਰਦਾਸ ਕਰ ਕੇ ਪੁੱਛਣ ਲਗੇ (ਹੇ ਦੀਨ ਦਿਆਲ!) ਛੀ ਮਹਿਲਾਂ ਤੀਕ ਤਾਂ ਦਰਸ਼ਨ ਹੋਏ ਹਨ (ਅੱਗੋਂ ਕਿੰਨੇ ਕੁ ਹੋਣਗੇ?)

ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੁ ਸੰਸਾਰੀ ।

ਅਗਮ ਅਗੋਚਰ (ਅਰਥਾਤ ਮਨ ਬਾਣੀ ਤੋਂ ਪਰੇ) ਸਤਿਗੁਰੂ ਜੀ ਨੇ (ਅੰਗਮ ਵਾਕ) ਮੁਖ ਤੋਂ ਬੋਲੇ “ਸੁਣੋ ਹੇ ਸੰਸਾਰੀ ਲੋਕੋ!

ਕਲਿਜੁਗੁ ਪੀੜੀ ਸੋਢੀਆਂ ਨਿਹਚਲ ਨੀਂਵ ਉਸਾਰਿ ਖਲਾਰੀ ।

ਕਜੁਲਗ ਵਿਖੇ ਸੋਢੀਆਂ ਦੀ ਪੀੜ੍ਹੀ ਦੀ ਨੀਵ ਅਟੱਲ ਉਸਾਰ ਕੇ ਖੜੀ ਕੀਤੀ ਗਈ ਹੈ।

ਜੁਗਿ ਜੁਗਿ ਸਤਿਗੁਰੁ ਧਰੇ ਅਵਤਾਰੀ ।੪੮।

ਪਰੰਤੂ ਹੋਰ ਅਵਤਾਰ 'ਜੁਗ ਜੁਗ' (ਦੋ ਦੂਣੀ ਚਾਰ ਯਾ ੨+੨=੪) ਸਤਿਗੁਰੂ ਧਾਰਨ ਕਰਨਗੇ। “

ਸਤਿਜੁਗਿ ਸਤਿਗੁਰ ਵਾਸਦੇਵ ਵਵਾ ਵਿਸਨਾ ਨਾਮੁ ਜਪਾਵੈ ।

ਵਾਹਿਗੁਰੂ ਸਬਦ ਦਾ ਅੰਨ੍ਵਯ ਚਾਰੇ ਜੁਗਾਂ ਨਾਲ ਕੀਤਾ ਜਾਂਦਾ ਹੈ:-ਸਤਿਜੁਗ ਵਿਖੇ ਸਤਿਗੁਰ ਨਾਨਕ ਜੀ ਵਾਸਦੇਵ ਦਾ ਅਵਤਾਰ ਹੋਏ, ਉਥੋਂ ਵਵਾ ਲੀਤਾ, ਵਿਸ਼ਨੂੰ ਦਾ ਨਾਮ (ਲੋਕ) ਜਪਣ ਲੱਗੇ।

ਦੁਆਪਰਿ ਸਤਿਗੁਰ ਹਰੀਕ੍ਰਿਸਨ ਹਾਹਾ ਹਰਿ ਹਰਿ ਨਾਮੁ ਜਪਾਵੈ ।

(ਫੇਰ) ਦੁਆਪਰ (ਵਿਖੇ) ਸਤਿਗੁਰੂ (ਨਾਨਕ ਜੀ) ਹਰੀ (ਅਰਥਾਤ) ਕ੍ਰਿਸ਼ਨ (ਦਾ ਰੂਪ) ਹੋਏ, ਹਾਹਾ (ਅੱਖਰ ਲੀਤਾ) ਹਰਿ ਹਰਿ ਦਾ ਨਾਮ ਜਪਣ ਲੱਗੇ।

ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖੁ ਪਾਵੈ ।

ਤ੍ਰੇਤੇ (ਯੁਗ ਵਿਖੇ) ਸਤਿਗੁਰੂ (ਨਾਨਕ ਜੀ) ਰਾਮ ਜੀ (ਦਾ ਰੂਪ ਧਾਰਿਆ ਉਥੋਂ) ਰਾਰਾ (ਲੀਤਾ) ਰਾਮ ਰਾਮ (ਲੋਕੀਂ) ਉਚਾਰਕੇ ਸੁਖ ਪਾਉਣ ਲੱਗੇ।

ਕਲਿਜੁਗਿ ਨਾਨਕ ਗੁਰ ਗੋਵਿੰਦ ਗਗਾ ਗੋਬਿੰਦ ਨਾਮੁ ਅਲਾਵੈ ।

ਕਲਿਯੁਗ (ਵਿਖੇ) ਗੁਰੂ ਨਾਨਕ ਗੋਬਿੰਦ (ਰੂਪ ਹੋਏ, ਲੋਕ) ਗੋਬਿੰਦ (ਗੋਬਿੰਦ) ਜਪਣ ਲੱਗੇ, (ਉਥੋਂ) ਗਗਾ (ਲੀਤਾ) ਹੈ।

ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚਿ ਜਾਇ ਸਮਾਵੈ ।

ਚਹੁੰ ਜੁੱਗਾਂ ਦੇ ਚਾਰੇ (ਉਪਰ ਕਥੇ ਜਾਗੇ=) ਅਵਤਾਰ ਵਾਹਿਗੁਰੂ ਵਿਚ ਜਾ ਸਮਾਉਂਦੇ ਹਨ।

ਚਾਰੋ ਅਛਰ ਇਕੁ ਕਰਿ ਵਾਹਿਗੁਰੂ ਜਪੁ ਮੰਤ੍ਰੁ ਜਪਾਵੈ ।

(ਗੱਲ ਕੀ) ਚਾਰੇ ਅੱਖਰ ਕੱਠੇ ਕਰਕੇ, ਵਾਹਿਗੁਰੂ (ਪੰਜਵਾਂ) ਜਪ ਮੰਤ੍ਰ (ਸੰਗਤ ਨੂੰ ਗੁਰੂ ਜੀ ਨੇ) ਜਪਾਇਆ।

ਜਹਾ ਤੇ ਉਪਜਿਆ ਫਿਰਿ ਤਹਾ ਸਮਾਵੈ ।੪੯।੧। ਇਕੁ ।

(ਮੰਤ੍ਰ ਈਸ਼੍ਵਰ ਦੇ ਨਾਮ ਥੋਂ) ਜਿਥੋਂ ਉਪਜਿਆ ਹੈ ਫਿਰ ਉਸੇ ਵਿਖੇ ਲੀਨ ਹੋ ਜਾਂਦਾ ਹੈ। (ਧ੍ਵਨੀ ਇਹ ਕਿ ਫੇਰ ਸੰਸਾਰ ਦੀ ਪ੍ਰਾਪਤ ਨਹੀਂ ਰਹੇਗੀ ਪਰਮਪਦਦੀ ਪ੍ਰਾਪਤ ਹੋ ਜਾਵੇਗੀ। ਅਰਥਾਤ ਨਾਮ ਨਾਮੀ ਤੋਂ ਹੋਇਆ ਹੈ ਤੇ ਨਾਮੀ ਵਿਚ ਹੀ ਲੈ ਜਾਂਦਾ ਹੈ)☬ਐਉਂ ਬੀ ਅਰਥ ਲਾਉਣ ਦਾ ਜਤਨ ਹੁੰਦਾ ਹੈ: ਸਤਿਜੁਗ ਵਿਚ ਵਾਸਦੇਵ ਸਤਿਗੁਰ ਸੇ


Flag Counter